“ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ, “ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ ...”
(6 ਜੁਲਾਈ 2022)
ਮਹਿਮਾਨ: 666.
ਕਾਫ਼ੀ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਵੀ ਮੈਂ ਸਕੂਲ ਤੋਂ ਕਦੇ ਉਸਦਾ ਨਾਮ ਨਹੀਂ ਸੀ ਕੱਟਿਆ। ਉਸਦੀ ਉਮਰ ਤਾਂ ਸਕੂਲ ਦੇ ਸਾਰੇ ਬੱਚਿਆਂ ਤੋਂ ਵੱਧ ਸੀ ਪਰ ਉਸਦੀ ਦਿਮਾਗੀ ਉਮਰ ਉਸ ਤੋਂ ਵੀ ਕਿਤੇ ਛੋਟੇ ਬੱਚਿਆਂ ਤੋਂ ਘੱਟ ਸੀ। ਮੈਨੂੰ ਯਾਦ ਹੈ, ਜਦੋਂ ਉਹ ਸਕੂਲ ਵਿੱਚ ਦਾਖਲ ਹੋਣ ਆਇਆ ਸੀ ਤਾਂ ਉਸ ਨੇ ਪੂਰੀ ਟੌਹਰ ਕੱਢੀ ਹੋਈ ਸੀ। ਨਾਲ ਹੀ ਉਸਦਾ ਛੋਟਾ ਭਰਾ ਵੀ ਸੀ। ਦੋਵਾਂ ਦੀ ਉਮਰ ਵਿੱਚ ਤਿੰਨ-ਚਾਰ ਸਾਲ ਦਾ ਫ਼ਰਕ ਸੀ ਸ਼ਾਇਦ। ਪਿਉ ਮਜ਼ਦੂਰੀ ਕਰਦਾ ਸੀ ਤੇ ਉਸਦੀ ਮਾਂ ਹੋਰਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ।
ਦਾਖਲੇ ਤੋਂ ਬਾਅਦ ਸ਼ੁਰੂ ਹੋਇਆ ਗਗਨਦੀਪ ਉਰਫ਼ ਗੱਗੀ ਦੀ ਪੜ੍ਹਾਈ-ਲਿਖਾਈ ਦਾ ਸਿਲਸਿਲਾ। ਕਾਫ਼ੀ ਜੱਦੋਜਹਿਦ ਕਰਨ ਦੇ ਬਾਵਜੂਦ ਵੀ ਗੱਗੀ ਪੜ੍ਹਾਈ ਵਿੱਚ ਚੱਲ ਨਹੀਂ ਸੀ ਰਿਹਾ। ਉਸ ਨੂੰ ‘ਇੱਕ ਦਾ ਏਕਾ’ ਵੀ ਕਦੇ ਸਿੱਧਾ ਲਿਖਣਾ ਨਹੀਂ ਆਇਆ। ਜੇ ਮੈਂ ਕਦੇ ਉਸਦਾ ਹੱਥ ਫੜ ਕੇ ਕੁਝ ਲਿਖਾਉਂਦਾ ਤਾਂ ਹੀ ਉਹ ਕੋਈ ਅੱਖਰ ਲਿਖ ਪਾਉਂਦਾ, ਨਹੀਂ ਤਾਂ ਬੱਸ ਘੁੱਗੂ-ਕਾਂਗੜੇ। ਹਾਂ, ਉਸਦਾ ਛੋਟਾ ਭਰਾ ਪੜ੍ਹਨ ਲਿਖਣ ਵਿੱਚ ਉਸ ਨਾਲ਼ੋਂ ਕੁਝ ਠੀਕ ਸੀ। ਗੱਗੀ ਨੂੰ ਤਾਂ ਕਾਗਜ਼ ਖਾਈ ਜਾਣ ਦੀ ਵੀ ਆਦਤ ਸੀ। ਮੂੰਹ ਤੋਂ ਕਦੇ-ਕਦੇ ਰਾਲ਼ਾਂ ਟਪਕ ਜਾਂਦੀਆਂ ਤੇ ਕਦੇ ਕਦੇ ਨੱਕ ਵਹਿ ਜਾਂਦਾ। ਐਸੀ ਹਾਲਤ ਕਰਕੇ ਬਾਕੀ ਬੱਚੇ ਉਸ ’ਤੇ ਹੱਸਦੇ ਅਤੇ ਦੂਰ ਹੋ-ਹੋ ਬੈਠਦੇ। ਪਰ ਉਹ ਹਮੇਸ਼ਾ ਆਪਣੀ ਜਾਣ ਵਿੱਚ ਪੂਰੀ ਟੌਹਰ ਕੱਢਕੇ ਸਕੂਲ ਆਉਂਦਾ। ਉਸਦੀ ਮਾਂ ਤੇਲ ਲਾ ਕੇ ਚੰਗੀ ਤਰ੍ਹਾਂ ਉਸਦੇ ਵਾਲ ਵਾਹ ਕੇ ਭੇਜਦੀ। ਸ਼ਾਇਦ ਉਸ ਨੂੰ ਲਗਦਾ ਸੀ ਕਿ ਬਾਕੀ ਬੱਚੇ ਅਤੇ ਮਾਸਟਰ ਉਸਦੇ ਗੱਗੀ ਤੋਂ ਘਿਰਣਾ ਕਰਦੇ ਹੋਣ।
ਮੈਂ ਉਸ ਸਮੇਂ ਲਗਭਗ ਪੰਜਾਹ ਬੱਚਿਆਂ ਦੇ ਸਕੂਲ ਵਿੱਚ ਸਿੰਗਲ ਟੀਚਰ ਸੀ। ਕਈ ਮਾਪੇ ਮੇਰੇ ਕੋਲ ਗੱਗੀ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਤੇ ਕਹਿੰਦੇ ਸੀ, “ਮਾਸਟਰ ਜੀ! ਇਸ ਸਿਧਰੇ ਨੇ ਆਪ ਤਾਂ ਪੜ੍ਹਨਾ ਨੀ, ਸਾਡੇ ਬੱਚੇ ਵੀ ਵਿਗਾੜ ਦੇਣੇ ਹਨ। ਤੁਸੀਂ ਇਸਦਾ ਨਾਮ ਕਿਉਂ ਨੀ ਕੱਟ ਦਿੰਦੇ।” ਉਨ੍ਹਾਂ ਦੀ ਗੱਲ ਸੁਣਕੇ ਮੈਂ ਕਈ ਵਾਰ ਗੰਭੀਰਤਾ ਨਾਲ ਕਹਿੰਦਾ, “ਜੇਕਰ ਗੱਗੀ ਦੀ ਥਾਂ ਕਿਤੇ ਤੁਹਾਡਾ ਆਪਣਾ ਬੱਚਾ ਹੁੰਦਾ, ਫਿਰ ...?” ਮਾਪੇ ਮੇਰੀ ਅਧੂਰੀ ਗੱਲ ਦੇ ਪੂਰੇ ਅਰਥ ਸਮਝ ਤਾਂ ਲੈਂਦੇ ਸਨ ਪਰ ਫਿਰ ਵੀ ਉਹਨਾਂ ਨੂੰ ਧੁੜਕੂ ਜਿਹਾ ਲੱਗਿਆ ਰਹਿੰਦਾ। ਗੱਗੀ ਦੀਆਂ ਕਈ ਸ਼ਰਾਰਤਾਂ ਕਰਕੇ ਕਦੇ-ਕਦੇ ਬਾਕੀ ਬੱਚਿਆਂ ਦੇ ਮਾਪੇ ਮੈਨੂੰ ਉਨ੍ਹਾਂ ਦੀ ਆਪਣੀ ਜਗ੍ਹਾ ਠੀਕ ਵੀ ਲੱਗਦੇ।
ਗੱਗੀ ਲਈ ਸਕੂਲ ਆਉਣਾ ਇੱਕ ਆਮ ਜਿਹੀ ਗੱਲ ਲਗਦੀ ਸੀ। ਪੜ੍ਹਨਾ ਲਿਖਣਾ ਉਸ ਲਈ ਕੋਈ ਮਾਅਨੇ ਨਹੀਂ ਸੀ ਰੱਖਦਾ। ਉਹ ਤਾਂ ਬਾਥਰੂਮ ਗਿਆ ਹੋਇਆ ਹੀ ਸਕੂਲ ਤੋਂ ਬਾਹਰ ਚਲੇ ਜਾਂਦਾ ਤੇ ਸਾਰੇ ਪਿੰਡ ਦਾ ਚੱਕਰ ਲਾ ਆਉਂਦਾ। ਉਸਦੀ ਇਹ ਆਦਤ ਮੇਰੇ ਲਈ ਸਭ ਤੋਂ ਵੱਡੀ ਮੁਸੀਬਤ ਸੀ। ਕਈ ਵਾਰ ਮੇਰੇ ਮਨ ਵਿੱਚ ਵੀ ਆਉਂਦਾ ਕਿ ਉਸਦਾ ਨਾਮ ਕੱਟ ਹੀ ਦੇਵਾਂ।
ਇੱਕ ਵਾਰ ਮੈਂ ਗੱਗੀ ਨੂੰ ਕਹਿ ਬੈਠਾ ਕਿ ਕਿਸੇ ਬੱਚੇ ਨੂੰ ਸਕੂਲ ਤੋਂ ਬਾਹਰ ਨਾ ਜਾਣ ਦੇਵੇ। ਉਸਨੇ ਇਹ ਕੰਮ ਐਨੀ ਸੁਹਿਰਦਤਾ ਨਾਲ ਕੀਤਾ ਕਿ ਮੇਨ ਗੇਟ ਲਾ ਕੇ ਬਹਿ ਗਿਆ। ਇਸ ਤਰ੍ਹਾਂ ਉਹ ਆਪ ਵੀ ਸਕੂਲ ਤੋਂ ਬਾਹਰ ਜਾਣਾ ਭੁੱਲ ਗਿਆ। ਹਾਂ, ਸਕੂਲ ਵਿੱਚ ਰਹਿ ਕੇ ਵੀ ਉਹ ਟਿਕ ਕੇ ਨਹੀਂ ਸੀ ਬੈਠਦਾ। ਪੜ੍ਹਨ-ਲਿਖਣ ਦੀ ਥਾਂ ਉਸ ਨੂੰ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਪਸੰਦ ਸੀ। ਕਦੇ ਉਹ ਆਪਣੇ ਆਪ ਫੁੱਲਾਂ ਨੂੰ ਪਾਣੀ ਦਿੰਦਾ ਮਸਤੀ ਕਰਦਾ ਰਹਿੰਦਾ। ਕਦੇ ਝਾੜੂ ਚੱਕ ਕੇ ਵਿਹੜਾ ਸੰਬਰਦਾ ਰਹਿੰਦਾ, ਤੇ ਕਦੇ-ਕਦੇ ਮੇਰੇ ਮੋਟਰਸਾਇਕਲ ਨੂੰ ਵੀ ਸਾਫ਼ ਕਰ ਦਿੰਦਾ। ਮੋਟਰ ਸਾਇਕਲ ਸਾਫ਼ ਕਰਦਾ ਕਰਦਾ ਉਹ ਕਈ ਕਈ ਵਾਰ ਸ਼ੀਸ਼ੇ ਵਿੱਚੋਂ ਆਪਣੇ ਵਾਲ਼ ਸੰਵਾਰਦਾ। ਇਹ ਉਸਦੇ ਮਨ ਦੀਆਂ ਮੌਜਾਂ ਸਨ ਜੋ ਉਸ ਨੂੰ ਮਸਤ ਮੌਲਾ ਬਣਾ ਕੇ ਰੱਖਦੀਆਂ। ਪਰ ਮੈਨੂੰ ਖੁਸ਼ੀ ਸੀ ਕਿ ਉਹ ਹੁਣ ਸਕੂਲ ਵਿੱਚ ਰਹਿੰਦਾ ਸੀ।
ਇਹ ਸਾਡੇ ਵਿੱਦਿਅਕ ਢਾਂਚੇ ਦੀ ਸਭ ਤੋਂ ਵੱਡੀ ਖ਼ੁਨਾਮੀ ਹੈ ਕਿ ਗੱਗੀ ਵਰਗੇ ‘ਵਿਸ਼ੇਸ ਲੋੜਾਂ ਵਾਲੇ ਬੱਚੇ’ ਤਾਂ ਇੱਕ ਪਾਸੇ ਸਿੰਗਲ ਟੀਚਰ ਤਾਂ ਆਮ ਸਾਧਾਰਣ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਨਹੀਂ ਪੜ੍ਹਾ ਸਕਦਾ। ਖ਼ੈਰ …।
ਗੱਗੀ ਹਰ ਸਾਲ ਅਗਲੀ ਜਮਾਤ ਵਿੱਚ ਚਲੇ ਤਾਂ ਜਾਂਦਾ ਪਰ ਉਸ ਨੂੰ ਇਸਦਾ ਕੋਈ ਫ਼ਰਕ ਮਹਿਸੂਸ ਨਹੀਂ ਸੀ ਹੁੰਦਾ। ਭੋਲ਼ਾ ਐਨਾ ਸੀ ਕਿ ਜਦੋਂ ਕਈ ਵਾਰ ਉਸ ਤੋਂ ਵੀ ਛੋਟੇ ਬੱਚੇ ਉਸ ਨਾਲ ਧੱਕਾ ਮੁੱਕੀ ਕਰ ਦਿੰਦੇ ਤਾਂ ਉਹਨਾਂ ਦੀ ਸ਼ਿਕਾਇਤ ਮੇਰੇ ਕੋਲ ਕਰ ਦਿੰਦਾ। ਫਿਰ ਮੁੜਕੇ ਉਹਨਾਂ ਨਾਲ ਖੇਡਣ ਲੱਗ ਜਾਂਦਾ। ਬੱਸ ਉਸ ਨੂੰ ਤਸੱਲੀ ਹੋ ਜਾਂਦੀ ਸੀ ਕਿ ਉਸਨੇ ਮੇਰੇ ਕੋਲ ਸ਼ਿਕਾਇਤ ਕਰ ਦਿੱਤੀ ਹੈ। ਸ਼ਿਕਾਇਤ ’ਤੇ ਮੈਂ ਕੀ ਕਾਰਵਾਈ ਕਰਦਾ ਸੀ‘ ਇਸ ਨਾਲ ਜੱਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੀ। ਐਦਾਂ ਦੇ ਬੱਚੇ ਮਨਾਂ ਵਿੱਚ ਵੈਰ ਨਹੀਂ ਰੱਖਦੇ। ਦੁਨੀਆਂ ਦੀ ਸੋਝੀ ਤੋਂ ਕੋਰੇ ਹੁੰਦੇ ਨੇ। ਉਸਦਾ ਨਾਮ ਸਕੂਲ ਤੋਂ ਨਾ ਕੱਟਣ ਦੇ ਭਾਵੇਂ ਹੋਰ ਵੀ ਕਈ ਕਾਰਨ ਸਨ ਪਰ ਸਭ ਤੋਂ ਜ਼ਰੂਰੀ ਕਾਰਨ ਇਹੀ ਸੀ ਕਿ ਮੈਂਨੂੰ ਲਗਦਾ ਸੀ ਜੇਕਰ ਮੈਂ ਉਸ ਦਾ ਨਾਮ ਕੱਟ ਦੇਵਾਂ ਤਾਂ ਸ਼ਾਇਦ ਉਹਨੂੰ ਬਾਹਰ ਹੋਰ ਬੱਚਿਆਂ ਨੇ ਕੁਟਦੇ ਮਾਰਦੇ ਰਹਿਣਾ ਹੈ। ਨਾਲ਼ੇ ਬਾਹਰ ਘੁੰਮਦੇ ਰਹਿਣ ਕਰਕੇ ਉਸਦਾ ਟੌਹਰ ਕੱਢਣ ਦਾ ਸ਼ੌਕ ਤਾਂ ਮਰ ਮੁੱਕ ਹੀ ਜਾਣਾ ਸੀ। ਮੈਨੂੰ ਇਹ ਵੀ ਸੀ ਕਿ ਭਾਵੇਂ ਉਹ ਪੜ੍ਹਨਾ ਲਿਖਣਾ ਨਾ ਵੀ ਸਿੱਖੇ ਪਰ ਉਸਦੀ ਆਪਣੀ ਸਾਫ਼-ਸਫ਼ਾਈ ਦੀ ਆਦਤ ਤਾਂ ਬਣ ਹੀ ਰਹੀ ਸੀ।
ਗੱਗੀ ਤੇ ਉਸਦਾ ਛੋਟਾ ਭਰਾ ਇਕੱਠੇ ਹੀ ਪੰਜਵੀਂ ਪਾਸ ਕਰ ਗਏ। ਮੈਂ ਸਾਰੀ ਜਮਾਤ ਦੇ ਸਰਟੀਫ਼ਿਕੇਟ ਦੇ ਦਿੱਤੇ ਤੇ ਕਹਿ ਦਿੱਤਾ ਕਿ ਹੁਣ ਛੇਵੀਂ ਵਿੱਚ ਦਾਖਲ ਹੋ ਜਾਇਉ। ਅਗਲਾ ਸਕੂਲ ਤਿੰਨ ਕੁ ਕਿਲੋਮੀਟਰ ਦੀ ਦੂਰੀ ’ਤੇ ਸੀ। ਬਾਕੀ ਬੱਚੇ ਤਾਂ ਛੇਵੀਂ ਵਿੱਚ ਦਾਖਲ ਹੋ ਗਏ ਸਨ ਪਰ ਗੱਗੀ ਹਫ਼ਤੇ ਕੁ ਬਾਅਦ ਫਿਰ ਬਸਤਾ ਲੈ ਕੇ ਮੇਰੇ ਸਕੂਲ ਆ ਗਿਆ। ਉਸ ਨੂੰ ਦੇਖਕੇ ਮੈਂ ਹੈਰਾਨ ਹੋ ਗਿਆ। ਹਾਲਾਂਕਿ ਮੈਨੂੰ ਪਤਾ ਸੀ ਕਿ ਛੇਵੀਂ ਜਮਾਤ ਤਾਂ ਇੱਕ ਪਾਸੇ ਉਸ ਨੂੰ ਤਾਂ ਕਿਸੇ ਵੀ ਜਮਾਤ ਦਾ ਪਤਾ ਨਹੀਂ ਸੀ ਕਿ ਜਮਾਤਾਂ ਹੁੰਦੀਆਂ ਕੀ ਹਨ। ਉਸ ਨੂੰ ਤਾਂ ਬੱਸ ਟੌਹਰ ਕੱਢ ਕੇ ਆਉਣਾ ਹੀ ਚੰਗਾ ਲਗਦਾ ਸੀ। ਤੇਰਾਂ-ਚੌਦਾਂ ਸਾਲ ਦੀ ਉਮਰ ਤਾਂ ਉਹ ਇੱਥੇ ਹੀ ਪਾਰ ਕਰ ਗਿਆ ਸੀ। ਫਿਰ ਪਤਾ ਨੀ ਕੀ ਹੋਇਆ ਕਿ ਗੱਗੀ ਨੇ ਸਕੂਲ ਆਉਣਾ ਬੰਦ ਕਰ ਦਿੱਤਾ।
ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਗਈ। ਫੁੱਲਾਂ ਦੀਆਂ ਉਹ ਕਿਆਰੀਆਂ ਸਾਭ ਸੰਭਾਲ਼ ਕਰਨ ਲਈ ਨਵੀਆਂ ਜਮਾਤਾਂ ਨੂੰ ਵੰਡ ਦਿੱਤੀਆਂ, ਜਿਨ੍ਹਾਂ ਦਾ ‘ਮਾਲਕ’ ਗੱਗੀ ਹੁੰਦਾ ਸੀ। ਮੇਨ ਗੇਟ ਹੁਣ ਖੁੱਲ੍ਹਾ ਹੀ ਰਹਿੰਦਾ ਸੀ।
ਸ਼ਾਇਦ ਮਈ ਮਹੀਨੇ ਦੇ ਅਖੀਰਲੇ ਦਿਨ ਸਨ। ਮੈਂ ਸਕੂਲ ਦੇ ਮੇਨ ਗੇਟ ’ਤੇ ਖੜ੍ਹਾ ਸੀ। ਗੱਗੀ ਸਾਹਮਣੇ ਤੋਂ ਆ ਰਿਹਾ ਸੀ, ਜਦੋਂ ਉਸਨੇ ਮੇਰੇ ਪੈਰੀਂ ਹੱਥ ਲਾਏ ਤਾਂ ਉਸਦੀ ਅਕਲ ਦੇਖ ਕੇ ਮੈਨੂੰ ਅੰਤਾਂ ਦੀ ਖੁਸ਼ੀ ਹੋਈ। ਉਸਦੇ ਮੋਢੇ ’ਤੇ ਹੱਥ ਰੱਖ ਕੇ ਮੈਂ ਉਸ ਨੂੰ ਅਪਣੱਤ ਦਾ ਅਹਿਸਾਸ ਕਰਵਾਇਆ। ਉਸ ਨੂੰ ਪੁੱਛਿਆ ਕਿ ਕੀ ਕਰਦੈਂ ਹੁਣ? ਨਾਲ ਹੀ ਉਸ ਦੇ ਛੋਟੇ ਭਰਾ ਬਾਰੇ ਪੁੱਛਿਆ।
ਮੈਨੂੰ ਪਤਾ ਸੀ ਕਿ ਗੱਗੀ ਤਾਂ ਅਗਲੇ ਸਕੂਲ ਦਾਖਲ ਨਹੀਂ ਸੀ ਹੋਇਆ ਪਰ ਉਸਦਾ ਛੋਟਾ ਭਰਾ ਦਾਖਲ ਹੋ ਗਿਆ ਸੀ। ਮੇਰੇ ਪੁੱਛਣ ’ਤੇ ਉਸਨੇ ਦੱਸਿਆ ਕਿ ਉਸਦਾ ਭਰਾ ਸਕੂਲ ਨਹੀਂ ਜਾਂਦਾ ਕਿਉਂਕਿ ਸਕੂਲ ਦੂਰ ਹੈ। ਪਰ ਗੱਲ ਕਰਦਾ-ਕਰਦਾ ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ, “ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ। ਪੈਸੇ ’ਕੱਠੇ ਕਰਕੇ ਛੋਟੇ ਭਰਾ ਨੂੰ ਸਾਇਕਲ ਲੈ ਕੇ ਦੇਣਾ ਹੈ, ਸਕੂਲ ਜਾਣ ਲਈ। ਹੁਣ ਤਾਂ ਉਸ ਨੂੰ ਕੋਈ ਆਪਣੇ ਸਾਇਕਲ ’ਤੇ ਨਹੀਂ ਲੈ ਕੇ ਜਾਂਦਾ ਪਰ ਨਵੇਂ ਸਾਇਕਲ ’ਤੇ ਉਹ ਨਵੇਂ ਕੱਪੜੇ ਪਾ ਕੇ, ਸਿਰ ਵਾਹ ਕੇ ਟੌਹਰ ਨਾਲ ਜਾਇਆ ਕਰੂਗਾ … …।
ਗੱਗੀ ਦੀਆਂ ਇਨ੍ਹਾਂ ਆਖਰੀ ਦੋਂਹ ਸਿਧਰੀਆਂ ਗੱਲਾਂ ਕਰਕੇ ਮੈਨੂੰ ਉਹ ਆਪਣੀ ਜਮਾਤ ਦਾ ਸਭ ਤੋਂ ਸਿਆਣਾ ਬੱਚਾ ਹੁਣ ਤਕ ਨਹੀਂ ਭੁੱਲਿਆ।
ਕਾਸ਼! ਸਾਡਾ ਵਿੱਦਿਅਕ ਢਾਂਚਾ ਅਜਿਹਾ ਬਣ ਜਾਵੇ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਇ ਅਧਿਆਪਕਾਂ ਨੂੰ ਬੱਚਿਆਂ ਦੇ ਮਨਾਂ ਨੂੰ ਪੜ੍ਹਨ ਦਿੱਤਾ ਜਾਵੇ, ਜਿਨ੍ਹਾਂ ਵਿੱਚ ਪਤਾ ਨੀ ਕਿੰਨੀਆਂ ਕੁ ਸਿਆਣਪਾਂ ਪਈਆਂ ਹਨ। ਜਾ ਰਹੇ ਗੱਗੀ ਦੀ ਇਹ ‘ਅਸਲੀ ਟੌਹਰ’ ਮੈਂ ਗਲ਼ੀ ਦੇ ਮੋੜ ਤਕ ਨਿਹਾਰਦਾ ਰਿਹਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3669)
(ਸਰੋਕਾਰ ਨਾਲ ਸੰਪਰਕ ਲਈ: