JagdevSharmaBugra7ਜੇਕਰ ਸਾਡੇ ਮੋਹਤਬਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀਤਾਂ ਅੱਜ ...
(8 ਅਪ੍ਰੈਲ 2023)
ਇਸ ਸਮੇਂ ਪਾਠਕ: 98.


ਪੰਜਾਬ
, ਪੰਜਾਬੀ ਅਤੇ ਪੰਜਾਬੀਅਤ, ਇਹਨਾਂ ਤਿੰਨਾਂ ਸ਼ਬਦਾਂ ਦੇ ਜ਼ਿਕਰ ਤੋਂ ਬਿਨਾ ਕਿਸੇ ਵੀ ਸਿਆਸੀ, ਧਾਰਮਿਕ ਜਾਂ ਸਾਹਿਤ ਨਾਲ ਸੰਬਧਿਤ ਵਿਅਕਤੀ ਦਾ ਭਾਸ਼ਣ ਅਧੂਰਾ ਸਮਝਿਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਦਾ ਪ੍ਰਯੋਗ ਉਹ ਕਿਸ ਨਜ਼ਰੀਏ ਤੋਂ ਕਰ ਰਿਹਾ ਹੈ। ਨਾਨਕ ਸ਼ਾਹ ਫਕੀਰ ਵਰਗੇ ਗੁਰੂਆਂ ਪੀਰਾਂ ਦੀ ਧਰਤੀ, ਸ਼੍ਰੀ ਗੁਰੂ ਗੋਬਿੰਦ ਵਰਗੇ ਸਰਬੰਸ ਦਾਨੀਆਂ ਦੀ ਧਰਤੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਿਆਂ ਦੀ ਧਰਤੀ, ਸ਼੍ਰੀ ਗੁਰੂ ਅਰਜਨ ਦੇਵ ਵਰਗੇ ਸਿਰਮੌਰ ਸ਼ਹੀਦਾਂ ਦੀ ਧਰਤੀ, ਮਾਈ ਭਾਗੋ ਅਤੇ ਕਨਈਏ ਵਰਗਿਆਂ ਦੀ ਧਰਤੀ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਅਤੇ ਸਰਾਭਿਆਂ ਦੀ ਧਰਤੀ, ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਅਤੇ ਬੰਦਾ ਸਿੰਘ ਬਹਾਦੁਰ ਵਰਗਿਆਂ ਦੀ ਧਰਤੀ, ਦੀਵਾਨ ਟੋਡਰ ਮੱਲ ਅਤੇ ਨਵਾਬ ਮਲੇਰਕੋਟਲਾ ਵਰਗਿਆਂ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ ਹੈ। ਇਹ ਓਹੀ ਪੰਜਾਬ ਹੈ ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਦਾ ਪੰਜਾਬ, ਵਾਰਿਸ ਦੀ ਹੀਰ ਦਾ ਪੰਜਾਬ ਅਤੇ ਅੰਮ੍ਰਿਤਾ ਪ੍ਰੀਤਮ ਦੇ ਪੰਜਾਬ ਵਜੋਂ ਜਾਣਿਆ ਜਾਂਦਾ ਹੈ। ਸਭ ਤੋਂ ਵੱਧ ਕੇ ਇਨਸਾਨੀਅਤ ਲਈ ਕੰਮ ਕਰਨਾ, ਕਿਰਤ ਕਰਨਾ ਅਤੇ ਵੰਡ ਛਕਣ ਅਤੇ ਨਾਮ ਜਪਣ, ਆਪਣੇ ਦੋਵੇਂ ਵੇਲੇ ਦੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ ਹੈ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਖੂਨ ਵਹਾਉਣ ਵਾਲੇ, ਫਾਂਸੀ ਦਾ ਰੱਸਾ ਚੁੰਮਣ ਵਾਲੇ 121 ਵਿੱਚੋਂ 93 ਪੰਜਾਬੀ ਸਨ। ਪੰਜਾਬ ਦੇ ਸਿਰਲੱਥ ਯੋਧਿਆਂ ਦੀ ਜਨਮ ਭੂਮੀ ਰਿਹਾ ਹੈ ਪੰਜਾਬ। ਮੈਨੂੰ ਮਾਣ ਹੈ ਉਸ ਧਰਤ ਦੇ ਜੰਮਪਲ ਹੋਣ ਦਾ ਜਿਸ ਧਰਤ ਦੇ 1.53% ਭੂਮੀ ਦੇ ਮਾਲਕ ਹੋਣ ਦੇ ਬਾਵਜੂਦ ਪੰਜਾਬੀ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ 80% ਯੋਗ ਦਾਨ ਪਾਉਂਦਾ ਹੈ। ਦੁਨੀਆਂ ਦੇ ਹਰ ਕੋਨੇ ਵਿੱਚ ਆਪਣੀ ਨਿਰਾਲੀ ਵੇਸ ਭੂਸ਼ਾ ਕਰਕੇ ਪੰਜਾਬੀ ਦੀ ਪਹਿਚਾਣ ਹੈ।

ਮੇਰੇ ਇਸ ਪੰਜ ਆਬਾਂ ਦੇ ਪੰਜਾਬ ਨਾਲ ਕੀ ਵਾਪਰਿਆ? ਸਿਆਸਤ ਦੇ ਸੌਦਾਗਰਾਂ ਅਤੇ ਧਰਮ ਦੇ ਠੇਕੇਦਾਰਾਂ ਨੇ ਦੁਨੀਆਂ ਵਿੱਚੋਂ ਜ਼ਿੰਦਗੀ ਦੀ ਧੜਕਣ ਲਈ ਸਭ ਤੋਂ ਵੱਧ ਮਹਿਫੂਜ਼ ਜਗ੍ਹਾ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ। ਰਾਜਾ ਰਣਜੀਤ ਸਿੰਘ ਵਰਗੇ ਸਾਡੇ ਪੁਰਖਿਆਂ ਨੇ ਜਿਸ ਪੰਜਾਬ ਦੀ ਮਕਬੂਲੀਅਤ ਦਾ ਲੋਹਾ ਦਿੱਲੀ ਤੋਂ ਪਿਸ਼ਾਵਰ ਤਕ ਮਨਵਾਇਆ, ਮੁਲਕ ਦੀ ਵੰਡ ਵੇਲੇ ਉਸ ਪੰਜਾਬ ਨੂੰ ਚੀਰ ਕੇ ਦੋਫਾੜ ਕਰਨ ਲੱਗਿਆਂ ਸਾਡੇ ਸਨਕੀ ਸੋਚ ਦੇ ਲੀਡਰਾਂ ਨੇ ਭੋਰਾ ਵੀ ਚੀਸ ਨਹੀਂ ਵੱਟੀ। 1947 ਵਿੱਚ ਜਦੋਂ ਦੇਸ਼ ਨੇ ਆਜ਼ਾਦੀ ਮਨਾਈ, ਮੇਰੇ ਰੰਗਲੇ ਪੰਜਾਬ ਨੇ ਬਰਬਾਦੀ ਹੰਢਾਈ। ਇਸ ਆਜ਼ਾਦੀ ਦੇ ਦਿੱਤੇ ਜ਼ਖ਼ਮ ਅੱਜ ਤਕ ਵੀ ਅੱਲੇ ਹਨ। ਇਸ ਪੰਜਾਬ ਨੂੰ ਛਾਂਗਣ ਵਾਸਤੇ ਕੁਹਾੜਾ ਫਿਰ ਚੱਲਿਆ ਜਦੋਂ ਮਹਾਂ ਪੰਜਾਬ ਦੇ ਤਿੰਨ ਹਿੱਸੇ ਯਾਨੀ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਕਰ ਦਿੱਤੇ ਗਏ। ਬਹਾਨਾ ਭਾਸ਼ਾ ਦਾ, ਬਹਾਨਾ ਵੱਖੋ ਵੱਖਰੇ ਸੱਭਿਆਚਾਰ ਦਾ ਲਾਇਆ ਗਿਆ। ਪ੍ਰੰਤੂ ਇਹ ਸਭ ਕੁਛ ਕੀਤਾ ਗਿਆ ਵੱਖ ਵੱਖ ਚਿਹਰੇ ਮੋਹਰੇ ਵਾਲੇ ਤਿੰਨ ਮੁੱਖ ਮੰਤਰੀਆਂ ਦੀਆਂ ਤਿੰਨ ਕੁਰਸੀਆਂ ਡਾਹੁਣ ਲਈ। ਰਾਜਾਂ ਨੂੰ ਛੋਟੇ ਕਰਨ ਪਿੱਛੇ ਇੱਕ ਮਕਸਦ ਸੀ, ਤੇਜ਼ੀ ਨਾਲ ਤਰੱਕੀ। ਨਤੀਜਾ ਸਭ ਦੇ ਸਾਹਮਣੇ ਹੈ। ਪਹਿਲੇ ਨੰਬਰ ਦਾ ਪੰਜਾਬ ਸੋਲ੍ਹਵੇਂ ਸਥਾਨ ’ਤੇ ਧੱਕਿਆ ਗਿਆ। 1982 ਦੀਆਂ ਏਸ਼ੀਅਨ ਗੇਮਜ਼ ਵਕਤ ਅਤੇ ਪਿਛਲੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਨੂੰ ਜਾਂਦੇ ਪੰਜਾਬੀਆਂ ਦੇ ਰਾਹਾਂ ਵਿੱਚ ਕੰਡੇ ਵਿਛਾ ਕੇ ਹਰਿਆਣੇ ਨੇ ਅਪਣਾ ਛੋਟਾ ਭਾਈ ਹੋਣ ਦਾ ਰੋਲ ਖੂਬ ਨਿਭਾਇਆ। ਰਾਜਸੀ ਲੋਕਾਂ ਦੀ ਸੌੜੀ ਸੋਚ ਕਾਰਨ ਅੱਜ ਜੋ ਪੰਜਾਬ ਸਾਡੇ ਪੱਲੇ ਬਚਿਆ ਹੈ, ਮੈਂ ਕਹਾਂਗਾ ਉਹ ਪੰਜਾਬ ਪੰਜਾਬ ਨਹੀਂ ਸਗੋਂ ਪੰਜਾਬ ਦੀ ਰਹਿੰਦ ਖੂਹੰਦ ਹੈ।

ਪੰਜਾਬੀਆਂ ਦੀ ਮਾਖਿਓਂ ਮਿੱਠੀ ਮਾਤਭਾਸ਼ਾ ਪੰਜਾਬੀ, ਇੱਕ ਵਗਦਾ ਦਰਿਆ ਹੈ। ਮੁੱਢ ਕਦੀਮ ਤੋਂ ਪੰਜਾਬੀ ਬਾਹਰ ਜਾਂਦੇ ਰਹੇ ਅਤੇ ਬਾਹਰਲੇ ਪੰਜਾਬ ਆਉਂਦੇ ਰਹੇ। ਇਸ ਆਵਾਸ ਪਰਵਾਸ ਕਾਰਨ ਸਾਡੀ ਮਾਤ ਭਾਸ਼ਾ ਅਮੀਰ ਹੁੰਦੀ ਗਈ। ਅੱਜ ਦੁਨੀਆਂ ’ਤੇ ਬੋਲੀਆਂ ਜਾਣ ਵਾਲੀਆਂ ਕੁੱਲ 7100 ਭਾਸ਼ਾਵਾਂ ਵਿੱਚੋਂ ਪੰਜਾਬੀ ਜੋ ਕਿ 103 ਮਿਲੀਅਨ ਲੋਕਾਂ ਦੁਆਰਾ ਆਪਸੀ ਸੰਚਾਰ ਦੇ ਸਾਧਨ ਵਜੋਂ ਵਰਤੀ ਜਾਂਦੀ ਹੈ, ਦਾ ਨੌਂਵਾਂ ਸਥਾਨ ਹੈ। ਆਪਣੀ ਸਮਰੱਥਾ ਅਨੁਸਾਰ ਸਾਰੇ ਹੀ ਪੰਜਾਬੀ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਅਪਣਾ ਬਣਦਾ ਯੋਗਦਾਨ ਪਾਉਂਦੇ ਹਨ। ਪ੍ਰੰਤੂ ਓਦੋਂ ਮਨ ਨੂੰ ਠੇਸ ਪਹੁੰਚਦੀ ਹੈ ਜਦੋਂ ਸਾਡੇ ਤਥਾ ਕਥਿਤ ਮਾਡਰਨ ਸਕੂਲਾਂ ਵਿੱਚ ਪੰਜਾਬੀ ਨੂੰ ਤੀਜੇ ਸਥਾਨ ’ਤੇ ਧੱਕ ਦਿੱਤਾ ਜਾਂਦਾ ਹੈ। ਆਪਣਾ ਬਣਦਾ ਸਥਾਨ ਪਾਉਣ ਲਈ ਪੰਜਾਬੀ ਬੋਲੀ ਨੂੰ ਰਾਜ ਦੀ ਵਿਧਾਨ ਸਭਾ ਦੁਆਰਾ ਪਾਸ ਕੀਤੇ ਐਕਟ ਦਾ ਸਹਾਰਾ ਲੈਣਾ ਪੈਂਦਾ ਹੈ। ਗੁਰੂਆਂ ਪੀਰਾਂ ਦੇ ਮੂੰਹੋਂ ਨਿਕਲੀ ਬੋਲੀ ਨੂੰ ਗੰਵਾਰਾਂ ਦੀ ਬੋਲੀ ਕਹਿਣ ਵਾਲਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਉਹਨਾਂ ਦੀ ਹੀ ਬੋਲੀ ਵਿੱਚ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ? ਭਈਆ ਕਲਚਰ ਅਤੇ ਛੇਤੀ ਜਹਾਜ਼ ਚੜ੍ਹਨ ਲਈ ਅੰਗਰੇਜ਼ੀ ਪ੍ਰਤੀ ਮੋਹ ਨੇ ਪੰਜਾਬੀ ਬੋਲੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕੀਤਾ ਹੈ। ਘਰੇ ਰੱਖੇ ਭਈਏ ਨਾਲ ਗੱਲ ਕਰਦੇ ਸਮੇਂ ਸਾਨੂੰ ਖ਼ੁਦ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੀ ਬੋਲੀ ਬੋਲ ਰਹੇ ਹਾਂ? ਸਾਡੀ ਸੋਚ ਨੂੰ ਉਦੋਂ ਪਤਾ ਨਹੀਂ ਕਿਉਂ ਲਕਵਾ ਮਾਰ ਜਾਂਦਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੇਕਰ ਰੋਹਬ ਪਾਉਣਾ ਹੋਵੇ ਤਾਂ ਅੰਗਰੇਜ਼ੀ ਵਿੱਚ, ਮੁਆਫੀ ਮੰਗਣੀ ਹੋਵੇ ਤਾਂ ਹਿੰਦੀ ਵਿੱਚ ਅਤੇ ਜੇਕਰ ਗਾਲ੍ਹ ਕੱਢਣੀ ਹੋਵੇ ਤਾਂ ਪੰਜਾਬੀ ਵਿੱਚ। ਦੁਕਾਨਾਂ ਦੇ ਬਹੁਤੇ ਬੋਰਡ ਅੰਗਰੇਜ਼ੀ ਵਿੱਚ ਲਿਖੇ ਹੁੰਦੇ ਹਨ। ਵਿਆਹ ਸ਼ਾਦੀਆਂ ਦੇ ਕਾਰਡ ਛਪਵਾਉਣ ਵਕਤ ਜ਼ਿਆਦਾ ਸੱਭਿਅਕ ਹੋਣ ਲਈ ਅਸੀਂ ਅੰਗਰੇਜ਼ੀ ਦੀ ਡਿਕਸ਼ਨਰੀ ਵਿੱਚੋਂ ਢੁਕਵੇਂ ਸ਼ਬਦ ਲੱਭਦੇ ਫਿਰਦੇ ਹਾਂ। ਯੂ ਪੀ ਬਿਹਾਰ ਦੇ ਭਈਆਂ ਨੇ ਪੰਜਾਬੀ ਵਿੱਚ ਹਿੰਦੀ ਰਲਗੱਡ ਕਰਕੇ ਇਸਦੀ ਸ਼ਕਲ ਸੂਰਤ ਹੀ ਵਿਗਾੜ ਦਿੱਤੀ ਹੈ। ਜਿੰਨੇ ਕੁ ਪੰਜਾਬੀ ਬਾਹਰ ਨੂੰ ਭੱਜ ਰਹੇ ਹਨ ਓਨੇ ਕੁ ਹੀ ਭਈਏ ਪੰਜਾਬ ਆ ਰਹੇ ਹਨ। ਓਦੋਂ ਮਨ ਵਲੂੰਧਰਿਆ ਜਾਂਦਾ ਹੈ ਜਦੋਂ ਮਾਂ ਮਰੀ ਤੋਂ ਪੰਜਾਬੀ ਵਿੱਚ ਕੀਰਨੇ ਪਾਓਣ ਵਾਲੇ ਮਰਦਮ ਸ਼ੁਮਾਰੀ ਵੇਲੇ ਆਪਣੀ ਮਾਤਭਾਸ਼ਾ ਹਿੰਦੀ ਲਿਖਵਾਉਂਦੇ ਹਨ। ਪੰਜਾਬੀ ਚੈਨਲਾਂ ’ਤੇ ਲਿਖੀ ਹੋਈ ਪੰਜਾਬੀ, ਮੀਲ ਪੱਥਰਾਂਅ ਤੇ ਪਿੰਡਾਂ ਸ਼ਹਿਰਾਂ ਦੇ ਲਿਖੇ ਹੋਏ ਨਾਂ ਪੰਜਾਬੀ ਦਾ ਮੂੰਹ ਚਿੜਾਉਂਦੇ ਹਨ। ਪਿੰਡ ਦਾ ਨਾਂ ਹੁੰਦਾ ਹੈ ਬਡਰੁੱਖਾਂ, ਲਿਖਿਆ ਹੁੰਦਾ ਹੈ ਬਦਰੂ ਖਾਂ।

ਸੂਬਾ ਸਰਹਿੰਦ ਜਾਂ ਫਿਰ ਅਬਦਾਲੀ ਵਰਗੇ ਧਾੜਵੀਆਂ ਦੇ ਦੰਦ ਖੱਟੇ ਕਰਕੇ ਤਾਂ ਪੰਜਾਬੀਆਂ ਨੂੰ ਤਸੱਲੀ ਹੁੰਦੀ ਸੀ ਪ੍ਰੰਤੂ ਜਦੋਂ ਐਧਰੋਂ ਓਧਰੋਂ ਇੱਕ ਦੇਸ਼ ਇੱਕ ਭਾਸ਼ਾ ਦਾ ਨਾਅਰਾ ਸੁਣੀਦਾ ਹੈ ਤਦ ਘਰਦਿਆਂ ਕੋਲੋਂ ਹੀ ਖਤਰਾ ਮਹਿਸੂਸ ਹੋਣ ਲਗਦਾ ਹੈ। ਇਸ ਸੰਬੰਧ ਵਿੱਚ ਰਸੂਲ ਹਮਜ਼ਾਤੋਵ ਦੇ ਵਿਚਾਰ, “ਮੇਰੇ ਲਈ ਕੌਮਾਂ ਦੀਆਂ ਬੋਲੀਆਂ ਅਕਾਸ਼ ਵਿਚਲੇ ਸਿਤਾਰਿਆਂ ਵਾਂਗ ਹੁੰਦੀਆਂ ਹਨ। ਮੈਂ ਨਹੀਂ ਚਾਹੁੰਦਾ ਕਿ ਸਾਰੇ ਤਾਰੇ ਇੱਕ ਵੱਡੇ ਸਿਤਾਰੇ ਵਿੱਚ ਮਿਲ ਕੇ ਇੱਕ ਹੋ ਜਾਣ, ਜਿਸ ਨੇ ਅੱਧਾ ਅਕਾਸ਼ ਘੇਰਿਆ ਹੋਵੇ। ਇਸ ਕੰਮ ਲਈ ਸੂਰਜ ਹੈ। ਆਕਾਸ਼ ਵਿੱਚ ਤਾਰੇ ਵੀ ਚਮਕਣੇ ਚਾਹੀਦੇ ਹਨ। ਹਰ ਕੌਮ ਨੂੰ ਅਪਣਾ ਸਿਤਾਰਾ ਰੱਖਣ ਦਿਓ।” ਬਹੁਤ ਕੀਮਤੀ ਹਨ।

ਅਸੀਂ ਪੰਜਾਬ ਦੇ ਵਸਿੰਦੇ ਹਾਂ, ਪੰਜਾਬੀ ਸਾਡੀ ਮਾਂ ਬੋਲੀ ਹੈ, ਇਸ ਕਰਕੇ ਅਸੀਂ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ। ਬਾਣੇ ਅਤੇ ਬਾਣੀ ਦਾ ਪੱਕਾ ਪੰਜਾਬੀ, ਕਿਰਤ ਕਰਨ ਵਾਲਾ, ਨਾਮ ਜਪਣ ਵਾਲਾ, ਵੰਡ ਛਕਣ ਵਾਲਾ ਪੰਜਾਬੀ, ਧੀ ਭੈਣ ਦੀ ਇੱਜ਼ਤ ਦਾ ਰਾਖਾ ਪੰਜਾਬੀ, ਭੁੱਖਿਆਂ ਨੂੰ ਲੰਗਰ ਛਕਾਉਣ ਵਾਲਾ ਨਾਨਕ ਨਾਮ ਲੇਵਾ ਪੰਜਾਬੀ। ਪਰ ਅੱਜ ਗਾਇਬ ਹਨ ਗਲਾਂ ਵਿੱਚ ਕੈਂਠਿਆਂ ਵਾਲੇ, ਧੂਵੇਂ ਚਾਦਰਿਆਂ ਵਾਲੇ, ਕੱਢਵੀਆਂ ਨੋਕਦਾਰ ਜੁੱਤੀਆਂ ਵਾਲੇ ਪੰਜਾਬੀ ਚੋਬਰ। ਕਿੱਥੇ ਹਨ ਲੁੱਡੀਆਂ-ਭੰਗੜੇ ਪਾਉਣ ਵਾਲੇ ਪੰਜਾਬੀ, ਕੰਨ ’ਤੇ ਹੱਥ ਰੱਖ ਕੇ ਹੀਰ ਦੀ ਹੇਕ ਲਾਓਣ ਵਾਲੇ ਪੰਜਾਬੀ। ਤੀਆਂ ਵਿੱਚ ਨੱਚ ਨੱਚ ਕੇ ਧਮਾਲਾਂ ਪਾਉਣ ਵਾਲੀਆਂ ਮੁਟਿਆਰਾਂ, ਮੀਢੀਆਂ ਗੁੰਦ ਕੇ ਸੱਗੀ ਫੁੱਲ ਵਾਲੀਆਂ ਨਵੇਲਣਾ, ਪਿੱਪਲੀ ਦੇ ਟਾਹਣਿਆਂ ਉੱਤੇ ਪੀਂਘਾਂ ਪਾ ਕੇ ਅਸਮਾਨ ਛੋਹੰਦੇ ਝੂਟੇ ਲੈਂਦੀਆਂ ਕੁੜੀਆਂ ਚਿੜੀਆਂ ਪੰਜਾਬਣਾਂ?

ਗਰੀਬ, ਮਜ਼ਲੂਮ, ਕਮਜ਼ੋਰ ਆਪਣੇ ਆਪ ਨੂੰ ਪੰਜਾਬੀ ਦੇ ਨੇੜੇ ਪਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ। ਗੱਡੀਆਂ ਬੱਸਾਂ ਵਿੱਚ, ਭੀੜ ਭੜੱਕੇ ਵਾਲੀ ਜਗ੍ਹਾ ’ਤੇ ਸਰਦਾਰ ਨੂੰ ਬਣਦਾ ਮਾਣ ਸਨਮਾਨ ਮਿਲਦਾ ਹੈ। ਇੱਕ ਲਾਈਨ ਵਿੱਚ ਖੜ੍ਹੀ ਲੜਕੀ ਨਾਲ ਜਦੋਂ ਕੋਈ ਮੁਸ਼ਟੰਡਾ ਛੇੜਖਾਨੀ ਕਰਦਾ ਹੈ ਤਾਂ ਉਹ ਲੜਕੀ ਲਾਈਨ ਵਿੱਚੋਂ ਸਰਦਾਰ ਲੱਭਕੇ ਉਸਦੇ ਅੱਗੇ ਜਾ ਖੜ੍ਹਦੀ ਹੈ ਅਤੇ ਹੁਣ ਮੁਸ਼ਟੰਡੇ ਦੀ ਜੁਰਅਤ ਨਹੀਂ ਪੈਂਦੀ ਕਿ ਉਹ ਲੜਕੀ ਵੰਨੀ ਅੱਖ ਚੱਕ ਕੇ ਵੀ ਦੇਖੇ। ਇਸ ਨੂੰ ਕਹਿੰਦੇ ਹਨ ਪੰਜਾਬੀ। ਇਸ ਤੱਕੜੀ ਤੇ ਤੋਲਦਿਆਂ ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਲੋੜ ਹੈ ਪਿਛਲ ਝਾਤ ਮਾਰਨ ਦੀ।

ਆਓ ਆਪਾਂ ਆਪਣੀ ਇਸ ਪੰਜਾਬੀ ਹੋਣ ਦੀ ਛਵ੍ਹੀ ਨੂੰ ਬਚਾਈਏ।

ਪੰਜਾਬੀਅਤ ਕੀ ਹੈ? ਇੱਕ ਅਹਿਸਾਸ। ਗੁਰੂਆਂ ਪੀਰਾਂ ਦੇ ਵਾਰਿਸ ਹੋਣ ਦਾ ਅਹਿਸਾਸ। ਪ੍ਰੰਤੂ ਜਦੋਂ ਯੋਧਿਆਂ, ਗੁਰੂਆਂ ਪੀਰਾਂ ਦੇ ਵਾਰਿਸਾਂ ਨੂੰ ਸੜਕਾਂ ਕਿਨਾਰੇ, ਨਹਿਰਾਂ ਸੂਇਆਂ ਉੱਤੇ, ਹੱਟੀਆਂ ਭੱਠੀਆਂ ਉੱਤੇ ਨਸ਼ਾ ਕਰਕੇ ਲੁੜ੍ਹਕੇ ਪਏ ਦੇਖਦੇ ਹਾਂ, ਓਦੋਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਇੱਕ ਘੋਨ ਮੋਨ 20-22 ਸਾਲ ਦਾ ਮੁੰਡਾ ਸੋਸ਼ਲ ਮੀਡੀਆ ’ਤੇ ਆ ਕੇ ਇਹ ਕਹਿੰਦਾ ਦਿਖਾਈ ਦਿੰਦਾ ਹੈ ਕਿ ਜੇਕਰ ਸਾਡੇ ਮੋਹਤਬਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੁੰਦੀ, ਤਾਂ ਅੱਜ ਮੇਰੇ ਸਿਰ ’ਤੇ ਵੀ ਪੱਗ ਹੁੰਦੀ, ਓਦੋਂ ਕਸੂਰਵਾਰ ਕਿਸ ਨੂੰ ਠਹਿਰਾਇਆ ਜਾਵੇ? ਇਸ ਵਰਤਾਰੇ ਲਈ ਅਸੀਂ ਸਮੂਹ ਪੰਜਾਬੀ ਜ਼ਿੰਮੇਵਾਰ ਹਾਂ। ਪੰਜਾਬ ਮੁੜ ਤੋਂ ਪੰਜਾਬ ਬਣਨਾ ਲੋਚਦਾ ਹੈ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਦੇ ਮੁੱਦੇ ਰਾਜਨੀਤਿਕ ਲੋਕ ਸੱਪ ਵਾਂਗ ਪਟਾਰੀ ਵਿੱਚ ਪਾ ਕੇ ਰੱਖਦੇ ਹਨ ਅਤੇ ਲੋੜ ਪੈਣ ’ਤੇ ਵਰਤ ਲੈਂਦੇ ਹਨ। ਇਸ ਲਈ ਲੋੜ ਪੈਣ ’ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇਹ ਮਰ ਮਿਟਣਗੇ, ਤਵੱਕੋ ਵੀ ਨਾ ਕਰਿਓ। ਫੇਰੂਮਾਨ ਤਾਂ ਕੋਈ ਕੋਈ ਹੀ ਜੰਮਦਾ ਹੈ, ਬਾਕੀ ਤਾਂ ਪਾਥੀਆਂ ਚਿਨਣ ਜੋਗੇ ਹੀ ਹਨ। ਆਪ ਮਰੇ ਬਿਨ ਸਵਰਗ ਨਹੀਂ ਜਾਇਆ ਜਾਣਾ। ਇਸ ਲਈ ਲੋੜ ਹੈ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ। ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਆਓ ਸਾਰੇ ਪੰਜਾਬੀ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3880)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)