GoverdhanGabbi7ਪੋਹ ਦਾ ਮਹੀਨਾ ਸੀ … ਠੰਢੀ ਰਾਤ ਸੀ। ਮਾਨਸਿਕ ਤੌਰ ਉੱਪਰ ਪਰੇਸ਼ਾਨ ਤੇ ...
(4 ਮਾਰਚ 2023)
ਇਸ ਸਮੇਂ ਮਹਿਮਾਨ: 232.


ਸਾਹਿਤ ਅਕਾਦਮੀ ਅਵਾਰਡ ਜੇਤੂ ਪ੍ਰਸਿੱਧ ਲੇਖਕ ਮਰਹੂਮ ਮੋਹਨ ਭੰਡਾਰੀ ਦੇ ਪਰਿਵਾਰ ਵੱਲੋਂ ਪਿਛਲੇ ਦਿਨੀਂ ਉਸ ਦਾ ਚੌਰਾਸੀਵਾਂ ਜਨਮ ਦਿਨ ਚੰਡੀਗੜ੍ਹ ਦੇ ਉੱਤਮ ਰੈਸਟੋਰੈਂਟ ਵਿਖੇ ਮਨਾਇਆ ਗਿਆ
ਪਰਿਵਾਰ ਤੋਂ ਇਲਾਵਾ ਮੋਹਨ ਭੰਡਾਰੀ ਦੇ ਕੁਝ ਕਰੀਬੀ ਰਹੇ ਸਾਹਿਤਕ ਦੋਸਤ ਵੀ ਸ਼ਾਮਿਲ ਹੋਏ, ਜਿਹਨਾਂ ਵਿੱਚ ਮੈਂ ਵੀ ਸਾਂਮੋਹਨ ਭੰਡਾਰੀ ਨੂੰ ਯਾਦ ਕਰਦਿਆਂ ਉਹਨਾਂ ਦੇ ਪਰਿਵਾਰ ਤੇ ਦੋਸਤਾਂ ਨੇ ਉਸ ਨਾਲ ਜੁੜੀਆਂ ਸਾਹਿਤਕ ਤੇ ਨਿੱਜੀ ਯਾਦਾਂ ਨੂੰ ਸਾਂਝਾ ਕੀਤਾ

ਗੱਲਾਂ ਵਿੱਚੋਂ ਇੱਕ ਗੱਲ ਇਹ ਵੀ ਉੱਠੀ ਕਿ ਸਾਹਿਤ ਹੁੰਦਾ ਕੀ ਹੈ? ਇਸਦਾ ਸਾਮਜਿਕ ਵਰਤਾਰੇ ਵਿੱਚ ਕਿੰਨਾ ਕੁ ਪ੍ਰਭਾਵ ਪੈਂਦਾ ਹੈ? ਮੋਟੇ ਤੌਰ ਉੱਪਰ ਇਹ ਮੰਨਿਆ ਗਿਆ ਕਿ ਸਾਹਿਤ ਦਾ ਅਰਥ ਹੈ ਉਹ ਰਚਨਾ ਜੋ ਸਾਰਿਆਂ ਦੇ ਹਿਤ ਵਿੱਚ ਹੋਵੇਫਿਰ ਇੱਕ ਸਿਆਣੇ ਸਾਹਿਤਕਾਰ ਨੇ ਕਿਹਾ ਕਿ ਸਾਹਿਤ ਦੇ ਅਰਥਾਂ ਨੂੰ ਸਮਝਣਾ ਤੇ ਸੰਖੇਪ ਵਿੱਚ ਪਰਿਭਾਸ਼ਿਤ ਕਰਨਾ ਔਖਾ ਕਾਰਜ ਹੈ ਪਰ ਫਿਰ ਵੀ ਸਾਹਿਤ ਮੋਟੇ ਤੇ ਵੱਡੇ ਅਰਥਾਂ ਵਿੱਚ ਕਿਸੇ ਵੀ ਰਚਨਾ ਨੂੰ ਕਿਹਾ ਜਾ ਸਕਦਾ ਹੈਜਾਂ ਦੂਸਰੇ ਸ਼ਬਦਾਂ ਵਿੱਚ ਇਹ ਰਚਨਾ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਤੇ ਸੁਹਜਾਤਮਕ ਰਚਨਾ ਹੁੰਦੀ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਪਦ ਅਤੇ ਗਦਇੱਕ ਹੋਰ ਧਾਰਨਾ ਅਨੁਸਾਰ ਇਸ ਨੂੰ ਗਲਪ ਅਤੇ ਗ਼ੈਰ-ਗਲਪ ਵਿੱਚ ਵੰਡਿਆ ਜਾ ਸਕਦਾ ਹੈਇਸਦੇ ਬਹੁਤ ਸਾਰੇ ਰੂਪ ਹਨ ਜਿਵੇਂ ਕਿ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ ਆਦਿ

ਸਾਹਿਤ ਨੂੰ ਪਰਿਭਾਸ਼ਿਤ ਕਰਨ ਦੇ ਕਈ ਯਤਨ ਕੀਤੇ ਗਏ ਹਨਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ “ਸੱਤਯਮ ਸ਼ਿਵਮ ਸੁੰਦਰਮ” ਕਿਹਾ ਗਿਆ ਹੈ’ ਭਾਵ ਜੋ ਸੱਚ ਹੋਵੇ, ਕਲਿਆਣਕਾਰੀ ਹੋਵੇ ਅਤੇ ਸੁੰਦਰ ਹੋਵੇ’ ਉਹ ਸਾਹਿਤ ਹੁੰਦਾ ਹੈਇੱਕ ਹੋਰ ਧਾਰਨਾ ਮੁਤਾਬਿਕ ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ ਤੇ ਇਸਦੇ ਅੰਦਰ ਉਹ ਸਭ ਸਾਰਥਿਕ ਕਲਾਤਮਿਕ ਅਭਿਵਿਅਕਤੀ ਤੱਤ ਸ਼ਾਮਲ ਹਨ ਜੋ ਮਨੁੱਖ ਨੂੰ ਸੁਹਜ ਸਵਾਦ ਦਿੰਦੇ ਤੇ ਜੀਵਨ ਦੀ ਅਗਵਾਈ ਕਰਦੇ ਹਨ

ਉੱਥੇ ਹਾਜ਼ਰ ਇੱਕ ਪ੍ਰਸਿੱਧ ਸਾਹਿਤਕਾਰ ਨੇ ਸਾਹਿਤ ਦੇ ਅਰਥਾਂ ਤੇ ਪਰਿਭਾਸ਼ਾ ਨੂੰ ਸਮਝਾਉਣ ਵਾਸਤੇ ਹਿੰਦੀ ਦੇ ਪ੍ਰਸਿੱਧ ਲੇਖਕ ਮਰਹੂਮ ਮੁਨਸ਼ੀ ਪ੍ਰੇਮਚੰਦ ਨਾਲ ਸਬੰਧਿਤ ਇੱਕ ਘਟਨਾ ਦਾ ਜ਼ਿਕਰ ਕੀਤਾਘਟਨਾ ਮੁਤਾਬਿਕ ਬੀਤੀ ਸਦੀ ਦੇ ਸੰਨ 1930 ਤੋਂ 1936 ਦੇ ਵਿਚਕਾਰ ਦਾ ਕਾਲ ਸੀਮੁਨਸ਼ੀ ਪ੍ਰੇਮ ਚੰਦ ‘ਪ੍ਰੋਗਰੈਸਿਵ ਲੇਖਕ ਸੰਘ’ ਦੇ ਪ੍ਰਧਾਨ ਸਨਸੰਘ ਦੇ ਇੱਕ ਜਨਰਲ ਇਜਲਾਸ ਵਿੱਚ ਉਹ ਦਿੱਲੀ ਆਏ ਹੋਏ ਸਨਸ਼ਾਇਦ ਪਹਿਲੀ ਤੇ ਆਖਰੀ ਵਾਰਇਸ ਇਜਲਾਸ ਵਿੱਚ ਦੇਸ਼ ਭਰ ਦੀਆਂ ਕਈ ਸਾਰੀਆਂ ਟਰੇਡ ਯੂਨੀਅਨਾਂ ਦੇ ਨਾਲ ਨਾਲ ਅਖਿਲ ਭਾਰਤੀ ਟਰੱਕ ਯੁਨੀਅਨ ਵੀ ਸ਼ਾਮਿਲ ਸੀ

ਇਜਲਾਸ ਖ਼ਤਮ ਹੋ ਗਿਆਬਹੁਤ ਸਾਰੇ ਲੋਕ ਮੁਨਸ਼ੀ ਪ੍ਰੇਮ ਚੰਦ ਨੂੰ ਮਿਲ ਜੁਲ ਰਹੇ ਸਨਉਸ ਨਾਲ ਗੱਲਾਂਬਾਤਾਂ ਤੇ ਗੁਫ਼ਤਗੂ ਕਰ ਰਹੇ ਸਨਉਸੇ ਸਮਾਗਮ ਵਿੱਚ ਟਰੱਕ ਯੂਨੀਅਨ ਦੇ ਮੈਂਬਰ ਇੱਕ ਪੰਜਾਬੀ ਸਰਦਾਰ ਜੀ ਵੀ ਸ਼ਾਮਲ ਸਨਉਹ ਮੁਨਸ਼ੀ ਪ੍ਰੇਮ ਚੰਦ ਨੂੰ ਮਿਲਣ ਵਾਸਤੇ ਬੜੇ ਉਤਸੁਕ ਸਨਖ਼ੈਰ ਕਿਸੇ ਨਾ ਕਿਸੇ ਤਰ੍ਹਾਂ ਸਰਦਾਰ ਜੀ ਮੁਨਸ਼ੀ ਪ੍ਰੇਮ ਚੰਦ ਦੇ ਨੇੜੇ ਪਹੁੰਚ ਕੇ ਉਹਨਾਂ ਦੇ ਅੱਗੇ ਨਤਮਸਤਕ ਹੋ ਗਏਮੁਨਸ਼ੀ ਹੁਰਾਂ ਉਸ ਨੂੰ ਉਠਾਇਆ ਗਲ ਨਾਲ ਲਗਾਇਆ, ਹਾਲ ਚਾਲ ਪੁੱਛਿਆ

“ਮੁਨਸ਼ੀ ਜੀ, ਅੱਜ ਤੁਸੀਂ ਆਪਣੇ ਪੈਰ ਇਸ ਗਰੀਬ ਦੇ ਘਰ ਪਾਉਗੇ … ਅੱਜ ਦੀ ਰਾਤ ਸਾਡੇ ਪਰਿਵਾਰ ਨਾਲ ਬਿਤਾਓਗੇ … ਮੈਂ ਤੁਹਾਡੀ ਖੂਬ ਸਾਰੀ ਪ੍ਰਾਹੁਣਾਚਾਰੀ ਕਰਾਂਗਾ …।” ਬੋਲਦੇ ਹੋਏ ਸਰਦਾਰ ਜੀ ਨੇ ਮੁਨਸ਼ੀ ਹੁਰਾਂ ਨੂੰ ਬੇਨਤੀ ਨਹੀਂ ਕੀਤੀ ਸਗੋਂ ਇੱਕ ਕਿਸਮ ਦਾ ਹੁਕਮ ਸੁਣਾ ਦਿੱਤਾ

ਮੁਨਸ਼ੀ ਹੁਰਾਂ ਨੇ ਆਪਣੀ ਮਜਬੂਰੀ ਦੱਸਦਿਆਂ ਕਿਹਾ ਕਿ ਉਸ ਦੀ ਅੱਜ ਸ਼ਾਮ ਦੀ ਰੇਲ ਗੱਡੀ ਦੀ ਟਿਕਟ ਬੁੱਕ ਹੈ, ਉਹ ਵਾਪਸ ਬਨਾਰਸ ਜਾ ਰਹੇ ਹਨਉਹ ਉਹਨਾਂ ਦੇ ਘਰ ਨਹੀਂ ਜਾ ਸਕਦੇਸਰਦਾਰ ਜੀ ਦੇ ਵਾਰ ਵਾਰ ਕਹਿਣ ਉੱਪਰ ਵੀ ਜਦੋਂ ਮੁਨਸ਼ੀ ਜੀ ਤਿਆਰ ਨਹੀਂ ਹੋਏ ਤਾਂ ਉਸ ਨੇ ਆਪਣੀ ਟਰੱਕ ਯੁਨੀਅਨ ਦੇ ਪ੍ਰਧਾਨ ਦੀ ਸਿਫਾਰਿਸ਼ ਪੁਆਈ ਪਰ ਨਿੱਜੀ ਬੰਦਸ਼ਾਂ ਤੇ ਜ਼ਿੰਮੇਵਾਰੀਆਂ ਦੇ ਚੱਲਦਿਆਂ ਮੁਨਸ਼ੀ ਪ੍ਰੇਮ ਚੰਦ ਨੇ ਸਰਦਾਰ ਜੀ ਦੇ ਘਰ ਜਾਣ ਅਤੇ ਰਾਤ ਰਹਿਣ ਵਾਲੀ ਬੇਨਤੀ ਨੂੰ ਕਬੂਲ ਨਹੀਂ ਕੀਤਾ

ਟਰੱਕ ਯੂਨੀਅਨ ਦੇ ਪ੍ਰਧਾਨ ਨੇ ਸਰਦਾਰ ਜੀ ਨੂੰ ਪੁੱਛਿਆ ਕਿ ਐਸੀ ਕੀ ਖ਼ਾਸ ਗੱਲ ਹੈ ਕਿ ਉਸ ਦੀਆਂ ਬਾਂਹਾਂ ਮੁਨਸ਼ੀ ਪ੍ਰੇਮ ਚੰਦ ਨੂੰ ਆਪਣੇ ਘਰ ਲਿਜਾਣ ਵਾਸਤੇ ਆਕੜੀਆਂ ਪਈਆਂ ਹਨ? ਸਰਦਾਰ ਜੀ ਨੇ ਉਸ ਖ਼ਾਸ ਗੱਲ ਬਾਰੇ ਪ੍ਰਧਾਨ ਨੂੰ ਇਹ ਕੁਝ ਦੱਸਿਆ, “ਦਸ ਬਾਰਾਂ ਸਾਲ ਪਹਿਲਾਂ ਦੀ ਗੱਲ ਹੈ, ਮੈਂ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੇਰੇ ਕੋਲ ਚਾਰ ਟਰੱਕ ਸਨ … ਬੈਂਕ ਤੋਂ ਕਰਜ਼ਾ ਲੈ ਕੇ ਖਰੀਦੇ ਹੋਏ। ਸਾਰਾ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਇੱਕ ਦਿਨ ਮੇਰੇ ਦੋਂਹ ਟਰੱਕਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ … ਟਰੱਕ ਤਬਾਹ ਹੋ ਗਏ। ਕਾਰੋਬਾਰ ਢਿੱਲਾ ਪੈ ਗਿਆ … ਬੈਂਕ ਦੀਆਂ ਕਿਸ਼ਤਾਂ ਪੂਰੀਆਂ ਨਹੀਂ ਪੈ ਰਹੀਆਂ ਸਨ, ਬੈਂਕਾਂ ਦਾ ਕਰਜ਼ਾ ਉਤਾਰਨ ਵਾਸਤੇ ਮੈਂ ਨਿੱਜੀ ਸ਼ਾਹੂਕਾਰਾਂ ਤੋਂ ਮੋਟੇ ਬਿਆਜ ਵਾਲਾ ਕਰਜ਼ਾ ਲਿਆ ਪਰ ਬਚੇ ਹੋਏ ਦੋ ਟਰੱਕ ਵੀ ਚਲੇ ਗਏ। ਘਰ ਵੀ ਵਿਕ ਗਿਆ … ਅਖੀਰ ਸਾਡਾ ਪਰਿਵਾਰ ਸੜਕ ਉੱਪਰ ਆ ਗਿਆ। ਬੈਂਕਾਂ ਤੇ ਸ਼ਾਹਾਂ ਤੋਂ ਤੰਗ ਆ ਕੇ ਮੈਂ ਫੈਸਲਾ ਕਰ ਲਿਆ ਕਿ ਹੁਣ ਜਿਊਣਾ ਮੁਸ਼ਕਿਲ ਹੋ ਗਿਆ ਹੈ, ਸਾਰਾ ਕੁਝ ਤਬਾਹ ਹੋ ਗਿਆ ਹੈ ... ਸੋ ਅੱਜ ਰਾਤ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਹੋਵੇਗਾ ਤਾਂ ਮੈਂ ਚੋਰੀ ਨਾਲ ਜਾ ਕੇ ਨੇੜਿਓਂ ਲੰਘਦੀ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦੇਵਾਂਗਾ

“ਪੋਹ ਦਾ ਮਹੀਨਾ ਸੀ … ਠੰਢੀ ਰਾਤ ਸੀ। ਮਾਨਸਿਕ ਤੌਰ ਉੱਪਰ ਪਰੇਸ਼ਾਨ ਤੇ ਆਤਮ ਹੱਤਿਆ ਕਰ ਲੈਣ ਦੇ ਫੈਸਲੇ ਉੱਪਰ ਦ੍ਰਿੜ੍ਹਤਾ ਨਾਲ ਅੜਿਆ ਮੈਂ ਨੇੜੇ ਪੈਂਦੇ ਰੇਲਵੇ ਸਟੇਸ਼ਨ ਉੱਪਰ ਬੈਠਾ ਰਾਤ ਨੂੰ ਬਾਰ੍ਹਾਂ ਵਜੇ ਆਉਣ ਵਾਲੀ ਗੱਡੀ ਦਾ ਇੰਤਜ਼ਾਰ ਕਰਨ ਲੱਗਾ। ਗੱਡੀ ਆ ਨਹੀਂ ਰਹੀ ਸੀ … ਰੇਲਵੇ ਸਟੇਸ਼ਨ ਵੀ ਵਿਰਾਨ ਜੰਗਲ ਵਾਂਗ ਜਾਪ ਰਿਹਾ ਸੀ। ਗੱਡੀ ਦੇ ਇੰਤਜ਼ਾਰ ਵਿੱਚ ਮੈਂ ਰੇਲਵੇ ਸਟੇਸ਼ਨ ਉੱਪਰ ਇੱਧਰ ਉੱਧਰ ਘੁੰਮਣ ਲੱਗਾ। ਅਚਾਨਕ ਕੂੜੇਦਾਨ ਵਿੱਚ ਪਏ ਇੱਕ ਰਸਾਲੇ ਉੱਪਰ ਮੇਰੀ ਨਜ਼ਰ ਪਈ। ਵਕਤ ਗੁਜਾਰਣ ਵਾਸਤੇ ਮੈਂ ਉਹ ਰਸਾਲਾ ਫਰੋਲਣ ਲੱਗ ਪਿਆ … ਉਸ ਵਿੱਚ ਛਪੀ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਪੂਸ ਕੀ ਰਾਤ’ ਪੜ੍ਹਨ ਲੱਗਾ। ਜਿਵੇਂ ਹੀ ਕਹਾਣੀ ਖ਼ਤਮ ਹੋਈ, ਉਵੇਂ ਹੀ ਮੇਰਾ ਆਤਮ ਹੱਤਿਆ ਕਰ ਲੈਣ ਵਾਲਾ ਇਰਾਦਾ ਵੀ ਬਦਲ ਗਿਆ। … ਕਹਾਣੀ ਦੇ ਗਰੀਬ ਕਿਸਾਨ ਪਾਤਰ ਹਲਕੂ ਵਾਂਗ ਮੈਂ ਵੀ ਸੋਚਿਆ ਕਿ ਜੇਕਰ ਉਹ ਆਪਣੀ ਸਾਰੀ ਫ਼ਸਲ ਤਬਾਹ ਹੋਣ ਦੇ ਬਾਵਜੂਦ ਜ਼ਿੰਦਗੀ ਨੂੰ ਹੱਸਦੇ ਹੱਸਦੇ ਮੁੜ ਮੁੱਢੋਂ ਸ਼ੁਰੂ ਕਰਨ ਦੀ ਗੱਲ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਮੈਂ ਘਰ ਪਰਤ ਆਇਆ। ਦੋਬਾਰਾ ਹਿੰਮਤ ਕੀਤੀ ਤੇ ਮੈਂ ਕਾਮਯਾਬ ਹੋ ਗਿਆ। ਅੱਜ ਮੇਰੇ ਕੋਲ ਪੰਜਾਹ ਟਰੱਕ ਹਨ, ਪੈਸਾ ਹੈ, ਜਾਇਦਾਦ ਹੈ … ਸਾਰਾ ਕੁਝ ਹੈ। ਸੋ ਮੇਰੇ ਜੀਵਨ ਨੂੰ ਬਚਾਉਣ ਤੇ ਸਫ਼ਲ ਬਣਾਉਣ ਵਿੱਚ ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ ਦਾ ਅਹਿਮ ਭੂਮਿਕਾ ਹੈ। … ਜੇਕਰ ਮੈਂ ਉਸ ਸਮੇਂ ਮੁਨਸ਼ੀ ਪ੍ਰੇਮ ਚੰਦ ਦੀ ਉਹ ਕਹਾਣੀ ਨਾ ਪੜ੍ਹਦਾ ਤਾਂ ਅੱਜ ਮੈਂ ਇਸ ਦੁਨੀਆ ਵਿੱਚ ਨਾ ਹੁੰਦਾ।”

ਇਹ ਬੋਲ ਬੋਲਦੇ ਬੋਲਦੇ ਸਰਦਾਰ ਜੀ ਦੇ ਪਰਲ ਪਰਲ ਹੰਝੂ ਵਗਣ ਲੱਗੇਪ੍ਰਧਾਨ ਵੀ ਪ੍ਰਭਾਵਿਤ ਤੇ ਭਾਵੁਕ ਹੋ ਗਿਆਉਸਨੇ ਮੁਨਸ਼ੀ ਪ੍ਰੇਮ ਚੰਦ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਤਾ ਚੱਲਿਆ ਕਿ ਮੁਨਸ਼ੀ ਜੀ ਉਸ ਮਹਿਫ਼ਿਲ ਵਿੱਚੋਂ ਜਾ ਚੁੱਕੇ ਸਨ, ਕਿਸੇ ਹੋਰ ਰਚਨਾ ਦੀ ਸਿਰਜਣਾ ਵਾਸਤੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3830)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)