“ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ...”
(3 ਦਸੰਬਰ 2021)
ਕੁਝ ਦਿਨ ਪਹਿਲਾਂ ਸਾਡੇ ਦੁਆਰਾ ਨਿਰਮਾਣਿਤ ਪੰਜਾਬੀ ਲਘੂ ਫਿਲਮ ‘ਬਸੇਰਾ’ ਸਾਡੇ ਯੂ ਟਿਊਬ ਚੈਨਲ ਪੀਬੀ ਸਿਨਮਾ ਉੱਪਰ ਪ੍ਰਦਰਸ਼ਿਤ ਕੀਤੀ ਗਈ। ਫਿਲਮ ਦੀ ਟੈਗ ਲਾਈਨ ਸੀ - ਜੇਕਰ ਤੁਸੀਂ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਤਾਂ ਸਾਡੀ ਇਹ ਫਿਲਮ ਨਾ ਦੇਖਣਾ। ਫਿਲਮ ਦੀ ਕਹਾਣੀ ਇੱਕ ਅਜਿਹੀ ਬਜ਼ੁਰਗ ਔਰਤ ਦੇ ਇਰਦ ਗਿਰਦ ਘੁੰਮਦੀ ਹੈ ਜਿਸ ਨੂੰ ਉਸਦੇ ਪਰਿਵਾਰ ਨੇ ਮਜਬੂਰੀ ਵੱਸ ਬਿਰਧ ਆਸ਼ਰਮ ਵਿੱਚ ਛੱਡਿਆ ਹੋਇਆ ਹੈ। ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੇ ਦਰਸ਼ਕਾਂ ਨੇ ਆਪਣੇ ਵਿਚਾਰ ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ। ਇੱਕ ਔਰਤ ਦਰਸ਼ਕ ਨੇ ਫਿਲਮ ਦੇਖ ਕੇ ਆਪਣੀ ਹੱਡ ਬੀਤੀ ਦੱਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ।
ਭਾਅ ਜੀ, ਇਹ ਬਹੁਤ ਵਧੀਆ ਫਿਲਮ ਹੈ। ਇਸਦੀ ਕਹਾਣੀ, ਕਹਾਣੀ ਨਹੀਂ ਸਗੋਂ ਜ਼ਿੰਦਗੀ ਦੀ ਸਚਾਈ ਲਗਦੀ ਹੈ। ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਉਹੀ ਕੁਝ ਇਸ ਫਿਲਮ ਰਾਹੀਂ ਵਿਖਾਇਆ ਗਿਆ ਹੈ। ਮੈਂਨੂੰ ਇਵੇਂ ਲੱਗਾ ਜਿਵੇਂ ਇਹ ਸਾਡੇ ਘਰ ਦੀ ਕਹਾਣੀ ਹੋਵੇ। ਪਰ ਸ਼ੁਕਰ ਹੈ ਵਾਹਿਗੁਰੂ ਦਾ ਕਿ ਸਾਡੇ ਮੰਮੀ ਸਾਡੇ ਨਾਲ ਹੀ ਰਹਿੰਦੇ ਹਨ, ਅਸੀਂ ਉਸ ਨੂੰ ਬਿਰਧ ਆਸ਼ਰਮ ਨਹੀਂ ਭੇਜਿਆ। ਤੁਹਾਡੀ ਫਿਲਮ ਨੇ ਮੇਰਾ ਹੌਸਲਾ ਤੇ ਮਨੋਬਲ ਵਧਾਇਆ ਹੈ। ਉਸ ਵਾਸਤੇ ਦੋਬਾਰਾ ਸ਼ੁਕਰੀਆ।
ਮੇਰੇ ਪਤੀ ਹੁਰੀਂ ਚਾਰ ਭਰਾ ਤੇ ਇੱਕ ਭੈਣ ਨੇ। ਉਹ ਸਭ ਤੋਂ ਛੋਟੇ ਨੇ। ਭੈਣ ਆਪਣੇ ਘਰ ਵਸਦੀ ਹੈ। ਜੇਠਾਂ ਵਿੱਚੋਂ ਦੋ ਬਦੇਸ਼ਾਂ ਵਿੱਚ ਕੰਮ ਕਰਦੇ ਨੇ। ਇੱਕ ਜੇਠ ਮੇਰਾ ਪਿੰਡ ਵਿੱਚ ਹੀ ਰਹਿੰਦਾ ਹੈ। ਅਸੀਂ ਹੁਣ ਪਿੰਡ ਦੇ ਨੇੜੇ ਪੈਂਦੇ ਕਸਬੇ ਵਿੱਚ ਆਪਣਾ ਘਰ ਬਣਾ ਕੇ ਰਹਿੰਦੇ ਹਾਂ। ਘਰ ਦੀ ਵੰਡ ਵੰਡਾਈ ਹੋ ਚੁੱਕੀ ਹੈ। ਹਰ ਕਿਸੇ ਦੇ ਹਿੱਸੇ ਡੇਢ ਡੇਢ ਕਿੱਲਾ ਜ਼ਮੀਨ ਆਈ ਹੋਈ ਹੈ। ਮੇਰੀ ਮੰਮੀ, ਮਤਲਬ ਮੇਰੀ ਸੱਸ ਜੀ ਦੱਸਦੇ ਹੁੰਦੇ ਨੇ ਕਿ ਮੇਰੇ ਸਹੁਰਾ ਸਾਹਿਬ ਦੀ ਮੌਤ ਤਦ ਹੀ ਹੋ ਗਈ ਸੀ ਜਦੋਂ ਮੇਰੇ ਪਤੀ ਅਜੇ ਮਸੀਂ ਦੋ ਕੁ ਸਾਲ ਦੇ ਸਨ। ਮੰਮੀ ਨੇ ਸਾਰੇ ਬੱਚਿਆਂ ਨੂੰ ਪਾਲਿਆ ਪੋਸਿਆ, ਵੱਡਾ ਕੀਤਾ। ਸਾਡੀ ਜ਼ਮੀਨ ਬਰਾਨੀ ਸੀ। ਫ਼ਸਲ ਕੋਈ ਖ਼ਾਸ ਹੁੰਦੀ ਨਹੀਂ ਸੀ। ਘਰ ਵਿੱਚ ਗਰੀਬੀ ਸੀ। ਮੰਮੀ ਨੇ ਖ਼ੁਦ ਹੀ ਖੇਤਾਂ ਵਿੱਚ ਕੰਮ ਕਰਨਾ। ਸਾਰਾ ਘਰ ਆਪ ਸੰਭਾਲਿਆ ਹੋਇਆ ਸੀ। ਭਾਅ ਜੀ, ਕਿੰਨਾ ਮੁਸ਼ਕਿਲ ਹੁੰਦਾ ਹੋਵੇਗਾ ਘਰ ਦੇ ਸਾਈਂ ਤੋਂ ਬਿਨਾਂ ਪੰਜ ਬੱਚਿਆਂ ਨੂੰ ਸੰਭਾਲਣਾ ਪਰ ਸਾਡੀ ਮੰਮੀ ਤਾਉਮਰ ਲੱਗੀ ਰਹੀ।
ਜਦੋਂ ਮੇਰੇ ਵਿਆਹ ਨੂੰ ਹੋਇਆਂ ਦੋ ਕੁ ਸਾਲ ਹੀ ਹੋਏ ਸਨ, ਮੇਰੇ ਸਭ ਤੋਂ ਵੱਡੇ ਜੇਠ ਦੁਬਈ ਚਲੇ ਗਏ। ਫਿਰ ਉਸਨੇ ਆਪਣੇ ਤੋਂ ਨਿੱਕੇ ਨੂੰ ਵੀ ਉੱਥੇ ਬੁਲਾ ਲਿਆ। ਉਸ ਚੱਕਰ ਵਿੱਚ ਘਰ ਉੱਤੇ ਬਹੁਤ ਸਾਰਾ ਕਰਜ਼ਾ ਚੜ੍ਹ ਗਿਆ।
ਸਾਰੇ ਰਲ ਮਿਲਕੇ ਕੰਮ ਕਰਦੇ ਰਹੇ। ਆਹਿਸਤਾ ਆਹਿਸਤਾ ਬਾਹਰ ਵਾਲੇ ਜੇਠਾਂ ਦੀ ਚੰਗੀ ਕਮਾਈ ਹੋਣ ਲੱਗ ਪਈ। ਕੁਝ ਸਮੇਂ ਵਿੱਚ ਹੀ ਕਰਜ਼ਾ ਉੱਤਰ ਗਿਆ। ਮੇਰੇ ਪਤੀ ਤੇ ਤੀਸਰੇ ਜੇਠ ਨੇ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਹ ਦੋਨੋਂ ਖੇਤੀਬਾੜੀ ਕਰਨ ਲੱਗ ਪਏ।
ਮੇਰੇ ਪਤੀ ਨੇ ਆਈ. ਟੀ. ਆਈ. ਕੀਤੀ ਹੋਈ ਸੀ। ਉਹ ਇੱਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰਨ ਲੱਗ ਪਏ। ਤਨਖਾਹ ਤਾਂ ਕੋਈ ਜ਼ਿਆਦਾ ਨਹੀਂ ਮਿਲਦੀ ਸੀ ਪਰ ਫਿਰ ਵੀ ਗੁਜ਼ਾਰਾ ਹੋ ਜਾਂਦਾ ਸੀ। ਆਪਣੇ ਵਿਆਹ ਤੋਂ ਕੁਝ ਸਮੇਂ ਬਾਅਦ ਮੈਂ ਵੀ ਇਹਨਾਂ ਦੀ ਮਦਦ ਕਰਨ ਲੱਗ ਪਈ। ਮੈਂ ਸਿਲਾਈ ਕਢਾਈ ਬਗੈਰਾ ਦਾ ਕੰਮ ਸ਼ੁਰੂ ਕਰ ਲਿਆ। ਛੋਟਾ ਜਿਹਾ ਬੂਟੀਕ ਵੀ ਖੋਲ੍ਹ ਲਿਆ। ਸਾਡਾ ਸਾਂਝਾ ਟੱਬਰ ਸੀ। ਬਹੁਤ ਸਲੂਕ, ਪਿਆਰ ਮੋਹ ਸੀ ਆਪਸ ਵਿੱਚ।
ਉੱਧਰ ਦੋਨੋਂ ਭਾਜੀ ਖਾਸੀ ਕਮਾਈ ਕਰਨ ਲੱਗ ਪਏ। ਮੇਰੀਆਂ ਜੇਠਾਣੀਆਂ ਨੇ ਗਾਹੇ-ਬਗਾਹੇ ਸਾਨੂੰ ਤਾਹਨੇ ਮਾਰਦੇ ਰਹਿਣਾ, “ਬਾਹਰ ਬਦੇਸ਼ਾਂ ਵਿੱਚ ਸਾਡੇ ਖ਼ਸਮ ਹੱਡ ਤੋੜ ਮਿਹਨਤਾਂ ਕਰਦੇ ਨੇ ਤੇ ਇਹਨਾਂ ਦੇ ਟੱਬਰ ਇੱਥੇ ਵਿਹਲੇ ਬਹਿ ਖਾਂਦੇ ਨੇ …।”
ਫਿਰ ਅਚਾਨਕ ਦੋਨੋਂ ਵੱਡੇ ਭਾਈ ਕਹਿਣ ਲੱਗੇ ਕਿ ਅਸੀਂ ਜ਼ਿਆਦਾ ਕਮਾਉਂਦੇ ਹਾਂ, ਅਸੀਂ ਅੱਡ ਹੋਣਾ ਹੈ। ਮਾਂ ਤੇ ਹੋਰ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਪਰ ਉਹਨਾਂ ਕਿਸੇ ਦੀ ਨਾ ਸੁਣੀ।
ਅਖੀਰ ਉਹ ਸਮਾਂ ਵੀ ਆ ਹੀ ਗਿਆ ਜਿਸ ਦਿਨ ਘਰ ਵੰਡਿਆ ਜਾਣਾ ਸੀ। ਸਾਰੇ ਘਰ ਦੇ ਡਰਾਇੰਗ ਰੂਮ ਵਿੱਚ ਬੈਠੇ ਸਨ। ਉਸ ਦਿਨ ਮੇਰੇ ਮਾਮਾ ਤੇ ਮਾਸੜ ਸਹੁਰਾ ਹੁਰੀਂ ਵੀ ਘਰ ਆਏ ਹੋਏ ਸਨ। ਬਹੁਤ ਜਲਦੀ ਹੀ ਜ਼ਮੀਨ ਤੇ ਹੋਰ ਜੋ ਕੁਝ ਵੀ ਵੰਡਣਯੋਗ ਸੀ ਵੰਡਿਆ ਗਿਆ। ਸਾਰਿਆਂ ਨੇ ਆਪੋ ਆਪਣਾ ਹਿੱਸਾ ਲੈ ਲਿਆ।
ਮਾਮਾ ਜੀ ਕਹਿੰਦੇ, “ਚਲੋ ਠੀਕ ਹੈ ਭਾਣਜਿਓ, ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ਆਪਣੇ ਕੋਲ ਰੱਖਣਾ ਹੈ?”
ਬਦੇਸ਼ਾਂ ਵਾਲੇ ਜੇਠਾਂ ਦੀਆਂ ਘਰ ਵਾਲੀਆਂ ਤਾਂ ਕੋਰਾ ਜਵਾਬ ਦੇ ਗਈਆਂ, “ਅਸੀਂ ਨਹੀਂ ਰੱਖਣਾ ਬੁੜ੍ਹੀ ਨੂੰ ਆਪਣੇ ਨਾਲ … ਇਹ ਰੋਕਾ ਟੋਕਾ ਬਹੁਤ ਕਰਦੀ ਹੈ … ਅਸੀਂ ਤਾਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਤੇ ਆਜ਼ਾਦੀ ਨਾਲ ਜਿਊਣੀ ਹੈ … ਅਸੀਂ ਤਾਂ ਬੁੜ੍ਹੀ ਨੂੰ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦੇ ...। ”
ਪਿੰਡ ਵਾਲੇ ਜੇਠ ਤੇ ਜੇਠਾਣੀ ਨੇ ਵੀ ਨਾਂਹ ਵਿੱਚ ਸਿਰ ਹਿਲਾ ਦਿੱਤਾ।
ਫਿਰ ਮਾਸੜ ਜੀ ਨੇ ਸਾਡੇ ਵੱਲ ਤੱਕਿਆ।
“ਮੇਰੀ ਤਾਂ ਮਾਂ ਹੈ … ਇਸਨੇ ਬੜੇ ਔਖੇ ਹੋ ਕੇ ਸਾਨੂੰ ਪਾਲਿਆ ਹੈ … ਮੈਂ ਭਾਵੇਂ ਗਰੀਬ ਹੀ ਹਾਂ ਪਰ ਮਾਂ ਮੇਰੇ ਕੋਲ ਰਹੇਗੀ।”
ਪਤੀ ਦੇ ਇਹਨਾਂ ਬੋਲਾਂ ਨਾਲ ਮੈਂ ਵੀ ਹਾਮੀ ਭਰ ਦਿੱਤੀ।
ਕੁਝ ਸਾਲਾਂ ਬਾਅਦ ਜਦੋਂ ਅਸੀਂ ਇੱਥੇ ਕਸਬੇ ਵਿੱਚ ਘਰ ਬਣਾ ਲਿਆ ਤਾਂ ਮਾਂ ਨੂੰ ਆਪਣੇ ਨਾਲ ਲੈ ਆਏ। ਘਰ ਵਿੱਚ ਬੜੇ ਨਿੱਕੇ ਮੋਟੇ ਕੰਮ ਹੁੰਦੇ ਨੇ। ਮੈਂ ਆਪਣਾ ਬੂਟੀਕ ਵੀ ਚਲਾਉਂਦੀ ਹਾਂ। ਮੰਮੀ ਨੂੰ ਖੁਸ਼ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ।
ਮੇਰੇ ਪਤੀ ਮੈਂਨੂੰ ਹਮੇਸ਼ਾ ਸਮਝਾਉਂਦੇ ਰਹਿੰਦੇ ਨੇ ਕਿ ਜੇਕਰ ਮਾਂ ਦੀ ਕੋਈ ਗੱਲ ਬੁਰੀ ਲੱਗ ਵੀ ਜਾਏ ਤਾਂ ਉਸ ਬਦਲੇ ਮੈਂਨੂੰ ਜੋ ਮਰਜ਼ੀ ਕਹਿ ਲਈਂ ਪਰ ਮਾਂ ਨੂੰ ਕੁਝ ਨਾ ਕਹੀਂ। ਤੈਨੂੰ ਪਤਾ ਹੈ ਕਿ ਮਾਂ ਨੇ ਸਾਨੂੰ ਬਹੁਤ ਔਖਿਆਈ ਨਾਲ ਪਾਲਿਆ ਹੈ … ਜਦੋਂ ਪਾਪਾ ਜੀ ਚਲੇ ਗਏ ਸਨ ਤਦ ਸਾਡੀ ਮਾਂ ਮੁਸ਼ਕਿਲ ਨਾਲ ਤੀਹ ਸਾਲਾਂ ਦੀ ਵੀ ਨਹੀਂ ਸੀ …।
“ਦੇਖੋ ਜੀ … ਜਦੋਂ ਇੱਕ ਘਰ ਵਿੱਚ ਰਹਿੰਦੇ ਹਾਂ ਤਾਂ ਘਰ ਵਿੱਚ ਕਈ ਕੁਝ ਵਾਪਰਦਾ ਰਹਿੰਦਾ ਹੈ। ਕਈ ਵਾਰ ਇੱਕ ਦੂਸਰੇ ਦੀ ਗੱਲ ਬੁਰੀ ਵੀ ਲੱਗ ਜਾਂਦੀ ਹੈ। ਇੱਕ ਦੂਸਰੇ ਨੂੰ ਗਰਮ ਨਰਮ ਵੀ ਬੋਲ ਦਿੰਦੇ ਹਾਂ ਪਰ ਛੇਤੀ ਹੀ ਗੁੱਸਾ ਗਿਲਾ ਦੂਰ ਵੀ ਹੋ ਜਾਂਦਾ ਹੈ। ਮੈਂ ਜਿੰਨੀਆਂ ਮਰਜ਼ੀ ਸ਼ਿਕਾਇਤਾਂ ਲਗਾਵਾਂ, ਤੁਸੀਂ ਮੇਰੀਆਂ ਸੁਣ ਸਾਰੀਆਂ ਲਿਉ … ਮੇਰੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲੂਗਾ ਕਿ ਮੇਰੀ ਵੀ ਕੋਈ ਸੁਣਦਾ ਹੈ ਪਰ ਮੰਮੀ ਨੂੰ ਕੁਝ ਨਾ ਕਿਹੋ ...।” ਕਈ ਵਾਰ ਡੁਸਕਦੀ ਡੁਸਕਦੀ ਹੋਈ ਮੈਂ ਵੀ ਕਹਿ ਦਿੰਦੀ ਹਾਂ। ਉਹ ਅੱਗੋਂ ਹੱਸ ਦਿੰਦੇ ਨੇ।
ਸਰ ਜੀ, ਮੈਂਨੂੰ ਫਿਲਮ ਦੇਖ ਕੇ ਬਹੁਤ ਵਧੀਆ ਲੱਗਾ ਕਿ ਅਸੀਂ ਆਪਣੀ ਮਾਂ ਨੂੰ ਆਪਣੇ ਕੋਲ ਰੱਖ ਲਿਆ। ਉਸ ਨੂੰ ਬਿਰਧ ਆਸ਼ਰਮ ਵਿੱਚ ਜਾਣ ਤੋਂ ਰੋਕ ਲਿਆ। ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਮੇਂ ਦਾ ਚੱਕਰ ਬਹੁਤ ਬਲਵਾਨ ਹੈ। ਅਖੀਰ ਅਸੀਂ ਵੀ ਬਜ਼ੁਰਗ ਹੋਣਾ ਹੈ। ਜੋ ਬੀਜਾਂਗੇ ਉਹੀ ਕੱਟਾਂਗੇ। ਸਰ ਜੀ, ਐਸੀਆਂ ਮੂਵੀਆਂ ਅਗਾਂਹ ਵੀ ਬਣਾਉਂਦੇ ਰਹਿਣਾ ...।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3180)
(ਸਰੋਕਾਰ ਨਾਲ ਸੰਪਰਕ ਲਈ: