KuldipSinghDr7ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਸਕੂਲ ਪੱਧਰ ’ਤੇ ਮਾਤ-ਭਾਸ਼ਾ ਤੇ ਸਿੱਖਿਆ ਪ੍ਰਬੰਧ ...
(25 ਫਰਵਰੀ 2023)
ਇਸ ਸਮੇਂ ਪਾਠਕ: 354.

 

ਯੂਨੈਸਕੋ ਵੱਲੋਂ ਮਾਤ-ਭਾਸ਼ਾ ਦੇ ਸਵਾਲ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਵਾਰ ਥੀਮ ਦਿੱਤਾ, “ਬਹੁ-ਭਾਸ਼ਾਈ ਸਿੱਖਿਆ - ਅਜੋਕੀ ਸਿੱਖਿਆ ਦੀਆਂ ਤਬਦੀਲੀਆਂ ਦੇ ਪ੍ਰਸੰਗ ਵਿਚ” ਇਸ ਵਿੱਚ ਖਦਸ਼ਾ ਪ੍ਰਗਟ ਕੀਤਾ ਕਿ ਦੁਨੀਆ ਭਰ ਵਿੱਚ 6 ਹਜ਼ਾਰ ਤੋਂ ਵੱਧ ਵੱਖ ਵੱਖ ਮਾਤ-ਭਾਸ਼ਾਵਾਂ, ਜਿਨ੍ਹਾਂ ਦੀ ਗਿਣਤੀ ਕੁੱਲ ਭਾਸ਼ਾਵਾਂ ਦਾ 43 ਪ੍ਰਤੀਸ਼ਤ ਬਣਦੀ ਹੈ, ਉਹ ਖਤਮ ਹੋਣ ਦੇ ਖਤਰੇ ਵੱਲ ਵਧ ਰਹੀਆਂ ਹਨ ਇਸਦੇ ਨਾਲ ਹੀ ਆਧੁਨਿਕ ਡਿਜਿਟਲ ਟੈਕਨਾਲੋਜੀ ਰਾਹੀਂ ਸਿਰਫ਼ 100 ਭਾਸ਼ਾਵਾਂ ਹੀ ਗਿਆਨ ਦਾ ਅਦਾਨ ਪ੍ਰਦਾਨ ਕਰਨ ਦੇ ਸਮਰੱਥ ਹਨਅਜਿਹੀ ਸਥਿਤੀ ਵਿੱਚ ਵੱਖੋ-ਵੱਖ ਖਿੱਤਿਆਂ ਦੀਆਂ ਮਾਤ-ਭਾਸ਼ਾਵਾਂ ਚੁਣੌਤੀ ਨਾਲ ਜੂਝ ਰਹੀਆਂ ਹਨ ਇਸਦਾ ਬੁਨਿਆਦੀ ਕਾਰਨ ਵੱਖ-ਵੱਖ ਦੇਸ਼ ਵਿੱਚ ਮਾਤ-ਭਾਸ਼ਾ ਦੀ ਥਾਂ ਦੂਸਰੀਆਂ ਹੋਰ ਭਾਸ਼ਾਵਾਂ ਵਿੱਚ ਸਕੂਲ ਪੱਧਰ ਤੋਂ ਲੈ ਕੇ ਉਚੇਰੀ ਸਿੱਖਿਆ ਤਕ ਦੀ ਪੜ੍ਹਾਈ ਦਿੱਤੀ ਜਾਂਦੀ ਹੈਇਸ ਨਾਲ ਸਦੀਆਂ ਤੋਂ ਵੱਖ-ਵੱਖ ਭਾਸ਼ਾਵਾਂ ਰਾਹੀਂ ਵਿਕਸਿਤ ਹੋਇਆ ਸੱਭਿਆਚਾਰ ਕਈ ਕਿਸਮ ਦੀਆਂ ਖੜੋਤਾਂ ਨਾਲ ਜੂਝ ਰਿਹਾ ਹੈ ਇਸਦਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਵੱਖ ਵੱਖ ਖਿੱਤਿਆਂ ਵਿੱਚ ਜੋ ਰੋਸ਼ਨ ਦਿਮਾਗ ਵਿਕਸਿਤ ਹੋਣ ਦੀ ਪ੍ਰਕਿਰਿਆ ਮਾਤ-ਭਾਸ਼ਾ ਰਾਹੀਂ ਹੋਣੀ ਸੀ, ਉਹ ਇੱਕ ਕਿਸਮ ਨਾਲ ਸੰਕਟਗ੍ਰਸਤ ਵੀ ਹੋ ਗਈ ਹੈਕੋਠਾਰੀ ਕਮਿਸ਼ਨ (1964-66) ਨੇ ਤਾਂ ਮਦ 1.51 ਵਿੱਚ ਦਰਜ ਕੀਤਾ ਹੈ ਕਿ ਵੱਖ ਵੱਖ ਮਾਤ-ਭਾਸ਼ਾਵਾਂ ਰਾਹੀਂ ਜਿੱਥੇ ਦੇਸ਼ ਦੀ ਵਿਭਿੰਨਤਾ ਵਿੱਚ ਵਿਕਾਸ ਹੁੰਦਾ ਹੈ, ਉੱਥੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਮਾਤ-ਭਾਸ਼ਾ ਰਾਹੀਂ ਕਰਵਾਈ ਜਾਣ ਵਾਲੀ ਪੜ੍ਹਾਈ ਰਾਹੀਂ ਵਿਗਿਆਨਕ ਸੋਝੀ ਅਤੇ ਦ੍ਰਿਸ਼ਟੀਕੋਣ ਜਨ ਸਮੂਹ ਵਿੱਚ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਉਤਪਨ ਹੁੰਦੀਆਂ ਹਨਇਸ ਕਰਕੇ ਹੀ ਉਨ੍ਹਾਂ ਇੱਥੋਂ ਤਕ ਕਿਹਾ ਕਿ ਦੇਸ਼ ਦੀ ਹੋਣੀ ਕਲਾਸ ਰੂਮਾਂ ਵਿੱਚ ਢਲਦੀ ਹੈ ਜਿਸ ਕਿਸਮ ਦੇ ਕਲਾਸ ਰੂਮ ਹੋਣਗੇ, ਉਸ ਕਿਸਮ ਦਾ ਦੇਸ਼ ਹੋਵੇਗਾ ਅਤੇ ਸਾਂਝੇ ਸਕੂਲਾਂ ਦੀ ਸਿਰਜਣਾ ਨਾਲ ਸਾਂਝਾ ਸਮਾਜ ਬਣੇਗਾਸਿੱਖਿਆ ਦੀ ਸਮੁੱਚੀ ਪ੍ਰਕਿਰਿਆ ਦਾ ਕੇਂਦਰਬਿੰਦੂ ਸਕੂਲ ਹੀ ਹੁੰਦੇ ਹਨ ਜਿੱਥੇ ਸਰੀਰਕ ਤੋਂ ਲੈ ਕੇ ਮਾਨਸਿਕ ਤੇ ਬੌਧਿਕ ਪੱਧਰ ’ਤੇ ਵੱਖ-ਵੱਖ ਜਾਤਾਂ, ਜਮਾਤਾਂ ਤੇ ਧਰਮਾਂ ਦੇ ਬੱਚੇ ਆਪਸ ਵਿੱਚ ਘੁਲਮਿਲ ਕੇ ਗਿਆਨ ਹੀ ਨਹੀਂ ਹਾਸਲ ਕਰਦੇ ਬਲਕਿ ਇੱਕ ਦੂਸਰੇ ਦੇ ਜੀਵਨ-ਜਾਚ ਦੇ ਤਜਰਬਿਆਂ ਨੂੰ ਅਚੇਤ ਤੇ ਸੁਚੇਤ ਰੂਪ ਵਿੱਚ ਸਾਂਝੇ ਕਰਦੇ ਹਨ, ਜਿਸ ਨਾਲ ਸਮਾਜਿਕ ਭਾਈਚਾਰੇ ਦੇ ਸਮਾਜੀਕਰਨ ਦੀ ਨੀਂਹ ਰੱਖੀ ਜਾਂਦੀ ਹੈ ਇਸਦੇ ਨਾਲ ਹੀ ਵੱਖ ਵੱਖ ਸੱਭਿਆਚਾਰਾਂ, ਮੁੱਲਾਂ ਅਤੇ ਜੀਵਨ ਦੀਆਂ ਵੱਖ-ਵੱਖ ਪਰਤਾਂ ਇੱਕ ਦੂਸਰੇ ਨਾਲ ਘੁਲਮਿਲ ਜਾਂਦੀਆਂ ਹਨ

ਸਾਡਾ ਤਾਂ ਦੇਸ਼ ਹੀ ਵਿਲੱਖਣ ਹੈ ਜਿੱਥੇ 700 ਤੋਂ ਵੱਧ ਭਾਸ਼ਾਵਾਂ ਹਨ ਅਤੇ ਕਈ ਕਿਸਮ ਦੇ ਸੱਭਿਆਚਾਰ ਤੇ ਸਿੱਖਿਅਕ ਢੰਗਾਂ ਤੋਂ ਲੈ ਕੇ ਜੀਵਨ ਜਿਊਣ ਦੇ ਤਰੀਕੇ ਵੀ ਹਨ ਇਸਦੇ ਨਾਲ ਹੀ ਸਮਾਜਿਕ ਚੌਗਿਰਦਾ, ਇੱਛਾਵਾਂ, ਵਿਅਕਤੀਤਵ ਤੇ ਸੂਝ ਸਮਝ ਦੇ ਟੀਚੇ ਆਪਸ ਵਿੱਚ ਇੱਕ ਦੂਸਰੇ ਦੇ ਵਿਕਾਸ ਅਤੇ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦੇ ਹਨਵੱਖ-ਵੱਖ ਵਿੱਦਿਅਕ ਚਿੰਤਕਾਂ ਦਾ ਵੀ ਵਿਚਾਰ ਹੈ ਕਿ ਜਾਤਾਂ, ਧਰਮਾਂ ਅਤੇ ਜਮਾਤਾਂ ਦੀਆਂ ਦੀਵਾਰਾਂ ਟੁੱਟਦੀਆਂ ਹਨ ਅਤੇ ਭਵਿੱਖ ਦੇ ਸਮਾਜ ਦੀਆਂ ਬੁਨਿਆਦਾਂ ਮਜ਼ਬੂਤੀ ਨਾਲ ਵਿਕਸਤ ਹੋਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈਇਸੇ ਤਰ੍ਹਾਂ ਅਨਭੋਲ ਮਨਾਂ ਵਿੱਚ ਸਮਾਜੀਕਰਨ ਦੀਆਂ ਕਦਰਾਂ ਕੀਮਤਾਂ ਤੇ ਉਨ੍ਹਾਂ ਦੇ ਟੀਚਿਆਂ ਉੱਪਰ ਹੀ ਬੱਚਿਆਂ ਦਾ ਵਿਅਕਤੀਤਵ ਉੱਸਰਦਾ ਹੈਸਕੂਲਾਂ ਵਿੱਚ ਹੀ ਵਿਅਕਤਤਵ ਦੀ ਉਸਾਰੀ ਪੜ੍ਹਾਈ ਦੀ ਪ੍ਰਕਿਰਿਆ, ਸਿਲੇਬਸਾਂ ਅਤੇ ਅਧਿਆਪਕਾਂ ਦੇ ਕਾਰਵਿਹਾਰ ਨਾਲ ਬੜੀ ਨੇੜੇ ਤੋਂ ਜੁੜੀ ਹੁੰਦੀ ਹੈਇਸ ਕਰਕੇ ਅਧਿਆਪਕਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਰੋਜ਼ਮੱਰਾ ਦੇ ਪੜ੍ਹਾਉਣ ਢੰਗਾਂ ਰਾਹੀਂ ਸੰਵੇਦਨਸ਼ੀਲ ਬੱਚਿਆਂ ਦੇ ਵਿਅਕਤੀਤਵ ਤੋਂ ਲੈ ਕੇ ਅਕਾਦਮਿਕ ਪੱਧਰ ਦੀ ਉਸਾਰੀ ਦਾ ਸਿਲਸਿਲਾ ਉਤਪਨ ਹੁੰਦਾ ਹੈ, ਜੋ ਜੀਵਨ ਭਰ ਚਲਦਾ ਹੈ1892 ਵਿੱਚ ਜੌਨ ਲੌਕ ਦਾ ਖਿਆਲ ਸੀ ਕਿ ਬੱਚਿਆਂ ਦੇ ਮਨ ਅਜਿਹੇ ਹੁੰਦੇ ਹਨ ਜਿਹੜੇ ਪਾਣੀ ਦੀਆਂ ਛੱਲ੍ਹਾਂ ਵਾਂਗ ਮਾਤ ਭਾਸ਼ਾ ਦੀ ਪ੍ਰਕਿਰਿਆ ਰਾਹੀਂ ਇੱਧਰ ਉੱਧਰ ਮੋੜੇ ਜਾ ਸਕਦੇ ਹਨ ਉਨ੍ਹਾਂ ਵਿੱਚ ਨਵੇਂ ਰਸਤਿਆਂ ’ਤੇ ਮੁੜਨ ਅਤੇ ਵਿਕਸਿਤ ਕਰਨ ਦੀਆਂ ਸਮਰੱਥਾਵਾਂ ਹੁੰਦੀਆਂ ਹਨਰੂਸੋ ਨੇ ਤਾਂ ਇੱਥੋਂ ਤਕ ਕਿਹਾ ਹੈ ਕਿ ਬੱਚਾ ਕੁਦਰਤ ਦੀ ਗੋਦ ਵਿੱਚੋਂ ਆਉਂਦਾ ਹੈ ਅਤੇ ਮਾਤ-ਭਾਸ਼ਾ ਉਸ ਨੂੰ ਵੱਖ-ਵੱਖ ਕਿਸਮ ਦੀਆਂ ਕਿਰਿਆਵਾਂ ਅਤੇ ਪ੍ਰਕਿਰਿਆਵਾਂ ਰਾਹੀਂ ਵਿਕਸਿਤ ਹੋਣ ਦਾ ਰਾਹ ਖੋਲ੍ਹਦੀ ਹੈਪ੍ਰੰਤੂ ਜੇ ਬੱਚੇ ਨੂੰ ਸਹੀ ਢੰਗ ਦੀ ਸਿੱਖਿਆ ਨਾ ਪ੍ਰਦਾਨ ਕੀਤੀ ਜਾਵੇ ਤਾਂ ਕਈ ਵਾਰੀ ਭੈੜੇ ਸਮਾਜ ਵਿੱਚ ਭਾਸ਼ਾ ਦੀਆਂ ਪੁਰਾਤਨ ਪ੍ਰਾਪਤੀਆਂ ਨੂੰ ਸਮਝੇ ਤੋਂ ਬਿਨਾਂ ਅਤੇ ਅਲੱਗ ਥਲੱਗ ਰਹਿਣ ਕਰਕੇ ਅਜਿਹੇ ਆਲੇ ਦੁਆਲੇ ਦੀ ਸਿਰਜਣਾ ਕਰ ਲੈਂਦਾ ਹੈ, ਜਿਸ ਨਾਲ ਭਵਿੱਖ ਵਿੱਚ ਸਮਾਜ ਨੂੰ ਬਰਬਾਦ ਵੀ ਕਰ ਸਕਦਾ ਹੈ ਤੇ ਤਬਦੀਲ ਵੀ ਕਰ ਸਕਦਾ ਹੈ ਪਰ ਇਹ ਸਭ ਕੁਝ ਸਕੂਲ ਅਤੇ ਉਸ ਵਿਚਲੀ ਮਾਤ-ਭਾਸ਼ਾ ਵਿੱਚ ਜਾਂ ਬੇਗਾਨੀ ਭਾਸ਼ਾ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ’ਤੇ ਨਿਰਭਰ ਕਰਦਾ ਹੈਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜਿਵੇਂ ਪੌਦੇ ਕੁਦਰਤ ਵਿੱਚ ਝੂਮਦੇ ਹਨ, ਬੱਚੇ ਸਕੂਲ ਵਿੱਚ ਆਪਣੀ ਮਾਤ-ਭਾਸ਼ਾ ਰਾਹੀਂ ਮੌਲਦੇ ਹਨਸਮਾਜ ਦਾ ਵਿਕਾਸ ਸਿੱਖਿਆ ਪ੍ਰਬੰਧ ਦੀਆਂ ਵੱਖ ਵੱਖ ਤੰਦਾਂ ਨਾਲ ਨੇੜੇ ਤੋਂ ਜੁੜਿਆ ਹੁੰਦਾ ਹੈ

ਪਰ ਜਿਵੇਂ ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਸਕੂਲ ਪੱਧਰ ’ਤੇ ਮਾਤ-ਭਾਸ਼ਾ ਤੇ ਸਿੱਖਿਆ ਪ੍ਰਬੰਧ ਵਿੱਚ ਸੰਕਟ ਸ਼ੁਰੂ ਹੋਇਆ ਹੈ, ਇਹ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈਮੌਕੇ ਦੀਆਂ ਸਰਕਾਰਾਂ ਅਤੇ ਆਰਥਿਕ ਸੰਭਾਵਨਾਵਾਂ ਭਰਪੂਰ ਵਰਗਾਂ ਨੇ ਵਿੱਦਿਅਕ ਪਾੜੇ ਨੂੰ ਵਧਾਉਣ ਵਿੱਚ ਉਚੇਚਾ ਯੋਗਦਾਨ ਪਾਇਆ ਹੈਇਸ ਨਾਲ ਇਹ ਤਰਾਸਦੀ ਬਣ ਗਈ ਹੈ ਕਿ ਦਹਾਕਿਆਂ ਤੋਂ ਉੱਸਰਿਆ ਸਕੂਲੀ ਪ੍ਰਬੰਧ ਕਈ ਤਜਰਬਿਆਂ ਰਾਹੀਂ ਬੁਰੀ ਤਰ੍ਹਾਂ ਉਲਝਣ ਤਾਣੀ ਵਿੱਚ ਫਸ ਗਿਆ ਹੈਸਮੇਂ ਸਮੇਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਨਵੇਂ ਤਜਰਬੇ ਕੀਤੇ, ਜਿਨ੍ਹਾਂ ਵਿੱਚ ਕਦੀ ਪਹਿਲੀ ਤੋਂ ਮਾਤ ਭਾਸ਼ਾ ਛੱਡ ਕੇ ਅੰਗਰੇਜ਼ੀ ਲਾਉਣਾ, ਕਦੀ ਆਦਰਸ਼ ਕਿਸਮ ਦੇ ਸਕੂਲ ਖੋਲ੍ਹਣੇ, ਹਰੇਕ ਜ਼ਿਲ੍ਹੇ ਵਿੱਚ ਨਵੇਂ ਉੱਚੇ ਅਹੁਦਿਆਂ ਵਾਲੇ ਪੇਂਡੂ ਬੱਚਿਆਂ ਨੂੰ ਅਫਸਰ ਬਣਾਉਣ ਵਾਸਤੇ ਮੈਰੀਟੋਰੀਅਸ ਸਕੂਲਾਂ ਦੀ ਸਿਰਜਣਾ ਕਰਨਾ, ਜੋ ਹੁਣ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨਮੌਜੂਦਾ ਸਰਕਾਰ ਨੇ ਹਰੇਕ ਹਲਕੇ ਵਿੱਚ ਇੱਕ ਇੱਕ ਸਕੂਲ ਆਫ ਐਕਸੀਲੈਂਸ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈਪਹਿਲਾਂ ਹੀ ਵੱਖ ਵੱਖ ਆਰਥਿਕ ਤੇ ਸਮਾਜਿਕ ਸਮਰੱਥਾ ਅਨੁਸਾਰ ਬੁਰੀ ਤਰ੍ਹਾਂ ਸਕੂਲੀ ਸਿੱਖਿਆ ਵਿੱਚ ਵੰਡੀਆਂ ਪਈਆਂ ਹੋਈਆਂ ਹਨ, ਜਿਹੜੀਆਂ ਵਿੱਦਿਅਕ ਗੈਰ-ਬਰਾਬਰੀ ਦੇ ਨਾਲ ਨਾਲ ਸਮਾਜਿਕ ਤੇ ਸੱਭਿਆਚਾਰਕ ਗੈਰ-ਬਰਾਬਰਤਾ ਦੀਆਂ ਨੀਹਾਂ ਨੂੰ ਮਜ਼ਬੂਤ ਕਰਦੀਆਂ ਹਨਾ ਇਹ ਕਿਸੇ ਵੀ ਚੰਗੇ ਸਮਾਜ ਦੀ ਸਿਰਜਣਾ ਲਈ ਸ਼ੁਭ-ਸ਼ਗਨ ਨਹੀਂ ਹੁੰਦਾ

ਸਮੁੱਚੇ ਪੰਜਾਬ ਦੀ ਸਕੂਲ ਪੱਧਰ ਦੀ ਤਸਵੀਰ ਦਾ ਅੰਦਾਜ਼ਾ ਲਾਉਣ ਲਈ ਇਕੱਲੇ ਪਟਿਆਲਾ ਜ਼ਿਲ੍ਹੇ ਦੇ ਤੱਥ ਤੇ ਹਕੀਕਤ ਸਾਂਝੀ ਕਰਦਿਆਂ ਇੰਝ ਜਾਪੇਗਾ ਕਿ ਅਸੀਂ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਗਿਆਨ ਦੇ ਇਸ ਕੇਂਦਰ ਵਿੱਚ ਕਿਸ ਤਰ੍ਹਾਂ ਵਰਗਾਂ ਅਤੇ ਗੈਰ-ਬਰਾਬਰੀਆਂ ਵਿੱਚ ਸਕੂਲ ਸਿੱਖਿਆ ਨੂੰ ਵੰਡ ਚੁੱਕੇ ਹਾਂਵਰ੍ਹਾ 2022 ਦੇ ਅੰਕੜਿਆਂ ਮੁਤਾਬਕ ਪਟਿਆਲੇ ਜ਼ਿਲ੍ਹੇ ਵਿੱਚ 100 ਸਰਕਾਰੀ ਹਾਈ ਸਕੂਲ, 167 ਮਿਡਲ, 940 ਪ੍ਰਾਇਮਰੀ ਅਤੇ 113 ਸੈਕੰਡਰੀ ਸਕੂਲ ਹਨ, ਜਿਨ੍ਹਾਂ ਵਿੱਚ ਪਹਿਲੀ ਤੋਂ 12ਵੀਂ ਤਕ 2 ਲੱਖ 506 ਬੱਚੇ ਪੜ੍ਹਦੇ ਹਨ, ਉਨ੍ਹਾਂ ਵਿੱਚ 155842 ਬੱਚੇ ਐੱਸ ਸੀ ਅਤੇ ਓਬੀਸੀ ਵਰਗ ਅਤੇ 44602 ਜਨਰਲ ਵਰਗ ਨਾਲ ਸਬੰਧਤ ਹਨ ਇਸਦੇ ਬਰਾਬਰ ਹੀ ਉੱਸਰਿਆ ਪ੍ਰਾਈਵੇਟ ਸਕੂਲਾਂ ਦਾ ਤਾਣਾ-ਬਾਣਾ, ਜਿਸ ਵਿੱਚ 45 ਪ੍ਰਾਇਮਰੀ, 112 ਮਿਡਲ, 169 ਹਾਈ ਅਤੇ 226 ਸੈਕੰਡਰੀ ਸਕੂਲ ਹਨਇਨ੍ਹਾਂ ਵਿੱਚ ਪੜ੍ਹਨ ਵਾਲੇ ਕੁੱਲ ਵਿਦਿਆਰਥੀ 201997 ਹਨ, ਜਿਨ੍ਹਾਂ ਵਿੱਚ 155842 ਜਨਰਲ ਵਰਗ ਦੇ ਅਤੇ 46155 ਐੱਸ ਸੀ ਅਤੇ ਓਬੀਸੀ ਵਰਗ ਵਿੱਚੋਂ ਹਨ ਇਸਦੇ ਨਾਲ ਹੀ ਵੱਖ-ਵੱਖ ਸਕੂਲ ਬੋਰਡ ਵੀ ਵੱਖਰੇ ਹਨ, ਜਿਸ ਤੋਂ ਸਪਸ਼ਟ ਤਸਵੀਰ ਉੱਭਰਦੀ ਹੈ ਕਿ ਮਾਤ ਭਾਸ਼ਾ ਦਾ ਸੰਕਟ, ਆਰਥਿਕ, ਜਾਤੀ ਅਤੇ ਜਮਾਤੀ ਤੌਰ ’ਤੇ ਵਿਦਿਆਰਥੀਆਂ ਅਤੇ ਸਕੂਲਾਂ ਦੀ ਵੰਡ ਪੱਕੀ ਹੋ ਚੁੱਕੀ ਹੈ, ਜਿਹੜੀ ਅਗਾਂਹ ਮਾਤ-ਭਾਸ਼ਾ ਅਤੇ ਅੰਗਰੇਜ਼ੀ ਦੇ ਅਨੁਸਾਰ ਵੱਖ-ਵੱਖ ਵਿਚਾਰਾਂ, ਸੋਚਾਂ ਅਤੇ ਵਿਚਾਰਾਂ ਵਾਲੇ ਵਿਤਕਰਿਆਂ ਨਾਲ ਭਰਪੂਰ ਸਮਾਜ ਦੀਆਂ ਨੀਹਾਂ ਬਣਾਉਂਦੀ ਹੈਇਸ ਪ੍ਰਕਿਰਿਆ ਨੂੰ ਹੋਰ ਤਾਕਤਵਰ ਕਰਨ ਲਈ ਮੌਜੂਦਾ ਸਰਕਾਰ ਸਕੂਲ ਆਫ ਐਕਸੀਲੈਂਸ ਤੋਂ ਲੈ ਕੇ ਸੁਪਰ ਸਮਾਰਟ ਸਕੂਲ ਖੋਲ੍ਹਣ ਦੀ ਪ੍ਰਕਿਰਿਆ ਵਿੱਚ ਪੈ ਚੁੱਕੀ ਹੈਇਹ ਪ੍ਰਕਿਰਿਆ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੂੰ ਕੁਝ ਰਾਜਨੀਤਕ ਫਾਇਦਾ ਤਾਂ ਪਹੁੰਚਾ ਸਕਦੀ ਹੈ ਪ੍ਰੰਤੂ ਸਕੂਲ ਪੱਧਰ ’ਤੇ ਉਤਪਨ ਹੋਏ ਭਾਸ਼ਾਈ ਤੇ ਸੱਭਿਆਚਾਰੀ ਸੰਕਟ ਨੂੰ ਹੱਲ ਕਰਨ ਦੀ ਥਾਂ ਉਸ ਨੂੰ ਹੋਰ ਡੂੰਘਾ ਹੀ ਕਰੇਗੀ ਅਤੇ ਵਿਤਕਰਿਆਂ ਭਰੇ ਸਮਾਜ ਦੀਆਂ ਨੀਹਾਂ ਨੂੰ ਹੋਰ ਮਜ਼ਬੂਤ ਕਰੇਗੀ

ਇਸ ਭਾਸ਼ਾਈ ਤੇ ਸਕੂਲੀ ਸੰਕਟ ਵਿੱਚੋਂ ਉੱਭਰਨ ਲਈ ਅਧਿਆਪਕ ਵਰਗ ਅਤੇ ਉਨ੍ਹਾਂ ਦੇ ਕਾਰਜਾਂ ਨਾਲ ਜੁੜੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੀ ਡਿਊਟੀ ਬਣਦੀ ਹੈ ਕਿ ਭਾਸ਼ਾ ਤੇ ਸਿੱਖਿਆ ਦੇ ਸੰਕਟ ਲਈ ਸੰਜੀਦਾ ਵਿਚਾਰ-ਚਰਚਾ ਦੇ ਨਾਲ ਨਾਲ ਸਕੂਲਾਂ ਵਿੱਚ ਇਸ ਕਿਸਮ ਦੀ ਲਹਿਰ ਛੇੜੀ ਜਾਵੇ ਤਾਂ ਕਿ ਸਕੂਲਾਂ ਦੀ ਸਮਾਜਿਕ ਸਾਰਥਿਕਤਾ ਦੇ ਨਾਲ ਨਾਲ ਸੱਭਿਆਚਾਰਕ ਪੰਜਾਬੀਅਤ ਵੀ ਬਹਾਲ ਹੋ ਸਕੇਸਿਰਫ਼ ਤੇ ਸਿਰਫ਼ ਤਨਖਾਹਾਂ ਅਤੇ ਭੱਤਿਆਂ ਤਕ ਦੀਆਂ ਸੀਮਤ ਲੜਾਈਆਂ ਪੰਜਾਬੀ ਭਾਸ਼ਾ, ਸਕੂਲ ਪੱਧਰ ਦੀਆਂ ਸੰਸਥਾਵਾਂ ਤੇ ਉਚੇਰੀ ਵਿੱਦਿਆ ਨਾਲ ਸਬੰਧਤ ਸੰਸਥਾਵਾਂ ਨੂੰ ਬਚਾ ਨਹੀਂ ਸਕਦੀਆਂਅਧਿਆਪਕਾਂ ਨੂੰ ਜ਼ਮੀਨੀ ਹਕੀਕਤ ਵਿੱਚ ਕਾਰਜ ਕਰਦੇ ਹੋਏ ਆਪਣੇ ਆਪ ਲਈ ਅਤੇ ਪੰਜਾਬੀ ਸਮਾਜ ਲਈ ਕਾਰਜਾਂ ਵਿੱਚ ਜੁਟਣਾ ਹੋਵੇਗਾਜਿਸ ਕਿਸਮ ਦੇ ਤਜਰਬਿਆਂ ਰਾਹੀਂ ਸਰਕਾਰਾਂ ਲਗਾਤਾਰ ਭਾਸ਼ਾ ਤੇ ਸਿੱਖਿਆ ਦੇ ਸੰਕਟ ਨੂੰ ਡੂੰਘਾ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਜਾਤੀ ਅਤੇ ਜਮਾਤੀ ਪਾੜਿਆਂ ਨੂੰ ਹੋਰ ਪੱਕਿਆਂ ਕਰਨ ਵਿੱਚ ਕਾਰਜਸ਼ੀਲ ਹਨ, ਉਸ ਸਮੇਂ ਸਮੁੱਚੇ ਸਮਾਜ ਦੇ ਚੇਤਨਸ਼ੀਲ ਵਰਗਾਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਿਆ ਦੇ ਬੁਨਿਆਦੀ ਪਹਿਲੂਆਂ ਅਨੁਸਾਰ ਇੱਕ ਇਸ ਕਿਸਮ ਦੀ ਲਹਿਰ ਵਿੱਚ ਕਾਰਜਸ਼ੀਲ ਹੋਣ, ਜਿਹੜੀ ਪੰਜਾਬ ਦੇ ਅਜੋਕੇ ਨਿਰਾਸ਼ਾਮਈ ਭਾਸ਼ਾਈ ਤੇ ਵਿੱਦਿਅਕ ਮਾਹੌਲ ਨੂੰ ਤੋੜਨ ਵਿੱਚ ਸਹਾਈ ਹੋ ਸਕੇਹਾਲਾਂਕਿ ਪੰਜਾਬ ਦੇ ਵੱਖ-ਵੱਖ ਲੇਖਣੀ ਦੇ ਖੇਤਰਾਂ ਤੋਂ ਲੈ ਕੇ ਸਮਾਜਿਕ ਲਹਿਰਾਂ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਅੱਜ ਵੀ ਉਹ ਕਰਨ ਦੇ ਸਮਰੱਥ ਹਨਅਧਿਆਪਕ ਵਰਗ ਨੂੰ ਇਹ ਇਤਿਹਾਸਕ ਜ਼ਿੰਮੇਵਾਰੀ ਆਪਣੇ ਉੱਪਰ ਲੈਂਦੇ ਹੋਏ ਵਿੱਦਿਅਕ ਸੰਸਥਾਵਾਂ ਦੀ ਹੋਣੀ ਉਸਾਰਨ ਵਾਸਤੇ ਬੌਧਿਕ ਸਮਰੱਥਾ ਲਗਾ ਦੇਣੀ ਚਾਹੀਦੀ ਹੈਇਹ ਹੀ ਮਾਤ ਭਾਸ਼ਾ ਦਿਵਸ ਦੇ ਮੌਕੇ ’ਤੇ ਖ਼ੁਦ ਨਾਲ ਆਤਮ-ਚਿੰਤਨ ਕਰਨ ਦੀ ਜ਼ਰੂਰਤ ਹੈ ਅਤੇ ਦੁਨੀਆ ਭਰ ਦੀਆਂ ਭਾਸ਼ਾਵਾਂ ਅੱਗੇ ਜੋ ਸੰਕਟ ਆਏ ਹਨ ਉਨ੍ਹਾਂ ਨੂੰ ਵੱਖੋ ਵੱਖਰੇ ਮੁਲਕ ਕਿਸ ਕਿਸਮ ਨਾਲ ਰੋਕਣ ਲਈ ਜੂਝ ਰਹੇ ਹਨ ਅਤੇ ਆਪਣੀਆਂ ਸਿੱਖਿਆ ਨੀਤੀਆਂ ਵਿੱਚ ਸਮੁੱਚੀ ਸਿੱਖਿਆ ਮਾਤ-ਭਾਸ਼ਾ ਵਿੱਚ ਪ੍ਰਦਾਨ ਕਰਨ ਲਈ ਕਦਮ ਉਠਾ ਰਹੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3816)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਕੁਲਦੀਪ ਸਿੰਘ

ਡਾ. ਕੁਲਦੀਪ ਸਿੰਘ

Phone: (91 98151 - 15429)
Email: (kuldip_1961@yahoo.com)