“ਐ ਬੱਚਿਓ ... ਐ ਨੌਜਵਾਨ ਮਿੱਤਰੋ ... ਆਪਣੇ ਅੰਦਰਲੇ ਨਾਇਕ ਨੂੰ ... ਜਗਾਉਣ ਦਾ ਵੇਲਾ ਹੈ ...”
(8 ਫਰਵਰੀ 2023)
ਇਸ ਸਮੇਂ ਪਾਠਕ: 111.
ਮੈਂ 1972 ਵਿੱਚ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕੀਤੀ। ਛੇਵੀਂ ਕਲਾਸ ਦੀ ਪੜ੍ਹਾਈ ਲਈ ਮੇਰੇ ਪਿਤਾ ਜੀ ਨੇ ਲਾਗਲੇ ਪਿੰਡ ਦੇ ਹਾਈ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ, ਜਿੱਥੇ ਉਹ ਅਧਿਆਪਕ ਸਨ ਤੇ ਤਾਇਆ ਜੀ ਮੁੱਖ ਅਧਿਆਪਕ ਸਨ। ਪ੍ਰੰਤੂ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਪਿੰਡ ਦਾ ਪ੍ਰਾਇਮਰੀ ਸਕੂਲ ਅੱਪਗ੍ਰੇਡ ਹੋ ਕੇ ਮਿਡਲ ਹੋ ਗਿਆ। ਮੇਰੇ ਪਿਤਾ ਜੀ ਨੇ ਮੈਨੂੰ ਹਾਈ ਸਕੂਲ ਵਿੱਚੋਂ ਹਟਾ ਕੇ ਪਿੰਡ ਦੇ ਅੱਪਗ੍ਰੇਡ ਹੋ ਕੇ ਬਣੇ ਮਿਡਲ ਸਕੂਲ ਵਿੱਚ ਇਸ ਕਰਕੇ ਦਾਖਲ ਕਰਵਾ ਦਿੱਤਾ ਕਿ ਮੇਰੇ ਦਾਖਲ ਹੋਣ ਨਾਲ ਬਾਕੀ ਪਿੰਡ ਦੇ ਹੋਰ ਪਰਿਵਾਰਾਂ ਦੇ ਬੱਚੇ ਵੀ ਦਾਖਲਾ ਲੈ ਲੈਣਗੇ। ਸੋ ਮੈਂ ਆਪਣੇ ਪਿੰਡ ਦੇ ਸਕੂਲ ਦਾ ਛੇਵੀਂ ਕਲਾਸ ਦਾ ਪਹਿਲਾ ਵਿਦਿਆਰਥੀ ਰੋਲ ਨੰਬਰ ਇੱਕ ਬਣ ਗਿਆ। ਸ਼ੁਰੂ ਵਿੱਚ ਸਾਨੂੰ ਪੜ੍ਹਾਉਣ ਲਈ ਸ੍ਰੀ ਮਲਕੀਤ ਸਿੰਘ ਸਾਇੰਸ ਮਾਸਟਰ ਹੋਰ ਸਕੂਲ ਵਿੱਚੋਂ ਬਦਲ ਕੇ ਆ ਗਏ ਤੇ ਦੋ ਮਹੀਨੇ ਬਾਅਦ ਗਜ਼ਲਗੋ ਕੇਸਰ ਸਿੰਘ ਨੀਰ ਆ ਗਏ। ਦੋਵੇਂ ਅਧਿਆਪਕ ਰਲਮਿਲ ਕੇ ਸਾਰੇ ਵਿਸ਼ੇ ਪੜ੍ਹਾਉਂਦੇ। ਅਪਰੈਲ 1973 ਤੇ ਅਪਰੈਲ 1974 ਵਿੱਚ ਮੈਂ ਸੱਤਵੀਂ ਤੇ ਅੱਠਵੀਂ ਕਲਾਸ ਦਾ ਪਹਿਲਾ ਵਿਦਿਆਰਥੀ ਹੀ ਕਲਾਸ ਰੋਲ ਨੰਬਰ ਇੱਕ ਮੁਤਾਬਕ ਰਿਹਾ।
ਹੌਲੀ ਹੌਲੀ ਅੱਗੇ ਵਧਦਿਆਂ ਵਿਗਿਆਨ ਦੀ ਉਚੇਰੀ ਵਿੱਦਿਆ ਤੋਂ ਲੈ ਕੇ ਐਜੂਕੇਸ਼ਨ ਦੀ ਪੀਐੱਚ. ਡੀ. ਕਰ ਗਿਆ ਤੇ ਇਸਦੇ ਨਾਲ ਸਕੂਲਾਂ ਵਿੱਚ ਅਧਿਆਪਕ, ਮੁੱਖ ਅਧਿਆਪਕ, ਐਜੂਕੇਸ਼ਨ ਕਾਲਜ ਤੇ ਯੂਨੀਵਰਸਿਟੀ ਵਿੱਚ ਅਧਿਆਪਨ ਕਾਰਜ ਤਕ ਪਹੁੰਚ ਗਿਆ। ਜਿਉਂ ਜਿਉਂ ਅਗਾਂਹ ਪੜ੍ਹਦਾ ਗਿਆ, ਅਕਸਰ ਹੋਰਾਂ ਪੜ੍ਹਿਆਂ ਲਿਖਿਆਂ ਵਾਂਗ ਪਿੰਡ ਤੋਂ ਟੁੱਟ ਕੇ ਸ਼ਹਿਰੀ ਜੀਵਨ ਜਾਂਚ ਨਾਲ ਜੁੜ ਗਿਆ।
ਪਰ ਵਰ੍ਹਾ 2000 ਵਿੱਚ ਅਜਿਹੀ ਘਟਨਾ ਵਾਪਰੀ ਕਿ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਕਨੇਡਾ ਪ੍ਰਵਾਸ ਕਰ ਗਏ ਸ੍ਰੀ ਰਣਜੀਤ ਸਿੰਘ ਦਾ ਸੁਨੇਹਾ ਆਇਆ ਕਿ ਪਿੰਡ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਦੇ ਹਾਂ ਜੋ ਪਹਿਲੀ ਤੋਂ ਲੈ ਕੇ ਦਸਵੀਂ ਤਕ ਵੱਖ ਵੱਖ ਕਲਾਸਾਂ ਵਿੱਚੋਂ ਪਹਿਲੇ, ਦੂਜੇ ਤੇ ਤੀਸਰੇ ਦਰਜੇ ਉੱਪਰ ਆਉਂਦੇ ਹਨ, ਤੁਸੀਂ ਜ਼ਰੂਰ ਆਉਣਾ ਤੇ ਬੱਚਿਆਂ ਨਾਲ ਵਿਚਾਰ ਵੀ ਸਾਂਝੇ ਕਰਨੇ। ਉਹ ਮੇਰਾ ਮੁੜ ਸਕੂਲ ਨਾਲ ਸਬੱਬ ਬਣਿਆ। ਬਾਅਦ ਵਿੱਚ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਕਨੇਡਾ ਵਿੱਚ ਕੁਝ ਕੁ ਰਹਿ ਰਹੇ ਪਰਿਵਾਰਾਂ ਨੇ ਸ੍ਰੀ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ‘ਸੋਹੀਆਂ ਓਵਰਸ਼ੀਜ਼ ਐਜੂਕੇਸ਼ਨ ਸੁਸਾਇਟੀ ਕਨੇਡਾ’ ਬਣਾਈ ਹੈ, ਜਿਸਦੀ ਮੈਨੂੰ ਬਤੌਰ ਡਾਇਰੈਕਟਰ ਦੀ ਸੇਵਾ ਸੌਂਪੀ ਹੈ। ਸੋ ਤੁਸੀਂ ਵੀ ਇਸ ਕਾਰਜ ਵਿੱਚ ਸਾਡੇ ਨਾਲ ਜੁੜੋ। ਮੈਂ ਕਿਹਾ ਕਿ ਇਹ ਤਾਂ ਮੇਰਾ ਸੁਭਾਗ ਹੋਵੇਗਾ। ਮੈਂ ਹੀ ਨਹੀਂ ਜੁੜਾਂਡਾ ਬਲਕਿ ਜੋ ਪਿੰਡ ਦੇ ਪੜ੍ਹੇ ਲਿਖੇ ਬਾਹਰ ਨੌਕਰੀਆਂ ਤੇ ਅਹੁਦਿਆਂ ਉੱਪਰ ਕਾਰਜ ਕਰ ਰਹੇ ਬੱਚੇ ਹਨ, ਉਹਨਾਂ ਨੂੰ ਵੀ ਜੋੜਾਂਗਾ। ਇਸ ਕਿਸਮ ਦੀ ਮੇਰੀ ਬਚਨਬੱਧਤਾ ਉਹਨਾਂ ਦੀ ਪ੍ਰਤੀਬੱਧਤਾ ਨਾਲ ਜੁੜ ਗਈ।
ਸੁਸਾਇਟੀ ਨੇ ਸਕੂਲ ਵਿੱਚ ਵਿਦਿਆਰਥੀਆਂ ਦੇ ਮਾਣ ਸਨਮਾਨ ਦੇ ਨਾਲ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਵਿਤੀ ਮਦਦ ਦੇਣੀ ਸ਼ੁਰੂ ਕੀਤੀ ਤੇ ਫਿਰ ਜਿਸ ਵੀ ਕਾਲਜ ਵਿੱਚ ਸਕੂਲ ਦਾ ਵਿਦਿਆਰਥੀ ਉਚੇਰੀ ਪੜ੍ਹਾਈ ਲਈ ਜਾਂਦਾ, ਉਸ ਦੀ ਪੜ੍ਹਾਈ ਦਾ ਜ਼ਿੰਮਾ ਸੁਸਾਇਟੀ ਨੇ ਚੁੱਕਿਆ, ਜਿਹੜਾ ਵੀ ਵਿਦਿਆਰਥੀ ਵਿਤੀ ਸਹਾਇਤਾ ਲਈ ਜਿਹੜੀ ਵੀ ਕਲਾਸ ਲਈ ਮੰਗ ਕਰਦਾ। ਵਰ੍ਹਾ 2008 ਵਿੱਚ ਸੁਸਾਇਟੀ ਨੂੰ ਜਾਪਿਆ ਕਿ ਕਿਓਂ ਨਾ ਹੁਣ ਸਾਇੰਸ ਦਾ ਗਰੁੱਪ ਗਿਆਰ੍ਹਵੀਂ ਤੇ ਬਾਰ੍ਹਵੀਂ ਦਾ ਸ਼ੁਰੂ ਕੀਤਾ ਜਾਵੇ। ਇਸ ਕਾਰਜ ਲਈ ਸੁਸਾਇਟੀ ਨੇ ਸਿੱਖਿਆ ਵਿਭਾਗ ਨਾਲ ਸੰਪਰਕ ਬਣਾਇਆ ਤੇ ਲਿਖ ਕੇ ਦਿੱਤਾ ਕਿ ਸਾਡੀ ਸੁਸਾਇਟੀ +1 ਤੇ +2 ਵਿੱਚ ਵਿਗਿਆਨ ਦੀ ਪੜ੍ਹਾਈ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਫੀਸ, ਕਿਤਾਬਾਂ, ਕਮਰੇ, ਲੈਬ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬੋਝ ਉਠਾਏਗੀ। ਉਸ ਨਾਲ ਮਨਜ਼ੂਰੀ ਮਿਲ ਗਈ ਤੇ ਮੇਰੇ ਪਿੰਡ ਦੇ ਸਕੂਲ ਵਿੱਚ ਸਾਇੰਸ ਦੀ ਪੜ੍ਹਾਈ ਸ਼ੁਰੂ ਹੋ ਗਈ। ਕਈ ਪਿੰਡਾਂ ਦੇ ਸਕੂਲਾਂ ਵਿੱਚ ਵਿਗਿਆਨ ਦੇ ਲੈਕਚਰਾਰ ਸਨ ਪਰ ਵਿਦਿਆਰਥੀ ਨਹੀਂ ਸਨ। ਸਾਡੇ ਸਕੂਲ ਦੇ ਗਰੁੱਪ ਨੂੰ ਦੇਖ ਕੇ ਸਿੱਖਿਆ ਵਿਭਾਗ ਨੇ ਲੈਕਚਰਾਰਾਂ ਦੀਆਂ ਪੋਸਟਾਂ ਤੇ ਲੈਕਚਰਾਰ ਵੀ ਭੇਜ ਦਿੱਤੇ।
ਸਾਡੀ ਸੁਸਾਇਟੀ ਨੇ ਫੈਸਲਾ ਕੀਤਾ ਕਿ ਕਮਰਸ ਦਾ ਗਰੁੱਪ ਵੀ ਸ਼ੁਰੂ ਕਰ ਲਿਆ ਜਾਵੇ। ਉਸ ਦੀ ਪ੍ਰਵਾਨਗੀ ਵੀ ਮਿਲ ਗਈ। ਮੇਰੇ ਪਿੰਡ ਦਾ ਸਕੂਲ ਸਾਰਿਆਂ ਵਿਸ਼ਿਆਂ ਨਾਲ ਸੈਕੰਡਰੀ ਸਕੂਲ ਬਣ ਗਿਆ। ਸਕੂਲ ਦੀ ਬਿਲਡਿੰਗ, ਸਕੂਲ ਵਿੱਚ ਕਾਰਜਸ਼ੀਲ ਅਧਿਆਪਕਾਂ, ਵਿਦਿਆਰਥੀਆਂ ਤੇ ਲੋਕਾਂ ਦੀ ਰੁਚੀ ਵਧ ਗਈ ਤੇ ਸੁਸਾਇਟੀ ਨੂੰ ਵੀ ਮਾਣ ਹੋਣ ਲੱਗਾ ਕਿ ਅਸੀਂ ਜੋ ਟੀਚਾ ਮਿਥਿਆ ਸੀ, ਪੂਰਾ ਹੋ ਗਿਆ। ਇਸਦੇ ਨਾਲ ਹੀ ਸੁਸਾਇਟੀ ਨੇ ਦੋ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਨੂੰ ਵੀ ਆਪਣੇ ਨਾਲ ਜੋੜ ਲਿਆ।
ਮੈਂ ਸੋਚਦਾ ਹਾਂ ਕਿ ਇੱਕ ਛੋਟਾ ਜਿਹਾ ਕਦਮ ਅਸੀਂ ਇਸ ਤਰ੍ਹਾਂ ਚੁੱਕ ਕੇ ਪਿੰਡ ਦਾ ਕਰਜ਼ ਉਤਾਰ ਸਕਦੇ ਹਾਂ ਤਾਂ ਕਿਉਂ ਨਹੀਂ ਹਰੇਕ ਪੜ੍ਹਿਆ ਲਿਖਿਆ ਸੂਝਵਾਨ ਆਪਣੇ ਪਿੰਡ ਦੇ ਸਕੂਲ, ਭਾਈਚਾਰੇ ਤੇ ਆਲੇ ਦੁਆਲੇ ਯੋਗਦਾਨ ਪਾ ਕੇ ਇਸ ਪੰਜਾਬ ਨੂੰ ਭਾਈਚਾਰਕ ਪੰਜਾਬ ਦੇ ਨਿਰਮਾਣ ਵੱਲ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾ ਸਕਦਾ। ਬੱਸ ਸਿਰਫ ਮੇਰੇ ਪਿੰਡ ਦੇ ਸ੍ਰੀ ਰਣਜੀਤ ਸਿੰਘ ਵਰਗੇ ਪ੍ਰਤੀਬੱਧ ਇਨਸਾਨਾਂ ਦੀ ਅਗਵਾਈ ਦੀ ਜ਼ਰੂਰਤ ਹੈ ਜੋ ਤੁਹਾਡੇ ਲਈ ਪ੍ਰਰੇਨਾ ਸਰੋਤ ਬਣ ਸਕਣ ਤੇ ਸਮਾਜ ਦੇ ਨਿਰਮਾਣ ਲਈ ਯੋਗਦਾਨ ਪਾਉਣ ਲਈ ਤੁਹਾਡਾ ਸਾਥ ਲੈ ਸਕਣ। ਤੁਹਾਡੀ ਲਿਆਕਤ, ਸੂਝ ਤੇ ਮਦਦ ਦੀ ਇਸ ਸੰਕਟ ਦੇ ਦੌਰ ਵਿੱਚ ਪੰਜਾਬ ਦੇ ਪਿੰਡਾਂ ਨੂੰ ਜ਼ਰੂਰਤ ਹੈ। ਆਓ ਆਪਣੇ ਅੰਦਰ ਛੁਪੀ ਸਮਾਜਿਕ ਸੇਵਾ ਭਾਵਨਾ ਲੈ ਕੇ ਪੇਂਡੂ ਸਮਾਜ ਨੂੰ ਬਦਲਣ ਲਈ ਆਪਣਾ ਯੋਗਦਾਨ ਪਾਈਏ।
ਮੇਰੇ ਪਿੰਡ ਦੇ ਸਕੂਲ ਦੇ ਸਾਬਕਾ ਵਿਦਿਆਰਥੀ ਸ਼ਾਇਰ ਪ੍ਰਭਜੋਤ ਸੋਹੀ ਨੇ ਆਪਣੇ ਜਜ਼ਬਾਤ ਸਕੂਲ ਦੇ ਇੱਕ ਪ੍ਰੋਗਰਾਮ ਦੌਰਾਨ ਇੰਝ ਸਾਂਝੇ ਕੀਤੇ:
ਮੇਰੇ ਪਿੰਡ ਦੇ ਬੱਚਿਓ
ਨੌਜਵਾਨ ਦੋਸਤੋ
ਅੱਜ ਤੁਹਾਡਾ ਪੰਜਾਬ ਇਕ
ਬੇਹੱਦ ਮੁਸ਼ਕਿਲ ਘੜੀ ਵਿੱਚੋਂ ਰਿਹਾ ਹੈ ਗੁਜ਼ਰ
ਤੇ ਕਰ ਰਿਹਾ ਹੈ ਭਾਲ
ਕਿਸੇ ਭਗਤ ਸਿੰਘ ਵਰਗੇ ਨਾਇਕ ਦੀ।
ਹਾਂ
ਭਗਤ ਸਿੰਘ ਜੋ
ਕਦੇ ਕੋਈ ਤੁਹਾਡੇ ਵਿੱਚੋਂ ਹੀ ਉਠੇਗਾ।
ਐ ਬੱਚਿਓ
ਐ ਨੌਜਵਾਨ ਮਿੱਤਰੋ
ਆਪਣੇ ਅੰਦਰਲੇ ਨਾਇਕ ਨੂੰ
ਜਗਾਉਣ ਦਾ ਵੇਲਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3785)
(ਸਰੋਕਾਰ ਨਾਲ ਸੰਪਰਕ ਲਈ: