KarnailPhilaur7ਬਾਕੀ ਚਾਹੇ ਸਾਰੇ ਕਮਰੇ ਢਾਹ ਲਿਓ ਪਰ ਮੇਰਾ ਇਹ ਕਮਰਾ ਨਾ ਢਾਹਿਓ। ... ਮੈਂ ਤਾਂ ਹੁਣ ...
(15 ਫਰਵਰੀ
2023)
ਇਸ ਸਮੇਂ ਪਾਠਕ; 247.

 

ਸੰਨ 2013 ਦੀ ਗੱਲ ਹੈ ਬੀਬੀ ਨੂੰ ਹਾਰਟ ਦੀ ਸਮੱਸਿਆ ਹੋ ਗਈਮੈਂ ਉਸ ਸਮੇਂ ਸਕੂਲ ਗਿਆ ਹੋਇਆ ਸੀ ਤੇ ਵੱਡਾ ਭਰਾ ਉਸ ਨੂੰ ਲੁਧਿਆਣੇ ਦੇ ਵੱਡੇ ਹਸਪਤਾਲ ਲੈ ਗਿਆ। ਮੈਂ ਉਸ ਨਾਲ ਫੋਨ ਦੇ ਜ਼ਰੀਏ ਉਸ ਨਾਲ ਜੁੜਿਆ ਰਿਹਾ। ਭਰਾ ਨੇ ਦੱਸਿਆ, “ਡਾਕਟਰ ਕਹਿੰਦੇ ਹਨ ਕਿ ਬੀਬੀ ਦੀ ਹਾਲਤ ਗੰਭੀਰ ਹੈ, ਹੁਣੇ ਹੀ ਬਾਈਪਾਸ ਸਰਜਰੀ ਕਰਨੀ ਪੈਣੀ ਹੈ।” ਮੈਂ ਜਾਣਦਾ ਸੀ ਕਿ ਬੀਬੀ ਦੀ ਹਾਲਤ ਪੂਰੀ ਠੀਕ ਨਹੀਂ ਹੈ ਤੇ ਉਹ ਕਮਜ਼ੋਰ ਵੀ ਬਹੁਤ ਹੈ, ਅਗਰ ਬਾਈਪਾਸ ਸਰਜਰੀ ਕਰਵਾ ਲਈ ਤਾਂ ਇਸ ਨੇ ਉੱਕਾ ਹੀ ਮੰਜੇ ’ਤੇ ਪੈ ਜਾਣਾ ਹੈ। ਮੈਂ ਕੁਝ ਸਮਾਂ ਸੋਚ ਵਿਚਾਰ ਕਰਨ ਤੋਂ ਬਾਅਦ ਭਰਾ ਨੂੰ ਕਿਹਾ, “ਬੀਬੀ ਨੂੰ ਮੁਢਲੀ ਸਹਾਇਤਾ ਦੇਣ ਤੇ ਟੈਸਟ ਕਰਾਉਣ ਤੋਂ ਬਾਅਦ ਘਰ ਵਾਪਸ ਲੈ ਆ।”

ਵੱਡਾ ਭਰਾ ਸ਼ਾਮ ਨੂੰ ਮਾਤਾ ਨੂੰ ਘਰ ਲੈ ਆਇਆ। ਅਸੀਂ ਸਾਰੇ ਪਰਿਵਾਰ ਨੇ ਬੀਬੀ ਦੀ ਕਮਜ਼ੋਰ ਹਾਲਤ ਦੇਖ ਕੇ ਫੈਸਲਾ ਕੀਤਾ ਕੀ ਸਰਜਰੀ ਨਹੀਂ ਕਰਾਉਣੀ ਤੇ ਤੇ ਰਿਪੋਰਟਾਂ ਹੋਰ ਡਾਕਟਰ ਨੂੰ ਦਿਖਾਈਆਂ ਜਾਣ। ਅਸੀਂ ਬੀਬੀ ਨੂੰ ਮੁਕੰਦਪੁਰ ਦੇ ਹਾਰਟ ਸਪੈਸ਼ਲਿਸਟ ਡਾਕਟਰ, ਜੋ ਸਾਡਾ ਘਰੇਲੂ ਡਾਕਟਰ ਵੀ ਹੈ, ਕੋਲ ਲੈ ਗਏ। ਉਸ ਨੇ ਰਿਪੋਰਟਾਂ ਦੇਖ ਕੇ ਬਿਨਾਂ ਸਰਜਰੀ ਤੋਂ ਹੀ ਦਵਾਈਆਂ ਨਾਲ ਬੀਬੀ ਨੂੰ ਬਚਾ ਲਿਆ। ਬੀਬੀ ਅੱਜ ਵੀ ਨੌ ਬਰ ਨੌ ਸਾਡੇ ਵਿਚਕਾਰ ਹੈ।

ਜਦੋਂ ਬੀਬੀ ਬਿਮਾਰ ਸੀ, ਮੈਂ ਇੱਕ ਦਿਨ ਬੀਬੀ ਨੂੰ ਪੁੱਛਿਆ, “ਬੀਬੀ, ਅਸਲ ਗੱਲ ਦੱਸ ਕੀ ਆ?

ਬੀਬੀ ਕਹਿੰਦੀ, “ਤੈਨੂੰ ਘਰ ਵਿੱਚ ਕਿਸੇ ਨੇ ਕੁਝ ਕਿਹਾ, ਜੋ ਤੂੰ ਨਿਆਣਿਆਂ ਨੂੰ ਲੈ ਕੇ ਬਾਹਰਲੀ ਕੋਠੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ? ਜਾਂ ਤੁਹਾਡੇ ਭਰਾਵਾਂ ਵਿੱਚ ਕੁਝ ਅਣਬਣ ਹੈ ਕੋਈ? ਦੱਸ।”

ਮੈਂ ਕਿਹਾ, “ਨਾ ਮੈਨੂੰ ਕਿਸੇ ਨੇ ਕੁਝ ਕਿਹਾ ਤੇ ਨਾ ਹੀ ਮੇਰੀ ਭਰਾ ਨਾਲ ਕੋਈ ਅਣਬਣ ਹੈ। ਸਗੋਂ ਸਾਡੀ ਤਾਂ ਆਪਸੀ ਸਾਂਝ ਹੀ ਬਹੁਤ ਹੈ

ਬੀਬੀ ਕਹਿੰਦੀ, “ਦੱਸ ਫਿਰ, ਤੂੰ ਵੱਖ ਰਹਿਣ ਦਾ ਫ਼ੈਸਲਾ ਕਿਉਂਕਰ ਲਿਆ?

ਮੈਂ ਹੁਣ ਉਸ ਦੀ ਅਸਲ ਬਿਮਾਰੀ ਦਾ ਕਾਰਣ ਲੱਭ ਲਿਆ ਸੀ। ਮੈਂ ਵੱਖ ਰਹਿਣ ਦੇ ਫੈਸਲੇ ਬਾਰੇ ਬੀਬੀ ਨੂੰ ਕੋਈ ਉੱਤਰ ਨਾ ਦੇ ਸਕਿਆ

ਬੀਬੀ ਨੇ ਕਿਹਾ, “ਜਿੰਨਾ ਚਿਰ ਅਸੀਂ ਤੁਹਾਡੇ ਮਾਪੇ ਹਾਲੇ ਜਿਉਂਦੇ ਹਾਂ, ਤੁਸੀਂ ਦੋਵਾਂ ਭਰਾਵਾਂ ਨੇ ਇਕੱਠੇ ਹੀ ਰਹਿਣਾ ਹੈ, ਸਾਡੇ ਤੋਂ ਬਾਅਦ ਚਾਹੇ … …. ਇੱਥੇ ਹੀ ਦੋ ਕਮਰੇ ਹੋਰ ਪਾ ਲਓ ਤੇ ਦੋਵੇਂ ਭਰਾ ਸਾਡੀਆਂ ਅੱਖਾਂ ਸਾਮ੍ਹਣੇ ਰਹੋ।”

ਮੈਂ ਦੂਸਰੇ ਦਿਨ ਹੀ ਨਿਆਣੇ ਕੱਛ ਵਿੱਚ ਤੇ ਧਰਮ ਪਤਨੀ ਨੂੰ ਨਾਲ ਲੈ ਕੇ ਨਵੀਂ ਕੋਠੀ ਨੂੰ ਜਿੰਦਰਾ ਮਾਰ, ਬੀਬੀ ਵਾਲੇ ਘਰ ਆਪਣੇ ਪੁਰਾਣੇ ਕਮਰੇ ਵਿੱਚ ਆ ਵੜਿਆ ਤੇ ਇੱਥੇ ਹੀ ਨਵੇਂ ਕਮਰੇ ਪਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ

ਜਦੋਂ ਮਕਾਨ ਬਣ ਰਿਹਾ ਸੀ ਤਾਂ ਬੀਬੀ ਨੇ ਆਪਣੇ ਮਨ ਦੀ ਇੱਛਾ ਜ਼ਾਹਰ ਕੀਤੀ ਤੇ ਕਿਹਾ, “ਮੈਂ ਤਾਂ ਆਪਣੇ ਪੁਰਾਣੇ ਵਾਲੇ ਕਮਰੇ ਵਿੱਚ ਹੀ ਰਹਿਣਾ ਹੈ, ਮੈਨੂੰ ਹੋਰ ਕਿਤੇ ਨੀਂਦ ਵੀ ਨਹੀਂ ਆਉਣੀ। ਬਾਕੀ ਚਾਹੇ ਸਾਰੇ ਕਮਰੇ ਢਾਹ ਲਿਓ ਪਰ ਮੇਰਾ ਇਹ ਕਮਰਾ ਨਾ ਢਾਹਿਓ। ... ਮੈਂ ਤਾਂ ਹੁਣ ਨਦੀ ਕੰਢੇ ਰੁੱਖੜਾ ਹਾਂ। ਮੇਰੀ ਅਰਥੀ ਵੀ ਇਸ ਕਮਰੇ ਵਿੱਚੋਂ ਕੱਢਿਓ … …।” ਤੇ ਉਹ ਇੰਨਾ ਕਹਿੰਦੀ ਕਹਿੰਦੀ ਭਾਵੁਕ ਹੋ ਗਈ!

ਅਸੀਂ ਵੀ ਬੀਬੀ ਦੀ ਇਹ ਗੱਲ ਉਸ ਸਮੇਂ ਅਧੂਰੇ ਜਿਹੇ ਮਨ ਨਾਲ ਮੰਨ ਲਈ ਸੀ।

ਕਈ ਮਹੀਨੇ ਲੱਗੇ, ਮਕਾਨ ਬਣ ਕੇ ਤਿਆਰ ਹੋ ਗਿਆ ਤੇ ਸਾਰੇ ਆਪਣੇ ਆਪਣੇ ਨਵੇਂ ਕਮਰਿਆਂ ਵਿੱਚ ਖੁਸ਼ੀ ਖੁਸ਼ੀ ਜਾ ਵੜੇ ਬੀਬੀ ਦਾ ਪੁਰਾਣਾ ਤੇ ਨੀਵਾਂ ਕਮਰਾ ਕੋਠੀ ਦੇ ਸਾਮ੍ਹਣੇ ਜਿਉਂ ਦਾ ਤਿਉਂ ਹੀ ਖੜ੍ਹਾ ਸੀ ਤੇ ਨਵੀਂ ਕੋਠੀ ਦੇ ਸਾਮ੍ਹਣੇ ਨਜ਼ਰ ਬੱਟੂ ਵਾਂਗ ਸਾਨੂੰ ਤੇ ਹਰ ਇੱਕ ਨੂੰ ਘੂਰਦਾ ਸੀ। ਸਾਰੇ ਲੋਕ ਵੀ ਸਲਾਹ ਦਿੰਦੇ ਸਨ ਕਿ ਐਨੀ ਸੋਹਣੀ ਕੋਠੀ ਸਾਹਮਣੇ ਪੁਰਾਣਾ ਕਮਰਾ ਹੁਣ ਚੰਗਾ ਨਹੀਂ ਲਗਦਾ ਤੇ ਅਸੀਂ ਵੀ ਉਸ ਨੂੰ ਢਾਹੁਣ ਦਾ ਲਗਭਗ ਫੈਸਲਾ ਕਰ ਹੀ ਲਿਆ ਸੀ ਕਿਉਂਕਿ ਉੱਥੇ ਭਰਤੀ ਪਾ ਕੇ ਗੇਟ ਸੜਕ ਵੱਲ ਬਣਾਉਣਾ ਸੀ ਤੇ ਉਸ ਨੂੰ ਢਾਹੁਣਾ ਸਾਡੀ ਮਜਬੂਰੀ ਵੀ ਸੀ ਪਰ ਬੀਬੀ ਦੇ ਕਮਰੇ ਨੂੰ ਹੁਣ ਢਾਹਵੇ ਕੌਣ?

ਬੀਬੀ ਸਾਡੀ ਥੋੜ੍ਹਾ ਧਾਰਮਿਕ ਖਿਆਲਾਂ ਦੀ ਹੈ ਤੇ ਬਾਕੀ ਸਾਰਾ ਟੱਬਰ ਅਰਧ ਨਾਸਤਿਕ ਜਿਹਾ। ਇੱਕ ਦਿਨ ਬੀਬੀ ਕਿਸੇ ਧਾਰਮਿਕ ਸਥਾਨ ’ਤੇ ਤਿੰਨ ਕੁ ਦਿਨ ਦੀ ਸੇਵਾ ਲਈ ਚਲੇ ਗਈ ਤੇ ਸਾਨੂੰ ਮੌਕਾ ਮਿਲ ਗਿਆ। ਬੱਸ ਫਿਰ ਕੀ ਸੀ, ਅਸੀਂ ਸਲਾਹ ਕਰ ਕੇ ਬੀਬੀ ਦੀਆਂ ਯਾਦਾਂ ਦੀ ਵਿਰਾਸਤ ਵਾਲ਼ਾ ਆਲ੍ਹਣਾ ਪਲਾਂ ਵਿੱਚ ਹੀ ਢਹਿ ਢੇਰੀ ਕਰ ਕੇ, ਮਲਬਾ ਸਾਰਾ ਚੁੱਕ ਕੇ ਮੋਟਰ ’ਤੇ ਪਹੁੰਚਾ ਦਿੱਤਾ ਤੇ ਉਸ ਥਾਂ ਭਰਤੀ ਪਾ ਕੇ ਸਥਾਨ ਪੱਧਰ ਕਰ ਦਿੱਤਾ। ਇਵੇਂ ਲੱਗੇ ਜਿਵੇਂ ਇੱਥੇ ਕਦੇ ਕੋਈ ਇਮਾਰਤ ਹੋਵੇ ਹੀ ਨਾ

ਚੌਥੇ ਦਿਨ ਬੀਬੀ ਆਪਣਾ ਝੋਲ਼ਾ ਲਈ ਘਰ ਮੂਹਰੇ ਖੜ੍ਹੀ ਸੀ। ਮੈਂ ਉਸ ਦੀ ਵੇਦਨਾ ਨੂੰ ਪੜ੍ਹ ਸਕਦਾ ਸੀ। ਉਹ ਕਾਫ਼ੀ ਸਮਾਂ ਬਾਹਰ ਆਪਣੇ ਯਾਦਾਂ ਦੇ ਉੱਜੜ ਚੁੱਕੇ ਆਸ਼ਿਆਨੇ ਦੇ ਨਕਸ਼ ਜਿਹੇ ਤਲਾਸ਼ਦੀ ਰਹੀ। ਮੈਂ ਉਸਦੀਆਂ ਨਮ ਅੱਖਾਂ ਤੇ ਉਦਾਸ ਚਿਹਰੇ ਤੋਂ ਉਸ ਦੇ ਦੁੱਖ ਦਾ ਅੰਦਾਜ਼ਾ ਲਗਾਉਣ ਦਾ ਯਤਨ ਕਰਦਾ ਕਰਦਾ ਬੀਬੀ ਨੂੰ ਫੜ ਕੇ ਨਵੀਂ ਕੋਠੀ ਅੰਦਰ ਲੈ ਆਇਆ। ਅੰਦਰ ਬਿਠਾ ਕੇ ਪਾਣੀ ਦਿੱਤਾ ਪਰ ਉਸਨੇ ਪਾਣੀ ਵੱਲ ਮੂੰਹ ਵੀ ਨਾ ਕੀਤਾ

ਮੈਂ ਬੀਬੀ ਦੀਆਂ ਉਸ ਕਮਰੇ ਨਾਲ ਭਾਵੁਕ ਸਾਂਝਾ ਨੂੰ ਨਾਪਣ ਤੇ ਮਾਪਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਦੁਨੀਆਂ ’ਤੇ ਅਜੇ ਤਕ ਕੋਈ ਯੰਤਰ ਤਿਆਰ ਨਹੀਂ ਹੋਇਆ ਜੋ ਹੰਝੂਆਂ ਦੀ ਭਾਸ਼ਾ ਦੀ ਤਰਜਮਾਨੀ ਕਰ ਸਕੇ ਤੇ ਭਾਵੁਕ ਸਾਂਝਾ ਦੀ ਖਿੱਚ ਨੂੰ ਬਿਆਨ ਕਰ ਸਕਦਾ ਹੋਵੇ

ਖੈਰ! … … ਕੁਝ ਦਿਨ ਤਾਂ ਮੈਂ ਡਰ ਦਾ ਮਾਰਾ ਬੀਬੀ ਦੇ ਕਮਰੇ ਵੱਲ ਵੀ ਨਹੀਂ ਗਿਆ ਪਰ ਜਲਦੀ ਹੀ ਸਥਿਤੀ ਸਾਧਾਰਨਤਾ ’ਤੇ ਆ ਗਈ

ਮੈਂ ਇੱਕ ਦਿਨ ਫਰਵਰੀ ਦੇ ਮਹੀਨੇ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਸਲਾਨਾ ਪੇਪਰਾਂ ਦੀ ਤਿਆਰੀ ਕਰਵਾ ਰਿਹਾ ਸੀ। ਦਸਵੀਂ ਜਮਾਤ ਵਿੱਚ ਪੰਜਾਬੀ ਦਾ ਲੇਖ “ਘਰ ਦਾ ਪਿਆਰ” ਜੋ ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ਾਹਕਾਰ ਰਚਨਾ ਹੈ ਪੜ੍ਹਾ ਰਿਹਾ ਸੀ, ਜਿਸ ਵਿੱਚ ਉਹ ਦੱਸਦਾ ਹੈ, “ਘਰ ਇੱਟਾਂ ਜਾ ਪੱਥਰਾਂ ਦੇ ਬਣੇ ਹੋਏ ਮਕਾਨ ਨੂੰ ਨਹੀਂ ਕਹਿੰਦੇ, ਘਰ ਤਾਂ ਉਹ ਥਾਂ ਹੈ ਜਿੱਥੇ ਮਾਂ ਬਾਪ, ਤੇ ਭੈਣ ਭਰਾਵਾਂ, ਭਾਵ ਸਾਰੇ ਪਰਿਵਾਰ ਦੀਆਂ ਸੱਧਰਾਂ ਪਲ਼ਦੀਆਂ ਤੇ ਵਸਦੀਆਂ ਹਨ, ਜਿੱਥੇ ਸਾਰੇ ਮਿਲਕੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ, ਜਿੱਥੇ ਸਾਰੀ ਉਮਰ ਦੀ ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ, ਉਹ ਘਰ ਚਾਹੇ ਕੱਖਾਂ ਕਾਨਿਆਂ ਦੀ ਕੁੱਲੀ ਹੀ ਕਿਉਂ ਨਾ ਹੋਵੇ।”

ਮੈਂ ਬੱਚਿਆਂ ਨੂੰ ਘਰ ਦੇ ਪਿਆਰ ਦੀਆਂ ਭਾਵੁਕ ਸਾਂਝਾ ਦੀ ਮਹੱਤਤਾ ਬਾਰੇ ਤੇ ਪਾਠ ਦਾ ਵਿਸਥਾਰ ਕਰਾਉਂਦੇ ਕਰਾਉਂਦੇ ਭਾਵੁਕ ਹੋ ਗਿਆ। ਜਲਦੀ ਹੀ ਪੀਰੀਅਡ ਵੱਜਿਆ ਤੇ ਨੌਂਵੀਂ ਜਮਾਤ ਵਿੱਚ ਪੰਜਾਬੀ ਦਾ ਪੀਰੀਅਡ ਲਗਾਉਣ ਲਈ ਜਾ ਵੜਿਆ। ਬੱਚੇ ਪਹਿਲਾਂ ਹੀ ਪੰਜਾਬੀ ਦੀ ਵਾਰਤਕ ਵਿੱਚੋਂ ਲੇਖਕ ਬਲਰਾਜ ਸਾਹਨੀ ਦਾ ਸਫਰਨਾਮਾ “ਮੁੜ ਵੇਖਿਆ ਪਿੰਡ” ਪਾਠ ਕੱਢੀ ਬੈਠੇ ਸਨ

ਸਫਰਨਾਮਾ “ਮੁੜ ਵੇਖਿਆ ਪਿੰਡ” ਵਿੱਚ ਬਲਰਾਜ ਸਾਹਨੀ ਨੇ ਆਪਣੇ ਪਾਕਿਸਤਾਨ ਵਿੱਚ ਰਹਿ ਗਏ ਪਿੰਡ ਭੇਰੇ ਦੀ ਕਹਾਣੀ ਸਾਂਝੀ ਕੀਤੀ ਹੈ ਕਿ ਕਿਵੇਂ ਉਹ ਚਾਲੀ ਸਾਲਾਂ ਬਾਅਦ ਆਪਣੇ ਪਿੰਡ ਭੇਰੇ ਨੂੰ ਜਾਣ ਲਈ ਆਪਣੇ ਸਾਥੀਆਂ ਨਾਲ ਕਾਫ਼ੀ ਉਤਸਕ ਹੈ। ਉਹ ਬੱਸ ਅੱਡੇ ਦੇ ਮੈਨੇਜਰ ਨੂੰ ਦੱਸਦਾ ਹੈ ਕਿ ਉਹ ਆਪਣੇ ਪਿੰਡ ਨੂੰ ਜਲਦੀ ਜਾਣਾ ਚਾਹੁੰਦਾ ਹੈ ਪਰ ਮੈਨੇਜਰ ਕਹਿੰਦਾ ਹੈ, “ਹੁਣ ਤੁਹਾਡੇ ਪਿੰਡ ਵਿੱਚ ਬਚਿਆ ਹੀ ਕੀ ਹੈ ਦੇਖਣ ਵਾਸਤੇ?

ਪਰ ਲੇਖਕ ਆਪਣੇ ਦੋਸਤਾਂ ਨਾਲ ਆਪਣੇ ਪਿੰਡ ਜਾ ਵੱਜਦਾ ਹੈ ਤੇ ਆਪਣੇ ਪੁਰਖਿਆਂ ਦਾ ਘਰ ਲੱਭ ਲੈਂਦਾ ਹੈ ਤੇ ਸਾਰੀਆਂ ਪੁਰਾਣੇ ਘਰ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਚੇਤੇ ਕਰ ਕੇ ਭਾਵੁਕ ਹੋ ਕੇ ਧਾਹੀਂ ਰੋਣ ਲੱਗ ਜਾਂਦਾ ਹੈ!

ਬੱਚੇ ਮੇਰੀਆਂ ਅੱਖਾਂ ਵਿੱਚ ਅੱਥਰੂ ਵੇਖ ਕੇ ਬੜੇ ਹੈਰਾਨ ਹੁੰਦੇ ਹਨ। ਉਹ ਕਹਿੰਦੇ ਹਨ ਕਿ ਗਿਆ ਤਾਂ ਲੇਖਕ ਹੈ ਆਪਣੇ ਪਿੰਡ ਨੂੰ ਦੇਖਣ, ਰੋਈ ਤੁਸੀਂ ਜਾਂਦੇ ਹੋ?

ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਵੀ “ਬਹੁਤ ਭਾਵੁਕ” ਹਾਂ, ਕਿਸੇ ਭਾਵੁਕ ਹੋਏ ਬੰਦੇ ਨੂੰ ਦੇਖ ਕੇ ਉਸ ਦੇ ਦਰਦ ਨੂੰ ਮਹਿਸੂਸ ਕਰਕੇ ਭਾਵੁਕ ਹੋ ਜਾਣਾ, ਮੇਰੀ ਕਮਜ਼ੋਰੀ ਹੈ ਜਾਂ ਸਮੱਸਿਆ, ਹਾਲੇ ਮੈਂ ਵੀ ਨਹੀਂ ਜਾਣ ਸਕਿਆ

ਪੀਰੀਅਡ ਖਤਮ ਹੋਣ ਬਾਅਦ ਅੱਖਾਂ ਵਿੱਚਪਾਣੀ ਦੇ ਛਿੱਟੇ ਮਾਰ ਕੇ ਮੈਂ ਸਧਾਰਨ ਸਥਿਤੀ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ

ਛੁੱਟੀ ਹੋਣ ਤੋਂ ਬਾਅਦ ਘਰ ਹਾਲੇ ਮੈਂ ਰੋਟੀ ਖਾਣ ਤੋਂ ਬਾਅਦ ਅਰਾਮ ਕਰਨ ਦੀ ਸੋਚ ਹੀ ਰਿਹਾ ਸੀ ਕਿ ਭਾਪੇ ਦਾ ਸੁਨੇਹਾ ਆ ਗਿਆ, ਗੱਡੀ ਬਾਹਰ ਕੱਢ, ਪਿੰਡ ਨੂੰ ਜਾਣਾ ਹੈ। ਪਹਿਲਾਂ ਤਾਂ ਕਾਫ਼ੀ ਚਿਰ ਮੈਂ ਅਣਸੁਣਿਆਂ ਜਿਹਾ ਕਰਦਾ ਰਿਹਾ ਫਿਰ ਭਾਪਾ ਕੋਲ ਆ ਕੇ ਖੜ੍ਹ ਗਿਆ ਕਹਿੰਦਾ, “ਕਰਨੈਲ, ਗੱਡੀ ਸਟਾਰਟ ਕਰ, ਪਿੰਡ ਨੂੰ ਜਾਣਾ ਹੈ।”

ਮੈਂ ਗੁੱਸੇ ਜਿਹੇ ਵਿੱਚ ਕਿਹਾ, “ਹੁਣ ਤੇਰਾ ਕੀ ਆ ਪਿੰਡ ਵਿੱਚ? ਹਰ ਰੋਜ਼ ਐਵੇਂ ਤੇਲ ਫੂਕਦੇ ਤੁਰੇ ਰਹਿੰਦੇ ਪਿੰਡ ਵੱਲ!”

ਮੇਰੀ ਗੱਲ ਸੁਣ ਕੇ ਭਾਪਾ ਬੋਲਿਆ, “ਲਿਆ ਚਾਬੀ ਫੜਾ ਗੱਡੀ ਦੀ, ਮੈਂ ਆਸ਼ੂ ਨੂੰ ਲੈ ਜਾਣਾ ਨਾਲ।”

ਮੈਂ ਗੁੱਸੇ ਜਿਹੇ ਨਾਲ ਕਿਹਾ, “ਮੈਂ ਹੀ ਚਲਦਾਂ ਤੇਰੇ ਨਾਲ ਅੱਜ ਪਿੰਡ ਤੇਰੇ”। ਮੈਂ ਵੀ ਦੇਖਦਾਂ, ਤੇਰਾ ਕੀ ਲੁਕਾਇਆ ਹੋਇਆ ਹੈ ਪਿੰਡ ਵਿੱਚ

ਮੈਂ ਗੱਡੀ ਸਟਾਰਟ ਕਰ ਕੇ ਭਾਪੇ ਨੂੰ ਬਿਠਾਇਆ ਤੇ ਪਿੰਡ ਵੱਲ ਨੂੰ ਤੁਰ ਪਿਆ। ਅਸੀਂ ਸ਼ਹਿਰ ਫਿਲੌਰ ਵਿੱਚ ਰਹਿੰਦੇ ਹਾਂ, ਪਰ ਮੇਰੇ ਪਿਤਾ ਦਾ ਜਨਮ ਨੇੜਲੇ ਪਿੰਡ ਮੁਠੱਡਾ ਖੁਰਦ ਦਾ ਹੈ ਜੋ ਫਿਲੌਰ ਤੋਂ ਪੰਜ ਛੇ ਕਿਲੋਮੀਟਰ ਦੀ ਵਿੱਥ ’ਤੇ ਹੀ ਹੈ

ਅਸੀਂ ਦਸ ਮਿੰਟ ਵਿੱਚ ਹੀ ਪਿੰਡ ਪਹੁੰਚ ਗਏ। ਭਾਪਾ ਜਾ ਕੇ ਪਹਿਲਾਂ ਆਪਣੇ ਪਿੰਡ ਰਹਿੰਦੇ ਚਾਚੇ ਦੇ ਸਾਰੇ ਪਰਿਵਾਰ ਦੇ ਜੀਆਂ ਤੇ ਚਾਚੀ ਮਾਂ ਨੂੰ ਮਿਲਿਆ। ਕਾਫ਼ੀ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਉੱਠ ਕੇ ਤੁਰ ਪਿਆ।

ਮੈਂ ਪੁੱਛਿਆ, “ਹੁਣ ਕਿੱਥੇ ਜਾਣਾ ਹੈ?

ਉਹ ਕਹਿੰਦੇ, “ਬੱਸ ਆ ਜਾ ਮੇਰੇ ਮਗਰ ਮਗਰ, ਤੈਨੂੰ ਅੱਜ ਮੈਂ ਕੁਝ ਦਿਖਾਂਵਾਗਾ। ਤੂੰ ਵੀ ਕਹਿੰਦਾ ਹੁੰਦਾ ਹੈਂ ਕਿ ਰੋਜ਼ ਰੋਜ਼ ਤੂੰ ਕੀ ਕਰਨ ਆਉਂਦਾ ਪਿੰਡ

ਮੈਂ ਆਪਣੇ ਭਾਪੇ ਦੇ ਮਗਰ ਮਗਰ ਤੁਰਦਾ ਗਿਆ ਤੇ ਭਾਪਾ ਇੱਕ ਟੁੱਟੇ ਜਿਹੇ ਢਾਰੇ ਕੋਲ ਜਾ ਕੇ ਰੁਕ ਗਿਆ, ਜਿਸਦੀ ਕੱਖਾਂ ਕਾਨਿਆਂ ਦੀ ਛੱਤ ਕਾਫ਼ੀ ਸਮੇਂ ਦੀ ਉੱਜੜ ਚੁੱਕੀ ਸੀ। ਦੋ ਸ਼ਤੀਰ ਹੇਠਾਂ ਨੂੰ ਕੁੱਬੇ ਹੋਏ ਪਏ ਸਨ। ਰੋੜ ਮਿੱਟੀ ਤੇ ਭਿੱਤਾਂ ਦੀਆਂ ਬਣੀਆਂ ਕੰਧਾਂ ਜਿਵੇਂ ਡਿਗਣ ਲਈ ਇੱਕ ਦੂਸਰੀ ਤੋਂ ਵੀ ਕਾਹਲੀਆਂ ਹੋਣ। ਉਸ ਖੋਲ਼ੇ ਦੇ ਟੁੱਟੇ ਜਿਹੇ ਦਰਵਾਜ਼ੇ ਨੂੰ ਘੁਣ ਲੱਗਿਆ ਹੋਇਆ ਸੀ ਤੇ ਉਸ ਦਾ ਦੂਸਰਾ ਪਾਸਾ ਵੀ ਡਿਗਣ ਲਈ ਲਟਕ ਰਿਹਾ ਸੀ

ਭਾਪਾ ਕਿੰਨਾ ਚਿਰ ਹੀ ਉਸ “ਢਾਰੇ” ਦੀਆਂ ਕੰਧਾਂ ਨੂੰ ਗਹੁ ਨਾਲ ਹੱਥ ਲਾ ਕੇ ਦੇਖਦਾ ਰਿਹਾ। ਆਪਣੀ ਜਨਮ ਭੋਏਂ ਨੂੰ ਦੇਖ ਕੇ ਉਹ ਭਾਵੁਕ ਹੋ ਗਿਆ ਤੇ ਰੋਣਾ ਸ਼ੁਰੂ ਕਰ ਲਿਆ ਤੇ ਬੱਸ ਰੋਂਦੇ ਹੋਏ ਨੇ ਇਹੀ ਕਿਹਾ, “ਕਰਨੈਲ, ਇਹ ਉਹ ਜਗ੍ਹਾ ਹੈ ਜਿੱਥੇ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ। ਮੈਂ ਇਸ ਖੋਲ਼ੇ ਵਿੱਚ ਆਪਣਾ ਬਚਪਨ ਬਤੀਤ ਕੀਤਾ, ਇਸ ਕਰਕੇ ਮੈਂ ਕਈ ਵਾਰੀ ਇਸ ਚਿਰਾਂ ਤੋਂ ਸਾਭੇ ਹੋਏ ਨੂੰ ਨਤਮਸਤਕ ਹੋਣ ਲਈ ਆ ਵੜਦਾ ਹਾਂ।” ਇੰਨਾ ਕਹਿ ਕੇ ਭਾਪਾ ਭਾਵੁਕ ਹੋਇਆ ਗੱਡੀ ਵਿੱਚ ਜਪਾ ਕੇ ਬੈਠ ਗਿਆ। ਮੈਂ ਗੱਡੀ ਸਟਾਰਟ ਕਰਕੇ ਆਪਣੇ ਘਰ ਵੱਲ ਪਾ ਲਈ।

ਫਿਰ ਮੈਂ ਆਪਣੇ ਭਾਪੇ ਨੂੰ ਪਿੰਡ ਜਾਣ ਤੋਂ ਕਦੇ ਵੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਨੂੰ ਵੀ ਜਨਮ ਭੋਏਂ ਤੇ ਕਰਮ ਭੋਏਂ ਦੀ ਭਾਵੁਕ ਸਾਂਝ ਦਾ ਅਸਲ ਗਿਆਨ ਹੋ ਗਿਆ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3797)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਰਨੈਲ ਫਿਲੌਰ

ਕਰਨੈਲ ਫਿਲੌਰ

Phillaur, Jallandhar, Punjab, India.
Phone: (91 98147 - 13083)
Email: (karnailphillaur@gmail.com)