“ਮੈਂ ਉਸ ਨੂੰ ਲੰਗਰ ਬਾਰੇ ਪੁੱਛ ਲਿਆ। ਉਸਨੇ ਦੱਸਿਆ, “ਸਾਡੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ। ਪਹਿਲਾਂ ਸਾਡੇ ...”
(3 ਜੁਲਾਈ 2022)
ਮਹਿਮਾਨ: 602.
ਮੈਂ ਇੱਕ ਸਕੂਲ ਵਿੱਚ ਦਸ ਸਾਲ ਪੜ੍ਹਾਇਆ। ਉਸ ਸਕੂਲ ਦੇ ਦਰਜਾ ਚਾਰ ਕਰਮਚਾਰੀ ਨੇ ਇੱਕ ਵਾਰ ਸਾਡੇ ਸਟਾਫ ਨੂੰ ਆਪਣੇ ਘਰ ਲੰਗਰ ’ਤੇ ਸੱਦਿਆ। ਅਸੀਂ ਬੜੇ ਪਿਆਰ ਨਾਲ ਉਸ ਦੇ ਘਰ ਲੰਗਰ ਦੇ ਸਮਾਗਮ ’ਤੇ ਹਾਜ਼ਰੀ ਭਰਨ ਵਾਸਤੇ ਗਏ। ਉਸ ਦੇ ਘਰ ਸ਼ਾਮ ਨੂੰ ਬੜੀ ਚਹਿਲ ਪਹਿਲ ਸੀ। ਬਹੁਤ ਸਾਰੇ ਰਿਸ਼ਤੇਦਾਰ ਤੇ ਪਿੰਡ ਨਿਵਾਸੀ ਹਾਜ਼ਰੀ ਭਰਨ ਵਾਸਤੇ ਆਏ ਹੋਏ ਸਨ। ਇੱਕ ਪਾਸੇ ਢੋਲੀ ਜ਼ੋਰ ਜ਼ੋਰ ਦੀ ਢੋਲ ਵਜਾ ਰਿਹਾ ਸੀ। ਸ਼ਾਮ ਨੂੰ ਝੰਡੇ ਦੀ ਰਸਮ ਅਤੇ ਕੁਝ ਹੋਰ ਰਸਮਾਂ ਕੀਤੀਆਂ ਗਈਆਂ। ਫਿਰ ਲੰਗਰ ਸ਼ੁਰੂ ਹੋ ਗਿਆ। ਸਾਡੇ ਸਟਾਫ ਦਾ ਇੱਕ ਕਮਰੇ ਵਿੱਚ ਬੈਠਣ ਤੇ ਲੰਗਰ ਛਕਣ ਦਾ ਖਾਸ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। ਸਾਡੇ ਵਾਸਤੇ ਲੰਗਰ ਪਹੁੰਚਿਆ ਤਾਂ ਸਾਰੇ ਹੈਰਾਨ ਸਨ ਕਿ ਦਾਲ਼ ਸਬਜ਼ੀਆਂ ਵਿੱਚ ਬੱਕਰੇ ਦੇ ਮੀਟ ਦੀਆਂ ਮਹਿਕਾਂ ਹਵਾ ਵਿੱਚ ਫੈਲ ਰਹੀਆਂ ਸਨ। ਮੈਂ ਉਸ ਲੰਗਰ ਦੇ ਪ੍ਰਬੰਧਕ, ਦਰਜਾ ਚਾਰ ਕਰਮਚਾਰੀ ਨੂੰ ਕਿਹਾ, “ਤੂੰ ਸਾਡੇ ਵਾਸਤੇ ਇੰਨੀ ਖੇਚਲ਼ ਕਿਉਂ ਕੀਤੀ? ਅਸੀਂ ਤਾਂ ਸਧਾਰਨ ਦਾਲ਼ ਫੁਲਕਾ ਛਕਣ ਵਾਲੇ ਲੋਕ ਆਂ।”
ਉਸਨੇ ਬੜੇ ਮਾਣ ਨਾਲ ਕਿਹਾ, “ਸਰ ਜੀ, ਅਸੀਂ ਸਾਰੇ ਪਿੰਡ ਦੇ ਲੋਕਾਂ ਲਈ ਬਣਾਇਆ ਲੰਗਰ, ਤੁਹਾਡੇ ਵਾਸਤੇ ਹੀ ਖਾਸ ਨਹੀਂ, ਸਾਰਿਆਂ ਵਾਸਤੇ ਹੀ ਖਾਸ ਹੈ।”
ਅਸੀਂ ਜਲਦੀ ਜਲਦੀ ਲੰਗਰ ਛਕਿਆ ਤੇ ਉਸਦਾ ਧੰਨਵਾਦ ਕਰਦੇ ਹੋਏ ਜਦੋਂ ਬਾਹਰ ਨਿਕਲੇ ਤਾਂ ਬਹੁਤੇ ਲੋਕ ਲੰਗਰ ਛਕਣ ਤੋਂ ਬਾਅਦ ਚੁੱਲ੍ਹੇ ਨਿਓਂਦੇ ਦੇ ਤੌਰ ’ਤੇ ਲੰਗਰ ਘਰਾਂ ਨੂੰ ਵੀ ਲੈ ਕੇ ਜਾ ਰਹੇ ਸਨ।
ਮੈਂ ਉਸ ਰਾਤ ਕਰਮਚਾਰੀ ਵੱਲੋਂ ਕੀਤੇ ਅਥਾਂਹ ਖਰਚੇ ਅਤੇ ਉਸ ਦੀ ਘੱਟ ਆਮਦਨੀ ਬਾਰੇ ਸੋਚ ਸੋਚ ਕੇ ਹੈਰਾਨ ਪਰੇਸ਼ਾਨ ਹੁੰਦਾ ਰਿਹਾ। ਦੂਸਰੇ ਦਿਨ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਉਸ ਨੂੰ ਲੰਗਰ ਬਾਰੇ ਪੁੱਛ ਲਿਆ। ਉਸਨੇ ਦੱਸਿਆ, “ਸਾਡੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ। ਪਹਿਲਾਂ ਸਾਡੇ ਬਜ਼ੁਰਗ ਲੰਗਰ ਲਗਾਉਂਦੇ ਸੀ, ਲੰਗਰ ਵਿੱਚ ਬੱਕਰੇ ਦੀ ਬਲ਼ੀ ਦਿੱਤੀ ਜਾਂਦੀ ਸੀ ਤੇ ਪਰਿਵਾਰ ਦੀ ਸੁੱਖ ਮੰਗੀ ਜਾਂਦੀ ਸੀ, ਉਹਨਾਂ ਤੋਂ ਬਾਅਦ ਹੁਣ ਇਹ ਡਿਊਟੀ ਮੈਂ ਪਿਛਲੇ ਕਈ ਸਾਲਾਂ ਤੋਂ ਨਿਭਾ ਰਿਹਾ ਹਾਂ।”
ਮੈਂ ਪੁੱਛਿਆ, “ਸਾਰੇ ਲੰਗਰ ’ਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ?”
ਉਹ ਕਹਿੰਦਾ, “ਇਸ ਵਾਰ 50 ਹਜਾਰ ਰੁਪਏ।”
ਮੈਂ ਸੋਚ ਰਿਹਾ ਸੀ ਇਸਦੀ ਮਹੀਨਾਵਾਰ ਤਨਖਾਹ ਤਾਂ ਸਿਰਫ਼ ਪੰਦਰਾਂ ਸੌ ਰੁਪਏ ਹੈ ਤੇ ਸਾਲ ਦੇ ਕੁੱਲ ਬਣੇ ਸਿਰਫ਼ ਅਠਾਰ੍ਹਾਂ ਹਜ਼ਾਰ ਰੁਪਏ। ਪੁੱਛਿਆ, “ਤੇਰੀ ਤਨਖਾਹ ਤਾਂ ਸਾਲ ਦੀ ਅਠਾਰਾਂ ਹਜ਼ਾਰ ਰੁਪਏ ਹੈ, ਬਾਕੀ ਏਨਾ ਖਰਚਾ ਫੇਰ ਕੌਣ ਕਰਦਾ ਹੈ?”
ਉਸਨੇ ਜੋ ਇੰਕਸ਼ਾਫ਼ ਕੀਤਾ, ਮੇਰੇ ਲਈ ਤਾਂ ਵਾਕਿਆ ਹੀ ਝੰਜੋੜਨ ਅਤੇ ਹੈਰਾਨ ਕਰਨ ਵਾਲਾ ਸੀ। ਉਹ ਕਹਿੰਦਾ, “ਅਸੀਂ ਹਰ ਸਾਲ ਸੁੱਖ ਲਾਹੁਣ ਵਾਸਤੇ ਕਰਜ਼ਾ ਚੁੱਕਦੇ ਆਂ, ਪੰਜਾਹ ਹਜ਼ਾਰ ਰੁਪਏ। ਹੁਣ ਤਕ ਸਾਡੇ ਸਿਰ ਤਿੰਨ ਲੱਖ ਦਾ ਕਰਜ਼ਾ ਹੋ ਗਿਆ ਹੈ, ਤੇ ਸਾਡਾ ਇਸ ਚੱਕਰ ਵਿੱਚ ਪਲਾਟ ਵੀ ਗਹਿਣੇ ਹੋ ਚੁੱਕਾ ਹੈ।”
ਮੈਂ ਉਸ ਨੂੰ ਪੁੱਛਿਆ, “ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਪੜ੍ਹ ਲਿਖ ਕੇ ਕਿਸੇ ਉੱਚੇ ਸਰਕਾਰੀ ਅਹੁਦੇ ’ਤੇ ਪਹੁੰਚਿਆ ਕਦੇ?”
ਉਹ ਬੋਲਿਆ, “ਮੇਰੇ ਸਮੇਤ ਸਾਰੇ ਅਨਪੜ੍ਹ ਤੇ ਦਿਹਾੜੀਦਾਰ ਹੀ ਹਨ। ਹੋਰ ਤਾਂ ਹੋਰ, ਮੇਰੇ ਬੱਚੇ ਵੀ ਸਕੂਲ ਜਾ ਕੇ ਰਾਜੀ ਨਹੀਂ।”
ਮੈਂ ਉਸ ਦੇ ਬਜ਼ੁਰਗਾਂ ਵੱਲੋਂ ਬੱਕਰੇ ਦੀ ਬਲ਼ੀ ਦੇ ਕੇ ਸੁੱਖ ਲਾਹੁਣ ਤੇ ਕਰਜ਼ਾ ਚੁੱਕ ਕੇ ਲੰਗਰ ਲੱਗਾ ਕੇ ਆਪਣੇ ਪਰਿਵਾਰ ਦੀ ਸੁੱਖ ਮੰਗਣ ਦੀ ਰਸਮ ਜੋ ਕਿ ਹੁਣ ਤੀਸਰੀ ਪੀੜ੍ਹੀ ਤਕ ਪਹੁੰਚ ਚੁੱਕੀ ਹੈ, ਬਾਰੇ ਸੋਚਦੇ ਸੋਚਦੇ ਨੇ ਖਬਰਾਂ ਸੁਣਨ ਲਈ ਟੀ. ਵੀ. ਦਾ ਬਟਨ ਨੱਪ ਦਿੱਤਾ। ਖਬਰਾਂ ਦੀ ਪੱਟੀ ਚੱਲ ਰਹੀ ਸੀ: ਪੰਜਾਬ ਸਰਕਾਰ ਨੇ ਪਹਿਲੀ ਗਰੰਟੀ ਪੂਰੀ ਕੀਤੀ, 300 ਯੂਨਿਟ ਬਿਜਲੀ ਹਰ ਮਹੀਨੇ ਹਰ ਵਰਗ ਲਈ ਮੁਆਫ਼।
ਮੈਂ ਦੂਸਰਾ ਚੈਨਲ ਬਦਲਿਆ।ਦੂਸਰੇ ਖਬਰਾਂ ਦੇ ਚੈਨਲ ’ਤੇ ਇੱਕ ਹੋਰ ਖਬਰਾਂ ਦੀ ਪੱਟੀ ਚੱਲ ਰਹੀ ਸੀ: ਪੰਜਾਬ ਸਰਕਾਰ 35 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਲਵੇਗੀ- ਵਿੱਤ ਮੰਤਰੀ ਚੀਮਾ।
ਮੈਂ ਹੁਣ ਦਰਜਾ ਚਾਰ ਕਰਮਚਾਰੀ ਤੇ ਪੰਜਾਬ ਸਰਕਾਰ ਦੀ ਤੁਲਨਾ ਕਰਦਾ ਕਰਦਾ ਸੋਚ ਰਿਹਾ ਸੀ ਕਿ ਇਹਨਾਂ ਵਿੱਚੋਂ ਮੈਂ ਸਿਆਣਾ ਹੋਣ ਦਾ ਖਿਤਾਬ ਕਿਸ ਨੂੰ ਦੇਵਾਂ? ਕਰਜ਼ਾ ਚੁੱਕ ਕੇ ਬੱਕਰੇ ਦੀ ਬਲ਼ੀ ਦੇਣ ਵਾਲੇ ਦਰਜਾ ਚਾਰ ਕਰਮਚਾਰੀ ਨੂੰ ਜਾਂ ਕਰਜ਼ਾ ਚੁੱਕ ਕੇ ਗਰੰਟੀਆਂ ਪੂਰੀਆਂ ਕਰਨ ਵਾਲੀ ਪੰਜਾਬ ਸਰਕਾਰ ਨੂੰ? ਆਮਦਨੀ ਦਾ ਸਰੋਤ ਕੋਈ ਨਹੀਂ ਸਾਡੀ ਸਰਕਾਰ ਕੋਲ਼ ਤੇ … …।
ਫਿਰ ਮੈਂ ਸੋਚਣ ਲੱਗਾ ਕਿ ਸਰਕਾਰਾਂ ਕਿਉਂ ਬੱਕਰਿਆਂ ਦੀਆਂ ਬਲ਼ੀਆਂ ਦੇਣਗੀਆਂ, ਲੋਕ ਜੁ ਹੈਗੇ ਆ।
ਕਹਿੰਦੇ ਨੇ ਕਈ ਵਿੱਛੂ ਤੁਰੇ ਜਾਂਦੇ ਸੀ, ਕਿਸੇ ਨੇ ਬਿੱਛੂਆਂ ਨੂੰ ਪੁੱਛਿਆ, “ਤੁਹਾਡੇ ਵਿੱਚੋਂ ਸਭ ਤੋਂ ਵੱਧ ਜ਼ਹਿਰੀਲਾ ਕਿਹੜਾ?”
ਵਿੱਛੂ ਕਹਿੰਦੇ, “ਕਿਸੇ ਦੀ ਵੀ ਪੂਛ ਨੂੰ ਹੱਥ ਲਾ ਕੇ ਦੇਖ ਲੈ, ਸਾਰੇ ਇੱਕੋ ਜਿਹਾ ਡੰਗ ਮਾਰਦੇ ਆਂ!”
ਸਿਆਣਿਆਂ ਦੀ ਕਹੀਆਂ ਕਹਾਵਤਾਂ ਵੈਸੇ ਸੱਚ ਹੀ ਨੇ, ਅਖੇ, ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3663)
(ਸਰੋਕਾਰ ਨਾਲ ਸੰਪਰਕ ਲਈ: