RavinderRupal7ਮੈਂ ਦੌੜਿਆ ਦੌੜਿਆ ਘਰ ਗਿਆ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਪਿੰਡ ਨੂੰ ਚੱਲਿਆਂ ...
(17 ਜਨਵਰੀ 2023)
ਮਹਿਮਾਨ: 219.


ਗੱਲ ਸੰਨ ਦੋ ਹਜ਼ਾਰ ਪੰਜ ਦੀ ਹੈ
ਉਨ੍ਹੀਂ ਦਿਨੀਂ ਮੈਂ ਲੱਕੜ ਦੇ ਕੰਮ ਦੀ ਦੁਕਾਨ ਕਰਦਾ ਹੁੰਦਾ ਸੀਬੜੇ ਫਾਕੇ ਦੇ ਦਿਨ ਕਟ ਰਹੇ ਸਾਂ। ਬਹੁਤ ਦਿਨਾਂ ਤੋਂ ਦੁਕਾਨ ’ਤੇ ਕੰਮ ਨਹੀਂ ਸੀ ਆ ਰਿਹਾਮਾਇਆ ਜੇਬ ਨਾਲੋਂ ਨਾਤਾ ਤੋੜ ਰਹੀ ਸੀ। ਦੁਕਾਨ ਦਾ ਕਰਾਇਆ ਦੇਣਾ ਔਖਾ ਹੋ ਰਿਹਾ ਸੀ। ਉਂਝ ਮੇਰੇ ਕੋਲ ਇੱਕ ਫੋਨ ਵੀ ਸੀਗਾ, ਜਿਹੜਾ ਕੁਝ ਮਹੀਨੇ ਪਹਿਲਾਂ ਮੈਨੂੰ ਮੇਰਾ ਛੋਟਾ ਸਾਲਾ ਦੇ ਕੇ ਗਿਆ ਸੀ। ਸ਼ਾਇਦ ਉਸ ਨੇ ਨਵਾਂ ਫੋਨ ਲੈਣਾ ਸੀ ਪਰ ਮੇਰੇ ਉਹ ਫੋਨ ਬੜਾ ਕੰਮ ਆ ਰਿਹਾ ਸੀਉਦੋਂ ਮੇਰੀ ਡਾਕ, ਚਿੱਠੀਆਂ, ਮੈਗਜ਼ੀਨ ਅਤੇ ਮਨੀਆਰਡਰ ਆਦਿ ਹਾਲੇ ਪਿੰਡ ਹੀ ਆਉਂਦੇ ਹੁੰਦੇ ਸਨ। ਮੈਂ ਪਿੰਡ ਡਾਕੀਏ ਨੂੰ ਆਪਣਾ ਨੰਬਰ ਦੇ ਰੱਖਿਆ ਸੀ ਕਿ ਮੇਰਾ ਡਾਕ ਰਾਹੀਂ ਜਦੋਂ ਵੀ ਕੁਝ ਆਵੇ ਤਾਂ ਮੈਨੂੰ ਫੋਨ ’ਤੇ ਮਿਸ ਕਾਲ ਕਰ ਦਿਆ ਕਰੇ, ਮੈਂ ਬੈਕ ਕਾਲ ਕਰਕੇ ਪੁੱਛ ਲਿਆ ਕਰਾਂਗਾ

ਇੱਕ ਦਿਨ ਹਾਲਾਤ ਇਹੋ ਜਿਹੇ ਬਣ ਗਏ ਕਿ ਇੱਕ ਰੁਪਇਆ ਵੀ ਮੇਰੇ ਕੋਲ ਨਹੀਂ ਸੀ। ਬੱਚੇ ਸਕੂਲ ਗਏ ਹੋਏ ਸਨ। ਘਰਵਾਲੀ ਸਾਢੇ ਕੁ ਦਸ ਵਜੇ ਮੈਨੂੰ ਦੁਕਾਨ ਉੱਤੇ ਚਾਹ ਦੇਣ ਆਈ। ਉਹ ਮੇਰੇ ਕੋਲ ਆ ਕੇ ਕੁਰਸੀ ਤੇ ਬੈਠਦੀ ਹੀ ਬੋਲੀ, “ਅੱਜ ਆਪਣਾ ਸਲੰਡਰ ਪੀਲ਼ੀ ਜਿਹੀ ਭਾਅ ਮਾਰ ਰਿਹਾ ਸੀ

ਮੈਂ ਉਸ ਨੂੰ ਕਿਹਾ, “ਸ਼ੁਭ ਸ਼ੁਭ ਬੋਲ।” ਜਿਵੇਂ ਉਹ ਮੈਨੂੰ ਕੋਈ ਬਹੁਤ ਬੁਰੀ ਖ਼ਬਰ ਸੁਣਾ ਰਹੀ ਹੋਵੇਉਹਨੇ ਚਾਹ ਗਲਾਸਾਂ ਵਿੱਚ ਪਾ ਲਈ ਅਤੇ ਚਾਹ ਪਿਲਾ ਕੇ ਉਹ ਜਾਂਦੀ ਹੋਈ ਕਹਿਣ ਲੱਗੀ, “ਜਾ ਕੇ ਦੇਖਦੀ ਹਾਂ, ਦੁਪਹਿਰ ਦੀ ਰੋਟੀ ਵੀ ਬਣਾਉਣੀ ਐ

ਦੁਪਹਿਰੇ ਰੋਟੀ ਖਾਣ ਗਏ ਨੂੰ ਉਸ ਨੇ ਦੱਸਿਆ ਕਿ ਸਲੰਡਰ ਬਿਲਕੁਲ ਖਤਮ ਹੋ ਗਿਆ ਹੈ, ਪਰ ਮੈਂ ਟੇਢਾ ਜਿਹਾ ਕਰ ਕੇ ਰੋਟੀ ਪਕਾ ਲਈ, ਰੱਬ ਦਾ ਸ਼ੁਕਰ ਐ ਕਿ ਜਾਂਦਾ ਜਾਂਦਾ ਵਿਚਾਰਾ ਸਾਰਿਆਂ ਲਈ ਦੁਪਹਿਰ ਦੀ ਰੋਟੀ ਬਣਵਾ ਗਿਆਰੋਟੀ ਖਾ ਕੇ ਮੈਂ ਲੰਮਾ ਪਿਆ ਸੋਚਦਾ ਰਿਹਾ ਕਿ ਰੱਬ ਸਾਡੇ ਹੀ ਪਿੱਛੇ ਕਿਉਂ ਪਿਆ ਹੋਇਆ ਹੈ?

ਘੰਟੇ ਕੁ ਬਾਅਦ ਮੈਂ ਫੇਰ ਦੁਕਾਨ ’ਤੇ ਆ ਗਿਆ ਕਿ ਸ਼ਾਇਦ ਕੋਈ ਗਾਹਕ ਆ ਹੀ ਜਾਵੇ ਕਿਧਰੋਂ। ਗਾਹਕ ਤਾਂ ਕੋਈ ਨਹੀਂ ਆਇਆ ਪਰ ਤਿੰਨ ਕੁ ਵਜੇ, ਬੱਚਿਆਂ ਦੇ ਸਕੂਲੋਂ ਆਉਣ ਤੋਂ ਪਹਿਲਾਂ, ਮੇਰੇ ਫੋਨ ਤੇ ਘੰਟੀ ਵੱਜੀ। ਮੈਂ ਮੋਬਾਇਲ ਕੱਢ ਕੇ ਦੇਖਿਆ ਤਾਂ ਪਿੰਡੋਂ ਸੱਤਪਾਲ ਡਾਕੀਏ ਦਾ ਫੋਨ ਸੀ। ਰੱਬ ਦਾ ਲੱਖ ਲੱਖ ਸ਼ੁਕਰ ਐ ਕਿ ਮੇਰੇ ਫੋਨ ਵਿੱਚ ਗੱਲ ਕਰਨ ਜੋਗਾ ਬੈਲੈਂਸ ਸੀ। ਮੈਂ ਉਸ ਨੂੰ ਵਾਪਸ ਕਾਲ ਕੀਤੀ ਤਾਂ ਉਸ ਨੇ ਕਿਹਾ ਕਿ ਤੇਰਾ ਪੰਜਾਹ ਰੁਪਏ ਦਾ ਮਨੀਆਰਡਰ ਆਇਐ। ਇਹ ਸੁਣਦੇ ਹੀ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਵੇਂ ਮੇਰੀ ਕੋਈ ਮੋਟੀ ਲਾਟਰੀ ਨਿਕਲ ਆਈ ਹੋਵੇ

ਮੈਂ ਦੌੜਿਆ ਦੌੜਿਆ ਘਰ ਗਿਆ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਪਿੰਡ ਨੂੰ ਚੱਲਿਆਂ, ਪੰਜਾਹ ਰੁਪਏ ਦਾ ਮਨੀਆਰਡਰ ਆਇਐ। ਉਸ ਨੂੰ ਵੀ ਬਹੁਤ ਖੁਸ਼ੀ ਹੋਈ ਤੇ ਬੋਲੀ, ਜਾਉ ਜਾਉ ਭੱਜੋ, ਲੈ ਕੇ ਆਉ ਪੈਸੇ। ਮੇਰਾ ਪਿੰਡ ਸ਼ਹਿਰ ਤੋਂ ਸਾਢੇ ਬਾਰਾਂ ਕਿਲੋਮੀਟਰ ਦੂਰ ਹੈ। ਮੈਂ ਸਾਈਕਲ ਭਜਾ ਕੇ ਪਿੰਡ ਨੂੰ ਇਵੇਂ ਗਿਆ, ਜਿਵੇਂ ਮੈਥੋਂ ਪਹਿਲਾਂ ਉਹ ਪੈਸੇ ਕੋਈ ਹੋਰ ਜਣਾ ਨਾ ਲੈ ਜਾਵੇ। ਪਿੰਡੋਂ ਪੈਸੇ ਲੈ ਕੇ ਉਵੇਂ ਹੀ ਸਾਈਕਲ ਭਜਾਉਂਦਾ ਹੋਇਆ ਮੈਂ ਘਰ ਨੂੰ ਮੁੜ ਪਿਆ।

ਰਸਤੇ ਵਿੱਚ ਮੈਂ ਪੰਜਾਹ ਰੁਪਇਆਂ ਨੂੰ ਕੋਈ ਪੰਜਾਹ ਬਾਰ ਜੇਬ ਵਿੱਚ ਟੋਹ ਟੋਹਕੇ ਦੇਖਿਆ ਹੋਵੇਗਾ। ਹਰ ਵਾਰ ਪੈਸਿਆਂ ਨੂੰ ਹੱਥ ਲਾ ਕੇ ਅੱਗੇ ਨਾਲੋਂ ਵੱਧ ਤਸੱਲੀ ਹੁੰਦੀ ਤੇ ਸਾਈਕਲ ਭਜਾਉਣ ਦੀ ਥਕਾਵਟ ਵਿਸਰ ਜਾਂਦੀ। ਰੱਬ ਦਾ ਅਤੇ ਪੈਸੇ ਭੇਜਣ ਵਾਲਿਆਂ ਦਾ, ਦੋਵਾਂ ਦਾ ਸ਼ੁਕਰ ਕਰਦਾ ਆ ਰਿਹਾ

ਜਦੋਂ ਘਰ ਆਇਆ ਤਾਂ ਬੱਚੇ ਸਕੂਲੋਂ ਆ ਚੁੱਕੇ ਸਨ। ਮੈਂ ਅੰਦਰ ਜਾ ਕੇ ਦੇਖਿਆ, ਉਨ੍ਹਾਂ ਮੂਹਰੇ ਇੱਕ ਲਫਾਫੇ ਵਿੱਚ ਕੁਝ ਲਪੇਟਿਆ ਹੋਇਆ ਪਿਆ ਸੀ। ਮੈਂ ਬੜੀ ਹੈਰਾਨੀ ਨਾਲ ਪੁੱਛਿਆ ਕਿ ਇਹ ਕੀ ਹੈ? ਪਤਨੀ ਕਹਿਣ ਲੱਗੀ ਕਿ ਇਹ ਤਾਂ ‘ਬੁੱਗੇ ਆਲੇ’ ਭੈਣ ਜੀ ਪਕੌੜੇ ਦੇ ਕੇ ਗਏ ਨੇ। ਉਹ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ’ਤੇ ਗਏ ਸਨ, ਲੰਘਦੇ ਹੋਏ ਬ੍ਰੈੱਡ ਪਕੌੜੇ ਅਤੇ ਕੁਝ ਪਨੀਰ ਦੇ ਪਕੋੜੇ ਦੇ ਕੇ ਗਏ ਨੇ, ਕਹਿੰਦੇ ਅਸੀਂ ਤੁਹਾਡੇ ਲਈ ਹੀ ਲੈ ਕੇ ਆਏ ਹਾਂ

ਉਦੋਂ ਤਕ ਬੱਚਿਆਂ ਨੇ ਰੋਟੀ ਤਾਂ ਖਾ ਲਈ ਸੀ ਪਰ ਹੁਣ ਚਾਹ ਕਿਸ ਚੀਜ਼ ਉੱਤੇ ਬਣਾਈ ਜਾਵੇ ਜਿਸ ਨਾਲ ਪਕੋੜੇ ਖਾਧੇ ਜਾ ਸਕਣ? ਸਲੰਡਰ ਤਾਂ ਖਤਮ ਸੀ। ਮੈਂ ਕੋਠੇ ਉੱਤੇ ਮਿਆਨੀ ਵਿੱਚ ਰੱਖਿਆ ਹੋਇਆ ਸਟੋਵ ਚੁੱਕਣ ਲਈ ਗਿਆ। ਮੈਂ ਪਹਿਲਾਂ ਪ੍ਰਮਾਤਮਾ ਨੂੰ ਧਿਆਇਆ ਕਿ ਹੇ ਸੱਚੇ ਪਾਤਸ਼ਾਹ ਇਸ ਵਿੱਚ ਤੇਲ ਹੋਵੇ। ਪਰ ਜਦੋਂ ਸਲੰਡਰ ਨੂੰ ਹਿਲਾ ਕੇ ਦੇਖਿਆ, ਉਹ ਖ਼ਾਲੀ ਸੀ। ਮੈਂ ਸਲੰਡਰ ਨੂੰ ਕੋਠੇ ਤੋਂ ਹੇਠਾਂ ਲੈ ਆਇਆ

“ਹੈਗਾ ਕੁਝ ਤੇਲ ਇਹਦੇ ਵਿੱਚ, ਚਾਹ ਬਣਾਉਣ ਜੋਗਾ?” ਪੌੜੀਆਂ ਉੱਤਰਦੇ ਨੂੰ ਪਤਨੀ ਨੇ ਪੁੱਛਿਆ।

ਮੈਂ ਜੀਭ ਦੰਦਾਂ ਹੇਠਾਂ ਦੇ ਲਈ। ਹੌਕਾ ਨਹੀਂ ਨਿਕਲਣ ਦਿੱਤਾ। ਮੈਂ ਕਿਹਾ, “ਤੇਲ ਨਹੀਂ ਐ, ਪਰ ਮੈਂ ਸ਼ੀਲੇ ਦੀ ਦੁਕਾਨ ਤੋਂ ਜਾ ਕੇ ਲੈ ਆਉਂਦਾ ਹਾਂ। ਹੁਣ ਤਾਂ ਤੇਲ ਜੋਗੇ ਪੈਸੇ ਮੇਰੀ ਜੇਬ ਵਿੱਚ ਹੈਗੇ ਨੇ।”

ਮੈਂ ਬੋਤਲ ਚੁੱਕੀ ਦੁਕਾਨ ’ਤੇ ਗਿਆ। ਪਰ ਸ਼ੀਲੇ ਕੋਲ ਤੇਲ ਨਹੀਂ ਸੀ। ਉਸ ਨੇ ਇੱਕ ਹੋਰ ਦੁਕਾਨ ’ਤੇ ਭੇਜ ਦਿੱਤਾ। ਤੇਲ ਉਸ ਕੋਲ ਵੀ ਨਹੀਂ ਸੀ ਪਰ ਉਸ ਨੇ ਮੈਨੂੰ ਇੱਕ ਡੀਪੂ ਉੱਤੇ ਭੇਜ ਦਿੱਤਾ। ਜਦੋਂ ਮੈਂ ਡੀਪੂ ਵਾਲੇ ਕੋਲ ਗਿਆ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਅਸੀਂ ਇਸ ਤਰ੍ਹਾਂ ਤੇਲ ਨਹੀਂ ਵੇਚ ਸਕਦੇ। ਮੇਰੀ ਦੋ ਬਾਰ ਸ਼ਿਕਾਇਤ ਹੋ ਚੁੱਕੀ ਹੈ। ਮੈਂ ਮਿੰਨਤਾਂ ਵੀ ਕੀਤੀਆਂ ਅਤੇ ਆਪਣੀ ਮਜਬੂਰੀ ਵੀ ਦੱਸੀ। ਬੋਤਲ ਪਿੱਛੇ ਪੰਜ ਰੁਪਏ ਵੱਧ ਦੇਣ ਲਈ ਵੀ ਕਿਹਾ ਪਰ ਉਹ ਕਹਿਣ ਲੱਗਿਆ ਕਿ ਭਾਈ ਸਾਬ੍ਹ ਮੈਥੋਂ ਤਾਂ ਰਾਸ਼ਣ ਕਾਰਡ ਵਾਲਿਆਂ ਦਾ ਹੀ ਤੇਲ ਪੂਰਾ ਨਹੀਂ ਹੁੰਦਾ। ਮੈਂ ਨਹੀਂ ਦੇ ਸਕਦਾ, ਚਾਹੇ ਕੁਝ ਵੀ ਹੋ ਜਾਵੇ। ਮੈਂ ਖਾਲੀ ਹੱਥ ਵਾਪਸ ਆ ਗਿਆ

“ਮਿਲਿਆ ਨੀਂ ਕਿਤੋਂ? ਬੋਤਲ ਤਾਂ ਖਾਲੀ ਲਈ ਆਉਂਦੇ ਹੋ ਘਰਵਾਲੀ ਨੇ ਕਾਹਲ ਜਿਹੀ ਵਿੱਚ ਅੰਦਰ ਆਉਂਦੇ ਨੂੰ ਪੁੱਛਿਆ।

ਮੈਂ ਅੱਗੋਂ ਚੁੱਪ ਸਾਂਮੈਂ ਪ੍ਰੇਸ਼ਾਨ ਜ਼ਰੂਰ ਹੋ ਗਿਆ ਸੀ, ਪਰ ਹਾਲੇ ਹਾਰਿਆ ਨਹੀਂ ਸੀ। ਕਾਫੀ ਦੇਰ ਸੋਚਣ ਤੋਂ ਬਾਅਦ ਮੇਰੇ ਦਿਮਾਗ ਵਿੱਚ ਆਪਣੇ ਵੱਡੇ ਭਰਾ ਦੀ ਦੱਸੀ ਹੋਈ ਗੱਲ ਚੇਤੇ ਆਈ ਕਿ ਅਸੀਂ ਕਈ ਵਾਰ ਕੰਮ ਚਲਾਉਣ ਲਈ ਮਿੱਟੀ ਦੇ ਤੇਲ ਦੀ ਥਾਂ ਡੀਜ਼ਲ ਵੀ ਪਾ ਲੈਂਦੇ ਹਾਂ ਸਟੋਵ ਵਿੱਚ। ਇਹ ਸੋਚ ਕੇ ਮੈਂ ਝਟਕੇ ਨਾਲ ਉੱਠਿਆ। ਬੋਤਲ ਚੁੱਕੀ ਤੇ ਸਾਈਕਲ ’ਤੇ ਸਿੱਧਾ ਪਟਰੋਲ ਪੰਪ ਉੱਤੇ ਗਿਆ। ਉਦੋਂ ਬਾਰਾਂ, ਪੰਦਰਾਂ ਰੁਪਏ ਦੇ ਡੀਜ਼ਲ ਨਾਲ ਬੋਤਲ ਭਰ ਜਾਂਦੀ ਸੀ। ਮੈਂ ਬੋਤਲ ਡੀਜ਼ਲ ਦੀ ਭਰਵਾ ਲਿਆਇਆ

ਆ ਕੇ ਜਦੋਂ ਮੈਂ ਸਟੋਵ ਵਿੱਚ ਪਾਉਣ ਲੱਗਿਆ, ਬੇਟਾ ਆਪਣੀ ਵਿਦਵਤਾ ਘੋਟਦਾ ਹੋਇਆ ਮੈਨੂੰ ਕਹਿਣ ਲੱਗਾ, “ਪਾਪਾ ਜੀ ਇਸ ਤਰ੍ਹਾਂ ਸਟੋਵ ਖਰਾਬ ਹੋ ਜਾਵੇਗਾ, ਇਸ ਤੋਂ ਵੀ ਜਾਂਦੇ ਲੱਗਾਂਗੇ।”

ਮੈਂ ਕਿਹਾ, “ਭੁੱਖੇ ਮਰਨ ਨਾਲੋਂ ਤਾਂ ਚੰਗਾ ਹੈ, ਕੁਝ ਖਾ ਪੀ ਕੇ ਮਰੀਏ। ਖਰਾਬ ਹੁੰਦਾ ਹੋ ਜਾਵੇ, ਦੇਖੀ ਜਾਊਗੀ ਮੈਂ ਕੀਪ ਲਾ ਕੇ ਬੋਤਲ ਸਟੋਵ ਵਿੱਚ ਉਲੱਦ ਦਿੱਤੀ

ਅਸੀਂ ਚਾਹ ਬਣਾ ਲਈ। ਜਦੋਂ ਚਾਹ ਨਾਲ ਪਕੋੜੇ ਖਾਣ ਲੱਗੇ ਤਾਂ ਮੈਨੂੰ ਝਟਪਟ ਇੱਕ ਸਕੀਮ ਹੋਰ ਸੁੱਝੀ। ਮੈਂ ਕਿਹਾ, “ਇਉਂ ਕਰੋ ਬਈ, ਤੁਸੀਂ ਸਿਰਫ ਬ੍ਰੈੱਡ ਤੇ ਗੋਭੀ ਆਲੇ ਪਕੋੜੇ ਖਾ ਲਵੋ, ਪਨੀਰ ਵਾਲੇ ਰਹਿਣ ਦਿਉ।” ਉਨ੍ਹਾਂ ਮੈਨੂੰ ‘ਕਿਉਂਨਹੀਂ ਪੁੱਛਿਆ। ਮੇਰਾ ਕਹਿਣਾ ਮੰਨ ਕੇ ਉਨ੍ਹਾਂ ਉਹ ਪਕੋੜੇ ਨਹੀਂ ਸੀ ਖਾਧੇ, ਛੱਡ ਦਿੱਤੇ

ਚਾਹ ਪੀਂਦੇ ਪੀਂਦੇ ਮੈਂ ਸਾਰੇ ਪਨੀਰ ਵਾਲੇ ਪਕੌੜਿਆਂ ਉੱਤੋਂ ਬੇਸਣ ਲਾਹ ਦਿੱਤਾ। ਘਰਵਾਲੀ ਨੂੰ ਕਿਹਾ, ਦੋ ਤਿੰਨ ਪਿਆਜ਼ ਕੱਟ, ਸ਼ਾਮੀ ਪਨੀਰ ਦੀ ਭੁਰਜੀ ਬਣਾਵਾਂਗੇ। ਉਹ ਮੇਰੀ ਸਕੀਮ ਸੁਣ ਹੈਰਾਨ ਜਿਹਾ ਹੋ ਕੇ ਪਿਆਜ਼ ਛਿੱਲਣ ਲੱਗ ਪਈ ਤੇ ਬੇਟਾ ਬਾਹਰ ਖੇਡਣ ਚਲਾ ਗਿਆ

ਸੱਤ ਅੱਠ ਪੀਸ ਨਿਕਲ ਆਏ ਸਨ ਪਨੀਰ ਦੇ, ਮੈਂ ਉਨ੍ਹਾਂ ਨੂੰ ਭੋਰ ਲਿਆ। ਪਤਨੀ ਨੇ ਪਿਆਜ਼ ਕੱਟ ਕੇ ਦੁਬਾਰਾ ਸਟੋਵ ਬਾਲ਼ ਲਿਆ ਤੇ ਕਹਿੰਦੀ, “ਸਬਜ਼ੀ ਤਾਂ ਹੁਣੇ ਬਣਾ ਕੇ ਰੱਖ ਦਿੰਨੀ ਆਂ, ਰੋਟੀਆਂ ਰਾਤੀਂ ਖਾਣ ਵੇਲੇ ਬਣਾ ਲਵਾਂਗੇ।” ਡੀਜ਼ਲ ਨਾਲ ਬਲ਼ਦਾ ਹੋਇਆ ਸਟੋਵ ਆਮ ਨਾਲੋਂ ਦੁੱਗਣੀ ਆਵਾਜ਼ ਕੱਢ ਰਿਹਾ ਸੀ ਪਰ ਅਸੀਂ ਅਗਲੇ ਦਿਨ ਲਈ ਵੀ ਬੇਫ਼ਿਕਰ ਹੋ ਗਏ

ਰਾਤੀਂ ਜਦੋਂ ਅਸੀਂ ਰੋਟੀ ਖਾਣ ਲਈ ਬੈਠੇ, ਤਾਂ ਬੇਟਾ ਬਾਹਰੋਂ ਆ ਕੇ ਕਹਿਣ ਲੱਗਾ, “ਵਾਓ,, ਅੱਜ ਪਨੀਰ ਦੀ ਭੁਰਜੀ …!

ਬੇਟੇ ਦੇ ਇਹ ਬੋਲ ਸੁਣ ਕੇ ਮੇਰਾ ਹਾਸਾ ਇਸ ਤਰ੍ਹਾਂ ਨਿਕਲਿਆ, ਜਿਵੇਂ ਮੈਂ ਭੁੱਬੀ ਰੋ ਰਿਹਾ ਹੋਵਾਂ। ਮੈਨੂੰ ਹੱਸਦੇ ਨੂੰ ਦੇਖ ਕੇ ਮੇਰੀ ਘਰਵਾਲੀ ਅਤੇ ਬੇਟੀ ਵੀ ਹੱਸਣ ਲੱਗ ਪਈਆਂ। ਅਸੀਂ ਐਨਾ ਹੱਸੇ ਕਿ ਹੱਸ ਹੱਸ ਕੇ ਅੱਖਾਂ ਵਿੱਚ ਪਾਣੀ ਵੀ ਆ ਗਿਆ । ਪਰ ‘ਉਹਭੁਰਜੀ ਖਾਣ ਦਾ ਸੁਆਦ ਹੀ ਵੱਖਰਾ ਸੀ, ਜਿਸ ਨੂੰ ਅਸੀਂ ਕਦੇ ਵੀ ਨਹੀਂ ਭੁੱਲਾਂਗੇਐਨੀ ਸੁਆਦ ਭੁਰਜੀ ਅਸੀਂ ਜ਼ਿੰਦਗੀ ਵਿੱਚ ਮੁੜ ਖਾਧੀ ਵੀ ਨਹੀਂ ਕਦੇ

ਖੈਰ! ਦੂਜੇ ਦਿਨ ਮੋਬਾਇਲ ਫੋਨ ਉੱਤੇ ਕਿਸੇ ਕੰਮ ਕਰਾਉਣ ਵਾਲੇ ਸੱਜਣ ਦੀ ਘੰਟੀ ਵੱਜ ਰਹੀ ਸੀ। ਰੁਕਿਆ ਹੋਇਆ ਜੀਵਨ ਫਿਰ ਤੋਂ ਰੋਹੜੇ ਪੈ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3744)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਵਿੰਦਰ ਰੁਪਾਲ ਕੌਲਗੜ੍ਹ

ਰਵਿੰਦਰ ਰੁਪਾਲ ਕੌਲਗੜ੍ਹ

Khanna, Ludhiana, Punjab, India.
Phone: (91 - 93162 - 88955)
Email: (ravinder.rupal1965@gmail.com)