MulakhSingh6ਜਿਨ੍ਹਾਂ ਹਥਿਆਰਾਂ ਦੀ ਅਜ਼ਮਾਇਸ਼ ਬੇਗੁਨਾਹ ਲੋਕਾਂ ਉੱਤੇ ਕੀਤੀ ਜਾਂਦੀ ਹੈਉਨ੍ਹਾਂ ਹਥਿਆਰਾਂ ਦੀ ਵਿਕਰੀ ...
(19 ਮਈ 2022)
ਮਹਿਮਾਨ: 427.

 

ਹਜ਼ਾਰਾਂ ਸਾਲ ਪਹਿਲਾਂ ਜਦੋਂ ਸੱਭਿਅਤਾ ਦਾ ਪਹੀਆ ਭੌਣਾ ਸ਼ੁਰੂ ਹੀ ਹੋਇਆ ਸੀ, ਉਦੋਂ ਅਜੇ ਮਨੁੱਖੀ ਤਹਿਜ਼ੀਬ ਦਾ ਉਦੈ ਹੋ ਰਿਹਾ ਸੀ; ਮਨੁੱਖ ਜੰਗਲਾਂ ਵਿੱਚੋਂ ਜਾਨਵਰਾਂ ਵਾਲੀ ਜ਼ਿੰਦਗੀ ਨੂੰ ਅਲਵਿਦਾ ਕਹਿ ਕੇ ਮੈਦਾਨਾਂ ਵਿਚ, ਨਦੀਆਂ ਕਿਨਾਰੇ ਆ ਬੈਠਾ ਸੀ। ਉਸ ਨੇ ਸਭ ਤੋਂ ਪਹਿਲਾਂ ਲੱਕੜ ਦੇ ਟੰਬਿਆਂ ਤੇ ਪੱਤੇ ਵਿਛਾ ਕੇ ਝੁੱਗੀਆਂ ਪਾਈਆਂ ਅਤੇ ਸ਼ਿਕਾਰ ਕਰ ਕੇ ਢਿੱਡ ਭਰਨ ਲੱਗਾ। ਔਰਤਾਂ ਨੇ ਜ਼ਰਖੇਜ਼ ਮਿੱਟੀ ਵਿਚ ਬੀਜ ਖਿਲਾਰ ਕੇ ਅਨਾਜ ਪੈਦਾ ਕਰਨ ਦਾ ਤੋਰਾ ਤੋਰਿਆ। ਅੱਜ ਵਾਂਗ, ਕੁੱਤਾ ਉਦੋਂ ਵੀ ਮਨੁੱਖ ਦਾ ਵਫ਼ਾਦਾਰ ਸੰਗੀ ਸੀ। ਸ਼ਾਮ ਨੂੰ ਮਨੁੱਖ ਜਦੋਂ ਆਪਣੇ ਪਰਿਵਾਰ ਨਾਲ ਅੱਗ ਦੁਆਲੇ ਬੈਠ ਕੇ, ਸ਼ਿਕਾਰ ਕਰਕੇ ਲਿਆਉਂਦਾ, ਗੋਸ਼ਤ ਭੁੰਨ ਕੇ ਖਾਂਦਾ, ਉਦੋਂ ਕੁੱਤੇ ਹੱਡੀਆਂ ਚੂੰਡਣ ਦੇ ਮਾਰੇ ਆਲੇ-ਦੁਆਲੇ ਮੂੰਹ ਟੱਡੀ ਖੜ੍ਹੇ ਰਹਿੰਦੇ। ਜਦ ਕਦੇ ਉਸ ਟੱਬਰ ਦੇ ਕਿਸੇ ਜੀਅ ਨੂੰ ਸ਼ਰਾਰਤ ਸੁੱਝਦੀ ਤਾਂ ਉਹ ਮਾਸ ਦਾ ਟੁਕੜਾ ਕੁੱਤਿਆਂ ਵਿਚਾਲੇ ਵਗਾਹ ਕੇ ਮਾਰਦਾ ਅਤੇ ਉਹ ਉਸ ਲਈ ਲੜਦੇ, ਦੰਦੀਆਂ ਭਰਦੇ, ਖ਼ੂਨ ਨਾਲ ਲੱਥ-ਪੱਥ ਹੋ ਜਾਂਦੇ। ਸਾਰਾ ਪਰਿਵਾਰ ਹਲੇ-ਹਲੇ ਕਰਦਾ, ਉਨ੍ਹਾਂ ਨੂੰ ਉਕਸਾਉਂਦਾ ਰਹਿੰਦਾ। ਕੁੱਤਿਆਂ ਦੀ ਲੜਾਈ ਵਿੱਚੋਂ ਮਨੁੱਖ ਨੂੰ ਬੇਇੰਤਹਾ ਆਨੰਦ ਆਉਂਦਾ।

ਵਕਤ ਗੁਜ਼ਰਦਾ ਗਿਆ। ਕੁੱਤਿਆਂ ਦੀ ਥਾਂ ਕੁੱਕੜਾਂ ਦੀ ਲੜਾਈ ਨੇ ਲੈ ਲਈ। ਫੇਰ ਕੁੱਕੜਾਂ ਤੋਂ ਸੱਪਾਂ, ਨਿਉਲਿਆਂ, ਢੱਟਿਆਂ, ਸਾਨ੍ਹਾਂ ਦੀ ਲੜਾਈ ਦਾ ਦੌਰ ਆਉਂਦਾ ਰਿਹਾ। ਜਿਵੇਂ ਜਿਵੇਂ ਜੰਗਲੀ ਜਾਨਵਰ ਪਾਲਤੂ ਬਣਦੇ ਗਏ, ਮਨੁੱਖ ਉਨ੍ਹਾਂ ਨੂੰ ਬਦਲ-ਬਦਲ ਕੇ ਆਪਣੇ ਮਜ਼ੇ ਲਈ ਵਰਤਦਾ ਰਿਹਾ। ਅੱਜ ਤੋਂ ਦੋ ਢਾਈ ਹਜ਼ਾਰ ਸਾਲ ਪਹਿਲਾਂ ਸੰਸਾਰ ਵਿੱਚ ਗੁਲਾਮੀ ਦਾ ਦੌਰ ਸੀ। ਗੁਲਾਮਾਂ ਦੀ ਗਿਣਤੀ ਵੀ ਜਾਨਵਰਾਂ ਵਿਚ ਹੀ ਹੁੰਦੀ ਸੀ। ਲੜਾਈਆਂ ਦੀ ਤਬਾਹੀ ਤੋਂ ਬਾਅਦ ਜੰਗੀ-ਕੈਦੀ ਗੁਲਾਮ ਬਣਾ ਲਏ ਜਾਂਦੇ, ਉੱਥੋਂ ਦੀ ਜਨਤਾ ਦੇ ਕਮਾਊ ਹਿੱਸੇ ਨੂੰ ਬੇੜੀਆਂ ਲਾ, ਨੇਜ਼ਿਆਂ-ਤਲਵਾਰਾਂ ਨਾਲ ਹੱਕ ਕੇ ਅੱਗੇ ਲਾ ਲਿਆ ਜਾਂਦਾ। ਭਗੌੜਿਆਂ ਦੇ ਸਰੀਰ ਤੇ ਗਰਮ ਲੋਹੇ ਦੀਆਂ ਸਲਾਖਾਂ ਨਾਲ ਦਾਗ ਲਾਏ ਜਾਂਦੇ ਤੇ ਬਾਕੀਆਂ ਦੀ ਨਿਸ਼ਾਨੀ ਲਈ ਕੰਨ-ਨੱਕ ਵਿੰਨ੍ਹ ਦਿੱਤੇ ਜਾਂਦੇ। ਖੇਤਾਂ, ਦੁਕਾਨਾਂ ਤੇ ਹੋਰ ਘਰੋਗੀ ਕੰਮਾਂ ਤੋਂ ਇਲਾਵਾ ਗੁਲਾਮਾਂ ਵਿੱਚੋਂ ਚੰਗੇ ਗਤਕੇਬਾਜ਼ਾਂ ਨੂੰ ਲੱਭ ਕੇ ਇਕ-ਦੂਜੇ ਨਾਲ ਲੜਾਇਆ ਜਾਂਦਾ। ਰੋਮਨ ਸਾਮਰਾਜ ਦੇ ਗਤਕੇਬਾਜ਼ਾਂ ਦੀ ਲੜਾਈ ਇਤਿਹਾਸ ਵਿਚ ਮਸ਼ਹੂਰ ਹੈ। ਪੂਰੀ ਖੁਰਾਕ ਤੇ ਲੰਮੇ ਅਭਿਆਸ ਤੋਂ ਬਾਅਦ ਉਨ੍ਹਾਂ ਹੱਥ ਤਲਵਾਰਾਂ ਦੇ ਕੇ ਖੇਡ ਮੈਦਾਨਾਂ ਵਿਚ ਹਜ਼ਾਰਾਂ ਦਰਸ਼ਕਾਂ ਅੱਗੇ ਮਰਨ-ਮਾਰਨ ਲਈ ਛੱਡ ਦਿੱਤਾ ਜਾਂਦਾ। ਇਨ੍ਹਾਂ ਦੀ ਜਿੱਤ-ਹਾਰ ਤੇ ਵੱਡੀਆਂ-ਵੱਡੀਆਂ ਸ਼ਰਤਾਂ ਲਗਦੀਆਂ।

ਅੱਜ ਤੋਂ ਸੌ ਸਾਲ ਪਹਿਲਾਂ ਦੁਨੀਆ ਵਿੱਚ ਵੱਡੀ ਤਬਦੀਲੀ ਆਈ। ਵੀਹਵੀਂ ਸਦੀ ਵਿੱਚ ਮਨੁੱਖ ਧਰਤੀ ਦਾ ਘੇਰਾ ਤੋੜ ਕੇ ਚੰਦ ’ਤੇ ਜਾ ਪਹੁੰਚਿਆ ਪਰ ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਸੀ ਕਿ ਸਦੀ ਦੇ ਸ਼ੁਰੂ ਵਿੱਚ ਹੀ ਤੰਗੀਆਂ-ਤੁਰਸ਼ੀਆਂ ਵਿੱਚ ਦਿਨ ਕਟੀ ਕਰਦੀ ਅਤੇ ਸਾਮਰਾਜ ਦੇ ਜੂਲ਼ੇ ਵਿੱਚ ਆਈ ਦੁਨੀਆ ਦੇ ਵੱਡੇ ਹਿੱਸੇ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਸ ਤੋਂ ਬਿਹਤਰ ਜ਼ਿੰਦਗੀ ਜਿਊਣ ਲਈ ਸੰਘਰਸ਼ ਨਾਲ ਗੁਲਾਮੀ ਦੇ ਜੂਲ਼ੇ ਨੂੰ ਲਾਹ ਸਿੱਟਣਾ ਜ਼ਰੂਰੀ ਹੈ। ਇਸ ਸਮੂਹਿਕ ਸੋਚ ਤੋਂ ਪੈਦਾ ਹੋਏ ਬਦਲਾਅ ਦਾ ਹੀ ਨਤੀਜਾ ਸੀ, ਸਾਮਰਾਜਵਾਦ ਦਾ ਖਾਤਮਾ ਤੇ ਕੌਮਾਂ ਦਾ ਆਪਣੀ ਕਿਸਮਤ ਦਾ ਫੈਸਲਾ ਖੁਦ ਕਰਨ ਦੀ ਸਮਰੱਥਾ। ਪਰ ਇੱਕੀਵੀਂ ਸਦੀ ਆਉਂਦੇ-ਆਉਂਦੇ ਬਾਜ਼ੀ ਉਲਟੀ ਪੈ ਗਈ। ਪੁਰਾਣੇ ਲੁਟੇਰਿਆਂ ਤੇ ਘਾਗ ਸਿਆਸਤਦਾਨਾਂ ਨੇ ਮਿਲ ਕੇ ਜਨਤਾ ਨੂੰ ਨਾਅਰਿਆਂ, ਵਾਅਦਿਆਂ ਨਾਲ ਪਰਚਾ ਲਿਆ, ਇਨਕਲਾਬੀ ਤਾਕਤਾਂ ਨੂੰ ਭਰਮਾ ਲਿਆ ਤੇ ਰਾਜ ਕਰਨ ਦਾ ਨਵੇਂ ਨਾਵਾਂ ਹੇਠ ਉਹੀ ਪੁਰਾਣਾ ਢੰਗ ਅਪਣਾ ਲਿਆ। ਬਿੱਲੀਆਂ ਦੀ ਲੜਾਈ ਵਿੱਚੋਂ ਰੋਟੀ ਬਾਂਦਰਾਂ ਦੇ ਹੱਥ ਆ ਗਈਖ਼ੁਦਮੁਖ਼ਤਿਆਰੀ ਲਈ ਜਦੋ-ਜਹਿਦ ਦੇ ਦੌਰ ਵਿਚ ਹੀ ਸਾਮਰਾਜੀ ਤਾਕਤਾਂ ਨੇ ਇਨ੍ਹਾਂ ਮੁਲਕਾਂ ਅੰਦਰ ਮਜ਼੍ਹਬੀ ਜਨੂੰਨ ਭੜਕਾਇਆ ਤੇ ਇਸ ਆਧਾਰ ’ਤੇ ਹੀ ਵੱਖਰੀਆਂ ਕੌਮੀਅਤਾਂ ਦੀ ਬੁਨਿਆਦ ਰੱਖੀ। ਇਨ੍ਹਾਂ ਮੁਲਕਾਂ ਅੰਦਰ ਲੜਦੀ ਲੋਕਾਈ ਨੂੰ ਧੋਖੇ ਵਿਚ ਰੱਖ ਕੇ ਸਰਹੱਦਾਂ ਦੀ ਰੇਖਾ ਖਿੱਚ ਦਿੱਤੀ, ਜਿਸ ਦਾ ਕੋਈ ਭੂਗੋਲਿਕ ਆਧਾਰ ਨਹੀਂ ਸੀ। ਬਾਅਦ ਵਿਚ ਇਨ੍ਹਾਂ ਰੇਖਾਵਾਂ ਦਾ ਬਖੇੜਾ ਹੀ ਸਾਰਿਆਂ ਉੱਭਰਦਿਆਂ ਮੁਲਕਾਂ ਨੂੰ ਲੈ ਬੈਠਾ

ਇਹ ਗੱਲ ਤਾਂ ਸਹੀ ਹੈ ਕਿ ਵਿਗਿਆਨ ਦੇ ਸਹਾਰੇ ਮਨੁੱਖ ਨਾ ਸਿਰਫ ਖ਼ਲਾਅ ਵਿਚ ਚੰਦ ਤੋਂ ਵੀ ਅੱਗੇ ਨਿਕਲ ਗਿਆ ਹੈ, ਸਮੁੰਦਰਾਂ ਦੀ ਥਾਹ ਪਾ ਲਈ ਹੈ, ਭਿਆਨਕ ਬਿਮਾਰੀਆਂ ਦਾ ਇਲਾਜ ਲੱਭ ਕੇ ਜਨਮ-ਮੌਤ ਦੇ ਗੈਰ-ਕੁਦਰਤੀ ਤੇ ਕੁਦਰਤੀ ਕਾਰਨਾਂ ਉੱਤੇ ਕਾਫੀ ਹੱਦ ਤਕ ਕਾਬੂ ਪਾ ਲਿਆ। ਇਮਾਰਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਸੰਚਾਰ ਸਾਧਨਾਂ ਦੀ ਤਰੱਕੀ ਸਦਕਾ ਦੁਨੀਆ ਇੱਕ ਪਿੰਡ ਬਣ ਗਈ ਹੈ ਪਰ ਇਸ ਅਖੌਤੀ ‘ਪਿੰਡ’ ਦੀ ਅੱਧੀ ਤੋਂ ਵੱਧ ਆਬਾਦੀ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੈ। ਇਹ ਸਾਰੀ ਤਰੱਕੀ ਦੇ ਹੁੰਦਿਆਂ-ਸੁੰਦਿਆਂ ਭੁੱਖ ਅਤੇ ਬਿਮਾਰੀ ਦੀ ਸ਼ਿਕਾਰ ਹੈ। ਇਸ ਦਾ ਅਸਲ ਕਾਰਨ ਤਾਂ ਇਹ ਹੈ ਕਿ ਵਿਕਾਸ ਦੀ ਪੌੜੀ ਦੇ ਸਿਖਰਲੇ ਟੰਬੇ ਤੇ ਪਹੁੰਚ ਕੇ ਵੀ ਲੜਾਈਆਂ-ਤਮਾਸ਼ੇ ਦੇਖਣ ਦੀ ਮਨੁੱਖ ਦੀ ਪ੍ਰਵਿਰਤੀ ਬਦਲੀ ਨਹੀਂ, ਸਗੋਂ ਕੁੱਤਿਆਂ, ਕੁੱਕੜਾਂ, ਸੱਪਾਂ ਤੇ ਸਾਨ੍ਹਾਂ ਦੀ ਥਾਂ ਉਸ ਦੇ ਸਾਥੀ ਮਨੁੱਖਾਂ ਅਤੇ ਮੁਲਕਾਂ ਨੇ ਲੈ ਲਈ ਹੈ। ਰੁਪਈਆ, ਡਾਲਰ, ਪੌਂਡ ਅਤੇ ਅਜਿਹੇ ਸੈਂਕੜੇ ਨਾਵਾਂ ਨਾਲ ਜਾਣੀ ਜਾਂਦੀ ਮਾਇਆ ਦੀ ਖੇਡ ਸਾਰੀ ਦੁਨੀਆ ’ਤੇ ਖੇਡੀ ਜਾ ਰਹੀ ਹੈ। ਰਾਜ ਗੱਦੀ ਤੇ ਕਾਬਜ਼ ਲੋਕ ਇਸ ਪੈਸੇ ਦੀ ਖੇਡ ਵਿਚ ਬਹੁਗਿਣਤੀ ਦਾ ਸਿਰਫ ਖ਼ੂਨ ਹੀ ਨਹੀਂ ਚੂਸ ਰਹੇ, ਸਗੋਂ ਉਨ੍ਹਾਂ ਦੀ ਵੱਡੇ-ਵੱਡੇ ਸਮੂਹਾਂ ਦੀ ਆਪਸੀ ਮਾਰਧਾੜ ਵਿੱਚੋਂ ਆਨੰਦ ਵੀ ਲੈ ਰਹੇ ਹਨ।

ਹੁਣ ਇਨ੍ਹਾਂ ਤਾਕਤਾਂ ਨੂੰ ਤਲਵਾਰ ਫੜ ਕੇ ਲੜਾਈ ਕਰਦੇ ਦੋ ਮਨੁੱਖਾਂ ਦੀ ਲੜਾਈ ਵਿੱਚੋਂ ਖੁਸ਼ੀ ਨਹੀਂ ਮਿਲਦੀ, ਜਾਨਵਰਾਂ ਦਾ ਖਹਿੜਾ ਤਾਂ ਉਹ ਕਦੋਂ ਦਾ ਛੱਡ ਚੁੱਕੇ ਹਨ, ਸਗੋਂ ਉਹਨਾਂ ਦੀ ਰਾਖੀ ਲਈ ਕਾਨੂੰਨ ਵੀ ਬਣਾ ਦਿੱਤੇ ਹਨ; ਹੁਣ ਤਾਂ ਮੁਲਕਾਂ ਦੀ ਜੰਗੀ ਤਬਾਹੀ ਵਿੱਚੋਂ ਜ਼ਿਆਦਾ ਸਕੂਨ ਹਾਸਲ ਹੁੰਦਾ ਹੈ। ਜਿਨ੍ਹਾਂ ਹਥਿਆਰਾਂ ਦੀ ਅਜ਼ਮਾਇਸ਼ ਬੇਗੁਨਾਹ ਲੋਕਾਂ ਉੱਤੇ ਕੀਤੀ ਜਾਂਦੀ ਹੈ, ਉਨ੍ਹਾਂ ਹਥਿਆਰਾਂ ਦੀ ਵਿਕਰੀ ਵਿੱਚ ਵੱਡਾ ਮੁਨਾਫਾ ਛੁਪਿਆ ਹੁੰਦਾ ਹੈ। ਦੂਜੇ ਪਾਸੇ, ਦਾਨਸ਼ਵਰ ਕਹਿੰਦੇ ਹਨ ਕਿ ਇੱਕ ਵੱਡੇ ਬੰਬ ਜਾਂ ਲੜਾਕੂ ਜਹਾਜ਼ ਦੀ ਰਕਮ ਸਿੱਖਿਆ ’ਤੇ ਲਾਉਣ ਨਾਲ ਕਰੋੜਾਂ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ ਜਾਂ ਲੱਖਾਂ ਬਿਮਾਰਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਸੰਸਾਰ ਦਾ ਇਹ ਹਾਲ ਵੇਖ ਕੇ ਹਰ ਇਨਸਾਫ਼ ਪਸੰਦ ਇਨਸਾਨ ਚਿੰਤਤ ਹੈ। ਉਸ ਤੋਂ ਬੇਕਸੂਰ ਲੋਕਾਂ ਤੇ ਡਿੱਗਦੇ ਬੰਬਾਂ ਦੀ ਤਬਾਹੀ ਵੇਖ ਨਹੀਂ ਹੁੰਦੀ ਪਰ ਉਹ ਕਰੇ ਕੀ? ਇਹ ਅੱਜ ਦਾ ਨਿਹਾਇਤ ਅਹਿਮ ਵਿਸ਼ਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3575)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)