KarnailSSomal7ਅੱਗੇ ਬੈਠਾ ਬਾਬੂ ਪੰਜ ਸੌ ਮੰਗੇ। ਮੈਨੂੰ ਗੁੱਸਾ ਚੜ੍ਹ ਗਿਆ। ਸਿੱਧਾ ਤਹਿਸੀਲਦਾਰ ਕੋਲ ਗਿਆ ...
(9 ਮਈ 2022)
ਮਹਿਮਾਨ: 31.

 

ਧਰਮਸ਼ਾਲਾ ਦੀ ਚਾਰਦੀਵਾਰੀ ਦੇ ਬਾਹਰਵਾਰ ਵੱਡੀ ਨਿੰਮ ਹੇਠ ਦੋ ਵੱਡੇ ਤਖ਼ਤਪੋਸ਼ਾਂ ਉੱਤੇ ਪਿੰਡ ਦੇ ਬਜ਼ੁਰਗ ਆ ਬੈਠਦੇ। ਸਾਰੇ ਈ ਬੜੇ ਦਾਨੇ ਤੇ ਦੇਸ-ਦੁਨੀਆਂ ਘੁੰਮੇ ਹੋਏ। ਜ਼ਮਾਨੇ ਦੀਆਂ ਗੱਲਾਂ, ਰਾਜਨੀਤੀ ਦੀ ਛਿੱਲ-ਤਰਾਸ਼, ਆਮ ਵਿਹਾਰ ਦੀ ਸੂਝ; ਉੱਤੋਂ ਗੱਲ ਕਰਨ ਦਾ ਸੋਹਣਾ ਤਰੀਕਾ, ਨਾ ਕਿਸੇ ਨਾਲ ਪੱਖ-ਪਾਤ ਤੇ ਨਾ ਵੈਰ-ਭਾਵ। ਦੂਜਿਆਂ ਦੀ ਬਦਖੋਈ ਕਰਨ ਦੀ ਬਾਣ ਕਿਸੇ ਨੂੰ ਵੀ ਨਾ। ਕਈ ਆਖਦੇ ਇਹ ਤਾਂ ਭਾਈ ਸਕੂਲ ਹੈ, ਅਕਲ ਦੀਆਂ ਬਾਰੀਕੀਆਂ ਸਿੱਖਣੀਆਂ ਹੋਣ ਤਾਂ ਇੱਥੇ ਘੜੀ-ਬਿੰਦ ਬੈਠੋ। ਕੋਈ ਅੰਗਰੇਜ਼ੀ ਦਾ ਅਖ਼ਬਾਰ ਪੜ੍ਹਦਾ, ਕੋਈ ਗੁਰਮੁਖੀ ਦਾ। ਚੰਗੀਆਂ ਕਿਤਾਬਾਂ ਦੀ ਮੱਸ ਰੱਖਣ ਵਾਲੇ ਵੀ ਕਈ। ਸੋਸ਼ਲ ਮੀਡੀਆ ਉੱਤੇ ਚੰਗੇ ਪ੍ਰੋਗਰਾਮਾਂ ਬਾਰੇ ਵਿਚਾਰ-ਚਰਚਾ ਕਰਨ ਵਾਲੇ ਆਪਣੀ ਹਾਜ਼ਰੀ ਲੁਆਉਣੀ ਨਾ ਭੁੱਲਦੇ। ਕਈ ਭਾਵੇਂ ਅਗਲੀ ਪੀੜ੍ਹੀ ਦੇ ਹੁੰਦੇ ਪਰ ਅਕਲੋਂ ‘ਬੁੱਢੇ’ ਮੰਨੇ ਜਾਂਦੇ। ਇਸ ਬੈਠਕ ਨੂੰ ‘ਸੱਜਣਾਂ ਦੀ ਬੈਠਕ’ ਵੀ ਕਿਹਾ ਜਾਂਦਾ। ਨਿੱਜ ਦੀ ਗੱਲ ਕਹਿਣੀ ਹੁੰਦੀ ਤਾਂ ਵੀ ਜ਼ਰਾ ਓਹਲਾ ਰੱਖ ਕੇ। ਆਖਿਆ ਜਾਂਦਾ ਸੀ ‘ਇੱਕ ਬੰਦਾ ਸੀ, ਮੇਰਾ ਬੜਾ ਜਾਣੂ।’ ਕਹਾਣੀ ਕਲਾ ਦੀਆਂ ਸਾਰੀਆਂ ਜੁਗਤਾਂ ਇੱਥੇ ਵਰਤੀਆਂ ਜਾਂਦੀਆਂ। ਤਦੇ ਗੱਲਬਾਤ ਸਦਾ ਦਿਲਚਸਪ ਬਣ ਜਾਂਦੀ। ਉਂਜ ਸਾਰੇ ਜਾਣਦੇ ਸਨ ਕਿ ਇੱਥੇ ਕਹੀ ਗੱਲ ‘ਗਪੌੜ’ ਨਹੀਂ, ਸੱਚੀਓਂ ਕਿਤੇ ਹੋਈ-ਬੀਤੀ ਹੈ।

ਕੋਈ ਗੱਲ ਤੁਰਦੀ ਤਾਂ ਉਸ ’ਤੇ ਨਿੱਠਵੀਂ ਵਿਚਾਰ ਹੁੰਦੀ। ਪਿਛਲੇ ਕਈ ਦਿਨਾਂ ਤੋਂ ‘ਭ੍ਰਿਸ਼ਟਾਚਾਰ’ ਨੂੰ ਜੜ੍ਹੋਂ ਉਖੇੜਨ ਦਾ ਭਖਵਾਂ ਮੁੱਦਾ ਸੀ। ਗੱਲ ਤੋਰਨ ਲਈ ਸੁਜਾਨ ਸਿੰਘ ਨੇ ਕਿਹਾ ਕਿ ਇਹ ਵਬਾ ਬੜੀ ਪੁਰਾਣੀ ਐ। ਭ੍ਰਿਸ਼ਟ ਬੰਦੇ ਬੜੇ ਜੁਗਾੜੀ ਤੇ ਤੇਜ਼ ਹੁੰਦੇ ਹਨ। ਭਲੇ ਸਮਿਆਂ ਵਿੱਚ ਕਿਸੇ ਰਾਜੇ ਨੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਸ਼ਿਕੰਜਾ ਕੱਸਿਆ। ਇੱਕ ਬਹੁਤੇ ਹੀ ਮੰਨੇ ਹੋਏ ਰਿਸ਼ਵਤਖੋਰ ਨੂੰ ਸਜ਼ਾ ਬਦਲ ਕੇ ਕਿਹਾ ਕਿ ਉਹ ਦਰਿਆ ਦੀਆਂ ਲਹਿਰਾਂ ਗਿਣਿਆ ਕਰੇ। ਉਸ ਬੰਦੇ ਨੇ ਮੁਸਾਫ਼ਰਾਂ ਨੂੰ ਦਰਿਆ ਤੋਂ ਆਰ-ਪਾਰ ਲੰਘਾਉਣ ਲਈ ਕਿਸ਼ਤੀਆਂ ਉੱਤੇ ਰੋਕ ਲਾ ਦਿੱਤੀ। ਅਖੇ, ਕਿਸ਼ਤੀ ਚੱਲਣ ਨਾਲ ਲਹਿਰਾਂ ਦੀ ਗਿਣਤੀ ਠੀਕ ਨਹੀਂ ਹੁੰਦੀ। ਨਾਲ ਹੀ ਰਾਹ ਕੱਢਿਆ ਕਿ ਜਿਹੜਾ ਚੜ੍ਹਾਵਾ ਚੜ੍ਹਾਊੂ ਉਹ ਬਿਨਾ ਰੁਕਾਵਟ ਲੰਘੀ ਜਾਵੇ। ਉਸ ਦਾ ਇਹ ਕਾਰੋਬਾਰ ਚੰਗਾ ਚੱਲ ਪਿਆ। ਇਸ ਤਰ੍ਹਾਂ, ਸੱਜਣੋਂ ਹੇਰਾਫੇਰੀ ਕਰਨ ਵਾਲੇ ਕਦੋਂ ਟਲ਼ਦੇ ਹਨ।

ਬਖਤਾਵਰ ਸਿੰਘ ਕਹਿੰਦਾ ਕਿ ਚੜ੍ਹਦੀ ਵੱਲ ਸਾਡੇ ਚਾਰ-ਪੰਜ ਕਿੱਲਿਆਂ ਦਾ ਟੱਕ ਸੀ। ਜ਼ਮੀਨ ਡਾਕਰ (ਰੱਕੜ) ਸੀ। ਕੋਈ ਖ਼ਾਸ ਫ਼ਸਲ ਨਾ ਹੋਵੇ, ਮਾੜੀ-ਮੋਟੀ ਚਰ੍ਹੀ ਜਾਂ ਫਿਰ ਛੋਲੇ। ਬਰੂ ਬਹੁਤ ਹੁੰਦਾ ਤੇ ਚੰਗੀ ਭਲੀ ਜੰਮੀ ਫ਼ਸਲ ਨੂੰ ਦੱਬ ਲੈਂਦਾ। ਬਥੇਰਾ ਜੜ੍ਹੋਂ ਪੁੱਟਿਆ ਪਰ ਬੀਜੀ ਗਈ ਫ਼ਸਲ ਨਾਲੋਂ ਜ਼ਿਆਦਾ ਇਹੋ ਵਧਿਆ ਹੁੰਦਾ। ਬਰੂ ਵਾਂਗ ਭ੍ਰਿਸ਼ਟਾਚਾਰ ਨੂੰ ਪੁੱਟਣਾ ਬੜਾ ਔਖੈ। ਫਿਰ ਜਦੋਂ ਟ੍ਰੈਕਟਰ ਆ ਗਿਆ ਤਾਂ ਬਰੂ ਦੀ ਜੜ੍ਹ ਹੀ ਵੱਢੀ ਗਈ। ਚੇਤਨ ਸਿੰਘ ਕਹਿੰਦਾ ਅਸੀਂ ਛੋਟੇ ਛੋਟੇ ਸਾਂ ਜਦੋਂ ਸਾਡਾ ਬਾਪ ਕਿਸੇ ਬਿਮਾਰੀ ਨੇ ਮੰਜੇ ਜੋਗਾ ਕਰ ਦਿੱਤਾ। ਆਹ ਸੜਕ ਨਿੱਕਲਣੀ ਸੀ। ਸਾਡੀ ਮਾਂ ਮੱਝਾਂ ਨੂੰ ਖੇਤਾਂ ਤਕ ਘੁਮਾਉਣ ਲਿਆਈ। ਅੱਗੇ ਸੜਕ ਦਾ ਸਰਵੇ ਕਰਨ ਵਾਲੇ ਸਨ। ਬੇਬੇ ਨੇ ਕਿਹਾ, ਵੇ ਵੀਰ ਇਸ ਸੜਕ ਨਾਲ ਤਾਂ ਸਾਡੇ ਖੇਤਾਂ ਦੇ ਦੋ ਟੋਟੇ ਹੋ ਜਾਣਗੇ। ਕੋਈ ਹੀਲਾ ਦੱਸ। ਮੋਹਰੀ ਬਾਬੂ ਨੇ ਕਿਹਾ, ‘ਹੋਜੂਗਾ।’ ਬੇਬੇ ਗੁੱਝੀ ਨੂੰ ਬੁੱਝਦੀ ਹੋਈ ਕਾਹਲੀ ਨਾਲ ਘਰ ਆਈ। ਉਸ ਕੋਲ ਪੰਜਾਹ ਰੁਪਏ ਸਾਂਭੇ ਹੋਏ ਸਨ। ਉਹ ਉਸ ਨੇ ‘ਹੁੰਗਾਰਾ’ ਭਰਨ ਵਾਲੇ ਨੂੰ ਲਿਆ ਕੇ ਦੇ ਦਿੱਤੇ। ਸੱਤ ਕੁ ਦਹਾਕੇ ਪਹਿਲਾਂ ਇੰਨੇ ਰੁਪਏ ਵੱਡਾ ਮੁੱਲ ਰੱਖਦੇ ਸਨ। ਸੜਕ ਪਰ ਨਾਲ ਦੇ ਪਹੇ ਵੱਲ ਨਾ ਹੋ ਕੇ ਸਾਡੇ ਖੇਤਾਂ ਵਿੱਚੋਂ ਹੀ ਨਿੱਕਲੀ। ਐਦਾਂ ਭੋਲੇ-ਭਾਲੇ ਲੋਕਾਂ ਤੋਂ ਪੈਸੇ ਮਾਠਣ ਵਾਲੇ ਬੜੇ ਹਨ।

ਲੰਬੜਦਾਰ ਸਾਵਣ ਸਿੰਘ ਨੇ ਆਪਣੀ ਸੁਣਾਈ। ਕਹਿੰਦਾ, ਜ਼ਮੀਨ ਦਾ ਮਾਲੀਆ (ਢਾਲ) ਉਗਰਾਹਿਆ ਜਾ ਚੁੱਕਾ ਸੀ। ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਸੀ। ਕਿਸੇ ਕਾਰਨ ਇੱਕ ਲੰਬੜਦਾਰ ਜਾ ਨਾ ਸਕਿਆ। ਉਸ ਨੇ ਆਪਣੇ ਉਡਾਰ ਹੋਏ ਦਸਵੀਂ ਪਾਸ ਮੁੰਡੇ ਨੂੰ ਸਾਡੇ ਨਾਲ ਭੇਜ ਦਿੱਤਾ। ਖ਼ਜ਼ਾਨੇ ਜਾ ਕੇ ਸਾਡੇ ਵਿੱਚੋਂ ਇੱਕ ਨੇ ਹਰ ਵਾਰੀ ਦੀ ਤਰ੍ਹਾਂ ਕਿਹਾ, “ਪੰਜ ਪੰਜ ਰੁਪਏ ਇਕੱਠੇ ਕਰਕੇ ਦਫਤਰ ਦੇ ਬਾਬੂ ਨੂੰ ਦੇ ਦਿਓ, ਉਹ ਚਲਾਨ ਫਾਰਮ ਭਰ ਕੇ ਢਾਲ ਜਮ੍ਹਾਂ ਕਰਵਾ ਦੇਵੇਗਾ।” ਉਹ ਨੌਜਵਾਨ ਆਖੇ, ਪੈਸੇ ਕਾਹਦੇ ਦੇਈਏ? ਗ਼ਲਤ ਕੰਮ ਤਾਂ ਨਹੀਂ ਕਰਾਉਣਾ। ਬੱਸ ਫਿਰ ਉਹ ਹਰ ਅੱਧੇ ਘੰਟੇ ਪਿੱਛੋਂ ਬਾਬੂ ਜੀ ਕੋਲ ਜਾਵੇ ਤਾਂ ਜਵਾਬ ਮਿਲੇ, ਠਹਿਰੋ ਅਜੇ। ਤੀਜਾ ਪਹਿਰ ਹੋ ਗਿਆ। ਪੈਦਲ ਵਾਟ ਆਉਣ ਕਰਕੇ ਥਕੇਵਾਂ ਸੀ। ਭੁੱਖ ਵੀ ਲੱਗੀ ਹੋਈ ਸੀ। ਅੰਤ ਨੂੰ ਕੋਈ ਚਾਰਾ ਨਾ ਚੱਲਦਾ ਵੇਖ ਕੇ ਨੌਜਵਾਨ ਨੇ ਨਿੰਮੋਝੂਣਾ ਹੋ ਕੇ ਆਖਿਆ, ਚਲੋ ਪੰਜ ਪੰਜ ਰੁਪਏ ਇਕੱਠੇ ਕਰੋ। ਅਗਲੇ ਪੰਜ ਮਿੰਟਾਂ ਵਿੱਚ ਢਾਲ ਭਰੀ ਜਾ ਚੁੱਕੀ ਸੀ। ਸਾਵਣ ਸਿੰਘ ਨੇ ਗੱਲ ਮੁਕਾਉਂਦਿਆਂ ਕਿਹਾ, ਵੱਢੀ ਦਾ ਵਿਹਾਰ ਹੀ ਬਣ ਗਿਆ। ਅਗਲੇ ਖੱਜਲ-ਖ਼ੁਆਰ ਹੋਣ ਨਾਲੋਂ ਇਹ ਚੱਟੀ ਭਰਨੀ ਪਰਵਾਨ ਕਰਦੇ ਰਹੇ ਹਨ।

ਉੱਥੇ ਬੈਠਿਆਂ ਵਿੱਚੋਂ ਇੱਕ ਨੇ ਕਿਹਾ, ਤਹਿਸੀਲਦਾਰ ਕੋਲ ਸ਼ਿਕਾਇਤ ਕਰਦੇ। ਇਸਦਾ ਉੱਤਰ ਵੀ ਨਾਲ ਹੀ ਮਿਲ ਗਿਆ। ਮਾਸਟਰ ਨਿਰਮਾਣ ਸਿੰਘ ਕਹਿੰਦਾ ਕਿ ਇਕੇਰਾਂ ਜ਼ਮੀਨ ਦੇ ਇੱਕ ਟੋਟੇ ਦੀ ਰਜਿਸਟਰੀ ਹੋਈ ਸੀ। ਕੀਮਤ ਤਾਂ ਤਾਰ ਦਿੱਤੀ ਸੀ, ਫੁਟਕਲ ਖ਼ਰਚੇ ਸਨ ਦੋ-ਢਾਈ ਸੌ ਦੇ। ਅੱਗੇ ਬੈਠਾ ਬਾਬੂ ਪੰਜ ਸੌ ਮੰਗੇ। ਮੈਨੂੰ ਗੁੱਸਾ ਚੜ੍ਹ ਗਿਆ। ਸਿੱਧਾ ਤਹਿਸੀਲਦਾਰ ਕੋਲ ਗਿਆ। ਮੈਂ ਕਿਹਾ, ਦਫਤਰ ਵਾਲਾ ਬਾਬੂ ਵਾਧੂ ਪੈਸੇ ਮੰਗ ਰਿਹਾ ਹੈ। ਤਹਿਸੀਲਦਾਰ ਆਖੇ, ਕੋਈ ਵਾਧੂ ਨਹੀਂ ਮੰਗਦਾ, ਸਭ ਠੀਕ ਹੈ। ਟੋਭੇ ਦਾ ਗਵਾਹ ਡੱਡੂ। ਅਖ਼ੀਰ ਬੇਵਸੀ ਵਿੱਚ ਮੈਨੂੰ ਪੰਜ ਸੌ ਹੀ ਭਰਨੇ ਪਏ। ਚਾਨਣ ਸਿੰਘ ਕਹਿੰਦਾ, ਮੇਰਾ ਜਾਣੂ ਇੱਕ ਬੰਦਾ ਬੜਾ ਸਿਆਣਾ ਸੀ। ਹਰ ਅਨਿਆਂ ਦੇ ਅੱਗੇ ਅੜ ਜਾਇਆ ਕਰੇ। ਉਸ ਦਾ ਕੰਮ ਫਿਰ ਵੀ ਨਾ ਹੁੰਦਾ। ਦਫਤਰਾਂ ਦੇ ਗੇੜੇ ਮਾਰਦਿਆਂ ਜੁੱਤੀਆਂ ਟੁੱਟ ਗਈਆਂ। ਹਾਲਤ ਨੀਮ-ਪਾਗਲਾਂ ਵਰਗੀ ਹੋ ਗਈ।

ਬਾਬਾ ਹੀਰਾ ਸਿੰਘ ਕਹਿੰਦਾ ਕਿ ਇਹੋ ਜਿਹੀਆਂ ਬੜੀਆਂ ਹੱਡ-ਬੀਤੀਆਂ ਨੇ ਸਾਰਿਆਂ ਕੋਲ। ਸੌ ਹੱਥ ਰੱਸਾ ਸਿਰੇ ’ਤੇ ਗੰਢ, ਕੋਈ ਇਕੱਲਾਕਾਰਾ ਇਸ ਨੂੰ ਖ਼ਤਮ ਨਹੀਂ ਕਰ ਸਕਦਾ। ਹਜ਼ਾਰਾ ਸਿੰਘ ਕਹਿੰਦਾ, ਸਾਰੇ ਮਿਲ ਕੇ ਚੱਲਣ ਜਿਵੇਂ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਚੱਲੇ ਸਨ। ਲੋਕ ਜਾਗਰੂਕ ਹੋਣ ਤਾਂ ਉਨ੍ਹਾਂ ਦਾ ਬੱਲ ਸਾਰਿਆਂ ਤੋਂ ਉੱਪਰ ਹੁੰਦਾ ਹੈ। ਹਾਂ, ਸਰਕਾਰਾਂ ਦੇ ਹੱਥ ਬਹੁਤ ਕੁਝ ਹੈ, ਯਥਾ ਰਾਜਾ ਤਥਾ ਪਰਜਾ। ਜੇ ਨੀਤਾਂ ਸਿੱਧੀਆਂ ਹੋਣ, ਅਗਵਾਈ ਕਰਨ ਵਾਲੇ ਲਬ-ਲਾਲਚ ਤੋਂ ਪਰੇ ਹੋਣ ਤਾਂ ਸਭ ਨੂੰ ਸਾਹ ਸੁਖਾਲਾ ਆਵੇ।”

ਬਾਬਾ ਨਰੈਣ ਸਿੰਘ ਆਖਣ ਲੱਗ, “ਸਾਰੇ ਦੁਖੀ ਨੇ, ਅੱਕੇ ਪਏ ਨੇ। ਹੁਣ ਭ੍ਰਿਸ਼ਟਾਚਾਰ ਨੂੰ ਨੱਥ ਜ਼ਰੂਰ ਪਊ। ਇਹ ਲੋਕਾਂ ਦੇ ਅੰਦਰ ਦੀ ਅਵਾਜ਼ ਹੈ।”

ਬਾਕੀ ਵੀ ਆਪ ਮੁਹਾਰੇ ਬੋਲੇ, “ਹਾਂ, ਭਾਈ ਲੋਕ ਰਲ ਕੇ ਹੰਭਲਾ ਮਾਰਨ। ਸਰਕਾਰ ਵੀ ਸਖ਼ਤੀ ਕਰੇ। ਫਿਰ ਹੋਊ ਕਿਵੇਂ ਨਾ ...।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3554)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

Phone: (91 - 88476 - 47101)
Email: (kssomal@gmail.com)