“ਵਾਤਾਵਰਨ ਦੀ ਤਬਾਹੀ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਬੇਸ਼ਕ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ...”
(7 ਮਈ 2022)
ਮਹਿਮਾਨ: 43.
ਬਟਾਲਾ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਦੀ ਲਪੇਟ ਵਿੱਚ ਸਕੂਲ ਬੱਸ ਦੇ ਆਉਣ ਨਾਲ ਕਈ ਬੱਚਿਆਂ ਦੇ ਝੁਲਸ ਜਾਣ ਦੇ ਦਰਦਨਾਕ ਹਾਦਸੇ ਨੇ ਹਰ ਸੰਵੇਦਨਸ਼ੀਲ ਇਨਸਾਨ ਦੇ ਦਿਲ ਨੂੰ ਝੰਜੋੜਿਆ ਹੈ। ਨਾੜ ਨੂੰ ਲਾਈ ਜਾ ਰਹੀ ਅੱਗ ਕਾਰਨ ਹਰ ਵਾਰ ਸੈਂਕੜੇ ਲੋਕਾਂ ਨਾਲ ਹਾਦਸੇ ਹੁੰਦੇ ਹਨ। ਰੁੱਖ ਤੇ ਪਸ਼ੂ ਪੰਛੀ ਸੜਦੇ ਹਨ ਤੇ ਵਾਤਾਵਰਣ ਤਬਾਹ ਹੁੰਦਾ ਹੈ। ਇਹ ਕਿਸਾਨਾਂ ਵੱਲੋਂ ਪੈਸੇ ਬਚਾਉਣ ਅਤੇ ਵੱਧ ਮੁਨਾਫੇ ਕਮਾਉਣ ਦੀ ਲਾਲਸਾ ਵਿੱਚ ਕੀਤੇ ਜਾ ਰਹੇ ਜੁਰਮ ਹਨ। ਨਾੜ ਸਾੜਨਾ ਕੋਈ ਮਜਬੂਰੀ ਜਾਂ ਇੱਕੋ-ਇੱਕ ਹੱਲ ਨਹੀਂ ਹੈ, ਕਿਸਾਨਾਂ ਦੀ ਇੱਕ ਵੱਡੀ ਗਿਣਤੀ ਅਜਿਹੀ ਵੀ ਹੈ ਜਿਹੜੀ ਸਾੜਨ ਦੀ ਥਾਂ ਹੋਰ ਢੰਗ ਅਪਣਾਉਂਦੀ ਹੈ।
ਕਿਸਾਨੀ ਦੀਆਂ ਵੱਖ-ਵੱਖ ਪਰਤਾਂ (ਛੋਟੀ, ਦਰਮਿਆਨੀ ਅਤੇ ਧਨੀ ਕਿਸਾਨੀ) ਵਿੱਚੋਂ ਵੀ ਇਸ ਵਾਤਾਵਰਨ ਦੋਖੀ ਰਵਈਏ ਲਈ ਧਨੀ ਕਿਸਾਨੀ ਮੁੱਖ ਦੋਸ਼ੀ ਹੈ। ਧਨੀ ਕਿਸਾਨੀ ਮੰਡੀ ਵਿੱਚ ਆਉਣ ਵਾਲੀ ਫਸਲ ਦਾ ਵੱਡਾ ਹਿੱਸਾ ਪੈਦਾ ਕਰਦੀ ਹੈ, ਖੇਤੀ ਵਿੱਚੋਂ ਮੋਟੀ ਕਮਾਈ ਕਰਦੀ ਹੈ, ਖੇਤੀ ਵਿੱਚੋਂ ਮੁਨਾਫਾ ਹੋਰ ਕੰਮ-ਧੰਦਿਆਂ ਵਿੱਚ ਲਾ ਰਹੀ ਹੈ। ਇੱਕ-ਦੂਜੇ ਤੋਂ ਵਧ-ਚੜ੍ਹ ਕੇ ਜ਼ਮੀਨ ਦਾ ਠੇਕਾ ਦਿੰਦੀ ਹੈ। ਅਨੇਕਾਂ ਤਰ੍ਹਾਂ ਦੀ ਫਜ਼ੂਲ ਖਰਚੀ ਕਰਦੀ ਹੈ।, ਟਰੈਕਟਰਾਂ ਦੇ ਟੋਚਨ ਮੁਕਾਬਲੇ ਜਿਹਾ ਫੁਕਰਪੁਣਾ ਕਰਦੀ ਹੈ। ਕਿਸਾਨੀ ਦਾ ਇਹ ਹਿੱਸਾ ਕਿਸੇ ਤਰ੍ਹਾਂ ਦੇ ਵੀ ਸੰਕਟ ਦਾ ਸ਼ਿਕਾਰ ਨਹੀਂ ਹੈ।
ਕਈ ਸੂਝਵਾਨ ਸੱਜਣ ‘ਖੇਤੀ ਸੰਕਟ’ ਦਾ ਫਜ਼ੂਲ ਰੋਣਾ ਰੋਂਦੇ ਹੋਏ ਨਾੜ ਨੂੰ ਅੱਗ ਲਾਉਣ ਸਮੇਤ ਕਿਸਾਨੀ ਦੇ ਇਸ ਹਿੱਸੇ ਦੇ ਕੁਕਰਮਾਂ ਦੀ ਵੀ ਹਿਮਾਇਤ ਵਿੱਚ ਉੱਤਰ ਆਉਂਦੇ ਹਨ। ਕਣਕ ਜਾਂ ਝੋਨੇ ਦਾ ਨਾੜ ਸਾੜਨਾ ਇਸ ਹਿੱਸੇ ਦੀ ਕਿਸੇ ਵੀ ਤਰ੍ਹਾਂ ਮਜਬੂਰੀ ਨਹੀਂ ਹੈ। ਕੁਝ ਕਿਸਾਨ ਜਥੇਬੰਦੀਆਂ, ਖਾਸ ਤੌਰ ’ਤੇ ਝੋਨੇ ਦੇ ਨਾੜ ਦੇ ਨਿਪਟਾਰੇ ਲਈ ਪ੍ਰਤੀ ਕਿੱਲਾ ਵਾਧੂ ਮੁਆਵਜ਼ੇ/ਮੁਨਾਫੇ ਦੀ ਮੰਗ ਕਰਦੀਆਂ ਹਨ। ਪਹਿਲਾਂ ਹੀ ਖੇਤੀ ਵਿੱਚੋਂ ਮੁਨਾਫਾ ਕਮਾ ਰਹੇ ਇਸ ਹਿੱਸੇ ਨੂੰ ਜੇ ਝੋਨੇ ਜਾਂ ਕਣਕ ਦੇ ਨਾੜ ਲਈ ਲਈ ਸਰਕਾਰ ਵਾਧੂ ਮੁਨਾਫਾ ਦੇਵੇ ਵੀ ਤਾਂ ਵੀ ਇਸ ਹਿੱਸੇ ਵੱਲੋਂ ਅੱਗ ਲਾਉਣਾ ਬੰਦ ਹੋਣ ਦੀਆਂ ਸੰਭਾਵਨਾਵਾਂ ਨਾਮਾਤਰ ਹਨ। ਇਹਨਾਂ ਲਈ ਅਜਿਹੇ ਮੁਆਵਜ਼ੇ/ਮੁਨਾਫੇ ਦੀ ਮੰਗ ਵੀ ਗਲਤ ਹੈ। ਸਗੋਂ ਬਿਜਲੀ ਬਿੱਲ ਦੀ ਮੁਆਫੀ ਦੇ ਰੂਪ ਵਿੱਚ ਇਹ ਪਹਿਲਾਂ ਹੀ ਸਰਕਾਰੀ ਖਜ਼ਾਨੇ ਉੱਪਰ ਬੋਝ ਹਨ। ਪੰਜਾਬ ਵਿੱਚ 6700 ਕਰੋੜ ਦੀ ਬਿਜਲੀ ਸਬਸਿਡੀ ਦਾ 28 ਫੀਸਦੀ ਉਹਨਾਂ ਧਨੀ ਕਿਸਾਨਾਂ ਕੋਲ਼ ਜਾਂਦਾ ਹੈ, ਜਿਹਨਾਂ ਕੋਲ਼ ਦੋ ਜਾਂ ਵੱਧ ਮੋਟਰਾਂ ਹਨ। ਦੂਜੇ ਪਾਸੇ ਇੱਕ ਲੱਖ ਤੋਂ ਵੱਧ ਛੋਟੇ ਕਿਸਾਨਾਂ ਕੋਲ਼ ਆਪਣੀ ਮੋਟਰ ਹੀ ਨਹੀਂ ਹੈ।
ਮੰਡੀ ਦੇ ਮੁਕਾਬਲੇ ਕਾਰਨ ਛੋਟੀ ਅਤੇ ਦਰਮਿਆਨੀ ਕਿਸਾਨੀ ਵੀ ਧਨੀ ਕਿਸਾਨੀ ਜਿਹੀ ਖੇਤੀ ਮਸ਼ੀਨਰੀ, ਬੀਜ, ਖਾਦਾਂ, ਦਵਾਈਆਂ ਆਦਿ ਖਰੀਦਣ ਲਈ ਮਜਬੂਰ ਹੁੰਦੀ ਹੈ। ਘੱਟ ਰਕਬੇ ਦੀ ਖੇਤੀ ਕਾਰਨ ਇਹਨਾਂ ਦੀ ਆਮਦਨ ਵੀ ਘੱਟ ਹੁੰਦੀ ਹੈ। ਛੋਟੀ ਕਿਸਾਨੀ ਦਾ ਤਾਂ ਖੇਤੀ ਸਹਾਰੇ ਪਰਿਵਾਰ ਦਾ ਗੁਜ਼ਾਰਾ ਮਸਾਂ ਹੁੰਦਾ ਹੈ। ਖਰਚਾ ਬਚਾਉਣ ਦੇ ਚੱਕਰ ਵਿੱਚ ਇਸ ਹਿੱਸੇ ਵਿੱਚੋਂ ਵੀ ਕਈ ਕਿਸਾਨ ਧਨੀ ਕਿਸਾਨੀ ਵਾਂਗ ਨਾੜ ਨੂੰ ਸਾੜਨ ਦਾ ਕੰਮ ਕਰਦੇ ਹਨ। ਮੰਡੀ ਵਿਚਲੀ ਫਸਲ ਦੇ ਹਿੱਸੇ ਵਾਂਗ ਕਿਸਾਨੀ ਦੇ ਕੁੱਲ ਪ੍ਰਦੂਸ਼ਣ ਵਿੱਚ ਵੀ ਇਹਨਾਂ ਦਾ ਹਿੱਸਾ ਥੋੜ੍ਹਾ ਹੈ। ਇਸ ਹਿੱਸੇ ਪ੍ਰਤੀ ਸਾਡਾ ਰਵੱਈਆ ਦੋਸਤਾਨਾ ਤੇ ਮੁੱਖ ਤੌਰ ’ਤੇ ਸਮਝਾਉਣ ਵਾਲਾ ਹੋਣਾ ਚਾਹੀਦਾ ਹੈ। ਪਰ ਇਸ ਹਿੱਸੇ ਲਈ ਨਾੜ ਸਾੜਨ ਦੀ ਖੁੱਲ੍ਹ ਜਾਂ ਰਿਆਇਤ ਦੀ ਵਕਾਲਤ ਨਹੀਂ ਕੀਤੀ ਜਾਣੀ ਚਾਹੀਦੀ। ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਕਾਫੀ ਵੱਡੀ ਗਿਣਤੀ ਨਾੜ ਨਹੀਂ ਸਾੜਦੀ, ਮਤਲਬ ਇਸ ਹਿੱਸੇ ਕੋਲ਼ ਵੀ ਨਾੜ ਸਾੜਨਾ ਹੀ ਇੱਕੋ-ਇੱਕ ਰਾਹ ਨਹੀਂ ਹੈ।
ਵਾਤਾਵਰਨ ਦੀ ਤਬਾਹੀ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਬੇਸ਼ਕ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ਸਰਮਾਏਦਾਰੀ ਪ੍ਰਬੰਧ ਹੈ ਜੋ ਮੁਨਾਫੇ ਅਧਾਰਤ ਪੈਦਾਵਾਰ ਉੱਪਰ ਟਿਕਿਆ ਹੋਇਆ ਹੈ। ਸਨਅਤੀ ਪ੍ਰਦੂਸ਼ਣ, ਜੰਗਾਂ ਅਤੇ ਫੌਜੀ ਕਾਰਵਾਈਆਂ, ਆਵਾਜਾਈ ਦੇ ਸਾਧਨਾਂ ਵੱਲੋਂ ਫੈਲਾਇਆ ਜਾਂਦਾ ਪ੍ਰਦੂਸ਼ਣ ਕਿਸਾਨਾਂ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ (ਨਾੜ ਨੂੰ ਅੱਗ, ਜ਼ਹਿਰੀਲੇ ਕੀਟਨਾਸ਼ਕ) ਨਾਲੋਂ ਕਈ ਗੁਣਾ ਵੱਧ ਦੋਸ਼ੀ ਹੈ। ਇਸ ਕਰਕੇ ਵਾਤਾਵਰਨ ਦੀ ਤਬਾਹੀ ਦੇ ਮਾਮਲੇ ਵਿੱਚ ਸਮੁੱਚੇ ਸਰਮਾਏਦਾਰਾ ਪ੍ਰਬੰਧ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤੇ ਵੱਡੇ ਤੇ ਛੋਟੇ ਦੋਸ਼ੀਆਂ ਦੀ ਵੀ ਸਹੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਭਾਵੇਂ ਪ੍ਰਦੂਸ਼ਣ ਦੀ ਸਮੱਸਿਆ ਸਮੁੱਚੇ ਤੌਰ ’ਤੇ ਸਰਮਾਏਦਾਰੀ ਪ੍ਰਬੰਧ ਦੇ ਖਾਤਮੇ ਨਾਲ ਹੀ ਸੰਭਵ ਹੈ, ਪਰ ਇਸ ਬਹਾਨੇ ਇਸ ਪ੍ਰਬੰਧ ਅੰਦਰ ਪ੍ਰਦੂਸ਼ਣ ਉੱਪਰ ਕੁਝ ਹੱਦ ਤਕ ਕਾਬੂ ਪਾਉਣ ਜਾਂ ਵਾਤਾਵਰਨ ਨੂੰ ਬਚਾਉਣ ਲਈ ਜੋ ਘੱਟੋ-ਘੱਟ ਸੰਭਵ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਉਹਨਾਂ ਨੂੰ ਵੀ ਨਕਾਰਿਆ ਨਹੀਂ ਜਾਣਾ ਚਾਹੀਦਾ। ਇਸਦੇ ਨਾਲ ਹੀ ਕੁੱਲ ਪ੍ਰਦੂਸ਼ਣ ਵਿੱਚ ਕਿਸਾਨੀ ਦਾ ਹਿੱਸਾ ਛੋਟਾ ਹੋਣ ਕਾਰਨ ਕਿਸਾਨੀ ਨੂੰ ਪ੍ਰਦੂਸ਼ਣ ਫੈਲਾਉਣ ਵਿੱਚ ਰਿਆਇਤ ਦੇਣਾ, ਜਾਂ ਇਸ ਦੋਸ਼ ਤੋਂ ਬਰੀ ਕਰਨਾ ਵੀ ਠੀਕ ਨਹੀਂ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3551)
(ਸਰੋਕਾਰ ਨਾਲ ਸੰਪਰਕ ਲਈ: