“ਪੰਜਾਬ ਦੇ ਲੋਕ ਜਾਣਦੇ ਹਨ ਇਸ ਵੇਲੇ ਮਹਿੰਗਾਈ, ਬਿਜਲੀ ਦੇ ਲੰਮੇ ਕੱਟ, ਬੇਰੁਜ਼ਗਾਰੀ ਵਰਗੇ ਕਈ ਅਹਿਮ ਮੁੱਦੇ ...”
(30 ਅਪਰੈਲ 2022)
ਮਹਿਮਾਨ: 147.
ਪੰਜਾਬ ਨੇ ਲੰਮਾ ਸਮਾਂ ਫਿਰਕੂ ਦੌਰ ਦਾ ਸੰਤਾਪ ਹੰਢਾਇਆ ਹੈ ਜਿਸਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਸੀ। ਅੱਜ ਪੰਜਾਬ ਦਾ ਕੋਈ ਵੀ ਨਾਗਰਿਕ ਮੁੜ ਉਹ ਦੌਰ ਨਹੀਂ ਦੇਖਣਾ ਚਾਹੁੰਦਾ। ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਸਮੇਤ ਸਭ ਧਾਰਮਿਕ ਭਾਈਚਾਰਿਆਂ ਵਿੱਚ ਇੱਥੇ ਸਦਭਾਵਨਾ ਦਾ ਮਾਹੌਲ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਸਭ ਧਰਮਾਂ ਦੇ ਲੋਕਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਰ ਜਿਹਨਾਂ ਦੀਆਂ ਰੋਟੀਆਂ ਫਿਰਕੂ ਨਫ਼ਰਤ ਦੀ ਸਿਆਸਤ ਆਸਰੇ ਚੱਲਦੀਆਂ ਹਨ, ਉਹਨਾਂ ਤੋਂ ਇਹ ਸਦਭਾਵਨਾ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੇ ਫਿਰ ਪੰਜਾਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਪਟਿਆਲਾ ਸ਼ਹਿਰ ਵਿੱਚ ਸ਼ਿਵ ਸੈਨਾ ਕਾਰਕੁੰਨਾਂ ਤੇ ਸਿੱਖ ਜਥੇਬੰਦੀਆਂ ਦਰਮਿਆਨ ਜੋ ਟਕਰਾਅ ਹੋਇਆ ਹੈ, ਉਹ ਇਹਨਾਂ ਅਨਸਰਾਂ ਦੀ ਮੁਜਰਮਾਨਾ ਕਾਰਵਾਈ ਹੈ। ਇਸਦਾ ਇੱਕ ਜ਼ਿੰਮੇਵਾਰ ਵਿਦੇਸ਼ ਬੈਠਾ ਗੁਰਪਤਵੰਤ ਪੰਨੂੰ ਹੈ ਜੋ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕਾਰੋਬਾਰ ਕਰ ਰਿਹਾ ਹੈ। ਖੁਦ ਘੋਨਾ-ਮੋਨਾ ਇਹ ਸ਼ਖਸ ਵਾਰ-ਵਾਰ ਖਾਲਿਸਤਾਨ ਦੇ ਨਾਮ ਹੇਠ ਪੰਜਾਬ ਵਿੱਚ ਫਿਰਕੂ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਉਸਨੇ 2020 ਵਿੱਚ ਖਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਉਣ ਦਾ ਸ਼ੋਸ਼ਾ ਛੱਡਿਆ ਸੀ ਤੇ ਹੁਣ 29 ਅਪਰੈਲ ਨੂੰ ਡੀ.ਸੀ. ਦਫਤਰਾਂ ਉੱਪਰ ਖਾਲਿਸਤਾਨ ਦਾ ਝੰਡਾ ਲਹਿਰਾਉਣ ਦਾ ਸੱਦਾ ਦੇ ਕੇ ਮੁੜ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਸਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਕਦੇ ਕੋਈ ਬਹੁਤਾ ਹੁੰਘਾਰਾ ਨਹੀਂ ਮਿਲ਼ਿਆ।
ਅੱਜ ਦੀ ਘਟਨਾ ਦਾ ਦੂਜਾ ਜ਼ਿੰਮੇਵਾਰ ਸ਼ਿਵ ਸ਼ੈਨਾ ਦਾ ਆਗੂ ਹਰੀਸ਼ ਸਿੰਗਲਾ ਹੈ, ਜਿਸ ਵੱਲੋਂ ਵਾਰ-ਵਾਰ ਫਿਰਕੂ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਵੱਲੋਂ ਦਸ ਕੁ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 29 ਅਪਰੈਲ ਨੂੰ ਸ਼ਿਵ ਸੈਨਾ ਵੱਲੋਂ ਪਟਿਆਲਾ ਵਿੱਚ ਖਾਲਿਸਤਾਨ ਵਿਰੋਧੀ ਮਾਰਚ ਕੱਢਿਆ ਜਾਵੇਗਾ। ਪਟਿਆਲਾ ਵਿੱਚ ਕਿਸੇ ਵੀ ਖਾਲਿਸਤਾਨੀ ਜਥੇਬੰਦੀ ਵੱਲੋਂ ਕੋਈ ਵੀ ਮਾਰਚ ਕੱਢਣ ਜਾਂ ਗੁਰਪਤਵੰਤ ਪੰਨੂੰ ਦੇ ਸੱਦੇ ਨੂੰ ਲਾਗੂ ਕਰਨ ਦਾ ਐਲਾਨ ਨਹੀਂ ਸੀ। ਇਉਂ ਹਰੀਸ਼ ਸਿੰਗਲਾ ਦਾ ਇਹ ਐਲਾਨ ਨਾ ਸਿਰਫ਼ ਬੇਲੋੜਾ ਸੀ, ਸਗੋਂ ਇਹ ਪੂਰੀ ਤਰ੍ਹਾਂ ਖਾਲਿਸਤਾਨੀਆਂ ਨੂੰ ਉਕਸਾਉਣ ਤੇ ਫਿਰਕੂ ਲਾਂਬੂ ਲਾਉਣ ਦੇ ਮਨਸ਼ੇ ਤੋਂ ਪ੍ਰੇਰਿਤ ਸੀ। ਭਾਵੇਂ ਸ਼ਿਵ ਸੈਨਾ ਨੇ ਕਾਰਵਾਈ ਕਰਕੇ ਹਰੀਸ਼ ਸਿੰਗਲਾ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ ਪਰ ਸ਼ਿਵ ਸ਼ੈਨਾ ਤੇ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਵਾਰ-ਵਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਟਿਆਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੀ ਅੱਜ ਦੀ ਘਟਨਾ ਲਈ ਬਰਾਬਰ ਦੀ ਜ਼ਿੰਮੇਵਾਰ ਹੈ। ਹਰੀਸ਼ ਸਿੰਗਲਾ ਵੱਲੋਂ ਤਕਰੀਬਨ 10 ਦਿਨ ਪਹਿਲਾਂ ਅੱਜ ਦੀ ਕਾਰਵਾਈ ਦਾ ਐਲਾਨ ਕੀਤਾ ਗਿਆ ਸੀ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਢੁਕਵਾਂ ਕਦਮ ਚੁੱਕਣ ਦੀ ਥਾਂ ਉਸ ਨੂੰ ਮਾਰਚ ਦੀ ਇਜਾਜ਼ਤ ਦਿੱਤੀ।
ਚੌਥਾ ਜ਼ਿੰਮੇਵਾਰ ਆਨਲਾਈਨ ਮੀਡੀਆ ਹੈ, ਜੋ ਅੱਗ ਲਾਉਣ ਵਿੱਚ ਭਾਰਤ ਪੱਧਰ ਦੇ ਗੋਦੀ ਮੀਡੀਆ ਦਾ ਪੂਰਾ ਮੁਕਾਬਲਾ ਕਰ ਰਿਹਾ ਹੈ। ਖਾਸ ਤੌਰ ’ਤੇ ਫੇਸਬੁੱਕ ਰਾਹੀਂ ਚੱਲਣ ਵਾਲੇ ਬਹੁਤੇ ਆਨਲਾਈਨ ਮੀਡੀਆ ਦੀ ਪੂਰੀ ਕੋਸ਼ਿਸ਼ ਰਹੀ ਕਿ ਅੱਜ ਦਾ ਇਹ ਟਕਰਾਅ ਵੱਡੀ ਫਿਰਕੂ ਅੱਗ ਬਣਕੇ ਬਲ਼ੇ। ਉਹਨਾਂ ਦੇ ’ਵਿਊ’ ਵਧਦੇ ਰਹਿਣ, ਚੈਨਲ ਦੇ ਦਰਸ਼ਕਾਂ ਦਾ ਘੇਰਾਂ ਵਧੇ ਤੇ ਉਹਨਾਂ ਦੀ ਕਮਾਈ ਹੋਰ ਮੋਟੀ ਹੋਵੇ। ਔਨ ਏਅਰ, ਨਿਊਜ਼ 18, ਡੇਲੀ ਪੋਸਟ ਵਰਗੇ ਕਈ ਚੈਨਲਾਂ ਵੱਲੋਂ ਖ਼ਬਰਾਂ ਦੇ ਸਿਰਲੇਖ ਅਤੇ ਪੇਸ਼ਕਾਰੀ ਪੂਰੀ ਤਰ੍ਹਾਂ ਭੜਕਾਊ ਸੀ ਤੇ ਮਾਹੌਲ ਸ਼ਾਂਤ ਹੋਣ ਨਾਲ ਇਹਨਾਂ ਦੇ ਚਿਹਰੇ ਪੂਰੀ ਤਰ੍ਹਾਂ ਮਸੋਸੇ ਗਏ ਹਨ।
ਇਸ ਪੂਰੀ ਘਟਨਾ ਵਿੱਚ ਚੰਗੀ ਖ਼ਬਰ ਇਹ ਆਈ ਹੈ ਕਿ ਪਟਿਆਲਾ ਦੇ ਮੰਦਰ ਕਮੇਟੀ ਵਾਲ਼ਿਆਂ ਨੇ ਹਰੀਸ਼ ਸਿੰਗਲਾ ਦਾ ਕੁਟਾਪਾ ਚਾੜ੍ਹਿਆ ਹੈ ਤੇ ਕਿਹਾ ਹੈ ਕਿ ਇਹ ਉਸਦੇ ਇਕੱਲੇ ਦੀ ਸ਼ਰਾਰਤ ਸੀ, ਪੰਜਾਬ ਵਿੱਚ ਹਿੰਦੂਆਂ-ਸਿੱਖਾਂ ਦਾ ਕੋਈ ਵੈਰ ਨਹੀਂ, ਉਹਨਾਂ ਦੀ ਏਕਤਾ ਹਮੇਸ਼ਾ ਬਣੀ ਰਹੇਗੀ।
ਪੰਜਾਬ ਦੇ ਲੋਕ ਜਾਣਦੇ ਹਨ ਇਸ ਵੇਲੇ ਮਹਿੰਗਾਈ, ਬਿਜਲੀ ਦੇ ਲੰਮੇ ਕੱਟ, ਬੇਰੁਜ਼ਗਾਰੀ ਵਰਗੇ ਕਈ ਅਹਿਮ ਮੁੱਦੇ ਉਹਨਾਂ ਅੱਗੇ ਖੜ੍ਹੇ ਹਨ। ਉਹਨਾਂ ਦੀਆਂ ਸਮੱਸਿਆਵਾਂ ਦੇ ਦੋਸ਼ੀ ਕਿਸੇ ਦੂਜੇ ਧਰਮ ਦੇ ਲੋਕ ਨਹੀਂ ਸਗੋਂ ਵੇਲੇ ਦੀਆਂ ਹਕੂਮਤਾਂ ਹਨ। ਸਰਕਾਰਾਂ ਵੱਲੋਂ ਲੋਕਾਂ ਦਾ ਧਿਆਨ ਇਹਨਾਂ ਮੁੱਦਿਆਂ ਤੋਂ ਭਟਕਾਉਣ ਲਈ ਅਜਿਹੀਆਂ ਫਿਰਕੂ ਵੰਡੀਆਂ ਦੀ ਸਿਆਸਤ ਖੇਡੀ ਜਾਂਦੀ ਹੈ। ਅਕਸਰ ਸਰਕਾਰੀ ਏਜੰਸੀਆਂ ਅਜਿਹੀ ਸਾਜ਼ਿਸ਼ ਖੇਡਦੀਆਂ ਹਨ, ਜਿਸ ਵਿੱਚ ਗੁਰਪਤਵੰਤ ਪੰਨੂੰ ਤੇ ਹਰੀਸ਼ ਸਿੰਗਲਾ ਵਰਗੇ ਅਨਸਰਾਂ ਦੀ ਮਿਲੀ ਭੁਗਤ ਨਾਲ ਲੋਕਾਂ ਵਿੱਚ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਸੂਝਵਾਨ ਲੋਕ ਫਿਰਕੂ ਅੱਗ ਭੜਕਾਉਣ ਵਾਲ਼ੇ ਅਨਸਰਾਂ ਅਤੇ ਸਰਕਾਰਾਂ ਦੀਆਂ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਅੱਜ ਦੇ ਇਸ ਟਕਰਾਅ ਨੂੰ ਸਿੱਖਾਂ ਤੇ ਹਿੰਦੂਆਂ ਦਰਮਿਆਨ ਟਕਰਾਅ ਦਾ ਨਾਮ ਨਹੀਂ ਦੇਣਗੇ ਤੇ ਆਪਣੀ ਸਦਭਾਵਨਾ ਬਰਕਰਾਰ ਰੱਖਣਗੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3536)
(ਸਰੋਕਾਰ ਨਾਲ ਸੰਪਰਕ ਲਈ: