“ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ...”
(7 ਮਈ 2022)
ਮਹਿਮਾਨ: 118.
ਮੋਗੇ ਦੇ ਨੇੜੇ ਇੱਕ ਪਿੰਡ ਵਿੱਚ ਖਾਸ ਦੋਸਤ ਦੇ ਘਰ ਮੇਰਾ ਅਕਸਰ ਹੀ ਆਉਣ ਜਾਣ ਬਣਿਆ ਰਹਿੰਦਾ ਸੀ। ਉਸ ਘਰ ਦੇ ਬਿਲਕੁਲ ਸਾਹਮਣੇ ਘਰ ਵਿੱਚ ਪ੍ਰੀਤਮ ਸਿੰਘ ਉਰਫ ਪ੍ਰੀਤੂ ਆਪਣੀਆਂ ਤਿੰਨ ਬੇਟੀਆਂ ਤੇ ਇੱਕ ਬੇਟੇ ਨਾਲ ਰਹਿੰਦਾ ਸੀ। ਪੱਕੀਆਂ ਇੱਟਾਂ ਦੇ ਟੀਪ ਕੀਤੇ ਹੋਏ ਦੋ ਕਮਰੇ ਤੇ ਪਸ਼ੂਆਂ ਲਈ ਕੱਚੀਆਂ ਇੱਟਾਂ ਦਾ ਵੱਡਾ ਬਰਾਂਡਾ। ਪੰਜਾਹ ਦੇ ਨੇੜੇ ਤੇੜੇ ਢੁੱਕਿਆ ਪ੍ਰੀਤੂ ਆਪਣੀ ਉਮਰ ਤੋਂ ਦਸ ਸਾਲ ਵੱਡਾ ਲੱਗਦਾ ਸੀ। ਮੈਂ ਕਦੇ ਵੀ ਉਸ ਨੂੰ ਚੱਜ ਦੇ ਕੱਪੜਿਆਂ ਵਿੱਚ ਨਹੀਂ ਵੇਖਿਆ, ਹਮੇਸ਼ਾ ਲਿੱਬੜਿਆ ਤਿੱਬੜਿਆ, ਘਸੇ ਪੁਰਾਣੇ ਕੱਪੜੇ, ਠਿੱਬੀ ਜੁੱਤੀ ਜਾਂ ਕੈਂਚੀ ਚੱਪਲ, ਅਣਵਾਹੀ ਕਾਲੀ ਚਿੱਟੀ ਦਾੜ੍ਹੀ ਤੇ ਸਿਰ ’ਤੇ ਡੱਬੀਆਂ ਵਾਲਾ ਮੈਲਾ ਪਰਨਾ। ਲਗਭਗ ਅਜਿਹੀ ਸਥਿਤੀ ਹੀ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਸੀ। ਪ੍ਰੀਤੂ ਨੂੰ ਮੈਂ ਇੱਕ ਦੋ ਵਾਰ ਸਾਸਰੀਕਾਲ ਬੁਲਾਈ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਇਹ ਗੱਲ 89/90 ਦੀ ਹੈ। ਉਸ ਵੇਲੇ ਤਕ ਪੰਜਾਬ ਦੇ ਹਰੇਕ ਪਿੰਡ ਵਿੱਚ ਟਰੈਕਟਰ ਆ ਚੁੱਕੇ ਸਨ। ਬਲਦਾਂ ਦਾ ਹਲ਼ ਪੰਜਾਲੀਆਂ ਤੋਂ ਖਹਿੜਾ ਛੁੱਟ ਗਿਆ ਸੀ। ਗੱਡਿਆਂ ਦੀ ਥਾਂ ’ਤੇ ਟਰਾਲੀਆਂ ਜਾਂ ਛੋਟੀਆਂ ਰੇਹੜੀਆਂ ਨੂੰ ਅਮਰੀਕਣ ਵੱਛੇ ਖਿੱਚ ਰਹੇ ਸਨ। ਪ੍ਰੀਤੂ ਵਿੱਚ ਮੇਰੀ ਦਿਲਚਸਪੀ ਇਸ ਕਰਕੇ ਬਣੀ ਕਿ ਉਹ ਅਜੇ ਵੀ ਬਲਦਾਂ ਨਾਲ ਖੇਤੀ ਕਰ ਰਿਹਾ ਸੀ।
ਮੇਰੇ ਦੋਸਤ ਦੇ ਚਾਚੇ ਨੇ ਮੈਨੂੰ ਦੱਸਿਆ ਕਿ ਚਾਰ ਭਰਾਵਾਂ ਦੀ ਵੰਡ ਵਿੱਚ ਢਾਈ ਕਿੱਲੇ ਪ੍ਰੀਤੂ ਨੂੰ ਆਏ ਸਨ। ਇੱਕ ਕਿੱਲਾ ਕਰਜ਼ਿਆਂ ਵਿੱਚ ਕੁਰਕ ਹੋ ਗਿਆ ਤੇ ਡੇਢ ਕਿੱਲਾ ਇਸਦੇ ਕੋਲ ਬਚਿਆ ਹੈ। ਛੋਟਾ ਭਰਾ ਫੌਜੀ ਆ, ਉਸਦੀ ਢਾਈ ਕਿੱਲੇ ਠੇਕੇ ’ਤੇ ਲੈ ਕੇ ਚਾਰ ਕਿੱਲਿਆਂ ਨਾਲ ਘਰ ਦੀ ਵੱਡੀ ਕਬੀਲਦਾਰੀ ਨੂੰ ਧੱਕਾ ਲਾਈ ਜਾਂਦਾ। ਪ੍ਰੀਤੂ ਬਾਹਰ ਲੋਕਾਂ ਨਾਲ ਬਹੁਤ ਘੱਟ ਗੱਲਬਾਤ ਕਰਦਾ ਸੀ ਤੇ ਘਰ ਅੰਦਰ ਪ੍ਰਵਾਰ ਨਾਲ ਲੜਦਾ ਝਗੜਦਾ ਜਾਂ ਪਸ਼ੂਆਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢਦਾ ਆਮ ਸੁਣ ਜਾਂਦਾ। ਉਸਦੀ ਅਵਾਜ਼ ਪਤਲੀ ਤੀਂਵੀਆ ਵਰਗੀ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਹ ਬਾਹਰ ਲੋਕਾਂ ਵਿੱਚ ਘੁਲਦਾ ਮਿਲਦਾ ਬਹੁਤ ਘੱਟ ਸੀ। ਪਿੱਠ ਪਿੱਛੇ ਕੁਝ ਕੁ ਲੋਕ ਉਸ ਨੂੰ ਪ੍ਰੀਤੂ ਜਨਾਨਾ ਵੀ ਕਹਿੰਦੇ ਸਨ। ਵੈਸੇ ਪਿੰਡ ਵਿੱਚ ਜਾਂ ਸ਼ਰੀਕੇ ਭਾਈਚਾਰੇ ਵਿੱਚ ਉਸਦਾ ਕੋਈ ਵੈਰ ਵਿਰੋਧ ਨਹੀਂ ਸੀ।
ਅਚਾਨਕ ਹੀ ਪ੍ਰੀਤੂ ਦੇ ਘਰ ਸਵਰਾਜ ਟਰੈਕਟਰ ਕੁਝ ਕੁ ਜ਼ਰੂਰੀ ਸੰਦਾਂ ਸਮੇਤ ਆ ਗਿਆ। ਕੋਈ ਅਣਜਾਣ ਵਿਅਕਤੀ ਪੰਜ ਸੱਤ ਦਿਨ ਡਰੈਵਰੀ ਸਿਖਾਉਂਦਾ ਰਿਹਾ। ਮੈਂ ਵੇਖਿਆ ਤਾਂ ਪ੍ਰੀਤੂ ਹੌਲੀ-ਹੌਲੀ ਟਰੈਕਟਰ ਚਲਾ ਰਿਹਾ ਸੀ। ਮਹੀਨਾ ਖੰਡ ਲੋਕ ਕੰਨਸੋਆਂ ਲੈਂਦੇ ਰਹੇ ਕਿ ਟਰੈਕਟਰ ਕਿਵੇਂ ਜਾਂ ਕਿੱਥੋਂ ਲਿਆਇਆ ਹੋਵੇਗਾ? ਜਿੰਨੇ ਮੂੰਹ, ਓਨੀਆਂ ਗੱਲਾਂ। ਕੋਈ ਕਹੇ ਕਰਜ਼ਾ ਲਿਆ, ਕੋਈ ਕਹੇ ਪੈਲੀ ਗਹਿਣੇ ਰੱਖੀ ਆ। ਜ਼ਿਆਦਾ ਚਰਚਾ ਸੀ ਕਿ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਗਰੀਬ ਦੀ ਮਦਦ ਕੀਤੀ ਆ। ਹੌਲੀ-ਹੌਲੀ ਗੱਲ ਠੰਢੀ ਪੈ ਗਈ। ਮੈਂ ਵੀ ਪੰਜਾਬ ਪੁਲਿਸ ਵਿੱਚ ਦਾਖਲਾ ਲੈ ਲਿਆ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ। ਮੁੱਖ ਮੰਤਰੀ ਬੇਅੰਤ ਸਿੰਘ ਨੇ ਅੱਤਵਾਦ ਖਤਮ ਕਰਨ ਲਈ ਕੇ ਪੀ ਐੱਸ ਗਿੱਲ ਦੀਆਂ ਲਗਾਮਾਂ ਖੋਲ੍ਹ ਦਿੱਤੀਆਂ। ਹਰ ਰੋਜ਼ ਜਾਇਜ਼ ਨਜਾਇਜ਼ ਪੁਲਿਸ ਮੁਕਾਬਲੇ ਹੋ ਰਹੇ ਸਨ। ਮੇਰੀ ਡਿਊਟੀ ਥਾਣਾ ਸਦਰ ਵਿੱਚ ਸੀ। ਪੁਲਿਸ ਵੱਲੋਂ ਅੱਤਵਾਦੀਆਂ ਜਾਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਫੜ ਕੇ ਤਫਤੀਸ਼ ਕੀਤੀ ਜਾਂਦੀ। ਥੱਪੜ, ਡਾਂਗ, ਪਟੇ ਤੋਂ ਲੈ ਕੇ ਘੋਟਣਾ ਲਾਇਆ ਜਾਂਦਾ। ਚੱਡੇ ਪਾੜੇ ਜਾਂਦੇ, ਬਰਫ਼ ਦੀ ਸਿੱਲ ’ਤੇ ਲਿਟਾਇਆ ਜਾਂਦਾ। ਬਿਜਲੀ ਦਾ ਕਰੰਟ ਵੀ ਲੱਗਦਾ। ਹਵਾਲਾਤੀਆਂ ਦੇ ਛੋਟੇ ਕਮਰਿਆਂ ਦੇ ਨਾਲ ਵਾਲੇ ਵੱਡੇ ਕਮਰੇ ਵਿੱਚ ਇੰਨਟੈਰੋਗੇਸ਼ਨ ਹੁੰਦੀ, ਜਿੱਥੋਂ ਅਕਸਰ ਹੀ ਲੋਕਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਰਹਿੰਦੀਆਂ।
ਇੱਕ ਦਿਨ ਸ਼ਾਮ ਦੇ ਚਾਰ ਕੁ ਵੱਜੇ ਹੋਣਗੇ ਕਿ ਤਫਤੀਸ਼ੀ ਕਮਰੇ ਵਿੱਚੋਂ ਚੀਕਾਂ ਆਉਣ ਲੱਗੀਆਂ। ਇਹ ਚੀਕਾਂ ਕਿਸੇ ਜਨਾਨੀ ਦੀਆਂ ਸਨ। ਮੈਂ ਪਹਿਲੀ ਵਾਰ ਕਿਸੇ ਜਨਾਨੀ ਦੀ ਇਹ ਕੁਰਲਾਹਟ ਸੁਣ ਰਿਹਾ ਸੀ। ਮਨ ਵਿੱਚ ਵੇਖਣ ਦੀ ਉਤਸੁਕਤਾ ਜਾਗੀ ਕਿ ਵੇਖੀਏ ਤਾਂ ਸਹੀ ਕਿ ਕੌਣ ਹੋ ਸਕਦੀ ਹੈ। ਕਮਰੇ ਅੰਦਰ ਇੰਨਟੌਰੋਗੇਟ ਕਰਨ ਵਾਲੇ ਤਿੰਨ ਚਾਰ ਮੁਲਾਜ਼ਮਾਂ ਤੇ ਅਫਸਰਾਂ ਤੋਂ ਬਿਨਾਂ ਹੋਰ ਬੰਦੇ ਨੂੰ ਮਨਾਹੀ ਹੁੰਦੀ ਹੈ। ਸਿਰਫ ਤਾਕੀ ਦੇ ਰਾਹੀਂ ਹੀ ਦੂਰੋਂ ਚੁਰਾਵੀਂ ਨਜ਼ਰ ਨਾਲ ਵੇਖਿਆ ਜਾ ਸਕਦਾ ਸੀ। ਉਹ ਵੀ ਤਾਂ, ਜੇ ਤਾਕੀ ਖੁੱਲ੍ਹੀ ਹੋਵੇ। ਮੈਂ ਗਿਆ ਤਾਂ ਤਾਕੀ ਖੁੱਲ੍ਹੀ ਸੀ। ਦੂਰੋਂ ਵੇਖਿਆ ਤਾਂ ਜਨਾਨੀ ਦੀ ਬਜਾਏ ਬੰਦਾ ਨਜ਼ਰ ਆਇਆ। ਮੂਹਰੇ ਕੁਰਸੀ ਉੱਤੇ ਤਿੰਨ ਸਟਾਰ ਵਾਲਾ ਅਫਸਰ ਬੈਠਾ ਪੁੱਛਗਿੱਛ ਕਰ ਰਿਹਾ ਸੀ। ਤਾਕੀ ਵੱਲ ਅਫਸਰ ਦੀ ਪਿੱਠ ਸੀ। ਉਸਦੇ ਤਿੰਨ ਸਟਾਰਾਂ ਨਾਲ ਮੋਢੇ ’ਤੇ ਲੱਗੀ ਕਾਲੇ ਰੰਗ ਦੀ ਡੋਰੀ ਦੱਸ ਰਹੀ ਸੀ ਕਿ ਇਹ ਡੀ ਐੱਸ ਪੀ ਹੈ। ਇੰਸਪੈਕਟਰ ਦੇ ਵੀ ਤਿੰਨ ਸਟਾਰ ਲੱਗਦੇ ਹਨ ਪਰ ਡੋਰੀ ਦਾ ਰੰਗ ਖਾਕੀ ਹੁੰਦਾ ਹੈ। ਮੈਂ ਹੌਲੀ-ਹੌਲੀ ਪੈਰ ਮਲਦਾ ਅੱਗੇ ਲੰਘ ਗਿਆ। ਦੂਜੀ ਵਾਰ ਥੋੜ੍ਹੀ ਨੇੜੇ ਦੀ ਲੰਘਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਇਹ ਤਾਂ ਪ੍ਰੀਤੂ ਹੈ। ਉਸਦੀ ਜਨਾਨੀਆਂ ਵਾਲੀ ਅਵਾਜ਼ ਨੇ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਸੀ ਰਹਿਣ ਦਿੱਤੀ। ਮੈਂ ਸਿਰ ਫੜ ਕੇ ਬੈਠ ਗਿਆ। ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ? ਬਹੁਤ ਸਾਰੇ ਸਵਾਲ ਦਿਮਾਗ ਵਿੱਚ ਘੁੰਮ ਰਹੇ ਸਨ। ਇਹ ਭਗਤ ਬੰਦਾ ਕਿਉਂ ਤੇ ਕਿਵੇਂ ਇਸ ਚੱਕਰ ਵਿੱਚ ਫਸ ਗਿਆ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮਾਮਲਾ ਹੈ ਕੀ ਹੈ?
ਮੈਂ ਰਵਿੰਦਰ ਕੁਮਾਰ ਮੁਨਸ਼ੀ ਦੇ ਦਫਤਰ ਗਿਆ। ਮੁਨਸ਼ੀ ਵੈਸੇ ਪੰਡਤ ਸੀ ਪਰ ਪੱਗ ਪਟਿਆਲਾ ਸ਼ਾਹੀ ਬੰਨ੍ਹਣ ਦਾ ਸ਼ੌਕੀਨ ਸੀ। ਉਸ ਨਾਲ ਮੇਰੀ ਚੰਗੀ ਗੱਲਬਾਤ ਸੀ। ਉਹ ਸਾਹਿਤ ਦਾ ਪ੍ਰੇਮੀ ਸੀ। ਕਵਿਤਾ, ਕਹਾਣੀਆਂ ਲਿਖ ਲੈਂਦਾ ਸੀ। ਮੈਂ ਵੀ ਗੀਤਾਂ ਦੀ ਤੁਕਬੰਦੀ ਕਰਕੇ ਮਾੜਾ ਮੋਟਾ ਗਾ ਗੂ ਲੈਂਦਾ ਸੀ। ਸ਼ਾਮ ਦੀਆਂ ਮਹਿਫਲਾਂ ਵਿੱਚ ਅਸੀਂ ਮਨ ਪਰਚਾਵਾ ਕਰ ਲੈਂਦੇ ਸੀ। ਮੈਂ ਪੁਲਿਸ ਮਹਿਕਮੇ ’ਤੇ ਕਈ ਮਜ਼ਾਕੀਆ ਲਹਿਜ਼ੇ ਵਿੱਚ ਗਾਣੇ ਵੀ ਲਿਖੇ ਸਨ ਜਿਸ ਨਾਲ ਵਾਹਵਾ ਹਾਸਾ ਠੱਠਾ ਹੋ ਜਾਂਦਾ ਸੀ। ਮੈਂ ਮੁਨਸ਼ੀ ਨੂੰ ਇੰਨਟੈਰੋਗੇਟ ਹੋ ਰਹੇ ਸ਼ਖਸ ਬਾਰੇ ਪੁੱਛਿਆ ਕਿ ਕਿਸ ਕੇਸ ਵਿੱਚ ਫੜਿਆ ਗਿਆ ਹੈ। ਉਸਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਕੁਝ ਬੰਦੇ ਹਥਿਆਰਾਂ ਸਮੇਤ ਕਾਬੂ ਕੀਤੇ ਹਨ, ਜੋ ਬਹੁਤ ਸਾਰੀਆਂ ਡਕੈਤੀਆਂ ਕਤਲਾਂ ਤੇ ਫਿਰੌਤੀਆਂ ਦੇ ਮਾਮਲਿਆਂ ਨਾਲ ਸੰਬੰਧਿਤ ਹਨ। ਜਿੱਥੇ ਜਿੱਥੇ ਵੀ ਉਨ੍ਹਾਂ ਲੁੱਟ ਖੋਹ ਦਾ ਸਮਾਨ ਵੇਚਿਆ ਜਾਂ ਲੁਕੋਇਆ ਹੈ, ਉਹਨਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਬਰਾਮਦ ਕਰ ਰਹੀ ਹੈ।
ਮੈਂ ਮੁਨਸ਼ੀ ਨੂੰ ਦੱਸਿਆ ਕਿ ਮੈਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਤਾਂ ਬਹੁਤ ਸ਼ਰੀਫ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਹਮਾਤੜ ਬੰਦਾ ਹੈ। ਇਸਦਾ ਲੁੱਟਾਂ ਖੋਹਾਂ ਵਾਲਿਆਂ ਨਾਲ ਕੀ ਸੰਬੰਧ ਹੋ ਸਕਦਾ ਹੈ? ਮੁਨਸ਼ੀ ਕਹਿੰਦਾ, “ਔਹ ਬਾਹਰ ਖੜ੍ਹਾ ਟਰੈਕਟਰ ਵੇਖ, ਇਹ ਇਹਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਬਾਕੀ ਇਹਦੇ ਕੋਲ ਹੋਰ ਕੀ ਕੁਝ ਹੈ ਜਾਂ ਕਿਵੇਂ ਦੇ ਇਸਦੇ ਉਹਨਾਂ ਨਾਲ ਸੰਬੰਧ ਰਹੇ ਹਨ, ਉਸ ਦੀ ਤਫਤੀਸ਼ ਹੋ ਰਹੀ ਆ।”
ਮੈਂ ਬਾਹਰ ਨਿਗਾਹ ਮਾਰੀ ਤਾਂ ਚੋਰੀਆਂ ਚਕਾਰੀਆਂ ਵਿੱਚ ਫੜੇ ਤੇ ਹੁਣ ਕਬਾੜ ਬਣ ਚੁੱਕੇ ਮੋਟਰਸਾਈਕਲਾਂ ਸਕੂਟਰਾਂ ਦੇ ਵਿੱਚ ਪ੍ਰੀਤੂ ਵਾਲਾ ਸਵਰਾਜ ਟਰੈਕਟਰ ਵੀ ਖੜ੍ਹਾ ਸੀ। ਮੇਰੀਆਂ ਅੱਖਾਂ ਅੱਗੇ ਪ੍ਰੀਤੂ ਦੀ ਗਰੀਬੀ, ਮੰਦਹਾਲੀ ਤੇ ਅੱਜ ਦੀ ਤਰਸਯੋਗ ਹਾਲਤ ਘੁੰਮਣ ਲੱਗੀ। ਮੈਂ ਭਰੇ ਮਨ ਨਾਲ ਉਸ ਗ਼ਰੀਬ ਬੰਦੇ ਦੀ ਕੋਈ ਮਦਦ ਕਰਨ ਲਈ ਮੁਨਸ਼ੀ ਅੱਗੇ ਹੱਥ ਜੋੜੇ। ਉਹ ਗੰਭੀਰ ਹੁੰਦਾ ਹੋਇਆ ਬੋਲਿਆ, “ਭੋਲ਼ਿਆ ਪੰਛੀਆ ਇਹ ਕੋਈ ਪਿੰਡ ਦੀ ਲੜਾਈ, ਚੋਰੀ, ਡੋਡੇ ਭੁੱਕੀ ਜਾਂ ਦਾਰੂ ਦੀ ਭੱਠੀ ਦਾ ਕੇਸ ਨਹੀਂ ਆ, ਮਾਮਲਾ ਵੱਡਾ ਆ। ਤੇਰੇ ਮੇਰੇ ਵੱਸ ਦੀ ਗੱਲ ਨਹੀਂ ਆ। ਨਾਲੇ ਪੁੱਛਗਿੱਛ ਵਿੱਚ ਇਹ ਕੀ ਦੱਸਦਾ, ਉਸ ਤੋਂ ਪਤਾ ਲੱਗਣਾ ਕਿ ਸੱਚ ਕੀ ਹੈ। ਤੂੰ ਥੋੜ੍ਹਾ ਧੀਰਜ ਰੱਖ, ਪਾਣੀ ਧਾਣੀ ਪੀ ਲੈ।”
ਦਸ ਕੁ ਮਿੰਟ ਬਾਅਦ ਡਿਪਟੀ ਤੇ ਉਸਦੇ ਗੰਨਮੈਨ ਚਲੇ ਗਏ। ਐੱਸ ਐੱਚ ਓ ਨੇ ਮੁਨਸ਼ੀ ਨੂੰ ਕਿਹਾ ਕਿ ਮੁੰਡੇ ਭੇਜ ਕੇ ਉਸ ਦੇ ਰਾਉਂਡ ਲਗਾਓ। ਘੋਟਾ ਜਾਂ ਲੱਤਾਂ ਖਿੱਚਣ ਤੋਂ ਬਾਅਦ ਮੁਲਜ਼ਮ ਨੂੰ ਦਸ ਪੰਦਰਾਂ ਮਿੰਟ ਤੋਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਮਸਲੀਆਂ ਹੋਈਆਂ ਨਾੜਾਂ ਵਿੱਚ ਖੂਨ ਦਾ ਦੌਰਾ ਚੱਲਦਾ ਰਹੇ। ਨਹੀਂ ਤਾਂ ਬੰਦਾ ਅਪਾਹਜ ਹੋਣ ਦਾ ਖਤਰਾ ਬਣ ਸਕਦਾ ਹੈ। ਅਸੀਂ ਦੋ ਸਿਪਾਹੀਆਂ ਨੇ ਨਿਢਾਲ ਪਏ ਪ੍ਰੀਤੂ ਨੂੰ ਉਠਾਇਆ, ਕੱਪੜੇ ਪੁਆਏ ਤੇ ਉਸਦੀਆਂ ਕੱਛਾਂ ਹੇਠ ਮੋਢਿਆਂ ਦਾ ਸਹਾਰਾ ਦੇ ਕੇ ਬਾਹਰ ਲੈ ਆਏ। ਤੁਰਦੇ ਤੁਰਦੇ ਮੈਂ ਉਸ ਨੂੰ ਆਪਣੀ ਪਹਿਚਾਣ ਕਰਵਾਈ। ਉਹ ਤਾਂ ਓਥੇ ਹੀ ਮੇਰੇ ਗਲ਼ ਨੂੰ ਚਿੰਬੜਕੇ ਧਾਹਾਂ ਮਾਰਕੇ ਰੋਣ ਲੱਗ ਪਿਆ। ਮੈਂ ਆਪਣੀ ਨੌਕਰੀ ਦਾ ਵਾਸਤਾ ਦੇ ਕੇ ਚੁੱਪ ਰਹਿਣ ਲਈ ਕਿਹਾ ਤੇ ਰਾਤ ਨੂੰ ਗੱਲ ਕਰਨ ਦਾ ਵਾਅਦਾ ਕੀਤਾ।
ਰਾਤ ਵੇਲੇ ਪ੍ਰੀਤੂ ਨੇ ਸਾਨੂੰ ਉਹੀ ਕੁਝ ਦੱਸਿਆ ਜੋ ਉਸਨੇ ਡਿਪਟੀ ਤੇ ਹੋਰ ਅਫਸਰਾਂ ਨੂੰ ਦੱਸਿਆ ਸੀ। ਮੁਨਸ਼ੀ ਨੇ ਵੀ ਡਿਪਟੀ ਦੇ ਗੰਨਮੈਨਾਂ ਕੋਲੋਂ ਤਸਦੀਕ ਕਰ ਲਈ ਸੀ। ਪ੍ਰੀਤੂ ਦੀ ਘਰਵਾਲੀ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਮਾਸੀ ਦੇ ਪੁੱਤ ਡੇਢ ਦੋ ਸਾਲ ਪਹਿਲਾਂ ਰਾਤ ਵੇਲੇ ਘਰ ਆਏ ਸਨ। ਸਵੇਰੇ ਜਾਣ ਵੇਲੇ ਘਰ ਦੀ ਹਾਲਤ ਵੇਖ ਕੇ ਕਾਫੀ ਸਾਰੇ ਪੈਸੇ ਭੈਣ ਦੀ ਮੁੱਠੀ ਵਿੱਚ ਦੇ ਗਏ ਤੇ ਪ੍ਰੀਤੂ ਨੂੰ ਕਹਿੰਦੇ, “ਭਾਈਆ, ਤੇਰਾ ਵੀ ਢੱਗਿਆਂ ਤੋਂ ਖਹਿੜਾ ਛੁਡਾਉਣ ਦਾ ਕਰਦੇ ਆਂ ਕੋਈ ਬੰਦੋਬਸਤ। ਨਾਲੇ ਗਊ ਦੇ ਜਾਏ ਵੀ ਵਿਚਾਰੇ ਸੁਖ ਦਾ ਸਾਹ ਲੈ ਲੈਣਗੇ।”
ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਉਹ ਘਰ ਟਰੈਕਟਰ ਛੱਡ ਗਏ। ਉਸ ਤੋਂ ਬਾਅਦ ਉਹ ਕਦੇ ਘਰੇ ਨਹੀਂ ਆਏ। ਪ੍ਰੀਤੂ ਰੋ ਕੁਰਲਾ ਰਿਹਾ ਸੀ। ਇਸ ਮਾਮਲੇ ਵਿੱਚੋਂ ਉਸ ਨੂੰ ਮੁਕਤ ਕਰਨ ਲਈ ਸਾਡੀਆਂ ਮਿੰਨਤਾਂ ਤਰਲੇ ਕਰ ਰਿਹਾ ਸੀ, ਜਿਵੇਂ ਅਸੀਂ ਕੋਈ ਬਹੁਤ ਵੱਡੇ ਬੰਦੇ ਹੋਈਏ।
ਮੁਨਸ਼ੀ ਮੈਨੂੰ ਕਹਿਣ ਲੱਗਾ, “ਆਪਾਂ ਸਿਰਫ ਇੱਕ ਕੰਮ ਕਰ ਸਕਦੇ ਹਾਂ। ਤੂੰ ਇਸਦੇ ਪਿੰਡ ਇਤਲਾਹ ਕਰ ਕਿ ਇਹ ਸਾਡੇ ਠਾਣੇ ਵਿੱਚ ਆ। ਬੰਦਾ ਬੇਕਸੂਰ ਆ। ਪਿੰਡ ਵਾਲੇ ਐੱਮ ਐੱਲ ਏ ਜਾਂ ਕਿਸੇ ਹੋਰ ਰਸੂਖ ਵਾਲੇ ਬੰਦੇ ਤਕ ਪਹੁੰਚ ਕਰਨ। ਨਹੀਂ ਤਾਂ ਘੱਟੋ-ਘੱਟ ਇਸਦੀ ਗ੍ਰਿਫਤਾਰੀ ਪੁਆ ਦੇਣ। ਜਦ ਐੱਫ ਆਈ ਆਰ ਦਰਜ ਹੋ ਗਈ, ਫੇਰ ਇਸ ਨੂੰ ਕੁਝ ਨਹੀਂ ਹੁੰਦਾ। ਨਹੀਂ ਤਾਂ ਤੈਨੂੰ ਪਤਾ ਹੀ ਆ ਅੱਜ-ਕੱਲ੍ਹ ਦੇ ਹਾਲਾਤ ਦਾ। ਲੱਖਾਂ ਦੇ ਇਨਾਮ ਆ ਮੁੰਡਿਆਂ ਦੇ ਸਿਰਾਂ ਉੱਤੇ, ਇਸ ਗ਼ਰੀਬ ਕੋਲ ਤਾਂ ਕਾਣੀ ਕੌਡੀ ਵੀ ਹੈ ਨਹੀਂ ਜਰਵਾਣਿਆਂ ਦੇ ਮੂੰਹ ਵਿੱਚ ਦੇਣ ਲਈ। ਹੋ ਸਕਦਾ ਕੋਈ ਅਫਸਰ ਕਿਸੇ ਦੇ ਸਿਰ ਦਾ ਇਨਾਮ ਇਹਦੇ ਸਿਰ ਤੋਂ ਚੁੱਕ ਲਵੇ। ਬਹੁਤ ਕੁਝ ਹੋ ਰਿਹਾ ਹੈ ਅੱਜ ਦੇ ਦੌਰ ਵਿੱਚ।”
ਮੈਂ ਸਵੇਰੇ ਚਾਰ ਵਜੇ ਹੀ ਸਕੂਟਰ ਲੈ ਕੇ ਪ੍ਰੀਤੂ ਦੇ ਪਿੰਡ ਪਹੁੰਚ ਗਿਆ। ਉਹ ਵੀ ਆਪਣੇ ਨੇੜੇ ਤੇੜੇ ਦੇ ਠਾਣਿਆਂ ਚੌਕੀਆਂ ਵਿੱਚ ਭਾਲ ਰਹੇ ਸਨ। ਮੈਂ ਆਪਣੇ ਦੋਸਤ ਨੂੰ ਸਾਰੀ ਗੱਲ ਸਮਝਾ ਦਿੱਤੀ ਤੇ ਵਾਪਸ ਆ ਗਿਆ। ਸ਼ਾਮ ਤਕ ਪਿੰਡ ਦੀ ਪੰਚਾਇਤ ਨੇ ਸਥਾਨਕ ਐੱਮ ਐੱਲ ਏ ਨਾਲ ਮਿਲ ਕੇ ਕੋਈ ਗੰਢ ਤੁੱਪ ਕਰ ਲਈ ਸੀ। ਰਾਤ ਨੂੰ ਜਦੋਂ ਲੰਙ ਮਾਰਦਾ ਪ੍ਰੀਤੂ ਪਿੰਡ ਦੀ ਪੰਚਾਇਤ ਨਾਲ ਠਾਣੇ ਤੋਂ ਬਾਹਰ ਜਾ ਰਿਹਾ ਸੀ ਤਾਂ ਸ਼ੁਕਰਾਨੇ ਵਜੋਂ ਉਸਨੇ ਮੇਰੇ ਅੱਗੇ ਹੱਥ ਜੋੜੇ ਤੇ ਮੈਂ ਕਲਾਵੇ ਵਿੱਚ ਲੈ ਲਿਆ। ਉਹ ਥੋੜ੍ਹਾ ਜਿਹਾ ਡੁਸਕਿਆ ਤੇ ਮੇਰੀਆਂ ਵੀ ਅੱਖਾਂ ਭਰ ਆਈਆਂ। ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ਸਿਵਲ ਦੀ ਨੌਕਰੀ ਲੱਭ ਲੈ। ਇਹ ਮਹਿਕਮਾ ਤੇਰੇ ਵੱਸ ਦਾ ਰੋਗ ਨਹੀਂ ਲੱਗਦਾ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3550)
(ਸਰੋਕਾਰ ਨਾਲ ਸੰਪਰਕ ਲਈ: