AmarjitSMann7ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ...
(7 ਅਪਰੈਲ 2022)


ਉਹਨਾਂ ਦੇ ਘਰ ਦੇ ਦੋ ਬਾਰ ਨੇ
ਇੱਕ ਛੋਟਾ, ਇੱਕ ਵੱਡਾਮੈਂ ਛੋਟੇ ਗੇਟ ’ਤੇ ਲੱਗਿਆ ਸੰਗਲੀ ਕੁੰਡਾ ਖੜਕਾਇਆਅੰਦਰੋਂ ਕੋਈ ਹਿਲਜੁਲ ਨਾ ਹੋਈਪਰ ਨਾਲ ਦੇ ਘਰੋਂ ਕੁੱਤਾ ਭੌਂਕ ਪਿਆਮੈਂ ਦੂਜੀ ਵਾਰ ਕੁੰਡਾ ਖੜਕਾਇਆ ਤੇ ਕੁਝ ਕਦਮ ਘਰ ਦੇ ਅੰਦਰ ਲੰਘ ਗਿਆਘਰ ਪੁਰਾਣੇ ਸਮਿਆਂ ਦਾ ਬਣਿਆ ਹੋਇਆਮਗਰ ਦੋ ਸਬਾਤਾਂ, ਇੱਕ ਸਬਾਤ ਦੇ ਨਾਲ ਲਗਦੀ ਛੋਟੀ ਬੈਠਕਬੈਠਕ ਦੇ ਸਾਹਮਣੇ ਪੁਰਾਣੀ ਝਲਾਨੀਝਲਾਨੀ ਦੇ ਅੱਗੇ ਕੰਧੋਲੀ ਕੱਢ ਕੇ ਚੁੱਲ੍ਹੇ ਚੌਂਕੇ ਨੂੰ ਓਟਾ ਕੀਤਾ ਹੋਇਆ

“ਬੇਬੇ! … …” ਵਿਹੜੇ ਵਿੱਚ ਖੜ੍ਹਕੇ ਮੈਂ ਬੋਲ ਮਾਰਿਆ

“ਲਗਦਾ ਕੋਈ ਹੈ ਨਹੀਂ ਘਰੇ … …” ਸੋਚਦਿਆਂ ਮੈਂ ਕੁੱਝ ਪੁਲਾਂਘਾਂ ਹੋਰ ਪੱਟ ਲਈਆਂ

“ਬੇਬੇ … …” ਮੈਂ ਕੁਝ ਉੱਚੀ ਆਵਾਜ਼ ਵਿੱਚ ਫੇਰ ਬੋਲ ਮਾਰਿਆ

ਓਟੇ ਦੀ ਇੱਟ ਨਾਲ ਸੋਟੀ ਖੜਕੀਪੀੜ੍ਹੀ ਤੋਂ ਖੜ੍ਹੀ ਹੁੰਦੀ ਮਾਤਾ ਦੀ ਬਸੰਤੀ ਚੁੰਨੀ ਮੈਨੂੰ ਦਿਸੀਉਹ ਮੱਥੇ ਉੱਤੇ ਹੱਥ ਦਾ ਛੱਜਾ ਜਿਹਾ ਬਣਾ ਕੇ ਪਛਾਣ ਕੱਢਣ ਵਾਲਿਆਂ ਵਾਂਗ ਝਾਕੀ, “ਕੌਣ ਆ ਭਾਈ … ’ਗਾਹਾਂ ਲੰਘਿਆ

“ਮੈਂ ਤਾਂ ਬੇਬੇ … … ਆਂ, … ਦੇ ਘਰਾਂ ਵਿੱਚੋਂ। “ਮੈਂ ਆਪਣਾ ਨਾਂ, ਲਾਣੇ ਨੂੰ ਪੈਂਦੀ ਅੱਲ ਸਮੇਤ ਦੱਸ ਦਿੱਤਾ

“ਫੇਰ ਕੋਹੜੀ ਪਿੱਛੇ ਖੜ੍ਹਾ ਕਿਉਂ ਹਾਕਾਂ ਮਾਰੀ ਜਾਨਾ … … ਤੇਰਾ ਆਪਣਾ ਘਰ ਆਕਿੰਨੇ ਮਹੀਨੇ ਤਾਂ ਇਕੱਠੇ ਰਹਿੰਦੇ ਰਹੇ ਆਂ ਸਿੰਘੂ ’ਤੇ … ਆ ਜਾ, ਮੈਂ ਮੰਜਾ ਡਾਹੁਨੀ ਆਂ” ਬੇਬੇ ਅਪਣੱਤ ਨਾਲ ਬੋਲੀ

ਸੋਟੀ ਸਹਾਰੇ ਤੁਰਦੀ ਉਹ ਚੌਂਕੇ ਵਿੱਚੋਂ ਬਾਹਰ ਆ ਗਈਉਸਦਾ ਜਵਾਨੀ ਵੇਲੇ ਦਾ ਲੰਬਾ ਕੱਦ ਬੁਢਾਪੇ ਵੇਲੇ ਕੁੱਬ ਵਿੱਚ ਵਟ ਗਿਆ ਹੈਚਾਰ ਕੁ ਫੁੱਟ ਦੀ ਤੂਤ ਦੀ ਟਹਿਣੀ ਨੂੰ ਛਾਂਗ ਕੇ ਬਣਾਈ ਸੋਟੀ ਹੁਣ ਉਸਦੇ ਸਿਰ ਦੇ ਉੱਪਰੋਂ ਲੰਘਦੀ ਹੈ

ਸੂਰਜ ਅਸਤ ਹੋ ਰਿਹਾ ਸੀਸਬਾਤਾਂ ਦਾ ਪਰਛਾਵਾਂ ਢਲ ਕੇ ਵਿਹੜੇ ਤਕ ਆ ਚੁੱਕਿਆ ਸੀਕੁੱਬੀ ਕੁੱਬੀ ਛੋਟੇ ਛੋਟੇ ਕਦਮ ਪੁੱਟਦੀ ਬੇਬੇ ਨੇ ਕੰਧ ਨਾਲ ਖੜ੍ਹਾ ਮੰਜਾ ਡਾਹ ਲਿਆ

“ਬੇਬੇ, ਪੇਸ਼ੀ ਕਦੋਂ ਆ ਹੁਣ?” ਰਸਮੀ ਜਿਹੀਆਂ ਗੱਲਾਂ ਮਗਰੋਂ ਮੈਂ ਜਿਸ ਕੰਮ ਆਇਆ ਸੀ, ਉਸਦਾ ਮੁੱਢ ਬੰਨ੍ਹਦਿਆਂ ਸਵਾਲ ਕੀਤਾ

“ਅੰਗਰੇਜ਼ੀ ਤਰੀਕ ਤਾਂ ਪਤਾ ਨਹੀਂ ਭਾਈ, ਭੁੱਲ ਜਾਨੀ ਆਂਊਂ ਦੇਸੀ ਨੌਂ ਵਸਾਖ ਬਣਦਾਐਤਕੀਂ ਤਾਂ ਓਹਨੂੰ ਆਪ ਨੂੰ ਸੱਦਿਆ ਜੱਜ ਨੇ, ਵਕੀਲ ਭੇਜ ਕੇ ਨੀਂ ਸਰਨਾ।“ ਬੇਬੇ ਸਹਿਜਤਾ ਨਾਲ ਬੋਲੀ

ਇਹ ਗੱਲ ਭਾਵੇਂ ਮੈਨੂੰ ਪਤਾ ਸੀ, ਪਰ ਗੱਲਾਂ ਕਰਨ ਲਈ ਉਸਦਾ ਬੋਲਣਾ ਜ਼ਰੂਰੀ ਸੀ

“ਇੱਕ ਸਲਾਹ ਦੇਣ ਆਇਐਂ ਬੇਬੇ, ਹੋ ਸਕਦਾ ਤੂੰ ਮੇਰੇ ਨਾਲ ਸਹਿਮਤ ਨਾ ਵੀ ਹੋਵੇਂ …” ਗੱਲ ਪੂਰੀ ਕਰਨ ਲਈ ਮੇਰੇ ਸ਼ਬਦ ਅਟਕਣ ਲੱਗ ਪਏ

“ਦੱਸ ਭਾਈ …” ਬੇਬੇ ਦੀਆਂ ਨਿੱਕੀਆਂ ਅੱਖਾਂ ਚਮਕੀਆਂ

“ਮੈਂ … ਮੈਂ … ਕਹਿਨਾਂ …”

ਮੈਨੂੰ ਝਿਜਕਿਆ ਦੇਖ ਉਹ ਬੋਲੀ, “ਓਪਰਾ ਕਿਉਂ ਮੰਨਦੈਂ … ਜਿਹੜੀ ਮਨ ਵਿੱਚ ਆ, ਆਖ ਛੱਡ

“ਬੇਬੇ ਮੈਂ ਕਹਿਨਾਂ … ਆਪਾਂ ਮਾਫ਼ੀ ਦੇ ’ਦੀਏ ਓਹਨੂੰ!” ਆਪਣੀ ਵੱਡੀ ਗੱਲ ਨੂੰ ਬਿਨਾਂ ਭੂਮਿਕਾ ਬੰਨ੍ਹੇ ਮੈਂ ਇੰਨੇ ਕੁ ਸ਼ਬਦਾਂ ਵਿੱਚ ਪੂਰਾ ਕਰ ਦਿੱਤਾਮੈਂ ਦੇਖਿਆ ਉਸ ਦਾ ਚਿਹਰਾ ਤਣ ਗਿਆਮੱਥੇ ’ਤੇ ਪਈ ਤਿਊੜੀ ਸੁੰਗੜ ਗਈਉਹ ਮੇਰੇ ਵੱਲ ਰੁੱਖਾ ਜਿਹਾ ਝਾਕੀ

“ਮੁਆਫ ਕਰ ਦੀਏ …? ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ਬੈਠੀ ਆ … ਮੈਂ ਤਾਂ ਇਹੋ ਜਿਹੀ ਨੂੰ ਨਰਮਾ ਚੁਗਾਉਣ ਨਾ ਲਿਜਾਵਾਂ …” ਗਰਮ ਹੋਈ ਉਹ ਹੋਰ ਵੀ ਬੋਲਣਾ ਚਾਹੁੰਦੀ ਸੀ, ਪਰ ਮੈਂ ਉਸ ਦੀ ਗੱਲ ਕੱਟ ਦਿੱਤੀ, “ਬੇਬੇ ਮੈਨੂੰ ਸਾਰਾ ਪਤਾਅਸਲ ਵਿੱਚ ਉਹ ’ਬੌਲੀਵੁੱਡ’ ਵਾਲੀ ਆਜਦੋਂ ਉਨ੍ਹਾਂ ਨੂੰ ਕਿਤੇ ’ਕੱਠ ਦਿਖਾਉਣ ਲਈ ਲੋਕਾਂ ਦੀ ਲੋੜ ਹੁੰਦੀ ਐ … ਉਹ ਪੈਸੇ ਦੇ ਕੇ ਈ ਲੋਕਾਂ ਨੂੰ ਇਕੱਠੇ ਕਰਦੇ ਨੇਉਹਨੂੰ ਆਉਂਦਾ ਈ ਐਨਾ ਕੁ ਆਏਦੂੰ ਵੱਧ ਓਹਨੂੰ ਆਉਂਦਾ ਈ ਕੁਛ ਨੀਨਾ ਏਦੂੰ ਵੱਧ ਉਹਨੇ ਸਿੱਖਿਆਸਾਂਝੇ ਲੋਕ ਸੰਘਰਸ਼ ਬਾਰੇ ਉਹ ਕੀ ਜਾਣੇ? ਨਾਲੇ ਤੈਨੂੰ ਪਤਾ ਆਪਾਂ ’ਬੌਲੀ’ ਕਿਸ ਨੂੰ ਕਹਿੰਦੇ ਹੁੰਨੇ ਆਂ … ਬੌਲੀ” ਮੈਂ ਬੋਲਿਆ

ਮੈਨੂੰ ਲੱਗਿਆ ਬੇਬੇ ਮੇਰੇ ਨਾਲ ਸਹਿਮਤ ਹੋਵੇਗੀਪਰ ਮੇਰਾ ਖਿਆਲ ਗਲਤ ਸੀ

“ਭਾਈ ਫੇਰ ਤੂੰ ਕਹੇਂਗਾ ਮੱਸੇ ਰੰਘੜ ਤੇ ਜ਼ਕਰੀਆ ਖਾਨ ਵਰਗਿਆਂ ਨੂੰ ਵੀ ਮੁਆਫ ਕਰ ਦੇਣਾ ਚਾਹੀਦਾ ਸੀਸਜ਼ਾ ਕਾਹਨੂੰ ਦੇਣੀ ਸੀ!”

ਬੇਬੇ ਦੀ ਇਸ ਦਲੀਲ ਦਾ ਮੈਨੂੰ ਚਿੱਤ ਚੇਤਾ ਵੀ ਨਹੀਂ ਸੀਉਹ ਸਿਰਫ ਲੋਕ ਘੋਲਾਂ, ਧਰਨੇ ਮੁਜਾਹਰਿਆਂ ਵਿੱਚ ਜਾਣ ਵਾਲੀ ਬੇਬੇ ਹੀ ਨਹੀਂ, ਸਗੋਂ ਗੁਰੂ ਘਰਾਂ ਵਿੱਚ ਹੁੰਦੇ ਕਥਾ-ਕੀਰਤਨਾਂ ਰਾਹੀਂ ਸਿੱਖ ਇਤਿਹਾਸ ਵੀ ਸੁਣਦੀ, ਸਮਝਦੀ ਰਹੀ ਹੈਮੈਂ ਲਾਜਵਾਬ ਹੋ ਗਿਆ

ਅਚਾਨਕ ਮੇਰੇ ਅੰਦਰੋਂ ਅਜੈਬ ਬੋਲਿਆ, “ਉਹ ਗੱਲ ਹੋਰ ਸੀ ਬੇਬੇਅਸਲ ਵਿੱਚ ਉਹਨਾਂ ਦੁਸ਼ਟਾਂ ਦੇ ਕਤਲ ਨਹੀਂ ਹੋਏ, ਸਗੋਂ ਉਹਨਾਂ ਨੂੰ ਪਾਰ ਬੁਲਾ ਕੇ ਤਾਂ ਸਿੰਘਾਂ ਨੇ ਇਨਸਾਫ ਕੀਤਾ ਸੀ

ਅਜੈਬ, ਵਿਦੇਸ਼ ਰਹਿੰਦਾ ਮੇਰਾ ਦੋਸਤ ਹੈ90ਵਿਆਂ ਵਿੱਚ ਪੰਜਾਬ ਵਿੱਚ ਚੱਲੀ ਕਤਲੋਗਾਰਤ ਵੇਲੇ ਉਹ ਆਪਣੀ ਜਾਨ ਲੈ ਕੇ ਜਰਮਨ ਵੱਲ ਨਿੱਕਲ ਜਾਣ ਵਿੱਚ ਸਫਲ ਹੋ ਗਿਆ ਸੀਲੰਬੇ ਸੰਘਰਸ਼ ਵਿੱਚੋਂ ਗੁਜ਼ਰਦਿਆਂ ਹੁਣ ਉਹ ਸਫ਼ਲ ਰੈਸਟੋਰੈਂਟਾਂ ਦਾ ਮਾਲਕ ਹੈਆਪਣੇ ਪਿਤਰਾਂ ਦੀ ਧਰਤੀ ’ਤੇ ਪੈਰ ਪਾਉਣ ਦੀ ਸਿੱਕ ਮਨ ਵਿੱਚ ਦਬਾਈ ਬੈਠਾ ਉਹ ਹੁਣ ਮੁਆਫ਼ੀ ਮੰਗ ਰਿਹਾ ਹੈਜਦੋਂ ਕਿ ਭਾਰਤੀ ਸਟੇਟ ਉਸ ਨੂੰ ਮੁਆਫ਼ੀ ਦੇਣ ਤੋਂ ਮੁਨਕਰ ਹੈਇਹ ਗੱਲ ਕਿਸੇ ਹੋਰ ਸੰਦਰਭ ਵਿੱਚ ਚੱਲਦੀਆਂ ਗੱਲਾਂ ਦਰਮਿਆਨ ਉਸ ਨੇ ਮੈਨੂੰ ਕਹੀ ਸੀਚਲੋ ਖ਼ੈਰ ...

ਬੇਬੇ ਚੁੱਪ ਹੋ ਗਈਉਸਦਾ ਚਿਹਰਾ ਢਿੱਲਾ ਪੈ ਗਿਆਸੁੰਗੜਿਆ ਮੱਥਾ ਸਾਫ ਹੁੰਦਾ ਲੱਗਿਆਕੁਝ ਸੋਚ ਕੇ ਉਹ ਬੋਲੀ, “ਭਾਵੇਂ ਕੁਛ ਵੀ ਆ ਭਾਈ … ਕੇਰਾਂ ਅਸੀਂ ਓਹਨੂੰ ਸੱਦਾਂਗੇ ਜ਼ਰੂਰ

“ਸੱਦੋ ਬੇਬੇ … ਜੀਅ ਸਦਕੇ ਸੱਦੋਜਦੋਂ ਜੱਜ ਨੇ ਬੁਲਾਈ ਆ, ਓਹਨੂੰ ਆਉਣਾ ਵੀ ਜ਼ਰੂਰ ਪਊਮੈਂ ਵੀ ਇੱਦਾਂ ਈ ਚਾਹੁੰਨਾ … ਬੀ ਉਹ ਆਵੇ ਤੇ ਜੱਜ ਦੇ ਸਾਹਮਣੇ ਖੜ੍ਹੀ ਦੇ ਤੂੰ ਅੱਖਾਂ ਵਿੱਚ ਅੱਖਾਂ ਪਾ ਕੇ ਆਪਣਾ ਫੈਸਲਾ ਸੁਣਾਵੇਂ ਕਿ ਜੱਜ ਸਾਹਬ ਅਸੀਂ ਇਹਨੂੰ ਮਾਫ਼ ਕੀਤਾ ਇਸੇ ਵਿੱਚ ਆਪਣੀ ਅਸਲ ਜਿੱਤ ਹੋਵੇਗੀ” ਗੱਲ ਪੂਰੀ ਕਰ ਕੇ ਮੈਂ ਬੇਬੇ ਵੱਲ ਧਿਆਨ ਨਾਲ ਵੇਖਿਆਉਸਦੀਆਂ ਨਿੱਕੀਆਂ ਅੱਖਾਂ ਵਿੱਚ ਸੂਰਜ ਵਰਗੀ ਚਮਕ ਆ ਗਈ ਸੀ

ਮੰਜੇ ਉੱਤੇ ਬੈਠੀ ਬੇਬੇ ਨੇ ਆਪਣਾ ਕੁੱਬ ਮਾੜਾ ਜਿਹਾ ਸਿੱਧਾ ਕੀਤਾਪਾਵੇ ਨਾਲ ਪਈ ਸੋਟੀ ਹੱਥ ਵਿੱਚ ਫੜਦੀ ਉਹ ਬੋਲੀ, “ਬਿਨਾਂ ਕੋਈ ਬਹਾਨਾ ਬਣਾਏ ਜੇ ਉਹ ਨੌਂ ਵਸਾਖ ਨੂੰ ਕਚਹਿਰੀ ਆ ਗਈ ਤਾਂ ਤੇਰੇ ਕਹਿਣ ਵਾਂਗ ਅਸੀਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਾਫ਼ ਕਰ ਦਿਆਂਗੇਨਹੀਂ ਫੇਰ ਅਗਲੀ ਪੇਸ਼ੀ ’ਤੇ ਸਹੀ …” ਹੱਥ ਵਿੱਚ ਫੜੀ ਸੋਟੀ ਦੋ ਵਾਰ ਠੱਕ ਠੱਕ ਧਰਤੀ ’ਤੇ ਵੱਜੀ, “… ਸਾਡੇ ਤਾਂ ਵੱਡੇ ਵਡੇਰੇ ਵੀ ਕਹਿ ਕੇ ਗਏ ਨੇ, ਸਜ਼ਾ ਦੇਣ ਵਾਲੇ ਨਾਲੋਂ ਮੁਆਫ਼ ਕਰ ਦੇਣ ਵਾਲਾ ਬਲੀ ਹੁੰਦਾ” ਬੇਬੇ ਨੇ ਆਪਣੀ ਗੱਲ ਪੂਰੀ ਕਰ ਦਿੱਤੀ

ਮੇਰੇ ਨਾਲ ਸਹਿਮਤ ਹੋਈ ਬੇਬੇ ਮੈਨੂੰ ਕੋਈ ਰੱਬੀ ਰੂਹ ਲੱਗੀਮੇਰੀ ਅੰਤਰ ਆਤਮਾ ਵਿਦੇਸ਼ ਬੈਠੇ ਦੋਸਤ ਅਜੈਬ ਨੂੰ ਦੇਖ ਰਹੀ ਹੈਮੈਂ ਚਾਹੁੰਨਾ ਭਾਰਤੀ ਸਟੇਟ ਉਸ ਨੂੰ ਤੇ ਉਸ ਵਰਗੇ ਹੋਰ ਅਨੇਕਾਂ ਲੋਕਾਂ ਨੂੰ, ਜਿਹਨਾਂ ਦੇ ਮਨ ਢਾਈ ਤਿੰਨ ਦਹਾਕਿਆਂ ਦੇ ਗੁਜ਼ਰ ਚੁੱਕੇ ਲੰਬੇ ਸਮੇਂ ਨੇ ਬਿਲਕੁਲ ਬਦਲ ਦਿੱਤੇ ਹਨ, ਨੂੰ ਵੀ ਮੁਆਫ ਕਰ ਦੇਵੇ ਤਾਂ ਕਿ ਉਹ ਆਪਣੀ ਜਨਮ ਭੋਏਂ ਦੀ ਮਿੱਟੀ ਨੂੰ ਚੁੰਮ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3487)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਮਰਜੀਤ ਸਿੰਘ ਮਾਨ

ਅਮਰਜੀਤ ਸਿੰਘ ਮਾਨ

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)