AvtarSSandhu8ਮੇਰੇ ਪ੍ਰੋਫੈਸਰ ਸ੍ਰ. ਪਾਖਰ ਸਿੰਘ ਬੋਲੇ, “ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ? ...”
(12 ਮਾਰਚ 2022)


ਪਿਤਾ ਜੀ ਮੱਧ ਪ੍ਰਦੇਸ਼ ਵਿੱਚ ਸ਼ਰਾਬ ਦੀ ਠੇਕੇਦਾਰੀ ਕਰਦੇ ਸਨ
ਜਦੋਂ ਮੈਂ 1968 ਵਿੱਚ ਮੈਟ੍ਰਿਕ ਦੇ ਪੇਪਰ ਦੇ ਕੇ ਵਿਹਲਾ ਹੋਇਆ ਤਾਂ ਪਿਤਾ ਜੀ ਦੀ ਚਿੱਠੀ ਆ ਗਈ, “ਅਵਤਾਰ ਨੂੰ ਮੇਰੇ ਕੋਲ ਭੇਜ ਦਿਓ, ਹੁਣ ਕੰਮਕਾਰ ਵਧ ਗਿਆ ਹੈ।”

ਬਾਬਾ ਜੀ ਨੇ ਬੜਾ ਮਨ੍ਹਾਂ ਕੀਤਾ, ਮੁੰਡੇ ਨੂੰ ਅਜੇ ਹੋਰ ਪੜ੍ਹਨ ਦੇ ਪਰ ਪਿਤਾ ਜੀ ਦੀ ਜ਼ਿੱਦ ਅੱਗੇ ਸਾਰੇ ਬੇਵਸ ਸਨਆਖਰ ਮੈਂਨੂੰ ਤੇ ਭੂਆ ਜੀ ਨੂੰ ਭੋਪਾਲ ਭੇਜ ਦਿੱਤਾ ਗਿਆਨਵਾਂ ਇਲਾਕਾ, ਨਵੇਂ ਲੋਕ, ਨਵੀਂ ਭਾਸ਼ਾ, ਬੜਾ ਅਜੀਬ ਜਿਹਾ ਲੱਗਾਪਰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਆਪਣੇ ਮਾਂ-ਬਾਪ ਕੋਲ ਪਹੁੰਚ ਗਿਆ ਸੀਪਿਤਾ ਜੀ ਨੇ ਆਪਣੇ ਨਾਲ ਮੈਂਨੂੰ ਠੇਕੇਦਾਰੀ ਵਿੱਚ ਪਾ ਲਿਆਕੰਮ ਬੜਾ ਹੀ ਔਖਾ ਸੀ ਪਰ ਹੌਲੀ ਹੌਲੀ ਸਮਝ ਆ ਗਿਆ ਤੇ ਨਵੇਂ ਇਲਾਕੇ ਵਿੱਚ ਦਿਲ ਵੀ ਲੱਗ ਗਿਆ

ਦੋ ਸਾਲ ਪਿਤਾ ਜੀ ਨੇ ਇਸ ਕਾਰੋਬਾਰ ਬਾਰੇ ਮੈਨੂੰ ਸਾਰੀ ਜਾਣਕਾਰੀ ਮੈਂਨੂੰ ਦਿੱਤੀਜਦੋਂ ਦੇਖਿਆ ਕਿ ਮੈਂ ਸਭ ਕੁਝ ਸਮਝ ਗਿਆ ਹਾਂ ਤਾਂ ਉਹਨਾਂ ਮੈਂਨੂੰ ਆਪਣੇ ਠੇਕੇ ਲੈ ਕੇ ਆਪ ਕੰਮ ਕਰਨ ਲਈ ਕਿਹਾ1970 ਤੋਂ ਲੈ ਕੇ 1975 ਤਕ ਮੈਂ ਸ਼ਰਾਬ ਦੀ ਠੇਕੇਦਾਰੀ ਕੀਤੀਸਾਲ ਵਿੱਚ ਹੀ ਮੈਂਨੂੰ ਇਸ ਕਾਰੋਬਾਰ ਤੋਂ ਨਫਰਤ ਹੋਣ ਲੱਗ ਪਈਜਦੋਂ ਦਿਨ ਭਰ ਮਿਹਨਤ ਕਰਕੇ ਮਜ਼ਦੂਰ ਆਪਣੀ ਸਾਰੀ ਕਮਾਈ ਸ਼ਰਾਬ ਦੇ ਲੇਖੇ ਲਾ ਦਿੰਦੇ ਤਾਂ ਬੜਾ ਦੁੱਖ ਹੁੰਦਾਕਈ ਵਾਰ ਸ਼ਰਾਬੀਆਂ ਦੇ ਘਰਵਾਲੇ ਸ਼ਰਾਬੀਆਂ ਨੂੰ ਠੇਕੇ ਉੱਤੇ ਚੁੱਕਣ ਆਉਂਦੇ ਤਾਂ ਹੋਰ ਵੀ ਬੁਰਾ ਲਗਦਾ

ਜੂਨ ਮਹੀਨੇ ਇੰਦੌਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋ ਗਈਆਂਇਹ ਖ਼ਬਰ ਜਦੋਂ ਅਖ਼ਬਾਰ ਵਿੱਚ ਪੜ੍ਹੀ ਤਾਂ ਮੇਰੀ ਰੂਹ ਕੰਬ ਗਈਪੈਸੇ ਦੀ ਖਾਤਰ ਇਨਸਾਨਾਂ ਦਾ ਕਤਲਮੈਂ ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗਾਭਾਵੇਂ ਇਸ ਘਟਨਾ ਦਾ ਮੇਰੇ ਠੇਕੇ ਨਾਲ ਕੋਈ ਸਬੰਧ ਨਹੀਂ ਸੀ, ਫਿਰ ਵੀ ਮੈਂ ਬੜਾ ਦੁਖੀ ਸੀਉਸੇ ਦਿਨ ਮੈਂ ਫੈਸਲਾ ਕਰ ਲਿਆ ਕਿ ਹੁਣ ਸ਼ਰਾਬ ਦੀ ਠੇਕੇਦਾਰੀ ਨਹੀਂ ਕਰਨੀਮੇਰੇ ਇਸ ਫੈਸਲੇ ਨਾਲ ਘਰ ਵਿੱਚ ਭੁਚਾਲ ਆ ਗਿਆਦੋ ਦਿਨ ਘਰ ਵਿੱਚ ਮਹਾਂਭਾਰਤ ਚੱਲਦਾ ਰਿਹਾ ਪਰ ਮੈਂ ਆਪਣੇ ਫੈਸਲੇ ’ਤੇ ਅੜਿਆ ਰਿਹਾ

ਆਖਰ ਪਿਤਾ ਜੀ ਮੈਂਨੂੰ ਛੱਡਣ ਪੰਜਾਬ ਆ ਗਏਮੇਰੇ ਰਿਸ਼ਤੇਦਾਰ ਵੀ ਮੈਂਨੂੰ ਸਮਝਾਉਦੇ ਰਹੇ ਪਰ ਮੈਂ ਕਿਸੇ ਦੀ ਕੋਈ ਗੱਲ ਨਹੀਂ ਮੰਨੀਪਿਤਾ ਜੀ ਮੈਂਨੂੰ ਛੱਡਕੇ ਵਾਪਸ ਭੋਪਾਲ ਚਲੇ ਗਏਹੁਣ ਸਵਾਲ ਸੀ ਇੱਥੇ ਮੈਂ ਕੀ ਕਰਦਾਰਿਸ਼ਤੇਦਾਰ ਮਿਹਣੇ ਮਾਰਨ, ਟਿੱਚਰਾਂ ਕਰਨ“ਮੁੰਡੇ ਦਾ ਤਾਂ ਦਿਮਾਗ ਖਰਾਬ ਹੋ ਗਿਆ ਚੰਗਾ ਭਲਾ ਠੇਕੇਦਾਰੀ ਕਰਦਾ ਸੀ, ਹੁਣ ਠੋਕਰਾਂ ਖਾਉ ਸਾਰੀ ਉਮਰ।”

ਪਿਤਾ ਜੀ ਨੇ ਵੀ ਭੋਪਾਲ ਤੋਂ ਤੁਰਨ ਵੇਲੇ ਮੇਰੀ ਮਾਂ ਨੂੰ ਮਿਹਣਾ ਮਾਰਿਆ ਸੀ, “ਤੇਰੇ ਇਸ ਪੂਰਨ ਭਗਤ ਨੇ ਹੁਣ ਸਾਰੀ ਉਮਰ ਭੁੱਖਾ ਮਰਨਾ” ਵੰਡ ਤੋਂ ਬਾਅਦ ਸਾਡੇ ਕੋਲ ਸਰਕਾਰੀ ਡੀਪੂ ਸਨਸਾਡੀ ਅੱਲ ਵੀ ‘ਡੀਪੂ ਵਾਲੇ’ ਪਈ ਹੋਈ ਸੀਮੈਂ ਅਰਜ਼ੀ ਦਿੱਤੀ, ਮੈਂਨੂੰ ਤੇਲ, ਖੰਡ ਤੇ ਆਟੇ ਦਾ ਡੀਪੂ ਮਿਲ ਗਿਆਚਾਰ ਕੁ ਮਹੀਨੇ ਕੰਮ ਵਧੀਆ ਚੱਲਿਆ ਫਿਰ ਉੱਪਰਲੇ ਅਫਸਰ ਮਹੀਨਾ ਮੰਗਣ ਲੱਗ ਪਏਆਪਾਂ ਡੀਪੂ ਛੱਡ ਦਿੱਤਾ

ਉਹਨਾਂ ਦਿਨਾਂ ਵਿੱਚ ਮੇਰੀਆਂ ਕਹਾਣੀਆਂ ਅਖਬਾਰਾਂ ਵਿੱਚ ਛਪਦੀਆਂ ਸਨ ਮੈਂ 1970 ਤੋਂ ਅਖਬਾਰਾਂ ਵਿੱਚ ਛਪਣ ਲੱਗ ਪਿਆ ਸੀਇਹ ਵੀ ਇੱਕ ਵੱਖਰੀ ਕਹਾਣੀ ਹੈ, ਫਿਰ ਕਿਸੇ ਵੇਲੇ ਸਹੀਮੇਰੇ ਇੱਕ ਦੋਸਤ ਨੇ ਸਲਾਹ ਦਿੱਤੀ ਤੈਨੂੰ ਸਾਹਿਤ ਲਿਖਣ ਦਾ ਸ਼ੌਕ ਹੈ, ਤੂੰ ਗਿਆਨੀ ਕਰਲੇਟ ਫੀਸ ਭਰੀ, ਗਿਆਨੀ ਦਾ ਦਾਖਲਾ ਭੇਜ ਦਿੱਤਾਜਿਹੜਾ ਸੁਣਦਾ, ਉਹੀ ਟਿੱਚਰਾਂ ਕਰਦਾ, “ਇਹ ਤੇਰੇ ਵੱਸ ਦਾ ਕੰਮ ਨਹੀਂ, ਤੂੰ ਅੱਠ ਸਾਲ ਭੋਪਾਲ ਰਿਹਾ, ਤੈਨੂੰ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਂਦੀ।” ਕੋਈ ਆਖੇ ਜੋਗਿੰਦਰ ਦੇ ਜਰਨੈਲ ਨੇ ਤਿੰਨ ਵਾਰ ਪੇਪਰ ਦਿੱਤੇ ਹਨ, ਉਹ ਪਾਸ ਨਹੀਂ ਹੋਇਆ” ਜਿੰਨੇ ਮੂੰਹ ਉੱਨੀਆਂ ਗੱਲਾਂ

ਇੱਧਰ ਬਾਬਾ ਜੀ ਨੇ ਗਿਆਨੀ ਵਾਲੇ ਪੇਪਰਾਂ ਨੂੰ ਆਪਣੀ ਮੁੱਛ ਦਾ ਸਵਾਲ ਬਣਾ ਲਿਆ, “ਪੁੱਤਰਾ! ਕੁਝ ਵੀ ਹੋਵੇ, ਹੁਣ ਤੂੰ ਗਿਆਨੀ ਤਾਂ ਜ਼ਰੂਰ ਪਾਸ ਕਰਨੀ ਐ।”

ਮੈਂ ਰਾਤ ਦਿਨ ਇੱਕ ਕਰ ਦਿੱਤਾਸਾਰਾ ਸਾਰਾ ਦਿਨ ਪੜ੍ਹਨਾ, ਰੋਟੀ ਪਾਣੀ ਦਾ ਕੋਈ ਖਿਆਲ ਨਾ ਰਹਿਣਾਆਖਰ ਚੰਗੇ ਨੰਬਰਾਂ ਨਾਲ ਗਿਆਨੀ ਪਾਸ ਕਰ ਲਈਪਿੰਡ ਵਿੱਚ ਟੌਹਰ ਬਣ ਗਈਫਿਰ ਮਾਹਿਲਪੁਰ ਓ, ਟੀ, ਵਿੱਚ ਦਾਖਲਾ ਮਿਲ ਗਿਆਪ੍ਰੋ. ਸੰਧੂ ਵਰਿਆਣਵੀ, ਕਹਾਣੀਕਾਰ ਬਲਦੇਵ ਸਿੰਘ ਢੀਂਡਸਾ, ਡਾ. ਮਨਮੋਹਨ ਸਿੰਘ ਤੀਰ ਮੇਰੇ ਕਲਾਸਫੈਲੋ ਸਨਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਇੱਕ ਨਵੀਂ ਮੁਸੀਬਤ ਆ ਖੜ੍ਹੀ ਹੋਈਮੇਰੇ ਹੋਣ ਵਾਲੇ ਸਹੁਰਾ ਸਾਹਬ ਵਿਆਹ ਲਈ ਜ਼ੋਰ ਪਾਉਣ ਲੱਗ ਪਏ“ਵਿਆਹ ਕਰੋ ਜਾਂ ਰਿਸ਼ਤਾ ਛੱਡੋ।”

ਮੇਰੇ ਦਾਦੀ ਜੀ ਅੜ ਗਏ, “ਅਸੀਂ ਮੰਗ ਨਹੀਂ ਛੱਡਣੀ, ਕੋਈ ਗੱਲ ਨਹੀਂ, ਤੁਸੀਂ ਦਿਨ ਦਿਓ

ਪੰਦਰਾਂ ਦਿਨ ਬਾਅਦ ਵਿਆਹ ਰੱਖ ਦਿੱਤਾਜਿਸ ਦਿਨ ਮੈਂਨੂੰ ਮਾਈਆਂ ਲੱਗਣਾ ਸੀ, ਮੈਂ ਆਪਣੀ ਕਲਾਸ ਵਿੱਚ ਬੈਠਾ ਪੀਰੀਅਡ ਲਾ ਰਿਹਾ ਸੀਕੁੜੀਆਂ ਨੇ ਮੈਂਨੂੰ ਜਬਰਦਸਤੀ ਘਰ ਭੇਜਿਆਵੀਰਵਾਰ ਵਿਆਹ ਸੀ ਤੇ ਸਨਿੱਚਰਵਾਰ ਮੈਂ ਮੁੜ ਕਲਾਸ ਵਿੱਚ ਬੈਠਾ ਸੀਮੇਰੇ ਪ੍ਰੋਫੈਸਰ ਸ੍ਰ. ਪਾਖਰ ਸਿੰਘ ਬੋਲੇ, “ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ?”

ਮੈਂ ਪ੍ਰੋਫੈਸਰ ਸਾਹਿਬ ਨੂੰ ਆਪਣੇ ਝਟਕਾ ਪਟਕੀ ਵਿੱਚ ਹੋਏ ਵਿਆਹ ਬਾਰੇ ਦੱਸਿਆ ਅਤੇ ਸ਼ਗਨ ਵਿੱਚ ਮਿਲੇ ਪੈਸਿਆਂ ਨਾਲ ਸਾਰੀ ਕਲਾਸ ਨੂੰ ਪਾਰਟੀ ਦਿੱਤੀ

ਵਿਆਹ ਤੋਂ ਹਫਤਾ ਬਾਅਦ ਘਰਵਾਲੀ ਦਾ ਚੂੜਾ ਲੁਹਾ ਕੇ ਹੁਸ਼ਿਆਰਪੁਰ ਗਿਆਨੀ ਕਾਲਜ ਵਿੱਚ ਦਾਖਲ ਕਰਾ ਦਿੱਤਾਹੁਣ ਅਸੀਂ ਦੋਵੇਂ ਪੜ੍ਹਨ ਜਾਂਦੇ ਲੋਕ ਸਾਨੂੰ ਟਿੱਚਰਾਂ ਕਰਦੇ, ਮਿਹਣੇ ਮਾਰਦੇ“ਮੁੰਡੇ ਦੀ ਅਕਲ ਦੇਖੋ, ਘੱਟੋ ਘੱਟ ਸਵਾ ਮਹੀਨਾ ਤਾਂ ਬਹੂ ਦੇ ਚੂੜਾ ਪਾਇਆ ਰਹਿਣ ਦਿੰਦਾਵੱਡੇ ਪੜ੍ਹਾਕੂ ਬਣੀ ਫਿਰਦੇ ਆ।

ਅਸੀਂ ਦੋਹਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾਅਸੀਂ ਦੋਵੇਂ ਚੰਗੇ ਨੰਬਰਾਂ ਨਾਲ ਪਾਸ ਹੋ ਗਏਇੱਕ ਮਹੀਨਾ ਬਾਅਦ ਹੀ ਮੈਂਨੂੰ ਸਰਕਾਰੀ ਨੌਕਰੀ ਮਿਲ ਗਈਹੁਣ 32 ਸਾਲ ਬਾਅਦ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਇਆ ਹਾਂ

ਹੁਣ ਮੈਂ ਸੋਚਦਾ ਹਾਂ, ਜੇ ਸ਼ਰਾਬ ਦੀ ਠੇਕੇਦਾਰੀ ਕਰਦਾ ਰਹਿੰਦਾ ਤਾਂ ਪਤਾ ਨਹੀਂ ਕਿੰਨੇ ਨਿਰਦੋਸ਼ਾਂ ਦੇ ਕਤਲ ਮੇਰੇ ਨਾਮ ਪੈਂਦੇ, ਕਿੰਨੀਆਂ ਸੁਹਾਗਣਾਂ ਦੇ ਸੰਧੂਰ ਉੱਜੜਦੇ, ਕਿੰਨੇ ਬੱਚੇ ਯਤੀਮ ਹੁੰਦੇਹੋ ਸਕਦਾ ਹੈ ਮੇਰੀ ਮਹਿਲਾ ਵਰਗੀ ਕੋਠੀ ਹੁੰਦੀਬੈਂਕ ਵਿੱਚ ਕਾਫੀ ਧਨ ਹੁੰਦਾਇਹ ਵੀ ਹੋ ਸਕਦਾ ਹੈ ਕਿ ਹੁਣ ਮੈਂ ਕਿਸੇ ਜੇਲ੍ਹ ਵਿੱਚ ਨਰਕ ਹੀ ਭੋਗ ਰਿਹਾ ਹੁੰਦਾ ਜਵਾਨੀ ਵੇਲੇ ਮੇਰੇ ਇੱਕ ਹੀ ਫੈਸਲੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀਜ਼ਿੰਦਗੀ ਵਿੱਚ ਮੈਂ ਇੱਕ ਹੀ ਸਬਕ ਸਿੱਖਿਆ, ਸਹੀ ਫੈਸਲਾ ਲਓ, ਖੂਬ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3422)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਸੰਧੂ

ਅਵਤਾਰ ਸਿੰਘ ਸੰਧੂ

Tel: (91 - 99151 - 82971)
Email: (avtarsinghsandhu3330@gmail.com)