“ਰਹੀ ਗੱਲ ਯੂਨੀਵਰਸਿਟੀ ਵਿੱਚੋਂ ਕੱਢਣ ਦੀ, ਐਂ ਤੁਸੀਂ ਉਨ੍ਹਾਂ ਨੂੰ ਕਿਵੇਂ ਕੱਢ ਦੇਵੋਂਗੇ? ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 144.
ਚਾਚੇ ਦੇ ਤੁਰ ਜਾਣ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਗਿਆ। ਉਹ ਖ਼ੂਬਸੂਰਤ ਰੂਹ ਵਾਲਾ ਇਨਸਾਨ ਸੀ। ਮੋਹ-ਮਮਤਾ ਨਾਲ ਭਰੀ ਅਪਣੱਤ ਦਿਖਾਉਂਦਿਆਂ ਉਹ ਸਭ ਨੂੰ ਆਪਣਾ ਬਣਾ ਲੈਣ ਦਾ ਹੁਨਰ ਰੱਖਦਾ ਸੀ। ਚਾਚਾ ਤਾਂ ਭਾਵੇਂ ਉਹ ਸਾਡੇ ਵਿੱਚੋਂ ਇੱਕ ਦਾ ਸੀ ਪਰ ਇਨਸਾਨੀ ਕਦਰਾਂ-ਕੀਮਤਾਂ, ਨਿੱਘੇ ਰਿਸ਼ਤਿਆਂ, ਭਾਈਚਾਰਕ ਸਾਂਝਾਂ ਨੂੰ ਪਰਨਾਇਆ ਅਤੇ ਹੱਕ ਸੱਚ ਲਈ ਖੜ੍ਹਨ ਵਾਲਾ ਉਹ ਇਨਸਾਨ ਸਾਡਾ ਸਾਰਿਆਂ ਦਾ ਚਾਚਾ ਬਣ ਗਿਆ ਸੀ। ਉਸ ਦੇ ਤੁਰ ਜਾਣ ’ਤੇ ਉਹ ਸਾਰੇ, ਜਿਨ੍ਹਾਂ ਨੂੰ ਹਰ ਲੋੜ ਸਮੇਂ ਉਸ ਦਾ ਸਨੇਹ, ਸਹਾਰਾ ਤੇ ਸਾਥ ਮਿਲਿਆ ਸੀ, ਅੱਜ ਉਦਾਸ ਬੈਠੇ ਹਨ।
ਯਾਦਾਂ ਦੇ ਵਰਕੇ ਫਰੋਲਦਿਆਂ ਉਹ ਵਕਤ ਅੱਖਾਂ ਸਾਮ੍ਹਣੇ ਆ ਖੜ੍ਹਦਾ ਹੈ ਜਦੋਂ ਪਹਿਲੀ ਵਾਰ ਸਧਾਰਨ ਜਿਹੇ ਲੱਗਦੇ ਚਾਚੇ ਦਾ ਅਨਿਆਇ ਖ਼ਿਲਾਫ ਖੜ੍ਹਨ ਦਾ ਜਜ਼ਬਾ ਦੇਖਿਆ ਸੀ। ਗੱਲ ਯੂਨੀਵਰਸਿਟੀ ਵਿੱਚ ਪੜ੍ਹਨ ਸਮੇਂ ਦੀ ਹੈ, ਜਦੋਂ ਉੱਥੇ ਗੁੰਡਾਗਰਦੀ ਸਿਖਰਾਂ ’ਤੇ ਸੀ ਤਾਂ ਜਾਗਦੀ ਜ਼ਮੀਰ ਵਾਲੇ ਵਿਦਿਆਰਥੀਆਂ ਵੱਲੋਂ ਗੁੰਡਾਗਰਦੀ ਦਾ ਵਿਰੋਧ ਕੀਤਾ ਗਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਯੂਨੀਵਰਸਿਟੀ ਵਿੱਚੋਂ ਕੱਢਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ। ਪਤਾ ਲੱਗਣ ’ਤੇ ਚਾਚਾ ਪੀੜਤ ਵਿਦਿਆਰਥੀਆਂ ਦੇ ਵਾਰਸਾਂ ਨੂੰ ਇਕੱਠੇ ਕਰਕੇ, ਉਨ੍ਹਾਂ ਨੂੰ ਨਾਲ ਲੈ ਕੇ ਯੂਨਿਵਰਸਿਟੀ ਦੇ ਅਧਿਕਾਰੀਆਂ ਨੂੰ ਮਿਲਿਆ। ਉਸ ਨੇ ਬੜੇ ਤਹੱਮਲ ਨਾਲ ਅਧਿਕਾਰੀਆਂ ਤੋਂ ਪੁੱਛਿਆ, “ਦੱਸੋ ਸਾਡੇ ਬੱਚਿਆਂ ਦਾ ਕਸੂਰ ਕੀ ਹੈ? ਜੇ ਆਪਣੇ ਨਾਲ ਹੁੰਦੇ ਅਨਿਆਇ ਖ਼ਿਲਾਫ ਆਵਾਜ਼ ਉਠਾਉਣ ਦੀ ਹਿੰਮਤ ਨੂੰ ਤੁਸੀਂ ਉਨ੍ਹਾਂ ਦਾ ਕਸੂਰ ਮੰਨਦੇ ਹੋ ਤਾਂ ਤੁਸੀਂ ਗਲਤ ਹੋ। ਰਹੀ ਗੱਲ ਯੂਨੀਵਰਸਿਟੀ ਵਿੱਚੋਂ ਕੱਢਣ ਦੀ, ਐਂ ਤੁਸੀਂ ਉਨ੍ਹਾਂ ਨੂੰ ਕਿਵੇਂ ਕੱਢ ਦੇਵੋਂਗੇ?” ਚਾਚੇ ਨੂੰ ਅਧੀਕਾਰੀਆਂ ਨਾਲ ਬਹਿਸ ਕਰਦਿਆਂ ਅਤੇ ਸਾਡਾ ਵਿਦਿਆਰਥੀਆਂ ਦਾ ਪੱਖ ਲੈਂਦਿਆਂ ਤੱਕ ਕੇ ਪਹਿਲੀ ਵਾਰ ਸਭ ਨੂੰ ਚਾਚਾ ਆਪਣਾ ਆਪਣਾ ਲੱਗਿਆ ਸੀ।
ਉਸ ਨੂੰ ਨਰੋਆ ਸਾਹਿਤ ਪੜ੍ਹਨ ਦੀ ਲਗਨ ਸੀ। ਉਹ ਚੰਗੀਆਂ ਕਿਤਾਬਾਂ ਖਰੀਦ ਕੇ ਘਰੇ ਲਿਆਉਂਦਾ ਤਾਂ ਜੋ ਉਨ੍ਹਾਂ ਨੂੰ ਪੜ੍ਹਕੇ ਪਰਿਵਾਰ ਦੇ ਜੀਅ ਵੀ ਸੁਚੇਤ ਅਤੇ ਅਗਾਂਹਵਧੂ ਸੋਚ ਦੇ ਹਾਣੀ ਬਣ ਜਾਣ। ਚੰਗੀਆਂ ਕਿਤਾਬਾਂ ਪੜ੍ਹਕੇ ਹੀ ਉਹ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸਾਂ ਤੋਂ ਦੂਰ ਸੀ।
ਹੁਣ ਉਹ ਸਾਡੀ ਵਿਦਿਆਰਥੀ ਜਥੇਬੰਦੀ ਦਾ ਪੱਕਾ ਸਮੱਰਥਕ ਬਣ ਗਿਆ। ਲੋੜ ਪੈਣ’ਤੇ ਉਹ ਜਥੇਬੰਦੀ ਦੀ ਹਰ ਤਰ੍ਹਾਂ ਦੀ ਹਿਮਾਇਤ ਕਰਦਾ। ਵਿਦਿਆਰਥੀ ਜਥੇਬੰਦੀਆਂ ਜਦੋਂ ਹੱਕ ਸੱਚ ਤੇ ਨਿਆਂ ਵਾਸਤੇ ਜੱਦੋਜਹਿਦ ਕਰਦੀਆਂ ਤਾਂ ਉਨ੍ਹਾਂ ਵਿੱਚੋਂ ਕਈਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਉਲਝਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ। ਚਾਚਾ ਉਨ੍ਹਾਂ ਨੂੰ ਛੁਡਾਉਣ ਲਈ ਪੂਰੀ ਭੱਜ ਨੱਠ ਕਰਦਾ। ਜਦੋਂ ਤਕ ਉਹ ਜੇਲ੍ਹੋਂ ਬਾਹਰ ਨਾ ਆ ਜਾਂਦੇ, ਉਹ ਟਿਕ ਕੇ ਨਹੀਂ ਸੀ ਬੈਠਦਾ। ਉਹ ਹਮੇਸ਼ਾ ਵਿਦਿਆਰਥੀਆਂ ਦੀ ਜਿੱਤ ਦੀ ਕਾਮਨਾ ਕਰਦਾ। ਜਦੋਂ 1984 ਵਿੱਚ ਅਸਾਮ ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉੱਥੋਂ ਦੀ ਵਿਦਿਆਰਥੀ ਯੂਨੀਅਨ ਨੇ ਚੋਣਾਂ ਵਿੱਚ ਹਿੱਸਾ ਲੈ ਕੇ ਜਿੱਤ ਪ੍ਰਾਪਤ ਕੀਤੀ ਤਾਂ ਉਹ ਬੜਾ ਖੁਸ਼ ਹੋਇਆ। ਉਸ ਨੇ ਆਪਣੇ ਦਿਲ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਕਿਸੇ ਦਿਨ ਇਸੇ ਤਰ੍ਹਾਂ ਜਿੱਤ ਪ੍ਰਾਪਤ ਕਰੋਂ।
ਯੂਨੀਵਰਸਿਟੀ ਅਤੇ ਕਾਲਜਾਂ ਵਿੱਚੋਂ ਪੜ੍ਹਕੇ ਉਨ੍ਹਾਂ ਵਿਦਿਆਰਥੀਆਂ ਵਿੱਚੋਂ ਬਹੁਤ ਸਾਰੇ ਉੱਚ ਅਹੁਦਿਆਂ ਵਿੱਚ ਚਲੇ ਗਏ ਅਤੇ ਕਈ ਵਿਦੇਸ਼ਾਂ ਵਿੱਚ ਵਸ ਗਏ। ਪਰ ਉਹ ਚਾਚੇ ਨੂੰ ਜ਼ਰੂਰ ਮਿਲਦੇ ਰਹੇ ਅਤੇ ਉਸ ਦੇ ਮੋਹ ਦਾ ਨਿੱਘ ਮਾਣਦੇ ਰਹੇ।
ਚਾਚੇ ਦੀ ਨਾਬਰੀ ਖ਼ਿਲਾਫ ਲੜਨ ਵਾਲਿਆਂ ਨਾਲ ਖੜ੍ਹਨ ਵਾਲੀ ਸੋਚ ਦਾ ਕਾਰਨ ਉਸ ਦੇ ਬਚਪਨ ਸਮੇਂ ਵਾਪਰੀ ਇੱਕ ਘਟਨਾ ਸੀ। ਉਸ ਦੇ ਦੱਸਣ ਮੁਤਾਬਿਕ ਉਹ ਆਪਣੇ ਹਾਣ ਦੇ ਬੱਚਿਆਂ ਨਾਲ ਇੱਕ ਪਿੜ ਵਿੱਚ ਖੇਡ ਰਿਹਾ ਸੀ, ਜਿੱਥੇ ਦਾਣਿਆਂ ਦਾ ਬੋਹਲ ਲੱਗਾ ਹੋਇਆ ਸੀ। ਮੁਜ਼ਾਰਾ ਯੁੱਗ ਸੀ। ਇੱਕ ਸਰਦਾਰ ਆਪਣੀ ਵੰਡਾਈ ਲੈਣ ਲਈ ਉੱਥੇ ਆਇਆ। ਚਾਚਾ ਅਤੇ ੳਸਦੇ ਹਾਣੀ ਆਪਣੀ ਖੇਡ ਵਿੱਚ ਮਸਤ ਰਹੇ। ਸਰਦਾਰ ਨੂੰ ਇਸ ਗੱਲੋਂ ਵੱਟ ਚੜ੍ਹ ਗਿਆ ਕਿ ਬੱਚਿਆਂ ਨੇ ਉਸ ਨੂੰ ਨਮਸਕਾਰ ਕਿਉਂ ਨਹੀਂ ਕੀਤੀ। ਗੁੱਸੇ ਵਿੱਚ ਆ ਕੇ ਉਸ ਨੇ ਦਾਣਿਆਂ ਦੇ ਬੋਹਲ ਨੂੰ ਅੱਗ ਲਾਉਣ ਲਈ ਕਹਿ ਦਿੱਤਾ। ਚਾਚੇ ਦੇ ਬਾਪੂ ਨੇ ਨੱਕ ਨਾਲ ਲਕੀਰਾਂ ਕੱਢ ਕੇ ਸਰਦਾਰ ਤੋਂ ਮੁਆਫੀ ਮੰਗੀ, ਫਿਰ ਕਿਤੇ ਜਾ ਕੇ ਸਰਦਾਰ ਢੈਲਾ ਪਿਆ। ਇਸ ਘਟਨਾ ਦਾ ਚਾਚੇ ਦੇ ਬਾਲ ਮਨ ’ਤੇ ਅਜਿਹਾ ਅਸਰ ਹੋਇਆ ਕਿ ਉਸ ਨੂੰ ਧੱਕੇਸ਼ਾਹੀ ਕਰਨ ਵਾਲਿਆਂ ਨਾਲ ਨਫਰਤ ਹੋ ਗਈ।
ਪਿੰਡ ਦੇ ਸਾਂਝੇ ਕੰਮ ਜਿਵੇਂ ਖਾਲ ਸੰਵਾਰਨੇ, ਰਾਹ ਕਢਾਉਣੇ ਜਾਂ ਹੋਰ ਅਜਿਹੇ ਕੰਮਾਂ ਵਿੱਚ ਚਾਚਾ ਹਮੇਸ਼ਾ ਮੋਹਰੀ ਰਹਿੰਦਾ। ਜਦੋਂ ਵੀ ਕਿਸੇ ਕਾਰਨ ਪਿੰਡ ਦੇ ਲੋਕਾਂ ਦਾ ਇਕੱਠ ਹੁੰਦਾ ਤਾਂ ਚਾਚੇ ਦੀ ਰਾਇ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ। ਉਹ ਹਮੇਸ਼ਾ ਸੱਚੀ ਤੇ ਸਹੀ ਗੱਲ ਕਰਨ ਦੀ ਜੁਰਅਤ ਰੱਖਦਾ ਸੀ। ਅਜਿਹੇ ਸਮੇਂ ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ ਸੀ।
ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਵੀ ਉਸ ਦਾ ਚੰਗਾ ਤਾਲਮੇਲ ਸੀ। ਜਿਹੜੀ ਵੀ ਜ਼ਿੰਮੇਵਾਰੀ ਚਾਚੇ ਨੂੰ ਦਿੱਤੀ ਜਾਂਦੀ, ਚਾਂਚਾ ਜੀਅ ਜਾਨ ਲਾ ਕੇ ਪੂਰੀ ਕਰਦਾ। ਉਹ ਸਾਰੀਆਂ ਜਥੇਬੰਦੀਆਂ ਨਾਲ ਹੀ ਆਪਣਾ ਮੇਲ-ਮਿਲਾਪ ਰੱਖਦਾ ਸੀ। ਉਸ ਦਾ ਖਿਆਲ ਸੀ ਕਿ ਸਾਰੇ ਹੀ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਕਿਸੇ ਵੀ ਜਥੇਬੰਦੀ ਜਾਂ ਪਾਰਟੀ ਵਾਲੇ ਉਸ ਦੇ ਘਰ ਵਿੱਚ ਜਦੋਂ ਮਰਜ਼ੀ ਜਾ ਕੇ ਅੰਨ ਪਾਣੀ ਛਕ ਸਕਦੇ ਸਨ। ਪਰਿਵਾਰ ਵੱਲੋਂ ਸਾਰਿਆਂ ਨੂੰ ਹੀ ਸਤਿਕਾਰ ਦਿੱਤਾ ਜਾਂਦਾ ਸੀ।
ਜਿਵੇਂ ਹਰ ਬਹਾਰ ਤੋਂ ਬਾਅਦ ਪਤਝੜ ਆਉਂਦੀ ਹੈ, ਇਸ ਤਰ੍ਹਾਂ ਮਨੁੱਖੀ ਜੀਵਨ ਵਿੱਚ ਵੀ ਇੱਕ ਦਿਨ ਪਤਝੜ ਆਉਂਦੀ ਹੈ। ਇਸ ਰੁੱਤ ਵਿੱਚ ਬਹੁਤਿਆਂ ਦੇ ਹਿੱਸੇ ਦਰਦ, ਹੰਝੂਆਂ ਅਤੇ ਆਪਣਿਆਂ ਦੀ ਬੇਰੁਖੀ ਦਾ ਸੰਤਾਪ ਹੀ ਆਉਂਦਾ ਹੈ। ਪਰ ਚਾਚੇ ਦੀ ਜ਼ਿੰਦਗੀ ਵਿੱਚ ਆਈ ਪਤਝੜ ਨੇ ਜਦੋਂ ਉਸ ਨੂੰ ਮੰਜੇ ਉੱਤੇ ਪਾ ਦਿੱਤਾ ਤਾਂ ਉਸ ਦੇ ਸੁਲਝੇ ਹੋਏ ਪਰਿਵਾਰ ਨੇ ਉਸ ਦੀ ਬਹੁਤ ਸੇਵਾ ਕੀਤੀ। ਪਤਨੀ, ਨੂੰਹ, ਪੋਤਾ, ਪੋਤ ਨੂੰਹ ਸਭ ਨੇ ਪੂਰੀ ਸ਼ਿੱਦਤ ਨਾਲ ਉਸ ਦੀ ਸਾਂਭ-ਸੰਭਾਲ ਕੀਤੀ। ਉਹ ਤਾਂ ਉਸ ਦਾ ਪਰਿਵਾਰ ਸੀ ਪਰ ਉਸ ਦੇ ਨਗਰ ਖੇੜੇ ਨੇ ਵੀ ਲੋੜ ਪੈਣ ’ਤੇ ਘਰ, ਹਸਪਤਾਲ ਅਤੇ ਖੇਤਾਂ ਵਿੱਚ ਜਿੱਥੇ ਵੀ ਉਨ੍ਹਾਂ ਦੀ ਮਦਦ ਦੀ ਲੋੜ ਹੁੰਦੀ, ਅੱਗੇ ਹੋ ਕੇ ਮਦਦ ਲਈ ਹੱਥ ਵਧਾਇਆ। ਆਖਿਰ 7 ਫਰਵਰੀ ਨੂੰ ਨਿਸ਼ਕਾਮ ਸੇਵਕ, ਲੋਕ ਪੱਖੀ ਕਦਰਾਂ ਕੀਮਤਾਂ ਦਾ ਮੁਦਈ, ਸਰਬੱਤ ਦੇ ਭਲੇ ਵਿੱਚੋਂ ਆਪਣਾ ਭਲਾ ਚਾਹੁਣ ਵਾਲਾ ਚਾਚਾ ਨਛੱਤਰ ਸਿੰਘ ਆਪਣੇ ਪਿੰਡ ਮੰਡੀ ਕਲਾਂ, ਪਰਿਵਾਰ ਅਤੇ ਸਾਰੇ ਸਨੇਹੀਆਂ ਨੂੰ ਅਲਵਿਦਾ ਆਖ ਨਾ ਮੁੜਨ ਵਾਲੇ ਰਾਹਾਂ ਦਾ ਪਾਂਧੀ ਬਣ ਤੁਰ ਗਿਆ। ਉਸ ਦੀ ਕਰਨੀ ਨੂੰ ਸਲਾਮ। ਚਾਚਾ ਤੈਨੂੰ ਲੱਖ ਲੱਖ ਸਲਾਮਾਂ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3379)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































