KirpalSPannu7ਜੇ ਕੀਤਾ ਕੰਮ ਸਾਂਭਿਆ ਨਹੀਂ ਤਾਂ ਜਿਹੋ ਜਿਹਾ ਕੀਤਾਜਿਹੋ ਜਿਹਾ ਨਾ ਕੀਤਾ। ਕੰਪਿਊਟਰ ਦੀ ਤਾਂ ਇਹ ...
(5 ਫਰਵਰੀ 2022)


ਲੜੀ ਨੰਬਰ 7:    ਟਾਈਪ ਕਰਨਾ

ਆਪਣੀ ਸਮਰੱਥਾ ਅਤੇ ਸਪੀਡ ਬਣਾਈ ਰੱਖਣ ਲਈ ਠੀਕ ਵਿਧੀ ਨਾਲ਼ ਟਾਈਪ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਟਾਈਪ ਕਰਤਾ ਆਪੇ ਸਿੱਖੇ ਹੋਏ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਮਨਮਰਜ਼ੀ ਭਾਰੂ ਹੁੰਦੀ ਹੈ। ਠੀਕ ਵਿਧੀ ਨਾਲ਼ ਟਾਈਪ ਕਰਨਾ ਇੱਕ ਸਾਧਨਾ ਹੈ, ਇੱਕ ਕਲਾ ਹੈ। ਲਗਨ ਦੇ ਨਾਲ਼ ਯਤਨ ਕਰਕੇ ਇਸ ਨੂੰ ਹਰ ਕੋਈ ਸਿੱਖ ਸਕਦਾ ਹੈ। ਕੇਵਲ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਕਿਹੜਾ ਅੱਖਰ ਕਿਵੇਂ ਪੈਣਾ ਹੈ, ਉਸਦੇ ਅੱਗੇ ਪਿੱਛੇ ਕਿਹੜਾ ਸਹਾਇਕ ਮੋਤੀ (ਪੰਕਚੂਏਸ਼ਨ) ਬੀੜਨਾ ਹੈ। ਅਭਿਆਸ ਨਾਲ਼ ਅੱਖਰਾਂ ਨੇ ਤੁਹਾਡੀਆਂ ਉਂਗਲ਼ਾਂ ਦੇ ਅੱਗੇ ਪਾਣੀ ਵਾਂਗੂੰ ਵਹਿਣਾ ਹੈ, ਤਾਲ ਵਿੱਚ ਨੱਚਣਾ ਹੈ। ਆਓ ਵਿਚਾਰੀਏ।

ਸਿਧਾਈ: ਕੀਅਬੋਰਡ ਅਤੇ ਵਰਤੋਂਕਾਰ ਕੁਦਰਤੀ ਸਿਧਾਈ ਵਿੱਚ ਹੋਣੇ ਚਾਹੀਦੇ ਹਨ। ਕੰਪਿਊਟਰ ਉੱਤੇ ਕੰਮ ਕਰਨ ਲੱਗਿਆਂ ਅੱਖਾਂ ਬੰਦ ਕਰਕੇ ਆਪਣੇ ਦੋਵੇਂ ਹੱਥ ਕੀਅਬੋਰਡ ਉੱਤੇ ਰੱਖੋ। ਉਹ ਦੋਵੇਂ ਹੀ ਲਗਭਗ ਠੀਕ ਕੀਆਂ ਉੱਤੇ ਟਿਕਣੇ ਚਾਹੀਦੇ ਹਨ। ਕੀਅਬੋਰਡ ਦੇ ਬਟਨ ‘ਐੱਫ ਅਤੇ ਜੇ’ ਉੱਤੇ ਇੱਕ-ਇੱਕ ਸਟੱਡ ਬਣਿਆ ਹੋਇਆ ਹੈ। ਹੱਥ ਦੀ ਪਹਿਲੀ ਉਂਗਲ਼ ਨਾਲ਼ ਟੋਹ ਕੇ ਹੱਥ ਦੀ ਦਰੁਸਤੀ ਦੇਖ ਲੈਣੀ ਚਾਹੀਦੀ ਹੈ।

ਅਧਾਰ: ਕੈਪਸ ਅਤੇ ਐਂਟਰ ਵਾਲ਼ੀ ਸਤਰ ਵਿੱਚ ਏ, ਐੱਸ ਦੇ ਨਾਲ਼ ਐੱਫ ਅਤੇ ਜੇ ਆਦਿ ਬਟਨ ਹਨ। ਇਹ ਸਾਰੀ ਸਤਰ ਆਧਾਰ (ਬੇਸ) ਲਾਈਨ ਕਹਾਉਂਦੀ ਹੈ। ਕੋਈ ਵੀ ਉਂਗਲ਼ ਆਪਣਾ ਕੰਮ ਪੂਰਾ ਕਰਨ ਲਈ ਉੱਪਰ ਥੱਲੇ ਜਾ ਸਕਦੀ ਹੈ। ਪਰ ਉਸਨੇ ਟਿਕਣਾ ਇਸ ਆਧਾਰ ਉੱਤੇ ਆ ਕੇ ਹੀ ਹੈ। ਹੱਥ ਟਿਕਾਉਣ ਵੇਲੇ ਵੀ ਸੱਜੇ ਹੱਥ ਦੀ ਪਹਿਲੀ ਉਂਗਲ਼ ‘ਜੇ’ ਉੱਤੇ ਫਿਰ ਬਾਕੀ ਦੀਆਂ ਤਿੰਨੇ ਉਂਗਲ਼ਾਂ ਕੇ, ਐੱਲ ਅਤੇ ਸੈਮੀਕੋਲਨ ਉੱਤੇ ਟਿਕਾਉਣੀਆਂ ਹਨ। ਇਸੇ ਤਰ੍ਹਾਂ ਹੀ ਖੱਬਾ ਹੱਥ ਕੀਅਬੋਰਡ ਉੱਤੇ ਟਿਕਾਉਣ ਵੇਲਾ ਪਹਿਲੋਂ ਖੱਬੇ ਹੱਥ ਦੀ ਪਹਿਲੀ ਉਂਗਲ਼ ‘ਐੱਫ’ ਉੱਤੇ ਅਤੇ ਬਾਕੀ ਦੀਆਂ ਡੀ, ਐੱਸ ਅਤੇ ਏ ਉੱਤੇ ਟਿਕਾਉਣੀਆਂ ਹਨ। ਦੋਵੇਂ ਅੰਗੂਠੇ ਸਪੇਸਬਾਰ ਉੱਤੇ ਟਿਕਾਉਣੇ ਹਨ।

ਧੁਰ ਦਰਗਾਹੋਂ: ਅੱਖਰਾਂ ਅਤੇ ਉਂਗਲ਼ਾਂ ਦਾ ਜੋੜ, ਵਿਆਹ ਵਾਂਗ, ਧੁਰ ਦਰਗਾਹੋਂ ਨਿਸ਼ਚਤ ਹੈ। ਦਸਾਂ ਉਂਗਲ਼ਾਂ ਵਿੱਚੋਂ ਹਰ ਉਂਗਲ਼ ਨੂੰ ਕੀਆਂ ਦਾ ਇੱਕ ਵਿਸ਼ੇਸ਼ ਸੈੱਟ ਟਾਈਪ ਕਰਨ ਲਈ ਮਿਥਿਆ ਗਿਆ ਹੈ। ਉਂਗਲ਼ਾਂ ਦੀ ਹੱਦਬੰਦੀ ਭਾਵੇਂ ਕਿ ਇਸ ਕੀਅਬੋਰਡ ਦੇ ਚਿੱਤਰ ਵਿੱਚ ਬਿਲਕੁਲ ਸਾਫ ਹੈ, ਫਿਰ ਵੀ ਵਰਨਣ ਕਰ ਦੇਣੀ ਠੀਕ ਰਹੇਗੀ। ਕੇਂਦਰ ਵਿੱਚ ਇੱਕ ਪੀਲ਼ੇ ਰੰਗ ਦੀ ਸਭ ਤੋਂ ਲੰਮੀ ਤੇ ਮੋਟੀ ਲਾਈਨ ਹੈ। ਉਸਦੇ ਦੋਵੇਂ ਪਾਸੇ ਹੀ ਤੀਰ ਦੇ ਨਿਸ਼ਾਨ ਹਨ। ਇਹ ਜ਼ੀਰੋ ਲਾਈਨ ਭਾਵ ਬਾਰਡਰ ਹੈ। ਸੱਜੇ ਖੱਬੇ ਹੱਥ ਦੀਆਂ ਉਂਗਲ਼ਾਂ ਆਪੋ ਆਪਣੇ ਪਾਸੇ ਹੀ ਰਹਿੰਦੀਆਂ ਹਨ। ਦੂਜੇ ਪਾਸੇ ਜਾਣਾ ਬੜਾ ਭਾਰੀ ਗੁਨਾਹ ਹੈ। ਸੱਜੇ ਹੱਥ ਵਾਲ਼ੀ ‘ਆਰ-1’ ਹਲਕੇ ਲਾਲ ਰੰਗ ਦੇ ਅੱਖਰ ਟਾਈਪ ਕਰਦੀ ਹੈ, ‘ਆਰ-2’ ਨੀਲੇ ਰੰਗ ਦੇ ਚਾਰ, ‘ਆਰ-3’ ਹਰੇ ਰੰਗ ਦੇ ਚਾਰ ਅਤੇ ‘ਆਰ-4’ ਚੀਚੀ ਸੱਜੇ ਪਾਸੇ ਦੇ ਪੀਲ਼ੇ ਰੰਗ ਦੀਆਂ ਸਾਰੀਆਂ ਕੀਆਂ ਦਬਾਉਂਦੀ ਹੈ। ਇਹੋ ਕਾਰਵਾਈ ਖੱਬਾ ਹੱਥ ਆਪਣੀਆਂ ਉਂਗਲ਼ਾਂ ਨਾਲ਼ ਕਰਦਾ ਹੈ।

ਧਿਆਨ ਯੋਗ ਨੁਕਤੇ: ਟਾਈਪ ਕਰਦੇ ਸਮੇਂ ਇਹ ਨੁਕਤੇ ਸਦਾ ਹੀ ਧਿਆਨ ਵਿੱਚ ਰੱਖਣੇ ਚਾਹੀਦੇ ਹਨ:

1. ਉਂਗਲ਼ ਨੂੰ ਕੀ ਉੱਤੇ ਪੰਛੀ ਦੇ ਚੋਗ ਚੁਗਣ ਵਾਂਗ ਮਾਰਨਾ ਚਾਹੀਦਾ ਹੈ। ਇੱਕ ਚੁੰਝ ਇੱਕ ਦਾਣਾ ਭਾਵ ਇੱਕ ਸਟਰੋਕ ਇੱਕ ਅੱਖਰ।

2. ਉਂਗਲ਼ ਨੂੰ ਕੀਅ ਦੇ ਉੱਤੇ ਹਥੌੜੀ ਵਾਂਗ ਨਹੀਂ ਮਾਰਨਾ ਚਾਹੀਦਾ, ਸਗੋਂ ਇੱਕ ਉਂਗਲ਼ ਦੇ ਦਬਾਉਣ ਦੀ ਖ਼ਬਰ ਦੂਸਰੀ ਉਂਗਲ਼ ਨੂੰ ਨਹੀਂ ਹੋਣੀ ਚਾਹੀਦੀ।

3. ਉਂਗਲ਼ਾਂ ਕੀਅਬੋਰਡ ਦੀਆਂ ਲਾਈਨਾਂ ਦੇ ਉੱਪਰ ਥੱਲੇ ਜਾਣ ਲੱਗੀਆਂ ਤੀਰਾਂ ਦੀ ਸੇਧ ਅਪਨਾਉਂਦੀਆਂ ਹਨ। ਉੱਪਰ ਨੂੰ ਤੇ ਥੋੜ੍ਹੀ ਖੱਬੇ ਨੂੰ, ਹੇਠਾਂ ਨੂੰ ਤੇ ਥੋੜ੍ਹੀ ਸੱਜੇ ਨੂੰ। ਟਾਈਪ ਕਰਨ ਲਈ ਸਿਖਾਂਦਰੂ ਉਂਗਲ਼ਾਂ ਅਗਲੀਆਂ ਚਾਰ ਵਿਧੀਆਂ ਵਿੱਚੋਂ ਲੰਘਦੀਆਂ ਹਨ। ੳ) ਸਲਾਈਡ ਵਿਧੀ; ਹੱਥ ਦੀਆਂ ਚਾਰੇ ਉਂਗਲ਼ਾਂ ਉੱਪਰ ਜਾਂ ਥੱਲੇ ਜਾਂਦੀਆਂ ਹਨ। ਆਪਣੀ ਕੀਅ ਦਬਾਕੇ ਮੁੜ ਆਪਣੇ ਆਧਾਰ ਉੱਤੇ ਆ ਜਾਂਦੀਆਂ ਹਨ। ਅ) ਪਿਵਟ ਜਾਂ ਧੁਰੀ ਵਿਧੀ; ਹੱਥ ਦੀ ਕੇਵਲ ਇੱਕ ਕੀ ਹੀ ਉਂਗਲ਼ ਅੱਗੇ ਪਿੱਛੇ ਜਾਂਦੀ ਹੈ ਅਤੇ ਦੂਸਰੀ ਕੋਈ ਵੀ ਇੱਕ ਉਂਗਲ਼ ਆਪਣੀ ਆਧਾਰ ਕੀਅ ਨਾਲ਼ ਜੁੜੀ ਰਹਿੰਦੀ ਹੈ। ੲ) ਮਿਲ਼ਵੀਂ ਵਿਧੀ; ਇਸ ਵਿੱਚ ੳ ਅਤੇ ਅ ਦੀਆਂ ਦੋਵੇਂ ਵਿਧੀਆਂ ਰਲ਼ਕੇ ਕੰਮ ਵਰਤ ਲਈਆਂ ਜਾਂਦੀਆਂ ਹਨ। ਵਰਤੋਂਕਾਰ ਨੂੰ ਜਿਹੜੀ ਕੀਅ ਲਈ ਸਲਾਈਡ ਜਾਂ ਪਿਵਟ ਠੀਕ ਲਗਦੀ ਹੈ, ਉਹੋ ਹੀ ਵਰਤ ਲੈਂਦਾ ਹੈ। ਸ) ਆਜ਼ਾਦ ਜਾਂ ਮੁਕਤ ਵਿਧੀ; ਜਦੋਂ ਟਾਈਪ ਕਰਦਿਆਂ ਵਰਤੋਂਕਾਰ ਦਾ ਕਾਫੀ ਅਭਿਆਸ ਹੋ ਜਾਂਦਾ ਹੈ ਫਿਰ ਉਹ ਕਿਸੇ ਵੀ ਵਿਧੀ ਨਾਲ਼ ਬੱਝਾ ਨਹੀਂ ਰਹਿੰਦਾ ਸਗੋਂ ਉੱਪਰ ਥੱਲੇ ਆਜ਼ਾਦ ਉਂਗਲ਼ਾਂ ਮਾਰਦਾ ਹੈ।

4. ਸੱਜੇ ਹੱਥ ਦੀ ਉਂਗਲ਼ ਨਾਲ਼ ਜੇ ਕੈਪਟੀਲ ਅੱਖਰ ਪਾਉਣਾ ਹੈ ਤਾਂ ਸ਼ਿਫਟ ਕੀਅ ਖੱਬੀ ਚੀਚੀ ਨਾਲ਼ ਦਬਾਉਣੀ ਹੈ। ਜੇ ਖੱਬੇ ਹੱਥ ਨਾਲ਼ ਪਾਉਣਾ ਹੈ ਤਾਂ ਸ਼ਿਫਟ ਕੀਅ ਸੱਜੀ ਉਂਗਲ਼ ਨਾਲ਼ ਦੱਬਣੀ ਹੈ। 5. ਟਾਈਪ ਕਰਦਿਆਂ ਸਪੀਡ ਨਾਲ਼ੋਂ ਦਰੁਸਤੀ ਨੂੰ ਪਹਿਲ ਦੇਣੀ ਹੈ। 6. ਜੇ ਅੱਖਰ ਗ਼ਲਤ ਪੈ ਜਾਵੇ ਤਾਂ ਉਸ ਨੂੰ ਉਸੇ ਵੇਲੇ ਹੀ ਠੀਕ ਕਰਨਾ ਹੈ, ਨਹੀਂ ਤਾਂ ਉਂਗਲ਼ੀ ਨੂੰ ਗ਼ਲਤ ਅੱਖਰ ਪਾਉਣ ਦੀ ਆਦਤ ਪੱਕ ਜਾਏਗੀ। 7. ਸੁਸਤੀ ਜਾਂ ਲਾਪਰਵਾਹੀ ਹੱਥੋਂ ਕਦੀ ਵੀ ਨਾ ਤਾਂ ਇੱਕ ਵੀ ਸਟਰੋਕ ਘੱਟ ਮਾਰਨੀ ਹੈ, ਜਿਵੇਂ ਇੱਕ, ਵਿੱਚ ਆਦਿ ਨਾਲ਼ ਅਧਕ ਨਾ ਟਾਈਪ ਕਰਨੀ। ਅਤੇ ਨਾ ਹੀ ਵੱਧ, ਜਿਵੇਂ ਵਾਧੂ ਸਪੇਸਾਂ ਪਾਉਣੀਆਂ। ਕੰਪਿਊਟਰ ਵਿੱਚ ਹਰ ਇੱਕ ਰੰਗ ਰੂਪ ਸੁਆਰਨ ਲਈ ਕਮਾਂਡਾਂ ਬਣੀਆਂ ਹੋਈਆਂ ਹਨ। ਠੀਕ ਥਾਂ ਉੱਤੇ ਠੀਕ ਅਤੇ ਇੱਕ ਹੀ ਕਮਾਂਡ ਦੇਣੀ ਹੈ, ਜਿਵੇਂ ਬਾਰ-ਬਾਰ ਸਪੇਸ ਦੱਬਕੇ ਸਿਰਲੇਖ ਨੂੰ ਸੈਂਟਰ ਕਰਨ ਦੀ ਥਾਂ ‘ਕੰਟਰੋਲ + ਈ’ ਕਮਾਂਡ ਦੇਣੀ। 8. ਕੰਟਰੋਲ + ਐੱਸ ਦੱਬਕੇ ਹਰ ਪੰਜ ਸੱਤ ਮਿੰਟ ਪਿੱਛੋਂ ਆਪਣੇ ਕੰਮ ਨੂੰ ਸੰਭਾਲਣਾ। ਨਹੀਂ ਤਾਂ ਪਿੱਛੋਂ ਪਛਤਾਉਣਾ ਪੈਂਦਾ ਹੈ। 9. ਦੋਵੇਂ ਅੰਗੂਠੇ ਸਦਾ ਸਪੇਸਬਾਰ ਦੇ ਸੰਪਰਕ ਵਿੱਚ ਰਹਿਣੇ ਚਾਹੀਦੇ ਹਨ। ਕਿਸੇ ਵੀ ਅੰਗੂਠੇ ਨਾਲ਼ ਸਪੇਸਬਾਰ ਦਬਾਈ ਜਾ ਸਕਦੀ ਹੈ। ਯਾਦ ਰਹੇ ਸਪੇਸ ਦੋ ਸ਼ਬਦਾਂ ਵਿੱਚ ਕੇਵਲ ਇੱਕ ਬਾਰ ਹੀ ਪਾਈ ਜਾਂਦੀ ਹੈ। ਕਿਤੇ ਵੀ ਇਕੱਠੀਆਂ ਦੋ ਸਪੇਸਾਂ ਪਾਈਆਂ ਹੋਈਆਂ ਅਨਾੜੀ ਹੋਣ ਦਾ ਸਰਟੀਫੀਕੇਟ ਹਨ। 10. ਟਾਈਪ ਕਰਨ ਵੇਲ਼ੇ 1. ਕੀਅਬੋਰਡ, 2. ਟਾਈਪ ਕੀਤੇ ਜਾਣ ਵਾਲ਼ੀ ਕਿਤਾਬ ਜਾਂ ਦਸਤਾਵੇਜ਼ ਅਤੇ 3. ਮੌਨੀਟਰ, ਇਨ੍ਹਾਂ ਤਿੰਨਾਂ ਵਿੱਚੋਂ ਕੇਵਲ ਕਿਤਾਬ ਉੱਤੇ ਹੀ ਅੱਖ ਰੱਖਣੀ ਹੁੰਦੀ ਹੈ। ਕਦੀ-ਕਦੀ ਮੌਨੀਟਰ ਉੱਤੇ ਉਡਦੀ ਝਾਤ ਮਾਰ ਲੈਣੀ ਹੁੰਦੀ ਹੈ ਕਿ ਟਾਈਪ ਠੀਕ ਹੋ ਰਿਹਾ ਹੈ। ਠੀਕ ਵਿਧੀ ਨਾਲ਼ ਟਾਈਪ ਸਿੱਖਣ ਲਈ ਕੁਝ ਵੱਧ ਸਮਾਂ ਲੱਗ ਸਕਦਾ ਹੈ। ਪਰ ਫਿਰ ਸਾਰੀ ਉਮਰ ਤੁਹਾਡੇ ਸਮੇਂ ਵਿੱਚ ਢੇਰ ਬੱਚਤ ਹੁੰਦੀ ਰਹੇਗੀ।

ਸੂਚਨਾ: ਟਾਈਪ ਕਰਨ ਵੇਲ਼ੇ ਉਂਗਲ਼ਾਂ ਦਾ ਸਹੀ ਥਾਂ ਤੇ ਹੋਣ ਦਾ ਧਿਆਨ ਰੱਖਣਾ ਕੇਵਲ ਟਾਈਪ ਕਰਨ ਵੇਲ਼ੇ ਹੀ ਜ਼ਰੂਰੀ ਹੈ। ਰਚਨਾ ਵਿੱਚ ਸੋਧ ਸੁਧਾਈ ਕਰਨ ਵੇਲ਼ੇ ਆਪਣੀ ਸੌਖ ਅਨੁਸਾਰ ਕਿਸੇ ਵੀ ਉਂਗਲ਼ ਤੋਂ ਕੋਈ ਵੀ ਕੰਮ ਲਿਆ ਜਾ ਸਕਦਾ ਹੈ।

***

ਲੜੀ ਨੰਬਰ 8:      ਕੀਤੇ ਕਾਰਜ ਨੂੰ ਸੰਭਾਲਣਾ

ਇਹ ਸਹੀ ਹੈ ਕਿ ਜਿੰਨਾ ਕੋਈ ਕੰਮ ਕਰਨਾ ਜ਼ਰੂਰੀ ਹੈ, ਕੀਤੇ ਨੂੰ ਸੰਭਾਲਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਜੇ ਕੀਤਾ ਕੰਮ ਸਾਂਭਿਆ ਨਹੀਂ ਤਾਂ ਜਿਹੋ ਜਿਹਾ ਕੀਤਾ, ਜਿਹੋ ਜਿਹਾ ਨਾ ਕੀਤਾ। ਕੰਪਿਊਟਰ ਦੀ ਤਾਂ ਇਹ ਵੱਡੀ ਕਮਜੋਰੀ ਹੈ ਕਿ ਜੇ ਕੀਤਾ ਕੰਮ ਸਮੇਂ ਸਿਰ ਸਾਂਭਿਆ ਨਹੀਂ ਤਾਂ ਉਹ ਮੁੜਕੇ ਹੱਥ ਨਹੀਂ ਆਉਂਦਾ, ਭਾਵੇਂ ਲੱਖ ਹੱਥ ਪੱਲਾ ਮਾਰ ਲਵੋ। ਪ੍ਰੋਗਰਾਮਰਾਂ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੇ ਪੂਰੇ ਯਤਨ ਕੀਤੇ ਹਨ ਅਤੇ ਕਿਸੇ ਹੱਦ ਤੀਕਰ ਉਹ ਸਫਲ ਵੀ ਹੋਏ ਹਨ ਪਰ ਪੂਰੇ ਨਹੀਂ। ਜੇ ਕੇਵਲ ‘ਸੇਵ’ ਦੀ ਕਮਾਂਡ ਵੀ ਦੇ ਦਿੱਤੀ ਜਾਵੇ ਤਾਂ ਬਾਕੀ ਦੀਆਂ ਲੋੜਾਂ ਕੰਪਿਊਟਰ ਆਪੇ ਹੀ ਪੂਰੀਆਂ ਕਰ ਲੈਂਦਾ ਹੈ। ਸੇਵ ਕਰਨ ਲਈ ਫੋਲਡਰ (ਬਸਤਾ) ਅਤੇ ਫਾਈਲ (ਮਿਸਲ) ਦੀ ਲੋੜ ਪੈਂਦੀ ਹੈ। ਸੋ ਚੰਗਾ ਹੈ ਕਿ ਪਹਿਲੋਂ ਇਨ੍ਹਾਂ ਦੋਹਾਂ ਦੀ ਜਾਣਕਾਰੀ ਸਾਂਝੀ ਕਰ ਲਈ ਜਾਵੇ।

ਫੋਲਡਰ: ਇਸ ਦਾ ਆਈਕੋਨ ਆਮ ਪੇਪਰ ਫਾਈਲ ਵਰਗਾ ਅਤੇ ਪੀਲ਼ੇ ਰੰਗ ਦਾ ਹੁੰਦਾ ਹੈ। ਨਾਲ਼ ਇਸਦਾ ਨਾਮ ਵੀ ਲਿਖਿਆ ਹੁੰਦਾ ਹੈ। ਚਾਹੇ ਫੋਲਡਰ ਹੋਵੇ ਤੇ ਚਾਹੇ ਫਾਈਲ, ਉਸਦਾ ਨਾਂ ਇਸ ਪਰਕਾਰ ਦਾ ਰੱਖਿਆ ਜਾਵੇ ਕਿ ਨਾਂ ਪੜ੍ਹਦਿਆਂ ਹੀ ਉਸ ਵਿੱਚ ਲਿਖੇ ਦਾ ਸਾਰ ਸਾਹਮਣੇ ਆ ਜਾਵੇ। ਇੱਕੋ ਪਰਕਾਰ ਦੇ ਵਿਸ਼ਿਆਂ ਵਾਲ਼ੀਆਂ ਫਾਈਲਾਂ ਇੱਕ ਫੋਲਡਰ ਵਿੱਚ ਰੱਖੀਆਂ ਜਾਂਦੀਆਂ ਹਨ। ਫੋਲਡਰ ਦੀ ਸਮਰੱਥਾ: (ਕ) ਫੋਲਡਰ ਵਿੱਚ ਅਨੇਕ ਫਾਈਲਾਂ ਰੱਖੀਆਂ ਜਾ ਸਕਦੀਆਂ ਹਨ। ਪਰ ਇੱਕ ਫੋਲਡਰ ਵਿੱਚ ਦਸ ਕੁ ਫਾਈਲਾਂ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। (ਖ) ਫੋਲਡਰ ਵਿੱਚ ਅਨੇਕ ਫੋਲਡ ਰੱਖੇ ਜਾ ਸਕਦੇ ਹਨ। ਇਹ ਵੀ ਇੱਕ ਫੋਲਡਰ ਵਿੱਚ ਦਸ ਕੁ ਫੋਲਡਰ ਹੀ ਠੀਕ ਰਹਿੰਦੇ ਹਨ। ਫੋਲਡਰ ਦੀ ਸੀਮਾ: (ਕ) ਫੋਲਡਰ ਨੂੰ ਈਮੇਲ ਨਹੀਂ ਕੀਤਾ ਜਾ ਸਕਦਾ। ਜੇ ਕਰਨਾ ਹੀ ਹੋਵੇ ਤਾਂ ਪਹਿਲਾਂ ਇਸ ਨੂੰ ਜ਼ਿੱਪ ਕਰਨਾ ਹੁੰਦਾ ਹੈ। (ਖ) ਫੋਲਡਰ ਦਾ ਕੇਵਲ ਨਾਂ ਹੀ ਲਿਖ ਸਕਦੇ ਹਾਂ, ਇਸ ਵਿੱਚ ਦਸਤਾਵੇਜ਼ ਨਹੀਂ ਲਿਖਿਆ ਜਾ ਸਕਦਾ। ਲਿਖਣ ਵਾਸਤੇ ਫਾਈਲ ਹੈ।

ਫਾਈਲ: ਇਸ ਦਾ ਆਈਕੌਨ ਆਮ ਪੇਪਰ ਵਰਗਾ ਅਤੇ ਨੀਲੇ ਰੰਗ ਦਾ ਹੁੰਦਾ ਹੈ ਅਤੇ ਨਾਲ਼ ਇਸ ਦਾ ਨਾਂ ਲਿਖਿਆ ਹੁੰਦਾ ਹੈ। ਸਮਰੱਥਾ: (ਕ) ਫਾਈਲ ਇੱਕ ਪੰਨੇ ਤੋਂ ਲੈ ਕੇ ਅਨੇਕ ਪੰਨਿਆਂ ਦੀ ਲਿਖੀ ਹੋਈ ਹੋ ਸਕਦੀ ਹੈ। (ਖ) ਇਸ ਨੂੰ ਸਿੱਧਾ ਹੀ ਈਮੇਲ ਕੀਤਾ ਜਾ ਸਕਦਾ ਹੈ। ਸੀਮਾ: (ਕ) ਇੱਕ ਫਾਈਲ ਵਿੱਚ ਦੂਜੀ ਫਾਈਲ ਜਾਂ ਫੋਲਡਰ ਨਹੀਂ ਪਾਇਆ ਜਾ ਸਕਦਾ।

ਲੋੜ ਪੈਣ ਉੱਤੇ ਫੋਲਡਰ ਜਾਂ ਫਾਈਲ ਬਣਾਉਣੀ ਕਿਵੇਂ ਹੈ? ਜਿੱਥੇ ਨਵਾਂ ਫੋਲਡਰ ਬਨਾਉਣਾ ਹੋਵੇ, ਉਸ ਦੇ ਉੱਪਰਲੇ ਤੁਹਾਡੇ ਖੱਬੇ ਭਾਗ ਵਿੱਚ ਦੇਖੋ। ਕਿਤੇ ਨਾ ਕਿਤੇ ਨਵਾਂ ਫੋਲਡਰ ਬਣਾਉਣ ਦੀ ਕਮਾਂਡ ਹੋਵੇਗੀ। ਜਿਵੇਂ ਕਿ ਜੇ ਤੁਸੀਂ ਕੋਈ ਫੋਲਡਰ ਖੋਲ੍ਹਿਆ ਹੋਵੇਗਾ ਤਾਂ ਉਸਦੇ ਨਿਊ ਕਮਾਂਡ ਸੈੱਟ ਵਿੱਚ ਨਿਊ ਫੋਲਡਰ ਦਾ ਆਈਕੌਨ ਹੋਵੇਗਾ। ਜੇ ਤੁਸੀਂ ਸੇਵ ਐਜ਼ ਦੀ ਕਮਾਂਡ ਦਿੱਤੀ ਹੋਵੇਗੀ ਤਾਂ ਉਸਦੇ ਡਾਇਲੌਗ ਬੌਕਸ ਵਿੱਚ ਔਰਗੇਨਾਈਜ਼ ਨੇੜੇ ‘ਨਿਊ ਫੋਲਡਰ’ ਦਾ ਕਮਾਂਡ ਬਟਨ ਹੋਵੇਗਾ। ਉਸਨੂੰ ਕਲਿੱਕ ਕਰਨ ਨਾਲ਼ ਠੀਕ ਥਾਂ ਉੱਤੇ ਨਵਾਂ ਫੋਲਡਰ ਬਣ ਜਾਇਗਾ। ਜੇ ‘ਨਿਊ ਫੋਲਡਰ’ ਦੀ ਕਮਾਂਡ ਕਿਧਰੇ ਵੀ ਨਾ ਹੋਵੇ ਤਾਂ ਇਹ ਕਰੋ:

ਜਿੱਥੇ ਨਵਾਂ ਫੋਲਡ ਬਨਾਉਣਾ ਹੋਵੇ ਉੱਥੇ ਖਾਲੀ ਥਾਂ ਵਿੱਚ ਰਾਈਟ ਕਲਿੱਕ ਕਰੋ। ਇੱਕ ਨਵੀਂ ਵਿੰਡੋ ਖੁੱਲ੍ਹ ਜਾਏਗੀ। ਮਾਊਸ ਨੂੰ ‘ਨਿਊ’ ਕਮਾਂਡ ਉੱਤੇ ਲੈ ਜਾਓ। ਸੱਜੇ ਜਾਂ ਖੱਬੇ ਇੱਕ ਹੋਰ ਵਿੰਡੋ ਖੁੱਲ੍ਹ ਜਾਏਗੀ। ਉਸ ਵਿੱਚ ਮਾਊਸ ਲੈ ਜਾ ਕੇ ਪੀਲ਼ੇ ਰੰਗ ਦੀ ਫੋਲਡਰ ਵਾਲ਼ੀ ਕਮਾਂਡ ਨੂੰ ਕਲਿੱਕ ਕਰੋ। ਖਾਲੀ ਥਾਂ ਉੱਤੇ ਇੱਕ ਨਿਊ ਫੋਲਡਰ ਬਣ ਜਾਏਗਾ। ਕਰਸਰ ਵੀ ਸਹੀ ਥਾਂ ਉੱਤੇ ਹੋਵੇਗਾ। ਉਸਦਾ ਨਾਂ ਟਾਈਪ ਕਰਕੇ, ਨਾਂ ਤੋਂ ਬਾਹਰ ਕਲਿੱਕ ਕਰ ਦਿਓ। ਨਾਂ ਪੱਕਾ ਹੋ ਜਾਏਗਾ। ਚਿਤਾਵਨੀ: ਫੋਲਡਰ ਆਈਕੌਨ ਕਲਿੱਕ ਕਰਨ ਤੋਂ ਲੈ ਕੇ ਨਾਂ ਟਾਈਪ ਕਰਨ ਤੱਕ ਮਾਊਸ ਨੂੰ ਨਹੀਂ ਛੇੜਨਾ। ਨਹੀਂ ਤਾਂ ਤੁਹਾਡਾ ਕੰਮ ਵਧ ਜਾਏਗਾ। ਨਵੀਂ ਫਾਈਲ ਬਣਾਉਣ ਲਈ ਵੀ ਫੋਲਡਰ ਵਾਲ਼ੀ ਹੀ ਵਿਧੀ ਅਪਨਾਉਣੀ ਹੈ। ਇਸ ਵਿੱਚ ਕੇਵਲ ਫੋਲਡਰ ਦੇ ਆਈਕੋਨ ਦੀ ਥਾਂ ਨੀਲੇ ਰੰਗ ਦੀ ‘ਮਾਈਕਰੋਸੌਫਟ ਵਰਡ ਡਾਕੂਮੈਂਟ’ ਦੀ ਕਮਾਂਡ ਨੂੰ ਕਲਿੱਕ ਕਰਨਾ ਹੈ। ਸੂਚਨਾ 1; ਫੋਲਡਰ ਜਾਂ ਫਾਈਲ ਨੂੰ ਕਲਿੱਕ ਕਰਨ ਵੇਲ਼ੇ ਜ਼ਰੂਰੀ ਨਹੀਂ ਕਿ ਉਸਨੂੰ ਐਨ ਉਸਦੇ ਉੱਪਰ ਲੈ ਕੇ ਜਾਣਾ ਹੈ। ਸਗੋਂ ਉਸਦੇ ਨੇੜੇ ਮਾਊਸ ਲੈ ਜਾਣ ਉੱਤੇ ਜੋ ਇੱਕ ਚਿੱਟੇ ਰੰਗ ਦੀ ਚੌਬਾਹੀ (ਰਕਟੈਂਗਲ) ਬਣਦੀ ਹੈ, ਉਸ ਵਿੱਚ ਕਿਸੇ ਥਾਂ ’ਤੇ ਵੀ ਕਲਿੱਕ ਕਰ ਦੇਣ ਨਾਲ਼ ਕਮਾਂਡ ਪੂਰੀ ਹੋ ਜਾਏਗੀ। ਸੂਚਨਾ 2; ਨਿਊ ਵਾਲ਼ੇ ਬੌਕਸ ਤੋਂ ਸੱਜੇ ਬੌਕਸ ਵਿੱਚ ਜਾਣ ਲਈ ਜੇ ਆਰਾਮ ਨਾਲ਼ ਭਾਵ ਧੀਰੇ ਜਾਣਾ ਹੈ ਤਾਂ ਤੀਰਾਂ ਦੇ ਨਾਲ਼-ਨਾਲ਼ ਰਾਸਤਾ ਅਪਨਾਓ। ਦੂਜੀ ਵਿਧੀ ਹੈ ਕਿ ਨਿਊ ਤੋਂ ਇੱਕਦਮ ਮਾਊਸ ਤੀਰ ਨੂੰ ਸੱਜੇ ਬੌਕਸ ਦੇ ਬੰਦ ਹੋਣ ਤੋਂ ਪਹਿਲੋਂ ਉਸ ਵਿੱਚ ਲੈ ਜਾਓ। ਸਿੱਖੇ ਹੋਏ ਇਹੋ ਵਿਧੀ ਅਪਨਾਉਂਦੇ ਹਨ।

ਫੋਲਡਰ ਫਾਈਲ ਨੂੰ ਡੀਲੀਟ ਕਰਨਾ: ਜਿਸ ਫੋਲਡਰ ਜਾਂ ਫਾਈਲ ਨੂੰ ਡੀਲੀਟ ਕਰਨਾ ਹੋਵੇ ਉਸਨੂੰ ਕਲਿੱਕ ਕਰੋ ਅਤੇ ਕੀਅਬੋਰਡ ਤੋਂ ਡੀਲੀਟ ਦੀ ਕਮਾਂਡ ਦੇਵੋ ਉਹ ਡੀਲੀਟ ਹੋ ਜਾਇਗਾ। ਡੀਲੀਟ ਕੀਤਾ ਮਸੌਦਾ ਰੀਸਾਈਕਲ ਬਿਨ ਵਿੱਚ ਚਲਿਆ ਜਾਂਦਾ ਹੈ ਅਤੇ ਜੇ ਲੋੜ ਪਵੇ ਤਾਂ ਉਸਨੂੰ ਬਾਪਸ ਵੀ ਲਿਆਂਦਾ ਜਾ ਸਕਦਾ ਹੈ।

ਚੰਗਾ ਤਾਂ ਇਹ ਹੈ ਕਿ ਕੋਈ ਵੀ ਕੰਪਿਊਟਰੀ ਕਾਰਜ ਆਰੰਭ ਕਰਨੇ ਵੇਲ਼ੇ ਖਾਲੀ ਪੰਨੇ ਨੂੰ ਹੀ ਸੰਭਾਲ਼ ਲਿਆ ਜਾਵੇ। ਫਿਰ ਹਰ ਪੰਜ ਸੱਤ ਮਿੰਟ ਪਿੱਛੋਂ ਸੰਖੇਪ ਕੀਅ ‘ਕੰਟਰੌਲ + ਐੱਸ’ ਨਾਲ਼ ਉਸਨੂੰ ‘ਸੇਵ’ ਕਰਦੇ ਰਹਿਣਾ ਚਾਹੀਦਾ ਹੈ। ਸੇਵ ਨਾ ਕੀਤਾ ਹੋਇਆ ਗੁਆਚਿਆ ਕਾਰਜ ਬੜਾ ਦੁੱਖ ਦਿੰਦਾ ਹੈ ਅਤੇ ਲੱਖ ਯਤਨ ਕਰਨ ਉੱਤੇ ਵੀ ਮੁੜ ਉਸੇ ਮੌਲਿਕ ਰੂਪ ਵਿੱਚ ਚੇਤੇ ਦੇ ਵਿਹੜੇ ਨਹੀਂ ਵੜਦਾ।

ਕੰਪਿਊਟਰ ਵਿੱਚ ‘ਸੇਵ’ ਕਰਨ ਦਾ ਪੂਰਾ ਪਰਬੰਧ ਕੀਤਾ ਗਿਆ ਹੈ। ਇਹ ਦੋ ਤਰ੍ਹਾਂ ਨਾਲ਼ ਕੀਤਾ ਜਾਂਦਾ ਹੈ। ਪਹਿਲਾ ‘ਸੇਵ ਐਜ਼’ ਕਮਾਂਡ ਨਾਲ਼। ਜਦੋਂ ਵੀ ਡਾਕੂਮੈੰਟ ਪਹਿਲੀ ਵੇਰ ਸੇਵ ਕੀਤਾ ਜਾਂਦਾ ਹੈ ਉਹ ‘ਸੇਵ ਐਜ਼’ ਕਮਾਂਡ ਨਾਲ਼ ਹੀ ਹੁੰਦਾ ਹੈ। ਕਮਾਂਡ ਭਾਵੇਂ ਸੇਵ ਦੀ ਦਿੱਤੀ ਜਾਵੇ ਜਾਂ ਸੇਵ ਐਜ਼ ਦੀ। ਇਹ ਕਮਾਂਡ ਪੂਰੀ ਕਰਨ ਤੋਂ ਪਹਿਲੋਂ ਕੰਪਿਊਟਰ ਤਿੰਨ ਮੱਦਾਂ ਮੰਗਦਾ ਹੈ। ੳ) ਇਸ ਡਾਕੂਮੈਂਟ ਨੂੰ ਕਿਸ ਫੋਲਡਰ ਵਿੱਚ ਰੱਖਣਾ ਹੈ? ਇਸ ਹਾਲਤ ਵਿੱਚ ਪ੍ਰੋਜੈਕਟ ਕਮ(ਪਿਊਟਰ) ਜੋ ਲਾਲ ਰੰਗ ਵਿੱਚ 2 ਨੰਬਰ ਲਕੀਰ ਤੋਂ ਉੱਪਰ ਹੈ। ਅ) ਇਸ ਫਈਲ ਦਾ ਨਾਂ ਕੀ ਰੱਖਣਾ ਹੈ? ਜੋ ਲਾਲ ਰੰਗ ਵਿੱਚ 4 ਦੀ ਲਕੀਰ ਦੇ ਉੱਪਰ ਹੈ। ੲ) ਇਹ ਡਾਕੂਮੈਂਟ ਕਿਸ ਪਰਕਾਰ (ਟਾਈਪ) ਦਾ ਹੈ? ਜੋ ਲਾਲ ਰੰਗ ਵਿੱਚ 5 ਦੀ ਲਕੀਰ ਦੇ ਉੱਪਰ ਹੈ। ਇਨ੍ਹਾਂ ਵਿੱਚੋਂ ਵੀ ਬਹੁਤੀ ਵੇਰ ੳ ਅਤੇ ਅ ਮੱਦ ਦੀ ਹੀ ਲੋੜ ਪੈਂਦੀ ਹੈ। ੲ ਮੱਦ ਦੀ ਤਾਂ ਹੀ ਲੋੜ ਪੈਂਦੀ ਹੈ ਜੇ ਕਰ ਡਾਕੂਮੈਂਟ ਦੀ ਪਰਕਾਰ (ਟਾਈਪ) ਬਦਲੀ ਕਰਨੀ ਹੋਵੇ। ਇਹਨਾਂ ਦੀ ਤਸਵੀਰ ਦੇਖੋ ਅਤੇ ਸਮਝੋ। ਕੇਸਰੀ ਰੰਗ ਵਿੱਚ 1. ‘ਸੇਵ ਐਜ਼’ ਇਸ ਡਾਇਲੌਗ ਬੌਕਸ ਦਾ ਨਾਮ ਹੈ। 3. ਨਵਾਂ ਫੋਲਡਰ ਬਣਾਉਣ ਦੀ ਕਮਾਂਡ ਹੈ ਅਤੇ 6. ਵਿੰਡੋ ਦੇ ਕਾਰਵਾਈ ਪੂਰੀ ਕਰਨ ਲਈ ਇਸ ਕਮਾਂਡ ਨੂੰ ਕਲਿੱਕ ਕੀਤਾ ਜਾਂਦਾ ਹੈ। ਜਦੋਂ ‘ਸੇਵ ਐਜ਼’ ਵਿੱਚ ਫਾਈਲ ਦਾ ਨਾਮ ਕਰਨ ਪੂਰਾ ਹੋ ਜਾਵੇ ਫਿਰ ਉਸ ਵਿੱਚ ਕਿਸੇ ਵੀ ਵਾਧੇ ਘਾਟੇ ਪਿੱਛੋਂ ‘ਕੰਟਰੌਲ + ਐੱਸ’ ਦੀ ਸੰਖੇਪ-ਰਾਹੀ ਕੀਅ ਦੱਬਕੇ ਕੇਵਲ ‘ਸੇਵ’ ਕੀਤਾ ਜਾਂਦਾ ਹੈ। ‘ਸੇਵ’ ਕਮਾਂਡ ਵਿੱਚ ਫਾਈਲ ਦਾ ਨਾਮ-ਕਰਨ ਪਹਿਲਾਂ ਹੀ ਕੀਤਾ ਹੁੰਦਾ ਹੈ ਅਤੇ ‘ਸੇਵ ਐਜ਼’ ਵਿੱਚ ਪਹਿਲਾਂ ਨਾਮ-ਕਰਨ ਕੀਤਾ ਜਾਂਦਾ ਹੈ ਫਿਰ ‘ਸੇਵ’ ਕੀਤਾ ਜਾਂਦਾ ਹੈ। ਜੇ ਫਾਈਲ ਨੂੰ ਕਿਸੇ ਹੋਰ ਫੋਲਡਰ ਵਿੱਚ ਜਾਂ ਕਿਸੇ ਹੋਰ ਨਾਂ ਥੱਲੇ ਸੇਵ ਕਰਨਾ ਹੋਵੇ ਤਾਂ ਵੀ ‘ਸੇਵ ਐਜ਼’ ਦੀ ਕਮਾਂਡ ਦਿੱਤੀ ਜਾਂਦੀ ਹੈ। ਯਾਦ ਰਹੇ ਵਿੰਡੋਂ ਦੀਆਂ ਕਮਾਂਡਾਂ ਉੱਤੇ ਅੱਗੇ ਪਿੱਛੇ ਜਾਣ ਲਈ ‘ਟੈਬ ਕੀਅ’ ਦੀ ਵਰਤੋਂ ਕੀਤੀ ਜਾਂਦੀ ਹੈ।

ਸੂਚਨਾ: ਕਈ ਵੇਰ ਇਹ ਵੀ ਦੇਖਿਆ ਗਿਆ ਹੈ ਕਿ ਸੇਵ ਕੀਤੀ ਫਾਈਲ ਨਹੀਂ ਲੱਭਦੀ। ਉਸ ਵੇਲ਼ੇ ਡਾਕੂਮੈਂਟ ਜਾਂ ਮਾਈ ਡਾਕੀਮੈਂਟ ਫੋਲਡਰ ਵਿੱਚ ਜਾ ਕੇ ਢੂੰਡੋ। ਉੱਥੇ ਤੁਹਾਡੀ ਰਚਨਾ ਦੇ ਪਹਿਲੇ ਸ਼ਬਦਾਂ ਦੇ ਨਾਂ ਥੱਲੇ ਸੇਵ ਕੀਤੀ ਹੋਈ ਮਿਲ਼ ਜਾਏਗੀ। ਕੰਪਿਊਟਰ ਵਿੱਚ ਇਹ ਪਰਬੰਧ ਕੀਤਾ ਗਿਆ ਹੈ ਕਿ ਜੇ ਵਰਤੋਂਕਾਰ ਸੇਵ ਕਮਾਂਡ ਨੂੰ ਫੋਲਡਰ ਤੇ ਫਾਈਲ ਨਾ ਦੱਸਿਆ ਜਾਏ ਤਾਂ ਉਹ ‘ਬਾਈ ਡੀਫਾਲਟ’ ਡਾਕੂਮੈਂਟ ਫੋਲਡਰ ਵਿੱਚ ਪਹਿਲੇ ਅੱਖਰਾਂ ਨਾਲ਼ ਸੇਵ ਕਰ ਦਿੱਤੀ ਜਾਂਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3337)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਿਰਪਾਲ ਸਿੰਘ ਪੰਨੂੰ

ਕਿਰਪਾਲ ਸਿੰਘ ਪੰਨੂੰ

Brampton, Ontario, Canada.
Phone: (905 - 796 - 0531)
Email: (kirpal.pannu36@gmail.com)

More articles from this author