AtarjeetKahanikar7ਮੈਨੂੰ ਯਾਦ ਆ ਰਹੇ ਹਨ ਪਿੰਡ ਦੇ ਉਹ ਮਹਾਨ ਬਜ਼ੁਰਗ ਜਿਨ੍ਹਾਂ ਨੇ ਵੱਡਾ ਨਾਮਣਾ ਖੱਟਿਆ। ਪਿੰਡ ਦੀ ...
(4 ਫਰਵਰੀ 2021)


ਅੱਸੀਵਿਆਂ ਵਿੱਚ ਘਰ ਦੀ ਲਹਿਲਹਾਉਂਦੀ ਫ਼ਸਲ ਵਿੱਚ ਪੈਦਾ ਹੋਈ ਕਾਂਗਿਆਰੀ ਕਾਰਨ ਪਿੰਡ ਛੱਡਣਾ ਪੈ ਗਿਆ ਸੀ
, ਜਦੋਂ ਉਹ ਵੀ ਦਗ਼ਾ ਦੇ ਗਏ ਜਿਨ੍ਹਾਂ ਲਈ ਜਾਨ ਤਲ਼ੀ ’ਤੇ ਰੱਖ ਕੇ ਦੋਸਤੀਆਂ ਦਾ ਕਤਲ ਕੀਤਾ ਸੀ। ਜਿਗਰ ਦਾ ਖੂਨ ਸਿੰਜ ਕੇ ਜਿਸ ਧਰਤੀ ਨੂੰ ਜ਼ਰਖ਼ੇਜ਼ ਕੀਤਾ, ਸਮੇਂ ਨੇ ਉਸ ਧਰਤੀ ਵਿੱਚ ਨਦੀਨ ਹੀ ਪੈਦਾ ਕਰ ਦਿੱਤਾ ਤੇ ਖ਼ਾਲਿਸਤਾਨੀ ਗਰਦਾ ਗੋਰ ਵਿੱਚ ਬੇਵਫ਼ਾਈਆਂ ਤੇ ਤਿਕੜਮਬਾਜ਼ੀਆਂ ਉੱਤੋਂ ਦੀ ਪੈ ਗਈਆਂ ਤਾਂ ਖ਼ਾਲਸਿਆਂ ਦੇ ਝੂਠ ਮੂਹਰੇ ਹਾਰ ਮੰਨ ਕੇ ਪਿੰਡ ਛੱਡ ਕੇ ਮੈਂ ਪਿੰਡ ਵਾਹਰਾ ਹੋ ਗਿਆ ਸਾਂ। ਆਪਣਿਆਂ ਨੂੰ ਪੁਲਸ ਅਫਸਰਾਂ ਦੀ ਕੋਠੀ ਵਿੱਚ ਛੁਪਾ ਕੇ ਤੇ ਪਿੰਡ ਦੇ ਸੋਲਾਂ ਮੁੰਡੇ ਮਰਵਾ ਕੇ ਆਪੇ ਬਣੇ ਲੀਡਰਾਂ ਨੂੰ ਵਾਹਗੁਰੂ ਜੀ ਕੀ ਫ਼ਤਿਹ ਹੀ ਆਖੀ ਜਾ ਸਕਦੀ ਸੀ ਤੇ ਖੂਨ ਦੀ ਤਿੱਪ ਤਿੱਪ ਨਿਚੋੜ ਕੇ ਬਠਿੰਡੇ ਸਿਰ ਢਕਣ ਕਰਨ ਜੋਗਾ ਹੋ ਗਿਆ। ਪਿੰਡ ਦੇ ਦਾਨਸ਼ਵਰ ਸੱਜਣਾਂ ਨੇ ਪਿੰਡ ਦੀ ਮਿੱਟੀ ਨੂੰ ਭੁੱਲਣ ਨਾ ਦਿੱਤਾ, ਕਿਸੇ ਨਾ ਕਿਸੇ ਸੂਰਤ ਵਿੱਚ ਪਿੰਡ ਦੀ ਮਿੱਟੀ ਨਾਲ਼ ਰਿਸ਼ਤਾ ਜੁੜਿਆ ਰਿਹਾ।

ਮੈਨੂੰ ਆਪਣੇ ਪਿੰਡ ਦੀ ਮਿੱਟੀ ਉੱਪਰ ਮਾਣ ਹੈ, ਇਸ ਦੀ ਜ਼ਰਖ਼ੇਜ਼ ਧਰਤੀ ਉੱਪਰ, ਜਿਸ ਨੇ ਮੋਹ ਦੀਆਂ ਸੁੱਕ ਚੱਲੀਆਂ ਜੜ੍ਹਾਂ ਵਿੱਚ ਚੂਲ਼ੀਆਂ ਨਾਲ਼ ਪਾਣੀ ਪਾ ਕੇ ਮੁੜ ਮੌਲਣ ਲਾ ਦਿੱਤਾ ਹੈ। ਆਪਣਿਆਂ ਨਾਲ਼ੋਂ ਵੀ ਪਿਆਰੇ ਕਿਰਤ ਕਮਾਈ ਕਰਨ ਵਾਲ਼ਿਆਂ ਨੇ ਬੂਹੇ ਖੋਲ੍ਹੇ ਤੇ ਉਡੀਕਾਂ ਕਰਦੇ ਫੋਨ ਆਉਣ ਲੱਗੇ ਹਨ, “ਪੰਦਰੀਂ ਵੀਹੀਂ ਗੇੜਾ ਮਾਰ ਜਿਆ ਕਰ।”

ਮੈਨੂੰ ਯਾਦ ਆ ਰਹੇ ਹਨ ਪਿੰਡ ਦੇ ਉਹ ਮਹਾਨ ਬਜ਼ੁਰਗ ਜਿਨ੍ਹਾਂ ਨੇ ਵੱਡਾ ਨਾਮਣਾ ਖੱਟਿਆ। ਪਿੰਡ ਦੀ ਸਭ ਤੋਂ ਉੱਚ ਕੋਟੀ ਦੀ ਸ਼ਖ਼ਸੀਅਤ ਸੀ ਜਥੇਦਾਰ ਚੇਤਨ ਸਿੰਘ ਬੁੱਧੇ ਕਾ। ਉਹ ਲਾਹੌਰ ਯੂਨੀਵਰਸਿਟੀ ਤੋਂ ਗਰੈਜੂਏਟ ਸੀ। ਸੁਣਿਆ ਹੈ ਕਿ ਉਸ ਨੂੰ ਅੰਗਰੇਜ਼ ਸਰਕਾਰ ਨੇ ਤਹਿਸੀਲਦਾਰ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਇਸ ਨੜੀ-ਨੌਕਰੀ ਨੂੰ ਲੱਤ ਮਾਰ ਕੇ ਦੇਸ਼ ਪਿਆਰ ਦਾ ਰਾਹ ਚੁਣਿਆ। ਉਹ ਬੜਾ ਮਜ਼ਾਕੀਆ ਸੀ। ਮੈਂ ਉਸ ਦੀਆਂ ਸੱਥਾਂ ਵਿੱਚ ਕੀਤੀਆਂ ਟਿੱਚਰਾਂ ਸੁਣੀਆਂ ਸਨ। ਉਹ ਕਿਸੇ ਦਾ ਲਿਹਾਜ ਨਹੀਂ ਸੀ ਰੱਖਦਾ। ਸਾਫ਼ ਕਹਿ ਦਿੰਦਾ ਸੀ, ਫਿਰਦਾ ਰਹਿ ਕੀਰਤਨ ਕਰਦਾ ਤੇ ਆਪਣੇ ਆਪ ਨੂੰ ਉੱਚ ਦੁਮਾਲੜਾ ਮੰਨਦਾ, ਮਾਂ ਪਿਉ ਤਾਂ ਤੇਰੇ ਰੁਲ਼ਦੇ ਫਿਰਦੇ ਨੇ। - ਮੈਂ ਨਾਂ ਨਹੀਂ ਲੈਂਦਾ, ਸ਼ਕਲ ਜ਼ਰੂਰ ਮੇਰੀਆਂ ਅੱਖਾਂ ਅੱਗੇ ਆ ਸਾਕਾਰ ਹੋਈ ਹੈ, ਜਿਸ ਕੀਰਤਨੀਏ ਨੇ ਆਪਣੇ ਬਾਪ ਨੂੰ ਇਸ ਕਰਕੇ ਘਰੋਂ ਕੱਢ ਦਿੱਤਾ ਸੀ ਕਿ ਆਖ਼ਰੀ ਉਮਰ ਵਿੱਚ ਉਹ ਥੁੱਕਦਾ ਬਹੁਤ ਸੀ।

ਇਕ ਬਜ਼ੁਰਗ ਤੇ ਉਸ ਦੀ ਬਿਰਧ ਪਤਨੀ ਵੀ ਮੇਰੇ ਸਤਿਕਾਰ ਦੇ ਪਾਤਰ ਬਣ ਕੇ ਮੇਰੀਆਂ ਅੱਖਾਂ ਅੱਗੇ ਆ ਪਰਗਟ ਹੋਏ ਹਨ, ਜਿਨ੍ਹਾਂ ਨੂੰ ਇਕ ਕੱਚੀ ਕੋਠੜੀ ਵਿੱਚ ਰੁਲ਼ਦਿਆਂ ਮੈਂ ਆਪਣੀਆਂ ਅੱਖਾਂ ਨਾਲ਼ ਵੇਖਦਾ ਰਿਹਾ ਸਾਂ, ਬਾਬਾ ਹਜ਼ੂਰਾ ਸਿੰਘ। ਉਸ ਮਾਈ ਦਾ ਮੇਰੀ ਅੰਬੋ ਨਾਲ਼ ਕਾਫ਼ੀ ਸਬੰਧ ਰਿਹਾ ਸੀ। ਦੋਵੇਂ ਹਮ ਨਾਮੀ ਸਨ- ਸੰਤ ਕੁਰ। ਕਦੇ ਕਦੇ ਮੇਰੀ ਅੰਬੋ ਮੈਨੂੰ ਥੋੜ੍ਹਾ ਬਹੁਤਾ ਪਾਣ ’ਚੋਂ ਬਚਾਇਆ ਆਟਾ ਉਨ੍ਹਾਂ ਨੂੰ ਦੇਣ ਤੋਰ ਦਿੰਦੀ ਸੀ। ਮੈਨੂੰ ਚੇਤੇ ਹੈ, ਉਹ ਸਮਾਂ।

ਤਕਰੀਬਨ ਸੱਤ ਫੁੱਟ ਕੱਦ - ਸੁਣਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਉਸ ਨੂੰ ਬਾਰਾਂ ਪਿੰਡਾਂ ਦਾ ਜਥੇਦਾਰ ਥਾਪਿਆ ਹੋਇਆ ਸੀ। ਸਿੱਖੀ ਦੀ ਖ਼ਾਤਰ ਉਸ ਦੀ ਨਿਸ਼ਕਾਮ ਸੇਵਾ ਮੈਂ ਛੋਟੇ ਹੁੰਦੇ ਨੇ ਵੇਖੀ ਸੀ, ਜਦੋਂ ਮੈਂ ਅੱਠਵੀਂ ਜਮਾਤ ਵਿੱਚ ਉਨ੍ਹਾਂ ਦੇ ਚੁਬਾਰੇ ਵਿੱਚ ਆਪਣੇ ਸਹਿ ਪਾਠੀ ਸੁਖਦੇਵ, ਪਿਉ ਵਰਗੇ ਲੰਬੂ ਕੋਲ਼ ਰਾਤ ਨੂੰ ਪੜ੍ਹਦਾ ਹੁੰਦਾ ਸਾਂ। ਜਥੇਦਾਰ ਨੰਦ ਸਿੰਘ ਬਹੁਤ ਦਰਸ਼ਨੀ ਸ਼ਖ਼ਸੀਅਤ ਸੀ। ਅਫ਼ਸੋਸ ਕਿ ਉਸ ਦੇ ਪਰਿਵਾਰ ਦਾ ਕੋਈ ਜੀਅ ਹੋਰ ਜਾਣਕਾਰੀ ਦੇਣ ਜੋਗਾ ਨਹੀਂ ਹੈ। ਉਂਝ ਇਕ ਚੂਹੜ ਸਿਉਂ ਕਾ ਨੰਦ ਸਿੰਘ ਵੀ ਇੱਜ਼ਤਦਾਰ ਗੁਰਸਿੱਖ ਵਿਅਕਤੀ ਸੀ। ਮੌਤ ਬਹੁਤ ਭੈੜੀ ਹੋਈ। ਪਿੰਡ ਦੀ ਭੂਆ ਜੀ ਅਧਿਆਪਕਾ ਨੇ ਆਖੰਡ ਪਾਠ ਰਖਾਇਆ ਹੋਇਆ ਸੀ ਆਪਣੇ ਚੁਬਾਰੇ ਵਿੱਚ। ਉਹ ਰੌਲ਼ ਲਾ ਕੇ ਬਾਹਰ ਨਿੱਕਲ਼ਿਆ ਤਾਂ ਬਨੇਰੇ ਦਾ ਪਤਾ ਨਾ ਲੱਗਿਆ ਤੇ ਉਸਦੀ ਹੇਠਾਂ ਡਿੱਗ ਕੇ ਰੀੜ੍ਹ ਦੀ ਹੱਡੀ ਟੁੱਟ ਗਈ ਤੇ ਉਨ੍ਹਾਂ ਸਮਿਆਂ ਦੇ ‘ਇਲਾਜ ਖੁਣੋ ਸੰਸਾਰ’ ਤੋਂ ਕੂਚ ਕਰ ਗਿਆ।

ਮਜ਼੍ਹਬੀ ਸਿੰਘ ਇੰਦਰ ਸਿੰਘ ਜਿਸ ਬਾਰੇ ਮੇਰੇ ਬਜ਼ੁਰਗ ਦੱਸਦੇ ਹੁੰਦੇ ਸਨ, ਕਿ ਘੱਟ ਕੁਰਬਾਨੀ ਵਾਲ਼ਾ ਨਹੀਂ ਸੀ। ਪਹਿਲਾਂ ਜੈਤੋ ਦੇ ਮੋਰਚੇ ਮੌਕੇ ਜੇਲ੍ਹ ਕੱਟੀ ਸੰਗਰੂਰ ਵਿੱਚ। ਸੁਣਿਆ ਹੈ ਕਿ ਜਦੋਂ ਜੈਤੋ ਵੱਲ ਸ਼ਹੀਦੀ ਜਥੇ ਜਾ ਰਹੇ ਸਨ, ਤਾਂ ਸਾਡੇ ਤੀਆਂ ਵਾਲ਼ੇ ਖੂਹ ਵਿੱਚ ਪਿੰਡ ਦੀ ਸੰਗਤ ਨੇ ਖੰਡ ਦੀਆਂ ਬੋਰੀਆਂ ਹੀ ਉਲ਼ਟਾ ਦਿੱਤੀਆਂ ਸਨ ਤਾਂ ਜੋ ਸ਼ਹੀਦੀ ਜਥੇ ਦੇ ਸਿੰਘ ਮਿੱਠਾ ਜਲ ਛਕ ਕੇ ਅੱਗੇ ਜਾਣ। ਰਿਆਸਤੀ ਪੁਲਸ ਉੱਪਰ ਅੰਗਰੇਜ਼ੀ ਦਬਾਅ ਕਾਰਨ ਪੰਜ ਜਣੇ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਵਿੱਚ ਇੰਦਰ ਸਿੰਘ ਦੇ ਨਾਲ਼ ਸਾਡਾ ਬਾਬਾ ਚੰਨਣ ਸਿੰਘ ਵੀ ਸ਼ਾਮਿਲ ਸੀ। ਸਾਡਾ ਬਾਬਾ ਸੀ ਤਾਂ ਸਾਧਾਰਨ ਕਿਸਮ ਦਾ ਬਜ਼ੁਰਗ ਪਰ ਸਿੱਖੀ ਸੇਵਕੀ ਵਿੱਚ ਲਾਜਵਾਬ ਸੀ। ਇਹ ਪੰਜ ਸਿੰਘ ਸਨ- ਜਥੇਦਾਰ ਚੇਤਨ ਸਿੰਘ, ਜਥੇਦਾਰ ਨੰਦ ਸਿੰਘ, ਬਾਬਾ ਹਜ਼ੂਰਾ ਸਿੰਘ, ਇੰਦਰ ਸਿੰਘ ਮਜ਼੍ਹਬੀ ਸਿੱਖ ਤੇ ਚੰਨਣ ਸਿੰਘ ਰਾਮਦਾਸੀਆ ਸਿੱਖ ਪੰਜਾਂ ਨੇ ਦੋ ਵਾਰ ਜੇਲ੍ਹ ਯਾਤਰਾ ਕੀਤੀ ਸੀ। ਪਹਿਲੀ ਵਾਰ ਜੈਤੋ ਦੇ ਮੋਰਚੇ ਵੇਲੇ, ਜਦੋਂ ਇਨ੍ਹਾਂ ਨੇ ਸ਼ਹੀਦੀ ਜੱਥਿਆਂ ਦੀ ਸੇਵਾ ਲਈ ਵੱਡੇ ਖੂਹ ਵਿੱਚ ਖੰਡ ਦੀਆਂ ਬੋਰੀਆਂ ਉਲ਼ਟਾ ਕੇ ਜਲ ਮਿੱਠਾ ਕੀਤਾ ਸੀ।

ਦੂਜੀ ਵਾਰ ਇਹ ਗ੍ਰਿਫ਼ਤਾਰ ਹੋਏ ਸੰਗਰੂਰ ਰਿਆਸਤ ਵੱਲੋਂ ਹਾਲ਼ਾ ਮਾਮਲਾ ਵਧਾਉਣ ਦੇ ਵਿਰੋਧ ਵਿੱਚ ਕੀਤੀ ਗਈ ਐਜੀਟੇਸ਼ਨ ਦੌਰਾਨ। ਕਹਿੰਦੇ ਨੇ ਕਿ ਇੰਦਰ ਸਿੰਘ ਨੇ ਆਪਣੇ ਜੱਦੀ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਕੌਲੇ ਨਾਂ ਦੇ ਵਜ਼ੀਰ ਦਾ ਨਾਂ ਲੈ ਲੈ ਕੇ ਗਾਲ਼ਾਂ ਕੱਢੀਆਂ- “ਤੂੰ ਹੈਂ ਜਾਤ ਦਾ ਸੱਕਾ, ... ਤੇਰੀ ਭੈਣ ... ... ਨੱਕਾ, ਤੂੰ ਲੋਕਾਂ ਦਾ ਦੁਸ਼ਮਣ ਪੱਕਾ।”

ਭਿਆਨਕ ਲਾਠੀਚਾਰਜ ਹੋਇਆ। ਪਿੰਡ ਦੇ ਉਪਰੋਕਤ ਮਹਾਂਪੁਰਸ਼ ਪੰਜ ਬੰਦਿਆਂ ਨੇ ਵੀ ਗ੍ਰਿਫ਼ਤਾਰੀ ਦਿੱਤੀ। ਕਹਿੰਦੇ ਨੇ ਸੰਗਰੂਰ ਪੁਲਸ ਨੇ ਇੰਦਰ ਸਿੰਘ ਉੱਪਰ ਬੇਤਹਾਸ਼ਾ ਜ਼ੁਲਮ ਢਾਹਿਆ ਸੀ। ਉਸ ਨੂੰ ਪੁੱਠਾ ਲਟਕਾ ਕੇ ਤਸੀਹੇ ਦਿੱਤੇ ਗਏ। ਸਰੀਰਕ ਯਾਤਨਾਵਾਂ ਤਾਂ ਦਿੱਤੀਆਂ ਹੀ ਗਈਆਂ, ਜ਼ਲੀਲ ਕਰਨ ਲਈ ਉਸ ਦੇ ਮੂੰਹ ਵਿੱਚ ਕੁੱਤੇ ਦਾ ਗੰਦ ਵੀ ਪਾਇਆ ਗਿਆ।

ਤਾਜੋ ਕੇ ਘਰਾਂ ਦੇ ਬਜ਼ੁਰਗ ਗੁਪਾਲ ਸਿੰਘ ਉਰਫ਼ ਕਿਰਪਾਲ ਸਿੰਘ ਨੂੰ ਮੈਂ ਆਪਣੀਆਂ ਅੱਖਾਂ ਨਾਲ਼ ਵੇਖਿਆ ਹੈ। ਉਸ ਦੇ ਘਰੋਂ ਬਜ਼ੁਰਗ ਮਾਈ ਦੇ ਸਿਰ ’ਤੇ ਸਜੀ ਦਸਤਾਰ ਮੈਂ ਵੇਖਦਾ ਰਿਹਾ ਸਾਂ। ਇਨ੍ਹਾਂ ਘਰਾਂ ’ਚੋਂ ਹੀ ਗੁਰਦੁਆਰੇ ਦੇ ਛੱਪੜ ਤੋਂ ਪਾਰ ਇਕ ਬਹੁਤ ਹੀ ਆਪਣੇ ਨਮੂਨੇ ਦਾ ਵਿਦਵਾਨ ਮਿੱਤ ਸਿੰਘ ਸੀ, ਜਿਸ ਨੂੰ ਕਿਸੇ ਸਮੇਂ ਮੈਂ ਜਿਉਂਦਾ ਜਾਗਦਾ ਇਨਸਾਈਕਲੋਪੀਡੀਆ ਦਾ ਨਾਂ ਦਿੱਤਾ ਸੀ। ਕਮਾਲ ਤਾਂ ਇਹ ਸੀ, ਕਿ ਸਫ਼ੈਦ ਅਣਪੜ੍ਹ ਬੰਦੇ ਨੂੰ ਪੁਰਾਤਨ ਅਤੇ ਮੱਧਕਾਲੀਨ ਸਾਹਿਤ ਅਤੇ ਇਤਿਹਾਸ, ਮਿਥਿਹਾਸ ਦੀ ਐਨੀ ਜਾਣਕਾਰੀ ਸੀ ਕਿ ਬਿਨਾਂ ਰੋਕ ਟੋਕ ਦੇ ਉਹ ਸਾਰਾ ਦਿਨ ਤਾਂ ਕੀ ਮੇਰੇ ਖ਼ਿਆਲ ਵਿੱਚ ਮਹੀਨਿਆਂ ਬੱਧੀ ਬੋਲ ਸਕਦਾ ਸੀ।

ਮਜ਼੍ਹਬੀ ਸਿੱਖਾਂ ਵਿੱਚੋਂ ਸੰਤਾਲ਼ੀ ਤੋਂ ਪਹਿਲਾਂ ਜਾਗੀ ਪੁਨਰ ਸੁਰਜੀਤੀ ਦੀ ਲਹਿਰ ਦੌਰਾਨ, ਅੰਮਿਤਧਾਰੀ ਸੀ ਬਚਨ ਸਿੰਘ ਜੋ ਵਾਜੇ ਦੀ ਇਕ ਸੁਰ ’ਤੇ ਉਂਗਲ਼ੀ ਰੱਖ ਕੇ ਕੀਰਤਨ ਕਰਿਆ ਕਰਦਾ ਸੀ। ਮੈਨੂੰ ਉਸ ਦਾ ਇਕੋ ਸ਼ਬਦ ਯਾਦ ਆਉਂਦਾ ਹੈ- “ਮੂਹਰੇ ਫਿਰਦਾ ਕਬੀਰ ਜੁਲਾਹਾ, ਪਿੱਛੇ ਲੱਗਿਆ ਹਰ ਫਿਰਦਾ।”

ਇਹ ਸਭ ਕੁਝ ਮੇਰੀਆਂ ਬਚਪਨ ਦੀਆਂ ਯਾਦਾਂ ਵਿੱਚ ਉੱਕਰਿਆ ਪਿਆ ਹੈ। ਬਾਬਾ ਕਾਕਾ ਵੀ ਪਿੰਡ ਦਾ ਮੁਹਤਵਰ ਵਿਅਕਤੀ ਮੰਨਿਆ ਜਾਂਦਾ ਸੀ। ਬਹੁਤ ਹੀ ਹੋਣਹਾਰ ਤੇ ਪ੍ਰਗਤੀਵਾਦੀ ਵਿਚਾਰਾਂ ਦਾ ਉਨ੍ਹਾਂ ਦਾ ਇਕ ਅਧਿਆਪਕ ਬੇਟਾ 1972-73 ਦਾ ਸਮਾਂ, ਬਲਵਿੰਦਰ ਸਿੰਘ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੌਰਾਨ ਚਹੇੜੂ ਪੁਲ਼ ’ਤੇ ਹੋਏ ਟਰੱਕ ਹਾਦਸੇ ਵਿੱਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਨੇ ਉਨ੍ਹੀਂ ਦਿਨੀਂ ਆਪਣੇ ਸ਼ਹੀਦ ਹੋ ਗਏ ਲਾਲ ਦੇ ਭੋਗ ਸਮਾਗਮ ’ਤੇ ਇਨਕਲਾਬੀ ਨਾਟਕ ਕਰਵਾਏ ਤੇ ਮੇਰੇ ਢਾਡੀ ਜਥੇ ਨੇ ਲੋਕ ਮਸਲਿਆਂ ਦੀਆਂ ਵਾਰਾਂ ਗਾਈਆਂ ਸਨ।

ਪਰਿਵਾਰਕ ਵਿਰਸੇ ਨੂੰ ਅੱਗੇ ਤੋਰਨ ਵਾਲ਼ੀ ਗਿਣਨ ਯੋਗ ਸ਼ਖ਼ਸੀਅਤ ਸੀ ਜਥੇਦਾਰ ਬਖਤੌਰ ਸਿੰਘ ਰਾਮਦਾਸੀਆ ਸਿੱਖ, ਜਿਸ ਦੀ ਨਗਰ ਵਿੱਚ ਉਸ ਦੀ ਮੌਤ ਤੋਂ ਬਾਅਦ ਵੀ ਜਿਵੇਂ ਹੋਂਦ ਬਰਕਰਾਰ ਹੈ। ਗੁਰੂ ਘਰ ਦੀ ਬਹੁਤ ਸੇਵਾ ਕੀਤੀ ਉਸ ਸ਼ਖ਼ਸ ਨੇ। ਆਖੰਡ ਪਾਠੀ ਵੀ ਉਹ ਸਿੱਖਰ ਦਾ ਸੀ। ਉੱਕ ਗਏ ਪਾਠੀ ਨੂੰ ਝੱਟ ਪੰਗਤੀ ਸਮਝਾ ਦਿੰਦਾ ਸੀ। ਰਹਾ ਅਤੇ ਸ਼ੁੱਧ ਪਾਠ ਦਾ ਮਾਹਿਰ।

ਸੀ. ਪੀ. ਆਈ. ਦਾ ਕਾਮਰੇਡ ਕਰਤਾਰ ਸਿੰਘ ਪਿੰਡ ਦਾ ਸਰਪੰਚ ਵੀ ਰਿਹਾ। ਕਿਸਾਨ ਯੂਨੀਅਨ ਦਾ ਜ਼ਿਲ੍ਹਾ ਆਗੂ ਵੀ। ਮੇਰੇ ਨਾਲ਼ ਉਸ ਪਰਿਵਾਰ ਦੇ ਸੁਖਾਵੇਂ ਸਬੰਧ ਹੀ ਰਹੇ। ਅੱਜ ਵੀ ਸਭ ਕੁੱਝ ਅੱਖਾਂ ਮੂਹਰੇ ਆ ਜਾਂਦਾ ਹੈ। ਮੇਰੀ ਬੇਬੇ ਉਨ੍ਹਾਂ ਦੇ ਨਰਮਾ ਚੁਗਾ ਰਹੀ ਸੀ। ਮੈਂ ਫੋਕੀਆਂ ਹਵਾਵਾਂ ਨੂੰ ਗੰਢਾਂ ਦਿੰਦਾ ਐਵੇਂ ਹੀ ਰੋਹੀਏਂ ਚੜ੍ਹਿਆ ਫਿਰਦਾ ਸਾਂ। ਮੈਂ ਨਰਮਾਂ ਚੁਗਦੀ ਆਪਣੀ ਬੇਬੇ ਨੂੰ ਮਿਲਣ ਉਨ੍ਹਾਂ ਦੇ ਖੇਤ ਚਲਾ ਗਿਆ। ਵੱਟ ’ਤੇ ਤੁਰੇ ਆਉਂਦੇ ਨੂੰ ਬੇਬੇ ਨੇ ਦੇਖ ਲਿਆ। ਨਰਮੇ ਦੇ ਬੂਟਿਆਂ ਨੂੰ ਇੱਧਰ ਉੱਧਰ ਕਰਦੀ ਮੇਰੀ ਬੇਬੇ ਮੇਰੇ ਵੱਲ ਭੱਜੀ ਤੇ ਆਉਂਦਿਆਂ ਹੀ ਕੁੜਤੀ ਦੇ ਹੇਠ ਦੀ ਮੇਰਾ ਹੱਥ ਢਿੱਡ ’ਤੇ ਲਿਜਾ ਕੇ ਚੀਕੀ- “ਮੱਚ ’ਗੀ ਵੇ ਪੁੱਤਾ ਮੈਂ। ਅੱਗੇ ਕਿਹੜਾ ਬਾਹਲੀ ਸੁਖੀ ਸੀ ਜਿਹੜਾ ਤੂੰ ਹੁਣ ਹਿਰਨਾਂ ਦੇ ਸਿੰਙੀ ਜਾ ਚੜ੍ਹਿਆਂ।” ਮਾਵਾਂ ਵਰਗੀ ਭਰਜਾਈ ਮਨਜੀਤ ਕੌਰ ਵੀ ਮਗਰੇ ਆ ਗਈ ਸੀ। ਉਹ ਬੋਲੀ ਸੀ- “ਸੁਣ ਵੇ ਵੱਡਿਆ ਨਕਸਲੀਆ। ਕੀ ਕਰ ਲੋਂ ਗੇ ਤੁਸੀਂ। ਕੁੱਤੇ ਦੇ ਸੋਟੀ ਨ੍ਹੀ ਵੱਜਣੀ। ਕਿਉਂ ਤੜਫਾਇਐ ਅੰਮਾ ਜੀ ਨੂੰ ਵੇ। ਚੁੱਪ ਕਰਕੇ ਨੌਕਰੀ ਨ੍ਹੀ ਕੀਤੀ ਜਾਂਦੀ, ਵੱਡੇ ਲੀਡਰ ਤੋਂ।” ਇਹ ਸ਼ਬਦ ਮਗਰ ਮਗਰ ਤੁਰੇ ਆਉਂਦੇ ਹਨ ਅੱਜ ਵੀ।

ਓਸੇ ਪਾਰਟੀ ਦਾ ਪੱਖੋ ਕਾ ਕਾਮਰੇਡ ਆਤਮਾ ਸਿੰਘ ਬਹੁਤ ਸੁਹਣੀ ਸੁਣੱਖੀ ਦਿੱਖ ਵਾਲ਼ਾ ਸੱਜਣ ਪੁਰਸ਼ ਸੀ, ਜਿਸ ਦੀ ਆਪਣੇ ਸਿਧਾਂਤ ਨਾਲ਼ ਪੂਰੀ ਪ੍ਰਤੀਬੱਧਤਾ ਸੀ।

ਚੇਤਿਆਂ ਵਿੱਚ ਇਕ ਹੋਰ ਸ਼ਖ਼ਸੀਅਤ ਉੱਭਰ ਕੇ ਅੱਖਾਂ ਮੂਹਰੇ ਆ ਸਾਕਾਰ ਹੋਈ ਹੈ, ਤਾਜੋ ਕੇ ਘਰਾਂ ਦਾ ਦਫ਼ੇਦਾਰ ਮੇਹਰ ਸਿੰਘ। ਬਹੁਤ ਕੱਦਾਵਰ ਤੇ ਸੁਹਣੀ ਡੀਲ ਡੌਲ਼। ਹੱਥ ਵਿੱਚ ਵੱਡਾ ਖੂੰਡਾ ਤੇ ਤੁਰਿਆ ਜਾਂਦਾ ਉਹ ਆਦਤਨ ਨਾਸਾਂ ਫੁਰਕਾਉਂਦਾ ਜਾ ਰਿਹਾ ਹੁੰਦਾ ਤਾਂ ਦੂਰੋਂ ਹੀ ਉਸ ਦਾ ਪਤਾ ਲੱਗ ਜਾਂਦਾ ਸੀ ਕਿ ਤਾਜੋ ਕੇ ਘਰਾਂ ਦਾ ਦਫ਼ੇਦਾਰ ਮੇਹਰ ਸਿੰਘ ਆ ਰਿਹਾ ਹੈ।

ਇਕ ਹੋਰ ਸ਼ਖ਼ਸੀਅਤ ਦਾ ਜ਼ਿਕਰ ਕੀਤੇ ਬਿਨਾਂ ਰਿਹਾ ਨਹੀਂ ਜਾ ਰਿਹਾ। ਡੇਰਾ ਨਿਰਮਲਾ ਦਾ ਮੌਜੂਦਾ ਮਹੰਤ ਮਹਿੰਦਰ ਸਿੰਘ, ਜਿਸ ਨੂੰ ਛੇਵੀਂ ਜਮਾਤ ਵਿੱਚ ਮੈਂ ਪੜ੍ਹਾਉਂਦਾ ਰਿਹਾ ਸਾਂ। ਇਸ ਡੇਰੇ ਵਿੱਚ ਭਿੱਟ ਭਿਟਾਵ ਦੇ ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਕਰਨ ਦੀ ਸਜ਼ਾ ਵਜੋਂ ਮੇਰੀ ਬਹੁਤ ਹੱਤਕ ਕੀਤੀ ਗਈ ਸੀ। ਮਹਿੰਦਰ ਸਿੰਘ ਨੂੰ ਜਦੋਂ ਪੰਜਾਹ ਸਾਲਾਂ ਬਾਅਦ ਪਤਾ ਲੱਗਿਆ ਤਾਂ ਕਈ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੈਨੂੰ ਬਠਿੰਡਿਉਂ ਆ ਕੇ ਲੈ ਕੇ ਗਿਆ ਤੇ ਭਰੇ ਦੀਵਾਨ ਵਿੱਚ ਇਕੋਤਰ ਸੌ ਰੁਪਇਆ ਤੇ ਸਿਰਪਾਉ ਦੇ ਕੇ ਸਨਮਾਨਤ ਕੀਤਾ ਸੀ ਡੇਰੇ ਵਿੱਚ। ਫ਼ਤਿਹ ਜੀ।

ਭਾਈ ਵੀਰ ਸਿੰਘ ਨਿਰਵੈਰ ਆਪਣੇ ਸਮੇਂ ਦਾ ਪੰਜ ਜਮਾਤਾਂ ਉਰਦੂ ਪੜ੍ਹਿਆ ਸੀ। ਜਿਵੇਂ ਕਰਕੇ ਮੈਨੂੰ ਯਾਦ ਆ ਰਿਹਾ ਹੈ, ਉਸ ਦੇ ਆਪਣੇ ਸ਼ਬਦਾਂ ਵਿੱਚ ਉਹ ਉੜਦੂ ਦਾ ਪੂਰਾ ਮਾਹਰ ਸੀ। ਉਸ ਨੇ ਬਹੁਤ ਭੱਜ ਨੱਠ ਕਰਕੇ ਤਿੰਨ ਬਜ਼ੁਰਗਾਂ- ਜਥੇਦਾਰ ਚੇਤਨ ਸਿੰਘ, ਬਾਬਾ ਹਜ਼ੂਰਾ ਸਿੰਘ ਅਤੇ ਜਥੇਦਾਰ ਨੰਦ ਸਿੰਘ ਨੂੰ ਆਜ਼ਾਦੀ ਘੁਲਾਟੀਆਂ ਦੀ ਸੰਗਰੂਰ ਰਿਆਸਤ ਦਾ ਰਿਕਾਰਡ ਫਰੋਲ ਕੇ ਪੈਨਸ਼ਨ ਲਗਵਾਕੇ ਦਿੱਤੀ। ਮੈਨੂੰ ਪਤਾ ਲੱਗਿਆ ਤਾਂ ਮੈਂ ਭਾਈ ਜੀ ਕੋਲ਼ ਜਾ ਕੇ ਬੇਨਤੀ ਕੀਤੀ ਸੀ ਕਿ ਦੋ ਜਣਿਆਂ ਬਾਰੇ ਮੈਂ ਹੋਰ ਸੁਣਿਆ ਹੈ ਕਿ ਉਹਨਾਂ ਵੀ ਦੋ ਵਾਰ ਸੰਗਰੂਰ ਰਿਆਸਤ ਦੇ ਸਮੇਂ ਜੇਲ੍ਹਾਂ ਕੱਟੀਆਂ ਸਨ। ਭਾਈ ਜੀ ਨੇ ਜਵਾਬ ਦਿੱਤਾ ਸੀ- ਉੜਦੂ ਵਿੱਚ ਲਿਖਿਆ ਹੋਣ ਕਰਕੇ ਹੋਰ ਨਾਂ ਪੜ੍ਹੇ ਨਹੀਂ ਸੀ ਗਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3332)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਤਰਜੀਤ ਕਹਾਣੀਕਾਰ

ਅਤਰਜੀਤ ਕਹਾਣੀਕਾਰ

Bathinda, Punjab, India.
Tel: (91 - 94175 - 81936)
Email: (attarjeet_bti@rediffmail.com)