JasvirSamar7ਉਹ ਔਖੇ ਦਿਨਾਂ ਦੌਰਾਨ ਵੀ ਜੂਝਦਾ ਰਿਹਾ ਅਤੇ ਅਖ਼ੀਰ ਤੱਕ ਆਪਣੇ ਲਾਏ ਬੂਟੇ ...
(27 ਅਗਸਤ 2021)

 

 

AmolakSJammuA1

ਅਮੋਲਕ ਸਿੰਘ ਜੰਮੂ ਆਪਣੀ ਪਤਨੀ ਅਤੇ ਪੁੱਤਰ ਨਾਲ

PunjabTimesUSA 1

 

2001 ਵਾਲਾ ਸਾਲ ਅਜੇ ਚੜ੍ਹਿਆ ਹੀ ਸੀ ਕਿ ਨਿਊਜ਼ ਰੂਮ ਦੇ ਨੋਟਿਸ ਬੋਰਡ ’ਤੇ ਨਵੇਂ ਸਾਲ ਦੀਆਂ ਵਧਾਈਆਂ ਦਾ ਇੱਕ ਪੁਰਜ਼ਾ ਆਣ ਚਿਪਕਿਆਆਏ ਸਾਲ ਵਧਾਈਆਂ ਵਾਲਾ ਮਸਲਾ ਰੁਟੀਨ ਜਿਹੀ ਕਾਰਵਾਈ ਹੀ ਤਾਂ ਹੁੰਦੀ ਹੈ ਪਰ ਨੋਟਿਸ ਬੋਰਡ ’ਤੇ ਚਿਪਕੇ ਪੁਰਜ਼ੇ ਉੱਤੇ ਲਿਖੀਆਂ ਦੋ ਸਤਰਾਂ ਸਦਾ-ਸਦਾ ਲਈ ਮੇਰੇ ਜ਼ਿਹਨ ਅੰਦਰ ਉੱਤਰ ਗਈਆਂ, “ਲੋਕੀਂ ਕਹਿੰਦੇ ਨੇ ਕਿ ‘ਪੰਜਾਬ ਟਾਈਮਜ਼’ ਵਿੱਚੋਂ ‘ਪੰਜਾਬੀ ਟ੍ਰਿਬਿਊਨ’ ਦਾ ਝਉਲਾ ਪੈਂਦਾ ਹੈਕਿੰਝ ਦੱਸਾਂ ਕਿ ‘ਪੰਜਾਬੀ ਟ੍ਰਿਬਿਊਨ’ ਮੇਰੇ ਹੱਡਾਂ ਵਿੱਚ ਰਚਿਆ ਹੋਇਆ ਹੈ

ਇਹ ਅਮੋਲਕ ਸਿੰਘ ਜੰਮੂ ਸੀ ਜਿਹੜਾ ਅਦਾਰੇ ਵਿੱਚ ਮੇਰੀ ਭਰਤੀ ਤੋਂ ਚਾਰ-ਪੰਜ ਸਾਲ ਪਹਿਲਾਂ, 1996 ਦੇ ਮੱਧ ਜਿਹੇ ਵਿੱਚ ਅਮਰੀਕਾ ਜਾ ਵਸਿਆ ਸੀ ਅਤੇ ਉਹਨੇ ਉੱਥੇ ਚਾਰ-ਪੰਜ ਸਾਲ ਜੂਝਣ ਤੋਂ ਬਾਅਦ ਸਾਲ 2000 ਵਿੱਚ ਆਪਣਾ ਹਫ਼ਤਾਵਾਰੀ ਪਰਚਾ ‘ਪੰਜਾਬ ਟਾਈਮਜ਼’ ਕੱਢ ਲਿਆ ਸੀਉਸ ਵਕਤ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਮਾਰੂ ਅਤੇ ਲਗਾਤਾਰ ਤੰਗ ਤੇ ਬੇਵੱਸ ਕਰਨ ਵਾਲੀ ਬਿਮਾਰੀ ਦੇ ਬਾਵਜੂਦ ਉਹਨੇ ਪੱਤਰਕਾਰੀ ਦੀ ਦੁਨੀਆ ਅੰਦਰ ਇੰਨੀ ਸ਼ਾਨਦਾਰ ਪਾਰੀ ਖੇਡਣੀ ਹੈ… ਤੇ ਨੋਟਿਸ ਬੋਰਡ ’ਤੇ ਉਹਦੀਆਂ ਵਧਾਈਆਂ ਵਾਲਾ ਪੁਰਜ਼ਾ ਚਿਪਕਾਉਣ ਵਾਲਾ ਕੋਈ ਹੋਰ ਨਹੀਂ, ਉਹਦਾ ਗੂੜ੍ਹਾ ਮਿੱਤਰ ਨਰਿੰਦਰ ਭੁੱਲਰ ਸੀ ਜਿਹੜਾ ਛੇਤੀ ਹੀ ਮੇਰਾ ਵੀ ਉੰਨਾ ਹੀ ਗੂੜ੍ਹਾ ਯਾਰ ਬਣ ਗਿਆ ਸੀਸਾਂਝ ਦਾ ਜ਼ਰੀਆ ਸਿਰਫ਼ ਇੱਕ ਹੀ ਸੀ: ਕੰਮ ਔਰ ਸੰਜੀਦਗੀਅਮੋਲਕ ਦੇ ਅਮਰੀਕਾ ਜਾਣ ਨਾਲ ਨਿਊਜ਼ ਰੂਮ ਦੀ ਇੱਕ ਜੋੜੀ ‘ਅਮੋਲਕ-ਨਰਿੰਦਰ’ ਟੁੱਟ ਗਈ ਸੀ ਪਰ ਦੂਜੀ ‘ਨਰਿੰਦਰ-ਜਸਵੀਰ’ ਬਣ ਵੀ ਗਈ ਸੀ

ਅਸਲ ਵਿੱਚ ਅਮੋਲਕ ਸਿੰਘ ਮੈਂਨੂੰ ਪਹਿਲਾਂ-ਪਹਿਲ ਨਰਿੰਦਰ ਭੁੱਲਰ ਰਾਹੀਂ ਹੀ ਮਿਲਿਆ ਸੀਬਿਨਾ ਮੁਲਾਕਾਤਅਮੋਲਕ ਦੀਆਂ ਕਿੰਨੀਆਂ ਗੱਲਾਂ-ਬਾਤਾਂ ਨਰਿੰਦਰ ਦੇ ਬੋਹੀਏ ਵਿੱਚੋਂ ਉੱਛਲ ਕੇ ਮੇਰੀ ਝੋਲੀ ਵਿੱਚ ਪੈਂਦੀਆਂ ਰਹੀਆਂ ਸਨ। ਚੰਡੀਗੜ੍ਹ ਵਿੱਚ ਉਹਦੀ ਪੜ੍ਹਾਈ, ਨੌਕਰੀ, ਇੱਥੋਂ ਤੱਕ ਕਿ ਪਿੰਡ ਤੱਕ ਦੀਆਂ ਗੱਲਾਂ-ਬਾਤਾਂਸ਼ਾਇਦ ਇਸੇ ਕਰਕੇ ਜਦੋਂ 2006 ਵਾਲੀ ਭਾਰਤ ਫੇਰੀ ਦੌਰਾਨ ਮੈਂ ਅਮੋਲਕ ਨੂੰ ਰੂ-ਬ-ਰੂ ਮਿਲਿਆ ਤਾਂ ਉਹ ਮੇਰੇ ਲਈ ਓਪਰਾ ਨਹੀਂ ਸੀਇਹੀ ਲੱਗਦਾ ਸੀ, ਚਿਰਾਂ ਦੇ ਵਿਛੜਿਆਂ ਦੇ ਹੁਣ ਮੇਲੇ ਹੋਏ ਹਨਉਂਜ, ਅਮੋਲਕ ਨੂੰ ਮਿਲਦਿਆਂ ਸਾਰ ਮੈਂ ਧੁਰ ਅੰਦਰ ਤੱਕ ਹਿੱਲ ਗਿਆ ਸਾਂਉਹਨੇ ਸੱਜਾ ਹੱਥ ਮਿਲਾਉਣ ਲਈ ਖੱਬੇ ਹੱਥ ਦਾ ਸਹਾਰਾ ਲਿਆ ਸੀ, ਜਿਵੇਂ ਮਗਰੋਂ ਚਾਹ ਵਾਲਾ ਕੱਪ ਮੂੰਹ ਤੱਕ ਲਿਜਾਣ ਲਈ ਉਹਨੇ ਕੀਤਾ ਸੀਫਿਰ ਹੈਰਾਨ ਵੀ ਹੋਇਆ, ਇਹ ਉਹੀ ਹੱਥ ਹਨ ਜਿਨ੍ਹਾਂ ਵਿੱਚੋਂ ‘ਪੰਜਾਬ ਟਾਈਮਜ਼’ ਹਰ ਹਫ਼ਤੇ ਪੂਰੀ ਸਜ-ਧਜ ਨਾਲ ਉਦੈ ਹੁੰਦਾ ਹੈ!

ਉਦੋਂ ਤੱਕ ‘ਪੰਜਾਬ ਟਾਈਮਜ਼’ ਨੂੰ ਦਰਪੇਸ਼ ਮੁਢਲੀਆਂ ਦੁਸ਼ਵਾਰੀਆਂ ਵਾਲਾ ਵਕਤ ਨਿੱਕਲ ਚੁੱਕਾ ਸੀ ਅਤੇ ਇਨ੍ਹਾਂ ਸਾਲਾਂ ਦੌਰਾਨ ਅਮੋਲਕ ਨੇ ਇਕੱਲਿਆਂ ਹੀ ਜੂਝਦਿਆਂ ਆਪਣੇ ਸਿਰੜ ਸਦਕਾ ਅਖ਼ਬਾਰ ਦਾ ਮੂੰਹ-ਮੱਥਾ ਬਣਾ ਲਿਆ ਸੀਇਹ ਉਹ ਵਕਤ ਵੀ ਸੀ ਜਦੋਂ ਉਹਨੇ ‘ਪੰਜਾਬ ਟਾਈਮਜ਼’ ਨੂੰ ਲੰਮੇ ਸਫ਼ਰ ’ਤੇ ਪਾਉਣ ਬਾਰੇ ਜੁਗਤਾਂ ਲੜਾਉਣੀਆਂ ਆਰੰਭ ਕੀਤੀਆਂਦਰਅਸਲ, ਉਹਨੂੰ ਚਿੰਬੜੀ ਮਾਸਕੂਲਰ ਡਿਸਟਰੌਫੀ ਦੀ ਬਿਮਾਰੀ ਮਾਰ ਕਰ ਰਹੀ ਸੀਉਹ ਚਾਹੁੰਦਾ ਸੀ ਕਿ ਉਹਦਾ ਲਾਇਆ ਬੂਟਾ ਜਿਹੜਾ ਹੁਣ ਖੂਬ ਮੌਲਣ ਲੱਗ ਪਿਆ ਸੀ, ਹੋਰ ਵਧੇ-ਫੁੱਲੇਉਹਦੇ ਇਸ ਸਫ਼ਰ ਦੇ ਕਾਫ਼ਲੇ ਵਿੱਚ ਬਾਬਾ ਬਲ (ਗੁਰਦਿਆਲ ਸਿੰਘ ਬੱਲ) ਸਮੇਤ ਸਾਰੇ ਪੁਰਾਣੇ ਦੋਸਤ ਅਤੇ ਨਵੇਂ ਮਿੱਤਰ-ਪਿਆਰੇ ਆਣ ਰਲੇ ਸਨਅਮਰੀਕਾ-ਕੈਨੇਡਾ ਦੇ ਕਿੰਨੇ ਲਿਖਾਰੀ ਤੇ ਪੱਤਰਕਾਰ ਇਸ ਸਫ਼ਰ ਦਾ ਹਿੱਸਾ ਬਣ ਗਏ ਸਨ ਅਤੇ ਪਰਚੇ ਦਾ ਆਕਾਰ ਵੀ ਫੈਲ ਗਿਆ ਸੀ। ਅਡੀਸ਼ਨ ਵੀ ਤਿੰਨ- ਕੈਲੀਫੋਰਨੀਆ, ਨਿਊ ਯਾਰਕ ਤੇ ਸ਼ਿਕਾਗੋ (ਮਿੱਡ ਵੈਸਟ) ਹੋ ਗਏ ਸਨਉਹਨੇ ‘ਪੰਜਾਬੀ ਟ੍ਰਿਬਿਊਨ’ ਦੇ ਮਿਆਰ ਵਾਲਾ ਰੰਗ ਅਮਰੀਕਾ ਵਿੱਚ ਵੀ ਕਾਇਮ ਰੱਖਿਆ ਸੀ ਅਤੇ ਉਹਦੀ ਕਣਦਾਰ ਸੰਪਾਦਕੀ ਸੂਝ ਦੀ ਸੁਗੰਧ ਹੌਲੀ-ਹੌਲੀ ਚੁਫ਼ੇਰੇ ਫੈਲ ਰਹੀ ਸੀਵਜ੍ਹਾ ਇਹੀ ਸੀ ਕਿ ਹਰ ਰਚਨਾ ਨੂੰ ਅਮੋਲਕ ਦੀ ਛਾਣਨੀ ਵਿੱਚੋਂ ਲੰਘਣਾ ਪੈਂਦਾ ਸੀ

ਪੱਤਰਕਾਰੀ ਦੇ ਇਸ ਸੁੱਘੜ ਸਫ਼ਰ ਦੌਰਾਨ ਆਪਣੀਆਂ ਸਰੀਰਕ ਦੁਸ਼ਵਾਰੀਆਂ ਨਾਲ ਜੂਝਦਿਆਂ ਅਮੋਲਕ ਦੀ ਨਜ਼ਰ ਨਰਿੰਦਰ ਭੁੱਲਰ ’ਤੇ ਆਣ ਕੇ ਰੁਕੀਉਹ ਚਾਹੁੰਦਾ ਸੀ ਕਿ ਨਰਿੰਦਰ ‘ਪੰਜਾਬ ਟਾਈਮਜ਼’ ਦਾ ਹੱਥ ਵਟਾਉਣ ਅਮਰੀਕਾ ਆਵੇਇਸ ਸੋਚ ਅੰਦਰ ਪੇਸ਼ੇਵਾਰਾਨਾ ਪਹੁੰਚ ਦੇ ਨਾਲ-ਨਾਲ ਗੂੜ੍ਹੀ ਦੋਸਤੀ ਵਾਲੀ ਤਵੱਕੋ ਵੀ ਸੀ ਪਰ ਨਰਿੰਦਰ ਅਜੇ ਅਮੋਲਕ ਵਾਂਗ ਨਹੀਂ ਸੀ ਸੋਚ ਰਿਹਾਪੱਤਰਕਾਰੀ ਅਤੇ ਪੜ੍ਹਾਈ-ਲਿਖਾਈ ਬਾਬਤ ਉਹਦੇ ਆਪਣੇ ‘ਪ੍ਰੋਜੈਕਟ’ ਸਨਆਖ਼ਿਰਕਾਰ ਅਮੋਲਕ ਦਾ ਪਲੜਾ ਭਾਰੀ ਪੈ ਗਿਆ, ਤੇ ਨਰਿੰਦਰ ਆਪਣੇ ਯਾਰ ਅਮੋਲਕ ਦੇ ਕਹਿਣ ’ਤੇ ਇੱਕ ਵਾਰ ‘ਪੰਜਾਬ ਟਾਈਮਜ਼’ ਦਾ ਜਲੌਅ ਦੇਖਣ ਅਤੇ ਫਿਰ ਹੀ ਕੋਈ ਫੈਸਲਾ ਕਰਨ ਦੀ ਸੋਚ ਕੇ ਸ਼ਿਕਾਗੋ ਵਾਲੇ ਜਹਾਜ਼ ਜਾ ਚੜ੍ਹਿਆਆਪਣੇ ਕਸਬ ਵਿੱਚ ਅੱਵਲ, ਦੋ ਦੋਸਤ ਫਿਰ ਇਕੱਠੇ ਸਨ ਅਤੇ ‘ਪੰਜਾਬ ਟਾਈਮਜ਼’ ਬਾਰੇ ਬਾਬੇ ਬੱਲ ਦੇ ਮਸ਼ਵਰੇ ਆਪਣਾ ਰੰਗ ਲਿਆਉਣ ਲੱਗੇਚਹੁੰ ਮਹੀਨਿਆਂ ਬਾਅਦ ਜਦੋਂ ਨਰਿੰਦਰ ਵਾਪਸ ਆਪਣੇ ਨਵੇਂ ਬਣਾਏ ਘਰ ਜ਼ੀਰਕਪੁਰ ਮੁੜਿਆ ਤਾਂ ਉਹ ‘ਪੰਜਾਬ ਟਾਈਮਜ਼’ ਨਾਲ ਜੁੜਨ ਲਈ ਤਕਰੀਬਨ ਤਿਆਰ ਸੀ ਪਰ ਕੁਦਰਤ ਨੂੰ ਪੱਤਰਕਾਰੀ ਦੇ ਪਿੜ ਵਿੱਚ ਮੌਲ਼ ਰਹੀ ਇਹ ਦੋਸਤੀ ਸ਼ਾਇਦ ਮਨਜ਼ੂਰ ਨਹੀਂ ਸੀ12 ਅਗਸਤ (2007) ਨੂੰ ਐਤਵਾਰ ਦਾ ਦਿਨ ਸੀ ਜਦੋਂ ਨਰਿੰਦਰ ਦਿੱਲੀ ਦੇ ਹਵਾਈ ਅੱਡੇ ’ਤੇ ਉੱਤਰਿਆ, ਤੇ ਬੁੱਧਵਾਰ ਰਾਤ ਦੀ ਖ਼ਬਰ ਸੀ ਕਿ ਨਰਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਹਸਪਤਾਲ ਵਿੱਚ ਬੇਹੋਸ਼ ਪਿਆ ਜ਼ਿੰਦਗੀ ਨਾਲ ਜੂਝ ਰਿਹਾ ਸੀਦਿਨ ਚੜ੍ਹਦੇ ਤੱਕ ਉਹ ਖ਼ਬਰ ਬਣ ਗਿਆ ਸੀ ਅਤੇ ਇਹ ਖ਼ਬਰ ਉਨ੍ਹੀਂ ਪੈਰੀਂ ਅਮਰੀਕਾ ਵੀ ਪੁੱਜ ਗਈਆਪਣੀ ਸਰੀਰਕ ਲੜਾਈ ਨਾਲ ਜੂਝ ਰਿਹਾ ਅਮੋਲਕ ਹੁਣ ਇੱਕ ਹੋਰ ਲੜਾਈ ਲੜ ਰਿਹਾ ਸੀਉਹਨੂੰ ਲੱਗਿਆ, ਮਾਸਕੂਲਰ ਡਿਸਟਰੌਫੀ ਨਾਲ ਉਹਦੀਆਂ ਬਾਹਾਂ ਸਿਰਫ਼ ਨਿੱਸਲ ਹੋਈਆਂ ਸਨ, ਟੁੱਟੀਆਂ ਤਾਂ ਹੁਣ ਨਰਿੰਦਰ ਦੇ ਤੁਰ ਜਾਣ ਨਾਲ ਹਨਇਹ ਹਜ਼ਾਰਾਂ ਮੀਲ ਲੰਮੀ ਹੂਕ ਸੀ ਜਿਹੜੀ ਜਿਸਮ-ਓ-ਜਾਨ ਅੰਦਰ ਡੂੰਘੀ ਲਹਿ ਗਈ ਸੀ

**

ਨਰਿੰਦਰ ਦੇ ਤੁਰ ਜਾਣ ਤੋਂ ਇੱਕ-ਦੋ ਦਿਨ ਬਾਅਦ ਅਮੋਲਕ ਦਾ ਫੋਨ ਆਇਆ। ਉਹ ਇਸ ਹਾਦਸੇ ਨੂੰ ਆਪਣੇ ਢੰਗ ਨਾਲ ਸਮੇਟਣ ਦਾ ਯਤਨ ਰਿਹਾ ਸੀ। ਉਹਦੇ ਬੋਲਾਂ ਅੰਦਰ ਬੇਵਸੀ ਦੇ ਨਾਲ-ਨਾਲ ਉਲਾਂਭਾ ਵੀ ਰਲਿਆ ਹੋਇਆ ਸੀ, “ਇਸੇ ਕੰਮ ਲਈ ਉਹਨੂੰ ਸੱਦੀ ਜਾਂਦੇ ਸੀ…. ਹੈਂ?” ਅਸਲ ਵਿੱਚ ਕੁਝ ਕਾਰਨਾਂ ਕਰਕੇ ਦਫਤਰ ਵਾਲੇ ਨਰਿੰਦਰ ਨੂੰ ਵਾਪਸ ਆਉਣ ਲਈ ਜ਼ੋਰ ਪਾ ਰਹੇ ਸਨ! ਅਮੋਲਕ ਦੇ ਉਲਾਂਭੇ ਅੰਦਰ ਲੋਹੜੇ ਦਾ ਦਰਦ ਸੀਇਸ ਤੋਂ ਅੱਗੇ ਨਾ ਮੈਥੋਂ ਕੁਝ ਬੋਲ ਹੋਇਆ, ਤੇ ਨਾ ਹੀ ਅਮੋਲਕ ਦਾ ਬੋਲ ਨਿੱਕਲਿਆਫੋਨ ਦੇ ਦੋਵੇਂ ਪਾਸੀਂ ਸੁਣਦੀਆਂ ਸਿਸਕੀਆਂ ਆਪੋ-ਆਪਣੇ ਥਾਂ ਸ਼ਾਂਤ ਹੋ ਗਈਆਂਅਮੋਲਕ ਦੇ ‘ਪੰਜਾਬ ਟਾਈਮਜ਼’ ਦਾ ਹੱਥ-ਵਟਾਵਾ ਬੜਾ ਨਿਰਮੋਹਿਆ ਨਿੱਕਲਿਆ ਸੀ! ਹੁਣ ਤਾਂ ਉਹਨੂੰ ਉਲਟਾ ਨਰਿੰਦਰ ਦੇ ਪਰਿਵਾਰ ਦਾ ਹੱਥ ਵਟਾਉਣਾ ਪੈ ਗਿਆ ਸੀਉਹ ਦੂਜੇ-ਤੀਜੇ ਫੋਨ ਕਰਕੇ ਖ਼ਬਰਸਾਰ ਪੁੱਛਦਾ। ਬੱਸ, ਉਹ ਆਪਣੇ ਦੋਸਤ ਦੇ ਪਰਿਵਾਰ ਦਾ ਗਮ ਵੰਡਾਉਣ ਉੱਡ ਕੇ ਨਹੀਂ ਸੀ ਆ ਸਕਦਾ!

***

ਫਿਰ ਗਾਹੇ-ਬਗਾਹੇ ਅਮੋਲਕ ਦਾ ਫੋਨ ਆਉਂਦਾ ਪਰ ਹਰ ਵਾਰ ਕਸਬ ਜਾਂ ‘ਪੰਜਾਬ ਟਾਈਮਜ਼’ ਦੀ ਹੀ ਗੱਲ: ਐਂ ਕਰ, ਫਲਾਣੇ ਲੇਖਕ ਦਾ ਬੜਾ ਵਧੀਆ ਲੇਖ ਆਇਐ, ਲੰਮਾਤੇਰੇ ਸ਼ਹਿਰ ਵਿੱਚ ਹੀ ਰਹਿੰਦੈਉਹਦੇ ਘਰੋਂ ਛਾਂਟਵੀਆਂ ਜਿਹੀਆਂ ਫੋਟੋਆਂ ਲੈ ਕੇ ਸਕੈਨ ਕਰਕੇ ਭੇਜ... ਮੁਹਾਲੀ ਵਾਲੀ ਲੇਖਕਾਂ ਤੋਂ ਆਹ ਲੈ ਆ, ਤੇਰੇ ਤਾਂ ਨੇੜੇ ਈ ਆ ... ਫਲਾਣੇ ਤੋਂ ਅਹੁ ਲਿਆ ਕੇ ਭੇਜ ... ਇੱਕ ਦਿਨ ਫੋਨ ਵਾਹਵਾ ਲੰਮਾ ਹੋ ਗਿਆਸ਼ਾਇਦ ਸਾਲ 2011 ਦਾ ਮਾਰਚ ਮਹੀਨਾ ਸੀਸਵੇਰੇ ਅਜੇ ਉੱਠਿਆ ਵੀ ਨਹੀਂ ਸੀ, ਰਾਤ ਦੀ ਡਿਊਟੀ ਦਾ ਝੰਬਿਆ, ਅੱਖਾਂ ਅੰਦਰ ਨੀਂਦ ਅਜੇ ਤਾਰੀਆਂ ਲਾ ਰਹੀ ਸੀ: ‘ਓ ਬਈ ਫ਼ੌਜਾਂ ਅਜੇ ਤੱਕ ਸੁੱਤੀਆਂ ਪਈਆਂਸਲਮਾਨ ਤਾਸੀਰ ਦਾ ਕਤਲ ਹੋ ਗਿਆ।’ ਸਲਮਾਨ ਤਾਸੀਰ ਲਹਿੰਦੇ ਪੰਜਾਬ ਦਾ ਗਰਵਨਰ ਸੀ ਅਤੇ ਕੱਟੜਪੰਥੀਆਂ ਦੇ ਅਸਰ ਹੇਠ ਆਏ ਉਹਦੇ ਆਪਣੇ ਹੀ ਅੰਗ-ਰੱਖਿਅਕ ਨੇ ਉਹਦੇ ਜਿਸਮ ਅੰਦਰ 27 ਗੋਲੀਆਂ ਉਤਾਰ ਦਿੱਤੀਆਂ ਸਨਉਹਨੇ ਗ਼ਰੀਬਣੀ ਈਸਾਈ ਔਰਤ ਆਸੀਆ ਬੀਬੀ ਨਾਲ ਹੋ ਰਹੀ ਵਧੀਕੀ ਖ਼ਿਲਾਫ਼ ਆਵਾਜ਼ ਉਠਾਈ ਸੀ ਅਤੇ ਉਹਦੀ ਫਾਂਸੀ ਤੁੜਵਾਉਣ ਲਈ ਤਰੱਦਦ ਕਰ ਰਿਹਾ ਸੀਅਮੋਲਕ ਨੇ ਗੱਲਬਾਤ ਦੌਰਾਨ ਪਾਕਿਸਤਾਨ ਦੀ ਸਿਆਸਤ, ਫੌਜ, ਮੁਲਾਣਿਆਂ ਦੀ ਚੜ੍ਹਤ, ਘੱਟ-ਗਿਣਤੀਆਂ ਦੇ ਹਾਲਾਤ ਬਾਰੇ ਕਿੰਨਾ ਕੁਝ ਕਿਹਾ ਤੇ ਸੁਣਿਆ ਵੀਅਖ਼ੀਰ ਵਿੱਚ ਕਹਿੰਦਾ: ਬੱਸ, 8 ਸੌ ਸ਼ਬਦਾਂ ਵਿੱਚ ਇਹ ਸਾਰਾ ਕੁਝ ਲਿਖ ਕੇ ਭੇਜ ਦੇ।’ ... ਹੁਣ ਨੀਂਦ ਉਡੰਤਰ ਹੋ ਚੁੱਕੀ ਸੀ ਅਤੇ ਮੈਂ ਨੈੱਟ ’ਤੇ ਤਾਸੀਰ ਬਾਰੇ ਵੇਰਵੇ ਫਰੋਲ ਰਿਹਾ ਸਾਂ

ਹਰ ਵਾਰ ਉਹਦਾ ਆਖ਼ਰੀ ਫਿਕਰ ‘ਪੰਜਾਬ ਟਾਈਮਜ਼’ ਦਾ ਮੈਟਰ ਹੁੰਦਾ ਸੀ

ਤੇ ਉਹਦੇ ਬੋਲ ਸੁਣਦਿਆਂ ਦਿਲ ਦੇ ਦਰਵਾਜ਼ੇ ’ਤੇ ਇਕਦਮ ‘ਪੰਜਾਬੀ ਟ੍ਰਿਬਿਊਨ’ ਦੇ ਡਿਪਟੀ ਐਡੀਟਰ ਦਲਬੀਰ ਸਿੰਘ ਨੇ ਦਸਤਕ ਦੇ ਦਿੱਤੀ:

ਸਾਲ 2007 ਦਾ ਮਈ ਮਹੀਨਾ ਅਜੇ ਚੜ੍ਹਿਆ ਹੀ ਸੀ ਮੈਂਨੂੰ ਉਚੇਚਾ ਆਪਣੇ ਕੈਬਿਨ ਵਿੱਚ ਬੁਲਾਇਆ ਅਤੇ ਮੇਰੇ ਕੁਰਸੀ ਉੱਤੇ ਬੈਠਦੇ ਸਾਰ ਕਹਿਣ ਲੱਗੇ: “ਸੁਖਦੇਵ ਬਾਰੇ ਕਿੰਨਾ ਕੁ ਪੜ੍ਹਿਐ?”

ਸੁਖਦੇਵ ਤਾਂ ਮੇਰੇ ਪਸੰਦੀਦਾ ਇਨਕਲਾਬ-ਪਸੰਦਾਂ ਵਿੱਚੋਂ ਸੀ, ਉਹਦੀ ਜਥੇਬੰਦਕ ਸਮਰੱਥਾ ਕਾਇਲ ਕਰਨ ਵਾਲੀ ਸੀਬੱਸ ਗੱਲਾਂ ਸ਼ੁਰੂ ਹੋ ਗਈਆਂਪਤਾ ਹੀ ਨਾ ਲੱਗਿਆ, ਅੱਧਾ ਘੰਟਾ ਲੰਘ ਵੀ ਗਿਆ ਹੈ, ਤੇ ਫਿਰ ਡੈਸਕ ਤੋਂ ਫੋਨ ਵੀ ਆ ਗਿਆ: ‘ਭਾਈ ਬੰਦਾ ਭੇਜੋ ਸਾਡਾ, ਅਸੀਂ ਅਖ਼ਬਾਰ ਵੀ ਕੱਢਣੀ ਐ ਅੱਜ।’

ਦਲਬੀਰ ਸਿੰਘ ਦੇ ਸ਼ਬਦ ਵੀ ਅਮੋਲਕ ਦੇ ਮਗਰਲੇ ਸ਼ਬਦਾਂ ਵਰਗੇ ਹੀ ਸਨ: ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਨਾ ਸੁਖਦੇਵ ਬਾਰੇ, ਬੱਸ ਚਹੁੰ ਦਿਨਾਂ ਵਿੱਚ ਲਿਖ ਕੇ ਦੇ ਦੇ

ਉਹ ਵਰ੍ਹਾ ਸੁਖਦੇਵ ਦਾ ਜਨਮ ਸ਼ਤਾਬਦੀ ਵਰ੍ਹਾ ਸੀ (ਤੇ ਭਗਤ ਸਿੰਘ ਦਾ ਵੀ)ਦਲਬੀਰ ਸਿੰਘ ਦਾ ਆਖਣਾ ਸੀ, ਭਗਤ ਸਿੰਘ ਬਾਰੇ ਤਾਂ ਬਥੇਰਿਆਂ ਨੇ ਲਿਖ ਕੇ ਭੇਜ ਦੇਣਾ, ਆਪਾਂ ਸੁਖਦੇਵ ਬਾਰੇ ਵੀ ਛਾਪਾਂਗੇ…. ਤੇ ਸੁਖਦੇਵ ਦੇ ਜਨਮ ਦਿਨ (15 ਮਈ) ਮੌਕੇ ਮੇਰਾ ਲੇਖ ‘ਚਮੇਲੀ ਦਾ ਫੁੱਲ: ਸੁਖਦੇਵ’ ਮੈਗਜ਼ੀਨ ਦਾ ਮੁੱਖ ਲੇਖ ਬਣ ਗਿਆ ਸੀ

... ਤੇ ਸਲਮਾਨ ਤਾਸੀਰ ਵਾਲੀ ਲਿਖਤ ਅਮੋਲਕ ਦੀਆਂ ਸੂਖ਼ਮ ਛੋਹਾਂ, ਕੁਝ ਕੁ ਵਾਕਾਂ ਦੇ ਵਾਧੇ ਅਤੇ ਕੁਝ ਕੁ ਵਾਕਾਂ ਤੇ ਸ਼ਬਦਾਂ ਦੇ ਅੱਗੇ-ਪਿੱਛੇ ਹੋਣ ਤੋਂ ਬਾਅਦ ‘ਪੰਜਾਬ ਟਾਈਮਜ਼’ ਦੀ ਸੰਪਾਦਕੀ ਬਣ ਗਈ ਸੀ

ਅਮੋਲਕ ਨੂੰ ਖ਼ਬਰ ਸੀ ਕਿ ਕਿਹੜਾ ਕੰਮ ਕਿਸ ਤੋਂ ਕਰਵਾਉਣਾ ਹੈ! ਇਹੀ ਪਹੁੰਚ ਉਹਦੀ ਪੱਤਰਕਾਰੀ ਦੀ ਤਾਕਤ ਸੀਉਹਨੇ ਅਮਰੀਕਾ, ਕੈਨੇਡਾ, ਹਿੰਦੋਸਤਾਨ ਤੇ ਹੋਰ ਥਾਂਈਂ ਵਸਦੇ ਅਣਗਿਣਤ ਲਿਖਾਰੀਆਂ ਅਤੇ ਪੰਜਾਬੀ ਪਿਆਰਿਆਂ ਨੂੰ ਇਉਂ ਆਪਣੇ ਨਾਲ ਜੋੜਿਆ ਹੋਇਆ ਸੀਇਉਂ ਉਹ ਹਰ ਹਫ਼ਤੇ ‘ਪੰਜਾਬ ਟਾੲਮੀਜ਼’ ਦੀ ਛਾਂਟਵੀਂ, ਵੱਖਰੀ ਪੜ੍ਹਨ-ਸਮੱਗਰੀ ਨਾਲ ਆਪਣੀ ਬਿਮਾਰੀ ਨੂੰ ਵੰਗਾਰਦਾਇਸੇ ਕਰਕੇ ਉਹਦੇ ਪਰਚੇ ਬਾਰੇ ਅਕਸਰ ਇਹ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਕਿ ਪਰਚਾ ਕਈ ਮਾਮਲਿਆਂ ਵਿੱਚ ਪੰਜਾਬ ਦੀਆਂ ਸਰਕਰਦਾ, ਮੁੱਖ ਧਾਰਾ ਵਾਲੀਆਂ ਅਖ਼ਬਾਰਾਂ ਤੋਂ ਵੀ ਦੋ ਰੱਤੀਆਂ ਉਤਾਂਹ ਜਾਂਦਾ ਹੈ

ਇਹੀ ਉਹ ਕਮਾਈ ਸੀ ਜਿਹਦੇ ਕਰਕੇ ਅਮੋਲਕ ਪੰਜਾਬੀ ਪੱਤਰਕਾਰੀ ਦਾ ਅਮੋਲਕ ਹੀਰਾ ਸੀ

ਇਸੇ ਕਰਕੇ ਪ੍ਰੋਫੈਸਰ ਜੋਗਿੰਦਰ ਸਿੰਘ ਰਮਦੇਵ ਵਰਗਾ ਬੰਦਾ ਜਿਸ ਨੇ ਭਲੇ ਵੇਲਿਆਂ ਵਿੱਚ ਫਰਾਂਸੀਸੀ ਲਿਖਾਰੀ ਗੁਸਤਾਵ ਫਲਾਵੇਅਰ ਦਾ ਨਾਵਲ ‘ਮਦਾਮ ਬੋਵਾਰੀ’ ਦਾ ਤਰਜਮਾ ਕੀਤਾ ਸੀ ਤੇ ਲਾਇਬਰੇਰੀ ਸਾਇੰਸ ਦੇ ਖੇਤਰ ਦੀ ਇੱਕ ਹਸਤੀ ਸੀ, ਅਮੋਲਕ ਨੂੰ ਆਪਣਾ ਰੋਲ ਮਾਡਲ ਮੰਨਦਾ ਸੀਅਤਿਅੰਤ ਔਕੜਾਂ ਦੇ ਬਾਵਜੂਦ ਉਹ ਮੈਦਾਨ ਵਿੱਚ ਡਟਿਆ ਖੜ੍ਹਾ ਸੀਅਮੋਲਕ ਦੇ ਜਨਮ ਦਿਨ ਉੱਤੇ ਉਹ ਹਰ ਸਾਲ ਆਪਣੇ ਮਿੱਤਰ-ਪਿਆਰਿਆਂ ਨੂੰ ਨਾਲ ਲੈ ਕੇ ਅਮੋਲਕ ਦੇ ਘਰੇ ਆਣ ਵੜਦਾਖੂਬ ਮਹਿਫਲ ਮਘਦੀਵਿਚਾਰਾਂ ਹੁੰਦੀਆਂਮੰਜੇ ਉੱਤੇ ਪਏ ਅਮੋਲਕ ਲਈ ਇਸ ਤੋਂ ਵੱਡੀ ਸ਼ਾਬਾਸ਼ ਹੋਰ ਕੀ ਹੋ ਸਕਦੀ ਸੀ!

ਅਮੋਲਕ ਨੂੰ ਮਿਲਣ ਵਾਲੇ ਲੋਕ ਉਹਦੇ ਹਠ ਬਾਰੇ ਵਾਰ-ਵਾਰ ਬਾਤਾਂ ਪਾਉਂਦੇ ਹਨਇਹ ਹਠ ਸਹਿਜ ਦੇ ਸੇਕ ਨਾਲ ਬਣਿਆ ਸੀ ਜਿਸ ਦੀ ਉਮਦਾ ਮਿਸਾਲ ਉਹਦਾ ਲੇਖ ‘ਕਮਲਿਆਂ ਦਾ ਟੱਬਰ’ ਹੈਸੱਚਮੁੱਚ ਦੰਗ ਕਰਨ ਵਾਲੀ ਲਿਖਤ ਹੈਪੰਜਾਬੀ ਦਾ ਮਿਸਾਲੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜਿਵੇਂ ਕਹਾਣੀ ਦੇ ਅੰਤ ’ਤੇ ਕੁਝ ਕੁ ਸਤਰਾਂ ਜਾਂ ਆਖਰੀ ਪੈਰੇ ਵਿੱਚ ਸੂਖਮ ਛੋਹਾਂ ਨਾਲ ਕਹਾਣੀ ਦੇ ਅਸਰ ਨੂੰ ਦੂਣ-ਸਵਾਇਆ ਕਰਦਾ ਹੈ, ਇਹ ਲੇਖ ਇਸੇ ਰੰਗ ਵਾਲਾ ਹੈਇਹ ਲੇਖ ਇੱਕ ਵਾਰ ਪੜ੍ਹ ਕੇ ਫਿਰ ਭੁੱਲਣਾ ਨਾ-ਮੁਮਕਿਨ ਹੈਲੇਖ ਮੁੱਕਦਾ ਹੈ ਤਾਂ ਅੰਦਰੋਂ ਕਿਤੋਂ ਚੀਸ ਉੱਠਦੀ ਹੈ

ਅਮੋਲਕ ਦੇ ਸਦਾ ਲਈ ਤੁਰ ਜਾਣ ਮੌਕੇ ਵੀ ਚੀਸ ਉੱਠੀ ਸੀ ਪਰ ਸਭ ਦੀ ਤਸੱਲੀ ਸੀ ਕਿ ਉਹ ਔਖੇ ਦਿਨਾਂ ਦੌਰਾਨ ਵੀ ਜੂਝਦਾ ਰਿਹਾ ਅਤੇ ਅਖ਼ੀਰ ਤੱਕ ਆਪਣੇ ਲਾਏ ਬੂਟੇ (ਪੰਜਾਬ ਟਾਈਮਜ਼) ਨੂੰ ਸਿੰਜਦਾ ਰਿਹਾਇਸ ਤੋਂ ਵੀ ਵੱਡੀ ਤਸੱਲੀ ਇਹ ਹੈ ਕਿ ਉਹਦੀ ਸਾਥਣ ਜਸਪ੍ਰੀਤ ਕੌਰ ਨੇ ਪਰਚੇ ਦੀ ਕਮਾਨ ਹੁਣ ਬਾਖੂਬੀ ਸੰਭਾਲ ਲਈ ਹੈਅਮੋਲਕ ਜਿਵੇਂ ‘ਪੰਜਾਬ ਟਾਈਮਜ਼’ ਲਈ ਮੈਟਰ ਤਿਆਰ ਕਰਦਿਆਂ ਜੂਝਦਾ ਸੀ, ਜਸਪ੍ਰੀਤ ਕੌਰ ਉੰਨੀ ਹੀ ਸ਼ਿੱਦਤ ਨਾਲ ‘ਪੰਜਾਬ ਟਾਈਮਜ਼’ ਦੇ ਪ੍ਰਬੰਧਾਂ ਲਈ ਜੂਝਦੀ ਸੀਉਂਜ ਵੀ, ‘ਪੰਜਾਬ ਟਾਈਮਜ਼’ ਦੇ ਮੌਲਣ-ਫੈਲਣ ਲਈ ਅਮੋਲਕ ਸਿੰਘ ਨੇ ਬਥੇਰੀ ਜ਼ਮੀਨ ਤਿਆਰ ਕੀਤੀ ਹੋਈ ਹੈ

****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2974)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਸਵੀਰ ਸਮਰ

ਜਸਵੀਰ ਸਮਰ

Phone: (91 - 98722 - 69310)
Email: (samar345@gmail.com)