JBSekhon7ਅਜਿਹੀਆਂ ਅਨੇਕਾਂ ਗਲਪੀ ਵਿਸ਼ੇਸ਼ਤਾਵਾਂ ਕਰਕੇ ਇਹ ਨਾਵਲ ਭਾਰਤੀ ਦਲਿਤ ਨਾਵਲ ਦਾ ...
(27 ਮਈ 2021)

 

MittiBolPaiBookA1ਸਦੀਆਂ ਤੋਂ ਗਿਆਨ, ਸੱਤਾ ਅਤੇ ਪੈਦਾਵਾਰੀ ਸਾਧਨਾਂ ’ਤੇ ਕਾਬਜ਼ ਰਹੀਆਂ ਧਿਰਾਂ ਨੇ ਆਪਣੇ ਸਨਾਤਨੀ ਗ੍ਰੰਥਾਂ ਅਤੇ ਸੰਸਕ੍ਰਿਤਕ ਪ੍ਰਵਚਨਾਂ ਦੁਆਰਾ ਸਮਾਜਿਕ ਵਿਵਸਥਾ ਨੂੰ ਵਰਣ ਕੇਂਦਰਿਤ ਬਣਾ ਕੇ ਸਮਾਜ ਦੇ ਸਰਵਹਾਰਾ ਵਰਗ ਲਈ ਅਨੇਕਾਂ ਕਠੋਰ ਤੇ ਗੈਰ ਮਾਨਵੀ ਨਿਯਮ ਲਾਗੂ ਕਰੀ ਰੱਖੇਧਰਮ, ਸੱਤਾ ਅਤੇ ਸਾਹਿਤ ’ਤੇ ਭਾਰੂ ਧਿਰਾਂ ਨੇ ਇਸ ਪ੍ਰਬੰਧ ਨੂੰ ਰੱਦਣ ਦੀ ਥਾਂ ਇਸ ਨੂੰ ਪ੍ਰੋਤਸਾਹਿਤ ਕੀਤਾਇਸ ਵਿਵਸਥਾ ਦੀ ਸਲਾਮਤੀ ਲਈ ਸਮਾਜ ਦੀਆਂ ਰੌਂਦੀਆਂ ਤੇ ਦਲੀਆਂ ਧਿਰਾਂ ਨੂੰ ਸੱਤਾ ਨੇ ਸਮੇਂ ਸਮੇਂ ’ਤੇ ਪੁਨਰ ਜਨਮ, ਧਰਮ, ਸ਼ਰਧਾ, ਸਬਰ, ਸੇਵਾ, ਸੰਤੋਖ, ਨੈਤਿਕਤਾ, ਮਰਿਆਦਾ ਅਤੇ ਦੇਸ਼ ਪ੍ਰੇਮ ਦੇ ਸੰਕਲਪ ਦਿੱਤੇ ਜਿਨ੍ਹਾਂ ਦਾ ਸਿੱਧਾ ਅਸਿੱਧਾ ਮਨੋਰਥ ‘ਤਾੜਨ ਕੇ ਅਧਿਕਾਰ’ ਵਾਲੀ ਇਸ ਧਿਰ ਨੂੰ ਸਨਾਤਨੀ ਮੁੱਲ ਪ੍ਰਬੰਧ ਤੇ ਸੁਹਜਮਈ ਪ੍ਰਤਿਮਾਨਾਂ ਨਾਲ ਯਥਾਸਥਿਤ (ਜਿਉਂ ਦਾ ਤਿਉਂ) ਰੱਖਣਾ ਸੀਇਹ ਸਾਜ਼ਿਸ਼ ਇੰਨੀ ਸ਼ਾਤਿਰ ਸੀ ਕਿ ਬ੍ਰਾਹਮਣਿਕ ਪ੍ਰਬੰਧ ਵਿਰੁੱਧ ਬੁੱਧ ਧਰਮ, ਚਾਰਵਾਕ ਅਤੇ ਮੱਧਕਾਲੀ ਭਗਤੀ ਲਹਿਰ ਦੇ ਉੱਠੇ ਆਕ੍ਰੋਸ਼ ਨੂੰ ਵੀ ਸੱਤਾਵਾਨ ਧਿਰਾਂ ਆਪਣੀ ਸਾਲਮ-ਸਲਾਮਤੀ ਦੀ ਢਾਲ ਲਈ ਵਰਤਦੀਆਂ ਰਹੀਆਂਬੇਸ਼ਕ ਅੱਜ ਦੀਆਂ ਦੱਖਣਪੰਥੀ ਧਿਰਾਂ ਅਤੇ ਕਾਰਪੋਰੇਟ ਸੱਤਾ ਦੇ ਗਠਜੋੜ ਵਾਲੇ ਦੌਰ ਤਕ ਇਹ ਸਿਲਸਿਲਾ ਬਦਲਵੇਂ ਰੂਪ ਵਿੱਚ ਚੱਲ ਰਿਹਾ ਹੈ ਪਰ ਆਧੁਨਿਕ ਦੌਰ ਦੇ ਬੁੱਧ-ਵਿਵੇਕ ਵਾਲੇ ਤੇ ਲੋਕਤੰਤਰਿਕ ਮੁੱਲ ਪ੍ਰਬੰਧ ਵਿੱਚ ਦਲਿਤ ਧਿਰਾਂ ਦੀ ਮੁਕਤੀ ਦੇ ਸਵਾਲ ਅਨੇਕਾਂ ਕੋਣਾਂ ਤੋਂ ਪਰਿਭਾਸ਼ਿਤ ਹੋ ਰਹੇ ਹਨਸਾਹਿਤ ਇਸ ਵਰਤਾਰੇ ਨੂੰ ਵੱਖਰੀ ਕੱਥ ਤੇ ਵੱਥ ਵਿੱਚ ਨਜਿੱਠ ਰਿਹਾ ਹੈਇਸੇ ਕਰਕੇ ਪੱਛਮ ਵਿੱਚ ਬਲੈਕ ਲਿਟਰੇਚਰ ਦੀ ਸੁਤੰਤਰ ਹੋਂਦ ਵਾਂਗ ਦਲਿਤ ਸਾਹਿਤ ਵੀ ਆਪਣੇ ਮੌਲਿਕ ਅਸਤਿਤਵ ਲਈ ਸੰਘਰਸ਼ਸ਼ੀਲ ਹੈਇਹ ਸੰਘਰਸ਼ ਦੋ ਧਾਰੀ ਹੈ, ਇੱਕ ਪਾਸੇ ਜੜ੍ਹ ਸੰਸਕ੍ਰਿਤੀ ਵਿੱਚ ਬੁੱਤ ਬਣਾ ਕੇ ਮਧੋਲ ਦਿੱਤੀ ਗਈ ਦਲਿਤ ਪਛਾਣ ਤੇ ਮੁਕਤੀ ਲਈ, ਦੂਜੇ ਪਾਸੇ ਇਸ ਹੋਂਦ ਨੂੰ ਪ੍ਰਗਟਾਉਣ ਲਈ ਸਾਹਿਤ ਸ਼ਸਤਰ ਦੇ ਮੌਲਿਕ ਪ੍ਰਤਿਮਾਨਾਂ ਦੀ ਸਥਾਪਤੀ ਲਈ ਹੈ

ਇਸਦੇ ਲਈ ਆਧੁਨਿਕ ਦਲਿਤ ਚਿੰਤਨ ਜਿਨ੍ਹਾਂ ਵਿਚਾਰ ਪੱਧਤੀਆਂ ਤੋਂ ਸੇਧ ਹਾਸਿਲ ਕਰ ਰਿਹਾ ਹੈ ਉਨ੍ਹਾਂ ਵਿੱਚ ਬੁੱਧ ਦਰਸ਼ਨ, ਅੰਬੇਦਕਰਵਾਦ, ਮਾਰਕਸਵਾਦੀ ਦ੍ਰਿਸ਼ਟੀ, ਨਾਰੀਵਾਦੀ ਚੇਤਨਾ ਸਮੇਤ ਭਾਰਤ ਦੇ ਵਿਭਿੰਨ ਭੂ-ਖੰਡਾਂ ਵਿੱਚ ਵੱਖੋ ਵੱਖਰੇ ਸੰਦਰਭਾਂ ਵਿੱਚ ਉੱਠੀਆਂ ਦਲਿਤ ਲਹਿਰਾਂ ਵਿਸ਼ੇਸ਼ ਹਨਭਾਰਤ ਵਿੱਚ 1960 ਤੋਂ ਬਾਅਦ ਮਰਾਠੀ ਸਾਹਿਤ ਅੰਦਰ ਦਲਿਤ ਚੇਤਨਾ ਦੇ ਮੁੱਢਲੇ ਨਕਸ਼ ਪ੍ਰਗਟ ਹੋਏ ਜਿੱਥੋਂ ਪੈਦਾ ਹੋਈ ਦਲਿਤ ਲਹਿਰ ਹਿੰਦੀ ਸਾਹਿਤ ਦੇ ਦਲਿਤ ਚਿੰਤਨ ਦਾ ਮੁੱਢਲਾ ਸਰੋਤ ਬਣੀਹਿੰਦੀ ਸਮੇਤ ਹੋਰ ਖੇਤਰੀ ਭਾਸ਼ਾਵਾਂ ਵਿੱਚ ਸਵੈਜੀਵਨੀ, ਨਾਵਲ, ਕਵਿਤਾ ਅਤੇ ਕਹਾਣੀ ਵਰਗੇ ਰੂਪਾਕਾਰਾਂ ਵਿੱਚ ਦਲਿਤ ਸੰਵੇਦਨਾ ਦੇ ਅਨੇਕਾਂ ਪਾਸਾਰ ਪੇਸ਼ ਹੋਏ

ਪੰਜਾਬੀ ਨਾਵਲ ਵਿੱਚ ਦਲਿਤ ਯਥਾਰਥ ਦੀ ਬਾਹਰਮੁਖੀ ਅਤੇ ਜੀਵੰਤ ਪੇਸ਼ਕਾਰੀ ਉਂਗਲਾਂ ’ਤੇ ਗਿਣਨਯੋਗ ਨਾਵਲੀ ਕ੍ਰਿਤਾਂ ਵਿੱਚ ਹੀ ਹਾਜ਼ਰ ਹੈਇਸਦੇ ਦੋ ਵੱਡੇ ਕਾਰਨ ਹਨ। ਇੱਕ, ਜਿਨ੍ਹਾਂ ਰਾਜਸੀ-ਸਮਾਜਿਕ ਤਹਿਰੀਕਾਂ ਦੇ ਵੇਗ ਵਿੱਚ ਪੰਜਾਬੀ ਨਾਵਲ ਵਿਗਸਿਆ ਅਤੇ ਮੌਲਿਆ ਹੈ ਉਨ੍ਹਾਂ ਦੇ ਪ੍ਰਭਾਵ ਤਹਿਤ ਦਲਿਤ ਬੰਦੇ ਦੀ ਮੁਕਤੀ ਦਾ ਸਵਾਲ ਹਮੇਸ਼ਾ ਉਦਾਸੀਨ ਰਿਹਾਦੂਜਾ, ਜੇਕਰ ਮੌਲਿਕ ਦਲਿਤ ਅਨੁਭਵ ਨੂੰ ਦਲਿਤ ਲੇਖਣੀ ਦੀ ਲਾਜ਼ਮੀ ਸ਼ਰਤ ਮੰਨੀਏ ਤਾਂ ਵੀ ਦਲਿਤ ਜੀਵਨ ਯਥਾਰਥ ਦੀ ਪੇਸ਼ਕਾਰੀ ਪ੍ਰਤੀ ਦਲਿਤ ਲੇਖਕਾਂ ਅੰਦਰ ਹੀ ਲੰਮਾ ਸਮਾਂ ਹੀਣ ਬੋਧ ਭਾਵਨਾ ਅਤੇ ਸੰਕੋਚਵਾਂ ਨਜ਼ਰੀਆ ਭਾਰੂ ਰਿਹਾ, ਜਿਸ ਕਰਕੇ ਸੁਤੰਤਰ ਅਤੇ ਉੱਭਰਵੇਂ ਰੂਪ ਵਿੱਚ ਦਲਿਤ ਜੀਵਨ ਨਾਵਲ ਦੀ ਕੇਂਦਰੀ ਵਸਤੂ ਨਹੀਂ ਬਣ ਸਕਿਆਇਸਦੇ ਬਾਵਜੂਦ ਨਾਨਕ ਸਿੰਘ ਦੇ ‘ਚਿੱਟਾ ਲਹੂ’ ਵਿੱਚ ਦਲਿਤ ਜੀਵਨ ਦੇ ਚਲੰਤ ਵਸਤੂ ਵੇਰਵਿਆਂ ਤੋਂ ਲੈ ਕੇ ਦੇਸ ਰਾਜ ਕਾਲੀ ਦੇ ਨਾਵਲ ‘ਸ਼ਾਂਤੀ ਪਰਵ’ ਵਿੱਚਲੇ ਦਾਰਸ਼ਨਿਕ ਹਵਾਲਿਆਂ ਤਕ ਪੰਜਾਬੀ ਨਾਵਲ ਦਲਿਤ ਵਿਮਰਸ਼ ਦੀ ਆਪਣੀ ਸੁਰ ਤਾਲ ਰੱਖਦਾ ਹੈਇਸ ਨਾਵਲੀ ਵਿਰਾਸਤ ਵਿੱਚ ਗੁਰਦਿਆਲ ਸਿੰਘ ਦਾ ‘ਅੰਨ੍ਹੇ ਘੋੜੇ ਦਾ ਦਾਨ’ ਅਤੇ ਗੁਰਚਰਨ ਰਾਓ ਦਾ ‘ਮਸ਼ਾਲਚੀ’ ਹੀ ਅਜਿਹੇ ਨਾਵਲ ਹਨ ਜੋ ਕਿ ਜਬਰ ਅਤੇ ਸਬਰ ਨਾਲ ਮੌਨ ਕੀਤੀਆਂ ਗਈਆਂ ਦਲਿਤ ਧਿਰਾਂ ਨੂੰ ਬਿਰਤਾਂਤ ਦੇ ਸੁਹਜ ਨਾਲ ਪੇਸ਼ ਕਰਦੇ ਹਨਬੇਸ਼ਕ ਇਨ੍ਹਾਂ ਨਾਵਲਾਂ ਦੀਆਂ ਵੀ ਆਪਣੀਆਂ ਸੀਮਾਵਾਂ ਹਨ ਜਿਨ੍ਹਾਂ ਵਿੱਚ ਪੰਜਾਬ ਦੀ ਦਲਿਤ ਸੰਸਕ੍ਰਿਤੀ ਦਾ ਮੌਲਿਕ ਬਿੰਬ ਨਦਾਰਦ ਹੈਬਾਕੀ ਨਾਵਲ ਵੀ ਜਾਂ ਤਾਂ ਦਲਿਤ ਜ਼ਿੰਦਗੀ ਨੂੰ ਬਿਰਤਾਂਤ ਦੀ ਸਤ੍ਹਾ ’ਤੇ ਤਰਦੀ ਤਰਦੀ ਪੇਸ਼ ਕਰਦੇ ਹੋਏ ਉਗਰ ਬੋਲਾਂ ਨੂੰ ਨਾਵਲੀ ਪ੍ਰਵਚਨ ’ਤੇ ਭਾਰੂ ਰੱਖਦੇ ਹਨ ਜਾਂ ਦਲਿਤ ਮੁੱਦਿਆਂ ਨੂੰ ਦਰਸ਼ਨ ਦੇ ਹਵਾਲੇ ਨਾਲ ਸੰਬੋਧਤ ਹੁੰਦੇ ਹੋਏ ਨਾਵਲ ਦੀ ਵਿਧਾ ਤੋਂ ਗੈਰ ਹਾਜ਼ਰ ਹੋ ਜਾਂਦੇ ਹਨਫਿਰ ਵੀ ਇਹ ਨਾਵਲੀ ਕ੍ਰਿਤਾਂ ਦਲਿਤ ਜ਼ਿੰਦਗੀ ਦੇ ਕਰੂਰ ਯਥਾਰਥ ਦਾ ਪ੍ਰਗਟਾਵਾ ਕਰਦੀਆਂ ਬ੍ਰਾਹਮਣਿਕ ਸੱਤਾ ਤੇ ਪੂੰਜੀਵਾਦ ਦੀਆਂ ਵਿਸੰਗਤੀਆਂ ਵਿੱਚ ਮੌਨ ਹੋਈਆਂ ਦਲਿਤ ਧਿਰਾਂ ਦੇ ਹਾਸ਼ੀਅਤ ਬੋਧ ਨੂੰ ਪ੍ਰਗਟਾਉਣ ਦਾ ਮੁੱਢਲਾ ਉੱਦਮ ਕਰਦੀਆਂ ਹਨ

ਉਕਤ ਚਰਚਾ ਦੇ ਪ੍ਰਸੰਗ ਵਿੱਚ ਸਮਕਾਲੀ ਨਾਵਲ ਪਰੰਪਰਾ ਅੰਦਰ ਬਲਬੀਰ ਮਾਧੋਪੁਰੀ ਦਾ ਨਾਵਲ ‘ਮਿੱਟੀ ਬੋਲ ਪਈ’ ਅਹਿਮ ਵਾਧਾ ਹੈ ਜਿਸਦੀਆਂ ਕੁਝ ਉੱਭਰੀਆਂ ਵਿਸ਼ੇਸ਼ਤਾਵਾਂ ਨੇ ਪੰਜਾਬੀ ਦਲਿਤ ਨਾਵਲ ਦੀ ਮੁਦਰਾ ਤਬਦੀਲ ਕੀਤੀ ਹੈਇਹ ਨਾਵਲ ਪੰਜਾਬ ਵਿੱਚ ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਉੱਠੀ ਆਦਿ ਧਰਮ ਲਹਿਰ ਦੇ ਵਿਚਾਰਧਾਰਕ ਪ੍ਰਵਚਨ ਨੂੰ ਦਲਿਤ ਸੰਸਕ੍ਰਿਤੀ ਦੇ ਚੇਤਨ ਅਵਚੇਤਨ ਪ੍ਰਸੰਗਾਂ ਵਿੱਚ ਰੂਪਮਾਨ ਕਰਦਾ ਹੈਨਾਵਲ ਵਿੱਚ ਦਲਿਤਾਂ ਦੀ ਇਤਿਹਾਸਕ ਤੇ ਸੰਸਕ੍ਰਿਤਕ ਭੂਮਿਕਾ ਖੋਜ ਕੇਂਦਰਿਤ ਸ਼ੈਲੀ ਵਿੱਚ ਪੇਸ਼ ਕੀਤਾ ਗਿਆ ਹੈਇਸ ਤਹਿਤ ਲੇਖਕ ਨੇ ਦਲਿਤਾਂ ਬਾਰੇ ਪ੍ਰਚਲਿਤ ਉਨ੍ਹਾਂ ਸਥਾਪਿਤ ਖੋਜ ਵਿਧੀਆਂ ਅਤੇ ਸਰੋਤਾਂ ਨੂੰ ਕਾਂਟੇ ਹੇਠ ਰੱਖਿਆ ਗਿਆ ਹੈ ਜਿਨ੍ਹਾਂ ਦੁਆਰਾ ਆਪਣੇ ਅਧਿਕਾਰੀਆਂ ਤੋਂ ਜਾਣਕਾਰੀ ਇਕੱਤਰ ਕਰਵਾ ਕੇ ਬਸਤੀਵਾਦੀ ਹਾਕਮ ਆਪਣੇ ਰਾਜਸੀ ਉਦੇਸ਼ ਪੂਰਦੇ ਸਨਇਸਦੀ ਥਾਂ ਨਾਵਲੀ ਪ੍ਰਵਚਨ ਵਿੱਚ ਦਲਿਤਾਂ ਦੇ ਸਥਾਨਕ ਬਿਰਤਾਂਤ, ਮੌਖਿਕ ਰੂੜ੍ਹੀਆਂ, ਨਸਲੀ ਮਨੋ ਵਿਗਿਆਨ ਅਤੇ ਭਾਸ਼ਾ ਦੇ ਮੌਲਿਕ ਉਚਾਰ ਪੇਸ਼ ਕਰਕੇ ਇਸ ਨਾਵਲ ਨੂੰ ਦਲਿਤ ਚਿੰਤਨ ਦਾ ਪ੍ਰਮਾਣਿਕ ਦਸਤਾਵੇਜ਼ ਬਣਾ ਦਿੱਤਾ ਗਿਆ ਹੈਆਦਿ ਧਰਮ ਮੰਡਲ ਲਹਿਰ ਦੀ ਵਿਚਾਰਧਾਰਕ ਰੌਸ਼ਨੀ ਵਿੱਚ ਸਿਰਜਿਆ ਨਾਵਲੀ ਬਿਰਤਾਂਤ ਇਸ ਲਹਿਰ ਦੁਆਰਾ ਦਲਿਤਾਂ ਨੂੰ ਭਾਰਤ ਦੇ ਮੂਲਵਾਸੀ ਸਿੱਧ ਕਰਨ ਸਮੇਤ ਦਲਿਤ ਮੁਕਤੀ ਲਈ ਸਿਆਸੀ ਅਤੇ ਵਿਚਾਰਧਾਰਕ ਸਪੇਸ ਤਿਆਰ ਕਰਨ ਦਾ ਜ਼ਾਮਨ ਬਣਦਾ ਹੈਇਸਦੇ ਨਾਲ ਦਲਿਤਾਂ ਲਈ ਵੋਟ, ਜ਼ਮੀਨ ਖਰੀਦਣ, ਵਿਦੇਸ਼ ਜਾਣ ਦੀ ਇਜਾਜ਼ਤ, ਵਿੱਦਿਆ ਅਤੇ ਰਾਖਵਾਂਕਰਨ ਦੇ ਹੱਕ/ਅਧਿਕਾਰ ਪ੍ਰਾਪਤ ਹੋਣੇ ਆਦਿ ਧਰਮ ਮੰਡਲ ਲਹਿਰ ਦੇ ਮੋਢੀ ਕੰਮ ਸਨ ਜਿਹੜੇ ਬਾਬੂ ਮੰਗੂ ਰਾਮ ਦੀ ਅਗਵਾਈ ਹੇਠ ਪ੍ਰਾਪਤ ਹੋਏ

ਇਹ ਨਾਵਲ ਬਾਬੂ ਮੰਗੂ ਰਾਮ ਵੱਲੋਂ ਵਿੱਢੇ ਆਦਿ ਧਰਮ ਅੰਦੋਲਨ ਦੇ ਜਨ ਚੇਤਨਾ ’ਤੇ ਪਏ ਪ੍ਰਭਾਵਾਂ ਨੂੰ ਰਜਿਸਟਰ ਕਰਨ ਦੇ ਨਜ਼ਰੀਏ ਤੋਂ ਹੋਰ ਪ੍ਰਸੰਗਿਕ ਰਚਨਾ ਹੈਨਾਵਲ ਵਿੱਚ ਉਕਤ ਲਹਿਰ ਦੀ ਤਵਾਰੀਖ ਜਾਂ ਬਾਬੂ ਮੰਗੂ ਰਾਮ ਨੂੰ ਨਾਇਕ ਬਣਾ ਕੇ ਉਲੀਕਣ ਵਾਲੀ ਜੀਵਨੀਮੂਲਕ ਇਤਿਹਾਸਕਾਰੀ ਨਦਾਰਦ ਹੈਇਹ ਕਾਰਜ ਸਾਹਿਤ ਤੋਂ ਬਾਹਰੇ ਅਨੁਸ਼ਾਸਨਾਂ ਦਾ ਹੈ। ਇਸਦੀ ਥਾਂ ਇਸ ਟੈਕਸਟ ਵਿੱਚ ਆਦਿ ਧਰਮ ਲਹਿਰ ਤੋਂ ਪਹਿਲਾਂ ਅਤੇ ਬਾਅਦ ਦੇ ਪੰਜਾਬੀ ਸਮਾਜ ਵਿੱਚਲੀ ਦਲਿਤ ਦਸ਼ਾ ਨੂੰ ਪਾਤਰਾਂ ਦੀ ਚਿੰਤਨੀ ਵਾਰਤਾਲਾਪ, ਘਟਨਾਵਾਂ ਦੀ ਮਾਰਮਿਕ ਪੇਸ਼ਕਾਰੀ, ਦੋਆਬੇ ਨੇੜਲੇ ਕੰਢੀ ਖੇਤਰ ਦੀ ਆਂਚਲਿਕਤਾ ਨਾਲ ਅਤੇ ਬਿਰਤਾਂਤ ਦ੍ਰਿਸ਼ਟੀ ਦੀ ਸਪਸ਼ਟਤਾ ਦੁਆਰਾ ਪੇਸ਼ ਕਰਕੇ ਲੇਖਕ ਨੇ ਮਹੱਤਵਪੂਰਨ ਪ੍ਰਵਚਨ ਦੀ ਸਿਰਜਣਾ ਕੀਤੀ ਹੈ

ਮੇਰੀ ਨਜ਼ਰ ਵਿੱਚ ਪੰਜਾਬੀ ਦਲਿਤ ਨਾਵਲ ਵਿੱਚ ਅਜਿਹਾ ਵਰਤਾਰਾ ਪਹਿਲੀ ਵਾਰ ਪ੍ਰਗਟ ਹੁੰਦਾ ਹੈ ਜਦੋਂ ਪੰਜਾਬ ਦੀ ਨਾਬਰ ਤਾਸੀਰ ਤੋਂ ਉੱਠੀ ਕਿਸੇ ਦਲਿਤ ਲਹਿਰ ਨੂੰ ਨਾਵਲ ਦੇ ਚਿੱਤਰਪੱਟ ’ਤੇ ਉਲੀਕ ਕੇ ਦਲਿਤ ਪਛਾਣ ਦੇ ਮੁੱਦੇ ਨੂੰ ਸੰਬੋਧਿਤ ਹੋਇਆ ਹੋਵੇਇਸ ਤੋਂ ਪਹਿਲਾਂ ਪੰਜਾਬੀ ਦਲਿਤ ਗਲਪ ਜ਼ਿਆਦਾਤਰ ਮਾਰਕਸਵਾਦ, ਅੰਬੇਦਕਰਵਾਦ ਜਾਂ ਦੋਵੇਂ ਵਿਚਾਰ ਪੱਧਤੀਆਂ ਦੀ ਸੰਯੁਕਤੀ ਨਾਲ ਆਪਣੀ ਬਿਰਤਾਂਤ ਦ੍ਰਿਸ਼ਟੀ ਦਾ ਨਿਰਮਾਣ ਕਰਦਾ ਰਿਹਾ ਹੈਇਹ ਸੀਮਾ ਭਾਰਤੀ ਦਲਿਤ ਨਾਵਲ ਵਿੱਚ ਵੀ ਪ੍ਰਧਾਨ ਹੈਹਿੰਦੀ ਦੇ ਦਲਿਤ ਨਾਵਲਾਂ ਵਿੱਚ ਦਲਿਤ ਸੰਸਕ੍ਰਿਤੀ ਅਤੇ ‘ਸਵਰਨ’ ਵਰਗ ਦੇ ਅੰਤਰ ਵਿਰੋਧਾਂ ਨੂੰ ਜਾਤੀਗਤ ਵਿਤਕਰੇ ਦੇ ਤਰਦੇ ਤਰਦੇ ਤੇ ਸਪਾਟ ਵਸਤੂ ਵੇਰਵਿਆਂ ਵਿੱਚ ਰੇਖਾਂਕਿਤ ਕਰਨ ਦੀ ਨਾਵਲੀ ਰੂੜ੍ਹੀ ਅੜ ਕੇ ਖੜ੍ਹੀ ਹੈਦਲਿਤ ਪਛਾਣ ਅਤੇ ਦਲਿਤ ਮੁਕਤੀ ਦਾ ਸੁਤੰਤਰ ਪਰਿਪੇਖ ਇਨ੍ਹਾਂ ਨਾਵਲੀ ਕ੍ਰਿਤਾਂ ਦੀ ਵਸਤੂ ਨਹੀਂ ਬਣਿਆਇਸ ਤੋਂ ਇਲਾਵਾ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਦਰਸ਼ਨ ਨੂੰ ਨਾਵਲ ਦੇ ਬਿਰਤਾਂਤਕ ਧਰਾਤਲ ’ਤੇ ਫੈਲਾ ਕੇ ਦਲਿਤ ਸੰਸਕ੍ਰਿਤੀ ਦੀ ਜੀਵੰਤ ਤਾਸੀਰ ਪਿਛਾਂਹ ਧੱਕੀ ਵੀ ਜਾਂਦੀ ਰਹੀ ਹੈਇਹ ਵਰਤਾਰਾ ਅੰਬੇਦਕਰ ਦਰਸ਼ਨ ਦੀ ਫੋਰਸ ਵਿੱਚ ਰਚੇ ਹਿੰਦੀ ਨਾਵਲਾਂ ਵਿੱਚ ਪ੍ਰਧਾਨ ਹੈ ਜਿੱਥੇ ਉਕਤ ਵਿਚਾਰ ਪੱਧਤੀ ਦਾ ਪ੍ਰਚਾਰ ਪ੍ਰਧਾਨ ਹੈ ਜਦਕਿ ਦਲਿਤਾਂ ਪ੍ਰਤੀ ਬਾਹਰਮੁਖੀ ਤੇ ਤਰਕਸ਼ੀਲ ਦ੍ਰਿਸ਼ਟੀ ਗਾਇਬ ਹੈ

ਬਲਬੀਰ ਮਾਧੋਪੁਰੀ ਭਾਰਤੀ ਦਲਿਤ ਨਾਵਲ ਦੀ ਇਸ ਸੀਮਾ ਨੂੰ ਸੁਚੇਤ ਰਹਿ ਕੇ ਤੋੜਦਾ ਹੈਉਹ ਪੰਜਾਬ ਦੀ ਨਾਬਰ ਧਰਤੀ ਤੋਂ ਉੱਠੇ ਦਲਿਤ ਅੰਦੋਲਨ ਦੀਆਂ ਧੁਨੀਆਂ ਨੂੰ ਰਜਿਸਟਰ ਕਰਦਾ ਹੈ ਅਤੇ ਸਮਾਜ ਦੀਆਂ ਰੌਂਦੀਆਂ ਤੇ ਦਲੀਆਂ ਧਿਰਾਂ ’ਤੇ ਇਸ ਲਹਿਰ ਦੇ ਜਨ ਪ੍ਰਭਾਵ ਨੂੰ ਫੜਦਾ ਹੈਇਸ ਵਰਤਾਰੇ ਨੂੰ ਕੰਢੀ ਦੇ ਆਂਚਲਿਕ ਅਤੇ ਦਲਿਤ ਸੰਸਿਤੀ ਦੇ ਹਾਸ਼ੀਅਤ ਜੀਵਨ ਵਿਹਾਰ ਵਿੱਚੋਂ ਪੇਸ਼ ਕਰਕੇ ਉਹ ਪੰਜਾਬੀ ਨਾਵਲ ਵਿੱਚ ਜ਼ਿਕਰਯੋਗ ਵਾਧਾ ਕਰਦਾ ਹੈਕੰਢੀ ਦੀ ਆਂਚਲਿਕ ਵਿਰਾਸਤ ਵਿਚਲਾ ਦਲਿਤ ਵਿਮਰਸ਼ ਇਸ ਰਚਨਾ ਤੋਂ ਪਹਿਲਾਂ ਕਿਸੇ ਨਾਵਲ ਦੀ ਵਸਤੂ ਨਹੀਂ ਬਣਿਆ

ਬਲਬੀਰ ਮਾਧੋਪੁਰੀ ਨੇ ਆਦਿ ਧਰਮ ਮੰਡਲ ਲਹਿਰ ਦੀ ਜੰਮਣ ਭੋਏਂ ਦੋਆਬੇ ਦੇ ਚੜ੍ਹਦੇ ਪਾਸੇ ਪੈਂਦੇ ਕੰਢੀ ਇਲਾਕੇ ਦੀ ਆਂਚਲਿਕਤਾ, ਇੱਥੋਂ ਦੇ ਲੋਕ ਧਰਮ, ਆਰਥਿਕਤਾ, ਸਮਾਜਿਕ ਸਭਿਆਚਾਰਕ ਪਰਿਪੇਖ ਨੂੰ ਨਾਵਲੀ ਧਰਾਤਲ ’ਤੇ ਪੇਸ਼ ਕਰਕੇ ਵੱਖਰੀ ਪਹਿਲਕਦਮੀ ਕੀਤੀ ਹੈਕੰਢੀ ਇਲਾਕੇ ਦੀ ਮੁੱਖ ਧਾਰਾ ਵਾਲੀ ਸੰਸਕ੍ਰਿਤਕ ਚੇਤਨਾ ਧਰਮਪਾਲ ਸਾਹਿਲ ਦੇ ਨਾਵਲੀ ਸੰਸਾਰ ਵਿੱਚ ਅਤੇ ਇੱਥੋਂ ਦੇ ਖੇਤੀ ਸੈਕਟਰ ਤੇ ਨਵ ਪੂੰਜੀਵਾਦੀ ਅਲਾਮਤਾਂ ਦੇ ਸੰਕਟ ਬਲਬੀਰ ਪਰਵਾਨਾ ਦੇ ਨਾਵਲੀ ਸੰਸਾਰ ਦਾ ਹਿੱਸਾ ਬਣਦੇ ਰਹੇ ਹਨਪਰ ਕੰਢੀ ਇਲਾਕੇ ਵਿੱਚ ਉੱਚ ਜਾਤੀ ਵਰਗ ਦੀ ਜਗੀਰੂ ਮਾਨਸਿਕਤਾ ਨਾਲ ਦਲਿਤ ਸ਼੍ਰੇਣੀ ਵਰਗ ਦੇ ਤਣਾਅ ਪੂਰਨ ਇਤਿਹਾਸ ਨੂੰ ਮਾਧੋਪੁਰੀ ਆਪਣੇ ਇਸ ਨਾਵਲ ਵਿੱਚ ਫੜਦਾ ਹੈ

ਨਾਵਲ ਦਾ ਕੇਂਦਰੀ ਪਾਤਰ ਬਾਬਾ ਸੰਗਤੀਆਂ ਆਦਿ ਧਰਮ ਲਹਿਰ ਦਾ ਕਾਰਕੁਨ ਹੈ, ਉਹ ਇਤਿਹਾਸਕ ਕਸਬਾ ਜੇਜੋਂ ਦੋਆਬਾ ਨੇੜਲੇ ਪਿੰਡ ਛਨਾਂ ਦਾ ਵਸਨੀਕ ਹੈ ਜਿਸਦੇ ਮਨ ਵਿੱਚ ਇਸ ਇਲਾਕੇ ਦੀ ਭੂਗੋਲਿਕ ਤੇ ਇਤਿਹਾਸਕ ਤਵਾਰੀਖ ਦੇ ਅਧਿਆਇ ਛੁਪੇ ਹੋਏ ਹਨਬਾਬਾ ਸੰਗਤੀਆਂ ਆਪਣੇ ਪੋਤੇ ਤੇ ਨਾਵਲ ਦੇ ਮੁੱਖ ਬਿਰਤਾਂਤਕਾਰ ਪਾਤਰ ਗੋਰਾ ਨਾਲ ਲੰਮੇ ਸੰਵਾਦ ਵਿੱਚ ਰਹਿੰਦਾ ਹੈਇਹ ਸੰਵਾਦ ਨਾਵਲ ਵਿੱਚ ਦਲਿਤ ਮੁਕਤੀ ਤੇ ਦਲਿਤ ਪਛਾਣ ਦੇ ਕੇਂਦਰੀ ਥੀਮ ਦੇ ਆਰ ਪਾਰ ਫੈਲਿਆ ਰਹਿੰਦਾ ਹੈਇਸ ਸੰਵਾਦ ਵਿੱਚ ਬਸਤੀਵਾਦੀ ਦੌਰ ਦੇ ਭਾਰਤੀ ਸਮਾਜ ਵਿੱਚ ਦੂਹਰੀ ਤੀਹਰੀ ਗੁਲਾਮੀ ਹੰਢਾਉਂਦੇ ਦਲਿਤ ਸਮਾਜ ਦੀ ਦਸ਼ਾ ਬਿਆਨੀ ਗਈ ਹੈ। ਇਹ ਦਸ਼ਾ ਸਮਾਜਿਕ-ਆਰਥਿਕ ਸ਼ੋਸ਼ਣ, ਸਾਮੰਤਵਾਦੀ ਸੋਚ ਅਤੇ ਵਰਣ ਪ੍ਰਬੰਧ ਵਿੱਚੋਂ ਪੈਦਾ ਹੁੰਦੇ ਅਮਾਨਵੀ ਵਿਵਹਾਰ ਦੀਆਂ ਪਰਤਾਂ ਉਘਾੜਦੀ ਹੈਨਾਵਲ ਦੀ ਇੱਕ ਖੂਬੀ ਹੈ ਇਸਦੇ ਦਲਿਤ ਪਾਤਰ ਹਿੰਦੀ ਦਲਿਤ ਨਾਵਲੀ ਪਰੰਪਰਾ ਵਾਂਗ ਕਿਸੇ ਅਪਰਾਧ ਬੋਧ ਦੀ ਭਾਵਨਾ ਵਿੱਚੋਂ ਗੁਜ਼ਰਦੇ ਪਾਠਕਾਂ ਦੀ ਹਮਦਰਦੀ ਲਈ ਸਹਿਕਦੇ ਨਹੀਂ ਸਗੋਂ ਆਪਣੇ ਬੁੱਧ ਵਿਵੇਕ ਤੇ ਚੇਤੰਨਤਾ ਨਾਲ ਗੈਰਤਮੰਦ ਜੀਵਨ ਦੀ ਅਭਿਲਾਸ਼ਾ ਰੱਖਦੇ ਹਨਬਾਬਾ ਸੰਗਤੀਆ, ਬਾਬਾ ਰੇਲੂ ਰਾਮ, ਗੋਰਾ, ਦਾਦੀ ਬਚਨੀ, ਗੱਜਣ, ਬਾਬਾ ਤਾਰੂ, ਮਾਈ ਚਿੰਤੀ, ਮੁਸਲਿਮ ਔਰਤ ਫਾਤਿਮਾ ਸਮੇਤ ਹੋਰ ਪਾਤਰ ਸਨਾਤਨੀ ਧਰਮ ਪ੍ਰਤੀ ਕਾਟਵੇਂ ਸੰਵਾਦ ਵਿੱਚ ਰਹਿੰਦੇ ਹਨਮੁਸਲਿਮ ਔਰਤ ਫਾਤਿਮਾ ਲਾਹੌਰ ਦੀ ਹੀਰਾ ਮੰਡੀ ਤੋਂ ਉਧਾਲੀ ਔਰਤ ਹੈ ਜਿਹੜੀ ਜਿਸਮਫਰੋਸ਼ੀ ਦੇ ਧੰਦੇ ਵਿੱਚ ਹੈਉਹ ਧਰਮ, ਕੌਮ, ਨਸਲ, ਜਾਤ ਤੇ ਜਮਾਤ ਦੇ ਭੇਸ ਵਿੱਚ ਬੈਠੀ ਮਰਦ ਸੱਤਾ ਨੂੰ ਵੰਗਾਰਦੀ ਬਾਬਾ ਸੰਗਤੀਆ ਨੂੰ ਕਹਿੰਦੀ ਹੈ-

“ਇਹ ਕੰਜਰਖਾਨਾ - ਜਿਸਮਫਰੋਸ਼ੀ ਦਾ ਅੱਡਾ, ਸਾਡੇ ਲਈ ਦੋਜ਼ਖ ਆ ਦੋਜ਼ਖ ਤੇ ਮੁੱਲਾਂ ਮੁਲਾਂਣਿਆਂ, ਮੰਦਰਾਂ ਤੇ ਮਹੰਤਾਂ-ਪੁਜਾਰੀਆਂ ਤੇ ਹੋਰ ਰਹਿਬਰਾਂ ਲਈ ਜੰਨਤ ਆ ਜੰਨਤ, ਉਨ੍ਹਾਂ ਨੂੰ ਹੂਰਾਂ ਇੱਥੇ ਹੀ ਮਿਲ ਜਾਂਦੀਆਂ, ਅੱਗਾ ਕੇਹਨੇ ਦੇਖਿਆ ... ਕਈ ਵਾਰ ਤਾਂ ਮੈਂਨੂੰ ਲੱਗਦਾ ਪਈ ਰੱਬ ਬੰਦੇ ਨੇ ਘੜ ਲਿਆ, ਦੂਜੇ ਨਾਲ ਠੱਗੀ-ਠੋਰੀ, ਧੋਖਾਧੜੀ ਤੇ ਆਪਣੇ ਮੁਫਾਦ ਲਈ, ਸਾਡੇ ਜਿਸਮਾਂ ਨਾਲ ਖੇਲ੍ਹਣ ਲਈ ...।” (1)

ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬੀ ਸਭਿਆਚਾਰ ਪ੍ਰਤੀ ਰੁਮਾਂਸਿਕ ਪਹੁੰਚ ਦੁਆਰਾ ਇਸ ਨੂੰ ਮਿੱਸੇ ਤੇ ਸਹਿਹੋਂਦ ਵਾਲੇ ਸਭਿਆਚਾਰ ਵਜੋਂ ਵੇਖਣ ਦੇ ਰੁਝਾਨ ਰਹੇ ਹਨ ਪਰ ਇਹ ਦ੍ਰਿਸ਼ਟੀ ਦਲਿਤ ਹੋਂਦ ਨੂੰ ਦਰਕਿਨਾਰ ਕਰਦੀ ਰਹੀ ਹੈਇਸ ਨਾਵਲ ਵਿੱਚ ਪੰਜਾਬ ਦੀ ‘ਸਾਂਝੀ ਸੰਸਕ੍ਰਿਤੀ’ ਦੀ ਤਹਿ ਹੇਠ ਦਰੜ ਹੁੰਦੇ ਸ਼ੋਸ਼ਤ ਵਰਗਾਂ ਦੀ ਵੇਦਨਾ ਬਾਖੂਬੀ ਦਰਜ ਹੈਇਸ ਗੈਰ ਮਾਨਵੀ ਵਿਵਹਾਰ ਵਿੱਚ ਦਲਿਤ ਔਰਤ ਦੀ ਹੋਂਦ ਸ਼ਬਦਾਂ ਤੋਂ ਬਾਹਰ ਹੈਦਲਿਤ ਪੁਰਸ਼ ਆਪਣੀ ਚੇਤੰਨਤਾ ਨਾਲ ਜੇਕਰ ਬ੍ਰਾਹਮਣਵਾਦੀ ਦਾਬੇ ਤੇ ਜਗੀਰੂ ਪ੍ਰਬੰਧ ਤੋਂ ਮੁਕਤ ਹੋ ਵੀ ਜਾਵੇ ਤਾਂ ਵੀ ਦਲਿਤ ਔਰਤ ਦੀ ਮੁਕਤੀ ਖਲਾਅ ਵਿੱਚ ਹੈਬਲਬੀਰ ਮਾਧੋਪੁਰੀ ਨੇ ਆਪਣੇ ਨਾਵਲ ਵਿੱਚ ਦਲਿਤ ਵਰਗ ਦੀ ਮੁਕਤੀ ਤਹਿਤ ਦਲਿਤ ਬੰਦੇ ਤੇ ਔਰਤ ਦੀ ਮੁਕਤੀ ਨੂੰ ਬਰਾਬਰ ਸਪੇਸ ਦਿੱਤੀ ਹੈਗੋਰੇ ਦੀ ਮਾਂ ਦੀ ਚਾਦਰ ਚੜ੍ਹਾਈ ਦੀ ਰਸਮ ਮੌਕੇ ਦਲਿਤ ਔਰਤਾਂ ਦਾ ਵਾਰਤਾਲਾਪ ਜਿੱਥੇ ਬ੍ਰਾਹਮਣਾਂ, ਰਾਜਪੂਤਾਂ ਤੇ ਜੱਟਾਂ ਦੀ ਜਗੀਰੂ ਸੋਚ ਪ੍ਰਤੀ ਤ੍ਰਿਸਕਾਰ ਰੱਖਦਾ ਹੈ, ਉੱਥੇ ਹੀ ਪੁਰਸ਼ ਪ੍ਰਧਾਨ ਸਮਾਜਿਕ ਵਿਵਸਥਾ ’ਤੇ ਵੀ ਚੋਟ ਕਰਦਾ ਹੈ

ਨਾਵਲ ਦੀ ਸ਼ੁਰੂਆਤ ਵਿੱਚ ਗੋਰੇ ਦੇ ਗੁਆਚੇ ਪਿਤਾ ਦੀ ਤਲਾਸ਼ ਤੋਂ ਲੈ ਕੇ ਨਾਵਲ ਦੇ ਅੰਤ ਤਕ ਉਸਦੇ ਲੱਭ ਜਾਣ ਦੇ ਘਟਨਾਵੀਂ ਵਰਤਾਰੇ ਪਾਠਕਾਂ ਨੂੰ ਬਿਰਤਾਂਤ ਦੇ ਰਸ ਨਾਲ ਜੋੜੀ ਰੱਖਦੇ ਹਨ ਪਰ ਗੋਰੇ ਦਾ ਬਾਬਾ ਸੰਗਤੀਆ ਨਾਵਲ ਦਾ ਕੇਂਦਰ ਬਿੰਦੂ ਰਹਿੰਦਾ ਹੈ ਜੋ ਕਿ ਉੱਤਰੀ ਭਾਰਤ ਦੇ ਵਪਾਰਕ ਕੇਂਦਰ ਜੇਜੋਂ ਦੇ ਆਲੇ ਦੁਆਲੇ ਦੀਆਂ ਸਵਰਨ ਜਾਤੀਆਂ ਵੱਲੋਂ ਦਲਿਤਾਂ ਨਾਲ ਹੁੰਦੇ ਅਮਾਨਵੀ ਭੇਦ ਭਾਵ ਦਾ ਗਵਾਹ ਪਾਤਰ ਬਣ ਕੇ ਪੇਸ਼ ਹੋਇਆ ਹੈਇਨ੍ਹਾਂ ਸਵਰਨ ਜਾਤੀਆਂ ਵਿੱਚ ਰਾਜਪੂਤ ਸ਼੍ਰੇਣੀ ਦੇ ਸਾਮੰਤਵਾਦੀ ਚਰਿੱਤਰ ਨੂੰ ਭਰਵੇਂ ਰੂਪ ਵਿੱਚ ਪੇਸ਼ ਕੀਤਾ ਗਿਆ ਹੈਕੰਢੀ ਇਲਾਕੇ ਵਿੱਚ ਰਾਜਪੂਤਾਂ ਦੇ ਵਰਤ ਵਿਹਾਰ ਵਿੱਚ ਦਲਿਤ ਵਰਗ ਪ੍ਰਤੀ ਹਿਕਾਰਤੀ ਪਹੁੰਚ ਨਾਵਲੀ ਪ੍ਰਵਚਨ ਦਾ ਅਹਿਮ ਹਿੱਸਾ ਹੈ ਜਿਸ ਨੂੰ ਕਾਊਂਟਰ ਕਰਨ ਲਈ ਨਾਵਲ ਦਾ ਬਾਬਾ ਸੰਗਤੀਆ ਪਾਤਰ ਦਲਿਤਾਂ ਨੂੰ ਸਵਰਨ ਜਾਤੀਆਂ ’ਤੇ ਆਸ਼ਰਿਤ ਰਹਿਣ ਵਾਲੀ ਰਵਾਇਤੀ ਮਾਨਸਿਕਤਾ ਤੋਂ ਪਾਰ ਜਾਣ ਦੀ ਦ੍ਰਿਸ਼ਟੀ ਦਾ ਸੰਚਾਰ ਕਰਦਾ ਹੈਉਹ ਦਲਿਤ ਸਮਾਜ ਨੂੰ ਆਦਿ ਧਰਮ ਮੰਡਲ ਲਹਿਰ ਦੇ ਕੇਂਦਰੀ ਵਿਚਾਰਕ ਨੁਕਤੇ ਅਨੁਸਾਰ ਭਾਰਤ ਦੀ ਮੂਲਵਾਸੀ ਨਸਲ ਵਜੋਂ ਸਪਲੀਮੈਂਟ ਕਰਦਾ ਹੈ ਜਿਸ ਨੂੰ ਆਰੀਅਨ ਜਾਤੀ ਦੇ ਕਬੀਲਿਆਂ ਵੱਲੋਂ ਛਲ, ਕਪਟ ਤੇ ਜਬਰ ਨਾਲ ਦਰੜਨ ਦੇ ਹਰ ਹੀਲੇ ਹਰਬੇ ਵਰਤੇ ਹਨਇਸੇ ਪ੍ਰਸੰਗ ਵਿੱਚ ਉਹ ਆਦਿਵਾਸੀ ਸਮਾਜ ਦੀ ਇਸ ਹਾਸ਼ੀਅਤ ਸਥਿਤੀ ਦਾ ਪ੍ਰਸੰਗ ਛੇੜ ਕੇ ਬਾਬੂ ਮੰਗੂ ਰਾਮ ਵੱਲੋਂ ਇਸ ਸਮਾਜ ਨੂੰ ਚੇਤੰਨ ਕਰਨ ਲਈ ਕੀਤੇ ਉੱਦਮਾਂ ਦਾ ਹਵਾਲਾ ਦਿੰਦਾ ਮਿਹਨਤਕਸ਼ ਜਮਾਤਾਂ ਨੂੰ ਇਸੇ ਮਿੱਟੀ ਦੇ ਮੂਲ ਜਾਏ ਸਿੱਧ ਕਰਦਾ ਹੈ

**

“ਮੈਂ ਮੰਗੂ ਰਾਮ ਦੀ ਸਹੁੰ ਖਾ ਕੇ ਕਹਿਨਾਂ ਗੋਰਿਆ ਪਈ ਜੇ ਅਸੀਂ ਸਾਰੇ ਰਲ ਕੇ ਬ੍ਰਾਹਮਣਾਂ ਦੇ ਵਰਣ-ਧਰਮ ਤੋਂ ਛੁਟਕਾਰਾ ਪਾਉਣ ਲਈ ਦਿਨ ਰਾਤ ਲੱਗੇ ਰਹੇ ਤਾਂ ਆਉਣ ਵਾਲਾ ਵਕਤ ਕੰਮੀਆਂ-ਕਮੀਣਾਂ ਤੇ ਕਾਰੀਗਰ ਬਰਾਦਰੀਆਂ ਦਾ ਹੋਉਗਾ, ਇਸ ਮਿੱਟੀ ਦੇ ਜਾਇਆਂ ਦਾ, ਜਿਨ੍ਹਾਂ ਦਾ ਧਰਤੀ, ਧਨ ਤੇ ਧਰਮ ਖੋਹ ਲਿਆ ਹੋਇਆ, ਇਨ੍ਹਾਂ ਬਾਹਰਲੇ ਮੁਲਕਾਂ ਤੋਂ ਆਏ ਧਾੜਵੀਆਂ ਨੇ ...। (2)

ਬਾਬਾ ਸੰਗਤੀਆ ਨਾਵਲ ਵਿੱਚ ਸਰਬ ਗਿਆਤਾ ਪਾਤਰ ਵਾਂਗ ਵਿਚਰਦਾ ਹੈ ਜਿਸ ਕੋਲ ਸਮਾਜ ਦੇ ਹਾਸ਼ੀਅਤ ਵਰਗਾਂ ਦਾ ਮੌਲਿਕ ਇਤਿਹਾਸ ਬੋਧ ਹੈਉਹ ਆਪਣੇ ਪੋਤੇ ਦੇ ਜਗਿਆਸੂ ਮਨ ਨੂੰ ਸ਼ਾਂਤ ਕਰਦਾ ਦਲਿਤ ਸਮਾਜ ਦੇ ਇਤਿਹਾਸ ਤੇ ਸਮਕਾਲ ਨੂੰ ਬਾਹਰਮੁਖੀ ਤੇ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਸਪਲੀਮੈਂਟ ਕਰਦਾ ਹੈਅਖੌਤੀ ਸਵਰਨ ਜਾਤੀਆਂ ਦੀ ਜਗੀਰੂ ਮਾਨਸਿਕਤਾ ਸਮੇਤ ਦਲਿਤ ਵਰਗ ਪ੍ਰਤੀ ਵਿਤਕਰੇ ਤੇ ਲੁੱਟ ਖਸੁੱਟ ਵਿੱਚ ਬੇਜ਼ਮੀਨੇ ਦਲਿਤ, ਮਜ਼ਦੂਰ, ਬੱਚੇ ਅਤੇ ਔਰਤਾਂ ਇੱਕ ਸ਼ਰਾਪੀ ਜ਼ਿੰਦਗੀ ਭੋਗਦੇ ਦਿਸਦੇ ਹਨਬਾਬਾ ਸੰਗਤੀਆ ਪਾਤਰ ਦੁਆਰਾ ਲੇਖਕ ਆਦਿ ਧਰਮ ਮੰਡਲ ਲਹਿਰ ਨਾਲ ਦਲਿਤਾਂ ਲੋਕਾਂ ਵਿੱਚ ਆਈ ਆਪਣੀ ਮੁਕਤੀ ਤੇ ਸੁਤੰਤਰ ਪਛਾਣ ਪ੍ਰਤੀ ਆਈ ਜਾਗ੍ਰਿਤੀ ਨੂੰ ਪੇਸ਼ ਕਰਦਾ ਹੈਬਸਤੀਵਾਦੀ ਦੌਰ ਵਿੱਚ ਇਸ ਪਹਾੜੀ ਰਿਆਸਤ ਵਾਲੇ ਖੇਤਰ ਵਿੱਚ ਦਲਿਤ ਵਰਗ ਵੱਲੋਂ ਹੰਢਾਈ ਜਾਂਦੀ ਤੀਹਰੀ ਗੁਲਾਮੀ ਨਾਵਲ ਦੇ ਚਿੱਤਰਪੱਟ ’ਤੇ ਹਾਜ਼ਰ ਰਹਿੰਦੀ ਹੈਇਸ ਗੁਲਾਮੀ ਵਿੱਚ ਅੰਗਰੇਜ਼ ਸ਼ਾਸਨ, ਹਿੰਦੂ ਸਮਾਜ ਅਤੇ ਹਿੰਦੂ ਰਾਜਿਆਂ ਦੀ ਗੁਲਾਮੀ ਦੇ ਅਨੇਕਾਂ ਪਾਸਾਰ ਪੇਸ਼ ਹੋਏ ਮਿਲਦੇ ਹਨਨਾਵਲ ਵਿੱਚ ਦਾਦਾ ਅਤੇ ਪੋਤਾ ਪਾਤਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪੁੱਜਦੇ ਅਨੁਭਵ ਅਤੇ ਲੋਕ ਦਰਸ਼ਨ ਦੇ ਪ੍ਰਤੀਕ ਹਨਬਾਬਾ ਸੰਗਤੀਆ ਆਪਣੇ ਪੋਤੇ ਨੂੰ ਚਾਰ ਵਰਣਾਂ, ਮਨੂੰਵਾਦੀ ਦਰਸ਼ਨ, ਹਿੰਦੂ ਫਿਲਾਸਫੀ, ਮੂਲ ਵਾਸੀ ਪਰੰਪਰਾਵਾਂ, ਕਰਮ ਕਾਂਡ, ਸ਼ੂਦਰਾਂ ਦੀ ਯਥਾਸਥਿਤੀ ਦੇ ਕਾਰਨ, ਜਾਤੀ ਜਮਾਤੀ ਸਮਾਜ ਦੀਆਂ ਵਿਸੰਗਤੀਆਂ ਸਮੇਤ ਤਮਾਮ ਮੁੱਦਿਆਂ ਨਾਲ ਚੇਤੰਨ ਤੇ ਜਾਗਰੂਕ ਰੱਖਦਾ ਹੈਇਸ ਜਾਗਰੂਕਤਾ ਦੇ ਮੂਲ ਬੀਜ ਆਦਿ ਧਰਮ ਮੰਡਲ ਲਹਿਰ ਦੇ ਬਾਨੀ ਬਾਬੂ ਮੰਗੂ ਰਾਮ ਬੀਜਦੇ ਹਨਉਨ੍ਹਾਂ ਵੱਲੋਂ ਦਲਿਤ ਵਰਗ ਨੂੰ ਚੇਤੰਨ ਕਰਨ ਲਈ ਨੀਮ ਪਹਾੜੀ ਖਿੱਤੇ ਵਿੱਚ ਕੀਤੇ ਜਲਸੇ ਤੇ ਤਕਰੀਰਾਂ ਨਾਵਲ ਦੀ ਵਿਚਾਰਧਾਰਕ ਪਿੱਠਭੂਮੀ ਬਣਦੇ ਹਨਨਾਵਲਕਾਰ ਨੇ ਨਾਵਲੀ ਬਿਰਤਾਂਤ ਨੂੰ ਦ੍ਰਿਸ਼ਟੀਗਤ ਪੱਖੋਂ ਸਮਰਿੱਧ (ਅਮੀਰ) ਕਰਨ ਲਈ ਭਾਸ਼ਣ ਜੁਗਤ ਤੋਂ ਇਲਾਵਾ ਬਾਬਾ ਸੰਗਤੀਆ ਨੂੰ ਮੱਧਕਾਲੀ ਭਗਤੀ ਲਹਿਰ ਤੇ ਇਤਿਹਾਸ ਪ੍ਰਤੀ ਗਿਆਨ ਨਾਲ ਲੈਸ ਬਣਾ ਕੇ ਪੇਸ਼ ਕੀਤਾ ਹੈਇੱਕ ਪਾਤਰ ਦੁਆਲੇ ਬਿਰਤਾਂਤ ਦੀ ਭਾਰੂ ਬੁਣਤੀ ਦੇ ਰੁਝਾਨ ਪੰਜਾਬੀ ਨਾਵਲ ਦੀ ਅਹਿਮ ਰਚਨਾ ਰੂੜ੍ਹੀ ਰਹੇ ਹਨ ਪਰ ਮਾਧੋਪੁਰੀ ਦਾ ਇਹ ਪਾਤਰ ਨਾਵਲ ਵਿੱਚ ਹੋਰ ਪਾਤਰਾਂ ਦੀ ਖੁਦਮੁਖਤਿਆਰ ਸਪੇਸ ਖਤਮ ਕਰਨ ਦੀ ਥਾਂ ਸੰਵਾਦ ਦੀਆਂ ਸੰਭਾਵਨਾਵਾਂ ਪੈਦਾ ਕਰਨ ਕਰਕੇ ਪਾਠਕਾਂ ਨੂੰ ਚੁੱਭਦਾ ਨਹੀਂਉਹ ਸੰਗੀਤ ਤੇ ਸੰਗਤ ਦਾ ਧਾਰਨੀ ਆਦਰਸ਼ਕ ਪਾਤਰ ਹੈ, ਜਿਸ ਕੋਲ ਭਗਤੀ ਲਹਿਰ ਦੇ ਮਹਾਂਪੁਰਸ਼ਾਂ ਦੀ ਬਾਣੀ ਦਾ ਕੰਠ ਗਿਆਨ ਹੋਣ ਦੇ ਨਾਲ ਨਾਲ, ਅੰਗਰੇਜ਼ ਵਿਰੋਧੀ ਲੋਕ ਲਹਿਰਾਂ, ਆਦਿ ਧਰਮ ਲਹਿਰ ਦੇ ਵਿਚਾਰਧਾਰਕ ਆਧਾਰ ਸਮੇਤ ਵਿਸ਼ਵ ਪੱਧਰ ਦੀ ਰਾਜਨੀਤੀ ਅਤੇ ਦਲਿਤ ਵਰਗ ਦੇ ਆਰਥਿਕ-ਸਮਾਜਿਕ ਇਤਿਹਾਸ ਦਾ ਵੀ ਗਿਆਨ ਬੋਧ ਹੈਅਜਿਹਾ ਬੋਧ ਬਾਬਾ ਸੰਗਤੀਆ ਸਮੇਤ ਗੋਰਾ ਦੀ ਮਾਂ ਤੇ ਦਾਦੀ ਦੇ ਵਾਰਤਾਲਾਪੀ ਚਿੰਤਨ ਵਿੱਚੋਂ ਵੀ ਉੱਭਰਦਾ ਹੈ ਜੋ ਕਿ ਦਲਿਤਾਂ ਦੀ ਸਮਾਜਿਕ ਸਥਿਤੀ ਦਾ ਕਰੂਰ ਚਿੱਤਰ ਬਣ ਕੇ ਪੇਸ਼ ਹੁੰਦਾ ਹੈ-

“ਵਿਆਹ ਵਿੱਚ ਸਾਡੇ ਗਰੀਬ-ਗੁਰਬਿਆਂ ਨੂੰ ਪੱਕੀ ਰੋਟੀ ਪਾਉਣ ਤੋਂ ਮਨਾਹੀ ਆ, ਬਾਜਾ ਨਈ੍ਹ ਬਜਾਉਣ ਦਿੰਦੇ ਤੇ ਆਪ ਸਾਡੇ ਕਿਸੇ ਬੰਦੇ ਦੀ ਪਿੱਠ ’ਤੇ ਢੋਲ-ਨਗਾਰਾ ਬੰਨ੍ਹ ਕੇ ਉਹਨੂੰ ਬਜਾਉਂਦੇ ਆਆਪਣੀਆਂ ਧੀਆਂ ਨੂੰ ਡੋਲੀ ਵਿੱਚ ਬਿਠਾ-ਸਜ਼ਾ ਕੇ ਤੋਰਦੇ ਆ ਤੇ ਸਾਨੂੰ ਸਾਡੀ ਧੀ-ਧਿਆਣੀ ਪੀੜ੍ਹੀ ’ਤੇ ਬਠਾਲ ਕੇ ਵਿਦਾ ਕਰਨ ਨੂੰ ਮਜਬੂਰ ਕਰਦੇ ਆ।” (3)

ਇਸ ਨਾਵਲ ਦਾ ਬਿਰਤਾਂਤਕ ਕਾਲ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਦੂਜੀ ਸੰਸਾਰ ਜੰਗ ਤਕ ਫੈਲਿਆ ਹੈਦੂਜੀ ਆਲਮੀ ਜੰਗ ਵਿੱਚ ਬਾਬੂ ਮੰਗੂ ਰਾਮ ਦੇ ਉਤਸ਼ਾਹ ਨਾਲ ਦਲਿਤ ਨੌਜਵਾਨ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਏ ਤੇ ਚਮਾਰ ਰਜਮੈਂਟ ਦੀ ਸ਼ਾਨਾਮੱਤੀ ਗਾਥਾ ਸਮੇਤ ਆਜ਼ਾਦ ਹਿੰਦ ਫੌਜ ਵਿੱਚ ਗਏ ਦਲਿਤ ਨੌਜਵਾਨਾਂ ਦੀ ਬਹਾਦਰੀ ਵੀ ਨਾਵਲ ਬਿਰਤਾਂਤ ਦਾ ਹਿੱਸਾ ਬਣੀ ਹੈਅੰਗਰੇਜ਼ ਹਾਕਮ ਭਾਰਤੀ ਸਮਾਜਿਕ ਵਿਵਸਥਾ ਦੇ ਚੀੜ੍ਹੇ ਸੁਭਾਅ ਦਾ ਜਾਣੂ ਸੀਉਹ ਭਾਰਤ ਦੇ ਸਾਮੰਤਵਾਦੀ ਹਾਕਮਾਂ ਵਾਂਗ ਦਲਿਤ ਵਰਗ ਨੂੰ ਹਿਕਾਰਤ ਨਾਲ ਦੇਖਣ ਦੀ ਥਾਂ ਇਸ ਨੂੰ ਬਣਦੀ ਸਪੇਸ ਦੇ ਕੇ ਬਸਤੀਵਾਦੀ ਸੱਤਾ ਵਿਰੁੱਧ ਉੱਠਦੀਆਂ ਲਹਿਰਾਂ ਨੂੰ ਤਾਰ-ਤਾਰ ਦੇਖਣਾ ਚਾਹੁੰਦਾ ਸੀਇਸ ਪੜਾਅ ’ਤੇ ਦਲਿਤ ਚਿੰਤਨ ਨਵੀਂ ਦਿਸ਼ਾ ਇਖਤਿਆਰ ਕਰਦਾ ਹੈ ਜਿਸਦੇ ਸਿੱਧੇ ਅਸਿੱਧੇ ਵਸਤੂ ਵੇਰਵੇ ਨਾਵਲੀ ਪ੍ਰਵਚਨ ਵਿੱਚ ਮੌਜੂਦ ਹਨਇਸ ਸਥਿਤੀ ਨਾਲ ਸਬੰਧਤ ਬਾਬੂ ਮੰਗੂ ਰਾਮ ਦੀਆਂ ਤਕਰੀਰਾਂ ਦਾ ਤੱਤ ਸਾਰ ਬਾਬਾ ਸੰਗਤੀਆ ਤੇ ਮੇਲੂ ਰਾਮ ਦੀ ਚਿੰਤਨੀ ਵਾਰਤਾਲਾਪ ਵਿੱਚੋਂ ਝਲਕਦਾ ਹੈ-

“ਮੰਗੂ ਰਾਮ ਨੇ ਪੁਰਜ਼ੋਰ ਅਲਫਾਜ਼ ਵਿੱਚ ਕਿਹਾ ਪਈ ਅੰਗਰੇਜ਼ ਹਕੂਮਤ ਤੋਂ ਲਾਹਾ ਲਵੋ, ਪੜ੍ਹੋ, ਨੌਕਰੀਆਂ ਹਾਸਲ ਕਰੋ, ਆਪਣੀ ਲਿਆਕਤ ਪੇਸ਼ ਕਰੋ ਤੇ ਸਵਰਣ ਜਾਤੀਆਂ ਦਾ ਖਾਜਾ ਨਾ ਬਣੋ। ... ਜਿਹੜੇ ਆਜ਼ਾਦੀ ਦੇ ਨਾਂ ’ਤੇ ਸਾਨੂੰ ਸਹਿਕਾਰਤਾ, ਸਮਾਜਕ-ਆਰਥਿਕ ਬਰਾਬਰੀ ਦਾ ਮੈਨੀਫੈਸਟੋ ਪੜ੍ਹਾਉਂਦੇ ਸੀ, ਉਨ੍ਹਾਂ ਨੇ ਅੱਜ ਸਾਨੂੰ ਆਪਣੇ ਦੁਸ਼ਮਣ ਸਮਝਿਆ ਹੋਇਆ... ਖੈਰ ਆਪਾਂ ਸਾਰੀਆਂ ਚਾਲਾਂ ਸਮਝਦਿਆਂ ਅੱਗੇ ਤਰੱਕੀ ਕਰਨੀ ਆਅੱਜ ਅੰਗਰੇਜ਼ ਸਾਡੇ ਹਮੈਤੀ ਆ, ਫਾਇਦਾ ਉਠਾਓਸਰਕਾਰੇ-ਦਰਬਾਰੇ ਆਦਰ-ਮਾਣ ਹਾਸਲ ਕਰੋ, ਇਸ ਤੋਂ ਅੱਗੇ ਦਾ ਫੇ ਸੋਚਾਂਗੇ। ... ਆਖਿਰ ਜਿੱਤ ਧੁਆਡੀ ਹਊਗੀ।” (4)

ਨਾਵਲ ਦੇ ਅੰਤ ਵਿੱਚ ਗੋਰੇ ਦਾ ਪਿਤਾ ਦਾ ਮੌਕਾ ਮੇਲ ਦੁਆਰਾ ਲੱਭਣਾ ਤੇ ਜੀਤੂ ਚਾਚੇ ਤੇ ਫਾਤਮਾ ਦਾ ਨਿਕਾਹ ਨਾਵਲੀ ਕਥਾ ਨੂੰ ਵਿਰਾਮ ਦਿੰਦਾ ਹੈਇਹ ਵਿਆਹ ਦਲਿਤ ਸ਼੍ਰੇਣੀ ਤੇ ਸਮਾਜ ਦੇ ਹੋਰ ਘੱਟ ਗਿਣਤੀ ਵਰਗਾਂ ਦੀ ਸਾਂਝ ਦੁਆਰਾ ਸੱਤਾ ਨਾਲ ਇਕਜੁੱਟ ਹੋ ਕੇ ਸੰਘਰਸ਼ ਦੀ ਲੋਕ ਚੇਤਨਾ ਪੈਦਾ ਕਰਨ ਵੱਲ ਇਸ਼ਾਰਾ ਹੈਇਸੇ ਪ੍ਰਸੰਗ ਤਹਿਤ ਨਾਵਲ ਦੇ ਅੰਤ ਵਿੱਚ ਬਾਬੂ ਮੰਗੂ ਰਾਮ ਦੇ ਭਾਸ਼ਣ ਦੇ ਹਵਾਲੇ ਨਾਲ ਦਲਿਤ ਦੇ ਸੰਕਲਪ ਨੂੰ ਨਵੇਂ ਚਿੰਤਨੀ ਪਾਸਾਰ ਦਿੱਤੇ ਮਿਲਦੇ ਹਨ-

“ਮੰਗੂ ਰਾਮ ਐੱਮ ਐੱਲ ਏ ਨੇ ਆਪਣੀ ਛੋਟੀ ਜਿਹੀ ਤਕਰੀਰ ਵਿੱਚ ਵੱਡੀ ਗੱਲ ਆਖ ਛੱਡੀ ਏਮੇਰੇ ਦਿਲ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਜੋ ਕਿ ਅਛੂਤ, ਸ਼ੂਦਰ, ਕਬਾਇਲੀ, ਈਸਾਈ ਤੇ ਮੁਸਲਮਾਨ ਬਣੇ ਲੋਕ ਹਿੰਦੋਸਤਾਨ ਦੇ ਅਸਲੀ ਬਾਸ਼ਿੰਦੇ ਜੇਸਾਡੇ ਰੰਗ-ਅੰਗ, ਜੱਦੀ-ਪੁਸ਼ਤੀ, ਪੇਸ਼ੇ ਇੱਕ ਜੈਸੇ ਜੇਜਾਤਪਾਤ, ਛੂਆਛੂਤ ਤੇ ਉੱਚ-ਨੀਚ ਦਾ ਫੈਲਾਅ ਕਰਨ ਵਾਲੇ ਸਾਡੇ ਵਿੱਚੋਂ ਨਹੀਂ।” (5)

1947 ਤਕ ਦੇ ਇਤਿਹਾਸਕ ਖੰਡ ਤਕ ਫੈਲਿਆ ਇਹ ਨਾਵਲ ਕੰਢੀ ਇਲਾਕੇ ਦੇ ਸੰਸਕ੍ਰਿਤਕ ਆਵੇਸ਼ ਨਾਲ ਭਰਪੂਰ ਹੈਲੇਖਕ ਕੋਲ ਕੰਢੀ ਖੇਤਰ ਦੀ ਪਹਾੜੀ ਰਲੀ ਮਿਲੀ ਤੇ ਦਲਿਤ ਸਮਾਜ ਦੇ ਚੇਤਨ ਅਵਚੇਤਨ ਨੂੰ ਪ੍ਰਗਟਾਉਣ ਵਾਲੀ ਮੌਲਿਕ ਭਾਸ਼ਾ ਹੈਇਹ ਭਾਸ਼ਾ ਪੰਜਾਬ ਦੇ ਦਲਿਤ ਦਰਸ਼ਨ ਨੂੰ ਸਮਝਣ, ਸਾਂਭਣ ਤੇ ਸੰਚਾਰਨ ਦਾ ਅਹਿਮ ਮਾਧਿਅਮ ਹੈਇਸਦੀ ਮਿਸਾਲ ਨਾਵਲ ਵਿੱਚ ਦਾਈ ਚਿੰਤੀ ਦੀ ਹੈ ਜੋ ਕਿ ਦਲਿਤ ਔਰਤ ਦੇ ਮੌਲਿਕ ਉਚਾਰ ਦਾ ਪ੍ਰਗਟਾਵਾ ਕਰਨ ਦੇ ਨਾਲ ਨਾਲ ਦਲਿਤ ਵਿਮਰਸ਼ ਨੂੰ ਵੱਖਰੀ ਜ਼ੁੰਬਸ਼ ਦਿੰਦੀ ਹੈ-

“ਰਾਜਪੂਤਣਾਂ, ਬ੍ਰਾਹਮਣੀਆਂ, ਸੁਨਿਆਰੀਆਂ ਤੇ ਸੈਣਨਾਂ ਜਦੋਂ ਜਣੇਪਾ ਤੇ ਮਾਲਸ਼ ਕਰਾ ਲੈਂਦੀਆਂ ਤਾਂ ਆਪਣੇ ਤੇ ਆਪਣੇ ਜਣੇਪੇ ਵਾਲੇ ਮੰਜੇ ’ਤੇ ਪਾਣੀ ਦੇ ਛਿੱਟੇ ਜਿਹੇ ਤਰੌਂਕ ਕੇ ਭਿੱਟ ਹਟਾ ਲੈਂਦੀਆਂਤੇ ਫਿਰ ਤੂੰ ਕੌਣ ਤੇ ਮੈਂ ਕੌਣ? ਵਿੱਚ-ਵਿੱਚ ਮੈਂਨੂੰ ਖਿਆਲ ਆਉਂਦਾ ਪਈ ਜਣੇਪੇ ਦੇ ਵਕਤ ਰੱਬ ਦੀ ਦਿੱਤੀ ਦਾਤ ਕੁੜੀ ਹੋਬੇ ਜਾਂ ਮੁੰਡਾ, ਸਭ ਤੋਂ ਪੈਹਲਾਂ ਤਾਂ ਮੇਰੇ ਹੱਥਾਂ ਵਿੱਚ ਆਉਂਦਾਨਮਾ ਤੇ ਸਹੀ-ਸਲਾਮਤ ਜੀਅ ਦੇਖ ਕੇ ਮੈਂਨੂੰ ਚਾਅ ਚੜ੍ਹ ਜਾਂਦਾਤੇ ਜਦੋਂ ਬੜਾ ਹੁੰਦਾ ਉਹੀ ਜਾਤ ਦੇ ਮੇਹਣੇ ਮਾਰਨ ਲੱਗ ਪਈਂਦਾ। ... ਕਿੱਦਾਂ-ਕਿੱਦਾਂ ਦੇ ਰੋਗ ਲੱਗਿਓ ਬੰਦੇ ਨੂੰ(6)

ਨਾਵਲ ਦਾ ਘਟਨਾ ਪ੍ਰਬੰਧ ਬੇਸ਼ਕ ਧੀਮਾ ਹੈ ਪਰ ਇਸਦਾ ਚਿੰਤਨ ਕੇਂਦਰਿਤ ਅਤੇ ਸੰਵਾਦਮੁਖੀ ਬਿਰਤਾਂਤ ਪਾਠਕਾਂ ਨੂੰ ਅਚੰਭਿਤ ਤੇ ਰੌਸ਼ਨ ਰੱਖਦਾ ਹੈਜੇਜੋਂ, ਢੋਲਵਾਹਾ, ਜਨੌੜੀ, ਮੁਲਤਾਨ, ਊਨਾ, ਸੰਤੋਖਗੜ, ਤਲਵਾੜਾ ਸਮੇਤ ਹੋਰ ਇਲਾਕੇ ਨਾਵਲ ਵੀ ਨਾਵਲੀ ਬਿਰਤਾਂਤ ਜਿਉਂਦੇ ਜਾਗਦੇ ਪਾਤਰ ਬਣ ਗਏ ਹਨਪੰਜਾਬ ਦੀ ਧਰਤ ਤੋਂ ਉੱਠੀ ਦਲਿਤ ਨਾਬਰੀ ਨੂੰ ਬਲਬੀਰ ਮਾਧੋਪੁਰੀ ਨੇ ਬਿਰਤਾਂਤ ਦੇ ਸੁਹਜਵੰਤੇ ਪ੍ਰਬੰਧ ਵਿੱਚ ਰਜਿਸਟਰ ਕੀਤਾ ਹੈਇਹ ਰਚਨਾ ਦਲਿਤ ਗੌਰਵ, ਦਲਿਤ ਮੁਕਤੀ ਤੇ ਦਲਿਤ ਪਛਾਣ ਦਾ ਸਾਂਝਾ ਦਸਤਾਵੇਜ਼ ਹੈ ਜਿਸ ਵਿੱਚ ਸੰਸਕ੍ਰਿਤੀ, ਪਰੰਪਰਾ ਤੇ ਮੁੱਖ ਧਾਰਾ ਇਤਿਹਾਸ ਬੋਧ ਨੂੰ ਕਾਂਟੇ ਹੇਠ ਰੱਖਿਆ ਗਿਆ ਹੈਇਸੇ ਕਰਕੇ ਜਿੱਥੇ ਅਣਵੰਡੇ ਪੰਜਾਬ ਦੇ ਰੌਚਿਕ-ਦ੍ਰਿਸ਼ ਤੇ ਮਿੱਸੇ ਸਭਿਆਚਾਰ ਦੀਆਂ ਤੰਦਾਂ ਨਾਵਲੀ ਬਿਰਤਾਂਤ ਨੂੰ ਗਤੀ ਦਿੰਦੀਆਂ ਹਨ ਉੱਥੇ ਹੀ ਨਾਵਲ ਦੇ ਦਲਿਤ ਪਾਤਰਾਂ ਦਾ ਰੋਣ ਧੋਣ ਵਾਲਾ ਬਿੰਬ ਨਾਵਲ ਦੇ ਚਿੱਤਰਪੱਟ ਤੋਂ ਨਦਾਰਦ ਰਹਿੰਦਾ ਹੈਇਸਦੀ ਥਾਂ ਦਲਿਤ ਬੰਦੇ ਦਾ ਰੌਸ਼ਨ ਖਿਆਲ, ਸੂਝਵਾਨ ਤੇ ਸੁੱਘੜ ਸਿਆਣੇ ਵਾਲਾ ਅਕਸ ਦਲਿਤਾਂ ਪ੍ਰਤੀ ‘ਉੱਚੇ’ ਦਰਾਂ ਤੋਂ ਸਥਾਪਿਤ ਧਾਰਨਾਵਾਂ ਨੂੰ ਚਲਾ ਕੇ ਮਾਰਦਾ ਹੈ

ਕੁਲ ਮਿਲਾ ਕੇ ਜਨ ਇਤਿਹਾਸ ਬੋਧ ਦੀਆਂ ਨਵੀਆਂ ਧਾਰਨਾਵਾਂ ਘੜਨ, ਸਨਾਤਨੀ ਸ਼ਾਸਤਰ ਨੂੰ ਰੱਦਣ ਅਤੇ ਹਿਕਾਰਤ ਦੀ ਦ੍ਰਿਸ਼ਟੀ ਦੇ ਸ਼ਿਕਾਰ ਦਲਿਤ ਵਰਗ ਦੀ ਮੌਲਿਕ ਸੰਸਕ੍ਰਿਤਕ ਚੇਤਨਾ ਅਤੇ ਗੌਰਵਸ਼ਾਲੀ ਵਿਰਾਸਤ ਨੂੰ ਪ੍ਰਸਤੁਤ ਕਰਨ ਵਿੱਚ ਇਹ ਨਾਵਲ ਪ੍ਰਭਾਵੀ ਹੈਹਿੰਦੀ ਦਲਿਤ ਸਾਹਿਤ ਦੇ ਚਾਰ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਵਿੱਚ ਡਾ. ਅੰਬੇਦਕਰ ਦਰਸ਼ਨ, ਮਹਾਤਮਾ ਜੋਤੀਬਾ ਫੂਲੇ ਦਾ ਸੰਘਰਸ਼, ਕਾਰਲ ਮਾਰਕਸ ਦੀ ਦ੍ਰਿਸ਼ਟੀ ਅਤੇ ਮਰਾਠੀ ਦਲਿਤ ਚੇਤਨਾ ਪ੍ਰਮੁੱਖ ਹੈਪਰ ਪੰਜਾਬੀ ਦਲਿਤ ਨਾਵਲ ਲਈ ਬਾਬੂ ਮੰਗੂ ਰਾਮ ਮੁੱਗੋਵਾਲ ਦੀ ਵਿਚਾਰਧਾਰਕ ਦ੍ਰਿਸ਼ਟੀ ਪਹਿਲੀ ਵਾਰ ਇੰਨੇ ਵੇਗ ਭਰੇ ਰੂਪ ਵਿੱਚ ਸਮਕਾਲੀ ਨਾਵਲ ਅੰਦਰ ਰਜਿਸਟਰ ਹੋਈ ਹੈਇਹ ਰਚਨਾ ‘ਕਲਾ ਕਲਾ ਲਈ ’ਤੇ ‘ਕਲਾ ਸਮਾਜ ਲਈ’ ਵਰਗੀਆਂ ਵਿਰੋਧੀ ਤੇ ਮੋਟੀਆਂ ਠੁੱਲ੍ਹੀਆਂ ਰਵਾਇਤੀ ਧਾਰਨਾਵਾਂ ਦੀ ਥਾਂ ‘ਕਲਾ ਮੁਕਤੀ ਲਈ’ ਦੇ ਸੰਕਲਪ ਨੂੰ ਉਜਾਗਰ ਕਰਦੀ ਦਿਸਦੀ ਹੈਬਲਬੀਰ ਮਾਧੋਪੁਰੀ ਨੇ ਨਾਵਲੀ ਸੁਹਜ ਨੂੰ ਬਰਕਰਾਰ ਰੱਖਦੇ ਹੋਏ ਦਲਿਤ ਚਿੰਤਨ ਨੂੰ ਸੰਵਾਦੀ ਸੁਰ ਦਿੱਤੀ ਹੈਅਜਿਹੀਆਂ ਅਨੇਕਾਂ ਗਲਪੀ ਵਿਸ਼ੇਸ਼ਤਾਵਾਂ ਕਰਕੇ ਇਹ ਨਾਵਲ ਭਾਰਤੀ ਦਲਿਤ ਨਾਵਲ ਦਾ ਦਸਤਾਵੇਜ਼ੀ ਪ੍ਰਚਵਨ ਹੈ

ਹਵਾਲੇ ਅਤੇ ਟਿੱਪਣੀਆਂ:

(1) ਬਲਬੀਰ ਮਾਧੋਪੁਰੀ, ਮਿੱਟੀ ਬੋਲ ਪਈ, ਪੰਨਾ 45

(2) ਉਹੀ, ਪੰਨਾ 56

(3) ਉਹੀ, ਪੰਨਾ 26

(4) ਉਹੀ, ਪੰਨਾ 196

(5) ਉਹੀ, ਪੰਨਾ 302

(6) ਉਹੀ, ਪੰਨਾ 112

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2809)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)