PaliRamBansal7“... ਮਠਿਆਈ ਆਦਿ ਬਣਾਉਣ ਲਈ ਕੜਾਹੀ ਵੀ ਚੜ੍ਹ ਚੁੱਕੀ ਸੀ ਤੇ ਜ਼ਿਆਦਾਤਰ ...”
(21 ਅਪਰੈਲ 2021)

 

“ਰਾਜ ਭਰਾਵਾ, ਜੇ ਵਿਆਹ ਪਿੰਡ ਕਰਨਾ ਐ ਤਾਂ ਅਸੀਂ ਨਹੀਂ ਆ ਸਕਦੇ।” ਚਾਹ-ਪਾਣੀ ਪੀਣ ਤੋਂ ਬਾਦ ਦਿੜਬੇ ਤੋਂ ਆਏ ਮੇਰੇ ਫੁੱਫੜ ਜੀ ਨੇ ਮੇਰੇ ਪਿਤਾ ਨੂੰ ਸੰਬੋਧਨ ਹੁੰਦਿਆਂ ਕਿਹਾ

“ਕੀ ਗੱਲ ਹੋਗੀ ਪ੍ਰਾਹੁਣਿਆ, ਗਲਤੀ ਹੋਗੀ ਸਾਡੇ ਕੋਲੋਂ ਕੋਈ?” ਮੇਰੇ ਪਿਤਾ ਜੀ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਪੁੱਛਿਆ

“ਨਹੀਂ ਨਹੀਂ, ਤੁਹਾਡੇ ਕੋਲੋਂ ਤਾਂ ਕੋਈ ਗਲਤੀ ਨਹੀਂ ਹੋਈ ਪਰ ਮੇਰੀ ਆਪਣੇ ਹੋਰ ਰਿਸ਼ਤੇਦਾਰ ਨਾਲ ਵੀ ਗੱਲ ਹੋਈ ਐ ਤੇ ਉਹ ਵੀ ਵਿਆਹ ਪਿੰਡ ਕਰਨ ਦੀ ਸੂਰਤ ਵਿੱਚ ਵਿਆਹ ਵਿੱਚ ਸ਼ਰੀਕ ਨਹੀਂ ਹੋਣਗੇ

ਫੁੱਫੜ ਦੀ ਗੱਲ ਨੇ ਪਿਤਾ ਜੀ ਦੀ ਚਿੰਤਾ ਹੋਰ ਵਧਾ ਦਿੱਤੀ ਤੇ ਚਿੰਤਾ ਦੀਆਂ ਲਕੀਰਾਂ ਉਨ੍ਹਾਂ ਦੇ ਮੱਥੇ ’ਤੇ ਸਾਫ ਦਿਖਾਈ ਦੇ ਰਹੀਆਂ ਸੀਚਾਹੁੰਦੇ ਹੋਏ ਵੀ ਦੋ ਸਿਆਣੇ ਤੇ ਬਜ਼ੁਰਗ ਬੰਦਿਆਂ ਦੀ ਗੱਲਬਾਤ ਵਿੱਚ ਹਿੱਸਾ ਲੈਣ ਦੀ ਮੇਰੀ ਜੁਰਅਤ ਨਹੀਂ ਹੋਈ

ਇਹ ਗੱਲ ਜਨਵਰੀ 1991 ਦੀ ਹੈਪੰਜਾਬ ਵਿੱਚ ਉਦੋਂ ਖਾੜਕੂਵਾਦ ਜ਼ੋਰਾਂ ’ਤੇ ਸੀ ਅਸੀਂ ਸਾਰਾ ਪਰਿਵਾਰ ਪਿੰਡ ਈਲਵਾਲ ਹੀ ਰਹਿੰਦੇ ਸੀ ਤੇ ਉਸ ਸਮੇਂ ਤਕ ਜ਼ਿਆਦਾਤਰ ਹਿੰਦੂ ਪਰਿਵਾਰ ਸਾਡੇ ਪਿੰਡ ਵਿੱਚੋਂ ਹਿਜਰਤ ਕਰਕੇ ਨੇੜਲੇ ਸ਼ਹਿਰ ਵਿੱਚ ਜਾਂ ਹਰਿਆਣੇ ਰਹਿਣ ਲੱਗ ਪਏ ਸੀਸਾਡੇ ਬਹੁਤੇ ਰਿਸ਼ਤੇਦਾਰ ਤੇ ਮਿੱਤਰ-ਸਨੇਹੀ ਸਾਨੂੰ ਵੀ ਪਿੰਡ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ’ਤੇ ਰਹਿਣ ਦਾ ਸੁਝਾਅ ਦਿੰਦੇ ਰਹਿੰਦੇ ਸੀ ਪਰ ਪਿੰਡ ਵਿੱਚ ਆਪਣੀ ਜ਼ਮੀਨ ’ਤੇ ਖੇਤੀ ਕਰਦੇ ਹੋਣ ਕਾਰਣ ਤੇ ਪਿੰਡ ਦੀ ਮਿੱਟੀ ਨਾਲ ਮੋਹ ਹੋਣ ਕਾਰਣ ਸਾਡੇ ਪਰਿਵਾਰ ਨੇ ਪਿੰਡ ਵਿੱਚ ਹੀ ਰਹਿਣਾ ਬਿਹਤਰ ਸਮਝਿਆਮੇਰੇ ਵੱਡੇ ਭਰਾ ਜੋ ਕਿ ਭਾਰਤੀ ਹਵਾਈ ਸੈਨਾ ਵਿੱਚ ਬੰਗਲੌਰ ਸੇਵਾ ਨਿਭਾ ਰਿਹਾ ਸੀ ਦਾ ਵਿਆਹ ਨਿਸ਼ਚਿਤ ਹੋਇਆ ਸੀ ਤੇ ਵਿਆਹ ਦੇ ਕਾਰਡ ਸਾਰੇ ਰਿਸ਼ਤੇਦਾਰ ਤੇ ਮਿੱਤਰਾਂ-ਸਨੇਹੀਆਂ ਨੂੰ ਜਾ ਚੁੱਕੇ ਸੀਵਿਆਹ ਦੇ ਕਾਰਡ ਵਿੱਚ ਵਿਆਹ ਦਾ ਸਥਾਨ ਵੀ ਪਿੰਡ ਦਾ ਹੀ ਲਿਖਿਆ ਹੋਇਆ ਸੀਮਠਿਆਈ ਆਦਿ ਬਣਾਉਣ ਲਈ ਕੜਾਹੀ ਵੀ ਚੜ੍ਹ ਚੁੱਕੀ ਸੀ ਤੇ ਜ਼ਿਆਦਾਤਰ ਮਠਿਆਈ ਬਣ ਕੇ ਤਿਆਰ ਵੀ ਹੋ ਚੁੱਕੀ ਸੀਪਿੰਡ ਵਿੱਚੋਂ ਮੰਜੇ-ਬਿਸਤਰੇ ਵੀ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸੀ

ਉਸ ਸਮੇਂ ਦੇ ਰਿਵਾਜ ਤੇ ਅਹਾਲਾਤ ਦੇ ਮੁਤਾਬਕ ਰਿਸ਼ਤੇਦਾਰ ਦੀ ਠਹਿਰ ਲਈ ਆਂਢ-ਗੁਆਂਡ ਦੀਆਂ ਬੈਠਕਾਂ-ਚੁਬਾਰੇ ਲੈ ਕੇ ਉਨ੍ਹਾਂ ਵਿੱਚ ਮੰਜੇ-ਬਿਸਤਰੇ ਵੀ ਲਾ ਦਿੱਤੇ ਸੀ

ਅਸਲੀਅਤ ਇਹ ਸੀ ਕਿ ਭਰਾ ਦੇ ਵਿਆਹ ਵਾਲੇ ਦਿਨ ਤੋਂ 3-4 ਦਿਨ ਪਹਿਲਾ ਹੀ ਫੁੱਫੜ ਜੀ ਨੂੰ, ਜੋ ਕਿ ਦਿੜਬਾ ਮੰਡੀ ਵਿੱਚ ਆੜ੍ਹਤੀ ਦਾ ਕੰਮ ਕਰਦੇ ਸੀ, ਨੂੰ ਫਿਰੌਤੀ ਲਈ ਧਮਕੀ ਭਰੀ ਚਿੱਠੀ ਆ ਗਈ ਸੀ ਕਿ ਫਲਾਣੀ ਤਰੀਕ ਤਕ ਫਿਰੌਤੀ ਦੀ ਰਕਮ ਨਿਸ਼ਚਿਤ ਸਥਾਨ ’ਤੇ ਪਹੁੰਚਾ ਦਿਓ ਨਹੀਂ ਤਾਂ ਸੋਧ ਦਿੱਤੇ ਜਾਓਗੇਫੁੱਫੜ ਜੀ ਤੇ ਉਨ੍ਹਾਂ ਦਾ ਪਰਿਵਾਰ ਇਸ ਤੋਂ ਪੂਰਾ ਭੈ-ਭੀਤ ਹੋ ਗਿਆ ਸੀ ਕਿਉਂਕਿ ਉਸ ਸਮੇਂ ਖਾੜਕੂਆਂ ਦੇ ਭੇਸ ਵਿੱਚ ਬਹੁਤ ਲੁਟੇਰੇ ਵਾਰਦਾਤਾਂ ਕਰਨ ਲੱਗ ਪਏ ਸੀ ਖਾੜਕੂਆਂ ਦੇ ਭੇਸ ਵਿੱਚ ਲੁਟੇਰੇ ਆਪਣੀਆਂ ਧਮਕੀਆਂ ਨੂੰ ਅੰਜਾਮ ਵੀ ਦੇ ਰਹੇ ਸੀ, ਇਸ ਲਈ ਫੁੱਫੜ ਜੀ ਹੁਰਾਂ ਦਾ ਭੈ-ਭੀਤ ਹੋਣਾ ਸੁਭਾਵਿਕ ਹੀ ਸੀ

ਖੈਰ, ਵਿਚਾਰ-ਵਟਾਂਦਰੇ ਤੋਂ ਬਾਦ ਸਾਡੇ ਪਰਿਵਾਰ ਨੇ ਸੋਚਿਆ ਕਿ ਜੇ ਰਿਸ਼ਤੇਦਾਰ ਹੀ ਨਾ ਆਏ ਤਾਂ ਵਿਆਹ ਦਾ ਸਵਾਦ ਹੀ ਖੱਟਾ ਹੋ ਜਾਵੇਗਾਹਫੜਾ ਦਫੜੀ ਵਿੱਚ ਫੈਸਲਾ ਲਿਆ ਕਿ ਚਲੋ ਨੇੜਲੇ ਸ਼ਹਿਰ ਸੰਗਰੂਰ ਕਿਰਾਏ ’ਤੇ ਮਕਾਨ ਲੈ ਕੇ ਉੱਥੇ ਹੀ ਵਿਆਹ ਦੀਆਂ ਰਸਮਾਂ ਕਰ ਲੈਂਦੇ ਹਾਂਪਰ ਚਿੰਤਾ ਇਸ ਗੱਲ ਦੀ ਸੀ ਕਿ ਵਿਆਹ ਵਿੱਚ ਤਾਂ ਦੋ ਦਿਨ ਹੀ ਰਹਿੰਦੇ ਨੇ, ਐਨੀ ਜਲਦੀ ਸਾਰੇ ਇੰਤਜ਼ਾਮ ਕਿਵੇਂ ਹੋਣਗੇ ਨਵੀਂ ਜਗ੍ਹਾ ’ਤੇ ਸਾਰਾ ਲੱਲਾ-ਖੱਖਾ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂਪਰ ਮਰਦੀ ਕੀ ਨਹੀਂ ਕਰਦੀ

ਸੰਗਰੂਰ ਆਪਣੇ ਜਾਣਕਾਰਾਂ ਦੀ ਬਦੌਲਤ ਸੰਗਰੂਰ ਸ਼ਹਿਰ ਵਿੱਚ ਬੱਸ ਸਟੈਂਡ ਦੇ ਨੇੜੇ ਹੀ ਇੱਕ ਘਰ ਕਿਰਾਏ ’ਤੇ ਮਿਲ ਗਿਆਹੁਣ ਚਿੰਤਾ ਇਸ ਗੱਲ ਦੀ ਸੀ ਕਿ ਸਾਰੇ ਰਿਸ਼ਤੇਦਾਰ ਨੂੰ ਤਾਂ ਪ੍ਰੋਗਰਾਮ ਪਿੰਡ ਦਾ ਦਿੱਤਾ ਹੋਇਆ ਹੈ ਤੇ ਬਾਰਾਤ ਤੋਂ ਇੱਕ ਦਿਨ ਪਹਿਲਾਂ ਪਿੰਡ ਦੇ ਗੁਰੂਘਰ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ ਵੀ ਰੱਖੇ ਹੋਏ ਸੀ, ਕਿਵੇਂ ਸੁਨੇਹੇ ਦੇਵਾਂਗੇ, ਵਿਆਹ ਦੇ ਸਥਾਨ ਦੀ ਤਬਦੀਲੀ ਦਾ? ਉਨ੍ਹਾਂ ਸਮਿਆਂ ਵਿੱਚ ਮੋਬਾਇਲ ਫੋਨ ਤਾਂ ਦੂਰ, ਪਿੰਡ ਵਿੱਚ ਲੈਂਡਲਾਈਨ ਫੋਨ ਵੀ ਕਿਸੇ ਕੋਲ ਨਹੀਂ ਸੀਨਾਲ ਹੀ ਉਨ੍ਹਾਂ ਸਮਿਆਂ ਵਿੱਚ ਆਉਣ-ਜਾਣ ਦੇ ਆਪਣੇ ਸਾਧਨ ਕਿਸੇ ਵਿਰਲੇ ਕੋਲ ਹੀ ਹੁੰਦੇ ਸੀ ਤੇ ਬੱਸ ਜਾ ਟੈਂਪੂ ਰਾਹੀਂ ਹੀ ਪਿੰਡਾਂ ਵਿੱਚ ਪਹੁੰਚਿਆ ਜਾ ਸਕਦਾ ਸੀਸਾਡੇ ਪਿੰਡ ਵਿੱਚ ਦੋ ਜਗ੍ਹਾ ’ਤੇ ਬੱਸ/ਟੈਂਪੂ ਰੁਕਦੇ ਸੀ ਤੇ ਦੋ ਦਿਨ ਸਵੇਰ ਤੋਂ ਲੈ ਕੇ ਸ਼ਾਮ ਤਕ ਦੋਨੇ ਜਗ੍ਹਾ ’ਤੇ ਇੱਕ-ਇੱਕ ਬੰਦਾ ਖੜ੍ਹਾਇਆ ਕਿ ਬੱਸ/ ਟੈਪੂ ਵਿੱਚੋਂ ਉੱਤਰਕੇ ਜੇ ਕੋਈ ਸਾਡਾ ਘਰ ਪੁੱਛੇ ਜਾ ਕੋਈ ਬਾਹਰਲਾ ਬੰਦਾ ਆਵੇ ਤਾਂ ਉਨ੍ਹਾਂ ਨੂੰ ਦੱਸ ਦੇਣਾ ਕਿ ਵਿਆਹ ਲਈ ਸੰਗਰੂਰ ਇਸ ਸਥਾਨ ’ਤੇ ਪਹੁੰਚਣਾ ਹੈ

ਬਾਰਾਤ ਤੋਂ ਇੱਕ ਦਿਨ ਪਹਿਲਾ ਪਿੰਡ ਗੁਰੂ ਘਰ ਆਖੰਡ ਸਾਹਿਬ ਦੇ ਭੋਗ ਦੀ ਰਸਮ ਤੋਂ ਬਾਦ ਜਲਦੀ ਜਲਦੀ ਲੋੜੀਂਦਾ ਸਾਮਾਨ ਟਰੈਕਟਰ-ਟਰਾਲੀ ਵਿੱਚ ਲੱਦ ਕੇ ਅਸੀਂ ਸੰਗਰੂਰ ਪਹੁੰਚੇ ਤੇ ਅਗਲੇ ਦਿਨ ਜੀਂਦ (ਹਰਿਆਣਾ) ਵਿੱਚ ਬਾਰਾਤ ਲੈ ਕੇ ਭਰਾ ਨੂੰ ਵਿਆਹੁਣ ਚਲੇ ਗਏ

ਵਿਆਹ ਦੇ ਸਾਰੇ ਚਾਅ ਲਗਭਗ ਖਤਮ ਹੀ ਹੋ ਚੁੱਕੇ ਸੀ ਪਰ ਫੇਰ ਵੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਸੰਗਰੂਰ ਵਾਪਸ ਆ ਗਏਸੰਗਰੂਰ ਵਿੱਚ ਕਿਰਾਏ ’ਤੇ ਲਿਆ ਮਕਾਨ ਬਿਲਕੁਲ ਓਪਰੀ ਜਗ੍ਹਾ ’ਤੇ ਹੋਣ ਕਰਕੇ ਤੇ ਆਂਢ-ਗੁਆਂਢ ਬਿਲਕੁਲ ਅਣਜਾਣ ਹੋਣ ਕਰਕੇ ਵਿਆਹ ਦੇ ਸਾਰੇ ਚਾਵਾਂ ਦਾ ਆਨੰਦ ਨਾ ਮਾਣ ਸਕੇ

ਸਮਾਂ ਲੰਘਦਾ ਗਿਆ ਤੇ ਕੁਝ ਸਮੇਂ ਬਾਦ ਪਤਾ ਲੱਗਿਆ ਕਿ ਫਿਰੌਤੀ ਦੀ ਚਿੱਠੀ ਕਿਸੇ ਭੇਤੀ ਨੇ ਹੀ ਲਿਖੀ ਸੀਚਿੱਠੀ ਲਿਖਣ ਵਾਲੇ ਦਾ ਤਾਂ ਪਤਾ ਨਹੀਂ ਕਿ ਕੀ ਹੋਇਆ ਪਰ ਸਾਡੇ ਪਰਿਵਾਰ ਦੇ ਖੁਸ਼ੀਆ ਤੇ ਚਾਵਾਂ ਨਾਲ ਵਿਆਹ ਕਰਨ ਦੇ ਅਰਮਾਨ ਅਧੂਰੇ ਹੀ ਰਹਿ ਗਏ

ਸ਼ਾਲਾ, ਪੰਜਾਬ ਨੂੰ ਉਹ ਦਿਨ ਸੁਪਨੇ ਵਿੱਚ ਵੀ ਨਾ ਦੇਖਣੇ ਪੈਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2722)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪਾਲੀ ਰਾਮ ਬਾਂਸਲ

ਪਾਲੀ ਰਾਮ ਬਾਂਸਲ

Sangrur, Punjab, India.
Phone: (91 - 81465 - 80919)
Email: (bansalpali@yahoo.in)