PaliRamBansal7ਪੁਲਿਸ ਚੌਂਕੀ ਦਾ ਨਾਂ ਸੁਣਕੇ ਮੇਰੀ ਤਾਂ ਖਾਨਿਓਂ ਗਈ, ਮੈਂ ਬਹਾਨਾ ਮਾਰ ਕੇ ਖਹਿੜਾ ...
(18 ਅਪਰੈਲ 2020)

 

ਇਹ ਗੱਲ 1990-91 ਦੀ ਹੈਪੰਜਾਬ ਦੇ ਹਾਲਾਤ ਉਦੋਂ ਕਾਫੀ ਖਰਾਬ ਸਨਗੁਨਾਹਗਾਰਾਂ ਦੇ ਨਾਲ ਨਾਲ ਬਹੁਤ ਬੇ-ਗੁਨਾਹੇ ਵੀ ਜਾਨ ਤੋਂ ਹੱਥ ਧੋ ਰਹੇ ਸਨਕੁਝ ਵਿਅਕਤੀ ਤਾਂ ਵਿਚਾਰਧਾਰਿਕ ਮਤਭੇਦ ਹੋਣ ਕਾਰਣ ਹਮਲਿਆਂ ਦਾ ਸ਼ਿਕਾਰ ਹੋ ਰਹੇ ਸੀ ਪਰ ਕੁਝ ਖਾੜਕੂਵਾਦ ਦੇ ਨਾਂ ’ਤੇ ਜਾਤੀ ਦੁਸ਼ਮਣੀਆਂ ਵੀ ਕੱਢ ਰਹੇ ਸੀ

ਮੈਂਨੂੰ ਕੁਝ ਤਾਂ ਜਵਾਨੀ ਦਾ ਖੁਮਾਰ ਤੇ ਸ਼ੌਕ ਸੀ ਤੇ ਦੂਸਰਾ ਜ਼ਿਆਦਾਤਰ ਮਿੱਤਰ ਦੋਸਤ ਸਰਦਾਰ ਹੋਣ ਕਾਰਣ ਉਹਨਾਂ ਵਾਂਗ ਦਾਹੜੀ ਵੀ ਥੋੜ੍ਹੀ ਵੱਡੀ ਰੱਖਦਾ ਸੀ ਤੇ ਮੁੱਛ ਵੀ ਖੜ੍ਹੀਲੰਬਾ ਸਮਾਂ ਕੂਮੈਂਟਰੀ ਕਰਨ ਕਰਕੇ ਤੇ ਸਟੇਜ ਕਲਾਕਾਰ ਹੋਣ ਕਰਕੇ ਆਵਾਜ਼ ਵੀ ਕਾਫੀ ਪ੍ਰਭਾਵਸ਼ਾਲੀ ਬਣ ਗਈ ਸੀਉਨ੍ਹੀਂ ਦਿਨੀਂ ਸਰਦੀ ਦੇ ਦਿਨ ਹੋਣ ਕਾਰਣ ਸੰਘਣੀ ਧੁੰਦ ਪੈ ਰਹੀ ਸੀ, ਇਸ ਲਈ ਆਪਣੇ ਪਿੰਡ ਈਲਵਾਲ ਤੋਂ ਮਾਲਵਾ ਗਰਾਮੀਣ ਬੈਂਕ ਖਨਾਲ ਕਲਾਂ, ਜਿੱਥੇ ਬਤੌਰ ਮੈਨੇਜਰ ਮੈਂ ਸੇਵਾ ਨਿਭਾ ਰਿਹਾ ਸੀ, ਸਕੂਟਰ ਦੀ ਬਜਾਏ ਬੱਸ ਰਾਹੀਂ ਹੀ ਸਫਰ ਕਰਦਾ ਸੀ ਸੂਲਰ ਘਰਾਟ ਤੋਂ ਖਨਾਲ ਕਲਾਂ ਜਾਣ ਲਈ ਜ਼ਿਆਦਾਤਰ ਬੱਸ ਬਦਲਣੀ ਹੀ ਪੈਂਦੀ ਸੀ ਉਸ ਦਿਨ ਵੀ ਮੈਂ ਖਨਾਲ ਕਲਾਂ ਜਾਣ ਲਈ ਸੂਲਰ ਘਰਾਟ ਨਹਿਰ ’ਤੇ ਬੱਸ ਦੀ ਉਡੀਕ ਕਰ ਰਿਹਾ ਸੀ

“ਕੀ ਹਾਲ ਐ ਮੈਨੇਜਰ ਸਾਹਿਬ?” ਥਾਣੇਦਾਰ ਬਲਵੀਰ ਸਿੰਘ ਨੇ ਪਿੱਛੋਂ ਮੋਡੇ ’ਤੇ ਹੱਥ ਮਾਰਦਿਆਂ ਪੁੱਛਿਆ

“ਠੀਕ ਐ ਜੀ, ਤੁਸੀਂ ਸੁਣਾਓ

“ਅੱਜਕਲ ਬਹੁਤ ਸੁਰਖੀਆਂ ਵਿੱਚ ਆ ਰਹੇ ਹੋ ...” ਬਲਵੀਰ ਸਿੰਘ ਨੇ ਟਕੋਰ ਕਰਦਿਆਂ ਕਿਹਾ

“ਕਿਹੜੀਆਂ ਸੁਰਖੀਆਂ ਵਿੱਚ ਜੀ?” ਮੈਂ ਹੈਰਾਨੀ ਨਾਲ ਪੁੱਛਿਆ

“ਅਤਿਵਾਦੀਆਂ ਨਾਲ ਸਬੰਧਾਂ ਦੀਆਂ ...” ਬਲਵੀਰ ਸਿੰਘ ਫਿਰ ਮੁਸਕੜੀਏਂ ਹੱਸ ਪਿਆ

ਬਲਵੀਰ ਸਿੰਘ ਦੀ ਗੱਲ ਸੁਣਕੇ ਇੱਕ ਵਾਰ ਤਾਂ ਹੱਡ-ਚੀਰਵੀਂ ਠੰਢ ਹੋਣ ਦੇ ਬਾਵਜੂਦ ਮੈਂਨੂੰ ਤਰੇਲੀਆਂ ਆ ਗਈਆਂ ਪਰ ਆਪਣੇ ਆਪ ਨੂੰ ਸੰਭਾਲਦਿਆਂ ਮੈਂ ਕਿਹਾ, “ਬਲਵੀਰ ਸਿੰਘ ਜੀ, ਕਿਉਂ ਮਜ਼ਾਕ ਕਰਦੇ ਹੋ? ਮੈਂ ਤੇ ਅਤਿਵਾਦੀਆਂ ਨਾਲ ਸਬੰਧ? ਇਹ ਕਿਵੇਂ ਹੋ ਸਕਦਾ ਹੈ?”

ਬਲਵੀਰ ਸਿੰਘ ਨੇ ਹੁਣ ਸੱਚਮੁੱਚ ਬਹੁਤ ਹੀ ਗੰਭੀਰਤਾ ਦਿਖਾਉਂਦੇ ਹੋਏ ਕਿਹਾ, “ਜੇ ਠੀਕ ਸਮਝੋਂ ਤਾਂ ਚੌਂਕੀ ਬੈਠਕੇ ਹੀ ਗੱਲ ਕਰਦੇ ਹਾਂ ਤੇ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਆਂ।”

ਪੁਲਿਸ ਚੌਂਕੀ ਦਾ ਨਾਂ ਸੁਣਕੇ ਮੇਰੇ ਤਾਂ ਖਾਨਿਓ ਗਈ, ਮੈਂ ਬਹਾਨਾ ਮਾਰ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ. “ਮੇਰੇ ਕੋਲ ਬੈਂਕ ਦੀਆਂ ਚਾਬੀਆਂ ਨੇ ਤੇ ਮੈਂ ਲੇਟ ਹੋ ਜਾਵਾਂਗਾ ਮੈਂ ਸ਼ਾਮ ਨੂੰ ਆ ਜਾਵਾਂਗਾ ...।” ਮੈਂ ਸੋਚ ਰਿਹਾ ਸੀ, ਜੇ ਹੁਣ ਗੱਲ ਟਲ ਜਾਵੇ ਤਾ ਸ਼ਾਮ ਨੂੰ ਚਾਰ ਮੋਹਤਬਰ ਬੰਦੇ ਨਪਲ ਲੈ ਕੇ ਪੇਸ਼ ਹੋ ਜਾਵਾਂਗਾ

ਥਾਣੇਦਾਰ ਨੇ ਮੇਰਾ ਡਰ ਭਾਂਪਦਿਆ ਕਿਹਾ, “ਮੈਨੇਜਰ ਸਾਹਿਬ, ਡਰੋ ਨਾ ਮੇਰੇ ’ਤੇ ਵਿਸ਼ਵਾਸ ਰੱਖੋ, ਮੈਂ ਖੁਦ ਤੁਹਾਨੂੰ ਬੈਂਕ ਛੱਡ ਕੇ ਆਵਾਂਗਾ

ਮਨ ਤਾਂ ਨਹੀਂ ਸੀ ਮੰਨ ਰਿਹਾ ਪਰ ਹੌਸਲਾ ਜਿਹਾ ਕਰਕੇ ਮੈਂ ਬਲਵੀਰ ਸਿੰਘ ਦੇ ਬੁਲਟ ਮੋਟਰਸਾਈਕਲ ’ਤੇ ਬੈਠਕੇ ਪੁਲਿਸ ਚੌਂਕੀ ਚਲਾ ਗਿਆ ਅੰਦਰੋਂ ਮੈਂ ਡਰ ਰਿਹਾ ਸੀ ਕਿ ਪਤਾ ਨਹੀਂ ਕੀ ਹੋਊ, ਕਿਉਂਕਿ ਉਸ ਸਮੇਂ ਪੁਲਿਸ ਰਾਜ ਸੀ ਤੇ ਸੁਣਵਾਈ ਵੀ ਬਹੁਤ ਘੱਟ ਹੁੰਦੀ ਸੀ ਰੋਜ਼ਾਨਾ ਖਬਰਾਂ ਆਉਂਦੀਆਂ ਰਹਿੰਦੀਆਂ ਸਨ, ਕਿਸੇ ਜਗਾਹ ਖਾੜਕੂਆਂ ਵਲੋਂ ਕਿਸੇ ਵਿਅਕਤੀ ਨੂੰ ਅਗਵਾ ਕਰਕੇ ਕਤਲ ਕਰ ਦੇਣਾ ਤੇ ਕਿਸੇ ਜਗਾਹ ਪੁਲਿਸ ਵਲੋਂ ਸ਼ਰੇਆਮ ਭਰੇ-ਬਾਜ਼ਾਰ ਵਿੱਚੋਂ ਅਗਵਾ ਕਰਕੇ ਮੁਕਾਬਲਾ ਦਿਖਾ ਕੇ ਮਾਰ ਦੇਣਾਅੰਦਰੋਂ ਦਿਲ ਤਾਂ ਧੜਕ ਰਿਹਾ ਸੀ ਪਰ ਚਿਹਰੇ ’ਤੇ ਡਰ ਨਾ ਆਵੇ, ਮੈਂ ਇਸਦੀ ਵੀ ਕੋਸ਼ਿਸ਼ ਕਰ ਰਿਹਾ ਸੀ

ਅੱਖ ਝਪਕਦੇ ਹੀ ਅਸੀਂ ਪੁਲਿਸ ਚੌਕੀ ਪਹੁੰਚ ਗਏ ਅਤੇ ਚੌਕੀ ਇੰਚਾਰਜ ਦੇ ਕਮਰੇ ਵਿੱਚ ਬੈਠ ਗਏ

ਬਲਵੀਰ ਸਿੰਘ ਨੇ ਹੋਮਗਾਰਡ ਜਵਾਨ ਨੂੰ ਦੋ ਕੱਪ ਚਾਹ ਲਿਆਉਣ ਦਾ ਹੁਕਮ ਦਿੱਤਾ ਤੇ ਹਦਾਇਤ ਕੀਤੀ ਕਿ ਅਸੀਂ ਜ਼ਰੂਰੀ ਗੱਲ ਕਰਨੀ ਐ, ਕੋਈ ਅੰਦਰ ਨਾ ਆਵੇਬਲਵੀਰ ਸਿੰਘ ਨੇ “ਜ਼ਰੂਰੀ ਗੱਲ ਕਰਨੀ ਐ” ਕਹਿ ਕੇ ਮੇਰੇ ਦਿਲ ਦਾ ਧੜਕੂ ਹੋਰ ਵਧਾ ਦਿੱਤਾ, ਪਤਾ ਨਹੀਂ ਕਿਹੜੀ ਜ਼ਰੂਰੀ ਗੱਲ ਹੋਊ? ਮੈਂ ਆਪਣੇ ਇਸ਼ਟ ਨੂੰ ਧਿਆਉਣ ਲੱਗ ਪਿਆ।

ਥਾਣੇਦਾਰ ਬੋਲਿਆ, “ਸੂਲਰ ਘਰਾਟ ਮੰਡੀ ਵਿੱਚ ਇਲਾਕੇ ਦੀ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਜੋ ਫੌਜ ਦੀ ਟੁਕੜੀ ਉੱਥੇ ਲਗਾਈ ਹੋਈ ਐ, ਉਸਦੇ ਕਮਾਂਡਰ ਕੋਲ ਕਿਸੇ ਵਿਅਕਤੀ ਨੇ ਤੁਹਾਡੀ ਸ਼ਿਕਾਇਤ ਕੀਤੀ ਐ ਕਿ ਤੁਹਾਡੇ ਕੋਲ ਅਤਿਵਾਦੀ ਆਉਂਦੇ ਨੇ ਤੇ ਅਤਿਵਾਦੀਆਂ ਨਾਲ ਤੁਹਾਡੇ ਨੇੜਲੇ ਸਬੰਧ ਨੇ ਤੁਸੀਂ ਮਿਲ ਆਇਓ ਕਮਾਂਡਰ ਸਾਹਿਬ ਨੂੰਉਹਨਾਂ ਨੇ ਹੀ ਪੁੱਛਿਆ ਸੀ ਮੈਨੂੰ ਤੁਹਾਡੇ ਬਾਰੇਵੈਸੇ ਮੈਂ ਤਾਂ ਕਹਿ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ, ਉਹ ਤਾਂ ਜੀ ਕਾਮਰੇਡ ਵਿਚਾਰਧਾਰਾ ਵਾਲਾ ਈਮਾਨਦਾਰ, ਸਾਫ-ਸੁਥਰੇ ਅਕਸ ਵਾਲਾ ਅਣਖੀਲਾ ਅਫਸਰ ਹੈ... ਹਾਂ, ਕਦੇ ਕਦੇ ਥੋੜ੍ਹਾ ਰੁੱਖਾ ਜ਼ਰੂਰ ਬੋਲ ਜਾਂਦਾ ਹੈ, ਜਦੋਂ ਕੋਈ ਤਿੰਨ-ਪੰਜ ਕਰੇ, ਚਾਹੇ ਕੋਈ ਕਿੰਨਾ ਵੀ ਖੱਬੀ-ਖਾਨ ਕਿਉਂ ਨਾ ਹੋਵੇ।”

ਬਲਵੀਰ ਸਿੰਘ ਵਲੋਂ ਫੌਜੀ ਅਫਸਰ ਨੂੰ ਮੇਰੀ ਸਹਿਤੀ ਭਰਨ ਦੀ ਗੱਲ ਸੁਣਕੇ ਮਨ ਨੂੰ ਧਰਵਾਸ ਮਿਲਿਆ ਤੇ ਕੁਝ ਤਸੱਲੀ ਹੋਈ ਪਰ ਮਨ ਵਿੱਚ ਡਰ ਵੀ ਸੀ ਤੇ ਗੁੱਸਾ ਵੀ ਕਿ ਇਹੋ ਜਿਹੀ ਬਿਲਕੁਲ ਝੂਠੀ ਅਤੇ ਮਨਘੜਤ ਸ਼ਿਕਾਇਤ ਕਿਸ ਨੇ, ਤੇ ਕਿਉਂ ਕੀਤੀ ਹੈ? ਮੈਂ ਤਾਂ ਬਗੈਰ ਕਿਸੇ ਡਰ-ਭੈ ਤੇ ਪੱਖਪਾਤ ਦੇ ਤਨ ਮਨ ਨਾਲ ਇਲਾਕੇ ਦੀ ਪੂਰੀ ਸੇਵਾ ਕਰ ਰਿਹਾ ਸੀ।

ਮੈਂ ਬਲਵੀਰ ਸਿੰਘ ਦਾ ਧੰਨਵਾਦ ਕੀਤਾਨਾਲ ਹੀ ਇਹ ਸੋਚਕੇ ਕਿ ਦੇਰ ਕਿਉਂ ਕਰਨੀ ਹੈ, ਅੱਜ ਹੀ ਮਿਲ ਲੈਂਦੇ ਹਾਂ ਫੌਜੀ ਅਫਸਰ ਨੂੰ, ਮੈਂ ਜਿੱਥੇ ਫੌਜ ਦੀ ਟੁਕੜੀ ਬੈਠੀ ਸੀ, ਉੱਥੇ ਨੂੰ ਪੈਦਲ ਹੀ ਚਲਾ ਗਿਆਸੰਤਰੀ ਨੂੰ ਆਪਣੇ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਸਾਹਿਬ ਨੂੰ ਮਿਲਣਾ ਹੈਸੰਤਰੀ ਨੇ ਮੇਰਾ ਨਾਂ ਪਤਾ ਨੋਟ ਕਰ ਲਿਆ ਤੇ ਆਪਣੇ ਸਾਹਿਬ ਨੂੰ ਜਾ ਦੱਸਿਆਧੜਕਦੇ ਮਨ ਨਾਲ ਬਾਹਰ ਫੌਜੀ ਅਫਸਰ ਦੇ ਬੁਲਾਵੇ ਦੀ ਉਡੀਕ ਕਰਦਾ ਮੈਂ ਸੋਚ ਰਿਹਾ ਸੀ ਕਿ ਪਤਾ ਨੀ ਕੀ ਹੋਊ? ਉਹਨੀ ਦਿਨੀਂ ਮੁਬਾਇਲ ਫੋਨ ਤਾਂ ਦੂਰ ਦੀ ਗੱਲ, ਲੈਂਡਲਾਈਨ ਫੋਨ ਵੀ ਵਿਰਲਾ ਵਿਰਲਾ ਹੀ ਹੁੰਦਾ ਸੀਇਸ ਲਈ ਕਿਸੇ ਮਿੱਤਰ ਦੋਸਤ ਜਾਂ ਘਰ ਇਤਲਾਹ ਵੀ ਨਹੀਂ ਕਰ ਸਕਦਾ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ

ਸੰਤਰੀ ਨੇ ਆ ਕੇ ਮੇਰੇ ਵਿਚਾਰਾਂ ਦੀ ਲੜੀ ਤੋੜੀ, “ਚਲੇ ਜਾਓ ਅੰਦਰ, ਸਾਹਿਬ ਨੇ ਬੁਲਾਇਆ ਹੈ।”

ਸਾਹਮਣੇ ਉੱਚੇ-ਲੰਬੇ ਕੱਦ ਦਾ ਤੇ ਰੋਹਬਦਾਰ ਚਿਹਰੇ ਵਾਲਾ ਫੌਜ ਦਾ ਇੰਚਾਰਜ (ਸ਼ਾਇਦ ਕੈਪਟਨ ਰੈਂਕ) ਦਾ ਇੱਕ ਨੌਜਵਾਨ ਸਿੱਖ ਅਫਸਰ ਬੈਠਾ ਸੀ।”

“ਆ ਜੋ ਮੈਨੇਜਰ ਸਾਹਿਬ, ਲੰਘ ਆਓ” ਅਫਸਰ ਨੇ ਬੜੇ ਅਦਬ ਨਾਲ ਅੰਦਰ ਆਉਣ ਨੂੰ ਕਿਹਾਅਫਸਰ ਦਾ ਦੋਸਤਾਨਾ ਰਵਈਆ ਦੇਖਕੇ ਕੁਝ ਹੌਸਲਾ ਮਿਲਿਆਰਸਮੀ ਦੁਆ ਸਲਾਮ ਤੋਂ ਬਾਅਦ ਫੌਜੀ ਅਫਸਰ ਨੇ ਮੈਥੋਂ ਮੇਰੇ ਪਰਿਵਾਰ ਬਾਰੇ, ਪੜ੍ਹਾਈ ਬਾਰੇ, ਵਿਦਿਆਰਥੀ ਯੂਨੀਅਨ ਬਾਰੇ ਤੇ ਹੋਰ ਪਿਛੋਕੜ ਦੀ ਜਾਣਕਾਰੀ ਲਈਫਿਰ ਕਹਿਣ ਲੱਗੇ, “ਤੁਸੀਂ ਛੇ ਫੁੱਟ ਤੇ ਚੰਗੇ ਜੁੱਸੇ ਵਾਲੇ ਨੌਜਵਾਨ ਹੋ ਕੇ ਵੀ ਬੈਂਕ ਵਿੱਚ ਕਿਉਂ ਲੱਗੇ ਹੋਏ ਹੋ? ਤੁਹਾਨੂੰ ਤਾਂ ਫੌਜ ਵਿੱਚ ਭਰਤੀ ਹੋਣਾ ਚਾਹੀਦਾ ਸੀ?”

ਮੈਂ ਦੱਸਿਆ, “ਇੱਛਾ ਤਾਂ ਫੌਜੀ ਅਫਸਰ ਬਣਨ ਦੀ ਹੀ ਸੀ ਪਰ ਵੱਡੇ ਭਰਾ ਦੇ ਹਵਾਈ ਫੌਜ ਵਿੱਚ ਹੋਣ ਕਾਰਣ ਮਾਂ-ਬਾਪ ਨੇ ਮੈਂਨੂੰ ਸਿਵਲ ਨੌਕਰੀ ਚੁਣਨ ਨੂੰ ਹੀ ਤਰਜੀਹ ਦੇਣ ਲਈ ਕਿਹਾ ਸੀ

ਆਪਣੀ ਸਾਰੀ ਤਸੱਲੀ ਕਰਨ ਤੋਂ ਬਾਦ ਫੌਜੀ ਅਫਸਰ ਨੇ ਮੁੱਦੇ ਦੀ ਗੱਲ ਕੀਤੀਉਸਨੇ ਦੱਸਿਆ, “ਤੁਹਾਡੇ ਖਿਲਾਫ ਦਰਖਾਸਤ ਐ ਕਿ ਤੁਸੀਂ ਅਤਿਵਾਦੀਆ ਨਾਲ ਸਬੰਧ ਰੱਖਦੇ ਹੋ ਤੇ ਅਤਿਵਾਦੀਆ ਨੂੰ ਪਨਾਹ ਦਿੰਦੇ ਹੋ

ਅਫਸਰ ਦੀ ਇਹ ਗੱਲ ਸੁਣਕੇ ਇੱਕ ਵਾਰ ਤਾਂ ਧਰਤੀ ਘੁੰਮਦੀ ਦਿਖਾਈ ਦਿੱਤੀ ਪਰ ਚਿਹਰੇ ਮੈਂ ’ਤੇ ਹੌਸਲਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਅਫਸਰ ਨੇ ਸ਼ਿਕਾਇਤ ਬਾਰੇ ਦੱਸਿਆ ਤਾਂ ਪਤਾ ਲੱਗਾ ਕਿ ਸ਼ਿਕਾਇਤ ਨੇੜਲੇ ਪਿੰਡ ਦੇ ਇੱਕ ਵਿਅਕਤੀ ਦੀ ਘਰਵਾਲੀ ਨੇ ਕੀਤੀ ਸੀ, ਜਿਸਦਾ ਪਿਤਾ ਰਿਟਾਇਰਡ ਫੌਜੀ ਸੀਉਹ ਵਿਅਕਤੀ ਕੁਝ ਦਿਨ ਪਹਿਲਾਂ ਇਲਾਕੇ ਵਿੱਚ ਅਨੁਸੂਚਿਤ ਜਾਤੀਆਂ ਦੇ ਕਰਜ਼ੇ ਦੇ ਫਾਰਮ ਭਰਨ ਦੇ ਨਾਮ ’ਤੇ 200-200 ਰੁਪਏ ਲੈ ਰਿਹਾ ਸੀ ਤੇ ਜਦੋਂ ਇਸ ਗੱਲ ਦਾ ਮੈਂਨੂੰ ਪਤਾ ਲੱਗਿਆ ਤਾਂ ਮੈਂ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਇਕੱਠ ਵਿੱਚ ਸਾਰੇ ਪੈਸੇ ਵਾਪਸ ਕਰਵਾਏ ਸਨ ਤੇ ਉਸ ਵਿਅਕਤੀ ਦੀ ਚੰਗੀ ਘੂਰ-ਘੱਪ ਵੀ ਕੀਤੀ ਸੀਇਸ ਰੰਜਿਸ਼ ਤਹਿਤ ਹੀ ਉਸਨੇ ਮੇਰੇ ਖਿਲਾਫ ਇਹ ਮਨਘੜਤ ਅਤੇ ਝੂਠੀ ਸ਼ਿਕਾਇਤ ਆਪਣੀ ਧੀ ਤੋਂ ਕਰਵਾਈ ਸੀਮੈਂ ਸਾਰੀ ਗੱਲ ਕੈਪਟਨ ਸਾਹਿਬ ਨੂੰ ਦੱਸ ਦਿੱਤੀ

ਕੈਪਟਨ ਸਾਹਿਬ ਨੂੰ ਸਾਰੀ ਗੱਲ ਸਮਝ ਆ ਗਈਉਹਨਾਂ ਦੇ ਚਿਹਰੇ ਉੱਪਰ ਗੁੱਸੇ ਅਤੇ ਦੁੱਖ ਦਾ ਸੁਮੇਲ ਸਾਫ ਝਲਕ ਰਿਹਾ ਸੀਮੱਥੇ ਤੇ ਹੱਥ ਮਾਰਕੇ ਕੈਪਟਨ ਨੇ ਕਿਹਾ, “ਮੈਨੇਜਰ ਸਾਹਿਬ, ਇਹੋ ਜਿਹੇ ਝੂਠੀਆਂ ਸ਼ਿਕਾਇਤਾਂ ਕਰਕੇ ਜਾਤੀ ਰੰਜਿਸ਼ਾਂ ਕੱਢਣ ਵਾਲੇ ਤਾਂ ਸਮਾਜ ਲਈ ਅਤਿਵਾਦੀਆਂ ਨਾਲੋਂ ਵੀ ਵੱਧ ਖਤਰਨਾਕ ਨੇ।”

ਮੇਰੇ ਨਾਲ ਹੱਥ ਮਿਲਾਉਂਦੇ ਹੋਏ ਫੌਜੀ ਅਫਸਰ ਨੇ ਮੇਰੇ ਵਲੋਂ ਵੀ ਘੁੱਟ ਕੇ ਹੱਥ ਮਿਲਾਉਣ ਨੂੰ ਦੇਖਦੇ ਹੋਏ ਕਿਹਾ, “ਮੈਨੇਜਰ ਸਾਹਿਬ, ਤੁਸੀਂ ਬੇਸ਼ਕ ਫੌਜ ਵਿੱਚ ਅਫਸਰ ਭਰਤੀ ਤਾਂ ਨਹੀਂ ਹੋ ਸਕੇ ਪਰ ਹੱਥ ਮਿਲਾਉਣ ਦਾ ਅੰਦਾਜ਼ ਤੇ ਪਕੜ ਬਿਲਕੁਲ ਫੌਜੀ ਹੈ।” ਅਫਸਰ ਦੇ ਇਸ ਹੌਸਲਾ-ਅਫਜ਼ਾਈ ਅਤੇ ਮਜ਼ਾਹੀਆ ਲਹਿਜ਼ੇ ਨੇ ਮੈਂਨੂੰ ਬਿਲਕੁਲ ਚਿੰਤਾ-ਰਹਿਤ ਕਰ ਦਿੱਤਾ

ਫੌਜੀ ਅਫਸਰ ਨੇ ਆਪਣੀ ਗੱਡੀ ਦੇ ਡਰਾਈਵਰ ਨੂੰ ਹੁਕਮ ਦਿੱਤਾ ਕਿ ਮੈਂਨੂੰ ਫੌਜ ਦੀ ਗੱਡੀ ਵਿੱਚ ਬੈਂਕ ਛੱਡ ਕੇ ਆਵੇਫੌਜੀ ਜੀਪ ਵਿੱਚ ਅਗਲੀ ਸੀਟ ’ਤੇ ਬੈਠਕੇ ਮੈਂ ਆਪਣੇ ਆਪ ਨੂੰ ਵੀ ਫੌਜੀ ਅਫਸਰ ਅਨੁਭਵ ਕਰ ਰਿਹਾ ਸੀ ਤੇ ਮੇਰਾ ਹੱਥ ਵਾਰ ਵਾਰ ਜੋਸ਼ ਵਿੱਚ ਮੁੱਛ ਨੂੰ ਕੁੰਡੀ ਕਰਨ ਵੱਲ ਜਾ ਰਿਹਾ ਸੀਖਨਾਲ ਕਲਾਂ ਪਹੁੰਚਦੇ ਮੁੱਛਾਂ ਪੂਰੀਆਂ ਠੂੰਹੇਂ ਦੀ ਪੂਛ ਵਰਗੀਆਂ ਬਣ ਗਈਆਂ

ਮੇਰੇ ਬੈਂਕ ਦੇ ਕਰਮਚਾਰੀ ਤੇ ਬੈਂਕ ਵਿੱਚ ਬੈਠੇ ਲੋਕ ਵੀ ਮੈਂਨੂੰ ਫੌਜੀ ਗੱਡੀ ਵਿੱਚੋਂ ਉੱਤਰਦਿਆਂ ਦੇਖ ਹੈਰਾਨ ਹੋ ਰਹੇ ਸੀਬਗੈਰ ਕੁਝ ਛੁਪਾਏ ਮੈਂ ਸਾਰੀ ਗੱਲ ਸਟਾਫ ਅਤੇ ਬੈਂਕ ਵਿੱਚ ਬੈਠੇ ਲੋਕਾਂ ਨਾਲ ਸਾਂਝੀ ਕਰ ਦਿੱਤੀ

ਸ਼ਾਮ ਨੂੰ ਘਰ ਵਾਪਸੀ ’ਤੇ ਮੈਂ ਸੂਲਰ ਘਰਾਟ ਜਾ ਕੇ ਥਾਣੇਦਾਰ ਬਲਵੀਰ ਸਿੰਘ ਦਾ ਧੰਨਵਾਦ ਕੀਤਾ, ਜਿਸਨੇ ਸਹੀ ਜਾਣਕਾਰੀ ਫੌਜੀ ਅਫਸਰ ਨੂੰ ਦੇ ਕੇ ਇੱਕ ਨਿਰਦੋਸ਼ ਨੂੰ ਬਚਾ ਲਿਆ ਸੀ

ਵਾਪਸ ਬੱਸ ਵਿੱਚ ਬੈਠੇ ਨੂੰ ਮੈਂਨੂੰ ਜਿੱਥੇ ਸ਼ਿਕਾਇਤ-ਕਰਤਾ ਖਿਲਾਫ ਮਨ ਵਿੱਚ ਗੁੱਸਾ ਅਤੇ ਰੋਸ ਸੀ, ਉੱਥੇ ਹੀ ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਸਮਾਜ ਵਿੱਚ ਰਹਿੰਦੇ ਇਹਨਾਂ ਗਲਤ ਕਿਸਮ ਦੇ ਵਿਅਕਤੀਆਂ ਨੇ ਕਿੰਨੇ ਕੁ ਨੌਜਵਾਨਾਂ ਨੂੰ ਜਾਤੀ ਰੰਜਿਸ਼ਾਂ ਕਾਰਨ ਅਤਿਵਾਦੀ ਗਰਦਾਨ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹੋਣੀਆਂ ਨੇ? ਨਾਲ ਹੀ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਵੀ ਕਰ ਰਿਹਾ ਸੀ ਕਿ ਉਸਨੇ ਇੱਕ ਹੋਰ ਜ਼ਿੰਦਗੀ ਨੂੰ ਬਰਬਾਦ ਹੋਣੋ ਬਚਾ ਲਿਆ ਸੀ

ਅੱਜ ਵੀ ਜਦੋਂ ਕਦੇ ਮੈਂ ਸੂਲਰ ਘਰਾਟ ਕੋਲ ਦੀ ਲੰਘਦਾ ਹਾਂ ਤਾਂ ਉਹ ਦੌਰ ਅਤੇ ਇਹ ਘਟਨਾ ਫਿਲਮ ਦੀ ਤਰ੍ਹਾਂ ਅੱਖਾਂ ਸਾਹਮਣੇ ਘੁੰਮ ਜਾਂਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2063)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪਾਲੀ ਰਾਮ ਬਾਂਸਲ

ਪਾਲੀ ਰਾਮ ਬਾਂਸਲ

Sangrur, Punjab, India.
Phone: (91 - 81465 - 80919)
Email: (bansalpali@yahoo.in)