SatinderSNanda7ਮੇਰੀਆਂ ਦੋ ਗੱਲਾਂ ਮੰਨ ਲਵੋ ਸਰਦਾਰ ਜੀ! ਇੱਕ ... ਇੱਕ ਤਾਂ ਹਰਾਮ ਦੀ ਕਮਾਈ ...
(7 ਮਾਰਚ 2021)
(ਸ਼ਬਦ: 2240)


SukhminderSekhonBookB1ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸੁਖਮਿੰਦਰ ਸੇਖੋਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ
ਪੰਜਾਬੀ ਦੀ ਹਰ ਵਿਧਾ ਉੱਤੇ ਉਸ ਨੇ ਕਿਆ ਖੂਬ ਕਲਮ ਚਲਾਈ ਹੈ ਕਿ ਪਾਠਕ ਉਸ ਦੇ ਹੀ ਹੋ ਕੇ ਰਹਿ ਜਾਂਦੇ ਹਨਕਹਾਣੀ, ਨਾਵਲ, ਮਿੰਨੀ ਕਹਾਣੀ, ਨਾਟਕ / ਇਕਾਂਗੀ, ਵਿਅੰਗ, ਸੰਪਾਦਨ / ਸਕੈੱਚ / ਅਨੁਵਾਦ / ਅਡਾਪਟੇਸ਼ਨ ਅਤੇ ਪੁਸਤਕਾਂ ਦੇ ਰੀਵੀਊਜ਼ ਕਰਨ ਵਿੱਚ ਮੁਹਾਰਤ ਹਾਸਲ ਹੋਣ ਕਾਰਣ ਵਿਭਿੰਨ ਵਿਧਾਵਾਂ ਦੀ ਜਾਣਕਾਰੀ ਉਸ ਦੇ ਅੰਗਸੰਗ ਰਹਿੰਦੀ ਹੈ ਅਤੇ ਇਨ੍ਹਾਂ ਸਾਰੇ ਵਿਸ਼ਿਆਂ ਉੱਤੇ ਉਸ ਨੂੰ ਆਬੂਰ ਹਾਸਲ ਹੈ ਤੇ ਪੁਸਤਕ ਰੂਪ ਵਿੱਚ ਪਾਠਕਾਂ ਤਕ ਜਾਣਕਾਰੀ ਵੀ ਦਿੱਤੀ ਜਾ ਚੁੱਕੀ ਹੈ

ਸੇਖੋਂ ਭਾਵੇਂ ਕਹਾਣੀ ਲਿਖ ਰਿਹਾ ਹੋਵੇ ਤੇ ਭਾਵੇਂ ਨਾਟਕ, ਉਸ ਦੀ ਉਚੇਰੀ ਸੁਰ ਵਿਅੰਗ ਉੱਤੇ ਹੀ ਜਾ ਕੇ ਨਿੱਬੜਦੀ ਹੈਕਿਸੇ ਵੀ ਵੰਨਗੀ ਉੱਤੇ ਦ੍ਰਿਸ਼ਟੀ-ਪਾਤ ਕੀਤਾ ਜਾਵੇ ਤਾਂ ਸਹਿਜੇ ਹੀ ਗਿਆਤ ਹੋ ਜਾਂਦਾ ਹੈ ਕਿ ਇਸ ਵਿੱਚ ਉਸ ਨੇ ਭ੍ਰਿਸ਼ਟਾਚਾਰ ਤੇ ਰਾਜਨੀਤੀਵਾਨਾਂ ਦੀਆਂ ਚਾਲਾਕੀਆਂ ਭਰੀਆਂ ਮੋਮੋਠਗਣੀਆਂ ਨੂੰ ਵਿਅੰਗ ਦੀ ਚਾਸ਼ਣੀ ਵਿੱਚ ਡੁਬੋ ਕੇ ਪ੍ਰਸਤੁਤ ਕੀਤਾ ਹੋਵੇਗਾ ਅਤੇ ਜਦੋਂ ਰਚਨਾ ਵਿੱਚੋਂ ਦੀ ਗੁਜ਼ਰੋ ਤਾਂ ਸਹਿਜ ਸੁਭਾਵ ਹੀ ਇਸ ਜੁਗਤ ਦਾ ਪਰਚਾ ਚਾਕ ਹੁੰਦਾ ਚਲਾ ਜਾਂਦਾ ਹੈਅਜਿਹਾ ਨਹੀਂ ਕਿ ਉਸ ਨੇ ਕਿਸੇ ਦੂਜੇ ਵਿਸ਼ੇ ਨੂੰ ਛੁਹਿਆ ਤਕ ਨਾ ਹੋਵੇ, ਉਸ ਨੇ ਪਰਿਵਾਰਕ, ਦਫਤਰੀ ਮਾਹੌਲ, ਸਮਾਜਕ ਬੰਧਨ, ਪਿਆਰ ਤੇ ਇਸਤਰੀ ਮਰਦ ਦੇ ਚੋਚਲਿਆਂ ਅਤੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਸ਼ਾਬਦਿਕ ਤੇ ਸਾਹਿਤਕ ਚੋਲਾ ਪਹਿਨਾ ਕੇ ਪਾਠਕਾਂ ਮੂਹਰੇ ਕੀਤਾ ਹੈ, ਜਿਸ ਕਰਕੇ ਪਾਠਕ ਉਸ ਦੁਆਰਾ ਰਚੀਆਂ ਗਈਆਂ ਰਚਨਾਵਾਂ ਨੂੰ ਬੜੇ ਧਿਆਨ ਤੇ ਸੁਆਦ ਨਾਲ ਪੜ੍ਹਦੇ ਹਨਇਸੇ ਕਰਕੇ ਹੀ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵੱਲੋਂ ਉਸ ਦੀਆਂ ਲਿਖਤਾਂ ਦਾ ਮੁੱਲ ਪਾਉਂਦਿਆਂ ਮਾਨ ਸਨਮਾਨ ਵੀ ਪੇਸ਼ ਕੀਤੇ ਹਨ

ਕਹਾਣੀ ਦੇ ਕਰਮਖੇਤਰ ਵਿੱਚ ਉਸ ਨੇ ਉੱਚੀਆਂ ਕੰਧਾਂ ਦੀ ਸ਼ਰਾਰਤ, ਕਹਾਣੀ ਬਦਲ ਗਈ, ਗੌਤਮ ਉਦਾਸ ਹੈ, ਪਿੰਡ ਪਲੇਟਫਾਰਮ ਤੇ ਮਹਾਂਨਗਰ, ਖਿਸਕਦੀ ਹੋਈ ਖੁਸ਼ੀ, ਕੁਰਸੀਆਂ ਤੇ ਆਮ ਆਦਮੀ, ਪੈੜਾਂ ਦੀ ਸ਼ਨਾਖ਼ਤ, ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨਨਾਵਲ ਅਣਘੜੇ ਨਗ, ਦੇਖ ਇੰਡੀਆ ਮੇਰੀ ਜਾਨ ਤੇ ਸੁਪਨਿਆਂ ਦਾ ਮੰਚਣ ਆਦਿ ਰਚੇ ਹਨਨਾਟਕ ‘ਹੀਰੋ ਨਹੀਂ ਆਏਗਾ’ ਉਸ ਦਾ ਇੱਕੋ ਇੱਕ ਅਜਿਹਾ ਨਾਟਕ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿੱਚ ਖੇਡੇ ਜਾਣ ਦਾ ਮਾਣ ਪ੍ਰਾਪਤ ਹੈਇਸ ਨਾਟਕ ਵਿਚਲੀ ਵਿਅੰਗਕਾਰੀ ਨੂੰ ਊਲ ਜਲੂਲ ਦੀ ਸੰਗਿਆ ਦੇ ਕੇ ਦਰਸ਼ਕਾਂ ਨੇ ਹਰ ਝਾਕੀ ਤੇ ਦ੍ਰਿਸ਼ ਉੱਤੇ ਬਹੁਤ ਤਾੜੀਆਂ ਵਜਾ ਕੇ ਲੇਖਕ ਦਾ ਉਤਸ਼ਾਹ ਵਧਾਇਆਵਿਅੰਗ ਸੰਗ੍ਰਹਿ ਵਜੋਂ ‘ਖੁੱਲ੍ਹੀਆਂ ਗੱਲਾਂ’ ਇੱਕੋ ਇੱਕ ਅਜਿਹੀ ਪੁਸਤਕ ਹੋ ਨਿੱਬੜੀ ਹੈ ਕਿ ਜਿਸ ਨੂੰ ਪਹਿਲੀ ਵਾਰ 2009 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਅਤੇ ਫਿਰ 2019 ਵਿੰਚ ਦੂਜੇ ਸੰਸਕਰਣ ਵਜੋਂ ਛਾਪ ਕੇ ਪਾਠਕਾਂ ਦੀ ਤੀਬਰ ਮੰਗ ਨੂੰ ਪੂਰਿਆਂ ਕੀਤਾ ਗਿਆ ਹੈਮਿੰਨੀ ਕਹਾਣੀ ਦੇ ਰੂਪ ਵਿੱਚ ‘ਸੂਰਜ ਦਾ ਸ਼ਿਕਾਰ’ ਅਤੇ ‘ਮਜ਼ਾਕ ਨਹੀਂ ਪ੍ਰੀਤੋ’ ਦੋ ਕਿਤਾਬਾਂ ਮੰਜ਼ਰ-ਏ-ਆਮ ਉੱਤੇ ਆਈਆਂ ਹਨਇਨ੍ਹਾਂ ਤੋਂ ਬਿਨਾਂ ਫੁਟਕਲ ਕਾਰਜ ਹਨ, ਜੋ ਪੁਸਤਕਾਂ ਵਿੱਚ ਉਪਲਬਧ ਹਨ

SukhminderSekhonBookA1ਇਨ੍ਹਾਂ ਪੁਸਤਕਾਂ ਦੀ ਵੈਸੇ ਤਾਂ ਪਹਿਲਾਂ ਹੀ ਬੜੀ ਪ੍ਰਸਿੱਧੀ ਹੋ ਚੁੱਕੀ ਹੈ ਪ੍ਰੰਤੂ ਦੂਜੇ ਸੰਸਕਰਣ ਵਜੋਂ ਛਪ ਕੇ ਆਈਆਂ ਇਨ੍ਹਾਂ ਪੁਸਤਕਾਂ ਦੀ ਬਿਹੰਗਮ ਝਾਤ ਮਾਰਕੇ ਮੁੜ ਵਾਕਫੀ ਕਰਵਾਉਣ ਦੀ ਖੁਸ਼ੀ ਲਈ ਜਾ ਰਹੀ ਹੈਪਹਿਲੀ ਪੁਸਤਕ ‘ਖੁੱਲ੍ਹੀਆਂ ਗੱਲਾਂ’ ਹੈ ਜਿਸ ਵਿੱਚ ਦਰਜ 36 ਰਚਨਾਵਾਂ ਦੁਬਾਰਾ ਪੜ੍ਹਨ ਨੂੰ ਮਿਲਦੀਆਂ ਹਨ ਅਤੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਇੰਨੇ ਸਲੀਕੇ ਨਾਲ ਵਿਉਂਤਿਆ ਗਿਆ ਹੈ ਕਿ ਪੜ੍ਹੇ ਬਿਨਾਂ ਸਰਦਾ ਹੀ ਨਹੀਂ ਹੈਜਿਸ ਵੀ ਰਚਨਾ ਨੂੰ ਛੂਹ ਲਵੋ, ਉਸ ਵਿੱਚੋਂ ਕਲਪਨਾ ਵਿੱਚ ਆਈਆਂ ਤਸਵੀਰਾਂ ਮੁਤਾਬਕ ਹੀ ਮਸੌਦਾ ਮਿਲਦਾ ਹੈਲਗਭਗ ਡੇਢ ਸੌ ਪੰਨੇ ਇਸ ਸੰਗ੍ਰਿਹ ਦੇ ਹਨ, ਪ੍ਰੰਤੂ ਸਮੱਗਰੀ ਇੰਨੀ ਜ਼ਿਆਦਾ ਹੈ ਕਿ ਲੇਖਕ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦਾ ਯਤਨ ਕੀਤਾ ਹੈ ਅਤੇ ਸਫਲਤਾ ਵੀ ਖੱਟੀ ਹੈਹਲਕੀਆਂ ਫੁਲਕੀਆਂ ਘਟਨਾਵਾਂ ਨੂੰ ਸ਼ਾਬਦਿਕ ਜਾਮਾ ਪੁਆ ਕੇ ਚੁਸਕੀਆਂ ਤੇ ਸੁਆਦ ਮਾਣਿਆ ਗਿਆ ਹੈ ਤੇ ਪਾਠਕਾਂ ਦੀ ਵੀ ਸਾਂਝੀ ਪੁਆਈ ਗਈ ਹੈਸੁੱਖੀ ਸ਼ਰਾਬੀ, ਮਸਤ ਰਾਮ ਦਾ ਮੂਡ, ਮਹੰਤ ਰਾਮ ਰਹੀਮ, ਕੁਰਸੀ ਰਾਧੀ, ਧਰਮ ਦੀ ਧਰਤੀ ਫੇਰੀ, ਜਨਾਬ ਸਨਕੀ ਸਾਹਿਬ, ਸਾਡੇ ਮਰਨ ਮਗਰੋਂ, ਦਰਬਾਰਾ ਦੁਸ਼ਮਣ, ਥੋੜ੍ਹੀ ਥੋੜ੍ਹੀ ਪੀਆ ਕਰੋ, ਰੁਲਦੂ ਰਾਮ ਦੀ ਨੇਤਾਗਿਰੀ, ਮੇਰਾ ਖੂਨ ਲੈ ਲਵੋ, ਸੈਮੀਨਾਰ ਭ੍ਰਿਸ਼ਟਾਚਾਰ, ਚਰਨ ਸਿੰਘ ਚੁਫੇਰਗੜ੍ਹੀਆ, ਸ਼ਰਾਬ ਦਾ ਠੇਕੇਦਾਰ ਬਘੇਲ ਸਿੰਘ ਅਤੇ ਚੱਲ ਮਨਾ ਆਪਾਂ ਨੂੰ ਕੀ ਆਦਿ ਅਜਿਹੀਆਂ ਕਿਰਤਾਂ ਹਨ ਜਿਨ੍ਹਾਂ ਵਿੱਚ ਵਾਰਤਕ ਦੇ ਨਾਲ ਨਾਲ ਨਾਟਕੀ ਸੰਵਾਦ ਰਚਾ ਕੇ ਪਾਠਕਾਂ ਨਾਲ ਨੇੜੇ ਦੀ ਭਿਆਲੀ ਪਾਈ ਗਈ ਹੈ ਅਤੇ ਇਹੋ ਵਜ੍ਹਾ ਹੈ ਕਿ ਇਹ ਲੋਕਾਂ ਦੇ ਇੰਨੇ ਨੇੜੇ ਦੀਆਂ ਰਚਨਾਵਾਂ ਹੋ ਗੁਜ਼ਰਦੀਆਂ ਹਨ, ਜਿਨ੍ਹਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਉੰਨੀ ਹੀ ਘੱਟ ਹੈਇਨ੍ਹਾਂ ਸਾਰੀਆਂ ਰਚਨਾਵਾਂ ਨੂੰ ਧਿਆਨ ਗੋਚਰੇ ਕਰਦਿਆਂ ਹੀ ਗਿਆਤ ਹੋ ਜਾਂਦਾ ਹੈ ਕਿ ਲੇਖਕ ਕਿਸ ਬਾਰੇ ਤੇ ਕਿੱਥੋਂ ਦੀ ਗੱਲ ਕਰਨਾ ਲੋਚ ਰਿਹਾ ਹੈ

ਸੁੱਖੀ ਸ਼ਰਾਬੀ ਦੇ ਦੋ ਬੋਲ ਜੋ ਪੰਨਾ 9 ਉੱਤੇ ਦਰਜ ਹਨ, ਸਚਾਈ ਬਿਆਨ ਕਰਦੇ ਪ੍ਰਤੀਤ ਹੁੰਦੇ ਹਨ, “ਬੱਸ ਜੀ ਚੱਲੀ ਜਾਂਦਾ ਹੈ, ਮੇਰੀ ਧਰਮ ਪਤਨੀ ਬੜੀ ਸਿਆਣੀ ਐ ਜੀ, ਘਰ ਦੀ ਸਾਂਭ ਸੰਭਾਲ ਤੋਂ ਬਿਨਾਂ ਉਹ ਸਾਰਾ ਦਿਨ ਲੋਕਾਂ ਦੇ ਕੱਪੜੇ ਸਿਲਾਈ ਕਰਦੀ ਰਹਿੰਦੀ ਹੈਨਹੀਂ ਮੈਂ ਉਸ ਨੂੰ ਕੀ ਪੌਂਡ ਲਿਆ ਕੇ ਦਿੰਨੈ ਘਰ ਦੇ ਗੁਜ਼ਾਰੇ ਲਈ?” ਇੱਕ ਸ਼ਰਾਬੀ ਜਦੋਂ ਸ਼ਰਾਬ ਦੇ ਲੋਰ ਵਿੱਚੋਂ ਫੁਰਸਤ ਦੇ ਪਲ ਹੰਢਾੳਂਦਾ ਹੈ ਤਾਂ ਉਸ ਦੇ ਅੰਦਰ ਦੇ ਭਾਵਾਂ ਨੂੰ ਬੜੇ ਕਲਾਤਮਿਕ ਢੰਗ ਨਾਲ ਬਿਆਨ ਕਰਨ ਵਿੱਚ ਲੇਖਕ ਕਾਮਯਾਬ ਹੈ

ਮਸਤ ਰਾਮ ਦਾ ਮੂਡ ਦੇ ਪੰਨਾ 20 ਉੱਤੇ ਦਰਜ ਵਾਕ ਧਿਆਨ ਕੇਂਦਰਤ ਕਰਦੇ ਹਨ, “ਪਤਾ ਨੀ ਜੀ, ਥੋਡੇ ਮਾਂ ਪਿਓ, ਰਿਸ਼ਤੇਦਾਰ ਤੇ ਇੱਧਰ ਸਾਡੇ ਘਰਵਾਲੇ ਤੇ ਰਿਸ਼ਤੇਦਾਰ ਉਡੀਕ ਉਡੀਕ ਕੇ ਥੱਕ ਗਏ ਸਨ ਤੇ ਜਦੋਂ ਤੁਸੀਂ ਕਿੰਨੀ ਹੀ ਦੇਰ ਨਾ ਆਏ ਤਾਂ ਥੋਡੇ ਤੇ ਮੇਰੇ ਘਰਦਿਆਂ ਨੇ ਤੇ ਰਿਸ਼ਤੇਦਾਰਾਂ ਨੇ ਸਲਾਹ ਕਰਕੇ ਥੋਡੇ ਵੱਡੇ ਛੜੇ ਭਰਾ ਨਾਲ ਮੈਂਨੂੰ ਤੋਰਨ ਦਾ ਫੈਸਲਾ ਕਰ ਲਿਆ।” ਇਹ ਦਰਦੀਲੇ ਬੋਲ ਤੇ ਹਾਵ ਭਾਵ ਪੇਸ਼ ਕਰਨ ਵਿੱਚ ਸਹਾਈ ਸਿੱਧ ਹੋ ਸਕਦੇ ਹਨ

ਦਾਨ ਸਿੰਘ ਮੰਗਤਾ ਵਿੱਚ ਸਿੱਧੇ ਅਸਿੱਧੇ ਤਰੀਕੇ ਤੇ ਢੰਗ ਵਰਤ ਕੇ ਠੱਗ ਲੈਣ ਦੀਆਂ ਘੁੰਡੀਆਂ ਨੂੰ ਬੜੇ ਹੀ ਸਹਿਜ ਰੂਪ ਵਿੱਚ ਪ੍ਰਗਟ ਕੀਤਾ ਗਆ ਹੈ ਕਿ ਇਨ੍ਹਾਂ ਠੱਗਣ ਵਾਲਿਆਂ ਨੂੰ ਕੋਈ ਦੂਜਾ ਠੱਗਣ ਵਿੱਚ ਸਫਲ ਨਹੀਂ ਹੋ ਸਕਦਾ ਅਤੇ ਅਜਿਹੀ ਮਾਰੂ ਬਿਰਤੀ ਵਾਲਿਆਂ ਕੋਲ ਚਿਕਣੀਆਂ ਚੋਪੜੀਆਂ ਤੇ ਭਰਮਾਊ ਗੱਲਾਂ ਦਾ ਅਜਿਹਾ ਖ਼ਜ਼ਾਨਾ ਹੁੰਦਾ ਹੈ ਕਿ ਉਹ ਹੱਥ ਆਈ ਆਸਾਮੀ ਨੂੰ ਕਿਸੇ ਵੀ ਤਰ੍ਹਾਂ ਠੱਗ ਲੈਂਦੇ ਹਨਰਚਨਾ ਦਾ ਅੰਤਲਾ ਵਾਕ ਸਭ ਕੁਝ ਬਿਆਨ ਕਰਨ ਦੇ ਸਮਰੱਥ ਹੈ, “ਆਗਿਆ? ਹਾਂ ਹਾਂ ਜ਼ਰੂਰ, ਪਰ 501 ਰੁਪਏ ਮੇਰੀ ਭੀਖ ਰੱਖ ਕੇ ਜਾਓ ਕਿਉਂਕਿ ਤੁਸਾਂ ਮੇਰਾ ਇੰਨਾ ਕੀਮਤੀ ਸਮਾਂ ਬਰਬਾਦ ਜੁ ਕੀਤੈ।”

ਮਹੰਤ ਰਾਮ ਰਹੀਮ ਇੱਕ ਅਜਿਹਾ ਕਿਰਦਾਰ ਘੜਿਆ ਗਿਆ ਹੈ ਜੋ ਸਮਾਜ ਵਿੱਚ ਹਜ਼ਾਰਾਂ ਹੀ ਲੋਲੜ ਤੇ ਲੁੱਟ ਮਚਾਉਣ ਵਾਲੇ ਅਖੌਤੀ ਸਾਧਾਂ ਦੀ ਤਰਜਮਾਨੀ ਕਰਦਾ ਹੈਇਹ ਲੋਟੂ ਟੋਲਾ ਆਪਣੀ ਸੰਗਤਾਂ ਦੀ ਭੀੜ ਵਿੱਚ ਤਾਂ ਸ਼ੇਰ ਬਣਕੇ ਵਿਚਰਦੇ ਹਨ ਪਰੰਤੂ ਜਦੋਂ ਕਦੇ ਕੋਈ ਅਭਿਲਾਖੀ ਸਵਾਲ ਦਾਗ ਦਿੰਦਾ ਹੈ ਤਾਂ ਇਨ੍ਹਾਂ ਦੇ ਅੰਦਰ ਦੀ ਕੋਠੜੀ ਕਿਵੇਂ ਹਿੱਲਦੀ ਹੈ, ਦਾ ਸਾਖ਼ਸ਼ਾਤ ਨਮੂਨਾ ਖੁੱਲ੍ਹੀਆਂ ਗੱਲਾਂ ਦੇ ਪੰਨਾ 33 ਉੱਤੇ ਮਿਲਦਾ ਹੈ: (ਵਿਚਾਲਿਓਂ ਟੋਕਕੇ) ਇਹ ਸਵਾਲ ਰਹਿਣ ਹੀ ਦਿਓ ਕਾਕਾ ਸ਼੍ਰੀ! ਪੈਰ ਪੈਰ ’ਤੇ ਸੋਚ ਕੇ ਚੱਲਣਾ ਪੈਂਦਾ ਹੈਨਾਲੇ ਊਂ ਵੀ ਮੈਂਨੂੰ ਤਾਂ ਐਸੇ ਲੋਕਾਂ ਤੋਂ ਬੜਾ ਈ ਡਰ ਲਗਦਾ ਹੈਲੈ ਤੇਰੇ ਪੁੱਛਣ ’ਤੇ ਈ ਮੇਰੀਆਂ ਤਾਂ ਟੰਗਾਂ ਜਿਹੀਆਂ ਕੰਬਣ ਲੱਗ ਪਈਆਂ ... ਇਹ ਇੱਕ ਨਾਟਕੀ ਬਿਰਤਾਂਤ ਹੈ, ਜਿਸ ਵਿੱਚ ਅੰਤਲੇ ਵਾਕ ਤਹਿਤ ਵਰਤਿਆ ਗਿਆ ਸ਼ਬਦ ‘ਜਿਹੀਆਂ’ ਫਾਲਤੂ ਪ੍ਰਤੀਤ ਹੁੰਦਾ ਹੈ ਅਤੇ ਪਾਤਰ ਦੇ ਬੋਲਣ ਵਿੱਚ ਔਖਿਆਈ ਜਿਹੀ ਉਤਪਨ ਕਰ ਸਕਦਾ ਹੈਮਹੰਤਾਂ ਤੇ ਸਾਧਾਂ ਦੀ ਭਾਖਾ ਵਿਚਲੇ ਅੰਤਰ ਨੂੰ ਇਸ ਰਚਨਾ ਵਿੱਚੋਂ ਵੇਖਿਆ ਤੇ ਮਾਣਿਆ ਜਾ ਸਕਦਾ ਹੈ

‘ਕੁਰਸੀ ਰਾਣੀ’ ਇੱਕ ਹੋਰ ਬੇਸ਼ਕੀਮਤੀ ਰਚਨਾ ਹੋ ਨਿੱਬੜਦੀ ਹੈ ਕਿ ਜਿਸ ਨੂੰ ਪੜ੍ਹ ਕੇ ਪਾਠਕ ਇਕਦਮ ਸਮਾਜਿਕ ਤੇ ਰਾਜਨੀਤਕ ਭ੍ਰਿਸ਼ਟਾਚਾਰ ਦੀ ਹਨੇਰ ਕੋਠੜੀ ਵਿੱਚ ਗੁਆਚ ਕੇ ਰਹਿ ਜਾਂਦਾ ਹੈ ਕਿ ਕਿਵੇਂ ਕਿਵੇਂ ਦੇ ਛੜਯੰਤਰ ਵਰਤ ਕੇ ਕੁਰਸੀ ਨੂੰ ਹਥਿਆਇਆ ਜਾਂਦਾ ਹੈ। ਇਸੇ ਕੁਰਸੀ ਪਿੱਛੇ ਲੁਕੇ ਛਿਪੇ ਹੋਏ ਭਰਾ-ਮਾਰੂ ਸੋਚਾਂ ਦੇ ਪਰਖ਼ਚੇ ਉਡਾਏ ਗਏ ਪੜ੍ਹਨ ਨੂੰ ਮਿਲਦੇ ਹਨਪੰਨਾ 41 ਉੱਤੇ ਦਰਜ ਵਾਕਾ ‘ਕਿੱਸਾ ਕੁਰਸੀ ਕਾ ... ਚਾਰਾ ਘੁਟਾਲਾ ... ਹਵਾਲਾ ਕਾਂਡ ... ਪੰਜਾਬ ਦਾ ਅੱਤਵਾਦ ... ਦਿੱਲੀ ਕਤਲੇਆਮ ... ਸਭ ਕੁਝ ਤੁਸੀਂ ਜਾਣਦੇ ਹੀ ਹੋਵੋਗੇ ਜੋ ਹਾਲੇ ਕੱਲ੍ਹ ਦੀਆਂ ਤਾਂ ਗੱਲਾਂ ਨੇ’ ਥੋੜ੍ਹੇ ਵਿੱਚ ਦਰਸਾਇਆ ਗਿਆ ਹੈ

‘ਸਵਰਗੀ ਲੇਖਕਾਂ ਦੀ ਮਹਾਂ-ਸਭਾ’ ਇੱਕ ਅਜਿਹੀ ਸੁਚੱਜੀ ਵਾਰਤਕ ਰਚਨਾ ਹੈ ਕਿ ਜਿਸ ਵਿੱਚ ਅਜੋਕੀ ਮਨੁੱਖੀ ਮਾਨਸਿਕਤਾ ਨੂੰ ਨੰਗੇ ਕਰਨ ਦਾ ਉਪਰਾਲਾ ਕੀਤਾ ਗਿਆ ਹੈਪੰਜਾਬੀ ਦੇ ਜਿੰਨੇ ਮੰਨੇ-ਪ੍ਰਮੰਨੇ ਸਾਹਿਤਕਾਰ ਹੋਏ ਹਨ ਉਨ੍ਹਾਂ ਪ੍ਰਤੀ ਸ਼ਰਧਾ ਭਾਵਨਾ ਉਨ੍ਹਾਂ ਦੇ ਜੀਉਂਦਿਆਂ ਜੀਅ ਹੀ ਹੁੰਦੀ ਹੈ, ਬਾਅਦ ਵਿੱਚ ਕਿੰਨੀ ਕੁ ਰਹਿੰਦੀ ਹੈ, ਦਾ ਵਿਵਰਣ ਇਸ ਰਚਨਾ ਵਿੱਚੋਂ ਮਿਲਦਾ ਹੈਸਮਾਜ ਤੋਂ ਕੂਚ ਕਰ ਚੁੱਕੇ ਇਨ੍ਹਾਂ ਵਿਦਵਾਨਾਂ ਨੂੰ ਨਾਵਾਂ ਸਹਿਤ ਬਿਆਨ ਕੀਤਾ ਗਿਆ ਹੈ ਅਤੇ ਨਾਟਕ ਦੇ ਖੇਤਰ ਵਿੱਚ ਆਏ ਈਸ਼ਵਰ ਚੰਦਰ ਨੰਦਾ ਦੇ ਜ਼ੁਬਾਨੀ ਬੜਾ ਕੁਝ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਨੰਦੇ ਤੋਂ ਨੰਦੇ (ਨਾਟਕਕਾਰ ਸਤਿੰਦਰ ਸਿੰਘ ਨੰਦੇ) ਤਕ ਨੂੰ ਸੋਝੀ ਕਰਵਾਉਣ ਦੀ ਕਾਮਯਾਬ ਕੋਸ਼ਿਸ਼ ਕੀਤੀ ਗਈ ਹੈ

**

ਸੁਖਮਿੰਦਰ ਸੇਖੋਂ ਦੀ ਦੂਜੀ ਪੁਸਤਕ ‘ਕੁਰਸੀਆਂ ਤੇ ਆਮ ਆਦਮੀ’ ਜਿਸਦੇ ਸੌ ਕੁ ਪੰਨੇ ਹਨ ਅਤੇ ਇਨ੍ਹਾਂ ਉੱਤੇ ਕੁਲ 13 ਕਹਾਣੀਆਂ ਨੂੰ ਰੂਪਮਾਨ ਕੀਤਾ ਗਿਆ ਹੈਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਹਾਸ ਵਿਅੰਗ ਦੀ ਕੋਟੀ ਵਿੱਚ ਵਧੇਰੇ ਰੱਖੀਆਂ ਤੇ ਮਾਣੀਆਂ ਜਾ ਸਕਦੀਆਂ ਹਨਵਿਸ਼ੇ ਉਸ ਵੇਲੇ ਵੀ ਨੂਤਨ (ਨਵੀਨ, ਨਵੇਂ) ਸਨ ਅਤੇ ਅੱਜ ਵੀ ਕਿਸੇ ਪ੍ਰਕਾਰ ਤੋਂ ਹੇਠਾਂ ਨਹੀਂ ਗਰਦਾਨੇ ਜਾ ਸਕਦੇਇਨ੍ਹਾਂ ਦੀ ਮੁੱਖ ਸੁਰ ਸਮਾਜਕ ਤੇ ਰਾਜਨੀਤਕ ਤੋਂ ਇਲਾਵਾ ਪਰਿਵਾਰਕ ਕਾਟੋ ਕਲੇਸ਼ ਤੇ ਪਿਆਰ ਵਿਹੂਣੇ ਪਲਾਂ ਦੀ ਹੀ ਦਾਸਤਾਨ ਨੂੰ ਬਿਆਨ ਕਰਦੀ ਪ੍ਰਤੀਤ ਹੁੰਦੀ ਹੈਕਹਾਣੀ ਸੰਗ੍ਰਿਹ ਵਿੱਚ ਵਿਊਂਤੀਆਂ 13 ਕਹਾਣੀਆਂ- ਹਾਅ ਦਾ ਨਾਅਰਾ, ਅੰਦਰਲਾ ਆਦਮੀ, ਨਿਪੁੰਸਕ, ਗਿਠਮੁਠੀਏ, ਆਮ ਆਦਮੀ-1 ਅਤੇ 2, ਧਰਮ ਸੰਕਟ, ਝੁੱਗੀਆਂ ਵਾਲੇ, ਕੁਰਸੀਆਂ, ਕੁਰਸੀਆਂ ਤੇ ਆਮ ਆਦਮੀ, ਆਦਮੀ ਦੀ ਜਾਤ, ਆਦਮੀ ਗੁੰਮਸ਼ੁਦਾ ਅਤੇ ਮੁਆਫ ਕਰਨਾ ਸਾਹਿਬ, ਆਦਿ ਦਰਜ ਹਨਪਾਠਕ ਆਪਣੀ ਸੂਝ ਤੇ ਸਮਝ ਮੁਤਾਬਕ ਕੋਈ ਵੀ ਕਹਾਣੀ ਛੂਹ ਲਵੇ ਜਾਂ ਪੜ੍ਹਨ ਲਈ ਚੁਣ ਲਵੇ, ਉਸ ਵਿੱਚ ਦਰਸਾਈਆਂ ਗਈਆਂ ਗੱਲਾਂ ਦਾ ਵਧੇਰੇ ਉਪਯੋਗ ਹੋਇਆ ਪੜ੍ਹਨ ਲਈ ਮਿਲੇਗਾਇੱਕ ਇੱਕ ਕਹਾਣੀ ਪਾਠਕ ਦਾ ਰਾਹ ਰੁਸ਼ਨਾਉਂਦੀ ਜਾਪਦੀ ਹੈ ਅਤੇ ਪਾਠਕ ਆਪਣਾ ਰਾਹ ਸੁਹਣੇਰਾ ਤੇ ਰੌਸ਼ਨ, ਜਗਮਗਾਉਂਦਾ ਹੋਇਆ ਅਨੁਭਵ ਕਰੇਗਾ ਕਿਉਂਕਿ ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚ ਇੱਕ ਸਾਧਾਰਣ ਪਾਠਕ ਦੀ ਜਗਿਆਸਾ ਤੇ ਲੋਚਾ ਨੂੰ ਸਹਿਜ ਢੰਗ ਨਾਲ ਸ਼ਾਬਦਿਕ ਬੋਲਾਂ ਦਾ ਚੋਲਾ ਪੁਆ ਕੇ ਪੇਸ਼ ਜੁ ਕੀਤਾ ਗਿਆ ਹੈਲੇਖਕ ਨੂੰ ਇੰਨੇ ਵਰ੍ਹਿਆਂ ਦਾ ਤਜਰਬਾ ਹੋ ਚੁੱਕਾ ਹੈ, ਜਿਸਦਾ ਪ੍ਰਗਟਾਵਾ ਉਸ ਦੀਆਂ ਲਿਖਤਾਂ ਵਿੱਚੋਂ ਮਿਲ ਜਾਂਦਾ ਹੈਉਦਯੋਗ ਵਿਭਾਗ ਵਿੱਚ ਕਾਰਜਸ਼ੀਲ ਰਹਿਣ ਕਰਕੇ ਭਾਂਤ ਸੁਭਾਂਤੇ ਲੋਕਾਂ ਨਾਲ ਵਾਹ ਵਾਸਤਾ ਰਿਹਾ ਹੋਣ ਕਰਕੇ ਉਸ ਕਿੱਤੇ ਨਾਲ ਜੁੜੇ ਵਿਅਕਤੀਆਂ ਦੀਆਂ ਕਾਰਸਤਾਨੀਆਂ ਤੇ ਮੰਦੀਆਂ ਕਰਤੂਤਾਂ ਦਾ ਵਿਖਾਲਾ ਇਨ੍ਹਾਂ ਰਚਨਾਵਾਂ ਵਿੱਚੋਂ ਪੜ੍ਹਨ ਨੂੰ ਮਿਲਦਾ ਹੈਸੇਵਾ ਕਾਲ ਦੌਰਾਨ ਵੱਖ ਵੱਖ ਸ਼ਹਿਰਾਂ ਦੀ ਖਾਕ ਛਾਨਣ ਉਪਰੰਤ ਸੇਵਾ ਨਿਵਿਰਤੀ ਹਾਸਲ ਕਰਕੇ ਸਾਹਿਤਕਤਾ ਦੇ ਗੜ੍ਹ ਪਟਿਆਲਾ ਵਿਖੇ ਪੱਕੇ ਤੌਰ ’ਤੇ ਮੁਕਾਮ ਹੋ ਚੱਕਾ ਹੈਛੇ ਸੱਤ ਦਹਾਕਿਆਂ ਦੇ ਜੀਵਨ ਕਾਲ ਵਿੱਚ ਬੜਾ ਕੁਝ ਉਸ ਨੇ ਆਪਣੇ ਪਿੰਡੇ ਉੱਤੇ ਹੰਢਾਇਆ ਹੈ, ਜਿਸਦਾ ਪ੍ਰਗਟਾਵਾ ਉਸਦੀਆਂ ਰਚਨਾਵਾਂ ਵਿੱਚ ਝਲਕਦਾ ਹੈ

ਅੰਦਰਲਾ ਆਦਮੀ ਇੱਕ ਅਜਿਹੀ ਕਹਾਣੀ ਹੈ, ਜਿਸ ਵਿੱਚ ਦੂਹਰਾ ਤੀਹਰਾ ਕਿਰਦਾਰ ਨਿਭਾਉਂਦਾ ਵਿਅਕਤੀ ਦ੍ਰਿਸ਼ਟੀਗੋਚਰ ਹੁੰਦਾ ਹੈਘਰ ਵਿੱਚ ਉਸਦੀ ਕਿੰਨੀ ਕੁ ਵੁੱਕਤ ਹੁੰਦੀ ਹੈ ਅਤੇ ਦਫਤਰ ਜਾਂ ਸਮਾਜ ਵਿੱਚ ਕੀ, ਦਾ ਪ੍ਰਗਟਾਵਾ ਮਿਲਦਾ ਹੈ ਅਤੇ ਦੱਸਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਮਨੁੱਖ ਨੰ ਮਨੁੱਖਾ ਬਿਰਤੀ ਅਨੁਸਾਰ ਹੀ ਕਾਰਜ ਨੇਪਰੇ ਚਾੜ੍ਹਨੇ ਚਾਹੀਦੇ ਹਨ ਤੇ ਵਾਧੂ ਦੇ ਟੌਅਰਵਾਦੀ ਖਿਆਲਾਂ ਦੀ ਕਦਰ ਥੋੜ੍ਹਚਿਰੀ ਜਾਂ ਨਾਂਹ ਦੇ ਬਰਾਬਰ ਹੀ ਹੁੰਦੀ ਹੈਵੱਡੇ ਛੋਟੇ ਦਾ ਫਰਕ ਇਸ ਕਹਾਣੀ ਦੀਆਂ ਵਿਰਲਾਂ ਵਿੱਚੋਂ ਦੀ ਹੁੰਦਾ ਹੋਇਆ ਚੁਪਾਟ ਖੁੱਲ੍ਹੇ ਦਰਵਾਜਿਆਂ ਵਿੱਚੋਂ ਸਭਨਾਂ ਦੇ ਰੂ-ਬ-ਰੂ ਹੋ ਜਾਂਦਾ ਹੈਪੰਨਾ 22 ਉੱਤੇ ਦਰਜ ਹੈ ‘ਊਂ ਆਪਣੀ ਟੌਅਰ ਖਾਸੀ ਐਦਫਤਰ ਆਲੇ ਸਾਰੇ ਮੈਂਨੂੰ ਜੱਟ ਈ ਸਮਝਦੇ ਨੇਮੇਰਾ ਖਿਆਲ ਐ ਸਵਾਇ ਸੁਪਰਡੈਂਟ ਦੇ ਹੋਰ ਕੋਈ ਨੀ ਜਾਣਦਾ ਕਿ ਮੈਂ ਕਿਨ੍ਹਾਂ ਦਾ ਮੁੰਡਾਂ ...। ... ਸਾਲਿਓ! ਜੱਟ ਜਿਮੀਦਾਰ ਹੁੰਦਾ, ਪੰਜ ਸੌ ਬਿੱਘੇ ਦਾ ਮਾਲਕ ਹੁੰਦਾ ਤਾਂ ਮੈਂ ਇਹ ਚਪੜਾਸਗਿਰੀ ਕਰਨੀ ਸੀ?’ ਇਹ ਵਾਕ ਸਾਡੇ ਅਜੋਕੇ ਜਨ ਜੀਵਨ ਤੇ ਰਹਿਣ ਸਹਿਣ ਦੇ ਮਾਹੌਲ ਉੱਤੇ ਟੀਕਾ ਟਿੱਪਣੀ ਕਰਨ ਲਈ ਕਾਫੀ ਹਨਭਾਵੇਂ ਇਸ ਕਹਾਣੀ ਵਿੱਚ ਕੁਝ ਕੁ ਮਾੜੇ ਤੇ ਮੰਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਅੱਖਰਦੀ ਜ਼ਰੂਰ ਹੈ, ਪਰ ਪਾਤਰ ਹੀ ਜਿਹਾ ਘੜਿਆ ਗਿਆ ਹੈ ਕਿ ਉਸ ਦੇ ਮੂੰਹੋਂ ਢੁੱਕਦੀ ਵਾਰਤਾਲਾਪ ਹੋ ਨਿੱਬੜਦੀ ਹੈ

ਅਜੋਕੇ ਦਫਤਰੀ ਵਾਤਾਵਰਣ ਨੂੰ ਉਜਾਗਰ ਕਰਦੀ ਇੱਕ ਕਹਾਣੀ ਗਿਠਮੁਠੀਏ ਹੈ, ਜਿਸ ਵਿੱਚ ਸਮਸ਼ੇਰ ਨਾਂ ਦਾ ਕਿਰਦਾਰ ਵਾਹਵਾ ਪੇਸ਼ ਕੀਤਾ ਗਿਆ ਹੈ ਜੋ ਧਰਮੀ ਤੇ ਕਰਮਕਾਂਡੀ ਵੀ ਹੈ ਤੇ ਰਿਸ਼ਵਤਖੋਰ ਵੀ ਅਤੇ ਉਸ ਦੇ ਦੋ ਤਿੰਨ ਚਿਹਰੇ ਪ੍ਰਸਤੁਤ ਕੀਤੇ ਗਏ ਹਨ ਕਿ ਉਹ ਘਰ ਵਿੱਚ ਕੁਝ ਹੋਰ ਰੂਪ ਵਿੱਚ ਪੇਸ਼ ਹੁੰਦਾ ਹੈ ਅਤੇ ਸਮਾਜ ਵਿੱਚ ਹੋਰ ਤਰ੍ਹਾਂ ਵਿਚਰਦਾ ਹੈ ਤੇ ਦਫਤਰ ਵਿੱਚ ਅਫਸਰੀ ਕਰਦਿਆਂ ਕੁਝ ਹੋਰ ਹੀ ਨਵੇਕਲਾ ਰੂਪ ਧਾਰ ਕੇ ਸਾਰਿਆਂ ਦੇ ਮੂਹਰੇ ਹੁੰਦਾ ਰਹਿੰਦਾ ਹੈਕਦੀ ਤਾਂ ਰਿਸ਼ਵਤ ਲੈਣੀ ਗੁਨਾਹ ਸਮਝਦਾ ਹੈ ਅਤੇ ਕਦੇ ਉਸ ਤੋਂ ਬਿਨਾ ਉਸਦਾ ਸਰਦਾ ਹੀ ਨਹੀਂ ਅਤੇ ਉਸ ਦੀਆਂ ਖਾਹਿਸ਼ਾਂ ਉਸ ਦਾ ਵੱਸ ਵੀ ਨਹੀਂ ਚੱਲਣ ਦਿੰਦੀਆਂ ਤੇ ਉਸ ਦੀ ਮੱਤ ਮਾਰ ਕੇ ਰੱਖਦੀਆਂ ਹਨ, ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ ਬਰਖਾਸਤਗੀ ਵਾਲਾ ਲਵ-ਲੈਟਰ ਪ੍ਰਾਪਤ ਹੋਣ ਨਾਲ ਕੋਫਤ ਹੰਦੀ ਹੈ ਅਤੇ ਉਹ ਇੱਧਰ ਉੱਧਰ ਬਗਲਾਂ ਹੀ ਝਾਕਦਾ ਰਹਿ ਕੇ ਵਿਚਾਰਾ ਜਿਹਾ ਬਣ ਜਾਂਦਾ ਹੈਬਹੁਤ ਵਧੀਆ ਟਕੋਰ ਕੱਸਦੀ ਇਹ ਵਿਅੰਗਮਈ ਕਹਾਣੀ ਹੈਅਜਿਹੇ ਹੀ ਮਾਹੌਲ ਨੂੰ ਬਿਆਨ ਕਰਦੀਆਂ ਦੋ ਕਹਾਣੀਆਂ ਕੁਰਸੀਆਂ ਅਤੇ ਕੁਰਸੀਆਂ ਤੇ ਆਮ ਆਦਮੀ ਵੀ ਹਨ ਜੋ ਦਫਤਰੀ ਸੜਿਹਾਂਦ ਮਾਰਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਪ੍ਰਸਤੁਤ ਕਰਦੀਆਂ ਹਨ ਜਿਸ ਨੂੰ ਲੇਖਕ ਨੇ ਨੇੜਿਓਂ ਡਿੱਠਾ ਹੋਣ ਕਰਕੇ ਬੜੀ ਖੂਬੀ ਤੇ ਕਲਾਤਮਿਕਤਾ ਨਾਲ ਬਿਆਨਿਆ ਹੈ

ਆਦਮੀ ਦੀ ਜਾਤ - ਕਹਾਣੀ ਵੀ ਸਾਧਾਰਣ ਬੁੱਧ ਮਨੁੱਖ ਦੇ ਅੰਤਰੀਵ ਭਾਵਾਂ ਨੂੰ ਉਜਾਗਰ ਕਰਨ ਵਿੱਚ ਸਫਲ ਰਹਿੰਦੀ ਹੈਅਫਸਰਸ਼ਾਹੀ ਤੇ ਆਮ ਆਦਮੀ ਦੇ ਵਰਤ ਵਿਵਹਾਰ ਦੀ ਗਾਥਾ ਨੂੰ ਬੜੇ ਸਲੀਕੇ ਨਾਲ ਪ੍ਰਸਤੁਤ ਕੀਤਾ ਗਿਆ ਹੈਦੋ ਮੁਖੇ ਤੇ ਚੁਫੇਰਗੜ੍ਹੀਏ ਅੱਖੜ ਅਫਸਰਾਂ ਦੀਆਂ ਬਾਤਾਂ ਉੱਤੇ ਕੋਈ ਵੀ ਜਲਦੀ ਕੀਤਿਆਂ ਵਿਸ਼ਵਾਸ ਨਹੀਂ ਕਰਦਾ, ਭਾਵੇਂ ਪਤਨੀ ਤੇ ਧੀ ਪੁੱਤਰ ਹੀ ਕਿਉਂ ਨਾ ਹੋਣਵਾਫਰ ਕਮਾਈ ਸਭ ਦੀ ਮੱਤ ਮਾਰ ਛੱਡਦੀ ਹੈ ਅਤੇ ਕੱਖੋਂ ਹੌਲਾ ਕਰਕੇ ਰੱਖ ਦਿੰਦੀ ਹੈ, ਦਾ ਹੀ ਪ੍ਰਗਟਾਵਾ ਇਸ ਕਹਾਣੀ ਵਿੱਚ ਕੀਤਾ ਗਿਆਹੈਰਿਸ਼ਵਤਖੋਰ ਅਫਸਰ ਆਪਣੀ ਧੀ ਰਿਦਮ ਨੂੰ ਬੜੇ ਸਬਜ਼ਬਾਗ ਦਿਖਾਉਂਦਾ ਹੈ ਅਤੇ ਉਸ ਦੇ ਸੁਨਹਿਰੇ ਤੇ ਸਚਿਆਰ ਭਵਿੱਖ ਲਈ ਲੋਚਦਾ ਵੀ ਹੈ, ਪ੍ਰੰਤੂ ਉਸ ਦੀ ਧਰਮ ਪਤਨੀ ਉਸ ਦੇ ਰੋਜ਼ਾਨਾ ਦੇ ਵਿਵਹਾਰ ਤੋਂ ਜਾਣੂ ਹੋਣ ਕਰਕੇ ਸੁਚੇਤ ਕਰਦੀ ਹੈ, ਦਾ ਪ੍ਰਗਟਾਵਾ ਪੰਨਾ 87 ਉੱਤੇ ਇਸ ਤਰ੍ਹਾਂ ਕਰਕੇ ਸੁਜੱਗ ਵਰਤਾਰਾ ਵਰਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ‘ਇਸੇ ਲਈ ਮੇਰੀਆਂ ਦੋ ਗੱਲਾਂ ਮੰਨ ਲਵੋ ਸਰਦਾਰ ਜੀ! ਇੱਕ ... ਇੱਕ ਤਾਂ ਹਰਾਮ ਦੀ ਕਮਾਈ ਘਰ ਲਿਆਉਣੀ ਬੰਦ ਕਰ ਦਿਓ ਤੇ ਦੂਸਰੇ ਸ਼ਰਾਬ ਜੇਕਰ ਛੱਡਣੀ ਨਹੀਂ ਤਾਂ ਇਸ ਨੂੰ ਘਟਾ ਜ਼ਰੂਰ ਦਿਓਬਾਕੀ ਤੁਸੀਂ ਖੁਦ ਸਿਆਣੇ ਹੋ ... ਅੱਗੇ ਤੁਹਾਡੀ ਮਰਜ਼ੀ ਇਹ ਹਰ ਸ਼ਰਾਬੀ ਦੀ ਕਹਾਣੀ ਨੂੰ ਅਭਿਵਿਅਕਤ ਕਰਦੀ ਹੈਚਾਹੁਣ ਨਾਲੋਂ ਕੁਝ ਕਰ ਗੁਜ਼ਰਣ ਦੇ ਬੋਲਾਂ ਨੂੰ ਪ੍ਰਗਟਾੳਣ ਵਾਲੀ ਸੋਚ ਜ਼ਿਆਦਾ ਸਹੀ ਰਹਿੰਦੀ ਹੈ

ਸੁਖਮਿੰਦਰ ਸੇਖੋਂ ਦੀਆਂ ਕਹਾਣੀਆਂ ਤੇ ਹਾਸ ਵਿਅੰਗ ਰਚਨਾਵਾਂ ਪਾਠਕਾਂ ਦਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੁੰਦੀਆਂ ਹਨਸੋ ਸਵਾਗਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2627)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰੋ. ਸਤਿੰਦਰ ਸਿੰਘ ਨੰਦਾ

ਪ੍ਰੋ. ਸਤਿੰਦਰ ਸਿੰਘ ਨੰਦਾ

Phone: (91 - 95010 - 28851)