KaramjitSinghDr7ਇਨ੍ਹਾਂ ਤਿਉਹਾਰਾਂ ਪਿੱਛੇ ਵਿਗਿਆਨਕਤਾ ਲੱਭਣਾ ਜਾਂ ਵਿਗਿਆਨ ਦੇ ਆਧਾਰ ’ਤੇ ਇਨ੍ਹਾਂ ਨੂੰ ...
(17 ਨਵੰਬਰ 2020)

 

ਦੀਵਾਲ਼ੀ ਭਾਰਤੀਆਂ ਦਾ ਨਿਵੇਕਲ਼ਾ ਤਿਉਹਾਰ ਹੈ। ਇਹ ਰੌਸ਼ਨੀ ਦਾ ਤਿਉਹਾਰ ਹੈ, ਇਸ ਲਈ ਗਿਆਨ ਦਾ ਪ੍ਰਤੀਕ ਬਣ ਗਿਆ ਹੈ, ਜਿਸਦੀ ਅਗਿਆਨਤਾ ਉੱਪਰ ਜਿੱਤ ਦਾ ਜਸ਼ਨ ਮੰਨਾਇਆ ਜਾਂਦਾ ਹੈ। ਹੋਰ ਡੂੰਘੇ ਅਰਥਾਂ ਵਿੱਚ ਮਨੁੱਖ ਅੰਦਰਲੇ ਹਨੇਰੇ ਉੱਪਰ ਚਾਨਣ ਦੀ ਜਿੱਤ ਦਾ ਪ੍ਰਤੀਕ ਵੀ ਬਣ ਗਿਆ ਹੈ। ਇਸ ਨੂੰ ਬੁਰਾਈ ਉੱਪਰ ਚੰਗਿਆਈ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਅਸਲ ਵਿੱਚ ਜਦੋਂ ਕੋਈ ਤਿਉਹਾਰ ਲੰਮੇ ਸਮੇਂ ਤਕ ਚਲਦਾ ਹੈ ਤਾਂ ਉਹ ਕਿਸੇ ਵੀ ਸੱਭਿਆਚਾਰ ਵਿੱਚ ਇੱਕ ਤੋਂ ਵਧੇਰੇ ਪ੍ਰਤੀਕ ਅਰਥ ਗ੍ਰਹਿਣ ਕਰ ਲੈਂਦਾ ਹੈ। ਅਗਾਂਹ ਜਾ ਕੇ ਉਸ ਨਾਲ ਇਤਿਹਾਸਕ ਘਟਨਾਵਾਂ ਵੀ ਜੁੜ ਜਾਂਦੀਆਂ ਹਨ ਜਿਸ ਕਾਰਣ ਸੱਭਿਆਚਾਰ ਵਿੱਚ ਅਜਿਹਾ ਤਿਉਹਾਰ ਹੋਰ ਵੀ ਮਹੱਤਵ ਗ੍ਰਹਿਣ ਕਰ ਲੈਂਦਾ ਹੈ। ਤੇਲ ਦੇ ਦੀਵੇ ਜਗਾਉਣੇ, ਖਰੀਦ ਕਰਨੀ, (ਵਿਸ਼ੇਸ਼ ਤੌਰ ’ਤੇ ਬਰਤਣਾਂ ਤੇ ਗਹਿਣਿਆਂ ਦੀ), ਮਿਠਾਈਆਂ ਵੰਡਣੀਆਂ, ਔਰਤਾਂ ਵਲੋਂ ਸਜ ਧਜ ਕਰਨੀ, ਰੰਗੋਲੀ ਬਣਾਉਣੀ ਅਤੇ ਕਈ ਤਰ੍ਹਾਂ ਦੇ ਰੀਤੀ ਰਿਵਾਜ ਨਿਭਾਉਣੇ ਅਤੇ ਪੂਜਾ ਆਦਿ ਇਸ ਤਿਉਹਾਰ ਦੀਆਂ ਵਿਸ਼ੇਸ਼ਤਾਵਾਂ ਹਨ।

ਇਸ ਤਿਉਹਾਰ ਨਾਲ ਜੁੜੇ ਦੀਵੇ ਤੋਂ ਲੈ ਕੇ ਅਜੋਕੇ ਯੁਗ ਤਕ ਅਨੇਕਾਂ ਇਤਿਹਾਸਕ ਮਿਥਿਹਾਕ ਤੇ ਲੋਕਧਾਰਾਈ ਸੰਦਰਭ ਜੁੜੇ ਹੋਏ ਹਨ ਜਿਸ ਉੱਪਰ ਵਿਚਾਰ ਕਰਨ ਉਪਰੰਤ ਹੀ ਇਸ ਤਿਉਹਾਰ ਦੇ ਬਹੁਤੇ ਅਰਥ ਤੇ ਮਹੱਤਵ ਸਪਸ਼ਟ ਹੋ ਸਕਦੇ ਹਨ, ਜਿਸਦਾ ਇੱਥੇ ਯਤਨ ਕੀਤਾ ਗਿਆ ਹੈ। ਸਭ ਤੋਂ ਪੁਰਾਣਾ ਦੀਵਾ ਪੱਥਰ ਵਿੱਚ ਪਏ ਡੂੰਘ ਦੇ ਰੂਪ ਵਿੱਚ ਮਿਲ਼ਦਾ ਹੈ ਜਿਸ ਵਿੱਚ ਤੇਲ ਤੇ ਬੱਤੀ ਪਾ ਕੇ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ। ਅਜਿਹਾ ਦੀਵਾ 10ਵੀਂ ਸਦੀ ਬੀਸੀ ਦਾ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਨਾਰੀਅਲ, ਸਿੱਪੀਆਂ ਅੰਡਿਆਂ ਦੇ ਖੋਲਾਂ, ਆਟੇ ਅਤੇ ਧਾਤ ਵਿਸ਼ੇਸ਼ ਤੌਰ ’ਤੇ ਪਿੱਤਲ਼ ਦੇ ਦੀਵੇ ਆਮ ਮਿਲ਼ਦੇ ਹਨ। ਅੱਠਵੀਂ ਸਦੀ ਬੀਸੀ ਵਿੱਚ ਕਾਂਸੇ ਦੇ ਦੀਵੇ ਵੀ ਮਿਲ਼ਦੇ ਹਨ। ਮਿੱਟੀ ਦਾ ਪੱਕਿਆ ਤੇ ਗੋਲ਼ ਦੀਵਾ ਚੌਥੀ ਸਦੀ ਬੀਸੀ ਵਿੱਚ ਆ ਕੇ ਮਿਲ਼ਦਾ ਹੈ ਇਸ ਤੋਂ ਬਾਦ ਇਸ ਵਿੱਚ ਕੋਣਾ ਕੱਢ ਕੇ ਬੱਤੀ ਲਈ ਜਗ੍ਹਾ ਬਣਾਈ ਗਈ ਹੈ।

ਦੀਵਾ ਭਾਰਤੀ/ਪੰਜਾਬੀ ਲੋਕਧਾਰਾ ਦਾ ਅਟੁੱਟ ਅੰਗ ਰਿਹਾ ਹੈ। ਬੱਚਾ ਜੰਮਣ ਤੇ ਛਿਲੇ ਵਿੱਚ 13 ਦਿਨ ਦੀਵਾ ਬਾਲ਼ਿਆ ਜਾਂਦਾ ਹੈ। ਔਲ਼ ਦੱਬਣ ਵਾਲੀ ਥਾਂ ਤੇ ਵੀ ਦੀਵਾ ਬਾਲ਼ ਕੇ ਰੱਖਿਆ ਜਾਂਦਾ ਹੈ। ਰੌਸ਼ਨੀ ਨੂੰ ਭੈੜੀਆਂ ਰੂਹਾਂ ਨੂੰ ਦੂਰ ਰੱਖਣ ਦਾ ਸਾਧਨ ਮੰਨਿਆ ਜਾਂਦਾ ਹੈ। ਮਨੁੱਖ ਨੇ ਜੰਗਲ਼ੀ ਜੀਵਨ ਜਿਉਂਦਿਆਂ ਹੀ ਇਹ ਅਨੁਭਵ ਕਰ ਲਿਆ ਸੀ ਕਿ ਰਾਤ ਨੂੰ ਹਮਲਾ ਕਰਨ ਵਾਲ਼ੇ ਜਾਨਵਰ ਅੱਗ ਦੇ ਨੇੜੇ ਨਹੀਂ ਜਾਂਦੇ। ਜਾਨਵਰਾਂ ਦਾ ਆਪਣਾ ਅਨੁਭਵ ਰਿਹਾ ਹੋਵੇਗਾ ਕਿ ਅੱਗ ਸਾੜਦੀ ਹੈ। ਇਸ ਤੋਂ ਇਹ ਕਲਪਨਾ ਕੀਤੀ ਗਈ ਕਿ ਅਦ੍ਰਿਸ਼ਟ ਨਿਸ਼ਾਚਰ ਭੂਤ ਪ੍ਰੇਤ ਅੱਗ ਦੇ ਨੇੜੇ ਨਹੀਂ ਆਉਂਦੇ। ਇਸੇ ਦਾ ਵਿਸਤਾਰ ਹੀ ਦੀਵੇ ਦੇ ਚਾਨਣ ਤੋਂ ਬਦਰੂਹਾਂ ਨੂੰ ਦੂਰ ਰੱਖਣ ਦਾ ਵਿਸ਼ਵਾਸ ਹੈ। ਸ਼ੁਭ ਕੰਮਾਂ ਵਿੱਚ ਭੈੜੀਆਂ ਸ਼ਕਤੀਆਂ ਵਿਘਨ ਨਾ ਪਾਉਣ ਇਸ ਲਈ ਦੀਵਾ ਬਾਲ਼ ਕੇ ਇਸ ਨੂੰ ਨਿਸਚਿਤ ਕੀਤਾ ਜਾਂਦਾ ਹੈ। ਮੁੰਡਨ ਸਮੇਂ ਆਟੇ ਦਾ ਦੀਵਾ ਬਾਲ਼ਿਆ ਜਾਂਦਾ ਹੈ। ਜਦੋਂ ਮਨੁੱਖ ਨੇ ਅਨਾਜ ਦੇ ਆਟੇ ਤੋਂ ਰੋਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਉਸ ਤੋਂ ਬਾਦ ਸਖ਼ਤ ਆਟੇ ਦਾ ਦੀਵਾ ਬਣਾਉਣ ਦਾ ਪ੍ਰਚਲਨ ਸੰਭਵ ਹੈ। ਮਰਨ ਵਾਲ਼ੇ ਦੇ ਹੱਥ ਤੇ ਆਟੇ ਦਾ ਦੀਵਾ ਰੱਖ ਕੇ ਮੰਤਰ ਉਚਾਰਣ ਕੀਤੇ ਜਾਂਦੇ ਹਨ ਤੇ ਮੰਨਿਆ ਇਹ ਜਾਂਦਾ ਹੈ ਕਿ ਕਿ ਵਿਛੜੀ ਆਤਮਾ ਨੂੰ ਅੰਧੇਰੇ ਰਾਹਾਂ ’ਤੇ ਇਹ ਰੌਸ਼ਨੀ ਸਹਾਈ ਹੋਵੇਗੀ। ਮਰਨ ਤੋਂ ਬਾਦ ਦਸ ਦਿਨ ਪਿੱਪਲ਼ ਨੇੜੇ ਦੀਵਾ ਬਾਲ਼ਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਸਿਵਿਆਂ ਵਿੱਚ ਦੀਵਾ ਬਾਲਣ ਦਾ ਰਿਵਾਜ ਵੀ ਹੈ। ਆਟੇ ਦਾ ਦੀਵਾ ਜਨਮ ਤੇ ਮੌਤ ਨਾਲ ਜੁੜ ਗਿਆ ਹੈ ਤੇ ਮਿੱਟੀ ਦਾ ਦੀਵਾ ਖੁਸ਼ੀ ਮੌਕੇ ਬਾਲ਼ਿਆ ਜਾਂਦਾ ਹੈ।

ਵਿਆਹ ਦੀ ਰਸਮ ਤਾਂ ਦੀਵੇ ਬਗ਼ੈਰ ਸੋਚੀ ਹੀ ਨਹੀਂ ਜਾ ਸਕਦੀ। ਮਾਈਆਂ (ਵਟਣਾ) ਲਾਉਣ ਸਮੇਂ ਦੇਹਰਾ ਲੱਕੜੀ ਦਾ ਬਣਾ ਕੇ, ਆਟੇ, ਹਲ਼ਦੀ ਦੇ ਬਣਾਏ ਚੌਕ ਉੱਪਰ ਰੱਖਿਆ ਜਾਂਦਾ ਹੈ। ਮੁੰਡੇ ਨੂੰ ਪਟੜੀ ’ਤੇ ਬਿਠਾ ਕੇ ਚੜ੍ਹਦੇ ਵਲ ਮੂੰਹ ਕਰਕੇ ਦੇਹਰੇ ਸਾਹਮਣੇ ਬਿਠਾਇਆ ਜਾਂਦਾ ਹੈ। ਭਈਆ ਦੂਜ ਵੇਲੇ ਵੀ ਭੈਣ ਭਰਾ ਨੂੰ ਚੜ੍ਹਦੇ ਵਲ ਮੂੰਹ ਕਰਵਾ ਕੇ ਮੂੰਹ ਮਿੱਠਾ ਕਰਵਾਉਂਦੀ ਹੈ। ਇਸ ਤੋਂ ਸੂਰਜ ਤੇ ਦੀਵੇ ਦਾ ਸੰਬੰਧ ਵੀ ਸਪਸ਼ਟ ਹੋ ਜਾਂਦਾ ਹੈ ਕਿ ਦੀਵਾ ਸੂਰਜ ਦਾ ਪ੍ਰਤੀਕ ਹੀ ਹੈ। ਦੀਵਾ ਜੀਵਨ ਦਾ ਪ੍ਰਤੀਕ ਹੈ ਇਸ ਲਈ ਦੀਵੇ ਦਾ ਬੁਝਣ-ਬਝਾਉਣ ਦਾ ਅਰਥ ਹੈ ਜੀਵਨ ਦੀ ਸਮਾਪਤੀ। ਸੈਂਕੜੇ ਕਥਾਵਾਂ ਵਿੱਚ ਦੀਵਾ ਬੁਝਣ ਦਾ ਅਰਥ ਕਿਸੇ ਦੀ ਮੌਤ ਤੋਂ ਹੀ ਲਿਆ ਜਾਂਦਾ ਹੈ। ਕਾਲ਼ੇ ਜਾਦੂ ਵਿੱਚ ਇਸੇ ਲਈ ਮੰਤਰਾਂ ਨਾਲ ਸੱਤ ਵਾਰ ਦੀਵੇ ਨੂੰ ਬੁਝਾਉਣ ਦਾ ਅਰਥ ਹੈ ਦੁਸ਼ਮਣ ਦੀ ਮੌਤ ਜਾਂ

ਉਸਦਾ ਨੁਕਸਾਨ। ਇਸੇ ਲਈ ਦੀਵਾ ਬੁਝਾਉਣਾ ਨਹੀਂ ਕਿਹਾ ਜਾਂਦਾ ਦੀਵਾ ਵੱਡਾ ਕਰਨਾ ਕਿਹਾ ਜਾਂਦਾ ਹੈ। ਦੀਵਾ ਜਗਾਉਣ ਅਤੇ ਵੱਡਾ ਕਰਨ ਤੇ ਜੋ ਸ਼ਬਦ ਬੋਲੇ ਜਾਂਦੇ ਰਹੇ ਹਨ ਉਸ ਤੋਂ ਵੀ ਲੋਕ ਵਿਸ਼ਵਾਸ ਤੇ ਮਾਨਤਾਵਾਂ ਸਪਸ਼ਟ ਹੋ ਜਾਂਦੀਆਂ ਹਨ।

ਦੀਵਟ ਦੀਵੜਾ ਬਲ਼ੇ
ਸੱਤਰ ਸੌ ਬਲਾ ਟਲ਼ੇ

ਦੀਵਟ ਘਿਉ ਦੀ ਬੱਤੀ
ਘਰ ਆਵੇ ਬਹੁਤੀ ਖੱਟੀ1

ਦੀਵਾ ਬਲਣ ਨਾਲ ਬਲ਼ਾਵਾਂ ਟਲ਼ਦੀਆਂ ਹਨ ਤੇ ਘਿਉ ਦੇ ਦੀਵੇ ਬਲਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਹ ਦੋਵੇਂ ਇੱਛਾਵਾਂ ਇੱਕੋ ਸਿੱਕੇ ਦੇ ਦੋ ਪਾਸੇ ਹਨ। ਇਹ ਮਨੁੱਖ ਦੀਆਂ ਸਦੀਵੀ ਇਛਾਵਾਂ ਤੇ ਲੋੜਾਂ ਵੀ ਹਨ। ਇਸੇ ਤਰ੍ਹਾਂ ਦੀਵਾ ਬੁਝਾਉਣ ਸਮੇਂ ਬੋਲੇ ਸ਼ਬਦ ਬੜੇ ਡੂੰਘੇ ਅਰਥ ਰੱਖਦੇ ਹਨ।

ਜਾ ਦੀਵਿਆ ਘਰ ਆਪਣੇ ਤੇਰੀ ਮਾਂ ਉਡੀਕੇ ਵਾਰ।
ਆਈਂ ਹਨੇਰੇ ਜਾਈਂ ਸਵੇਰੇ, ਸੱਭੇ ਸ਼ਗਨ ਵਿਚਾਰ।

ਜਾ ਦੀਵਿਆ ਘਰ ਆਪਣੇ ਸੁੱਖ ਵਸਾਈਂ ਰਾਤ।
ਰਿਜ਼ਕ ਲਿਆਈਂ ਭਾਲ਼ ਕੇ, ਤੇਲ ਲਿਆਈਂ ਨਾਲ।(2)

ਦੀਵਾ ਇੱਥੇ ਕੋਈ ਬੇਜਾਨ ਚੀਜ਼ ਨਹੀਂ ਹੈ ਸਗੋਂ ਕਿਸੇ ਮਾਂ ਦਾ ਬੇਟਾ ਹੈ ਜਿਸ ਦੀ ਘਰ ਵਿੱਚ ਮਾਂ ਵਲੋਂ ਉਡੀਕ ਹੋ ਰਹੀ ਹੈ। ਸੁੱਖ ਵਰਤਾਉਣ ਦੀ ਬੇਨਤੀ ਅਤੇ ਆਰਥਿਕ ਖੁਸ਼ਹਾਲੀ ਲਿਆਉਣ ਲਈ ਅਰਦਾਸ ਹੈ।

ਇਨ੍ਹਾਂ ਉਚਾਰੀਆਂ ਪੰਗਤੀਆਂ ਵਿੱਚ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਦੀਵਾ, ਤੇਲ (ਘਿਉ), ਬੱਤੀ ਅਤੇ ਦੀਵਟ (ਜਿਸ ’ਤੇ ਦੀਵਾ ਟਿਕਾਇਆ ਜਾਂਦਾ ਹੈ) ਤੇਲ ਦਾ ਜ਼ਿਕਰ ਆਉਂਦਾ ਹੈ ਤਾਂ ਖੋਜੀ ਦਾ ਧਿਆਨ ਤਿਲ਼ਾਂ ਵਿੱਚੋਂ ਨਿਕਲ਼ੇ ਚਿਕਨਾਈ ਵਾਲ਼ੇ ਤਰਲ ਪਦਾਰਥ ਵੱਲ ਜਾਂਦਾ ਹੈ। ਆਮ ਤੌਰ ’ਤੇ ਇਸ ਤੱਥ ਵਲ ਧਿਆਨ ਹੀ ਨਹੀਂ ਗਿਆ ਕਿਉਂਕਿ ਸਾਡੇ ਲਈ ਤੇਲ ਦਾ ਅਰਥ ਹੈ ਸਰ੍ਹੋਂ ਦਾ ਤੇਲ। ਪਰ ਕਾਹਨ ਸਿੰਘ ਨਾਭਾ ਨੂੰ ਇਸਦਾ ਗਿਆਨ ਸੀ ਜਿਸ ਨੂੰ ਅਸੀਂ ਗੌਲ਼ਿਆ ਤਕ ਨਹੀਂ। ਭਾਈ ਕਾਹਨ ਸਿੰਘ ਨਾਭਾ   ਅਨੁਸਾਰ, “ਤੈਲ-ਤਿਲ਼ ਦਾ ਵਿਕਾਰ। ਤਿਲ਼ਾਂ ਦੀ ਚਿਕਨਾਈ। ਸਭ ਤੋਂ ਪਹਿਲਾਂ ਤਿਲ਼ਾਂ ਵਿੱਚੋਂ ਇਹ ਪਦਾਰਥ ਕੱਢਿਆ ਇਸ ਲਈ ਨਾਮ ਤੇਲ ਹੋਇਆ। ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਵੀ ਤੇਲ ਹੀ ਕਹੀਦਾ ਹੈ। ‘ਤੇਲ ਜਲੇ ਬਾਤੀ ਠਹਿਰਾਨੀ’ (ਆਸਾ ਕਬੀਰ) ਸਵਾਸ ਤਲ ਆਯ ਬੱਤੀ। ‘ਦੀਪਕ ਬਾਂਧਿਤ ਧਰਿਉ ਬਿਨ ਤੇਲ’ (ਰਾਮ? ਕਬੀਰ) ਭਾਵ ਗਿਆਨ ਦੀਪਕ (3)। ਭਾਈ ਕਾਹਨ ਸਿੰਘ ਨਾਭਾ ਨੂੰ ਭਾਸ਼ਾ ਵਿਗਿਆਨ ਦੇ ਉਸ ਨਿਯਮ ਦਾ ਸਹਿਜ ਗਿਆਨ ਹੈ ਜਿਸਨੂੰ ਅਰਥ ਵਿਸਤਾਰ ਕਿਹਾ ਜਾਂਦਾ ਹੈ। ਸਿਆਹੀ ਦਾ ਅਰਥ ਹੈ ਕਾਲ਼ੀ ਪਰ ਬਾਅਦ ਵਿੱਚ ਨੀਲੀ, ਲਾਲ ਅਤੇ ਹਰੇ ਅਤੇ ਕਈ ਹੋਰ ਤਰ੍ਹਾਂ ਦੇ ਲਿਖਣ ਦੇ ਕੰਮ ਵਿੱਚ ਆਉਣ ਵਾਲ਼ੇ ਤਰਲ ਪਦਾਰਥ ਨੂੰ ਵੀ ਸਿਆਹੀ ਹੀ ਕਿਹਾ ਜਾਣ ਲੱਗਾ। ਇਸੇ ਤਰ੍ਹਾਂ ਤਿਲ਼ਾਂ ਤੋਂ ਨਿਕਲ਼ਿਆ ਪਦਾਰਥ ਤੇਲ ਜੋ ਬਾਦ ਵਿੱਚ ਸਰ੍ਹੋਂ ਦਾ ਤੇਲ, ਜਬਰੰਡੀ ਦਾ ਤੇਲ ਤੇ ਮਿੱਟੀ ਦਾ ਤੇਲ ਵੀ ਬਣ ਗਿਆ।

“ਤਿਲ਼ਾਂ ਦੇ ਬੀਜ ਨੂੰ ਸਭ ਤੋਂ ਪੁਰਾਣਾ ਬੀਜ ਮੰਨਿਆ ਗਿਆ ਹੈ। ਇਸ ਨੂੰ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਭਾਰਤੀ ਮਿੱਥ ਅਨੁਸਾਰ ਤਿਲ਼ ਅਮਰ ਹੋਣ ਦਾ ਪ੍ਰਤੀਕ ਹੈ। ਮਹਾਂ ਵਿਸ਼ਨੂੰ ਦੀ ਇਸਤਰੀ ਮਹਾਂ ਸ਼੍ਰੀ ਦੇਵੀ ਵਿੱਚ ਵੀ ਤਿਲ਼ਾਂ ਦੇ ਗੁਣ ਹਨ। ਘਿਉ ਤੋਂ ਬਾਅਦ ਤਿਲ਼ਾਂ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਅਥਰਵ ਵੇਦ ਅਨੁਸਾਰ ਅਗਨੀ ਦੇਵਤਾ ਮਾਸਾਹਾਰੀ ਪਿਸਾਚਾਂ ਅਤੇ ਰਾਕਸ਼ਸਾਂ ਨੂੰ ਦੂਰ ਭਜਾਉਂਦਾ ਹੈ। ਅਜਿਹਾ ਕਰਨ ਲਈ ਯੱਗ ਵਿੱਚ ਅਗਨੀ ਦੇਵਤਾ ਨੂੰ ਦੇਸੀ ਘਿਉ ਅਤੇ ਤਿਲ਼ਾਂ ਦੇ ਤੇਲ ਦੀ ਆਹੂਤੀ ਦਿੱਤੀ ਜਾਂਦੀ ਹੈ.” (4) ਅਸੀਰੀਅਨ ਮਿੱਥ ਅਨੁਸਾਰ ਸੰਸਾਰ ਰਚਣ ਲਈ ਇਕੱਠੇ ਹੋਏ ਦੇਵਤਿਆਂ ਨੇ ਤਿਲ਼ਾਂ ਦੀ ਬਣੀ ਸ਼ਰਾਬ ਦਾ ਸੇਵਨ ਕੀਤਾ।” (5) ਇੱਕ ਭਾਰਤੀ ਮਿੱਥ ਅਨੁਸਾਰ ਤਿਲ਼ ਦਾ ਪੌਦਾ ਵਿਸ਼ਨੂੰ ਦੇ ਵਾਲ਼ਾਂ ਵਿੱਚ ਉੱਗਿਆ। ਇਸਦੇ ਬੀਜ ਧਰਤੀ     ’ਤੇ ਡਿਗੇ ਤਾਂ ਇਸਦੀ ਖੇਤੀ ਆਰੰਭ ਹੋਈ। ਇਹ ਵੀ ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤਿਲ਼ਾਂ ਦੀ ਖੇਤੀ ਪਾਰਬਤੀ ਨੇ ਸ਼ੁਰੂ ਕੀਤੀ। ਪਾਰਬਤੀ ਤਿਲ਼ਾਂ ਦੇ ਤੇਲ ਦਾ ਵਟਣਾ ਲਾਉਂਦੀ ਸੀ।

ਤਿਲ਼ਾਂ ਨੂੰ ਸੰਤਾਨ ਉਤਪਤੀ ਦਾ ਸਾਧਨ ਮੰਨਿਆ ਜਾਂਦਾ ਹੈ। ਇਸੇ ਲਈ ਵਿਆਹ ਤੋਂ ਬਾਅਦ ਕੁੜੀ ਦੇ ਸੌਹਰੇ ਘਰ ‘ਤੇਲ ਮੇਥਰੇ’ ਦੀ ਰਸਮ ਕੀਤੀ ਜਾਂਦੀ ਹੈ। ਵਣਜਾਰਾ ਬੇਦੀ ਤਿਲ਼ਾਂ ਨਾਲ ਜੁੜੇ ਟੂਣੇ ਦਾ ਜ਼ਿਕਰ ਕਰਦਿਆਂ ਦੱਸਦਾ ਹੈ ਕਿ ਸੰਤਾਨ ਪ੍ਰਾਪਤੀ ਲਈ ਨਿਰਸੰਤਾਨ ਨੂੰ 40 ਦਿਨ 40 ਘਰਾਂ ਤੋਂ ਤਿਲ਼ ਲਿਆ ਕੇ ਖੁਆਏ ਜਾਂਦੇ ਹਨ। ਬੇਦੀ ਇਹ ਵੀ ਦੱਸਦਾ ਹੈ ਕਿ ਮਾਘੀ ਉੱਪਰ ਤਿਲ਼ ਦਾ ਵਟਣਾ ਲਾਇਆ ਜਾਂਦਾ ਹੈ। ਤਿਲ਼ ਦੇ ਪਾਣੀ ਨਾਲ ਇਸ਼ਨਾਨ ਕੀਤਾ ਜਾਂਦਾ ਹੈ, ਤਿਲ਼ਾਂ ਦਾ ਪਾਣੀ ਪੀਤਾ ਜਾਂਦਾ ਹੈ, ਇਨ੍ਹਾਂ ਦਾ ਫੱਕਾ ਮਾਰਿਆ ਜਾਂਦਾ ਹੈ, ਤਿਲ਼ਾਂ ਦਾ ਹਵਨ ਕੀਤਾ ਜਾਂਦਾ ਹੈ ਅਤੇ ਤਿਲ਼ਾਂ ਦੇ ਲੱਡੂ - ਤਿਲ਼-ਸ਼ਕਰੀ ਦਾਨ ਕੀਤੀ ਜਾਂਦੀ ਹੈ। ਮ੍ਰਿਤਕ ਲਈ ਤਿਲ਼ ਦਾ ਪਿੰਡ ਦਾਨ ਕੀਤਾ ਜਾਂਦਾ ਹੈ। ਸਤੀ ਹੋਣ ਸਮੇਂ ਇਸਤਰੀ ਦੇ ਹੱਥ ਵਿੱਚ ਤਿਲ਼ ਵੀ ਰੱਖੇ ਜਾਂਦੇ ਹਨ। ਕਾਲ਼ੇ ਤਿਲ਼ਾਂ ਦਾ ਟੂਣਾ ਕਰਕੇ ਦੁਸ਼ਮਣ ਨੂੰ ਖੁਆ ਕੇ ਆਪਣਾ ਗ਼ੁਲਾਮ ਬਣਾਏ ਜਾਣ ਦਾ ਵਿਸ਼ਵਾਸ ਪਾਲ਼ਿਆ ਜਾਂਦਾ ਹੈ। (6) ਅਸਲ ਵਿੱਚ ਤਿਲ਼ ਦਾ ਬੀਜ ਸਿੰਧ ਘਾਟੀ ਵਿੱਚ ਵੀ ਮਿਲ਼ਦਾ ਹੈ, ਇਸਦੇ ਜਲ਼ੇ ਬੀਜ ਇੱਥੋਂ ਪ੍ਰਾਪਤ ਹੋਏ ਹਨ (3500-3050 ਬੀਸੀ) ਤੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੀ ਖੇਤੀ ਇੱਥੋਂ ਹੀ ਸ਼ਰੂ ਹੋਈ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਤਿਲ਼ਾਂ ਦੇ ਤੇਲ ਦਾ ਦੀਵਾ ਵੀ ਇੱਥੇ ਹੀ ਸਭ ਤੋਂ ਪਹਿਲਾਂ ਬਲ਼ਿਆ, ਕਿਉਂਕਿ ਕਪਾਹ ਵੀ ਇੱਥੇ ਮਿਲ਼ੀ ਹੈ ਤੇ ਮਿੱਟੀ ਦਾ ਦੀਵਾ ਵੀ। ਪਾਰਬਤੀ ਵਲੋਂ ਖੇਤੀ ਸ਼ੁਰੂ ਕਰਨ ਦੀ ਮਿੱਥ ਵੀ ਇੱਧਰ ਇਸ਼ਾਰਾ ਕਰਦੀ ਹੈ ਕਿਉਂਕਿ ਸ਼ਿਵ ਸਿੰਧ ਘਾਟੀ ਦਾ ਦੇਵਤਾ ਹੈ। ਤਿਲ਼ਾਂ ਤੋਂ ਬਾਦ ਸਿੰਧ ਘਾਟੀ ਦੀ ਸਭਿਅਤਾ ਵਿੱਚ ਸਰ੍ਹੋਂ ਵੀ ਪ੍ਰਾਪਤ ਹੁੰਦੀ ਹੈ। ਇਹ ਤਿਲ਼ਾਂ ਤੋਂ ਬਾਅਦ ਵਿੱਚ (1800 ਬੀਸੀ) ਦ ਕਰੀਬ ਪਰਾਪਤ ਹੁੰਦੀ ਹੈ। ਇਸਦਾ ਪ੍ਰਚਲਨ ਪੂਰੇ ਭਾਰਤ ਵਿੱਚ ਅੱਜ ਦੇ ਦਿਨ ਵੀ ਪ੍ਰਚਲਿਤ ਹੈ। ਆਰੀਆਂ ਦੇ ਆਉਣ ਨਾਲ ਤਿਲ਼ਾਂ ਦੀ ਥਾਂ ਘਿਉ ਨੇ ਲੈ ਲਈ, ਜੋ ਹਵਨ ਵਿੱਚ ਆਮ ਵਰਤਿਆ ਜਾਂਦਾ ਸੀ ਪਰ ਇਸ ਨਾਲ ਉੱਪਰ ਦੱਸੇ ਅਨੁਸਾਰ ਤਿਲ਼ਾਂ ਦਾ ਮਹੱਤਵ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੋਇਆ। ਸਰ੍ਹੋਂ ਤੇ ਸਰ੍ਹੋਂ ਦੇ ਤੇਲ ਨੂੰ ਭੈੜੀਆਂ ਅਦਿੱਖ ਆਤਮਾਵਾਂ ਤੇ ਹੋਂਦਾਂ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਗਰਭਵਤੀ ਦੀ ਮੰਜੀ ਨਾਲ ਇੱਲ ਬਲਾਵਾਂ ਨੂੰ ਦੂਰ ਰੱਖਣ ਲਈ ਜਿੱਥੇ ਚਾਉਲ ਤੇ ਲੋਹਾ ਬੰਨ੍ਹਿਆ ਜਾਂਦਾ ਹੈ ਉੱਥੇ ਸਰ੍ਹੋਂ ਵੀ ਬੰਨ੍ਹੀ ਜਾਂਦੀ ਹੈ। ਖੁਸ਼ੀ ਦੇ ਮੌਕੇ ਬਾਹਰੋਂ ਆਏ ਨੂੰ ਤੇਲ ਚੋ ਕੇ ਲੰਘਾਉਣ ਪਿੱਛੇ ਵੀ ਇਹੀ ਭਾਵਨਾ ਕੰਮ ਕਰਦੀ ਹੈ। ਸ਼ਨੀ ਦੇ ਪ੍ਰਕੋਪ ਨੂੰ ਦੂਰ ਕਰਨ ਲਈ ਸਰ੍ਹੋਂ ਦੇ ਤੇਲ ਦਾ ਦਾਨ ਕੀਤਾ ਜਾਂਦਾ ਹੈ।

ਆਰੀਆ ਸਭਿਅਤਾ ਚਰਵਾਹਾ ਸਭਿਅਤਾ ਸੀ, ਇਸ ਲਈ ਇੱਥੇ ਮੱਖਣ ਤੋਂ ਬਣਿਆ ਘਿਉ ਪਵਿੱਤਰ ਮੰਨਿਆ ਗਿਆ। ਘਿਉ ਦੇ ਦੀਵੇ ਜਗਾਉਣਾ ਮੁਹਾਵਰਾ ਖੁਸ਼ੀ ਦੇ ਇਜ਼ਹਾਰ ਕਰਨ ਦਾ ਸੂਚਕ ਹੈ। ਤਿੱਬਤ ਦੇ ਬੋਧੀ ਮੰਦਿਰਾਂ ਵਿੱਚ ਯਾਕ ਦੇ ਦੁੱਧ ਤੋਂ ਬਣੇ ਘਿਉ ਦੇ ਦੀਵੇ ਬਾਲ਼ੇ ਜਾਂਦੇ ਰਹੇ ਹਨ। ਦੀਵੇ, ਤੇਲ/ਘਿਉ ਤੋਂ ਬਾਅਦ ਆਉਂਦੀ ਹੈ ਬੱਤੀ। ਇਹ ਤਿੰਨਾਂ ਦੇ ਮਿਲਣ ਨਾਲ ਹੀ ਦੀਵਾ ਬੱਤੀ ਕਰਨ ਦਾ ਵਿਚਾਰ ਪੈਦਾ ਹੁੰਦਾ ਹੈ। ਸਿੰਧ ਘਾਟੀ ਅਤੇ ਐਕਸੀਮੋ ਦੀ ਸਭਿਅਤਾ ਵਿੱਚ 5000 ਈਸਵੀ ਪੂਰਵ ਕਪਾਹ ਦੇ ਅੰਸ਼ ਮਿਲ਼ਦੇ ਹਨ। ਸਿੰਧ ਘਾਟੀ ਦੀ ਸਭਿਅਤਾ ਦੇ ਵਿਸਤਾਰ ਮਿਹਰ ਗੜ੍ਹ ਅਤੇ ਰਾਖੀਗੜ੍ਹੀ ਤੋਂ ਵੀ ਕਪਾਹ ਦਾ ਪਤਾ ਚਲਦਾ ਹੈ। ਕਿਹਾ ਜਾ ਸਕਦਾ ਹੈ ਕਿ ਸਿੰਧ ਘਾਟੀ ਦੀ ਸਭਿਅਤਾ ਵਿੱਚ ਦੀਵੇ ਨਾਲ ਰੌਸ਼ਨੀ ਕਰਨ ਦਾ ਆਰੰਭ ਹੋ ਚੁੱਕਾ ਸੀ। ਇੱਥੇ ਤਿਲ਼ਾਂ ਦਾ/ਸਰ੍ਹੋਂ ਦਾ ਤਲ ਵੀ ਹੈ, ਕਪਾਹ ਵੀ ਹੈ ਅਤੇ ਮਿੱਟੀ ਦਾ ਦੀਵਾ ਵੀ। ਆਰੀਆਂ ਦੇ ਆਉਣ ਨਾਲ ਘਿਉ ਕਾਰਣ ਇਸਦਾ ਸੱਭਿਆਚਾਰ ਵਿੱਚ ਹੋਰ ਵੀ ਮਹੱਤਵ ਹੋ ਗਿਆ। ਯੱਗਾਂ ਦੇ ਨਾਲ ਨਾਲ਼ ਦੀਵਾ ਜਗਾਉਣ ਦਾ ਪ੍ਰਚਲਨ ਵੀ ਰਿਹਾ ਹੈ। ਇਸ ਨਾਲ ਜੁੜੇ ਵਿਸ਼ਵਾਸਾਂ, ਰਸਮਾਂ-ਰਿਵਾਜਾਂ ਅਤ ਪ੍ਰਤੀਕਾਂ ਦਾ ਵਿਕਾਸ ਵੀ ਹੁੰਦਾ ਰਿਹਾ ਹੈ।

ਪੁਰਾਤਨ ਭਾਰਤੀ ਸਾਹਿਤ ਵਿੱਚ ਵੀ ਇਸੇ ਲਈ ਦੀਵਿਆਂ ਅਤੇ ਦੀਪਮਾਲ਼ਾ ਬਾਰੇ ਚਰਚਾ ਹੁੰਦੀ ਰਹੀ ਹੈ। ਪਹਿਲੀ ਸਦੀ ਈਸਵੀ ਵਿੱਚ ਲਿਖੇ ਗਏ ਪਦਮ ਅਤੇ ਸਕੰਦ ਪੁਰਾਣ ਵਿੱਚ ਦੀਵੇ ਦਾ ਜ਼ਿਕਰ ਮਿਲ਼ਦਾ ਹੈ। ਸਕੰਦ ਪੁਰਾਣ ਵਿੱਚ ਦੀਵਾ ਸੂਰਜ ਦਾ ਪ੍ਰਤੀਕ ਹੈ ਜੋ ਜੀਵਨ ਨੂੰ ਰੌਸ਼ਨੀ ਅਤੇ ਸ਼ਕਤੀ ਦਿੰਦਾ ਹੈ। ਕਠ ਉਪਨਿਸ਼ਦ ਵਿੱਚ, ਹਰਸ਼ ਦੇ ਨਾਟਕ (7ਵੀਂ ਸਦੀ) ਨਾਗਾਨਦ ਵਿੱਚ ‘ਦੀਪ ਪ੍ਰਦੀਪ’ ਉਤਸਵ ਦਾ ਉਲੇਖ ਹੈ। ਸੰਭਵ ਹੈ ਕਿ ਇਹ ਅੱਸੂ ਦੇ ਆਖਰੀ ਦਿਨ ਮੱਸਿਆ ਨੂੰ ਹੀ ਮਨਾਇਆ ਜਾਂਦਾ ਹੋਵੇ। 11ਵੀਂ ਸਦੀ ਵਿੱਚ ਐਲਬਰੂਨੀ ਦੇ ਵਰਣਨ ਵਿੱਚ ਕੱਤਕ ਦੀ ਪਹਿਲੀ ਨੂੰ ਦੀਪ ਜਗਾਉਣ ਦੀ ਸੂਚਨਾ ਦਿੱਤੀ ਗਈ ਹੈ। ਇਸ ਉਤਸਵ ਵਿੱਚ ਰੌਲ਼ਾ ਰੱਪਾ ਪਾਉਣ ਦਾ ਰਿਵਾਜ ਰਿਹਾ ਹੈ ਜੋ ਬਾਅਦ ਵਿੱਚ ਬਾਰੂਦ ਦੇ ਆਉਣ ਨਾਲ ਪਟਾਖੇ ਚਲਾਉਣ ਵਿੱਚ ਤਬਦੀਲ ਹੋ ਜਾਂਦਾ ਹੈ। ਰੌਲ਼ਾ ਰੱਪਾ ਪਾਉਣ ਪਿੱਛੇ ਬੁਰੀਆਂ ਆਤਮਾਵਾਂ ਨੂੰ ਦੂਰ ਰੱਖਣ ਦਾ ਵਿਸ਼ਵਾਸ ਕੰਮ ਕਰਦਾ ਹੈ। ਉਵੇਂ ਹੀ ਜਿਵੇਂ ਰੌਸ਼ਨੀ ਇਨ੍ਹਾਂ ਨੂੰ ਦੂਰ ਰੱਖਦੀ ਹੈ।

ਦੀਵਾਲ਼ੀ ਨੂੰ ਮਨਾਏ ਜਾਣ ਦੇ ਅਨੇਕਾਂ ਕਾਰਣ ਗਿਣਾਏ ਜਾਂਦੇ ਹਨ ।ਅਸਲ ਵਿੱਚ ਇਸ ਤਿਉਹਾਰ ਨਾਲ ਇਤਿਹਾਸਕ ਮਿਥਿਹਾਸਕ ਘਟਨਾਵਾਂ ਜੁੜਦੀਆਂ ਗਈਆਂ ਅਤੇ ਅਨੇਕਾਂ ਵਿਸ਼ਵਾਸਾਂ ਨੇ ਇਸ ਤਿਉਹਾਰ ਨੂੰ ਬਹੁਭਾਂਤ ਦਾ ਬਣਾ ਦਿੱਤਾ ਹੈ। ਅੱਜ ਦੇ ਦੌਰ ਵਿੱਚ ਹਿੰਦੂ, ਜੈਨੀ, ਬੋਧੀ ਅਤੇ ਸਿੱਖ ਆਪਣੇ ਆਪਣੇ ਕਾਰਣਾਂ ਕਰਕੇ ਇਸ ਉਤਸਵ ਨੂੰ ਮਹੱਤਵ ਦਿੰਦੇ ਹਨ। ਅਜੋਕਾ ਜਸ਼ਨ ਮਨਾਉਣ ਦਾ ਤਰੀਕਾ - ਜਿਸ ਵਿੱਚ ਵਪਾਰਕ ਹਿਤ ਵੀ ਜੁੜੇ ਹੋਏ ਹਨ - 20ਵੀਂ ਸਦੀ ਦੇ ਆਰੰਭ ਵਿੱਚ ਧਾਰਮਿਕ ਪੁਨਰ ਜਾਗਣ ਨਾਲ ਜੁੜਿਆ ਹੋਇਆ ਹੈ। ਇਸੇ ਸਮੇਂ, ਗਣੇਸ਼ ਉਤਸਵ ਵਰਗੇ ਨਵੇਂ ਉਤਸਵ ਵੀ ਹੋਂਦ ਵਿੱਚ ਆਉਂਦੇ ਹਨ।

ਆਮ ਧਾਰਣਾ ਇਹ ਹੈ ਕਿ ਇਸ ਦਿਨ ਰਾਮ, ਲਕਸ਼ਮਣ ਅਤੇ ਸੀਤਾ ਚੌਦਾਂ ਸਾਲ ਦੇ ਬਨਵਾਸ ਤੋਂ ਬਾਅਦ ਅਯੋਧਿਆ ਵਾਪਸ ਪਰਤੇ। ਉਨ੍ਹਾਂ ਦੀ ਵਾਪਸੀ ਦੀ ਖ਼ੁਸ਼ੀ ਵਿੱਚ ਸਾਰੀ ਅਯੋਧਿਆ ਨਗਰੀ ਵਿੱਚ ਦੀਪ ਮਾਲ਼ਾ ਕੀਤੀ ਗਈ ਜੋ ਅੱਗੇ ਚੱਲ ਕੇ ਸਾਰੇ ਭਾਰਤ ਤਕ ਵਿਆਪ ਗਈ। ਇਹ ਰਾਮਾਇਣ ਦਾ ਸੁਖਾਂਤਕ ਅਧਿਆਇ ਹੈ। ਰਾਮਾਇਣ ਦੀ ਕਥਾ ਸਾਡੇ ਸਾਰਿਆਂ ਦੀ ਮਾਨਸਿਕਤਾ ਦਾ ਹਿੱਸਾ ਹੈ ਇਸ ਲਈ ਇੱਥੇ ਇਸ ਨੂੰ ਦੁਹਰਾਉਣ ਦੀ ਲੋੜ ਨਹੀਂ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਿਨ ਅਗਿਆਤਵਾਸ ਦਾ ਸਮਾਂ ਖ਼ਤਮ ਹੋਣ ਤੇ ਪਾਂਡਵ ਆਪਣੇ ਰਾਜ ਵਿੱਚ ਵਾਪਸ ਆਏ ਸਨ। ਇਸ ਖੁਸ਼ੀ ਵਿੱਚ ਦੀਪਮਾਲ਼ਾ ਕੀਤੀ ਗਈ। ਪਹਿਲਾ ਪ੍ਰਕਰਣ ਰਾਮਾਇਣ ਨਾਲ ਸੰਬੰਧਿਤ ਹੈ ਤਾਂ ਦੂਸਰਾ ਮਹਾਂਭਾਰਤ ਨਾਲ। ਸਭ ਤੋਂ ਪੁਰਾਤਨ ਵਿਚਾਰ ਇਹ ਪ੍ਰਤੀਤ ਹੁੰਦਾ ਹੈ ਕਿ ਦੇਵਤਿਆਂ ਤੇ ਦੈਂਤਾਂ ਵੱਲੋਂ ਖੀਰ ਸਮੁੰਦਰ ਮੰਥਨ ਸਮੇਂ ਨਿਕਲ਼ੇ ਚੌਦਾਂ ਰਤਨਾਂ ਵਿੱਚੋਂ ਇੱਕ ਲਕਸ਼ਮੀ ਸੀ, ਇਸਦੇ ਜਨਮ ਦੀ ਖੁਸ਼ੀ ਹੀ ਦਿਵਾਲ਼ੀ ਦਾ ਰੂਪ ਹੈ। ਪਰ ਇੱਥੇ ਵੀ ਇੱਕ ਸਮੱਸਿਆ ਹੈ ਕਿ ਲਕਸ਼ਮੀ ਦੀ ਪੂਜਾ ਉਦੋਂ ਹੀ ਸੰਭਵ ਹੋ ਸਕਦੀ ਹੈ ਜਦੋਂ ਉਹ ਦੌਲਤ ਦੀ ਪ੍ਰਤੀਕ ਬਣ ਜਾਂਦੀ ਹੈ ਤੇ ਪ੍ਰਤੀਕ ਬਣਨ ਦੀ ਸੰਭਾਵਨਾ ਉਦੋਂ ਹੋ ਸਕਦੀ ਹੈ ਜਦੋਂ ਜਿਣਸਾਂ ਦੇ ਵਟਾਂਦਰੇ ਦੀ ਥਾਂ ਪੈਸਾ ਲੈ ਲਵੇ। ਇਹ ਕੁਝ ਉਦੋਂ ਹੀ ਸੰਭਵ ਹੋਇਆ ਜਦੋਂ ਰਾਜਿਆਂ ਨੇ ਸਿੱਕੇ ਢਾਲ਼ੇ। ਲਕਸ਼ਮੀ ਤੋਂ ਇਲਾਵਾ ਤੇਰਾਂ ਰਤਨ ਹੋਰ ਵੀ ਸਮੁੰਦਰ ਮੰਥਨ ਤੋਂ ਨਿਕਲ਼ੇ ਮੰਨੇ ਜਾਂਦੇ ਹਨ, ਉਹ ਹਨ - ਸ਼੍ਰਵਾ ਘੋੜਾ, ਕਾਮਧੇਨ ਗਊ, ਕਲਪ ਬ੍ਰਿਕਸ਼, ਰੰਭਾ, ਅਪਸਰਾ, ਅੰਮ੍ਰਿਤ, ਕਾਲਕੂਟ (ਜ਼ਹਿਰ), ਸ਼ਰਾਬ (ਸਰਾ), ਚੰਦਰਮਾ, ਧਨੰਤਰਿ, ਪਾਂਚਜੰਨਯ ਸ਼ੰਖ, ਕੌਸਭ ਮਣੀ, ਸਾਰੰਗ ਧਨੁੱਖ ਅਤੇ ਐਰਾਵਤਿ ਹਾਥੀ (7) ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਲਕਸ਼ਮੀ ਨੇ ਵਿਸ਼ਨੂੰ ਨੂੰ ਆਪਣਾ ਵਰ ਚੁਣਿਆ ਇਸ ਲਈ ਇਸ ਦਿਨ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇੱਕ ਇਹ ਵੀ ਮਿੱਥ ਹੈ ਕਿ ਇਸ ਦਿਨ ਵਿਸ਼ਨੂੰ ਲਕਸ਼ਮੀ ਕੋਲ਼ ਵਾਪਸ ਬੈਕੁੰਠ ਪਰਤਿਆ, ਇਸ ਲਈ ਵੀ ਇਹ ਖੁਸ਼ੀ ਦਾ ਸਮਾਂ ਹੈ। ਗੁਜਰਾਤ ਵਿੱਚ ਇਸ ਦਿਨ ਤੋਂ ਨਵੇਂ ਦਿਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਦਿਨ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ ਜੋ ਬਹੀ ਖਾਤੇ ਵਿੱਚ ਹਿਸਾਬ ਕਿਤਾਬ ਰੱਖਣ ਵਾਲ਼ਾ ਪਾਤਰ ਮੰਨਿਆ ਜਾਂਦਾ ਹੈ। ਬਾਅਦ ਵਿੱਚ ਕੁਬੇਰ ਅਮੀਰ ਆਦਮੀ ਦਾ ਪ੍ਰਤੀਕ ਬਣ ਜਾਂਦਾ ਹੈ। ਕਈ ਥਾਂਈਂ ਇਸ ਦਿਨ ਸੰਗੀਤ, ਸਾਹਿਤ ਜਾਂ ਸਿੱਖਿਆ ਦੀ ਦੇਵੀ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਉੜੀਸਾ ਤੇ ਬੰਗਾਲ ਵਿੱਚ ਇਸ ਦਿਨ ਕਾਲ਼ੀ ਦੀ ਪੂਜਾ ਨੂੰ ਮਾਨਤਾ ਮਿਲਦੀ ਹੈ। ਇਨ੍ਹਾਂ ਪ੍ਰਦੇਸ਼ਾਂ ਵਿੱਚ ਇਹ ਪੂਜਾ ਦਾ ਮਹੱਤਵ ਦੀਵਾਲ਼ੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਦੀਵਾਲ਼ੀ ਦਾ ਤਿਉਹਾਰ ਕਈ ਦਿਨਾਂ ਤਕ ਫੈਲਿਆ ਹੋਇਆ ਹੈ। ਇੱਕ ਦਿਨ ਗੋਵਰਧਨ ਪੂਜਾ ਵੀ ਕੀਤੀ ਜਾਂਦੀ ਹੈ। ਇਹ ਪੂਜਾ ਕ੍ਰਿਸ਼ਨ ਦੇ ਖੇਤਰ ਬ੍ਰਜ ਵਿੱਚ ਵਿਸ਼ੇਸ਼ ਤੌਰ ’ਤੇ ਕੀਤੀ ਜਾਂਦੀ ਹੈ। ਮਿੱਥ ਹੈ ਕਿ ਇੰਦਰ ਦੀ ਕਰੋਪੀ ਕਾਰਣ ਲੋਕ ਜਦੋਂ ਅਤਿਅੰਤ ਪ੍ਰੇਸ਼ਾਨ ਹੋਏ ਤਾਂ ਕ੍ਰਿਸ਼ਨ ਨੇ ਚੀਚੀ ਉੱਪਰ ਗੋਵਰਧਨ ਧਾਰਣ ਕਰਕੇ ਲੋਕਾਂ ਨੂੰ ਉਸ ਹੇਠ ਪਨਾਹ ਦਿੱਤੀ ਅਤੇ ਇੰਦਰ ਦਾ ਮਾਣ ਤੋੜਿਆ।

ਇੱਕ ਤੱਥ ਹਮੇਸ਼ਾ ਯਾਦ ਰੱਖਣਾ ਜ਼ਰੂਰੀ ਹੈ ਕਿ ਕਈ ਤਿਉਹਾਰਾਂ ਦਾ ਆਰੰਭ ਪੂਰਵ ਇਤਿਹਾਸਕ ਕਾਲ ਤੋਂ ਹੀ ਹੋਇਆ ਹੁੰਦਾ ਹੈ ਪਰ ਜਦੋਂ ਨਵੇਂ ਅੰਦੋਲਨ ਉੱਭਰਦੇ ਹਨ ਜਾਂ ਨਵੇਂ ਧਰਮ ਆਪਣੀ ਵੱਖਰੀ ਹੋਂਦ ਬਣਾ ਰਹੇ ਹੁੰਦੇ ਹਨ ਤਾਂ ਪੁਰਾਤਨ ਤਿਉਹਾਰਾਂ ਨੂੰ ਨਵੇਂ ਸੰਦਰਭ ਦਿੱਤੇ ਜਾਂਦੇ ਹਨ। ਪੁਰਾਤਨ ਗ੍ਰੰਥਾਂ ਦੀ ਥਾਂ ਨਵੇਂ ਗਰੰਥ ਸਥਾਪਿਤ ਕੀਤੇ ਜਾਂਦੇ ਹਨ। ਪੁਰਾਣੇ ਤੀਰਥ ਸਥਾਨਾਂ ਦੀ ਥਾਂ ਨਵੇਂ ਤੀਰਥ ਸਥਾਨ ਹੋਂਦ ਵਿੱਚ ਆਉਂਦੇ ਹਨ। ਕਈ ਬਾਰ ਨਵੇਂ ਸੰਮਤ ਵੀ ਇੱਥੋਂ ਹੀ ਸ਼ੁਰੂ ਹੁੰਦੇ ਹਨ। ਕਈ ਵਾਰ ਇਨ੍ਹਾਂ ਤਿਉਹਾਰਾਂ ਨਾਲ ਇਤਿਹਾਸਕ ਘਟਨਾਵਾਂ ਵੀ ਜੁੜ ਜਾਂਦੀਆਂ ਹਨ।

ਜੈਨੀਆਂ ਅਨੁਸਾਰ ਦੀਵਾਲ਼ੀ ਵਾਲੇ ਦਿਨ ਚੌਵੀਵੇਂ ਤੀਰਥੰਕਰ ਮਹਾਂਵੀਰ ਨੂੰ ਨਿਰਵਾਣ ਪ੍ਰਾਪਤ ਹੋਇਆ ਸੀ ਇਸ ਲਈ ਉਹ ਇਹ ਦਿਨ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਉਹ ‘ਨਿਰਵਾਣ ਲੱਡੂਆਂ’ ਦਾ ਪ੍ਰਸ਼ਾਦਿ ਵੰਡਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਇਸੇ ਦਿਨ ਹੀ ਮਹਾਂਵੀਰ ਦੇ ਪ੍ਰਮੁੱਖ ਪੈਰੋਕਾਰ ਸਵਾਮੀ ਗੌਤਮ ਗੰਭੀਰ ਨੂੰ ਵੀ ਗਿਆਨ ਦੀ ਪ੍ਰਾਪਤੀ ਹੋਈ ਸੀ। ਬੋਧੀਆਂ ਅਨੁਸਾਰ ਇਸ ਦਿਨ ਕਾਲਿੰਗ ਦਾ ਯੁੱਧ ਜਿੱਤਣ ਤੋਂ ਬਾਅਦ ਖੂਨ ਖ਼ਰਾਬੇ ਤੋਂ ਮੂੰਹ ਮੋੜ ਕੇ ਅਸ਼ੋਕ ਨੇ ਬੁੱਧ ਧਰਮ ਵਿੱਚ ਪ੍ਰਵੇਸ਼ ਕੀਤਾ ਸੀ।

ਸਿੱਖਾਂ ਵਿੱਚ ਦੀਵਾਲ਼ੀ ਦਾ ਆਪਣਾ ਵੱਖਰਾ ਮਹੱਤਵ ਹੈ। ਸਿੱਖਾਂ ਵਿੱਚ ਇਸ ਤਿਉਹਾਰ ਨੂੰ ਮਨਾਉਣ ਦੀ ਪਿਰਤ ਬਾਬਾ ਬੁੱਢਾ ਨੇ ਪਾਈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ, “ਦੀਪਮਾਲਿਕਾ, ਦੀਪਾਵਲਿ ਕੱਤਕ ਵਦੀ 30 ਦਾ ਤਿਉਹਾਰ ਹੈ। ਹਿੰਦੂਮਤ ਵਿੱਚ ਇਹ ਲਕਸ਼ਮੀ ਪੂਜਨ ਦਾ ਪਰਵ ਹੈ। ਸਿੱਖਾਂ ਵਿੱਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ ਕਯੋਂਕਿ ਗੁਰੂ ਹਰਗੋਬਿੰਦ ਸਾਹਿਬ ਦੀਵਾਲ਼ੀ ਦੇ ਦਿਨ ਗਵਾਲੀਯਰ ਦੇ ਕਿਲ੍ਹੇ ਤੋਂ ਅੰਮ੍ਰਿਤਸਰ ਜੀ ਪਧਾਰੇ ਸਨ। ਇਸ ਵਾਸਤੇ ਖੁਸ਼ੀ ਵਿੱਚ ਰੌਸ਼ਨੀ ਕੀਤੀ ਗਈ। (8) ਇਹ ਮੰਨਿਆ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਨੂੰ ਗਵਾਲੀਅਰ ਵਿੱਚੋਂ ਰਿਹਾ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਬਵੰਜਾ ਹੋਰ ਰਾਜਿਆਂ ਨੇ ਵੀ ਗੁਰੂ ਨੂੰ ਆਪਣੀ ਰਿਹਾਈ ਦੀ ਬੇਨਤੀ ਕੀਤੀ। ਗੁਰੂ ਹਰਗੋਬਿੰਦ ਨੇ ਰਾਜ ਸਾਹਮਣੇ ਆਪਣੀ ਰਿਹਾਈ ਲਈ ਇਹ ਸ਼ਰਤ ਰੱਖੀ ਕਿ ਉਹ ਰਾਜਿਆਂ ਨਾਲ ਹੀ ਰਿਹਾਈ ਲੈ ਸਕਦੇ ਹਨ। ਅੱਗੋਂ ਇਹ ਸ਼ਰਤ ਆਈ ਕਿ, ‘ਜਿੰਨੇ ਰਾਜੇ ਗੁਰੂ ਦਾ ਚੋਲ਼ਾਂ ਫੜ ਕੇ ਬਾਹਰ ਆ ਸਕਦੇ ਹਨ ਉੰਨੇ ਆ ਜਾਣ’। ਕਹਿੰਦੇ ਹਨ ਕਿ ਇਸ ਲਈ ਬਵੰਜਾ ਕਲੀਆਂ ਵਾਲ਼ਾ ਚੋਲ਼ਾ ਸੁਆਇਆ ਗਿਆ। ਹਰ ਰਾਜਾ ਇੱਕ ਇਕ ਕਲੀ ਫੜ ਕੇ ਬਾਹਰ ਆ ਗਿਆ। ਇਸੇ ਲਈ ਗੁਰੂ ਹਰਗੋਬਿੰਦ ਨੂੰ ‘ਬੰਦੀ ਛੋੜ’ ਦੀ ਪਦਵੀ ਦਿੱਤੀ ਗਈ ਤੇ ਦੀਵਾਲ਼ੀ ਨੂੰ ‘ਬੰਦੀ ਛੋੜ ਦਿਵਸ’ ਦੇ ਤੌਰ ’ਤੇ ਮੰਨਾਇਆ ਜਾਂਦਾ ਹੈ।

ਮੂਲ਼ ਰੂਪ ਵਿੱਚ ਦੀਵਾਲ਼ੀ ਭਾਰਤੀ ਤਿਉਹਾਰ ਹੈ ਜੋ ਦੇਸੀ ਮਹੀਨੇ ਅੱਸੂ ਦੀ ਆਖਰੀ ਰਾਤ ਨੂੰ ਮੰਨਾਇਆ ਜਾਂਦਾ ਹੈ। ਇਹ ਉਦੋਂ ਹੀ ਸੰਭਵ ਸੀ ਜਦੋਂ ਬਿਕ੍ਰਮੀ ਸੰਮਤ ਆਰੰਭ ਹੋ ਗਿਆ ਹੋਵੇ। ਇਹ ਸ਼ੁਰੂ ਹੁੰਦਾ ਹੈ 57 ਬੀਸੀ ਨੂੰ। ਇਸ ਤੋਂ ਬਾਅਦ ਹੀ ਮਹੀਨਿਆਂ ਦੇ ਚੰਗੇ ਮਾੜੇ ਹੋਣ ਦਾ ਵਿਚਾਰ ਵੀ ਸਾਹਮਣੇ ਆਉਂਦਾ ਹੈ। ਚੰਦ ਆਧਰਿਤ ਮਹੀਨਿਆਂ ਦੇ ਚੰਦ੍ਰਾਇਣ ਯਾਨੀ ਚੜ੍ਹਾ ਨੂੰ ਚੰਗਾ ਸਮਝਿਆ ਜਾਣ ਲੱਗਾ ਅਤੇ ਉਤ੍ਰਾਇਣ ਨੂੰ ਯਾਨੀ ਚੰਦ ਦੇ ਘਟਾਅ ਨੂੰ ਮਾੜਾ ਮੰਨਿਆ ਜਾਣ ਲੱਗਾ। ਅੰਤਿਮ ਦਿਨ ਨੂੰ ਪਰਿਵਰਤਨ ਦਾ ਸਮਾਂ ਮੰਨ ਕੇ ਸੰਧੀ ਸਮੇਂ ਕਈ ਰੀਤਾ ਰਸਮਾਂ ਕੀਤੀਆਂ ਜਾਣ ਲੱਗੀਆਂ। ਅੱਸੂ ਮਹੀਨੇ ਦੇ ਅਖੀਰ ਨਾਲ ਵੀ ਕਈ ਵਿਸ਼ਵਾਸ ਜੁੜਦੇ ਗਏ। ਅੱਜ ਤਾਂ ਅਜਿਹੇ ਦਿਨ ਵਪਾਰਕ ਤੌਰ ’ਤੇ ਬੇਹੱਦ ਲਾਹੇਵੰਦ ਹੋ ਗਏ ਹਨ। ਪੂਰੇ ਭਾਰਤ ਦੇ ਸੰਦਰਭ ਵਿੱਚ ਦੇਖੀਏ ਤਾਂ ਇਹ ਪਰਵ ਪੰਜ ਦਿਨ ਤਕ ਚਲਦਾ ਹੈ। ਨੇਪਾਲ ਤੇ ਕਈ ਹੋਰ ਥਾਂਈਂ ਇਹ ਸੱਤ ਦਿਨ ਤਕ ਜਾਰੀ ਰਹਿੰਦਾ ਹੈ।

ਦੀਵਾਲ਼ੀ ਦਾ ਤਿਉਹਾਰ ਅੱਸੂ ਦੀ ਤੇਰ੍ਹਵੀਂ ਤੋਂ ਆਰੰਭ ਹੁੰਦਾ ਹੈ। ਇਸ ਨੂੰ ‘ਧੰਨਤੇਰਸ’ ਕਿਹਾ ਜਾਂਦਾ ਹੈ ਇਹ ਦਿਨ ਅਸਲ ਵਿੱਚ ਧਨੰਤਰ ਵੈਦ ਦਾ ਦਿਨ ਹੈ ਜਿਸ ਦਿਨ ਇਸਦੀ ਪੂਜਾ ਕੀਤੀ ਜਾਂਦੀ ਹੈ। ਇਹ ਉਹੋ ਧੰਨਤਰ ਵੈਦ ਹੈ ਜੋ ਸਮੁੰਦਰ ਮੰਥਨ ਸਮੇਂ ਇੱਕ ਰਤਨ ਵਜੋਂ ਬਾਹਰ ਆਇਆ ਸੀ। ਧੰਨਵੰਤਰੀ ਵੈਦ ਨੂੰ ਦੇਵਤਿਆਂ ਦਾ ਵੈਦ ਮੰਨਿਆ ਜਾਂਦਾ ਹੈ ਅਤੇ ਔਸ਼ਧੀ ਸ਼ਸਤਰ ਦਾ ਆਰੰਭ ਕਰਤਾ ਵੀ ਇਸੇ ਨੂੰ ਮੰਨਦੇ ਹਨ। “ਆਯੁਰਵੇਦ ਵਾਲ਼ੇ ਧੰਨ ਤੇਰਸ ਨੂੰ ਇਸਦੀ ਜਨਮ ਤਿਥ ਮਨਾਉਂਦੇ ਹਨ ਤੇ ਇਸ ਤਿਉਹਾਰ ਦਾ ਨਾਂ ਧਨੰਤਰ ਦੇ ਨਾਂ ਉੱਤੇ ਧੰਨਤੇਰਸ ਪਿਆ। ਕਈ ਕਹਿੰਦੇ ਹਨ ਕਿ ਧੰਨ ਤੇਰਸ ਨੂੰ ਨਵਾਂ ਭਾਂਡਾ ਖਰੀਦਣ ਨਾਲ ਘਰ ਵਿੱਚ ਰੋਗ ਨੇੜੇ ਨਹੀਂ ਫਟਕਦਾ। ਧਨੰਤਰ ਨੇ ਹੀ ਆਯੁਰਵੇਦ ਦੀ ਰਚਨਾ ਕੀਤੀ।” (9) ਧੰਨਵੰਤਰੀ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿ ਇਸ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ। ਪਰ ਹੁਣ ਤਾਂ ਧੰਨਤੇਰਸ ਦਾ ਅਰਥ ਭਾਂਡੇ ਖਰੀਦਣਾ ਅਤੇ ਗਹਿਣੇ ਖਰੀਦਣਾ ਹੀ ਰਹਿ ਗਿਆ ਹੈ ਜਿਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਅਸਲ ਵਪਾਰਕ ਦਿਨ।

ਚੌਧਵੀਂ ਨੂੰ ਨਰਕਾਚਤੁਰਦਸੀ ਦੇ ਰੂਪ ਵਿੱਚ ਮੰਨਾਇਆ ਜਾਂਦਾ ਹੈ। ਮਹਾਂ ਭਾਰਤ ਅਨੁਸਾਰ ਇੱਕ ਬਾਰ ਨਰਕਾਸੁਰ ਦੈਂਤ ਨੇ ਘੋਰ ਤਪੱਸਿਆ ਕੀਤੀ। ਉਹ ਹੋਰਨਾਂ ਦੈਂਤਾਂ ਵਾਂਗ ਹੀ ਇੰਦਰ ਦਾ ਰਾਜ ਪ੍ਰਾਪਤ ਕਰਨਾ ਚਾਹੁੰਦਾ ਸੀ। ਇੰਦਰ ਨੇ ਰਾਜ ਦੇ ਖੁੱਸਣ ਦੇ ਡਰੋਂ ਵਿਸ਼ਣੂ ਨੂੰ ਯਾਦ ਕੀਤਾ। ਬ੍ਰਹਮ ਪੁਰਾਣ ਮੁਤਾਬਿਕ ਇੰਦਰ ਨੇ ਕ੍ਰਿਸ਼ਨ ਨੂੰ ਕਿਹਾ ਕਿ, “ਭੌਮਾਸੁਰ (ਨਰਕਾਸੁਰ) ਅਨਕ ਦੇਵਤਿਆਂ ਨੂੰ ਮਾਰ ਚੁੱਕਾ ਹੈ, ਕੁੜੀਆਂ ਦਾ ਬਲਾਤਕਾਰ ਕਰਦਾ ਹੈ। ਉਸਨੇ ਅਦਿਤੀ ਅਤੇ ਅੰਮ੍ਰਿਤਸਰਾਵੀ ਨਾਂ ਦੇ ਦਿੱਵ ਕੁੰਡਲ ਲੈ ਲਏ ਹਨ ਹੁਣ ਮੇਰਾ ਏਰਾਵਤ (ਹਾਥੀ) ਵੀ ਲੈ ਲੈਣਾ ਚਾਹੁੰਦਾ ਹੈ। ਉਸ ਤੋਂ ਰੱਖਿਆ ਕਰੋ।” ਕ੍ਰਿਸ਼ਨ ਨੇ ਵਿਸ਼ਵਾਸ ਦੲਆਇਆ ਤੇ ਨਰਕਾਸਰ ’ਤੇ ਹਮਲਾ ਕੀਤਾ। ਸੁਦਰਸ਼ਨ ਚੱਕਰ ਨਾਲ ਉਸਦੇ ਦੋ ਟੋਟੇ ਕਰ ਦਿੱਤੇ ਅਤੇ ਦੈਂਤਾਂ ਦਾ ਵੱਧ ਕੀਤਾ।” (10) ਕਈਆਂ ਅਨੁਸਾਰ ਨਰਕਾਸੁਰ ਦਾ ਵੱਧ ਕ੍ਰਿਸ਼ਨ ਦੀ ਪਤਨੀ ਸਤਿਯਭਾਮਾ ਨੇ ਕੀਤਾ। ਨਰਕਾਸੁਰ ਦੇ ਮਰਨ ਦੀ ਖ਼ੁਸ਼ੀ ਨਰਕਾਸੁਰ ਚਤੁਰਥੀ ਨੂੰ ਦੀਵੇ ਬਾਲ਼ ਕੇ ਕੀਤੀ ਜਾਂਦੀ ਹੈ। ਇਸ ਦਿਨ ਤਿਲ਼ਾਂ ਦਾ ਖ਼ੂਸ਼ਬੂਦਾਰ ਤੇਲ ਮਲ਼ ਕੇ ਨਹਾਇਆ ਜਾਂਦਾ ਹੈ। ਔਰਤਾਂ ਹੱਥਾਂ ’ਤੇ ਮਹਿੰਦੀ ਰਚਾਉਂਦੀਆਂ ਹਨ। ਇਸ ਦਿਨ ਗਣੇਸ਼, ਲਕਸ਼ਮੀ, ਸਰਸਵਤੀ ਅਤੇ ਕੁਬੇਰ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਉਂ ਇਹ ਦਿਨ ਧੰਨ ਪ੍ਰਾਪਤੀ, ਬਲ-ਪ੍ਰਾਪਤੀ, ਵਿੱਦਿਆ ਪ੍ਰਾਪਤੀ, ਅਤੇ ਨਵੇਂ ਖਾਤੇ ਖੋਲ੍ਹਣ ਦੇ ਰੂਪ ਵਿੱਚ ਮੰਨਾਇਆ ਜਾਂਦਾ ਹੈ।

ਅੱਸੂ ਮਹੀਨੇ ਦਾ ਆਖਰੀ ਦਿਨ ਜਾਂ ਮੱਸਿਆ ਦਾ ਦਿਨ ਹੀ ਅਸਲੀ ਦੀਵਾਲ਼ੀ ਦਾ ਦਿਨ ਹੈ। ਸਾਰੀ ਰਾਤ ਦੀਵੇ ਬਾਲ਼ੇ ਜਾਂਦੇ ਹਨ। ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਕਿ ਲਕਸ਼ਮੀ ਆਏ ਤਾਂ ਮੁੜ ਕੇ ਨਾ ਜਾਏ। ਆਮ ਗੱਲਾਂ ਵਿੱਚ ਅਸੀਂ ਪੈਸੇ ਨੂੰ ‘ਹੱਥਾਂ ਦੀ ਮੈਲ਼’ ਹੀ ਕਹਿੰਦੇ ਹਾਂ ਪਰ ਲਕਸ਼ਮੀ (ਧਨ) ਅਤੇ ਕਬਰ ਦੀ ਪੂਜਾ ਪੂਰੀ ਦੁਨੀਆਂ ਵਿੱਚ ਸਾਡੇ ਹੀ ਹਿੱਸੇ ਆਈ ਹੈ। ਮਿਠਾਈਆਂ ਵੰਡੀਆਂ ਜਾਂਦੀਆਂ ਹਨ। ਦੀਵੇ ਬਾਲਣ ਸਮੇਂ ਵੱਡੇ ਵਡੇਰਿਆਂ ਨੂੰ ਦੀਵੇ ਮਣਸੇ ਜਾਂਦੇ ਹਨ। ਇੱਕ ਦੀਵਾ ਸਿਵਿਆਂ ਵਿੱਚ ਵਡੇਰਿਆਂ ਦੇ ਨਾਂ ਦਾ ਰੱਖਿਆ ਜਾਂਦਾ ਹੈ। ਧਾਰਮਿਕ ਸਥਾਨਾਂ ’ਤੇ ਦੀਵੇ ਰੱਖੇ ਜਾਂਦੇ ਹਨ। ਸ਼ੁਰੂ ਵਿੱਚ ਬਦ ਬਲ਼ਾਵਾਂ ਨੂੰ ਦੂਰ ਭਜਾਉਣ ਲਈ ਉੱਚੀਆਂ ਅਵਾਜ਼ਾਂ ਕੱਢੀਆਂ ਜਾਂਦੀਆਂ ਸਨ ਪਰ ਬਾਅਦ ਵਿੱਚ ਇਨ੍ਹਾਂ ਦੀ ਥਾਂ ਪਟਾਕਿਆਂ ਨੇ ਲੈ ਲਈ। ਪਰ ਰੌਲ਼ਾ ਪਟਾਕਿਆਂ ਦੇ ਨਾਲ ਵੀ ਬਰਕਰਾਰ ਹੈ। ਸਟੇਟਸ ਦਾ ਵਿਖਾਵਾ ਕਰਨ ਲਈ ਵੀ ਕਰੋੜਾਂ ਦੇ ਪਟਾਕੇ ਫੂਕੇ ਜਾਂਦੇ ਹਨ। ਸਮੁੰਦਰ ਮੰਥਨ ਵਿੱਚੋਂ ਨਿਕਲ਼ਿਆ ਇੱਕ ਰਤਨ ਸੁਰਾ (ਸ਼ਰਾਬ) ਵੀ ਖੂਬ ਉਡਦੀ ਹੈ। ਮਾਸਾਹਾਰੀਆਂ ਲਈ ਇਹ ਮਹਾਂਪ੍ਰਸ਼ਾਦਿ ਛਕਣ ਦਾ ਤਿਉਹਾਰ ਬਣ ਜਾਂਦਾ ਹੈ। ਜੂਆ ਖੇਡਣਾ ਵੀ ਪਵਿੱਤਰ ਮੰਨਿਆ ਜਾਂਦਾ ਹੈ। ਕਈ ਥਾਂ ਪਰਿਵਾਰ ਜੂਏ ਵਿੱਚ ਆਪਣੇ ਵੱਡੇ ਵਡੇਰੇ ਨੂੰ ਜਿਤਾਉਂਦੇ ਹਨ ਤਾਂ ਕਿ ਸਾਰਾ ਸਾਲ ਪੈਸਾ ਆਉਂਦਾ ਰਹੇ।

ਗੁਜਰਾਤੀ ਮਾਰਵਾੜੀਆਂ ਲਈ ਕੱਤਕ ਦੀ ਪਹਿਲੀ ਤਾਰੀਖ਼ ਨਵੇਂ ਸਾਲ ਦਾ ਆਰੰਭ ਹੁੰਦਾ ਹੈ। ਨਵੇਂ ਸਾਲ ਦੇ ਆਰੰਭ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕਈ ਥਾਂਈਂ ਪਹਿਲੀ ਦੇ ਤਿਉਹਾਰ ਨੂੰ ‘ਦਿਵਾਲ਼ੀ ਪੜਵਾ’ ਵੀ ਕਿਹਾ ਜਾਂਦਾ ਹੈ। ਜੋ ਅਸਲ ਵਿੱਚ ਪਤੀ ਪਤਨੀ ਦਾ ਤਿਉਹਾਰ ਮੰਨਿਆ ਜਾਂਦਾ ਹੈ। ਦੋਨੋਂ ਇੱਕ ਦੂਜੇ ਨੂੰ ਵਿਸ਼ੇਸ਼ ਤੌਰ ’ਤੇ ਪਤੀ ਪਤਨੀ ਨੂੰ ਮਹਿੰਗੇ ਉਪਹਾਰ ਲੈ ਕੇ ਦਿੰਦਾ ਹੈ। ਇਸ ਦਿਨ ਗੋਵਰਧਨ ਪੂਜਾ ਦੇ ਨਾਲ ਨਾਲ਼ ਵਿਸ਼ਵਕਰਮਾ ਦਾ ਦਿਨ ਵੀ ਮੰਨਾਇਆ ਜਾਂਦਾ ਹੈ। ਵਿਸ਼ਵਕਰਮਾ ਨੂੰ ਦੇਵਤਿਆਂ ਦੇ ਭਵਨ ਨਿਰਮਾਣ ਕਰਨ ਵਾਲ਼ਾ ਦੇਵਤਾ ਮੰਨਿਆ ਜਾਂਦਾ ਹੈ ਪਰ ਕਾਰੀਗਰ ਜਮਾਤ ਨੇ ਇਸ ਨੂੰ ਆਪਣਾ ਇਸ਼ਟ ਮੰਨਿਆ ਹੈ। ਕਈ ਥਾਂਈਂ ਵਿਸ਼ਵਕਰਮਾ ਨੂੰ ਬ੍ਰਹਮਾ ਦਾ ਪੁੱਤਰ ਕਿਹਾ ਗਿਆ ਹੈ। ਉਹ ਲਕੜੀ, ਲੋਹੇ ਦੇ ਕਾਰੀਗਰਾਂ, ਭਵਨ ਨਿਰਮਾਣਕਾਰਾਂ ਅਤੇ ਮਜ਼ਦੂਰਾਂ ਦਾ ਦੇਵਤਾ ਮੰਨਿਆ ਜਾਂਦਾ ਹੈ। ਸੱਤਪੱਥ ਵੇਦ ਦੀ ਰਚਨਾ ਉਸੇ ਦੀ ਮੰਨੀ ਜਾਂਦੀ ਹੈ। ਉਸਦੇ ਚਾਰ ਹੱਥ ਕਲਪੇ ਗਏ ਹਨ ਜਿਨ੍ਹਾਂ ਵਿੱਚ ਘੜਾ, ਕਿਤਾਬ, ਰੱਸੀ ਅਤੇ ਕਾਰੀਗਰੀ ਦੇ ਸੰਦ ਦਿਖਾਏ ਗਏ ਹਨ। ਮੰਨਿਆ ਜਾਂਦਾ ਹੈ ਕਿ ਵਿਸ਼ਵਕਰਮਾ ਨੇ ਸੱਤਯੁਗ ਵਿੱਚ ਸਵਰਗ ਲੋਕ (ਜਾਂ ਇੰਦਰ ਲੋਕ), ਤਰੇਤੇ ਯੁਗ ਵਿੱਚ ਸੋਨੇ ਦੀ ਲੰਕਾ, ਦੁਆਪਰ ਯੁਗ ਵਿੱਚ ਹਸਤਨਾਪੁਰ ਅਤੇ ਕਲਯੁਗ ਵਿੱਚ ਇੰਦਰਪ੍ਰਸਥ ਦਾ ਨਿਰਮਾਣ ਕੀਤਾ। ਇਸ ਦਿਨ ਸਾਰੀ ਕਾਰੀਗਰ ਜਮਾਤ ਆਪਣੇ ਸੰਦਾਂ ਦੀ ਪੂਜਾ ਕਰਦੀ ਹੈ ਅਤੇ ਆਉਣ ਵਾਲ਼ੇ ਸਾਲ ਲਈ ਆਪਣੇ ਕੰਮ ਵਿੱਚ ਵਾਧੇ ਦੀ ਕਾਮਨਾ ਕਰਦੀ ਹੈ। ਇਸ ਦਿਨ ਕੋਈ ਕੰਮ ਨਹੀਂ ਕੀਤਾ ਜਾਂਦਾ। ਜਸਵੰਤ ਸਿੰਘ ਵਿਰਦੀ ਨੇ ਵਿਸ਼ਵਕਰਮਾ ਦੇ ਜੀਵਨ ਉੱਪਰ ਆਧਾਰਿਤ ਇੱਕ ਨਾਵਲ ਦੀ ਰਚਨਾ ਵੀ ਕੀਤੀ ਜਿਸਦਾ ਨਾਂ ਹੈ “ਨਿਹਚਲ ਨਾਹੀਂ ਚੀਤ” ਜੋ ਆਪਣੀ ਤਰ੍ਹਾਂ ਦਾ ਮਿਥਿਹਾਸਕ ਨਾਵਲ ਹੈ।

ਕੱਤਕ ਦੀ ਦੂਜ ਦੇ ਤਿਉਹਾਰ ਨੂੰ ਭਾਊ-ਬੀਜ, ਭਈਆ ਦੂਜ ਜਾਂ ਫਿਰ ਟਿੱਕਾ ਭਾਈ ਦੂਜ ਕਿਹਾ ਜਾਂਦਾ ਹੈ। “ਸਕਦ ਪਰਾਣ ਵਿੱਚ ਕਿਹਾ ਗਿਆ ਹੈ ਕਿ ਜੋ ਭੈਣ ਭਈਆ ਦੂਜ ਦੇ ਦਿਨ ਭਰਾ ਨੂੰ ਟਿੱਕਾ ਲਾ ਕੇ ਭੋਜਨ ਕਰਵਾਉਂਦੀ ਹੈ ਉਹ ਕਦੇ ਵਿਧਵਾ ਨਹੀਂ ਹੁੰਦੀ।” ਵਣਜਾਰਾ ਬੇਦੀ ਨੇ ਪੁਰਾਣਾਂ ਦੀ ਇੱਕ ਹੋਰ ਕਥਾ ਦਾ ਵੀ ਜ਼ਿਕਰ ਕੀਤਾ ਹੈ। ਇੱਕ ਵਾਰ ਕੱਤਕ ਦੀ ਚਾਨਣ ਪੱਖ ਦੀ ਦੂਜ ਨੂੰ ਯਮਰਾਜ ਆਪਣੀ ਭੈਣ ਯਮੁਨਾ ਦੇ ਘਰ ਗਿਆ। ਭੈਣ ਨੇ ਉਸ ਨੂੰ ਟਿੱਕਾ ਲਗਾ ਕੇ ਭੋਜਨ ਛਕਾਇਆ। ਯਮਰਾਜ ਨੇ ਬਦਲੇ ਵਿੱਚ ਭੈਣ ਨੂੰ ਕੁਝ ਮੰਗਣ ਲਈ ਕਿਹਾ। ਯਮੁਨਾ ਨੇ ਯਮਰਾਜ ਤੋਂ ਹਰ ਸਾਲ ਉਸਦੇ ਘਰ ਆਉਣ ਦਾ ਵਚਨ ਲਿਆ। ਇੱਥੋਂ ਹੀ ਪਰਵ ਦਾ ਨਾਂ ਭਈਆ ਦੂਜ ਪੈ ਗਿਆ। ਇਸੇ ਲਈ ਕਈ ਥਾਂ ਇਸ ਦਿਨ ਯਮਰਾਜ ਅਤੇ ਚਿੱਤਰ ਗੁਪਤ ਦੀ ਪੂਜਾ ਵੀ ਕੀਤੀ ਜਾਂਦੀ ਹੈ। (11) ਵਿਲੀਅਮ ਕਰੁੱਕ ਨੇ ਇਸ ਮਿੱਥ ਨੂੰ ਵੇਦ ਦੀ ਯਮ ਯਮੀ ਸੂਤਰ ਵਾਲੀ ਮਿੱਥ ਨਾਲ ਜੋੜਿਆ ਹੈ ਤੇ ਦੋਨਾਂ ਨੂੰ ਜੌੜੇ ਭੈਣ ਭਰਾ ਮੰਨਿਆ ਗਿਆ ਹੈ। (ਪੰਨਾ-347) ਹੁਣ ਇਹ ਪਰਵ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਜੋ ਹਿੰਦੂ ਖੱਤਰੀ ਪਰਿਵਾਰਾਂ ਤਕ ਹੀ ਸੀਮਤ ਹੈ। ਇਸ ਦਿਨ ਭੈਣਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਜਾਂਦਾ ਹੈ। ਉਨ੍ਹਾਂ ਨੂੰ ਤੋਹਫ਼ੇ ਵੀ ਦਿੱਤੇ ਜਾਂਦੇ ਹਨ।

ਨੇਪਾਲ ਵਿੱਚ ਦੀਵਾਲ਼ੀ ਦਾ ਪਰਵ ਅੱਸੂ ਵਦੀ 12ਵੀਂ ਤੋਂ ਸ਼ੁਰੂ ਹੋ ਕੇ ਕੱਤਕ ਸੁਦੀ ਦੂਜ ਤਕ ਚਲਦਾ ਹੈ। 12ਵੀਂ ਨੂੰ ‘ਕਾਗ ਤੁਹਾਰ’ ਮੰਨਾਇਆ ਜਾਂਦਾ ਹੈ। ਇਸ ਦਿਨ ਕਾਵਾਂ ਨੂੰ ਖਾਣੇ ਖੁਆਏ ਜਾਂਦੇ ਹਨ। 13ਵੀਂ ਨੂੰ ਮੰਨਾਏ ਜਾਣ ਵਾਲ਼ੇ ਤਿਉਹਾਰ ਨੂੰ ‘ਕੂਕਰ ਤਿਹਾਰ’ ਕਿਹਾ ਜਾਂਦਾ ਹੈ ਜਿਸ ’ਤੇ ਕੁੱਤਿਆਂ ਲਈ ਭੋਜਨ ਪਰੋਸਿਆ ਜਾਂਦਾ ਹੈ। ‘ਗਾਇ ਗੋਰੂ ਤਿਹਾਰ’ ਚੌਧਵੀਂ ਦਾ ਤਿਹਾਰ ਹੈ। ਇਸ ਦਿਨ ਗਾਵਾਂ, ਘੋੜਿਆਂ ਅਤੇ ਬਲਦਾਂ ਨੂੰ ਸਜਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅੰਨ ਆਦਿ ਖੁਆਇਆ ਜਾਂਦਾ ਹੈ। ਇਨ੍ਹਾਂ ਸਾਰੇ ਤਿਹਾਰਾਂ ਪਿੱਛੇ ਕੀ ਵਿਸ਼ਵਾਸ ਜਾਂ ਮਾਨਤਾਵਾਂ ਅਤੇ ਇਨ੍ਹਾਂ ਨਾਲ ਕਿਹੜੀਆਂ ਕਥਾਵਾਂ ਜੁੜੀਆਂ ਹਨ, ਇਹ ਇੱਕ ਵੱਖਰੀ ਖੋਜ ਦਾ ਵਿਸ਼ਾ ਹੈ। 15ਵੀਂ ਨੂੰ ਲਕਸ਼ਮੀ ਦਾ ਪੂਜਨ ਹੁੰਦਾ ਹੈ ਜੋ ਨੇਪਾਲੀ ਸਾਲ ਦਾ ਆਖ਼ਰੀ ਦਿਨ ਵੀ ਹੈ। ਨਵੇਂ ਵਰ੍ਹੇ ਪਹਿਲੀ ਕੱਤਕ ਨੂੰ ਨੇਵਾਰੀ ਲੋਕ ‘ਮਹਾਂ ਪੂਜਾ’ ਕਰਦੇ ਹਨ। ਕੱਤਕ ਦੀ ਪਹਿਲੀ ਨੂੰ ‘ਦੇਹ ਪੂਜਾ’ ਕੀਤੀ ਜਾਂਦੀ ਹੈ। ਇਸਦਾ ਮੰਤਵ ਸਾਰੇ ਸਾਲ ਲਈ ਸਰੀਰ ਤੰਦਰੁਸਤੀ ਦੀ ਕਾਮਨਾ ਕਰਨਾ ਹੈ। ਦੇਹ ਪੂਜਾ ਆਪਣੇ ਆਪ ਵਿੱਚ ਪਦਾਰਥਵਾਦੀ ਸੋਚ ਵਿੱਚੋਂ ਹੀ ਪੈਦਾ ਹੁੰਦੀ ਹੈ। ਜੇ ਦੇਹ ਨਰੋਈ ਨਹੀਂ ਤਾਂ ਮਾਨਸਿਕਤਾ ਵੀ ਨਰੋਈ ਨਹੀਂ ਰਹਿ ਸਕਦੀ। ਦੇਹ ਬਗ਼ੈਰ ਦਿਲ, ਦਿਮਾਗ਼ ਤੇ ਆਤਮਾ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਨੇਪਾਲ ਵਿੱਚ ਇਹ ਤਿਉਹਾਰ ਲੋਹੜੀ ਤੇ ਤੀਆਂ ਦੇ ਮੇਲ਼ ਵਰਗਾ ਤਿਉਹਾਰ ਹੈ। ਪੀਘਾਂ ਝੂਟੀਆਂ ਜਾਂਦੀਆਂ ਹਨ। ਮੁੰਡੇ ਕੁੜੀਆਂ ਨੱਚਦੇ ਨੱਚਦੇ ਘਰ ਘਰ ਜਾ ਕੇ ਫਲ਼ ਅਤੇ ਪੈਸੇ ਇਕੱਠੇ ਕਰਦੇ ਹਨ।

ਨੇਪਾਲ ਤੋਂ ਬਾਅਦ ਦੀਵਾਲ਼ੀ ਵਾਲ਼ੇ ਦਿਨ ਨੂੰ ਉੜੀਸਾ ਵਿੱਚ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਕਪਾਹ, ਲੂਣ, ਸਰ੍ਹੋਂ ਜੜ੍ਹਾਂ ਹਲ਼ਦੀ ਅਤੇ ਜੰਗਲੀ ਘਾਹ ਤੋਂ ਰੰਗੋਲੀ ਬਣਾਈ ਜਾਂਦੀ ਹੈ ਅਤੇ ਉਸਦੇ ਵਿਚਕਾਰ ਪ੍ਰਸ਼ਾਦਿ ਰੱਖ ਕੇ ਉਸ ਉੱਪਰ ਦੀਵਾ ਧਰਿਆ ਜਾਂਦਾ ਹੈ। ਦੀਵਾ ਸਣ ਦੇ ਡਕਿਆਂ ਦਾ ਬਣਾਇਆ ਜਾਂਦਾ ਹੈ ਅਤੇ ਇਸ ਵਿੱਚ ਕੱਪੜੇ ਦੀ ਬੱਤੀ ਪਾਈ ਜਾਂਦੀ ਹੈ। ਵਡੇਰਿਆਂ ਨੂੰ ਖੁਸ਼ ਕਰਨ ਲਈ ‘ਤਰਪਣ’ ਦੀ ਪੂਜਾ ਕੀਤੀ ਜਾਂਦੀ ਹੈ। ਘਰ ਸਾਹਮਣੇ ਬਾਂਸ ਗੱਡ ਕੇ ਮਿੱਟੀ ਦੇ ਭਾਂਡੇ ਵਿੱਚ ਦੀਵਾ ਰੱਖ ਕੇ ਟੰਗਿਆ ਜਾਂਦਾ ਹੈ। ਘੇਰਾ ਬਣਾ ਕੇ ਹੱਥ ਵਿੱਚ ਜਲ਼ਦੇ ਸਣ ਦੇ ਡੱਕੇ ਫੜ ਕੇ ਅਸਮਾਨ ਵਲ ਕਰ ਕੇ ਗੀਤ ਗਾਏ ਜਾਂਦੇ ਹਨ। ਇਨ੍ਹਾਂ ਦਾ ਭਾਵ ਕੁਝ ਇਸ ਤਰ੍ਹਾਂ ਹੁੰਦਾ ਹੈ ਕਿ, ‘ਵਡੇਰਿਉ ਸ਼ਾਮ ਦੇ ਹਨੇਰੇ ਵਿੱਚ ਆਉ ਅਸੀਂ ਤੁਹਾਡੇ ਰਾਹ ਰੁਸ਼ਨਾ ਦਿੱਤੇ ਹਨ’ ਦੀਵਾਲ਼ੀ ਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਵਡੇਰਿਆਂ ਦੇ ਨਾਂ ਦੇ ਦੀਵੇ ਜਲਾਏ ਜਾਂਦੇ ਹਨ ਪਰ ਉੜੀਸਾ ਵਿੱਚ ਇਹ ਦਿਨ ਵਡੇਰਿਆਂ ਦੀ ਪੂਜਾ ਲਈ ਹੀ ਰਾਖਵਾਂ ਹੈ। ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਕਈ ਵੱਖਰਤਾਵਾਂ ਵੀ ਮਿਲ਼ਦੀਆਂ ਹਨ ਜਿਵੇਂ ਮਹਾਰਾਸ਼ਟਰ ਵਿੱਚ 12ਵੀਂ ਤਾਰੀਖ ਨੂੰ ਗਾਂ ਅਤੇ ਉਸਦੇ ਵੱਛੇ ਦੀ ਆਰਤੀ ਕੀਤੀ ਜਾਂਦੀ ਹੈ। ਇਹ ਮਾਂ-ਪੁੱਤ ਦਾ ਦਿਨ ਕਰਕੇ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਕੱਤਕ ਦੀ ਪਹਿਲੀ ਨੂੰ ਪਤੀ-ਪਤਨੀ ਦਾ ਦਿਨ ਮਨਾਇਆ ਜਾਂਦਾ ਹੈ, ਜਿਸਨੂੰ 'ਬਾਲੀ ਪ੍ਰਤਿਪਾਦਕਾ' ਦਾ ਨਾਂ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ ਵਿੱਚ ਨਰਕਾਸੁਰ ਦਾ ਪੁਤਲਾ ਜਲਾਇਆ ਜਾਂਦਾ ਹੈ। ਰਾਮਲੀਲਾ ਵਾਂਗ ਕ੍ਰਿਸ਼ਨ ਜਾਂ ਸਤਿਯਾਭਾਮਾ ਬਣਿਆ ਕਲਾਕਾਰ ਪੁਤਲੇ ਨੂੰ ਅੱਗ ਦਿੰਦਾ ਹੈ। ਕੋਂਕਣ/ਗੋਆ ਵਿੱਚ ਬਰਾਂ ਨੂੰ ਪੈਰਾਂ ਹੇਠ ਮਿੱਧਿਆ ਜਾਂਦਾ ਹੈ। ਗਜਰਾਤ ਵਿੱਚ ਉਤਸਵ 11ਵੀਂ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਕੱਤਕ ਦੀ ਪੰਜਵੀਂ ਨੂੰ ‘ਲਾਭਪੰਚਮ’ ਉਤਸਵ ਮਨਾਇਆ ਜਾਂਦਾ ਹੈ। ਦੁਨੀਆਂ ਦੇ ਜਿਸ ਹਿੱਸੇ ਵਿੱਚ ਭਾਰਤੀ ਗਏ ਹਨ ਉੱਥੇ ਹੀ ਦੀਵਾਲ਼ੀ ਦਾ ਪਰਵ ਦੀਵੇ ਬਾਲ਼ ਕੇ ਜਾਂ ਇੱਕ ਥਾਂ ਇਕੱਠੇ ਹੋ ਕੇ ਆਤਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਮਾਹੌਲ ਸਿਰਜ ਲੈਂਦੇ ਹਨ।

ਕੁਲ ਮਿਲ਼ਾ ਕੇ ਦੀਵਾਲ਼ੀ ਭਾਰਤ ਦਾ ਸਭ ਤੋਂ ਮਹੱਤਵਪੂਰਣ ਤਿਉਹਾਰ ਹੈ ਜਿਸਨੂੰ ਨੇਪਾਲ ਤਕ ਅਤੇ ਸਾਰੇ ਸੰਸਾਰ ਵਿੱਚ ਜਿੱਥੇ ਵੀ ਭਾਰਤੀ ਗਏ ਹਨ, ਉੱਥੇ ਮਨਾਇਆ ਜਾਂਦਾ ਹੈ। ਸਮਕਾਲੀ ਸਮਾਜ ਵਿੱਚ ਹੋਰ ਤਿਉਹਾਰਾਂ ਵਾਂਗ ਦੀਵਾਲ਼ੀ ਦਾ ਵੀ ਵਪਾਰੀਕਰਣ ਹੋ ਗਿਆ ਹੈ। ਧੰਨਤੇਰਸ ਤੋਂ ਲੈ ਕੇ ਟਿੱਕਾ ਭਾਈ ਦੂਜ ਤਕ ਵੱਡੀਆਂ ਛੋਟੀਆਂ ਦੇਸੀ ਵਿਦੇਸ਼ੀ ਕੰਪਨੀਆਂ ਲੋਕਾਂ ਨੂੰ ਲੁਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀਆਂ। ਕਰਜ਼ਾ ਦੇ ਕੇ ਕਿਸ਼ਤਾਂ ’ਤੇ ਹਰ ਚੀਜ਼ ਬੇਚੀ ਜਾਂਦੀ ਹੈ। ਇਸ ਘੜਮੱਸ ਵਿੱਚ ਮੋਹ, ਸ਼ਰਧਾ ਸਭ ਗੁੰਮ ਗੁਆਚ ਜਾਂਦੇ ਹਨ।

ਉਪਰੋਕਤ ਵਿਚਾਰ ਇੱਕ ਹੋਰ ਗੱਲ ਵੀ ਸਪਸ਼ਟ ਕਰਦੀ ਹੈ ਕਿ ਤਿਉਹਾਰਾਂ ਨੂੰ ਸਮਝਣ ਲਈ ਇਤਿਹਾਸਕ, ਮਿਥਿਹਾਸਕ, ਵਿਸ਼ਵਾਸਾਂ-ਮਾਨਤਾਵਾਂ ਦੇ ਸੰਦਰਭ ਜ਼ਰੂਰੀ ਹਨ ਜਿਸ ਤੋਂ ਮਨੁੱਖੀ ਮਾਨਸਿਕਤਾ ਦੇ ਵਿਕਾਸ ਨੂੰ ਸਮਝਿਆ ਜਾ ਸਕਦਾ ਹੈ। ਇਨ੍ਹਾਂ ਤਿਉਹਾਰਾਂ ਪਿੱਛੇ ਵਿਗਿਆਨਕਤਾ ਲੱਭਣਾ ਜਾਂ ਵਿਗਿਆਨ ਦੇ ਆਧਾਰ ’ਤੇ ਇਨ੍ਹਾਂ ਨੂੰ ਮੂਲ਼ੋਂ ਰੱਦ ਕਰਨਾ ਵੀ ਅਤਿਵਾਦੀ ਪ੍ਰਵਿਰਤੀ ਹੋਵੇਗੀ। ਐਨਥਰੋਪੌਲੌਜੀ ਅਤੇ ਲੋਕਧਾਰਾ ਸ਼ਸਤਰ ਹੀ ਸਾਡੀ ਸਮਝ ਨੂੰ ਹੋਰ ਅਮੀਰ ਬਣਾ ਸਕਦੇ ਹਨ। ਇਨ੍ਹਾਂ ਤਿਉਹਾਰਾਂ ਨੂੰ ਮੰਨਾਉਣ ਪਿੱਛੇ ਮਨੁੱਖੀ ਸੱਚ ਇਹ ਹੈ ਕਿ ਮਨੁੱਖ ਲਗਾਤਾਰ ਕੰਮ ਦੇ ਗਧੀਗੇੜ ਤੋਂ ਬਾਅਦ ਅਜਿਹੇ ਤਿਉਹਾਰਾਂ ਉੱਪਰ ਸਾਮੂਹਿਕ ਤੌਰ ’ਤੇ ਖੁਸ਼ੀ ਮਨਾ ਕੇ ਅਗਲਾ ਸਖ਼ਤ ਜੀਵਨ ਜੀਉਣ ਦੀ ਤਿਆਰੀ ਕਰਦਾ ਹੈ ਤੇ ਨਾਲ ਦੀ ਨਾਲ ਮਾਨਸਿਕ ਤੇ ਆਤਮਿਕ ਤ੍ਰਿਪਤੀ ਕਰਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਮੋਹ ਮੁਹੱਬਤ ਪ੍ਰਗਟਾਉਣ ਦੇ ਮੌਕੇ ਵੀ ਪੈਦਾ ਕਰਦਾ ਹੈ। ਸਮੂਹਿਕਤਾ ਇਨ੍ਹਾਂ ਤਿਉਹਾਰਾਂ ਦੀ ਜਿੰਦ ਜਾਨ ਹੈ।

ਹਵਾਲੇ ਤੇ ਟਿੱਪਣੀਆਂ:

(0) ਮੈਕਡੌਨਲਡ ਦੇ ਹਵਾਲੇ ਨਾਲ ਵਿਲੀਅਮ ਕਰੁੱਕ ਲਿਖਦਾ ਹੈ ਕਿ, “What is probably the oldest function of fire in regard to its cult, that of burning and dispelling evil spirits and hostile magic, still servives in the Veda. Agni drives away goblins with his light and receives the epithet Raksohan “goblin-slayer”. (Willian Crooke, Religion and Folklore of Northern India, S. Chand & co. LTD. New Delhi-55, 1925.

(1) ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਛੇਵੀਂ, ਪੰਨਾ-1554.

(2) ਉਹੀ

(3) ਮਹਾਨ ਕੋਸ਼, ਪੰਨਾ-450.

94) Madhulika Sharama, Fire Worship in Ancient India (Publication Scheme, Jaipur-India, 2001), p-- 95.

(5) http: //en.wikipedia.org/wiki/Sesame

(6) ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਛੇਵੀਂ, ਪੰਨਾ-1499.

(7) ਮਹਾਨ ਕੋਸ਼

(8) ਉਹੀ, ਪੰਨਾ-476.

(9) ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਛੇਵੀਂ, ਪੰਨਾ-1571-72.

(10) ਬ੍ਰਹਮ ਪੁਰਾਣ ਵਿੱਚ ਆਯੂ ਪੁੱਤਰ ਧੰਨਵੰਤਰੀ ਦੇ ਵੱਖਰੇ ਵੇਰਵੇ ਮਿਲ਼ਦੇ ਹਨ। ਵੇਖੋ ਡਾ. ਊਸ਼ਾਪੁਰੀ ਵਾਚਸਪਤੀ, ਭਾਰਤੀਯ ਮਿਥਕ ਕੋਸ਼, ਨੈਸ਼ਨਲ ਪਬਲਿਸ਼ਿੰਗ ਹਾਊਸ, ਨਵੀਂ ਦਿੱਲੀ, ਪੰਨਾ-150.

(11) ਓਹੀ, ਪੰਨਾ 157.

(12) ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਛੇਵੀਂ, ਪੰਨਾ-1828.

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2420)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਕਰਮਜੀਤ ਸਿੰਘ

ਡਾ. ਕਰਮਜੀਤ ਸਿੰਘ

Phone: (91 - 98763 - 23862)
Email: (kjskurukshetra87@gmail.com)