GurmelSidhu7“ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ...”
(ਮਾਰਚ 16, 2016)


ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਅੰਗਰੇਜ਼ੀ ਸ਼ਬਦ, ਇੰਟਲੈਕਚੂਅਲ (Intellectual) ਲਈ “ਬੁੱਧੀਜੀਵੀ” ਸ਼ਬਦ ਵਰਤਦੇ ਹਾਂ ਜੋ ਅਰਥ ਅਤੇ ਕਾਰਜ ਖੇਤਰ ਵਜੋਂ ਉਚਿਤ ਨਹੀਂ। ਬੁੱਧੀਜੀਵੀ ਦਾ ਅਰਥ ਹੈ ਜੋ ਦਿਮਾਗ ਨਾਲ ਸੋਚ ਸਮਝ ਕੇ ਜੀਵਨ ਮਾਰਗ ’ਤੇ ਚੱਲੇ। ਅਜਿਹਾ ਬੰਦਾ ਦਿਮਾਗੀ ਹੁੰਦਾ ਹੈ, ਬੁੱਧੀਮਾਨ ਨਹੀਂ। ਇੰਟੈਚਚੂਅਲ ਲਈ “ਬੁੱਧੀਮਾਨ” ਜਾਂ “ਗਿਆਨਵਾਨ” ਵਧੇਰੇ ਢੁੱਕਵੇਂ ਸ਼ਬਦ ਹਨ। ਬੁੱਧੀਜੀਵੀ ਅਤੇ ਬੁੱਧੀਮਾਨ ਵਿਚ ਉਹੋ ਫਰਕ ਹੈ ਜੋ ਵਿਗਿਆਨ ਵਿਚ ਮਨੌਤ (Hypothesis) ਅਤੇ ਸਿਧਾਂਤ (Theory) ਵਿਚ ਹੈ। ਹੁਣ ਸਵਾਲ ਇਹ ਹੈ ਕਿ ਬੁੱਧੀਮਾਨ ਕਿਸ ਨੂੰ ਗਰਦਾਨਿਆ ਜਾ ਸਕਦਾ ਹੈ। ਮੇਰੀ ਪਰਿਭਾਸ਼ਾ ਅਨੁਸਾਰ ਇਕ ਬੁੱਧੀਮਾਨ ਉਹ ਹੈ ਜੋ ਵੱਖ ਵੱਖ ਗਿਆਨ ਖੇਤਰਾਂ ਵਿੱਚੋਂ ਬੁਨਿਆਦੀ ਤੱਤ ਕਸ਼ੀਦ ਕਰਕੇ ਕੁਝ ਨਵਾਂ, ਨਿਰਾਲਾ ਅਤੇ ਮੌਲਿਕ ਸਿਰਜ ਸਕਦਾ ਹੋਵੇ। ਬੁੱਧੀਮਾਨ ਕਹਾਉਣ ਲਈ ਤੁਹਾਨੂੰ ਸੰਸਰ ਦੇ ਪ੍ਰਾਚੀਨ ਅਤੇ ਨਵੇਂ ਸਿਧਾਂਤਾਂ (Theories) ਅਤੇ ਦਰਸ਼ਨਾਂ (Philosophies) ਦਾ ਡੂੰਘਾ ਅਧਿਐਨ ਅਤੇ ਪੁਖਤਾ ਗਿਆਨ ਹੋਣਾ ਜ਼ਰੂਰੀ ਹੈ। ਇਸ ਪਰਿਭਾਸ਼ਾ ਦੇ ਆਧਾਰ ’ਤੇ ਕੁਝ ਗਿਣਤੀ ਦੇ ਇਨਸਾਨ ਹੀ ਬੁੱਧੀਮਾਨ ਕਹਾਉਣ ਦੇ ਹੱਕਦਾਰ ਹਨ। ਜੋ ਸੰਸਾਰ ਪੱਧਰ ਤੇ ਇਸ ਪਰਿਭਾਸ਼ਾ ਉੱਤੇ ਪੂਰੇ ਉੱਤਰਦੇ ਹਨ, ਉਨ੍ਹਾਂ ਵਿਚ ਰਿਨੇ ਡੀਕਾਰਟ, ਰੂਸੋ, ਅਮੈਨੂਅਲ ਕਾਂਤ, ਸੋਰਨ ਕ੍ਰਿਕਗਾਰਡ, ਹਕਸਲੇ, ਮਾਰਕਸ, ਡਾਰਵਿਨ, ਟੌਲਸਟਾਏ, ਬਰਟ੍ਰਿੰਡ ਰਸਲ, ਬਰੈਖਤ, ਐਡਮੰਡ ਵਿਲਸਨ, ਨੌਰਮਨ ਮੇਲਰ, ਜੇਮਜ਼ ਵਾਲਡਮਨ, ਨੋਮ ਚੌਮਸਕੀ, ਜਾਂ ਪਾਲ ਸਾਰਟਰ, ਜੈਸੀ ਜੌਪਲਿਨ ਅਤੇ ਆਇਨਸਟਾਇਨ ਆਦਿ ਗਿਣੇ ਜਾਂਦੇ ਹਨ। ਇਨ੍ਹਾਂ ਵਿੱਚੋਂ ਪੰਜ ਫਿਲ਼ਾਸਫਰਾਂ ਦੀ ਬੁੱਧੀਮਾਨ ਬਾਰੇ ਪਰਿਭਾਸ਼ਾ ਹੇਠ ਦਿੱਤੀ ਜਾਂਦੀ ਹੈ।

ਰਿਨੇ ਡੀਕਾਰਟ: The greatest minds are capable of the greatest vices as well as of the greatest virtues. ਅਸਾਧਾਰਨ ਬੁੱਧੀਮਾਨ ਵੱਡੇ ਵਿਕਾਰਾਂ ਅਤੇ ਵੱਡੇ ਸਦਾਚਾਰਾਂ ਦੇ ਸਮਰੱਥ ਹੁੰਦੇ ਹਨ। ਅਰਥਾਤ, ਬੁੱਧੀਮਾਨ ਅੱਲੋਕਾਰ ਗੱਲਾਂ ਕਰਦੇ ਹਨ, ਜੋ ਸਾਧਾਰਨਤਾ ਤੋਂ ਹਟ ਕੇ ਹੁੰਦੀਆਂ ਹਨ। ਅਜਿਹੇ ਬੰਦਿਆਂ ਨੂੰ ਆਮ ਲੋਕਾਂ ਅਕਸਰ ਪਾਗਲ ਵਿਗਿਆਨੀ (Mad Scientist) ਸਿਰ-ਫਿਰਿਆ ਫਿਲੌਸਫਰ ਵੀ ਕਹਿੰਦੇ ਹਨ। ਕੋਈ ਬੰਦਾ, ਜੋ ਰੀਤ, ਪ੍ਰੰਪਰਾ ਅਤੇ ਸਥਾਪਨਾ ਤੋਂ ਹਟ ਕੇ ਸੋਚਦਾ ਹੈ, ਉਸ ਨੂੰ ਲੋਕ ਕੁਰਾਹੀਆ ਕਹਿਣ ਤੱਕ ਜਾਂਦੇ ਹਨ ਜਿਵੇਂ, ਨਾਨਕ ਨੂੰ ਗਰਦਾਨਿਆ ਗਿਆ ਸੀ।

ਅਮੈਨਿਉਅਲ ਕਾਂਟ: Experience without theory is blind, but theory without experience is mere intellectual play. ਸਿਧਾਂਤ ਤੋਂ ਖਾਲੀ ਤਜ਼ਰਬਾ ਅੰਨ੍ਹਾ ਹੈ, ਅਤੇ ਪ੍ਰਯੋਗ ਤੋਂ ਬਿਨਾਂ ਸਿਧਾਂਤ ਮਹਿਜ਼ ਬੌਧਿਕ ਕਲਾਬਾਜ਼ੀ ਹੈ। ਸਾਰੰਸ਼ ਇਹ ਕਿ ਅਭਿਆਸ ਤੋਂ ਵਗੈਰ ਕਿਸੇ ਤੱਤ ਦਾ ਨਿਰਮਾਣ ਕਰਨਾ, ਬੁੱਧੀਮਾਨ ਦਾ ਕੰਮ ਨਹੀਂ।

ਔਲਡਸ ਹਕਸਲੇ: ਔਲਡਸ ਹਕਸਲੇ ਵਲੋਂ ਬ੍ਰੇਵ ਨਿਊ ਵਰਲਡ (Brave New World) ਵਿਚ ਦਿੱਤੀ ਗਈ ਬੁੱਧੀਮਾਨ ਦੀ ਪਰਿਭਾਸ਼ਾ ਦਾ ਤੱਤਸਾਰ ਇਹ ਹੈ ਕਿ ਪ੍ਰਕਿਰਤੀ ਦੇ ਨਰ ਅਤੇ ਮਾਦਾ ਜੀਵਾਂ ਵਿਚਕਾਰ ਇਕ ਦੂਜੇ ਪ੍ਰਤੀ ਖਿੱਚ ਦਾ ਸੱਭ ਤੋਂ ਵੱਧ ਸ਼ਕਤੀਸ਼ਾਲੀ ਹੋਣਾ, ਕੁਦਰਤਨ ਬੜਾ ਸੁਭਾਵਿਕ ਹੈ। ਕਿਉਂ? ਕਿਉਂਕਿ ਇਸ ਤੋਂ ਵਗੈਰ ਪ੍ਰਕਿਰਤੀ ਦੀ ਹੋਂਦ ਹੀ ਸੰਭਵ ਨਹੀਂ। ਇਸ ਤੱਥ ਨੂੰ ਚਣੌਤੀ ਦੇਣ ਬਾਰੇ ਸੋਚਣ ਵਾਲਾ ਬੰਦਾ ਕੋਈ ਬੁਧੀਮਾਨ ਹੀ ਹੋ ਸਕਦਾ ਹੈ। ਸਾਰੰਸ਼ ਇਹ ਹੈ ਕਿ ਜੋ ਸ਼ਖਸ ਅਸੰਭਵ ਨੂੰ ਸੰਭਵ ਸਾਬਤ ਕਰਨ ਵਾਰੇ ਸੋਚਣ ਦੀ ਹਿਮਾਕਤ ਜਾਂ ਹੀਆ ਕਰ ਸਕਦਾ ਹੈ, ਉਸ ਦੇ ਧੜ ਉੱਤੇ ਆਵੱਸ਼ ਹੀ ਇਕ ਬੁੱਧੀਮਾਨ ਵਾਲਾ ਸਿਰ ਹੋਵੇਗਾ।

ਬਰਟ੍ਰਿੰਡ ਰਸਲ: The demand for certainty is one which is natural to man, but is nevertheless an intellectual vice. ਇਹ ਕਥਨ ਫਿਲੌਸਫਰ ਰਸਲ ਦੀ ਪੁਸਤਕ, ਅਨਪਾਪੂਲਰ ਐਸੇਜ਼ (Unpopular Essays) ਵਿੱਚੋਂ ਲਿਆ ਗਿਆ ਹੈ। ਇਸ ਦਾ ਸਾਰੰਸ਼ ਇਹ ਹੈ ਕਿ ਜੀਵਨ ਵਿਚ “ਸਥਿਰਤਾ” ਦੀ ਮੰਗ ਬੜੀ ਕੁਦਰਤੀ ਹੈ, ਪਰ ਇਸ ਦੀ ਪੂਰਤੀ ਦੀ ਇੱਛਾ ਰੱਖਣਾ ਬੌਧਿਕ ਦੁਰਾਚਾਰ ਹੈ। ਸਿੱਧੇ ਅਰਥਾਂ ਵਿਚ ਅਸੰਭਵ ਨੂੰ ਸੰਭਵ ਬਣਾਉਣ ਬਾਰੇ ਸੋਚਣਾ ਇਕ ਬੁੱਧੀਮਾਨੀ ਕਸਬ ਹੈ।

ਐਲਬਰਟ ਆਇਨਸਟਾਇਨ: Intellectuals solve problems, geniuses prevent them. ਬੁੱਧੀਮਾਨ ਪ੍ਰਸ਼ਨਾਂ ਦਾ ਉੱਤਰ ਲੱਭਦੇ ਹਨ, ਪ੍ਰਤਿਭਾਸ਼ੀਲ ਰੋਕਦੇ ਹਨ। ਇੱਥੇ ਇੰਟਲੈਕਚੂਅਲ ਅਤੇ ਜੀਨੀਅਸ ਦੇ ਫਰਕ ਨੂੰ ਸਮਝਣਾ ਪਵੇਗਾ। ਅਲੰਕਾਰਕ ਤੌਰ ’ਤੇ ਪ੍ਰਤਿਭਾਸ਼ੀਲ ਬੰਦਾ ਪਾਣੀ ਦੀ ਧਾਰਾ ਨਿਆਈਂ ਹੈ ਅਤੇ ਬੁੱਧੀਮਾਨ ਪਾਣੀ ਦੇ ਡੈਮ ਵਾਂਗ ਹੈ। ਜਾਂ ਕਹਿ ਲਉ ਕਿ ਸ਼ਬਦ ਇੰਟੈਲੀਜੈਂਟ ਦੇ ਹੇਠ “ਲੀਕ ਮਾਰਨ” ਅਤੇ ਜੀਨੀਅਸ ਨੂੰ “ਕੌਮਿਆਂ ਵਿਚ” ਲਿਖਣ ਵਾਂਗ ਹੈ। ਸਾਰੰਸ਼ ਇਹ ਕਿ ਬੁੱਧੀਮਾਨ ਪ੍ਰਸ਼ਨ ਦਾ ਉੱਤਰ ਖੋਜਦੇ ਹਨ ਅਤੇ ਪ੍ਰਤਿਭਾਸ਼ੀਲ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਇਨ੍ਹਾਂ ਫਿਲਾਸਫਰਾਂ ਵਿਚ ਸਾਂਝਾ ਕੀ ਸੀ? ਇਹ ਕਾਇਨਾਤ ਨੂੰ ਸਮੁੱਚਤਾ ਵਿਚ ਦੇਖਦੇ ਸਨ ਅਤੇ ਉਸ ਦੀ ਸਮਗਰਤਾ ਵਿੱਚੋਂ ਸਥਾਈ ਤੱਤਾਂ ਨੂੰ ਕਸ਼ੀਦ ਕਰ ਕੇ ਕੁਝ ਨਵਾਂ, ਅਨੋਖਾ ਅਤੇ ਮੌਲਿਕ ਸਿਰਜਦੇ ਸਨ ਜਿਸ ਨੂੰ ਅਸੀਂ ਸਿਧਾਂਤ, ਵਾਦ ਜਾਂ ਫਲਸਫਾ ਕਹਿੰਦੇ ਹਾਂ। ਉਹ ਕੁਦਰਤ ਦੇ ਰਹੱਸਾਂ ਨੂੰ ਪੇਚ-ਦਰ-ਪੇਚ ਖੋਲ੍ਹ ਕੇ ਪਰਖਦੇ ਅਤੇ ਉਨ੍ਹਾਂ ਨੂੰ ਕਿਸੇ ਨਵੇਂ ਸੰਦਰਭ ਵਿਚ ਵਿਅਕਤ ਕਰਦੇ ਸਨ। ਨਵੀਂ ਸ਼ਬਦਾਬਲੀ ਵਿਚ ਇਸ ਪਰਕਾਰ ਦੇ ਗਿਆਨ ਨੂੰ ਕੁਨਸਿਲੀਇੰਸ (Consilience) ਕਿਹਾ ਜਾਂਦਾ ਹੈ, ਅਰਥਾਤ, ਵੱਖ ਵੱਖ ਖੇਤਰਾਂ ਦੇ ਗਿਆਨ ਦਾ ਨਿਚੋੜ ਕੱਢ ਕੇ ਇਕ ਸਿਧਾਂਤ (Theory) ਦੇ ਰੂਪ ਵਿਚ ਪੇਸ਼ ਕਰਨਾ ਜਿਸ ਨੂੰ ਗਿਆਨ-ਮਿਮਾਂਸਾ ਕਹਿੰਦੇ ਹਨ।

ਫਿਲਾਸਫਰਾਂ ਵਲੋਂ ਸਥਾਪਤ ਕੀਤੇ ਬੁੱਧੀਮਾਨ ਬਾਰੇ ਉਪਰੋਕਤ ਮਿਆਰਾਂ ਦੇ ਆਧਾਰ ’ਤੇ, ਕੀ ਕੋਈ ਪੰਜਾਬੀ ਦਾ ਨਵਾਂ ਜਾਂ ਪੁਰਾਣਾ ਲੇਖਕ, ਬੁੱਧੀਮਾਨ ਦੀ ਪਰਿਭਾਸ਼ਾ ਵਿਚ ਆਉਂਦਾ ਹੈ? ਇਹ ਸਵਾਲ ਇਸ ਲਈ ਖੜ੍ਹਾ ਹੋਇਆ ਹੈ ਕਿ ਅੱਜਕਲ੍ਹ ਬੁੱਧੀਜੀਵੀ ਦਾ ਲੇਬਲ ਹਰ ਜਣੇ-ਖਣੇ ਨਾਲ ਵਰਤਿਆ ਜਾ ਰਿਹਾ ਹੈ। ਜੇ ਕੋਈ ਇਤਿਹਾਸ ਨੂੰ ਇਕ-ਪਾਸੜੀ ਸੋਚ ਵਜੋਂ ਤੋੜ-ਮ੍ਰੋੜ ਕੇ ਪੇਸ਼ ਕਰਦਾ ਹੈ ਤਾਂ ਉਸ ਨਾਲ ਬੁੱਧੀਜੀਵੀ ਦਾ ਲੇਬਲ ਨੱਥੀ ਕੀਤਾ ਜਾਂਦਾ ਹੈ। ਜੇ ਕੋਈ ਧਰਮ ਦੇ ਕਿਸੇ ਪੱਖ ਨੂੰ ਆਪਣੇ ਹਿੱਤ ਲਈ ਕਾਣਸੂਤਾ ਕਰ ਕੇ ਪੇਸ਼ ਕਰਦਾ ਹੈ ਤਾਂ ਵੀ ਉਸ ਉੱਤੇ ਬੁੱਧੀਜੀਵੀ ਦਾ ਠੱਪਾ ਲਾ ਦਿੱਤਾ ਜਾਂਦਾ ਹੈ ਅਤੇ ਜੇ ਕੋਈ ਬਹੁਤ ਸਾਰਾ ਬੇਹੂਦਾ ਅਤੇ ਅਣਪੁਣਿਆ ਲਿਖਦਾ ਹੈ ਤਾਂ ਉਹ ਵੀ ਬੁੱਧੀਜੀਵੀ ਦੀ ਸਫ ਵਿਚ ਖੜ੍ਹਾ ਹੋ ਜਾਂਦਾ ਹੈ। ਇਕਹਿਰੀ ਸੋਚ ਵਾਲੇ ਇਹ ਅਖੌਤੀ ਬੁੱਧੀਜੀਵੀ, ਸੁਣ-ਸੁਣਾ ਕੇ ਕੱਚਘਰੜ ਬੇਤੁਕੀ ਵਾਕਫੀਅਤ ਨੂੰ ਧੜਾਧੜ ਛਾਪ ਕੇ ਆਪਣੇ ਆਪ ’ਤੇ ਬੁੱਧੀਜੀਵੀ ਦਾ ਠੱਪਾ ਖੁਦ ਲਾ ਲੈਂਦੇ ਹਨ ਜਾਂ ਕਹਿ-ਕਹਾ ਕੇ ਦੂਜਿਆਂ ਕੋਲੋਂ ਲੁਆ ਲੈਂਦੇ ਹਨ। ਹੋ ਸਕਦਾ ਹੈ ਕਿ ਅਜਿਹੇ ਲੇਖਕ ਆਪਣੇ ਰਸੂਖ ਨਾਲ ਬੁੱਧੀਜੀਵੀ ਦਾ ਲੇਬਲ ਨਾ ਵੀ ਲੁਆਉਂਦੇ ਹੋਣ ਜਾਂ ਉਨ੍ਹਾਂ ’ਤੇ ਇਹ ਕਰਮ ਜਾਣ ਪਹਿਚਾਣ ਵਾਲੇ ਸਮਕਾਲੀ ਲੇਖਕ ਕਰਦੇ ਹੋਣ। ਪਰ ਜੇ ਕੋਈ ਅਜਿਹਾ ਕਰਦਾ ਹੈ ਤਾਂ ਕਥਿਤ ਬੁੱਧੀਜੀਵੀ ਦਾ ਨੈਤਕ ਫਰਜ਼ ਬਣਦਾ ਹੈ ਕਿ ਉਹ ਇਸ ਦਾ ਖੁਦ ਖੰਡਣ ਕਰੇ। ਇੰਨਾ ਕੁ ਕਰਨ ਨਾਲ ਉਸ ਦੀ ਦਿਆਨਤਦਾਰੀ ਦਾ ਸਬੂਤ ਮਿਲੇਗਾ ਅਤੇ ਪਾਠਕਾਂ/ਲੇਖਕਾਂ ਦੀ ਸ਼ਲਾਘਾ ਦਾ ਭਾਗੀ ਬਨਣੇਗਾ। ਜੇ ਕੋਈ ਗ਼ਲਤ ਬਿਆਨੀ ਦੀ ਕਲਗੀ ਸਿਰ ’ਤੇ ਸਜਾ ਕੇ ਹੁੱਬ ਨਾਲ ਤੁਰਿਆ ਫਿਰਦਾ ਹੈ ਤਾਂ ਉਸ ਵਰਗਾ ਅਗਿਆਨੀ, ਮੂਰਖ ਅਤੇ ਅਕ੍ਰਿਤਘਣ ਬੰਦਾ ਹੋਰ ਕੋਈ ਨਹੀਂ ਹੋ ਸਕਦਾ। ਕਹਾਵਤ ਹੈ, ਹੰਸ ਦੀ ਚਾਲੇ ਤੁਰਨ ਵਾਲੇ ਕਊਏ ਆਪਣੀ ਚਾਲ ਵੀ ਭੁੱਲ ਜਾਂਦੇ ਹਨ।

ਕਿਸੇ ਲੇਖਕ ਦੇ ਨਾਂ ਨਾਲ ਲੱਗੇ ਗ਼ਲਤ ਅਤੇ ਅਣਅਵੱਸ਼ਕ ਵਿਸ਼ੇਸ਼ਣ ਨੂੰ ਛਾਪਣ ਦੀ ਜ਼ਿੰਮੇਦਾਰੀ ਅਖਬਾਰਾਂ/ਮੈਗਜ਼ੀਨਾਂ ਦੇ ਸੰਪਾਦਕਾਂ ਦੇ ਸਿਰ ਵੀ ਉੰਨੀ ਹੀ ਦਾਇਰ ਹੁੰਦੀ ਹੈ, ਜਿੰਨੀ ਲੇਖਕ ਅਤੇ ਲਾਉਣ ਵਾਲੇ ਉੱਤੇ। ਅਜਿਹਾ ਕਰਨ ਨਾਲ ਅਸੀਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਇਤਿਹਾਸ ਨੂੰ ਗੰਧਲਾ ਕਰਕੇ ਅਗਲੀਆਂ ਪੀੜ੍ਹੀਆਂ ਨੂੰ ਗੁਮਰਾਹ ਕਰ ਰਹੇ ਹਾਂ ਜੋ ਇਹ ਆਪਣੇ ਆਪ ਵਿਚ ਇਕ ਅਨੈਤਿਕ ਕਰਮ ਹੈ। ਜਦ ਆਉਣ ਵਾਲੇ ਪਾਠਕ ਜਾਂ ਖੋਜੀ ਕਿਸੇ ਨਾਂ-ਮਾਤਰ ਜਾਂ ਅਖੌਤੀ ਲੇਖਕ ਦੇ ਨਾਂ ਨਾਲ ਲੱਗਾ ਹੋਇਆ ਬੁੱਧੀਜੀਵੀ ਦਾ ਗ਼ਲਤ ਵਿਸ਼ੇਸ਼ਣੀ ਪਦ ਪੜ੍ਹ ਕੇ ਉਸ ਦੀਆਂ ਕਿਰਤਾਂ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਿਰਾਸ਼ ਹੀ ਹੋਣਗੇ। ਫਲਸਰੂਪ, ਉਹ ਪੰਜਾਬੀ ਸਾਹਿਤ, ਇਤਿਹਾਸ ਅਤੇ ਸਭਿਆਚਾਰ ਦੇ ਮਿਆਰ ਤੋਂ ਨਿਰਾਸ਼ ਹੀ ਨਹੀਂ, ਬੇਮੁੱਖ ਵੀ ਹੋ ਜਾਣਗੇ। ਅੱਜ ਦੀ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਮੁਸ਼ਕਲ ਹੋ ਰਿਹਾ ਹੈ, ਪਰ ਅਜਿਹੀਆਂ ਗ਼ਲਤ ਬਿਆਨਬਾਜ਼ੀਆਂ ਦਾ ਜੋ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ’ਤੇ ਪਵੇਗਾ ਉਸ ਬਾਰੇ ਤਾਂ ਰੱਬ ਹੀ ਜਾਣੇ।

ਹੁਣ ਅਸੀਂ ਪਹਿਲੇ ਸਵਾਲ ਵਲ ਮੁੜਦੇ ਹਾਂ, ਕੀ ਪੰਜਾਬੀ ਸਾਹਿਤ ਵਿਚ ਕੋਈ ਬੁੱਧੀਮਾਨ ਹੈ? ਮੇਰੇ ਵਿਚਾਰ ਵਿਚ ਗੁਰੂ ਨਾਨਕ ਦੇਵ ਤੋਂ ਵਗੈਰ ਕੋਈ ਵੀ ਬੁੱਧੀਮਾਨ ਨਹੀਂ। ਦਰਅਸਲ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਨਾਂ ਵੀ ਨਹੀਂ ਸੀ ਲੈਣਾ ਚਾਹੀਦਾ ਕਿਉਂਕਿ ਉਨ੍ਹਾਂ ਦੀ ਦਿੱਭ ਦ੍ਰਿਸ਼ਟੀ ਇੰਨੀ ਵਿਸ਼ਾਲ ਸੀ ਕਿ ਉਸ ਨੂੰ ਪਰਿਭਾਸ਼ਤ ਕਰਨਾ ਹੀ ਮੂਰਖਤਾਈ ਹੈ।

ਫਿਰ ਵੀ ਆਉ ਦੇਖੀਏ ਕਿ ਉਪਰੋਕਤ ਫਿਲਾਸਫਰਾਂ ਵਲੋਂ ਦਿੱਤੀਆਂ ਬੁੱਧੀਮਾਨ ਦੀਆਂ ਪਰਿਭਾਸ਼ਾਵਾਂ ਦੇ ਆਧਾਰ ’ਤੇ, ਕੀ ਕੋਈ ਪੰਜਾਬੀ ਲੇਖਕ ਪੂਰਾ ਉੱਤਰਦਾ ਹੈ। ਚਲੋ ਪੂਰਾ ਨਾ ਵੀ ਸਹੀ, ਲਾਗੇ-ਛਾਗੇ ਵੀ ਵਿਚਰਦਾ ਹੈ? ਇਸ ਦਾ ਉੱਤਰ ਮੈਂ ਲੇਖਕਾਂ ਅਤੇ ਪਾਠਕਾਂ ’ਤੇ ਛਡਦਾ ਹਾਂ। ਪਰ ਮੈਂ ਪਾਠਕਾਂ/ਲੇਖਕਾਂ ਨੂੰ ਗਾਈਡ ਲਾਈਨ ਦੇਣਾ ਚਾਹਵਾਂਗਾ। ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ਬੁੱਧੀਜੀਵੀ ਤਾਂ ਇਕ ਪਾਸੇ ਰਿਹਾ, ਇਨਸਾਨ ਕਹਾਉਣ ਦੇ ਵੀ ਕਾਬਿਲ ਨਹੀਂ। ਇਕ ਮਿਸਾਲ ਦੇ ਕੇ ਖਿਮਾ ਮੰਗਦਾ ਹਾਂ। ਅਸੀਂ ਇਤਿਹਾਸ ਕਿਉਂ ਪੜ੍ਹਦੇ ਹਾਂ? ਉਹ ਇਸ ਲਈ ਕਿ ਪੁਰਾਣੀਆਂ ਰੀਤਾਂ, ਰਿਵਾਜਾਂ ਅਤੇ ਰਵਾਇਤਾਂ ਤੋਂ ਕੋਈ ਸੇਧ ਲੈ ਸਕੀਏ ਅਤੇ ਨਵੇਂ ਸੰਦਰਭ ਵਿਚ ਆਪਣੀਆਂ ਗ਼ਲਤੀਆਂ ਨੂੰ ਸੁਧਾਰ ਕੇ ਭਵਿੱਖ ਨੂੰ ਸਾਵਾਂ ਸੁਖਾਵਾਂ ਅਤੇ ਰਹਿਣ ਦੇ ਕਾਬਿਲ ਬਣਾ ਸਕੀਏ। ਇਹ ਤਾਂ ਹੀ ਸੰਭਵ ਹੈ ਜੇ ਇਤਿਹਾਸਕਾਰਾਂ ਨੇ ਨੇਕਨੀਤੀ ਨਾਲ ਸਹੀ ਤੱਥਾਂ ਅਤੇ ਤਿਥੀਆਂ ਦੇ ਆਧਾਰ ਤੇ ਨਿਰਪੱਖ ਹੋਕੇ ਪੂਰੀ ਈਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਖੋਜ ਕਰਕੇ ਇਤਿਹਾਸ ਲਿਖਿਆ ਹੋਵੇ। ਇਤਿਹਾਸ, ਇਨਸਾਨ ਦੇ ਨਿਕਟਵਰਤੀ ਤਵਾਰੀਖੀ, ਸਭਿਆਚਾਰ ਅਤੇ ਸਦਾਚਾਰ ਦਾ ਸ਼ੀਸ਼ਾ ਹੀ ਨਹੀਂ, ਸੰਸਕ੍ਰਿਤੀਆਂ ਦਾ ਦਸਤਾਵੇਜ਼ ਵੀ ਹੁੰਦਾ ਹੈ। ਇਸ ਲਈ ਇਸ ਨੂੰ ਤੋੜ-ਮਰੋੜ ਕੇ ਸਨਸਨੀਖੇਜ਼ ਗਲਤ ਬਿਆਨਬਾਜ਼ੀ ਨਾਲ ਪੇਸ਼ ਕਰਕੇ ਆਪਣੇ ਆਪ ਉੱਤੇ ਬੁੱਧੀਜੀਵੀ ਦਾ ਲੇਬਲ ਲਾਈ ਫਿਰਨ ਵਾਲਾ ਪਰਲੇ ਦਰਜੇ ਦਾ ਅਕ੍ਰਿਤਘਣ ਹੈ। ਕਿਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹ ਅਖਾਣ ਦੁਹਰਾਉਣਾ ਨਾ ਪੈ ਜਾਵੇ:

ਯੇਹ ਦੌਰ ਭੀ ਦੇਖੇਂ ਹੈਂ, ਤਾਰੀਖ ਨੇ ਅਹਿਦੋਂ ਕੇ,
ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।

ਮੁਮਕਿਨ ਨਹੀਂ ਹਾਲਾਤ ਕੀ ਗੁੱਥੀ ਸੁਲਝ ਸਕੇ,
ਅਹਿਲੇ ਦਾਨਿਸ਼ ਨੇ, ਇਸੇ ਸੋਚ ਕਰ ਉਲਝਾਇਆ ਹੈ।

*****

(222)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਗੁਰੂਮੇਲ ਸਿੱਧੂ

ਡਾ. ਗੁਰੂਮੇਲ ਸਿੱਧੂ

Fresno, California, USA.
Email: (gurmel.sidhu@gmail.com)