ParkashSJaito7ਤੁਸੀਂ ਉਸ ਕੂੜੇ ਨੂੰ ਛਾਨਣੇ ਵਿੱਚ ਪਾ ਕੇ ਛਾਣੀ ਜਾਵੋ, ਜਦੋਂ ਮੁੰਦਰੀ ਲੱਭ ਜਾਵੇ ...
(14 ਸਤੰਬਰ 2018)

 

ਸੋਨੇ ਦੀ ਮੁੰਦਰੀ

 

ਗੱਲ 1986 ਦੀ ਗੁਰਮੀ ਰੁੱਤ ਦੀ ਹੈ, ਜਦੋਂ ਮੈਂ ਨਵਾਂ ਨਵਾਂ ਜੇਲ ਮਹਿਕਮੇ ਵਿੱਚ ਭਰਤੀ ਹੋਇਆ ਸਾਂ। ਇੱਕ ਦਿਨ 5-6 ਮੁਲਾਜ਼ਮ, ਜੋ ਮੇਰੇ ਤੋਂ ਸੀਨੀਅਰ ਸਨ, ਇਕੱਠੇ ਹੋਏ ਆਪਸ ਵਿੱਚ ਗੱਲਾਂ ਕਰ ਰਹੇ ਸਨ ਤੇ ਉੱਚੀ ਉੱਚੀ ਹੱਸ ਰਹੇ ਸਨ। ਜਦੋਂ ਨੂੰ ਮੈਂ ਉਹਨਾਂ ਕੋਲ ਪਹੁੰਚਿਆ, ਉਦੋਂ ਤੱਕ ਉਹ ਆਪਣੀ ਗੱਲ ਖਤਮ ਕਰਕੇ ਤੁਰਨ ਲੱਗੇ ਸਨ। ਉਹਨਾਂ ਵਿੱਚੋਂ ਇੱਕ ਮੁਲਾਜ਼ਮ ਨੂੰ ਰੋਕ ਕੇ ਮੈਂ ਪੁੱਛਿਆ, “ਬੜਾ ਹਾਸਾ ਪਾਇਆ ਸੀ, ਕੀ ਗੱਲ ਸੀ?”

ਉਹ ਜਾਂਦਾ ਜਾਂਦਾ ਹੱਸਦਾ ਹੋਇਆ ਬੋਲਿਆ, “ਲੈ, ਤੈਨੂੰ ਨਹੀਂ ਪਤਾ ਆਪਣੇ ਚੱਕਰ ਹੌਲਦਾਰ ਦੀ ਸੋਨੇ ਦੀ ਮੁੰਦਰੀ ਗਵਾਚ ਗਈ ਹੈ ...।” ਗੱਲ ਫੇਰ ਵੀ ਮੇਰੀ ਸਮਝ ਵਿੱਚ ਨਹੀਂ ਆਈ ਕਿ ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੋਈ।

ਉਸ ਤੋਂ ਅਗਲੇ ਦਿਨ ਮੇਰੀ ਡਿਊਟੀ ਚੱਕਰ ਹੌਲਦਾਰ ਨਾਲ ਸਹਾਇਕ ਦੇ ਤੌਰ ’ਤੇ ਲੱਗ ਗਈ। ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਚੱਕਰ ਹੌਲਦਾਰ ਕੌਣ ਹੁੰਦਾ ਹੈ? ਚੱਕਰ ਹੌਲਦਾਰ ਇੱਕ ਤਰ੍ਹਾਂ ਨਾਲ ਸਾਰੀ ਜੇਲ੍ਹ ਦੀ ਮਾਂ ਹੁੰਦਾ ਹੈ, ਜੋ ਜੇਲ ਦੇ ਅੰਦਰ ਸੈਂਟਰ ਵਿੱਚ ਬਣੇ ਦਫਤਰ ਵਿੱਚੋਂ ਸਾਰੀ ਜੇਲ ਦੀ ਨਿਗਰਾਨੀ ਕਰਦਾ ਹੈ, ਤੇ ਸਾਰੀ ਕਾਰਵਾਈ ਚਲਾਉਂਦਾ ਹੈ। ਮੈਂ ਹੌਲਦਾਰ ਦੇ ਕੋਲ ਬੈਠਾ ਮਨ ਵਿੱਚ ਸੋਚ ਰਿਹਾ ਸੀ ਕਿ ਚੱਲੋ ਜਦੋਂ ਵੀ ਮੌਕਾ ਬਣਿਆ, ਅੱਜ ਹੌਲਦਾਰ ਕੋਲ ਗਵਾਚੀ ਮੁੰਦਰੀ ਦਾ ਅਫਸੋਸ ਵੀ ਕਰਾਂਗੇ। ਇੰਨੇ ਨੂੰ ਚਾਰ ਨਵੇਂ ਮੁਜਰਮਾਂ ਨੂੰ ਇੱਕ ਪੁਰਾਣਾ ਕੈਦੀ ਚੱਕਰ ਹੌਲਦਾਰ ਕੋਲ ਛੱਡ ਗਿਆ। ਉਹਨਾਂ ਦੀ ਪੁੱਛ-ਪੜਤਾਲ ਤੇ ਲਿਖਾ-ਪੜ੍ਹੀ ਤੋਂ ਪਤਾ ਲੱਗਾ ਕਿ ਇਹ ਚਾਰੇ ਭੁੱਚੋ ਮੰਡੀ ਦੇ ਰਹਿਣ ਵਾਲੇ ਸਰਦੇ-ਪੁੱਜਦੇ ਸੇਠ ਸਨ ਅਤੇ ਕਿਸੇ ਜਾਹਲਸਾਜ਼ੀ ਦੇ ਕੇਸ ਵਿੱਚ ਅੰਦਰ ਆਏ ਸਨ।

ਲਿਖਾ-ਪੜ੍ਹੀ ਤੋਂ ਬਾਅਦ ਉਹਨਾਂ ਨੂੰ ਇਸ਼ਾਰਾ ਕੀਤਾ ਉਹ ਨੰਬਰਦਾਰ (ਪੁਰਾਣਾ ਕੈਦੀ) ਨਾਲ ਚਲੇ ਜਾਣ ਤੇ ਨਾਲ ਹੀ ਹੌਲਦਾਰ ਨੇ ਮੈਨੂੰ ਇਸ਼ਾਰਾ ਕਰ ਦਿੱਤਾ ਕਿ ਮੈਂ ਵੀ ਇਹਨਾਂ ਦੀ ਨਿਗਰਾਨੀ ਲਈ ਨਾਲ ਚਲਿਆ ਜਾਵਾਂ। ਉਹ ਨੰਬਰਦਾਰ ਉਹਨਾਂ ਨੂੰ ਇੱਕ ਖਾਲੀ ਪਏ ਅਹਾਤੇ ਵਿੱਚ ਲੈ ਗਿਆ, ਜਿੱਥੇ ਸਾਰੀ ਜੇਲ ਦਾ ਕੂੜਾ ਸੁੱਟਦੇ ਸਨ। ਉੱਥੇ ਦਰੱਖਤ ਦੀ ਛਾਂਵੇਂ ਪਈ ਕੁਰਸੀ ’ਤੇ ਮੈਂ ਬੈਠ ਗਿਆ ਤੇ ਨੰਬਰਦਾਰ ਉਹਨਾਂ ਨੂੰ ਸੰਬੋਧਨ ਹੋ ਕੇ ਬੋਲਿਆ, “ਵੇਖੋ ਸੇਠ ਜੀ, ਔਹ ਸਾਹਮਣੇ ਰੂੜੀ ਦਾ ਢੇਰ ਦਿਸ ਰਿਹਾ ਨਾ, ... ਉਹਦੇ ਵਿੱਚ ਆਪਣੇ ਚੱਕਰ ਹੌਲਦਾਰ ਦੀ ਸੋਨੇ ਦੀ ਮੁੰਦਰੀ ਡਿੱਗ ਪਈ ਸੀ। ਆਪਾਂ ਉਹ ਮੁੰਦਰੀ ਲੱਭਣੀ ਆ। ਕੋਲ ਹੀ ਵੱਡਾ ਛਾਨਣਾ, ਕਹੀਆਂ ਤੇ ਬੱਠਲ ਪਏ ਆ। ਤੁਸੀਂ ਉਸ ਕੂੜੇ ਨੂੰ ਛਾਨਣੇ ਵਿੱਚ ਪਾ ਕੇ ਛਾਣੀ ਜਾਵੋ, ਜਦੋਂ ਮੁੰਦਰੀ ਲੱਭ ਜਾਵੇ, ਆ ਜਾਣਾ।”

ਮਜਬੂਰੀ ਵੱਸ ਸੇਠ ਗਰਮੀ ਵਿੱਚ ਰੂੜੀ ਛਾਨਣ ਲੱਗ ਪਏ। ਕੰਮ ਕਰਦਿਆਂ ਗਰਮੀ ਨਾਲ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ। ਅੱਧੇ ਕੁ ਘੰਟੇ ਬਾਅਦ ਪਾਣੀ ਪੀਣ ਦੇ ਬਹਾਨੇ ਉਹ ਸਾਡੇ ਕੋਲ ਆ ਕੇ ਬੈਠ ਗਏ। ਕਹਿੰਦੇ ਹਨ ਕਿ ਬਾਣੀਆਂ ਕੌਮ ਫੇਰ ਵੀ ਸਿਆਣੀ ਹੁੰਦੀ ਹੈ। ਉਹਨਾਂ ਵਿੱਚੋਂ ਇੱਕ, ਜੋ ਉਹਨਾਂ ਦਾ ਮੁਖੀ ਲੱਗਦਾ ਸੀ, ਨੰਬਰਦਾਰ ਨੂੰ ਕਹਿਣ ਲੱਗਾ, “ਬਾਈ ਜੀ, ਇਹ ਮੁੰਦਰੀ ਭਲਾ ਕਿੰਨੀ ਕੁ ਭਾਰੀ ਸੀ?”

“ਇਹੀ ... ਕੋਈ ਅੱਧੇ ਕੁ ਤੋਲੇ ਦੀ।” ਨੰਬਰਦਾਰ ਬੋਲਿਆ।

“ਜੇ ਅਸੀਂ ਅੱਧੀ ਕੁ ਲੱਭ ਦੇਈਏ ...?” ਉਹੀ ਸੇਠ ਕੁੱਝ ਮੁਸਕਰਾ ਕੇ ਬੋਲਿਆ।

ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਨੰਬਰਦਾਰ ਉਸ ਸੇਠ ਨੂੰ ਇੱਕ ਪਾਸੇ ਲਿਜਾ ਕੇ ਗਿਟਮਿਟ ਕਰਨ ਲੱਗ ਪਿਆ ਤੇ ਫੇਰ ਸਾਡੇ ਕੋਲ ਆ ਕੇ ਖਚਰੀ ਜਿਹੀ ਹਾਸੀ ਹੱਸਦਾ ਹੋਇਆ ਬੋਲਿਆ, “ਆ ਜੋ ਚੱਲੀਏ ਹੌਲਦਾਰ ਜੀ ... ਲੱਭ ਗਈ ਮੁੰਦਰੀ।”

ਹੁਣ ਸਾਰੀ ਗੱਲ ਮੇਰੀ ਸਮਝ ਵਿੱਚ ਆ ਗਈ ਸੀ। ਜਦੋਂ ਵੀ ਕਦੇ ਇਹ ਗੱਲ ਮੇਰੇ ਦਿਮਾਗ ਵਿੱਚ ਆ ਜਾਂਦੀ ਹੈ ਤਾਂ ਆਪਣੇ ਸਿਸਟਮ ’ਤੇ ਹਾਸਾ ਆਉਣ ਲਗਦਾ ਹੈ।

                                                                         **

                                                          ਜਦ ਜੀਵਨ ਸਾਥੀ ਨਾ ਰਹੇ

ਜਦ ਕਿਸੇ ਔਰਤ ਦਾ ਜਵਾਨੀ ਪਹਿਰੇ ਘਰਵਾਲਾ ਨਾ ਰਹੇ ਤਾਂ ਉਸ ਲਈ ਜ਼ਿੰਦਗੀ ਗੁਜ਼ਾਰਨੀ ਬਹੁਤ ਔਖੀ ਹੋ ਜਾਂਦੀ। ਉਦੋਂ ਮੇਰੀ ਡਿਊਟੀ ਫਰੀਦਕੋਟ ਜੇਲ ’ਤੇ ਸੀ। ਇੱਕ ਔਰਤ ਫਟੇ ਹਾਲ ਜੇਲ੍ਹ ’ਤੇ ਆਈ ਤੇ ਸਾਡੀ ਐਸੋਸੀਏਸ਼ਨ ਦੇ ਪ੍ਰਧਾਨ ਕੋਲ ਆਪਣੇ ਪਤੀ, ਜਿਹੜਾ ਕਿ ਸਾਡੇ ਨਾਲ ਹੀ ਡਿਉਟੀ ਕਰਦਾ ਸੀ, ਦੇ ਦੁੱਖ ਰੋਣ ਲੱਗ ਪਈ ਉਸ ਔਰਤ ਦੀ ਉਮਰ ਮਸਾਂ 35 ਕੁ ਸਾਲ ਹੋਵੇਗੀ, ਪਰ ਗਰੀਬੀ ਕਾਰਨ ਉਹ ਆਪਣੀ ਉਮਰ ਤੋਂ ਕਾਫੀ ਵੱਡੀ ਲੱਗ ਰਹੀ ਸੀ। ਉਸਦੇ ਨਾਲ ਉਸਦਾ 10-12 ਸਾਲ ਦਾ ਲੜਕਾ ਵੀ ਸੀ, ਜਿਸਦੇ ਘਸੀ ਹੋਈ ਸਕੂਲ ਦੀ ਵਰਦੀ ਤੇ ਟੁੱਟੇ ਹੋਏ ਬੂਟ ਪਾਏ ਹੋਏ ਸਨ। ਸਾਡੇ ਪ੍ਰਧਾਨ ਨੂੰ ਉਹ ਔਰਤ ਆਖ ਰਹੀ ਸੀ ਕਿ ਉਸਦੇ ਪਤੀ ਨੂੰ ਕੁਝ ਸਮਝਾਉ, ਉਹ ਨਸ਼ਾ ਕਰਕੇ ਕਈ ਕਈ ਦਿਨ ਡਿਉਟੀ ਤੋਂ ਗੈਰਹਾਜ਼ਰ ਘਰੇ ਹੀ ਪਿਆ ਰਹਿੰਦਾ ਹੈ। ਹੁਣ ਤਾਂ ਘਰ ਦਾ ਗੁਜ਼ਾਰਾ ਵੀ ਮਸਾਂ ਚੱਲਦਾ ਹੈ। ਭੁੱਖੇ ਮਰਨ ਤੱਕ ਨੌਬਤ ਆਈ ਪਈ ਹੈ।”

ਅਸੀਂ ਸਾਰਿਆਂ ਨੇ ਇਨਸਾਨੀਅਤ ਨਾਤੇ ਹੌਸਲਾ ਦਿੱਤਾ ਤੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ। ਸਾਰੇ ਮੁਲਾਜ਼ਮਾਂ ਨੇ ਉਸੇ ਵਕਤ ਕੁੱਝ ਪੈਸੇ ਇਕੱਠੇ ਕਰ ਕੇ ਉਸ ਨੂੰ ਦੇ ਕੇ ਹੌਸਲਾ ਦੇ ਕੇ ਤੋਰ ਦਿੱਤਾ।

ਇਸ ਗੱਲ ਨੂੰ ਮਸਾਂ ਦੋ ਮਹੀਨੇ ਹੀ ਲੰਘੇ ਸਨ ਕਿ ਜਦ ਇੱਕ ਦਿਨ ਉਸ ਮੁਲਾਜ਼ਮ ਨੂੰ ਦੂਸਰਾ ਮੁਲਾਜ਼ਮ ਟਾਵਰ ’ਤੇ ਡਿਉਟੀ ਤੋਂ ਫਾਰਗ ਕਰਨ ਗਿਆ ਤਾਂ ਉਹ ਡਿਊਟੀ ਦੌਰਾਨ ਹੀ ਮਿਰਤਕ ਪਾਇਆ ਗਿਆ ਤੇ ਉਸਦੇ ਕੋਲ ਹੀ ਨਸ਼ੇ ਦੀਆਂ ਗੋਲ਼ੀਆਂ ਦੇ ਖਾਲੀ ਪੱਤੇ ਪਏ ਸਨ।

ਉਸਦੀਆਂ ਅੰਤਮ ਰਸਮਾਂ ਮੁਲਾਜ਼ਮਾਂ ਨੇ ਰਲ ਕੇ ਕੀਤੀਆਂ।

ਸਮਾਂ ਲੰਘਦਾ ਗਿਆ। ਤੇ ਫਿਰ ਮੇਰੀ ਬਦਲੀ ਹੋ ਗਈ।

ਇਸ ਘਟਨਾ ਤੋਂ 7-8 ਸਾਲ ਬਾਅਦ ਅਚਾਨਕ ਮੈਂ ਕਿਸੇ ਸਰਕਾਰੀ ਕੰਮ ਕੇਂਦਰੀ ਜੇਲ ਫਿਰੋਜ਼ਪੁਰ ’ਤੇ ਗਿਆ। ਉੱਥੇ ਦਫਤਰ ਵਿੱਚ ਇੱਕ ਸੇਵਾਦਾਰ ਬੀਬੀ ਪਾਣੀ ਲੈ ਕੇ ਆਈ ਤੇ ਉਸਨੇ ਥੋੜ੍ਹਾ ਕੁ ਮੁਸਕਰਾ ਕੇ ਸਤਿ ਸ੍ਰੀ ਅਕਾਲ ਬੁਲਾਈ। ਉਹ ਬੀਬੀ ਸਾਦੇ ਲਿਬਾਸ ਵਿੱਚ ਵੀ ਪੂਰੀ ਜਚ ਰਹੀ ਸੀ। ਮੈਨੂੰ ਉਹ ਬੀਬੀ ਜਾਣੀ-ਪਛਾਣੀ ਲੱਗੀ। ਕੋਲ ਹੀ ਬੈਠੇ ਮੁਲਾਜ਼ਮ ਨੇ ਪੁੱਛਣ ਤੇ ਦੱਸਿਆ, “ਇਹ ਉਹੀ ਔਰਤ ਹੈ, ਜਿਸਦਾ ਪਤੀ ਡਿਉਟੀ ਦੌਰਾਨ ਹੀ ਮਰ ਗਿਆ ਸੀ। ਵਿਚਾਰੀ ਘੱਟ ਪੜ੍ਹੀ ਸੀ, ਸੇਵਾਦਾਰ ਦੀ ਨੌਕਰੀ ਮਿਲ ਗਈ। ਕੁੱਝ ਘਰ ਵਾਲੇ ਦੀ ਪੈਨਸ਼ਨ ਲੱਗ ਗਈ, ਕੁੱਝ ਬਕਾਇਆ ਮਿਲ ਗਿਆ। ਹੁਣ ਆਪਣਾ ਸੋਹਣਾ ਗੁਜ਼ਾਰਾ ਕਰ ਰਹੀ ਹੈ।”

ਇੰਨੀ ਦੇਰ ਨੂੰ ਲੰਚ ਦਾ ਸਮਾਂ ਹੋ ਗਿਆ ਤੇ ਉਸ ਬੀਬੀ ਦਾ ਲੜਕਾ, ਜੋ ਕਿਸੇ ਕਾਲਜ ਵਿੱਚ ਪੜ੍ਹਦਾ ਸੀ, ਉਸ ਨੂੰ ਮੋਟਰ ਸਾਇਕਲ ਉੱਪਰ ਬੈਠਾ ਕੇ ਲੈ ਗਿਆ। ਮੈਂ ਵੇਖ ਰਿਹਾ ਸੀ ਕਿ ਜੋ ਔਰਤ ਆਪਣੇ ਪਤੀ ਦੇ ਜਿਉਂਦੇ ਜੀ ਬੱਚਿਆ ਸਮੇਤ ਦੋ ਵਕਤ ਦੀ ਰੋਟੀ ਦੀ ਮੁਹਤਾਜ ਸੀ, ਅੱਜ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਸੀ।

ਦੂਸਰੀ ਘਟਨਾ ਸਾਡੇ ਮੁਹੱਲੇ ਦੀ ਲੜਕੀ ਦੀ ਜ਼ਿੰਦਗੀ ਬਾਰੇ ਹੈ। ਉਹ ਲੜਕੀ ਕਿਸੇ ਫੌਜੀ ਜਵਾਨ ਨਾਲ ਵਿਆਹੀ ਹੋਈ ਸੀ, ਜਿਹੜਾ ਕਿ ਬੁੱਢੇ ਮਾਂ ਬਾਪ ਦਾ ਇਕਲੌਤਾ ਸਹਾਰਾ ਸੀ। ਵਿਆਹ ਨੂੰ ਅਜੇ ਇੱਕ ਸਾਲ ਵੀ ਨਹੀਂ ਹੋਇਆ ਸੀ ਕਿ ਇੱਕ ਦਿਨ ਮਨਹੂਸ ਖਬਰ ਆਈ ਕਿ ਪਹਾੜੀ ਇਲਾਕੇ ਵਿੱਚ ਉਹਨਾਂ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਉਸ ਜਵਾਨ ਦੀ ਸਾਥੀਆਂ ਸਮੇਤ ਮੌਤ ਹੋ ਗਈ ਹੈ। ਬਹੁਤ ਦਿਲ ਦਹਿਲਾਉਣ ਵਾਲੀ ਖ਼ਬਰ ਸੀ। ਖੈਰ! ਸਰਕਾਰੀ ਰਸਮਾਂ ਅਨੁਸਾਰ ਉਸ ਜਵਾਨ ਦੀਆਂ ਅੰਤਿਮ ਰਸਮਾਂ ਹੋਈਆਂ। ਜਿਸ ਦਿਨ ਉਸ ਜਵਾਨ ਦਾ ਭੋਗ ਸੀ, ਸਾਡੇ ਪਿੰਡ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ। ਭੋਗ ਪੈ ਚੁੱਕਾਣ ਤੋਂ ਬਾਅਦ ਜਦੇ ਬਹੁਤੇ ਲੋਕ ਜਾ ਚੁੱਕੇ ਸਨ, ਕੁੱਝ ਨਜਦੀਕੀ ਰਿਸ਼ਤੇਦਾਰ ਹੀ ਰਹਿ ਗਏ ਸਨ, ਤਾਂ ਸਾਡੇ ਪਿੰਡ ਦੀ ਪੰਚਾਇਤ ਨੇ ਆਪਸ ਵਿੱਚ ਕੁੱਝ ਰਾਏ ਮਸ਼ਵਰਾ ਕੀਤਾ ਤੇ ਲੜਕੀ ਦੇ ਚਾਚੇ ਨੇ ਲੜਕੇ ਦੇ ਪਿਤਾ ਤੇ ਉਸਦੇ ਰਿਸ਼ਤੇਦਾਰਾਂ ਨੂੰ ਕਿਹਾ, “ਜੋ ਹੋਇਆ, ਬਹੁਤ ਮਾੜਾ ਹੋਇਆ। ਪਰ ਸਾਡੀ ਲੜਕੀ ਹੁਣ ਕਿਸ ਦੇ ਸਹਾਰੇ ਦਿਨ ਕੱਟੇਗੀ, ਅਸੀਂ ਇਸ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਕਿ ਕਿਸੇ ਲੋੜਵੰਦ ਨਾਲ ਇਸ ਨੂੰ ਅੱਗੇ ਤੋਰ ਦੇਈਏ ਤੇ ਇਹ ਵਿਚਾਰੀ ਆਪਣੀ ਜਿੰਦਗੀ ਕੱਟ ਲਵੇ।”

ਲੜਕੇ ਦਾ ਬਾਪ ਹੱਥ ਜੋੜ ਕੇ ਬੋਲਿਆ, “ਭਾਈ ... ਜਿਵੇਂ ਤੁਹਾਡੀ ਮਰਜੀ। ਤੁਸੀਂ ਲੜਕੀ ਤੋਂ ਪੁੱਛ ਲਵੋ।”

ਲੜਕੀ ਦੇ ਚਾਚੇ ਨੇ ਲੜਕੀ ਕੋਲ ਜਾ ਕੇ ਨਾਲ ਚੱਲਣ ਲਈ ਕਿਹਾ ਤਾਂ ਲੜਕੀ ਬਹੁਤ ਠਰੰਮੇ ਨਾਲ ਬੋਲੀ, “ਚਾਚਾ ... ਤੁਸੀਂ ਮੇਰਾ ਤਾਂ ਸੋਚ ਲਿਆ ਪਰ ਮੇਰੇ ਬਜੁਰਗ ਮਾਂ ਬਾਪ (ਸੱਸ ਸਹੁਰਾ) ਦਾ ਕੀ ਸੋਚਿਆ? ਇਹਨਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਮੈਂ ਕਿਤੇ ਨਹੀਂ ਜਾਣਾ। ਰਹੀ ਗੱਲ ਸਹਾਰੇ ਦੀ, ਇੱਕ ਸਹਾਰਾ ਮੈਨੂੰ ਪ੍ਰਮਾਤਮਾ ਦਾ ਤੇ ਦੂਸਰਾ ਸਹਾਰਾ ਕੁੱਝ ਸਮੇਂ ਨੂੰ ਪ੍ਰਮਾਤਮਾ ਭੇਜ ਦੇਵੇਗਾ ...।”

ਭੋਗ ਤੋਂ ਤਿੰਨ-ਚਾਰ ਮਹੀਨੇ ਬਾਅਦ ਉਸ ਲੜਕੀ ਕੋਲ ਪੁੱਤਰ ਨੇ ਜਨਮ ਲਿਆ। ਸਰਕਾਰ ਵੱਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਉਸ ਪਰੀਵਾਰ ਨੂੰ ਮਿਲੀਆਂ, ਜਿਸ ਨਾਲ ਉਸਨੇ ਬਜੁਰਗ ਸੱਸ ਸਹੁਰੇ ਦੀ ਸੇਵਾ ਕੀਤੀ, ਪੁੱਤਰ ਨੂੰ ਪਾਲਿਆ ਪ੍ਹਾਇਆ ਤੇ ਕਦੇ ਵੀ ਉਸਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

ਹੁਣ ਉਸ ਲੜਕੀ ਦਾ ਪੁੱਤਰ ਜਵਾਨ ਹੋ ਚੁੱਕਾ ਹੈ ਜਦ ਕਦੇ ਕਦਾਈ ਉਹ ਲੜਕੀ ਮਿਲਦੀ ਹੈ ਤਾਂ ਮੱਲੋ ਮੱਲੀ ਸਿਰ ਉਸ ਪਵਿੱਤਰ ਆਤਮ ਅੱਗੇ ਝੁਕ ਜਾਂਦਾ ਹੈ

*****

(1305)

About the Author

ਪਰਕਾਸ਼ ਸਿੰਘ ਜੈਤੋ

ਪਰਕਾਸ਼ ਸਿੰਘ ਜੈਤੋ

Retired Assistant Superintendent Jail.
Phone: (91 - 97805 - 01017)
Email (sidhuparkash.84@gmail.com)