Sarokar7“ਪੰਜਾਬ, ਪੈਸਾ ਅਤੇ ਪੁਲਸ”
(31 ਮਈ 2018)

 

ਮੇਰਾ ਪੰਜ ਸਾਲ ਦਾ ਬੇਟਾ ਪਵਨੂਰ ਹਰ ਵਾਰ ਜਦੋਂ ਆਪਣੇ ਨਾਨਕੇ ਘਰ ਜਾਂਦਾ ਹੈ ਤਾਂ ਰਾਹ ਵਿੱਚ ਇਹ ਸਵਾਲ ਜ਼ਰੂਰ ਪੁੱਛਦਾ ਹੈ,

“ਪਾਪਾ, ਇੱਧਰ ਇੰਨੇ ਪੁਲਸ ਵਾਲੇ ਅੰਕਲ ਕਿਉਂ ਖੜ੍ਹੇ ਨੇ?”

ਅਸਲ ਵਿੱਚ ਅਸੀਂ ਕੁਰੂਕਸ਼ੇਤਰ (ਹਰਿਆਣੇ) ਵਿਚ ਰਹਿੰਦੇ ਹਾਂ ਤੇ ਪਵਨੂਰ ਦੇ ਨਾਨਕੇ ਪਟਿਆਲੇ (ਪੰਜਾਬ) ਦੇ ਵਸਨੀਕ ਨੇ। ਇਸ ਲਈ ਹਰਿਆਣੇ ਦੀ ਹੱਦ ਖ਼ਤਮ ਹੁੰਦਿਆਂ ‘ਸ਼ੰਭੂ ਬਾਰਡਰ’ ਉੱਤੇ ਪੰਜਾਬ ਪੁਲਸ ਦੇ ਬਹੁਤ ਸਾਰੇ ਜਵਾਨਾਂ ਨੂੰ ਖੜ੍ਹੇ ਦੇਖ ਕੇ ਪਵਨੂਰ ਅਕਸਰ ਹੀ ਇਹ ਸਵਾਲ ਪੁੱਛਦਾ ਹੈ

“ਬੇਟਾ, ਸੁਰੱਖਿਆ ਕਰਕੇ ਤਾਇਨਾਤ ਨੇ” ਮੈਂ ਹਰ ਵਾਰ ਇਹੋ ਜਵਾਬ ਦਿੰਦਾ ਹਾਂ। ਉਹ ਜਵਾਬ ਸੁਣ ਕੇ ਚੁੱਪ ਹੋ ਜਾਂਦਾ ਹੈ। ਪਰ! ਇਸ ਵਾਰ ਉਸਨੇ ਅਗਲਾ ਸਵਾਲ ਕਰ ਦਿੱਤਾ ਹੈ, ਜਿਸਦਾ ਮੈਨੂੰ ਕੋਈ ਜਵਾਬ ਨਹੀਂ ਅਹੁੜ ਰਿਹਾ, ਆਪਣੇ ਹਰਿਆਣੇ ਨੂੰ ਸੁਰੱਖਿਆ ਦੀ ਲੋੜ ਨਹੀਂ ... ਇੱਧਰ ਤਾਂ ਕਦੇ ਕੋਈ ਪੁਲਸ ਵਾਲਾ ਅੰਕਲ ਖੜ੍ਹਾ ਨਹੀਂ ਹੁੰਦਾ!!!’

ਮੈਨੂੰ ਅਹਿਸਾਸ ਹੋਇਆ ਕਿ ਪਵਨੂਰ ਗੱਲ ਤਾਂ ਦਰੁਸਤ ਆਖ ਰਿਹਾ ਹੈ। ਹਰਿਆਣੇ ਵਾਲੇ ਪਾਸੇ ਕਦੇ ਕੋਈ ਪੁਲਸ ਕਰਮਚਾਰੀ ਖੜ੍ਹਾ ਨਹੀਂ ਦਿਸਦਾ। ਹਾਂ, ਕਦੇ- ਕਦਾਈਂ ‘ਹਾਈਵੇ ਪੈਟਰੋਲ’ ਵਾਲੀ ਗੱਡੀ ਜ਼ਰੂਰ ਖੜ੍ਹੀ ਹੁੰਦੀ ਹੈ, ਉਹ ਵੀ ਮਹੀਨੇ- ਮੱਸਿਆ ਹੀ

ਪੰਜਾਬ ਵਾਲੇ ਪਾਸੇ ਚਾਲੀ-ਪੰਜਾਹ ਪੁਲਸ ਮੁਲਾਜ਼ਮ ਹਰ ਵਕਤ ਚਾਹ ਦੇ ਖੋਖਿਆਂ, ਰੇੜ੍ਹੀਆਂ, ਗੱਡੀਆਂ, ਦੁਕਾਨਾਂ ਅਤੇ ਦਰਖ਼ਤਾਂ ਹੇਠਾਂ ਖੜ੍ਹੇ/ਬੈਠੇ ਨਜ਼ਰ ਆਉਂਦੇ ਹਨ

ਉਂਝ, ਦੇਖਿਆ ਜਾਵੇ ਤਾਂ ਹਰਿਆਣੇ ਵੱਲ ਜ਼ਿਆਦਾ ਮੁਲਾਜ਼ਮ ਹੋਣੇ ਚਾਹੀਦੇ ਹਨ ਕਿਉਂਕਿ ਪੰਜਾਬ ਦਾ ਕਾਫ਼ੀ ਇਲਾਕਾ, ਪਾਕਿਸਤਾਨ ਨਾਲ ਲੱਗਦਾ ਹੈ ਇਸ ਲਈ ਨਸ਼ਾ ਤਸਕਰ ਪੰਜਾਬ ਵਿੱਚੋਂ ਨਸ਼ੇ ਦੀ ਖੇਪ ਦਿੱਲੀ, ਹਰਿਆਣੇ ਜਾਂ ਹੋਰ ਦੂਜੇ ਸੂਬਿਆਂ ਵਿੱਚ ਸਪਲਾਈ ਕਰ ਸਕਦੇ ਹਨ। ਪਰ ਹੁੰਦਾ ਇਸ ਤੋਂ ਉਲਟ ਹੈ, ਪਤਾ ਨਹੀਂ ਕਿਉਂ?

ਕੁਝ ਮਹੀਨੇ ਪਹਿਲਾਂ ਇੱਕ ਸਰਵੇਖਣ ਵਿੱਚ ਮੈਂ ਕਿਤੇ ਪੜ੍ਹਿਆ ਸੀ, ‘ਪੰਜਾਬ ਵਿੱਚ ਪੁਲਸ ਮੁਲਾਜ਼ਮਾਂ ਦੀ ਨਫ਼ਰੀ ਪੂਰੇ ਦੇਸ਼ ਵਿੱਚੋਂ ਦੂਜੇ ਨੰਬਰ ’ਤੇ ਹੈ’ ਉਸ ਸਰਵੇਖਣ ਵਿੱਚ ਪਹਿਲੇ ਨੰਬਰ ਉੱਤੇ ਪੱਛਮੀ ਬੰਗਾਲ ਦਾ ਨਾਮ ਸੀ ਅਤੇ ਦੂਜੇ ਤੇ ਪੰਜਾਬ ਦਾ

ਪੱਛਮੀ ਬੰਗਾਲ ਪਹਿਲੇ ਨੰਬਰ ’ਤੇ ਹੋਣ ਦੇ ਬਾਵਜੂਦ ਘੱਟ ਪੁਲਸ ਨਫ਼ਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਕਿਉਂਕਿ ਆਬਾਦੀ ਅਤੇ ਖੇਤਰਫ਼ਲ ਪੱਖੋਂ ਪੱਛਮੀ ਬੰਗਾਲ ਬਹੁਤ ਵੱਡਾ ਸੂਬਾ ਹੈ ਪਰ ਪੰਜਾਬ ਵਰਗੇ ਸੂਬੇ ਵਿੱਚ ਏਨੀ ਪੁਲਸ ਨਫ਼ਰੀ ਖ਼ਜ਼ਾਨੇ ’ਤੇ ਭਾਰ ਹੀ ਹੈ, ਇਸ ਤੋਂ ਵੱਧ ਕੁਝ ਨਹੀਂ

ਖ਼ੈਰ! ਇਹ ਸੋਚਣਾ ਤਾਂ ਸਰਕਾਰਾਂ ਦਾ ਕੰਮ ਹੈ ਪਰ, ਪਵਨੂਰ ਦੇ ਬਾਲ-ਮਨ ਵਿੱਚ ਉੱਠੇ ਇਸ ਗੰਭੀਰ ਸਵਾਲ ਨੇ ਮੈਨੂੰ ਤਾਂ ਚੁੱਪ ਕਰਵਾ ਹੀ ਦਿੱਤਾ ਹੈ ...!!!

**

(1)

ਡਾ. ਹਰਪਾਲ ਸਿੰਘ ਪੰਨੂ ਲਿਖਦੇ ਹਨ

(30 ਮਈ 2018)

ਸ਼ਹੀਦ ਦੇ ਪਿਸਤੌਲ ਨਾਲ ਸੈਲਫੀਆਂ?

27 ਮਈ ਨੂੰ ਖਬਰ ਛਪੀ ਪੜ੍ਹੀ ਕਿ ਹੁਸੈਨੀਵਾਲਾ ਸਥਿਤ ਅਜਾਇਬਘਰ ਵਿਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਪਸਤੌਲ ਨੂੰ ਕੇਵਲ ਦੇਖਣਗੇ ਨਹੀਂ, ਇਸ ਨਾਲ ਸੈਲਫੀ ਵੀ ਖਿੱਚ ਸਕਣਗੇਇਹ ਬਚਗਾਨਾ ਖਿਆਲ ਆਹਲਾ ਬੀ.ਐੱਸ.ਐੱਫ. ਦੇ ਚੀਫ ਕੇ.ਕੇ. ਸ਼ਰਮਾ ਦਾ ਹੈਜਾਣਦਿਆਂ ਹੋਇਆਂ ਕਿ ਇਹ ਪਸਤੌਲ ਪਹਿਲਾਂ ਵੀ ਲਾਪਤਾ ਹੋ ਚੁੱਕਾ ਹੈ ਤੇ 2016 ਵਿਚ ਇੰਦੌਰ ਤੋਂ ਬਰਾਮਦ ਹੋਇਆ ਸੀ, ਸਰਕਾਰ ਇਸ ਨੂੰ ਫਿਰ ਗੁਆਉਣਾ ਚਾਹੁੰਦੀ ਹੈਸ਼ਹੀਦ ਭਗਤ ਸਿੰਘ ਦੇ ਪਸਤੌਲ ਨਾਲ ਸੈਲਫੀਆਂ ਲੈਣ ਉਪਰੰਤ ਜਵਾਨ ਕਿਸ ਅਸੈਂਬਲੀ ਵਿਚ ਬੰਬ ਸੁੱਟਣ ਦੀ ਰਿਆਜ਼ ਕਰਨਗੇ, ਦੇਖਾਂਗੇ

ਪਾਠਕਾਂ ਨੂੰ ਦੱਸ ਦੇਈਏ ਕਿ ਰਬਿੰਦਰਨਾਥ ਟੈਗੋਰ ਦਾ ਚੋਰੀ ਹੋਇਆ ਨੋਬਲ-ਇਨਾਮ ਚਿੰਨ੍ਹ ਅਜੇ ਤੱਕ ਨਹੀਂ ਲੱਭਿਆ, ਹਾਲਾਂਕਿ ਉਸ ਨਾਲ ਸੈਲਫੀਆਂ ਲੈਣ ਦੀ ਆਗਿਆ ਵੀ ਨਹੀਂ ਸੀਸਾਲ 1999 ਵਿਸਾਖੀ ਖਾਲਸਾ-ਪੰਥ ਦੇ ਜਨਮ ਦਿਹਾੜੇ ’ਤੇ ਯੋਗੀ ਹਰਿਭਜਨ ਸਿੰਘ ਨੇ ਅਮਰੀਕਾ ਵਿੱਚੋਂ ਤਿਆਰ ਕਰਵਾ ਕੇ ਦੋ ਕਰੋੜ ਰੁਪਏ ਕੀਮਤ ਦੀ ਹੀਰਿਆਂ ਜੜੀ ਕ੍ਰਿਪਾਨ ਤਖਤ ਕੇਸਗੜ੍ਹ ਭੇਟ ਕੀਤੀ, ਜਿਸ ਦਾ ਰੌਲਾ ਪੈ ਗਿਆ ਕਿ ਚੋਰੀ ਹੋ ਗਈਜਦੋਂ ਹਰਿਭਜਨ ਸਿੰਘ ਨੇ ਅੱਖਾਂ ਦਿਖਾਈਆਂ ਤਾਂ ਮਹੀਨੇ ਕੁ ਬਾਦ ਬਿਆਨ ਆ ਗਿਆ - ਲੱਭ ਗਈ, ਲੱਭ ਗਈ

ਰੱਬ ਦਾ ਸ਼ੁਕਰਾਨਾ ਕੋਹਿਨੂਰ ਲੰਡਨ ਵਿੱਚ ਹੈ, ਇੱਥੇ ਹੁੰਦਾ ਲੱਭਣਾ ਹੀ ਨਹੀਂ ਸੀਸਰਕਾਰ ਸ਼ਹੀਦਾਂ ਦੀਆਂ ਵਸਤਾਂ ਨਾਲ ਖੇਡਾਂ ਖੇਡਣ ਦੀ ਰੀਤ ਨਾ ਪਾਏ

**

(ਡਾ. ਹਰਪਾਲ ਸਿੰਘ ਪੰਨੂ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ।)

About the Author

ਸਰੋਕਾਰ

ਸਰੋਕਾਰ

http://sarokar.ca/
Email: (sarokar2015@gmail.com)
Edmonton, Alberta, Canada.