DarshanSBhame7ਲੈ ਚਲਾ ਲੈ ਹੁਣ ਆਪਣੀ ਕੁਛ ਲੱਗਦੀ ਨੂੰ ... ਮੈਂ ਤੈਂਨੂੰ ਕਿੰਨਾ ਆਖਿਆ ਸੀ, ਬਾਈ ਅਜੇ ਭਈਆ ਨੀ ਆਇਆ, ਆਪਾਂ ...
(10 ਮਈ 2018)

 

ਜਿਸ ਤਰ੍ਹਾਂ ਕਈ ਪ੍ਰਕਾਰ ਦੇ ਪਦਾਰਥਾਂ ਤੋਂ ਸ਼ਬਜੀ, ਚਾਹ, ਪਕੌੜੇ ਬਣਦੇ ਹਨ ਅਗਰ ਇਹਨਾਂ ਪਦਾਰਥਾਂ ਦੇ ਮਿਸ਼ਰਣ ਦਾ ਅਨੁਪਾਤ ਗਲਤ ਹੋ ਜਾਵੇ ਤਾਂ ਸ਼ਬਜੀ, ਚਾਹ, ਪਕੌੜੇ ਆਦਿ ਦਾ ਖਾਣ ਵਾਲੇ ਨੂੰ ਸੁਆਦ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਮਨੁੱਖੀ ਜੀਵਨ ਵੀ ਇੱਕ ਮਿਸ਼ਰਣ ਹੈ ਜਿਸ ਵਿੱਚ ਮਾਨਸਿਕ, ਆਰਥਿਕ, ਸਰੀਰਕ ਅਤੇ ਸਮਾਜਿਕ, ਤੱਤਾਂ ਦਾ ਸਹੀ ਅਨੁਪਾਤ ਹੋਣਾ ਬਹੁਤ ਜ਼ਰੂਰੀ ਹੈ। ਅਗਰ ਇਹਨਾਂ ਵਿੱਚੋਂ ਕਿਸੇ ਦੀ ਵੀ ਘਾਟ ਹੋ ਜਾਵੇ ਤਾਂ ਰੋਜ਼ਾਨਾ ਜੀਵਨ ਦਾ ਆਨੰਦ ਫਿੱਕਾ ਲੱਗਦਾ ਹੈਅੱਜ ਦੇ ਖੁਦਗਰਜ਼ੀ ਭਰੇ ਮਹੌਲ ਵਿੱਚ ਇਹ ਮਿਸ਼ਰਣ ਆਪਣਾ ਅਨੁਪਾਤ ਖੋ ਬੈਠਾ ਹੈ, ਜਿਸ ਕਰਕੇ ਚਾਰੇ ਪਾਸੇ ਅਸ਼ਾਂਤੀ ਹੀ ਅਸ਼ਾਂਤੀ ਨਜ਼ਰ ਆਉਂਦੀ ਹੈ। ਚਾਹੇ ਅੱਜ ਮਨੁੱਖ ਨੇ ਵਿਗਿਆਨਕ ਤੌਰ ’ਤੇ ਬਹੁਤ ਤਰੱਕੀ ਕਰ ਲਈ ਹੈ ਪਰ ਮਾਨਸਿਕ ਤੌਰ ’ਤੇ ਬਿਮਾਰੀ ਦੀ ਹਾਲਤ ਵਿੱਚ ਦਿਨ ਕਟੀ ਕਰ ਰਿਹਾ ਹੈ, ਕਿਉਂਕਿ ਅਸੀਂ ਆਪਣੇ ਅਤੇ ਆਪਣੇ ਸਿੱਖਿਆ ਦੇਣ ਵਾਲੇ ਗੁਰੂਆਂ. ਗ੍ਰੰਥਾਂ ਦੇ ਪਾਏ ਪੂਰਣਿਆਂ ’ਤੇ ਚੱਲਣਾ ਛੱਡ ਦਿੱਤਾ ਹੈਅੱਜ ਹਰ ਇੱਕ ਦੀ ਸੋਚ ਬੱਸ ਇੱਥੇ ਆ ਕੇ ਰੁਕ ਗਈ ਹੈ ਕਿ ਕੰਮ ਕੀਤੇ ਬਗੈਰ ਰਾਤੋ ਰਾਤ ਕਿਸੇ ਵਿਧੀ ਅਰਬਾਂਪਤੀ ਹੋ ਜਾਈਏ। ਆਪਣੀ ਇਸ ਇੱਛਿਆ ਦੀ ਪੂਰਤੀ ਲਈ ਮਨੁੱਖ ਵੱਖ ਵੱਖ ਪ੍ਰਕਾਰ ਦੇ ਤੌਰ ਤਰੀਕੇ ਅਪਣਾਉਂਦਾ ਹੈ, ਚਾਹੇ ਉਹ ਕਿਸੇ ਵੀ ਖੇਤਰ ਵਿੱਚ ਕੰਮ ਕਰਦਾ ਹੋਵੇ।

ਮੈਂ ਪਿਛਲੇ ਦਿਨੀਂ ਬੱਸ ਰਾਹੀਂ ਪਟਿਆਲੇ ਤੋਂ ਵਾਪਸ ਆ ਰਿਹਾ ਸੀ। ਜਦੋਂ ਬੱਸ ਭਵਾਨੀਗੜ੍ਹ ਲੰਘੀ ਤਾਂ ਕਿਸੇ ਤਕਨੀਕੀ ਨੁਕਸ ਕਾਰਣ ਬੰਦ ਹੋ ਗਈ। ਡਰਾਈਵਰ ਥੱਲੇ ਉੱਤਰ ਗਿਆ ਤੇ ਨਾਲ ਹੀ ਸਾਰੀਆਂ ਸਵਾਰੀਆਂ ਵੀ ਉੱਤਰ ਗਈਆਂ। ਮੈਂ ਵੀ ਉੱਤਰ ਗਿਆ। ਕੋਈ ਕੁਛ ਬੋਲੇ, ਕੋਈ ਕੁਛ। ਮੈਂ ਡਰਾਈਵਰ ਤੇ ਕੰਡਕਟਰ ਨੂੰ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਕਰਦੇ ਸੁਣਿਆ। ਡਰਾਈਵਰ ਕੰਡਕਟਰ ਨੂੰ ਕਹਿ ਰਿਹਾ ਸੀ ਕਿ ਲੈ ਚਲਾ ਲੈ ਹੁਣ ਆਪਣੀ ਕੁਛ ਲੱਗਦੀ ਨੂੰ ... ਮੈਂ ਤੈਂਨੂੰ ਕਿੰਨਾ ਆਖਿਆ ਸੀ, ਬਾਈ ਅਜੇ ਭਈਆ ਨੀ ਆਇਆ, ਆਪਾਂ ਉਡੀਕ ਲਈਏ। ਤੂੰ ਮੇਰੀ ਇੱਕ ਨੀ ਮੰਨੀ। ਕੰਡਕਟਰ ਕਹੇ, ਮੈਂਨੂੰ ਪਿਛਲੇ ਟਾਈਮ ਵਾਲੇ ਗਾਲਾਂ ਕੱਢਦੇ ਸੀ ਕਿ ਸੀਟੀ ਮਾਰ, ਸਾਡਾ ਸਮਾਂ ਖਾਈ ਜਾਨੇ ਓਂਨਾਲੇ ਭਈਏ ਦਾ ਕੀ ਪਤਾ ਸੀ, ਕਦੋਂ ਆਉਂਦਾ।

ਮੈਂ ਉਹਨਾਂ ਦੀ ਗੱਲ ਸੁਣ ਕੇ ਪੁੱਛਿਆ, “ਡਰਾਈਵਰ ਸਾਹਿਬ, ਕੀ ਭਈਏ ਨੇ ਬੱਸ ਦਾ ਕੋਈ ਪੁਰਜਾ ਠੀਕ ਕਰਨਾ ਸੀ, ਜਿਸ ਕਰਕੇ ਬੱਸ ਰੁਕ ਗਈ?”

ਮੇਰੀ ਗੱਲ ਸੁਣ ਕੇ ਡਰਾਈਵਰ ਤੋਂ ਪਹਿਲਾਂ ਹੀ ਕੰਡਕਟਰ ਬੋਲ ਪਿਆ, “ਨਹੀਂ ਸਰਦਾਰ ਜੀ, ... ਪੁਰਜਾ ਤਾਂ ਕੋਈ ਠੀਕ ਨਹੀਂ ਕਰਨਾ ਸੀ, ਉਹ ਸਾਡੀ ਬੱਸ ਵਿੱਚ ਹਰ ਸਨਿੱਚਰਵਾਰ ਨੂੰ ਡਰਾਈਵਰ ਦੀ ਤਾਕੀ ਉੱਪਰ ਸੱਤ ਮਿਰਚਾਂ ਤੇ ਇੱਕ ਨਿੰਬੂ ਟੰਗ ਕੇ ਜਾਂਦਾ ਹੈ, ਜਿਸ ਕਰਕੇ ਬੱਸ ਨਾ ਖਰਾਬ ਹੋਵੇ ... ਤੇ ਸੇਲ ਵੀ ਬਹੁਤ ਹੋ ਜਾਂਦੀ ਐ। ਅੱਜ ਪਤਾ ਨੀ ਉਸ ਨੂੰ ਕੀ ਪਟਮੇਲੀ ਪੈ ਗਈ, ਸੌਹਰੀ ਦਾ ਆਇਆ ਨੀ।” ਨਾਲ ਹੀ ਡਰਾਈਵਰ ਬੋਲਿਆ, “ਅਸੀਂ ਤਾਂ ਜੀ ਪੱਕਾ ਪਰਤਿਆਇਐ, ਜਿਸ ਦਿਨ ਮਿਰਚਾਂ ਨਿੰਬੂ ਨਾ ਟੰਗੀਏ ਤਾਂ ਉਸ ਦਿਨ ਜਾਂ ਤਾਂ ਐਕਸੀਡੈਂਟ ਹੋਊ ਜਾਂ ਬੱਸ ਖਰਾਬ ਦਾ ਹੋਣਾ ਲਾਜਮੀ ਹੁੰਦੈ। ਓਹੀ ਗੱਲ ਅੱਜ ਹੋਈ ਐ ...”

ਇੰਨੇ ਨੂੰ ਪਿੱਛੋਂ ਹੋਰ ਬੱਸ ਆ ਗਈ ਤੇ ਸਾਨੂੰ ਸਾਰਿਆਂ ਨੂੰ ਉਸ ਬੱਸ ਵਿੱਚ ਚੜ੍ਹਾ ਦਿੱਤਾ।

ਸਾਰੇ ਰਸਤੇ ਵਿੱਚ ਮੇਰੇ ਦਿਮਾਗ ਵਿੱਚ ਪਛਲੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀਆਂ ਗੱਲਾਂ ਗੇੜੇ ਲਾਉਂਦੀਆਂ ਰਹੀਆਂ ਕਿ ਇਹ ਲੋਕ ਨੁਕਸ ਨੂੰ ਵਿਸਾਰ ਕੇ ਸੱਤ ਮਿਰਚਾਂ ਤੇ ਨਿੰਬੂ ’ਤੇ ਵਿਸ਼ਵਾਸ ਕਰੀ ਜਾਂਦੇ ਹਨ

ਮੈਂ ਆਪਣੇ ਟਿਕਾਣੇ ਪਹੁੰਚਿਆ ਤੇ ਸ਼ਹਿਰ ਵਿੱਚੋਂ ਲੰਘਣ ਲੱਗਾ ਤਾਂ ਇਹ ਵੇਖਕੇ ਹੋਰ ਵੀ ਹੈਰਾਨ ਹੋ ਗਿਆ ਕਿ ਤਕਰੀਬਨ ਸਾਰੀਆਂ ਹੀ ਦੁਕਾਨਾਂ ਦੇ ਗੇਟਾਂ ਉੱਤੇ ਮਿਰਚਾਂ ਅਤੇ ਨਿੰਬੂ ਦਾ ਹਾਰ ਲੱਟਕ ਰਿਹਾ ਸੀ। ਅਜੇ ਮੈਂ ਥੋੜ੍ਹੀ ਦੂਰ ਹੀ ਗਿਆ ਸੀ ਕਿ ਸਾਹਮਣੇ ਇੱਕ 30-40 ਸਾਲ ਦਾ ਆਦਮੀ ਗਲੇ ਵਿੱਚ ਝੋਲਾ ਤੇ ਹੱਥ ਵਿੱਚ ਸੋਟੀ ਫੜੀ ਇੱਕ ਦੁਕਾਨ ਦੇ ਗੇਟ ਤੋਂ ਮਿਰਚਾਂ ਅਤੇ ਨਿੱਬੂ ਦਾ ਪੁਰਾਣਾ ਹਾਰ ਲਾਹ ਕੇ ਨਵਾਂ ਟੰਗ ਰਿਹਾ ਸੀ। ਮੈਂ ਉਸ ਕੋਲ ਜਾਕੇ ਪੁੱਛਿਆ, “ਭਾਈ ਸਾਹਿਬ, ... ਇਹ ਕੀ ਖੇਡ ਐ?”

ਉਸਨੇ ਦੱਸਿਆ, “ਸਰਦਾਰ ਜੀ, ਇਸ ਨਾਲ ਹਰ ਪ੍ਰਕਾਰ ਦਾ ਦੁੱਖ ਦੂਰ ਹੋ ਜਾਂਦਾ ਐ ਤੇ ਆਮਦਨ ਵੀ ਚੋਖੀ ਹੁੰਦੀ ਐ। ਥੋਡੀ ਦੁਕਾਨ ਕਿਹੜੇ ਪਾਸੇ ਐ? ਕੋਈ ਗੱਲ ਨੀ, ਟੰਗ ਆਇਆ ਕਰੂੰ ਮੈਂ ... ਬੱਸ ਮਹੀਨੇ ਦੇ 125 ਰੁਪਏ ਲੈਣੇ ਨੇ। ਹਰ ਸਨਿੱਚਰਵਾਰ ਨੂੰ ਆਇਆ ਕਰੂੰ। ਹੁਕਮ ਕਰੋ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਅਜੇ ਹੋਰ ਦੁਕਾਨਾਂ ’ਤੇ ਵੀ ਜਾਣਾ ਹੈ ...” ਇਹ ਕਹਿੰਦਾ ਉਹ ਅਗਲੀ ਦੁਕਾਨ ਤੇ ਹਾਰ ਟੰਗਣ ਲਈ ਚਲਾ ਗਿਆਉਸਦੀ ਗੱਲ ਸੁਣ ਕੇ ਮੈਂ ਸੋਚਿਆ ਕਿ ਕਿਸੇ ਦੇ ਲੱਛਮੀ ਆਵੇ, ਚਾਹੇ ਨਾ ਆਵੇ, ਇਸਦੇ ਤਾਂ ਵਾਧੂ ਆਉਂਦੀ ਐ, ਜਿਸਦੀਆਂ 28 ਮਿਰਚਾਂ 4 ਨਿੰਬੂ 125 ਵਿੱਚ ਵਿਕਦੇ ਨੇ। ਐਦੂੰ ਚੰਗਾ ਹੋਰ ਕਿਹੜਾ ਵਪਾਰ ਹੋ ਸਕਦਾ ਹੈ

ਇਸ ਸਮੇਂ ਕਿਸੇ ਕਵੀ ਦੀਆਂ ਲਿਖੀਆਂ ਇਹ ਸਤਰਾਂ ਮੈਨੂੰ ਯਾਦ ਆ ਗਈਆਂ:

ਹੋਈਏ ਕਿਵੇਂ ਅਮੀਰ ਖੋਜਦੇ ਵੱਖਰੇ ਢੰਗਾਂ ਨੂੰ,
ਜੜ ਸੋਨੇ ਵਿੱਚ ਪੱਥਰ ਲਾਉਂਦੇ ਵੇਖੋ ਅੰਗਾਂ ਨੂੰ

ਸ਼ਨੀ ਰੱਖਣਾ ਰਾਜ਼ੀ ਕਾਲੇ ਮਾਂਹ ਨਾ ਖਾਵਣ ਜੀ,
ਮਿਰਚਾਂ ਨਿੰਬੂ ਵਿੱਚ ਦਰਾਂ ਦੇ ਟੰਗੀ ਜਾਵਣ ਜੀ

*****

(1147)

About the Author

ਦਰਸ਼ਨ ਸਿੰਘ ਭੰਮੇ

ਦਰਸ਼ਨ ਸਿੰਘ ਭੰਮੇ

Phone: (91 - 94630 - 23656)
Email: (darshansinghbhame)