DarshanSBhame7ਜਦੋਂ ਮੈਂ ਨਾਜ਼ਰ ਸਿੰਘ ਨੂੰ ਵੇਖਿਆ ਤਾਂ ਉਸਦੇ ਬੋਤਲ ਲੱਗੀ ਹੋਈ ਸੀ ...
(13 ਅਪਰੈਲ 2018)

 

ਮੈਂ ਆਪਣੇ ਦੋਸਤ ਦੀ ਬੇਟੀ ਦੀ ਸ਼ਾਦੀ ਵਿਚ ਸ਼ਾਮਿਲ ਹੋਣ ਲਈ ਤਿਆਰ ਹੋ ਕੇ ਖੰਡਾ ਚੌਕ ਵਿਚ ਖੜ੍ਹ ਕੇ ਬੱਸ ਦੀ ਉਡੀਕ ਕਰ ਰਿਹਾ ਸੀ। ਸ਼ਾਦੀ ਦਾ ਇਹ ਸਮਾਗਮ ਬਠਿੰਡਾ-ਮਾਨਸਾ ਰੋਡ ਤੇ ਬਣੇ ਰਮਣ ਪੈਲਿਸ ਵਿਚ ਹੋਣਾ ਸੀ। ਮੈਨੂੰ ਅਜੇ ਖੜ੍ਹੇ ਨੂੰ ਦਸ ਪੰਦਰਾਂ ਮਿੰਟ ਹੀ ਹੋਏ ਸਨ ਤਾਂ ਇੱਕ ਕਾਰ ਮੇਰੇ ਕੋਲ ਆ ਕੇ ਰੁਕੀ, ਜਿਸ ਵਿੱਚ ਮੇਰੀ ਜਾਣ ਪਛਾਣ ਵਾਲਾ ਬਾਈ ਨਾਜ਼ਰ ਸਿੰਘ ਤੇ ਉਸਦਾ ਪਰਿਵਾਰ ਬੈਠਾ ਸੀ। ਉਹਨਾਂ ਨੇ ਮੈਨੂੰ ਅਵਾਜ਼ ਮਾਰ ਕੇ ਪੁੱਛਿਆ, “ਬਾਈ ਜੀ, ਕਿਵੇਂ ਖੜ੍ਹੇ ਹੋ?”

ਮੈਂ ਦੱਸਿਆ, “ਬਾਈ ਜੀ, ਮੈਂ ਤਾਂ ਬਾਈ ਗਿੱਲ ਦੀ ਬੇਟੀ ਦੀ ਸ਼ਾਦੀ ਵਿੱਚ ਸਾਮਿਲ ਹੋਣ ਲਈ ਜਾਣਾ ਹੈ, ਬੱਸ ਦੀ ਉਡੀਕ ਕਰਦਾ ਹਾਂ।”

ਉਹਨਾਂ ਨੇ ਕਿਹਾ, “ਆ ਜੋ, ਅਸੀਂ ਵੀ ਉੱਥੇ ਹੀ ਚੱਲੇ ਹਾਂ।”

ਅੰਨ੍ਹਾਂ ਕੀ ਭਾਲੇ, ਦੋ ਅੱਖਾਂ। ਆਪਾਂ ਤਾਕੀ ਖੋਲ੍ਹ ਕੇ ਬੈਠ ਗਏ। ਬਾਈ ਨਾਜ਼ਰ ਸਿੰਘ ਨੇ ਆਪਣੇ ਪਰਿਵਾਰ ਨਾਲ ਮੇਰੀ ਜਾਣ ਪਛਾਣ ਕਰਵਾਈ, “ਇਹ ਸ੍ਰੀ ਦਰਸ਼ਨ ਸਿੰਘ ਭੰਮੇ ਨੇ, ਮੇਰੇ ਆੜੀ ਨੇ।” ਤੇ ਆਪਣੇ ਪਰਿਵਾਰ ਬਾਰੇ ਮੈਂਨੂੰ ਦੱਸਣ ਲੱਗਿਆ, “ਬਾਈ ਇਹ ਮੇਰੇ ਮੈਡਮ ਨੇ, ਨਾਲ ਬੇਟਾ ਬੇਟੀ ਤੇ ਨਾਲ ਵਾਲਾ ਆਪਣਾ ਭਾਣਜਾ। ਭਾਣਜਾ ਸਾਨੂੰ ਮਿਲਣ ਆਇਆ ਸੀ, ਮੈਂ ਕਿਹਾ ਚੱਲ ਸਾਡੇ ਨਾਲ ਹੀ। ਨਾਲੇ ਇਹ ਖਾ ਪੀ ਆਵੇਗਾ, ਨਾਲੇ ਤੁਰ ਫਿਰ ਆਵੇਗਾ। ਨਾਲੇ ਬਾਈ ਜੀ, ਜਦੋਂ ਪੰਜ ਸੌ ਤਾਂ ਦੇਣਾ ਹੀ ਹੈ, ਫਿਰ ਜੁਆਕ ਤਾਂ ਕੁੱਖਾਂ ਕੱਢ ਲੈਣ। ... ਤੇ ਤੁਸੀਂ ਕਿਵੇ ’ਕੱਲੇ ਹੀ ਚੱਲੇ ਹੋ?”

ਮੈਂ ਕਿਹਾ, “ਅਸੀਂ ਤਾਂ ਹਰ ਪਰਾਟੀ ’ਤੇ ਇੱਕ ਜਾਂ ਦੋ ਹੀ ਜਾਨੇ ਹਾਂ।”

ਗੱਲਾਂ ਕਰਦੇ ਕਰਦੇ ਅਸੀਂ ਪੈਲਸ ਪਹੁੰਚ ਗਏ।

ਸਾਡੇ ਜਾਣ ਤੋਂ ਪਹਿਲਾਂ ਬਰਾਤ ਆ ਗਈ ਸੀ। ਸਾਰੇ ਇੱਕ ਦੂਜੇ ਨੂੰ ਮਿਲ ਕੇ ਮੁਬਾਰਕਬਾਦ ਦੇ ਰਹੇ ਸਨ। ਅਸੀਂ ਵੀ ਗਿੱਲ ਸਾਹਿਬ ਨੂੰ ਮੁਬਾਰਕਾਂ ਦਿੱਤੀਆਂ। ਗਿੱਲ ਸਾਹਿਬ ਸਭ ਨੂੰ ਹੱਥ ਜੋੜ ਕੇ ਕਹਿ ਰਿਹਾ ਸੀ, “ਬਾਈ, ਚਾਹ ਪਾਣੀ ਪੀਓ।”

ਬਾਈ ਨਾਜ਼ਰ ਸਿੰਘ ਤੇ ਉਸਦਾ ਸਾਰਾ ਪਰਿਵਾਰ ਮੇਰੇ ਨਾਲ ਹੀ ਰਹੇ। ਬਾਈ ਨਾਜ਼ਰ ਸਿੰਘ ਆਪਣੇ ਬੱਚਿਆਂ ਨੂੰ ਕਹਿਣ ਲੱਗਾ, “ਸੰਗਣ ਦੀ ਕੋਈ ਲੋੜ ਨਹੀਂ, ਜੋ ਜੀਅ ਆਉਂਦਾ ਖਾਓ।”

ਸਾਰੇ ਪਲੇਟਾਂ ਭਰਕੇ ਪਾਸੇ ਹੋ ਕੇ ਖਾਣ ਲੱਗ ਪਏ ਤੇ ਬਾਈ ਨਾਜ਼ਰ ਵੀ ਪਲੇਟ ਭਰਕੇ ਮੇਰੇ ਨਾਲ ਖੜ੍ਹਕੇ ਖਾਣ ਲੱਗਾ। ਮੈਂਨੂੰ ਲੱਗਾ ਇਹ ਹੁਣ ਵੀ ਆਖੂ, “ਬਾਈ, ਜਦੋਂ ਪੰਜ ਸੌ ਦੇਣਾ ...”

ਉਹਨਾਂ ਜੋ ਖਾਣਾ ਸੀ, ਖਾਧਾ, ਬਾਕੀ ਡਸਟਬੀਨ ਦਾ ਸ਼ਿੰਗਾਰ ਬਣਾ ਦਿੱਤਾ। ਇਸ ਤੋਂ ਬਾਅਦ ਅਸੀਂ ਪੈਲਸ ਦੇ ਅੰਦਰ ਚਲੇ ਗਏ ਤੇ ਇੱਕੋ ਲਾਈਨ ਵਿਚ ਲੱਗੀਆਂ ਕੁਰਸੀਆਂ ਤੇ ਬੈਠ ਗਏ।

ਜਿਹੜਾ ਵੀ ਵੇਟਰ ਕੋਈ ਸਮਾਨ ਲੈ ਕੇ ਆਉਂਦਾ, ਬਾਈ ਜੀ ਉਸਦਾ ਪੂਰਾ ਅਨੰਦ ਲੈਂਦੇ। ਚੰਦ ਮਿੰਟਾਂ ਬਾਅਦ ਵਿਸਕੀ ਤੇ ਮੁਰਗਾ ਚਾਲੂ ਹੋ ਗਿਆ। ਬਾਈ ਹੋਰਾਂ ਉਸਦਾ ਵੀ ਪੂਰਾ ਅਨੰਦ ਲਿਆ। ਕੋਈ ਖਾਲੀ ਨਹੀਂ ਮੋੜਿਆ। ਸਭ ਤੋਂ ਕੁਝ ਨਾ ਕੁਝ ਜ਼ਰੂਰ ਲਿਆ। ਮੇਰੀ ਜਦੋਂ ਵੀ ਉਹਨਾਂ ਨਾਲ ਅੱਖ ਰਲਦੀ ਤਾਂ ਮੈਂਨੂੰ ਲੱਗਦਾ, ਬਾਈ ਆਖੂ, “ਭੰਮਿਆਂ, ਜਦੋਂ ਪੰਜ ਸੌ ਦੇਣਾ ...”

ਆਖਿਰ ਅਸੀਂ ਸਾਰਿਆਂ ਨੇ ਕੁੜੀ ਨੂੰ ਸਗਨ ਦਿੱਤਾ ਤੇ ਭੋਜਨ ਦੁਆਲੇ ਹੋ ਗਏ। ਬਾਈ ਜੀ ਤੇ ਉਹਨਾਂ ਦਾ ਪਰਿਵਾਰ ਵੀ ਆ ਗਿਆ। ਪਰ ਬਾਈ ਦੇ ਪੈਰ ਭਾਰ ਨਹੀਂ ਸੀ ਝੱਲਦੇ ਸੀ। ਉਸਦੀ ਮੈਡਮ ਨੇ ਬਾਈ ਨੂੰ ਪਾਸੇ ਪਏ ਮੇਜ਼ ਕੋਲ ਬਠਾ ਦਿੱਤਾ ਤੇ ਆਪ ਪਲੇਟ ਤਿਆਰ ਕਰਕੇ ਕੋਲ ਹੀ ਬੈਠ ਗਈ। ਦੋਵਾਂ ਨੇ ਇਕੱਠਿਆਂ ਭੋਜਨ ਕੀਤਾ ਪਰ ਬਾਈ ਤੋਂ ਤਾਂ ਬੈਠਿਆ ਵੀ ਨਹੀਂ ਸੀ ਜਾਂਦਾ। ਉਸ ਨੇ ਸਬਜ਼ੀ ਵੀ ਕੱਪੜਿਆਂ ’ਤੇ ਲਾ ਲਈ। ਜਦੋਂ ਬਾਈ ਦੀ ਮੇਰੇ ਨਾਲ ਅੱਖ ਲੜੀ ਤਾਂ ਉਹ ਕਹਿਣ ਲੱਗਾ, “ਬਾਈ, ’ਕੱਠੇ ਆਏ ਹਾਂ, ’ਕੱਠੇ ਹੀ ਚੱਲਾਂਗੇ, ਬੱਸ ਇੱਕ ਕੱਪ ਕੁਲਫੀ ਖਾ ਲਈਏ, ... ਤੂੰ ਵੀ ਖਾ ਲੈ।”

ਮੈਂ ਕਿਹਾ, “ਬਾਈ, ਮੈਂ ਤਾਂ ਖਾ ਲਈ ਹੈ। ਮੈਂ ਬਾਹਰ ਕਾਰ ਕੋਲ ਜਾਂਦਾ ਹਾਂ, ਤੁਸੀਂ ਆ ਜਾਣਾ।”

ਮੈਂ ਗਿੱਲ ਸਾਹਿਬ ਨੂੰ ਮੁਬਾਰਕਾਂ ਦੇਣ ਲੱਗਾ ਤਾਂ ਉਹ ਹੱਥ ਜੋੜ ਕੇ ਕਹਿਣ ਲੱਗਾ, “ਜੇ ਖਾਣ ਪੀਣ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ ਕਰਨਾ, ਥੋਡਾ ਐਥੇ ਆਉਣ ਲਈ ਬਹੁਤ ਬਹੁਤ ਧੰਨਵਾਦ।”

ਮੈਂ ਅਜੇ ਕਾਰ ਕੋਲ ਜਾ ਕੇ ਖੜ੍ਹਾ ਹੀ ਸੀ ਕਿ ਬਾਈ ਨਾਜ਼ਰ ਸਿੰਘ ਦੀਆਂ ਬਾਹਾਂ ਫੜੀ ਉਸਦੇ ਬੱਚੇ ਲੈ ਕੇ ਆ ਰਹੇ ਸਨ।

ਬਾਈ ਜੀ ਤੋਂ ਸੁਆਰਕੇ ਬੋਲਿਆ ਵੀ ਨਹੀਂ ਸੀ ਜਾਂਦਾ। ਉਸ ਨੂੰ ਬੱਚਿਆਂ ਨੇ ਪਿਛਲੀ ਸੀਟ ’ਤੇ ਬਿਠਾ ਦਿੱਤਾ ਤੇ ਕਾਰ ਉਸਦਾ ਬੇਟਾ ਚਲਾਉਣ ਲੱਗ ਪਿਆ।

ਉਹ ਮੈਂਨੂੰ ਖੰਡਾ ਚੌਂਕ ਉਤਾਰ ਕੇ ਆਪਣੇ ਘਰ ਚਲੇ ਗਏ।

ਦੂਜੇ ਦਿਨ ਜਦ ਮੈਂ ਆਪਣੀ ਡਿਉਟੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੈਂਨੂੰ ਬਾਈ ਨਾਜ਼ਰ ਸਿੰਘ ਦਾ ਬੇਟਾ ਦੁਆਈਆਂ ਦੀ ਦੁਕਾਨ ਤੋਂ ਦੁਆਈ ਲੈਕੇ ਜਾਂਦਾ ਮਿਲਿਆ। ਮੈਂ ਪੁੱਛਿਆ, “ਬੇਟਾ, ਕੀ ਕੋਈ ਬਿਮਾਰ ਹੈ?”

ਉਹ ਬੋਲਿਆ, “ਅੰਕਲ, ਮੇਰੇ ਡੈਡੀ ਨੂੰ ਉਲਟੀਆਂ, ਟੱਟੀਆਂ ਲੱਗ ਗਈਆਂ। ਹੁਣ ਹਸਪਤਾਲ ਦਾਖਲ ਹੈ।”

ਮੈਂ ਉਸਦੇ ਮਗਰ ਹੀ ਬਾਈ ਦਾ ਪਤਾ ਲੈਣ ਚਲਾ ਗਿਆ। ਜਦੋਂ ਮੈਂ ਨਾਜ਼ਰ ਸਿੰਘ ਨੂੰ ਵੇਖਿਆ ਤਾਂ ਉਸਦੇ ਬੋਤਲ ਲੱਗੀ ਹੋਈ ਸੀ। ਉਸ ਕੋਲੋਂ ਬੋਲਿਆ ਬਿਲਕੁਲ ਨਹੀਂ ਸੀ ਜਾਂਦਾ। ਮੈਂਨੂੰ ਲੱਗਿਆ, ਬਾਈ ਹੁਣ ਵੀ ਆਖੂ, ਜਦੋਂ ਪੰਜ ਸੌ ਦੇਣਾ ...।

*****

(1108)

About the Author

ਦਰਸ਼ਨ ਸਿੰਘ ਭੰਮੇ

ਦਰਸ਼ਨ ਸਿੰਘ ਭੰਮੇ

Phone: (91 - 94630 - 23656)
Email: (darshansinghbhame)