PritmaDomail7ਕੀ ਦੱਸਾਂ ਤੈਨੂੰ ...” ਕਹਿੰਦੀ ਉਹ ਫਿਰ ਰੋਣ ਲੱਗ ਪਈ ...
(1 ਅਪਰੈਲ 2018)

 

ਡਿਪ੍ਰੈਸ਼ਨ ਸ਼ਬਦ ਤੁਹਾਡੇ ਅੰਦਰ ਕਈ ਤਰ੍ਹਾਂ ਦੀਆਂ ਡਰਾਉਣੀਆਂ ਭਾਵਨਾਵਾਂ ਭਰ ਦਿੰਦਾ ਹੈ। ਕਿਸੇ ਦੀ ਅਸਾਧਾਰਨ ਜਿਹੀ ਹਾਲਤ ਦੇਖ ਕੇ ਜੇ ਤੁਸੀਂ ਉਸ ਨੂੰ ਕਹੋ ਕਿ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵਿੱਚ ਜਾ ਰਹੇ ਹੋ, ਤਾਂ ਸੁਣ ਕੇ ਉਸ ਨੂੰ ਬਹੁਤ ਬੁਰਾ ਲੱਗੇਗਾ। ਕਈ ਵਾਰ ਉਹ ਤੁਹਾਡੇ ਗਲ ਪੈ ਜਾਵੇਗਾ, ਕੌੜਾ ਬੋਲੇਗਾ ਜਾਂ ਫਿਰ ਤੁਹਾਡੇ ਨਾਲ ਬੋਲਣਾ ਬੰਦ ਕਰ ਦੇਵੇਗਾ ਪਰ ਅੰਦਰੋਂ ਉਹ ਇਨਸਾਨ ਡਰ ਜ਼ਰੂਰ ਜਾਵੇਗਾ ਤੇ ਸੋਚਣ ਲੱਗ ਪਵੇਗਾ ਕਿ ਕੀ ਸੱਚਮੁੱਚ ਮੈਂ ਡਿਪ੍ਰੈਸ਼ਨ ਵਿੱਚ ਜਾ ਰਿਹਾ ਹਾਂ ਤਾਂ ਡਿਪ੍ਰੈਸ਼ਨ ਹੋਰੀਂ ਬਿਲਕੁਲ ਉਸ ਦੇ ਕੋਲ ਖੜ੍ਹੇ ਮੁਸਕਰਾ ਰਹੇ ਹੋਣਗੇ, ਕਿਉਂਕਿ ਇਸ ਦਾ ਅਸਲ ਵਿੱਚ ਵਜੂਦ ਹੀ ਕੋਈ ਨਹੀਂ ਹੈ। ਫਿਰ ਵੀ ਅਸੀਂ ਡਿਪ੍ਰੈਸ਼ਨ ਦੀ ਦੁਹਾਈ ਆਸੇ ਪਾਸੇ ਤੋਂ ਸੁਣਦੇ ਰਹਿੰਦੇ ਹਾਂ।

ਅੱਜ ਤੋਂ 40-50 ਸਾਲ ਪਹਿਲਾਂ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਕਦੇ ਨਾਂ ਨਹੀਂ ਸੁਣਿਆ ਸੀ। ਲੋਕ ਉਦੋਂ ਵੀ ਬਿਮਾਰ ਹੁੰਦੇ ਸਨ, ਬੁਖਾਰ ਚੜ੍ਹਦਾ ਸੀ, ਜਿਵੇਂ ਤੇਈਆ ਤਾਪ (ਮਲੇਰੀਆ), ਬਰੀਕ ਤਾਪ (ਟੀ ਬੀ) ਤੇ ਫਿਕਵਾਂ ਫੋੜਾ (ਕੈਂਸਰ), ਪਰ ਉਨ੍ਹਾਂ ਦੇ ਇਲਾਜ ਕਰਨ ਵਾਲੇ ਵੀ ਹੁੰਦੇ ਸਨ। ਕਈ ਡਾਕਟਰ ਜਾਂ ਹਕੀਮ ਮਰੀਜ਼ ਨੂੰ ਬਿਨਾਂ ਦੇਖੇ ਕਹਿ ਦਿੰਦੇ ਸਨ- ਭਾਈ ਮਰੀਜ਼ ਦਾ ਕਕੂਰਾ (ਪਿਸ਼ਾਬ) ਲੈ ਆਇਆ ਜੇ ਕੱਲ੍ਹ ਨੂੰ।ਪਤਾ ਨਹੀਂ ਉਨ੍ਹਾਂ ਕੋਲ ਕਿਹੜੀ ਅਜਿਹੀ ਟੈਸਟਿੰਗ ਮਸ਼ੀਨ ਹੁੰਦੀ ਸੀ ਕਿ ਅਗਲੇ ਦਿਨ ਜੋ ਵੀ ਦਵਾਈ ਦਿੰਦੇ, ਮਰੀਜ਼ ਦੋ ਚਾਰ ਦਿਨਾਂ ਅੰਦਰ ਠੀਕ ਹੋ ਜਾਂਦਾ ਸੀ। ਕੁਝ ਪਰਹੇਜ਼ ਵੀ ਦੱਸੇ ਜਾਂਦੇ ਸਨ, ਜਿਵੇਂ ਭਾਈ ਮਰੀਜ਼ ਨੂੰ ਕਹਿਣਾ ਕਿ ਜਦੋਂ ਤੱਕ ਬਿਮਾਰ ਹੈ ਲੱਸੀ ਨਾ ਪੀਵੇ, ਸਬਜ਼ੀ ਰੋਟੀ ਦੀ ਜਗ੍ਹਾ ਖਿਚੜੀ ਖਾਵੇ ਤਾਂ ਵੱਧ ਠੀਕ ਰਹੇਗਾ, ਪਰ ਖਿਚੜੀ ਵਿੱਚ ਕੜਛੀ ਭਰ ਕੇ ਘੀ ਨਾ ਪਾ ਲਵੇ।ਪਰਹੇਜ਼ ਭਾਵੇਂ ਅੱਜ ਵੀ ਡਾਕਟਰ ਕੁਝ ਅਜਿਹੇ ਹੀ ਦੱਸਦੇ ਹਨ, ਪਰ ਇਨ੍ਹਾਂ ਬੀਤੇ 40-50 ਸਾਲਾਂ ਵਿੱਚ ਹਕੀਮ ਤੋਂ ਡਾਕਟਰ ਬਣਨ ਦੇ ਸਫਰ ਨੇ ਕਿੰਨਾ ਕੁਝ ਗੁੰਝਲਦਾਰ ਲੋਕਾਂ ਦੀ ਝੋਲੀ ਪਾ ਦਿੱਤਾ ਹੈ, ਅਸੀਂ ਸਾਰੇ ਜਾਣਦੇ ਹਾਂ।

ਮੈਨੂੰ ਯਾਦ ਹੈ ਕਿ ਮੈਂ ਉਦੋਂ ਛੇ ਸੱਤ ਸਾਲ ਦੀ ਸੀ। ਮੇਰਾ ਗਭਲਾ ਚਾਚਾ ਬਿਮਾਰ ਹੋ ਗਿਆ। ਉਸ ਦੇ ਖਾਣ ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ। ਅਸੀਂ ਨਿਆਣੇ ਖਾਣ ਪੀਣ ਦੇ ਲਾਲਚ ਕਰਕੇ ਉਸ ਦੇ ਨੇੜੇ ਖੇਡਦੇ ਰਹਿੰਦੇ, ਕਿਉਂਕਿ ਉਹ ਸਾਨੂੰ ਵੀ ਇਕ ਅੱਧਾ ਕੇਲਾ ਜਾਂ ਸੰਤਰੇ ਦੀਆਂ ਇਕ ਦੋ ਫਾੜੀਆਂ ਦੇ ਦਿੰਦਾ ਸੀ। ਫਿਰ ਦਾਲ ਸਬਜ਼ੀ ਵੀ ਥਾਲੀ ਵਿੱਚ ਜੂਠੀ ਛੱਡ ਦਿੰਦਾ ਤੇ ਮੈਨੂੰ ਕਹਿੰਦਾ; ਲੈ ਖਾ ਲੈ। ਇਕ ਦਿਨ ਗੁਆਂਢ ਦੇ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਨੇ ਮੇਰੀ ਦਾਦੀ ਨੂੰ ਕਿਹਾ, ‘ਤਾਈ, ਤੁਸੀਂ ਨਿਆਣਿਆਂ ਨੂੰ ਬਾਈ ਦਾ ਜੂਠਾ ਨਾ ਖਾਣ ਦਿਆ ਕਰੋ। ਨਿਆਣਿਆਂ ਨੂੰ ਬਿਮਾਰੀਆਂ ਜਲਦੀ ਚੰਬੜਦੀਆਂ ਨੇ।

ਅੱਗੋਂ ਦਾਦੀ ਨੇ ਹੱਸ ਕੇ ਕਿਹਾ, ‘ਕਿਤੇ ਨਹੀਂ ਕੁਝ ਹੁੰਦਾ ਨਿਆਣਿਆਂ ਨੂੰ, ਬੱਸ ਇਹਨੂੰ ਚੰਦਰੇ ਨੂੰ ਨਿਆਣਿਆਂ ਦਾ ਮੋਹ ਆਉਂਦਾ ਹੈ।

ਸਮਾਂ ਆਪਣੀ ਚਾਲੇ ਤੁਰਦਾ ਰਿਹਾ। ਚਾਚਾ ਤਾਂ ਮਹੀਨੇ ਦੋ ਮਹੀਨੇ ਬਾਅਦ ਤੁਰ ਗਿਆ। ਮੈਂ ਵੱਡੀ ਹੋ ਗਈ। ਕਾਲਜ ਵਿੱਚ ਪੜ੍ਹਨ ਲੱਗ ਪਈ। ਉਦੋਂ ਮੈਨੂੰ ਪਤਾ ਲੱਗਾ ਕਿ ਚਾਚੇ ਨੂੰ ਟੀ ਬੀ ਸੀ, ਜੋ ਛੂਤ ਰੋਗ ਹੈ ਤੇ ਜੂਠਾ ਖਾਣ ਪੀਣ ਕਰ ਕੇ ਜਾਂ ਉਸ ਦੇ ਸਾਹਾਂ ਤੋਂ ਫੈਲਦੀ ਹੈ। ਮਨ ਵਿੱਚ ਵਹਿਮ ਪਿਆ। ਹਸਪਤਾਲ ਵਿੱਚੋਂ ਟੀ ਬੀ ਦਾ ਚੈੱਕਅੱਪ ਕਰਵਾਇਆ। ਠੀਕ ਸੀ। ਅਸੀਂ ਛੇ ਭੈਣ ਭਾਈ, ਚਾਰ ਬੱਚੇ ਛੋਟੇ ਚਾਚੇ ਦੇ, ਦੋ ਬਾਬੇ, ਦਾਦੀ, ਚਾਚੀ, ਚਾਚਾ, ਮੇਰੀ ਮਾਂ ਤੇ ਚਾਰ-ਚਾਰ ਮੇਰੀਆਂ ਭੂਆ ਤੇ ਉਨ੍ਹਾਂ ਦੇ ਬੱਚੇ, ਕਿਸੇ ਨੂੰ ਅੱਜ ਤੱਕ ਟੀ ਬੀ ਨਹੀਂ ਹੋਈ। ਕਹਿਣ ਦਾ ਮਤਲਬ ਇਹ ਨਹੀਂ ਕਿ ਪਰਹੇਜ਼ ਨਾ ਕੀਤਾ ਜਾਵੇ, ਪਰ ਇਸ ਤਰ੍ਹਾਂ ਦੇ ਪਰਹੇਜ਼ ਨੂੰ ਤੁਸੀਂ ਕੀ ਕਹੋਗੇ।

ਮੇਰੀ ਇਕ ਸਹੇਲੀ ਬਿਮਾਰ ਹੋ ਗਈ। ਕਈ ਦਿਨਾਂ ਤੋਂ ਉਸ ਨੂੰ ਬੁਖਾਰ ਚੜ੍ਹ ਰਿਹਾ ਸੀ। ਪਤਾ ਲੈਣ ਗਈ ਤਾਂ ਉਹ ਟੁੱਟ ਕੇ ਮੇਰੇ ਗਲ ਲੱਗੀ ਤੇ ਰੋਣੋਂ ਚੁੱਪ ਨਾ ਕਰੇ। ਮੈਂ ਕਿਹਾ, ‘ਕਿਉਂ ਘਬਰਾਉਂਦੀ ਏਂ, ਮੌਸਮੀ ਬੁਖਾਰ ਹੈ। ਅੱਜ ਕੱਲ੍ਹ ਸਭ ਨੂੰ ਹੋ ਰਿਹਾ ਹੈ। ਠੀਕ ਹੋ ਜਾਵੇਂਗੀ।

ਉਹ ਬੋਲੀ,ਮੈਂ ਠੀਕ ਨਹੀਂ ਹੋਣਾ।”

ਕਿਉਂ ਬਈ, ਤੂੰ ਠੀਕ ਕਿਉਂ ਨਹੀਂ ਹੋਣਾ? ਦੇਖਣ ਨੂੰ ਚੰਗੀ ਭਲੀ ਲੱਗਦੀ ਏਂ ਤੇ ਹੁਣ ਬੁਖਾਰ ਵੀ ਉੱਤਰਿਆ ਹੋਇਆ ਹੈ।” ਮੈਂ ਹੱਸ ਕੇ ਕਿਹਾ।

“ਕੀ ਦੱਸਾਂ ਤੈਨੂੰ ...” ਕਹਿੰਦੀ ਉਹ ਫਿਰ ਰੋਣ ਲੱਗ ਪਈ। ਜਿੱਦਣ ਦੀ ਬਿਮਾਰ ਹੋਈ ਹਾਂ, ਬਹੂ ਨੇ ਜਿਵੇਂ ਦੇਸ਼ ਨਿਕਾਲਾ ਦੇ ਦਿੱਤਾ ਹੈ। ਨਾ ਬੱਚਿਆਂ ਨੂੰ ਮੇਰੇ ਕੋਲ ਆਉਣ ਦਿੰਦੀ ਹੈ, ਨਾ ਆਪ ਆਉਂਦੀ ਹੈ ਤੇ ਨਾ ਮੇਰਾ ਬੇਟਾ। ਬਹੂ ਕਹਿੰਦੀ ਹੈ ਕਿ ਸਭ ਨੂੰ ਬਿਮਾਰੀ ਲੱਗ ਜਾਵੇਗੀ। ... ਰੋਟੀ ਮੇਰੀ ਦਰਵਾਜ਼ੇ ਤੋਂ ਬਾਹਰ ਰੱਖ ਦਿੰਦੀ ਹੈ। ਬੱਚਿਆਂ ਨੂੰ ਦੇਖਿਆਂ ਅੱਜ ਹਫਤਾ ਹੋ ਗਿਆ ਏ। ਕਿਸੇ ਨਾਲ ਬੋਲ ਨਹੀਂ ਸਕਦੀ। ਮੇਰੀ ਭੁੱਖ ਮਰ ਗਈ ਹੈ, ਨੀਂਦ ਉਡ ਗਈ ਹੈ। ਦੱਸ, ਮੈਂ ਠੀਕ ਸੁਆਹ ਹੋਣਾ ਹੈ। ਇੰਜ ’ਕੱਲੀ ਪਈ ਨੇ ਹੀ ਮਰ ਜਾਣੈ।”

ਪੁੱਠਾ ਸਿੱਧਾ ਬਹਾਨਾ ਮਾਰ ਕੇ ਮੈਂ ਉਸ ਸਹੇਲੀ ਨੂੰ ਆਪਣੇ ਘਰ ਲੈ ਆਈ, ਜਿੱਥੇ ਲੜਦੇ ਝਗੜਦੇ ਅਤੇ ਹੱਸਦੇ ਖੇਡਦੇ ਹਰ ਵੇਲੇ ਉਸ ਦੇ ਆਸ ਪਾਸ ਘੁੰਮਦੇ ਮੇਰੇ ਘਰ ਦੇ ਮੈਂਬਰ ਸਨਉਸ ਨਾਲ ਬੈਠ ਕੇ ਖਾਂਦੇ ਪੀਂਦੇ ਤੇ ਮੈਂ ਬਰਾਬਰ ਮੰਜਾ ਡਾਹ ਕੇ ਸੌਂਦੀ। ਉਸ ਨੂੰ ਖੁਆਉਂਦੀ ਪਿਆਉਂਦੀ ਤੇ ਸਮੇਂ ਸਿਰ ਦਵਾਈ ਦਿੰਦੀ।

ਤਿੰਨ ਚਾਰ ਦਿਨਾਂ ਵਿੱਚ ਠੀਕ ਹੋ ਕੇ ਉਹ ਆਪਣੇ ਘਰ ਚਲੀ ਗਈ।

ਹਾਂ ਸੱਚ, ਗੱਲ ਆਪਾਂ ਡਿਪ੍ਰੈਸ਼ਨ ਦੀ ਕਰ ਰਹੇ ਸਾਂ। ਇਹ ਕੋਈ ਬਿਮਾਰੀ ਨਹੀਂ, ਸਿਰਫ ਮਨ ਦੀਆਂ ਨਾਜ਼ੁਕ ਪਰਤਾਂ ਵਿੱਚੋਂ ਕਿਸੇ ਇਕ ਦੀ ਮਰਜ਼ੀ ਖਿਲਾਫ ਕੁਝ ਹੋਣ ਜਾਂ ਉਸ ਪਰਤ ਤੇ ਕੋਈ ਗਹਿਰੀ ਸੱਟ ਲੱਗਣ ਤੇ ਵਾਪਰ ਜਾਂਦੀ ਹੈ। ਮੈਂ ਤੁਹਾਨੂੰ ਆਪਣੇ ਨਾਲ ਬੀਤੀ ਤਾਜ਼ੀ ਇਕ ਘਟਨਾ ਦਾ ਜ਼ਿਕਰ ਕਰਦੀ ਹਾਂ ਜੋ ਡਿਪ੍ਰੈਸ਼ਨ ਨਾਲ ਸਿੱਧਾ ਸਬੰਧ ਰੱਖਦੀ ਹੈ। ਦੋ ਕੁ ਮਹੀਨੇ ਪਹਿਲਾਂ ਮੇਰੀ ਇਕ ਕਹਾਣੀ ਛਪੀ ਸੀ, ਜੋ ਡਿਪ੍ਰੈਸ਼ਨ ਬਾਬਤ ਹੀ ਸੀ। ਮੈਂ ਉਸ ਤੇ ਬੜੀ ਮਿਹਨਤ ਕੀਤੀ ਸੀ। ਕਈ ਰੋਗੀਆਂ ਨੂੰ ਮਿਲ ਕੇ ਉਨ੍ਹਾਂ ਦੇ ਹਾਲਾਤ ਤੋਂ ਜਾਣੂ ਹੋਈ ਸਾਂ। ਉਨ੍ਹਾਂ ਦੇ ਮਾਤਾ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਮੈਂ ਮਿਲੀ। ਮੈਨੂੰ ਇਸ ਗੱਲ ਦਾ ਫਖਰ ਹੈ ਕਿ ਇਸ ਤੋਂ ਪਹਿਲਾਂ ਮੇਰੀਆਂ ਜਿੰਨੀਆਂ ਵੀ ਕਹਾਣੀਆਂ ਛਪੀਆਂ, ਪਾਠਕਾਂ ਦੇ ਫੋਨ ਆਉਂਦੇ ਹਨ ਤੇ ਬਾਅਦ ਦੇ 10-15 ਦਿਨਾਂ ਵਿੱਚ ਵੀ ਦੋ ਚਾਰ ਦਿਨ ਵਿੱਚ ਫੋਨ ਆ ਜਾਂਦੇ ਹਨ, ਪਰ ਇਸ ਕਹਾਣੀ ਲਈ ਕੋਈ ਫੋਨ ਨਾ ਆਇਆ। ਅੱਠ ਵੱਜ ਗਏ, ਨੌਂ ਵੱਜੇ ਤੇ ਫਿਰ ਦਸ। ਮੈਂ ਉਦੋਂ ਕਿਸੇ ਦੂਸਰੀ ਸਟੇਟ ਵਿੱਚ ਸਾਂ, ਜਿੱਥੇ ਪੰਜਾਬੀ ਦੇ ਅਖਬਾਰ ਛਪਦੇ ਹੀ ਨਹੀਂ। ਕਿਸੇ ਜਾਣਕਾਰ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਕਹਾਣੀ ਛਪ ਗਈ ਹੈ। ਫਿਰ ਇਹ ਕੀ ਹੋਇਆ, ਮਤਲਬ ਸਾਫ ਸੀ। ਕਹਾਣੀ ਲੋਕਾਂ ਨੂੰ ਪਸੰਦ ਨਹੀਂ ਆਈ। ਅਜਿਹੀ ਕਹਾਣੀ ਮੈਂ ਪਹਿਲੀ ਵਾਰ ਲਿਖੀ ਸੀ। ਹੁਣ ਮਨ ਦਾ ਕੀ ਹੈ, ਮੰਦਾ ਸੋਚਣਾ ਸ਼ੁਰੂ ਕਰ ਦਿੰਦਾ ਹੈ। ਸੋਚ-ਸੋਚ ਕੇ ਭੁੱਖ ਮਰ ਗਈ। ਜਾਪਿਆ ਡਿਪ੍ਰੈਸ਼ਨ ਸ਼ਾਇਦ ਇਸੇ ਨੂੰ ਕਹਿੰਦੇ ਹਨ।

ਢਾਈ ਕੁ ਵਜੇ ਕਿਸੇ ਦਾ ਫੋਨ ਆਇਆ, “ਮੈਡਮ ਉਸ ਭਲੇਮਾਣਸ ਨੂੰ ਫੋਨ ਕਰਕੇ ਆਪਣਾ ਸਹੀ ਨੰਬਰ ਦੇ ਦਿਉ ਜਿਹੜਾ ਸਵੇਰ ਦਾ ਤੁਹਾਡੀ ਕਹਾਣੀ ਲਈ ਆਏ ਫੋਨਾਂ ਨੂੰ ਸੁਣਦਾ-ਸੁਣਦਾ ਥੱਕ ਚੁੱਕਾ ਹੈ।”

ਮੇਰੀਆਂ ਅੱਖਾਂ ਜਿਵੇਂ ਝਪਾਕ ਦੇ ਕੇ ਖੁੱਲ੍ਹ ਗਈਆਂ। ਪ੍ਰੈੱਸ ਵਾਲਿਆਂ ਨੇ ਮੇਰੇ ਮੋਬਾਈਲ ਦੇ 10 ਹਿੰਦਸਿਆਂ ਵਿੱਚੋਂ ਕਿਸੇ ਇੱਕ ਹਿੰਦਸੇ ਨੂੰ ਬਦਲ ਦਿੱਤਾ ਸੀ। ਮੈਂ ਉਸ ਭਾਈ ਸਾਹਿਬ ਨੂੰ ਫੋਨ ਕਰਕੇ ਆਪਣਾ ਸਹੀ ਨੰਬਰ ਦੱਸਿਆ ਤੇ ਆਉਣ ਵਾਲੇ ਫੋਨਾਂ ਨੂੰ ਆਪਣਾ ਸਹੀ ਨੰਬਰ ਦੇਣ ਲਈ ਕਿਹਾ ਤੇ ਨਾਲੇ ਉਸ ਦੀ ਹਿੰਮਤ ਨੂੰ ਸਲਾਮ ਕੀਤਾ ਜੋ ਉਸ ਨੇ ਆਪਣਾ ਫੋਨ ਬੰਦ ਨਹੀਂ ਕੀਤਾ। ਉਹ ਪਟਿਆਲੇ ਦਾ ਕੋਈ ਨੌਕਰੀ ਕਰਨ ਵਾਲਾ ਨੌਜਵਾਨ ਸੀ। ਉਸ ਨੇ ਹੱਸ ਕੇ ਕਿਹਾ, ਚੱਲੋ ਹੁਣ ਮੈਨੂੰ ਤੁਹਾਡੇ ਵੱਲ ਆਉਣ ਵਾਲੇ ਫੋਨਾਂ ਤੋਂ ਛੁੱਟੀ ਮਿਲ ਜਾਵੇਗੀ ਤੇ ਵਿਹਲਾ ਹੋ ਕੇ ਬਾਜ਼ਾਰ ਜਾ ਕੇ ਤੁਹਾਡੀ ਕਹਾਣੀ ਵਾਲਾ ਅਖਬਾਰ ਲੈ ਕੇ ਆਉਂਦਾ ਹਾਂ।”

ਹੁਣ ਜਦ ਪਾਠਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਤਾਂ ਪਰੇਸ਼ਾਨੀ ਗਾਇਬ ਤੇ ਬਿੱਲੀ ਦੇ ਨਵੇਂ ਜਨਮੇ ਬਲੂੰਗੜੇ ਵਰਗੇ ਡਿਪ੍ਰੈਸ਼ਨ ਹੋਰੀਂ ਪਤਾ ਨਹੀਂ ਕਿੱਥੇ ਜਾ ਛੁਪੇ ਸਨ।

*****

(1089)

About the Author

ਪ੍ਰੀਤਮਾ ਦੋਮੇਲ

ਪ੍ਰੀਤਮਾ ਦੋਮੇਲ

Phone: (91 - 99881 - 52523)