AmritAdlakha7ਇਕ ਦਿਨ ਸ਼ਾਮ ਵੇਲੇ ਮੈਂ ਉੱਥੋਂ ਲੰਘਦਿਆਂ ਇਕ ਬੰਦੇ ਦੇ ਮੰਜੇ ’ਤੇ ਬਹਿ ਗਿਆ ...
(31 ਮਾਰਚ 2018)

 

ਸਿਹਤ ਵਿਭਾਗ ਵਿਚ ਸਰਕਾਰੀ ਨੌਕਰੀ ਕਰਦਿਆਂ ਜੇ ਤੁਸੀਂ ਐੱਮਬੀਬੀਐੱਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਬਾਅਦ ਕਰਨਾ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਦੋ ਤਿੰਨ ਸਾਲ ਪਿੰਡਾਂ ਵਿਚ ਸਰਵਿਸ ਕੀਤੀ ਹੋਵੇ। ਇਸੇ ਗੱਲ ਨੂੰ ਮੁੱਖ ਰੱਖਦਿਆਂ ਮੇਰੀ ਪਹਿਲੀ ਨਿਯੁਕਤੀ ਕੇਨਾਲ ਡਿਸਪੈਂਸਰੀ ਤਾਜੇਵਾਲਾ ਹੈੱਡ ਵਰਕਸ ’ਤੇ ਹੋਈ। ਤਾਜੇਵਾਲਾ ਯਮੁਨਾ ਨਗਰ ਤੇ ਪਾਉਂਟਾ ਸਾਹਿਬ ਦੀ ਸੜਕ ’ਤੇ ਅੱਧ ਵਿਚਕਾਰ ਹੈਡਿਸਪੈਂਸਰੀ ਦਰਿਆ ਦੇ ਕੰਢੇ ’ਤੇ ਸੀ ਤੇ ਆਸ ਪਾਸ ਦਰਿਆ, ਨਹਿਰਾਂ, ਪਹਾੜ ਦਿਸਦੇ ਸਨਬਹੁਤ ਹੀ ਮਨਮੋਹਕ ਨਜ਼ਾਰਾ ਸੀ। ਜਦੋਂ ਛੁੱਟੀ ਹੁੰਦੀ ਸੀ ਤਾਂ ਮੈਂ ਪਾਉਂਟਾ ਸਾਹਿਬ ਅਤੇ ਕਲੇਸਰ ਦੇ ਜੰਗਲਾਂ ਦੀ ਸੈਰ ਨੂੰ ਨਿਕਲ ਜਾਂਦਾ ਸੀ। ਕਲੇਸਰ ਜੰਗਲ ਅੱਜਕੱਲ ਜੰਗਲੀ ਜਾਨਵਰਾਂ ਦੀ ਰਾਖਵੀਂ ਥਾਂ ਬਣਿਆ ਹੋਇਆ ਹੈ।

ਇਕ ਦਿਨ ਮੈਂ ਮਰੀਜ਼ ਵੇਖ ਰਿਹਾ ਸੀ ਕਿ ਇਕ ਆਦਮੀ ਇਕ ਨਿੱਕੇ ਜਿਹੇ ਕੁੱਤੇ ਨੂੰ ਝੋਲੀ ਚੁੱਕੀ ਆ ਰਿਹਾ ਸੀ ਤੇ ਮੈਨੂੰ ਕਹਿਣ ਲੱਗਾ ਕਿ ਇਹ ਕੁੱਤਾ ਸਾਡੇ ਐਕਸੀਅਨ ਸਾਹਿਬ ਦਾ ਹੈ ਅਤੇ ਇਸ ਦਾ ਪੇਟ ਖਰਾਬ ਹੈ। ਇਸ ਦਾ ਇਲਾਜ ਕਰ ਦਿਉ। ਮੈਨੂੰ ਕੁਝ ਕੁਝ ਆਈਡੀਆ ਸੀ ਕਿ ਜਾਨਵਰਾਂ ਤੇ ਬੰਦਿਆਂ ਦੀਆਂ ਦਵਾਈਆਂ ਨੇੜੇ ਤੇੜੇ ਜਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਸਿਰਫ ਦਵਾਈ ਦੀ ਮਿਕਦਾਰ ਦਾ ਫਰਕ ਹੁੰਦਾ ਹੈ। ਮੈਂ ਕੁੱਤੇ ਵਾਸਤੇ ਦਵਾ ਦੇ ਦਿੱਤੀ ਅਤੇ ਸ਼ਾਮ ਤਕ ਕੁੱਤਾ ਠੀਕ ਹੋ ਗਿਆ। ਕੁਝ ਦਿਨ ਬੀਤੇ ਇਕ ਹੋਰ ਬੰਦਾ ਕੁੱਤਾ ਲੈ ਕੇ ਇਲਾਜ ਵਾਸਤੇ ਆ ਗਿਆ। ਮੈਂ ਸ਼ਸ਼ੋਪੰਜ ਵਿਚ ਪੈ ਗਿਆ ਕਿ ਜੇ ਇਸ ਕੁੱਤੇ ਦਾ ਵੀ ਇਲਾਜ ਮੈਂ ਕਰ ਦਿੱਤਾ, ਤੇ ਇਹ ਠੀਕ ਹੋ ਗਿਆ, ਤਾਂ ਮੇਰੇ ਹਸਪਤਾਲ ਵਿਚ ਕੁੱਤੇ ਬਿਲੀਆਂ ਤੇ ਹੋਰ ਡੰਗਰ ਆਇਆ ਕਰਨਗੇ ਅਤੇ ਮੈਂ ਬੰਦਿਆਂ ਦਾ ਡਾਕਟਰ ਘੱਟ ਅਤੇ ਜਾਨਵਰਾਂ ਦਾ ਡਾਕਟਰ ਜ਼ਿਆਦਾ ਬਣ ਜਾਵਾਂਗਾ। ਪਰ ਜਾਨ ਫਿਰ ਵੀ ਜਾਨ ਹੁੰਦੀ ਹੈ, ਭਾਵੇਂ ਬੰਦੇ ਦੀ ਹੋਵੇ ਜਾਂ ਜਾਨਵਰ ਦੀ। ਮੈਂ ਉਸ ਬੰਦੇ ਕੋਲੋਂ ਇਹ ਵਾਅਦਾ ਲਿਆ ਕਿ ਉਹ ਹੋਰ ਕਿਸੇ ਨੂੰ ਨਹੀਂ ਦੱਸੇਗਾ ਕਿ ਮੈਂ ਕੁੱਤੇ ਦਾ ਇਲਾਜ ਕੀਤਾ ਹੈ ਅਤੇ ਨਾ ਹੀ ਕੋਈ ਜਾਨਵਰ ਮੇਰੇ ਵੱਲ ਘੱਲੇਗਾ ਇਲਾਜ ਵਾਸਤੇ। ਇਹ ਵਾਅਦਾ ਲੈ ਕੇ ਮੈਂ ਉਸ ਨੂੰ ਦਵਾਈ ਲਿਖ ਦਿੱਤੀ।

ਯਮੁਨਾ ਦਰਿਆ ਦੇ ਪਾਰ ਯੂਪੀ ਦੇ ਪਿੰਡ ਲਗਦੇ ਸਨਜਦੋਂ ਦਰਿਆ ਵਿਚ ਪਾਣੀ ਘੱਟ ਹੁੰਦਾ, ਦਰਿਆਓਂ ਪਾਰ ਦੇ ਪਿੰਡਾਂ ਦੇ ਲੋਕ ਵੀ ਮੇਰੀ ਡਿਸਪੈਂਸਰੀ ਵਿਚ ਦਵਾਈ ਲੈਣ ਆ ਜਾਂਦੇ ਸਨ ਕਿਉਂਕਿ ਇਹ ਡਿਸਪੈਂਸਰੀ ਆਮ ਪਬਲਿਕ ਵਾਸਤੇ ਵੀ ਖੁੱਲ੍ਹੀ ਸੀ। ਇਕ ਦਿਨ ਇਕ ਮੁਸਲਮਾਨ ਔਰਤ ਦਵਾ ਲੈਣ ਆਈ ਅਤੇ ਉਰਦੂ ਵਿਚ ਆਖਣ ਲੱਗੀ, “ਡਾਕਟਰ ਸਾਹਿਬ, ਹਮਨੇ ਆਪਕੀ ਰੁਸਵਾਈ (ਬਦਨਾਮੀ) ਬਹੁਤ ਸੁਣੀ ਹੈ। ਇਸ ਲਈ ਆਪਕੇ ਪਾਸ ਇਲਾਜ ਕੇ ਲਈ ਆਈ ਹੂੰਕੋਈ ਅੱਛੀ ਦਵਾ ਦੇ ਕੇ ਰਾਜੀ ਕਰ ਦੋ ਮੇਰਾ ਤਾਂ ਰੰਗ ਉੱਡ ਗਿਆ ਕਿ ਮੈਂ ਕਿਹੜੀ ਇਹੋ ਜਿਹੀ ਹਰਕਤ ਕਰ ਬੈਠਾ ਹਾਂ, ਜਿਸ ਕਰਕੇ ਮੇਰੀ ਦੂਰ ਦੂਰ ਤਕ ਰੁਸਵਾਈ ਹੋ ਗਈ ਹੈ। ਮੈਂ ਵੀ ਉਸ ਨੂੰ ਉਰਦੂ ਵਿਚ ਪੁੱਛਿਆ, “ਮੋਹਤਰਮਾ, ਯਹ ਬਤਾਓ ਕਿ ਮੈਨੇ ਐਸਾ ਕਯਾ ਕੀਆ ਹੈ, ਜਿਸ ਕੀ ਵਜ੍ਹਾ ਸੇ ਮੇਰੀ ਦੂਰ ਦੂਰ ਤਕ ਰੁਸਵਾਈ ਹੋ ਗਈ ਹੈ?”

ਉਹ ਕਹਿਣ ਲੱਗੀ ਕਿ ਡਾਕਟਰ ਸਾਹਿਬ, ਆਪਕੇ ਇਲਾਜ ਸੇ ਹਮਾਰੇ ਇਲਾਕੇ ਕੇ ਕਈ ਮਰੀਜ਼ ਠੀਕ ਹੋ ਗਏ ਹੈਂ, ਇਸ ਲਈ ਆਪਕੀ ਰੁਸਵਾਈ ਫੈਲ ਗਈ ਹੈ। ਮੈਂ ਸਮਝ ਗਿਆ ਕਿ ਇਹ ਔਰਤ ਕਹਿਣਾ ਤਾਂ ਲਫਜ਼ ਮਸ਼ਹੂਰੀ ਚਾਹੁੰਦੀ ਹੈ ਪਰ ਗਲਤੀ ਨਾਲ ਉਸ ਦਾ ਉਲਟਾ ਲਫਜ਼ ਰੁਸਵਾਈ ਕਹਿ ਰਹੀ ਹੈ ਤੇ ਮੈਂ ਉਸ ਨੂੰ ਦਵਾਈ ਦੇ ਕੇ ਤੋਰ ਦਿੱਤਾ।

ਤਾਜੇਵਾਲਾ ਤੋਂ ਇਕ ਸਾਲ ਬਾਅਦ 1965 ਵਿਚ ਮੇਰੀ ਬਦਲੀ ਕਰਨਾਲ ਦੇ ਨੇੜੇ ਇਕ ਮਸ਼ਹੂਰ ਕਸਬਾ ਤਰਾਵੜੀ ਵਿਚ ਹੋਈ, ਜਿਹੜਾ ਕਿ ਇਕ ਬਹੁਤ ਹੀ ਵੱਡੀ ਚਾਵਲਾਂ ਦੀ ਮੰਡੀ ਹੈ ਅਤੇ ਉੱਥੇ ਰੇਲਵੇ ਸਟੇਸ਼ਨ ਵੀ ਹੈ। ਦੋ ਕਮਰਿਆਂ ਦੀ ਡਿਸਪੈਂਸਰੀ ਪਿੰਡ ਵਿੱਚ ਬਣੀ ਹੋਈ ਸੀ। ਵਿੱਚੇ ਹੀ ਡਾਕਟਰ ਅਤੇ ਕੰਪਾਊਂਡਰ ਦੇ ਕੁਆਟਰ ਸਨ। ਕੋਈ ਵਾਰਡ ਨਹੀਂ ਸੀ, ਇਸ ਕਰਕੇ ਮਰੀਜ਼ਾਂ ਨੂੰ ਦਾਖਲ ਕਰਕੇ ਇਲਾਜ ਨਹੀਂ ਸੀ ਹੋ ਸਕਦਾਪਿੰਡ ਦੇ ਲੋਕ ਬੜੇ ਚੰਗੇ ਸਨ। ਡਿਸਪੈਂਸਰੀ ਵਿਚ ਵਾਰਡ ਦੀ ਘਾਟ ਬਾਰੇ ਮੈਂ ਉੱਥੋਂ ਦੇ ਇਕ ਵੱਡੇ ਵਪਾਰੀ ਨਾਲ ਗੱਲ ਕੀਤੀ ਉਸ ਨੇ ਡਿਸਪੈਂਸਰੀ ਵਿਚ ਵਾਰਡ ਬਣਾ ਦਿੱਤਾ, ਨਾਲ ਹੀ ਮਰੀਜ਼ਾਂ ਦੇ ਵਾਸਤੇ ਬਾਥਰੂਮ ਵੀ ਹੈ ਪਾਣੀ ਲਈ ਇਕ ਬੰਬੀ ਵੀ ਲਵਾ ਦਿੱਤੀ ਅਤੇ ਇਸ ਤਰ੍ਹਾਂ ਕੁਆਟਰਾਂ ਦੇ ਬਾਥਰੂਮ ਵਿਚ ਵੀ ਪਾਣੀ ਦਾ ਬੰਦਬੋਸਤ ਹੋ ਗਿਆ।

ਇਹ ਸਾਰਾ ਕੰਮ ਕੁਝ ਹੀ ਮਹੀਨਿਆਂ ਵਿਚ ਹੋ ਗਿਆ। ਨਾ ਕੋਈ ਨਕਸ਼ਾ, ਨਾ ਵਿਖਾਵਾ, ਨਾ ਹੀ ਫੀਤੇ ਕੱਟਣ ਦੀ ਰਸਮ। ਅਤੇ ਮਰੀਜ਼ਾਂ ਦੇ ਦਾਖਲੇ ਸ਼ੁਰੂ ਹੋ ਗਏ। ਵਾਰਡ ਤਕਰੀਬਨ ਭਰਿਆ ਰਹਿੰਦਾ ਸੀ। ਡਿਸਪੈਂਸਰੀ ਵਿੱਚੋਂ ਨਿਕਲਦਿਆਂ ਹੀ ਇਕ ਮੁਹੱਲਾ ਆਉਂਦਾ ਸੀ, ਜਿਸ ਵਿਚ ਤਰਖਾਣ ਰਹਿੰਦੇ ਸਨ। ਗਲੀ ਦੇ ਦੋਵੇਂ ਪਾਸੇ ਮਕਾਨ ਬਣੇ ਸਨ। ਅਤੇ ਗਲੀ ਦੇ ਐਨ ਵਿਚਕਾਰ ਇਕ ਨਾਲੀ ਵਗਦੀ ਸੀ। ਲੋਕੀਂ ਸ਼ਾਮ ਨੂੰ ਘਰ ਦੇ ਬਾਹਰ ਗਲੀ ਵਿਚ ਮੰਜੇ ਡਾਹ ਕੇ ਇਕ ਦੂਜੇ ਨਾਲ ਗੱਪ-ਸ਼ੱਪ ਮਾਰਦੇ ਰਹਿੰਦੇ ਸਨ। ਪਰ ਉਸ ਗਲੀ ਦੇ ਬੱਚੇ ਆਮ ਤੌਰ ’ਤੇ ਬਿਮਾਰ ਰਹਿੰਦੇ ਉਹ ਨਾਲੀ ਵਗਣ ਨਾਲ ਬਿਮਾਰੀਆਂ ਪੈਦਾ ਕਰਦੀ ਸੀ ਅਤੇ ਮੀਂਹ ਨਾਲ ਹੋਰ ਵੀ ਬੁਰਾ ਹਾਲ ਹੋ ਜਾਂਦਾ ਸੀ।

ਇਕ ਦਿਨ ਸ਼ਾਮ ਵੇਲੇ ਮੈਂ ਉੱਥੋਂ ਲੰਘਦਿਆਂ ਇਕ ਬੰਦੇ ਦੇ ਮੰਜੇ ’ਤੇ ਬਹਿ ਗਿਆ। ਉਹ ਬੜਾ ਖੁਸ਼ ਹੋਇਆ ਅਤੇ ਮੇਰਾ ਹਾਲ ਚਾਲ ਪੁੱਛਣ ਲੱਗਾ। ਕੁਝ ਹੋਰ ਲੋਕ ਵੀ ਆ ਕੇ ਬਹਿ ਗਏ। ਮੈਂ ਉਨ੍ਹਾਂ ਦਾ ਧਿਆਨ ਗਲੀ ਵਿਚਕਾਰ ਵਗਦੀ ਵੱਲ ਦਿਵਾਇਆ ਅਤੇ ਦੱਸਿਆ ਕਿ ਇਹ ਉਨ੍ਹਾਂ ਦੇ ਬੱਚਿਆਂ ਦੀ ਬੀਮਾਰੀ ਦੀ ਜੜ੍ਹ ਹੈ। ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਗਲੀ ਨੂੰ ਪੱਕਾ ਕਰ ਲਿਆ ਜਾਵੇ। ਉਨ੍ਹਾਂ ਇਕ ਵਾਰੀ ਵੀ ਨਹੀਂ ਆਖਿਆ ਕਿ ਇਹ ਕੰਮ ਸਰਕਾਰ ਜਾਂ ਪੰਚਾਇਤ ਦਾ ਹੈ ਅਤੇ ਥੋੜ੍ਹੇ ਦਿਨਾਂ ਵਿਚ ਹੀ ਉਨ੍ਹਾਂ ਨੇ ਰਲ ਮਿਲ ਕੇ ਇੱਟਾਂ ਮੰਗਵਾ ਕੇ ਗਲੀ ਪੱਕੀ ਕਰ ਲਈ ਅਤੇ ਦੋਵਾਂ ਕਿਨਾਰਿਆਂ ’ਤੇ ਪੱਕੀਆਂ ਨਾਲੀਆਂ ਬਣਾ ਦਿੱਤੀਆਂ ਅਤੇ ਮੇਰੀ ਡਿਸਪੈਂਸਰੀ ਦਾ ਵਿਹੜਾ, ਜੋ ਕੱਚਾ ਸੀ, ਉਹ ਵੀ ਪੱਕਾ ਕਰ ਦਿੱਤਾ।

ਇਕ ਵਾਰੀ ਡਿਸਪੈਂਸਰੀ ਦੇ ਕੰਪਾਊਡਰ ਦੀ ਬਦਲੀ ਕਿਸੇ ਹੋਰ ਥਾਂ ਹੋ ਗਈ ਅਤੇ ਮੇਰੇ ਵਾਸਤੇ ਮੁਸ਼ਕਿਲ ਹੋ ਗਈ ਕਿਉਂ ਜੋ ਨਵੇਂ ਨਵੇਂ ਡਾਕਟਰ ਨਾਲੋਂ ਕੰਪਾਊਡਰ ਦਾ ਤਜ਼ਰਬਾ ਜ਼ਿਆਦਾ ਹੁੰਦਾ ਹੈ ਅਤੇ ਅਸੀਂ ਕਈ ਗੱਲਾਂ ਤਜ਼ਰਬੇਕਾਰ ਕੰਪਾਊਡਰ ਕੋਲੋਂ ਸਿੱਖਦੇ ਹਾਂ। ਮੈਂ ਉੱਥੋਂ ਦੇ ਸਰਪੰਚ ਨੂੰ ਮਿਲਿਆ ਅਤੇ ਕਿਹਾ ਕਿ ਕੰਪਾਊਡਰ ਦੀ ਬਦਲੀ ਰੁਕਵਾ ਦਿੱਤੀ ਜਾਵੇ। ਉਹ ਅਗਲੇ ਦਿਨ ਹੀ ਬੱਸ ਫੜ ਕੇ ਇਕ ਡੈਪੂਟੇਸ਼ਨ ਲੈ ਕੇ ਚੰਡੀਗੜ੍ਹ ਚਲਾ ਗਿਆ ਅਤੇ ਸ਼ਾਮ ਨੂੰ ਬਦਲੀ ਰੁਕਣ ਦੇ ਆਡਰ ਮੇਰੇ ਹੱਥ ਵਿਚ ਫੜਾ ਦਿੱਤੇ। ਮੈਂ ਉਨ੍ਹਾਂ ਨੂੰ ਆਉਣ ਜਾਣ ਦੇ ਖਰਚ ਲਈ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਲੈਣ ਤੋਂ ਇਨਕਾਰ ਕਰ ਦਿੱਤਾ।

ਰਾਵੜੀ ਵਿਚ ਪਟਿਆਲਾ ਦੇ ਇਕ ਅੱਖਾਂ ਦੇ ਮਸ਼ਹੂਰ ਡਾਕਟਰ ਸੋਹਣ ਲਾਲ ਸ਼ਰਮਾ ਨੂੰ ਬੁਲਾ ਕੇ ਅੱਖਾਂ ਦਾ ਓਪਰੇਸ਼ਨ ਦਾ ਫਰੀ ਕੈਂਪ ਲਗਵਾਇਆ। ਕੋਈ 20-25 ਅਪਰੇਸ਼ਨ ਹੋਏ। ਸਾਰਾ ਹਸਪਤਾਲ ਮਰੀਜ਼ਾਂ ਨਾਲ ਭਰ ਗਿਆ। ਉਨ੍ਹਾਂ ਦਿਨਾਂ ਵਿਚ ਰੋਗੀ ਨੂੰ ਸੱਤ ਦਿਨ ਤਕ ਮੰਜੇ ਤੋਂ ਹਿਲਣ ਨਹੀਂ ਦਿੰਦੇ ਸਨ। ਅੱਜ ਵਰਗਾ ਨਹੀਂ ਕਿ ਅਪਰੇਸ਼ਨ ਕਰਕੇ ਘਰ ਭੇਜ ਦਿੱਤਾ ਜਾਂਦਾ ਹੈ। ਕੈਂਪ ਮੁੱਕ ਗਿਆ। ਮਰੀਜ਼ ਰਾਜ਼ੀ ਹੋ ਕੇ ਆਪਣੇ ਘਰੀਂ ਚਲੇ ਗਏ ਪਰ ਪਤੀ ਨਹੀਂ ਕਿਉਂ ਲੋਕਾਂ ਨੂੰ ਲੱਗਾ ਕਿ ਮੈਂ ਬਹੁਤ ਵੱਡਾ ਅੱਖਾਂ ਦਾ ਸਰਜਨ ਹਾਂ। ਇਕ ਸਰਕਾਰੀ ਓਵਰਸੀਅਰ ਨੇ ਤਾਂ ਜ਼ਿਦ ਫੜ ਲਈ ਕਿ ਆਪਣੇ ਮੋਤੀਏ ਦਾ ਅਪਰੇਸ਼ਨ ਮੇਰੇ ਕੋਲੋਂ ਹੀ ਕਰਵਾਏਗਾ। ਮੈਂ ਅੰਦਰੋਂ ਡਰਾਂ ਕਿ ਜੇ ਅਪਰੇਸ਼ਨ ਵਿਗੜ ਗਿਆ ਤਾਂ ਅੱਖ ਸਦਾ ਲਈ ਖਰਾਬ ਹੋ ਜਾਵੇਗੀ। ਪਰ ਰੱਬ ਦੀ ਕਰਨੀ ਅਪਰੇਸ਼ਨ ਠੀਕ ਹੋ ਗਿਆ ਅਤੇ ਉਸ ਦੀ ਨਜ਼ਰ ਬਹਾਲ ਹੋ ਗਈ। ਇਕ ਵਾਰੀ ਮੈਂ ਮਰੀਜ਼ ਵੇਖ ਰਿਹਾ ਸੀ ਕਿ ਇਕ ਔਰਤ ਨੇ ਗੋਲ ਮਟੋਲ ਜਿਹਾ ਬੱਚਾ ਮੇਰੀ ਮੇਜ਼ ’ਤੇ ਬਿਠਾ ਦਿੱਤਾ ਅਤੇ ਪੁੱਛਣ ਲਗੀ ਕਿ ਇਸ ਨੂੰ ਪਛਾਣਦੇ ਹੋ? ਉਸ ਦੱਸਿਆ ਕਿ ਇਸ ਬੱਚੇ ਨੂੰ ਪਹਿਲਾਂ ਸੋਕੜਾ ਸੀ ਅਤੇ ਇਸ ਨੂੰ ਦੋ ਇੰਜੈਕਸ਼ਨ ਲਿਖ ਕੇ ਦਿੱਤੇ ਸਨ। ਇਹ ਬੱਚਾ ਰਾਜੀ ਹੋ ਗਿਆ। ਮੈਂ ਸਿਵਲ ਸਰਜਨ ਕਰਨਾਲ ਨੂੰ ਲੋਕਾਂ ਨਾਲ ਮੀਟਿੰਗ ਲਈ ਬੁਲਾਇਆ ਅਤੇ ਅਮੀਰ ਲੋਕ ਮੀਟਿੰਗ ਵਿਚ ਆਏ ਅਤੇ ਦਿਲ ਖੋਲ੍ਹ ਕੇ ਡਿਸਪੈਂਸਰੀ ਦੀ ਭਲਾਈ ਵਾਸਤੇ ਫੰਡ ਦੇ ਚੈੱਕ ਦੇ ਗਏ। ਮੈਨੂੰ ਬਾਅਦ ਵਿਚ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ ਕਿ ਇਹੋ ਜਿਹਾ ਪੈਸਾ ਤਾਂ ਸਰਕਾਰੀ ਖਜ਼ਾਨੇ ਵਿਚ ਚਲਾ ਜਾਂਦਾ ਹੈ ਅਤੇ ਕੋਈ ਯਕੀਨ ਨਹੀਂ ਹੁੰਦਾ ਕਿ ਮੇਰੇ ਹਸਪਤਾਲ ਵਿਚ ਹੀ ਖਰਚਿਆ ਜਾਵੇਗਾ।

ਸਮਾਂ ਲੰਘਦਿਆਂ ਦੇਰ ਨਹੀਂ ਲਗਦੀ। ਅਜੇ ਇਕ ਸਾਲ ਹੀ ਹੋਇਆ ਸੀ ਕਿ ਮੇਰੀ ਚੋਣ ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਅਮ੍ਰਿਤਸਰ ਬਦਲੀ ਦੇ ਆਰਡਰ ਆ ਗਏ। ਉੱਥੋਂ ਤੁਰਦਿਆਂ ਜਦੋਂ ਮੈਂ ਰਾਵੜੀ ਸਟੇਸ਼ਨ ਪਹੁੰਚਿਆ ਤਾਂ ਵੇਖਿਆ ਕਿ ਉੱਥੇ ਲੋਕਾਂ ਦੀ ਇਕ ਭੀੜ ਸੀ, ਜੋ ਮੈਨੂੰ ਅਮ੍ਰਿਤਸਰ ਵਾਸਤੇ ਵਿਦਾ ਕਰਨ ਆਏ ਸਨ। ਗੱਡੀ ਵੀ ਸਟੇਸ਼ਨ ਮਾਸਟਰ ਨੇ ਕਿਸੇ ਹੋਰ ਗੱਡੀ ਨੂੰ ਪਾਸ ਦੇਣ ਦੇ ਬਹਾਨੇ 15 ਮਿੰਟ ਤਕ ਰੋਕੀ ਰੱਖੀ ਤਾਂ ਜੋ ਲੋਕ ਮੈਨੂੰ ਚੰਗੀ ਤਰ੍ਹਾਂ ਮਿਲ ਸਕਣ। ਪਰ ਸਾਰਾ ਸਮਾਂ ਮੈਂ ਇਸੇ ਸੋਚ ਵਿਚ ਰਿਹਾ ਕਿ ਮੈਂ ਤਾਂ ਇਸ ਮਾਣ ਦੇ ਕਾਬਲ ਵੀ ਨਹੀਂ, ਜੋ ਇਹ ਲੋਕ ਮੈਨੂੰ ਦੇ ਰਹੇ ਹਨ। ਇਹ ਉਨ੍ਹਾਂ ਦੀ ਵਡਿਆਈ ਸੀ ਕਿ ਮੇਰੇ ਵਰਗੇ ਨਿੱਕੇ ਡਾਕਟਰ ਨੂੰ, ਜਿਸ ਨੂੰ ਅਜੇ ਦੋ ਸਾਲ ਹੀ ਹੋਏ ਸਨ ਡਾਕਟਰ ਬਣੇ, ਉਸ ਨੂੰ ਇੰਨਾ ਪਿਆਰ ਦਿੱਤਾ

ਅਮ੍ਰਿਤਸਰ ਪਹੁੰਚਣ ਤੋਂ ਇਕ ਦੋ ਦਿਨ ਬਾਅਦ ਤਰਾਵਰੀ ਦੇ ਪੱਤਰਕਾਰ ਡੀ ਆਰ ਚੌਧਰੀ ਵੱਲੋਂ ਭੇਜੀ ਅੰਗਰੇਜ਼ੀ ਟ੍ਰਿਬਿਊਨ ਦੇ ਸਫਾ ਤਿੰਨ ’ਤੇ ਛਪੀ ਖਬਰ ਪੜ੍ਹੀ: 

ਤਰਾਵਰੀ ਦਾ ਮੈਡੀਕਲ ਔਫੀਸਰ ਡਾ. ਅਦਲੱਖਾ ਹਾਇਰ ਸਟਡੀ ਵਾਸਤੇ ਅਮ੍ਰਿਤਸਰ ਘੱਲਿਆ ਗਿਆ ਹੈ

ਅੱਜ ਇਹ ਗੱਲਾਂ ਸੁਪਨੇ ਵਰਗੀਆਂ ਲਗਦੀਆਂ ਹਨ।

*****

(1087)

About the Author

ਡਾ. ਅਮ੍ਰਿਤ ਅਦਲੱਖਾ

ਡਾ. ਅਮ੍ਰਿਤ ਅਦਲੱਖਾ

Phone: (91 - 98146 - 52030)
Email: (amritadlakha@yahoo.com)