CMarkanda7ਉਸਦੇ ਨਾਵਲ ਬਿਸ਼ਨੀਸੂਫ਼ ਦਾ ਘੱਗਰਾਸੱਤ ਵਿੱਢਾ ਖੂਹਰਾਤ ਦਾ ਕਿਨਾਰਾਅਤੇ ਨਿੱਕੀ ਝਨਾ ...
(27 ਮਾਰਚ 2018)

 

BasantKRatan2ਬਸੰਤ ਕੁਮਾਰ ਰਤਨ ਇਕ ਫੱਕਰ ਅਤੇ ਦਰਵੇਸ਼ ਤਬੀਅਤ ਵਾਲਾ ਬੰਦਾ ਹੈ। ਬੰਦਾ ਉਸਨੂੰ ਮੈਂ ਇਸ ਲਈ ਆਖਿਆ ਹੈ, ਕਿਉਂਕਿ ਉਸਦਾ ਮਿਜ਼ਾਜ਼ ਬਿਲਕੁਲ ਹੀ ਬੰਦਿਆਂ ਵਰਗਾ ਹੈ, ਜੋ ਮੰਦਾ ਨਹੀਂ, ਚੰਗਾ ਹੈ। ਮਾਨਵੀ ਗੁਣਾਂ ਨਾਲ ਭਰਪੂਰ ਜਿਸ ਵਿਚ ਕੁਝ ਊਣਤਾਈਆਂ ਵੀ ਹੋਣਗੀਆਂ, ਪਰੰਤੂ ਔਗੁਣਾਂ ਵਰਗੀਆਂ ਨਹੀਂ। ਮੈਥੋਂ ਉਸ ਨੂੰ ਬਗਾਵਤ ਦਾ ਮੁਜੱਸਮਾ ਨਹੀਂ ਆਖਿਆ ਜਾਂਦਾ। ਅਜਿਹਾ ਕਹਿਣ ਤੋਂ ਮੈਂ ਇਸ ਲਈ ਵੀ ਹਿਚਕਚਾਉਂਦਾ ਹਾਂ ਕਿਉਂਕਿ ਬਸੰਤ ਕੁਮਾਰ ਰਤਨ ਆਪਣੀਆਂ ਵਿਪਰੀਤ ਪ੍ਰਸਥਿਤੀਆਂ ਨਾਲ ਟੱਕਰ ਨਹੀਂ ਲੈ ਸਕਦਾ। ਦਿਨ ਕਟੀ ਵਿਚ ਯਕੀਨ ਰੱਖਣ ਵਾਲਾ ਇਹ ਆਦਮੀ ਹਾਲਾਤ ਨਾਲ ਸਮਝੌਤਾ ਕਰਕੇ ਜਿਉਣ ਵਿਚ ਵਿਸ਼ਵਾਸ ਰੱਖਦਾ ਹੈ। ਉਸਨੂੰ ਮੈਂ ਇਸ ਦੀ ਕਮਜ਼ੋਰੀ ਪਿਆ ਆਖਾਂ ਪਰ ਇਹ ਉਸਦੀ ਬਦਲੀ ਨਾ ਜਾਣ ਵਾਲੀ ਆਦਤ ਦਾ ਹਿੱਸਾ ਹੈ।

ਬਸੰਤ ਕੁਮਾਰ ਰਤਨ ਅੰਦਰ ਵਿਦਰੋਹ ਦੀ ਚਿਣਗ ਤਾਂ ਜ਼ਰੂਰ ਮਘਦੀ ਹੈ ਪਰ ਉਸਦੀ ਸਥਿਤੀ ਹਾਰੇ ਵਿਚ ਧੁਖਦੀ ਉਸ ਪਾਥੀ ਵਰਗੀ ਹੈ, ਜੋ ਅੱਗ ਭਬੂਕਾ ਬਣਕੇ ਮੱਚਣਾ ਤਾਂ ਚਾਹੁੰਦੀ ਹੈ ਪ੍ਰੰਤੂ ਉਸ ’ਤੇ ਧਰੀ ਦੁੱਧ ਦੀ ਕੜ੍ਹਦੀ ਕਾੜ੍ਹਨੀ ਦੀ ਹੋਂਦ ਵਾਂਗ ਦਾਬੂ ਹੋ ਕੇ ਉਸਨੂੰ ਅਜਿਹਾ ਕਰਨੋ ਵਰਜਦੀ ਹੈ। ਇਹੀ ਵਰਤਾਰਾ ਉਸਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਕਈ ਮਿੱਤਰਾਂ ਨਾਲ ਰਿਹਾ ਹੈ, ਜਿਨ੍ਹਾਂ ਉਸਦੀ ਸਾਹਿਤਕ ਅਤੇ ਵਿੱਦਿਅਕ ਪ੍ਰਤਿਭਾ ਨੂੰ ਵਿਗਸਣ ਨਹੀਂ ਦਿੱਤਾ।

ਰਤਨ ਵੱਡੇ ਲੇਖਕਾਂ ਦੀ ਸੂਚੀ ਵਿਚ ਗਿਣਿਆ ਜਾਣ ਵਾਲਾ ਹੈ ਪਰ ਉਹ ਸਥਾਪਤ ਨਹੀਂ ਹੋ ਸਕਿਆ। ਸ਼ਾਇਦ ਇਹ ਮੈਥੋਂ ਸਹੀ ਨਹੀਂ ਆਖਿਆ ਗਿਆ ਹੋਣਾ। ਦਰਅਸਲ ਬਸੰਤ ਕੁਮਾਰ ਰਤਨ ਪਤਾ ਨਹੀਂ ਕਿਸ ਗੁੱਟ ਵਿਚ ਘਿਰਿਆ ਰਿਹਾ ਕਿ ਉਸਨੂੰ ਉਹ ਮੌਕੇ ਹੀ ਪ੍ਰਦਾਨ ਨਹੀਂ ਹੋ ਸਕੇ ਜਿਨ੍ਹਾਂ ਸਦਕਾ ਉਸਨੇ ਆਪਣੀ ਕਾਵਿਕ ਅਤੇ ਗਲਪੀ ਸਮਰੱਥਾ ਨੂੰ ਪੇਸ਼ ਕਰਨ ਦੇ ਯੋਗ ਹੋਣਾ ਸੀ। ਇਸ ਬਦਨਸੀਬੀ ਦਾ ਜ਼ਿਕਰ ਉਹ ਮਲਵੀਂ ਜਿਹੀ ਜੀਭ ਨਾਲ ਆਪਣੀ ਸਵੈ-ਜੀਵਨੀ ‘ਕਾਫ਼ਰ’ ਵਿਚ ਵੀ ਕਰਦਾ ਹੈ ਪਰ ਇਹ ਮਸਤਾਨਾ ਬੰਦਾ ਜਿਸ ਨੂੰ ਚੜ੍ਹੀ-ਲੱਥੀ ਦੀ ਭੋਰਾ ਵੀ ਨਹੀਂ ਫਿਰ ਵੀ ਅਜਿਹੀਆਂ ਸਥਿਤੀਆਂ ਵਿਚ ਆਪਣੇ ਹੀ ਰੰਗ ਵਿਚ ਰੰਗਿਆ ਨਿਸ਼ਚਿੰਤ ਤੇ ਬੇਪ੍ਰਵਾਹੀ ਵਿਚ ਗਲਤਾਨ ਹੈ।

ਕਈ ਵਾਰੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਬਸੰਤ ਕੁਮਾਰ ਆਪਣੇ ਮਿੱਤਰਾਂ ਦੀ ਦਗੇਬਾਜ਼ੀ ਅਤੇ ਯਾਰਮਾਰੀ ’ਤੇ ਹੰਝੂ ਕੇਰਦਾ ਹੋਇਆ ਉਦਾਸੀਨ ਮੁਦਰਾ ਵਿਚ ਉਨ੍ਹਾਂ ਦਾ ਨਿੰਦਕ ਬਣ ਬਹਿੰਦਾ ਹੈ ਪਰ ਖੁੰਦਕੀ ਨਹੀਂ।

ਬਸੰਤ ਕੁਮਾਰ ਫਰਵਰੀ 1937 ਵਿਚ ਬਠਿੰਡੇ ਜਨਮਿਆ ਤੇ ਨਾਨਕਿਆਂ ਨੇ ਇਸਦਾ ਨਾਂ ਸੋਮ ਦੱਤ ਧਰਿਆ ਜੋ ਦਾਦਕਿਆਂ ਨੂੰ ਨਹੀਂ ਭਾਇਆ। ਉਸਦੇ ਪਿਤਾ ਪੰਡਿਤ ਅਮਰ ਨਾਥ ਰਤਨ ਜੋ ਕਿੱਤੇ ਵਜੋਂ ਹਲਵਾਈ ਦੀ ਦੁਕਾਨ ਕਰਿਆ ਕਰਦੇ ਸਨ, ਨੂੰ ਜਦੋਂ ਬਠਿੰਡੇ ਤੋਂ ਹਲਦੀ ਦੇ ਛਿੜਕਾ ਵਾਲੀ ਮੁੰਡਾ ਜੰਮਣ ਦੀ ਸ਼ਗਨਾਂ ਵਾਲੀ ਚਿੱਠੀ ਮਿਲੀ ਤਾਂ ਉਨ੍ਹਾਂ ਉਸ ਦਾ ਨਾਂ ਬਦਲ ਕੇ ਬਸੰਤ ਧਰ ਦਿੱਤਾ ਕਿਉਂਕਿ ਉਸ ਦਿਨ ਬਸੰਤ ਪੰਚਮੀਂ ਦਾ ਤਿਉਹਾਰ ਸੀ। ‘ਕੁਮਾਰ’ ਇਸਨੇ ਆਪਣੇ ਨਾਂ ਨਾਲ ਬਾਅਦ ਵਿਚ ਜੋੜ ਲਿਆ। ਜੇ ਇਸਨੂੰ ਇਲਮ ਹੁੰਦਾ ਕਿ ਵਿਧਮਾਤਾ ਨੇ ਉਸਦੇ ਲੇਖ ਚੰਗੇ ਲਿਖੇ ਹਨ ਤਾਂ ਸ਼ਾਇਦ ਉਹ ‘ਕੁਮਾਰ’ ਦੀ ਥਾਂ ਰਾਜ ਕੁਮਾਰ ਲਿਖ ਛੱਡਦਾ ਪਰ ਉਸ ਨੂੰ ਪਤਾ ਸੀ ਕਿ ਉਹ ਤਾਂ ਗਰੀਬ ਬ੍ਰਾਹਮਣ ਦਾ ਪੁੱਤਰ ਹੈ। ਬਸੰਤ ਕੁਮਾਰ ਭਾਵੇਂ ਖ਼ੁਦ ਨੂੰ ਕਿਸਮਤ ਦਾ ਮਾਰਿਆ ਸਮਝਦਾ ਹੋਵੇ ਪਰ ਉਸ ਤੋਂ ਇਹ ਕਦੀ ਹਾਰਿਆ ਨਹੀਂ। ਇਸ ਵਿਚ ਹੀ ਉਸ ਨੂੰ ਖ਼ੁਸ਼ੀ ਅਤੇ ਤਸੱਲੀ ਮਿਲਦੀ ਹੈ। ਉਸ ਨੇ ਸ਼ੁਹਰਤ ਅਤੇ ਦੌਲਤ ਨੂੰ ਕਦੀ ਵੀ ਆਪਣਾ ਉਦੇਸ਼ ਨਹੀਂ ਮਿਥਿਆ ਪ੍ਰੰਤੂ ਗਿਆਨ, ਅਧਿਐਨ ਅਤੇ ਸਿਜਰਣਾ ਨੂੰ ਹੀ ਆਪਣਾ ਮਨੋਰਥ ਬਣਾਇਆ। ਇਹ ਜ਼ਜ਼ਬਾ ਤੇ ਬੇਪਰਵਾਹੀ ਉਸਦੀ ਸਾਹਿਤਕ ਅਤੇ ਹੁਨਰਮੰਦ ਪ੍ਰਤਿਭਾ ਨੂੰ ਖ਼ੂਬਸੂਰਤ ਬਣਾਉਣ ਦਾ ਸਬੱਬ ਬਣੀ।

ਬਸੰਤ ਸਾਡੇ ਬਰਨਾਲਵੀ ਲੇਖਕ ਭਾਈਚਾਰੇ ਦਾ ਰਤਨ ਹੈ। ਨਗੀਨਾ, ਬਸੰਤੀ ਰੁੱਤ ਵਰਗਾ ਜਿਸਦੀ ਸੂਰਤ ਵਿੱਚੋਂ ਸਰੋਂ ਫੁੱਲੇ ਰੰਗ ਦੀ ਭਾਹ ਮਾਰਦੀ ਹੈ ਤੇ ਸੀਰਤ ਕਿਸੇ ਫ਼ਰਿਸ਼ਤੇ ਵਰਗੀ। ਇਹ ਤਸ਼ਬੀਹ ਮੈਥੋਂ ਸੁਭਾਵਕ ਹੀ ਉਸਦੇ ਨਾਂ ‘ਬਸੰਤ’ ਕਰਕੇ ਦਿੱਤੀ ਗਈ। ਅਸਲ ਵਿਚ ਉਹ ਬਸੰਤੀ ਨਹੀਂ, ਬੱਤਖ਼ ਦੇ ਖੰਭਾਂ ਵਰਗੀ ਪੁਸ਼ਾਕ ਪਹਿਨਣ ਵਾਲਾ ਸਾਧੂ ਸੁਭਾਅ ਦਾ ਲੇਖਕ ਹੈ। ਉਸ ਦੀ ਮੂਰਤ ਗੋਲ-ਮਟੋਲ ਹੈ ਅਤੇ ਸੂਰਤ ਕੈਂਚੀ ਨਾਲ ਕੁਤਰੀ ਦਾੜ੍ਹੀ ਬੜੀ ਜਚਵੀਂ ਨਜ਼ਰ ਆਉਂਦੀ ਹੈ। ਮੈਂ ਉਸ ਨੂੰ ਸੱਤਰਵਿਆਂ ਤੋਂ ਇਸੇ ਤਰ੍ਹਾਂ ਹੀ ਦੇਖਦਾ ਆਇਆ ਹਾਂ। ਪੈਂਟ, ਸ਼ਰਟ ਤੇ ਟਾਈ ਤਾਂ ਲੱਗੀ ਮੈਂ ਉਸਦੇ ਕਦੀ ਦੇਖੀ ਹੀ ਨਈਂ। ਬੱਸ ਖੁੱਲੀ ਮੂਹਰੀ ਦਾ ਪਜਾਮਾ, ਗਰਦਨੀ ਵਾਲਾ ਕੁੜਤਾ, ਦੋਵੇਂ ਸਫ਼ੈਦ ਚਿੱਟੇ ਦੁੱਧ ਵਰਗੇ, ਜਿਵੇਂ ਧੋਬੀ ਨੇ ਮਖਣੀ ਵਰਗੀ ਚਿੱਟੀ ਚਾਦਰ ਧੋ ਸੰਵਾਰ ਤੇ ਪੁੱਠ ਚਾੜ੍ਹਕੇ ਸੁੱਕਣੀ ਪਾਈ ਹੋਵੇ।

ਬਸੰਤ ਕੁਮਾਰ ਸਾਹਿਤਕ ਗੋਸ਼ਟੀਆਂ ਵਿਚ ਜਾਂ ਆਮ ਸਧਾਰਣ ਰੂਪ ਵਿਚ ਜਦੋਂ ਵੀ ਬੋਲਦਾ ਹੈ ਤਾਂ ਮੁੱਲ ਦੀ ਗੱਲ ਕਰਦਾ ਹੈ। ਸੰਕੋਚਵੀਂ ਪ੍ਰੈਸੀ ਨੁਮਾ ਭਾਸ਼ਾ ਵਿਚ, ਚੰਗੀ ਤਰ੍ਹਾਂ ਤੋਲਕੇ ਫਿਰ ਬੋਲੇਗਾ, ਧੀਮੀ ਗਤੀ ਵਿਚ। ਉਸਦਾ ਇਹ ਅੰਦਾਜ਼ ਵੀ ਪਿਆਰਾ ਤੇ ਨਿਆਰਾ ਲਗਦਾ ਹੈ। ਉਹ ਵਿਦਵਾਨ ਪੰਡਿਤ ਹੈ। ਭਾਸ਼ਾ ਵਿਗਿਆਨੀ, ਕਈ ਲਿੱਪੀਆਂ ਤੇ ਬੋਲੀਆਂ ਦਾ ਵਾਕਫ਼। ਉਸਨੇ ਅਕੈਡਮਿਕ ਤਾਲੀਮ ਸਕੂਲਾਂ-ਕਾਲਜਾਂ ਵਿਚ ਦਾਖਲਾ ਲੈ ਕੇ ਹਾਸਲ ਨਹੀਂ ਕੀਤੀ, ਸਗੋਂ ਤੁਰ ਫਿਰ ਕੇ ਵਾਇਆ ਬਠਿੰਡਾ ਐੱਮ.ਏ.ਬੀ.ਐੱਡ. ਤੱਕ ਦੀਆਂ ਡਿਗਰੀਆਂ ਕੁੱਟੀ ਬੈਠਾ ਹੈ। ਉਰਦੂ ਦੀ ਅਦੀਬ, ਅਦੀਬ ਆਲਮ ਅਤੇ ਅਦੀਬ ਫਾਜ਼ਲ, ਪੰਜਾਬੀ ਦੀ ਵਿਦਵਾਨੀ, ਬੁੱਧੀਮਾਨੀ ਅਤੇ ਗਿਆਨੀ, ਹਿੰਦੀ ਦੀ ਰਤਨ, ਭੂਸ਼ਣ ਅਤੇ ਪ੍ਰਭਾਕਰ। ਅਲਾਹਾਬਾਦ ਯੂਨੀਵਰਸਿਟੀ ਤੋਂ ਧਰਮ ਰਤਨ ਅਤੇ ਆਯੁਰਵੈਦ ਦੀਆਂ ਪ੍ਰੀਖਿਆਵਾਂ ਵੀ ਪਾਸ ਕਰ ਰੱਖੀਆਂ ਹਨ।

ਉਨ੍ਹਾਂ ਦੇ ਪਿਤਾ ਪੰਡਤ ਅਮਰਨਾਥ ਰਤਨ ਆਪਣੇ ਵੇਲੇ ਦੇ ਮੰਨੇ-ਪ੍ਰਮੰਨੇ ਕਲਾਕਾਰ ਸਨ ਤੇ ਥੀਏਟਰ ਨਾਲ ਜੁੜੇ ਹੋਣ ਕਰਕੇ ਹਰ ਵਰ੍ਹੇ ਦੁਸਹਿਰੇ ਦੇ ਦਿਨਾਂ ਵੇਲੇ ‘ਰਾਮ ਲੀਲਾ’ ਵਿਚ ਵੀ ਕੰਮ ਕਰਿਆ ਕਰਦੇ ਸਨ। ਕਵਿਤਾਵਾਂ ਵੀ ਲਿਖਦੇ, ਕਥਾ ਵਾਚਕ, ਸੰਗੀਤ ਅਤੇ ਗਾਇਕੀ ਦੇ ਸ਼ੌਕ ਨੂੰ ਪਾਲਦੇ ਪ੍ਰੰਤੂ ਉਸਦੀ ਹਲਵਾਈ ਦੀ ਛੋਟੀ ਪਰ ਪ੍ਰਸਿੱਧ ਹੱਟੀ ਸੀ ਜਿਸਦੀ ਖੱਟੀ ਆਪਣੀ ਵੱਡੀ ਕਬੀਲਦਾਰੀ ਨੂੰ ਮਸਾਂ ਤੋਰਨ ਜੋਗੀ ਸੀ। ਪਿਤਾ ਚਾਹੁੰਦਾ ਸੀ ਕਿ ਉਸਦਾ ਪੁੱਤਰ ਵੀ ਪਿਤਾ ਪੁਰਖੀ ਹਲਵਾਈ ਦੇ ਕਾਰੋਬਾਰ ਨੂੰ ਅੱਗੇ ਤੋਰੇ ਪਰ ਬਸੰਤ ਦਾ ਮਨ ਇਸ ਕਿੱਤੇ ਤੋਂ ਉਚਾਟ ਸੀ। ਪਿਤਾ ਨੇ ਆਪਣੇ ਪੁੱਤਰ ਦੀ ਮਾਨਸਿਕਤਾ ਨੂੰ ਵਰਗਲਾਉਣ ਲਈ ਸਿਖਾਕੇ ਭੇਜੇ ਜੋਤਸ਼ੀ ਮੂੰਹੋਂ ਵੀ ਕਹਾਇਆ ਕਿ ਬਸੰਤ ਨਾ ਹੀ ਤੇਰੇ ਕਰਮਾਂ ਵਿਚ ਪੜ੍ਹਾਈ ਹੈ ਅਤੇ ਨਾ ਹੀ ਸਰਕਾਰੀ ਨੌਕਰੀ, ਪਰ ਉਸ ਜੋਤਸ਼ੀ ਤੋਂ ਵੀ ਰਤਨ ਦੀ ਮਨੋਵਿਗਿਆਨਤਾ ਛਲੀ ਨਹੀਂ ਜਾ ਸਕੀ ਤੇ ਉਸਨੇ ਉੱਚ ਦਰਜੇ ਦੀ ਪੜ੍ਹਾਈ ਕਰਕੇ ਅਧਿਆਪਕ ਦੀ ਸਰਕਾਰੀ ਨੌਕਰੀ ਲੈ ਕੇ ਹੀ ਦਮ ਲਿਆ।

ਬਸੰਤ ਕੁਮਾਰ ਰਤਨ ਸੁਲਝਿਆ ਉਪਨਿਆਸਕਾਰ, ਕਥਾ ਲੇਖਕ ਅਤੇ ਕਵੀ ਹੈ। ਉਸ ਦੀਆਂ ਰਚਨਾਵਾਂ ਪੜ੍ਹਕੇ ਹੈਰਾਨ ਹੋ ਜਾਈਦਾ ਹੈ ਕਿ ਉਹ ਐਨਾ ਕੁਝ ਕਿੱਥੋਂ ਤੇ ਕਿਵੇਂ ਸਿੱਖ ਗਿਆ। ਕਿਸੇ ਵਿਸ਼ਵਵਿਦਿਆਲੇ ਦਾ ਖੋਜੀ ਵਿਦਿਆਰਥੀ ਤਾਂ ਕਦੀ ਰਿਹਾ ਨਹੀਂ, ਸਾਡੇ ਵਰਗੇ ਹੀ ਵਿੱਦਿਅਕ ਮਾਹੌਲ ਵਿਚ ਪਲਿਆ ਤੇ ਸਾਡੇ ਵਰਗੀ ਤਾਲੀਮ ਉਸਨੇ ਹਾਸਲ ਕਰ ਰੱਖੀ ਹੈ, ਫਿਰ ਉਸਦਾ ਦਿਮਾਗ ਐਨਾ ਤੇਜ਼ ਤੇ ਉਪਜਾਊ ਕਿਵੇਂ ਬਣ ਗਿਆ। ਭਾਸ਼ਾ ਵਿਗਿਆਨੀਆਂ ਨੂੰ ਮਾਤ ਪਾਉਂਦਾ ਤੇ ਭਾਸ਼ਾਵਾਂ ਦੀਆਂ ਬਾਰੀਕੀਆਂ ਦਾ ਜਾਣਕਾਰ ਬਸੰਤ ਕਹਿੰਦਾ ਕਹਾਉਂਦਾ ਭਾਸ਼ਾਵਾਂ ਦਾ ਮਾਹਿਰ ਹੈ। ਐਡੀ ਅਕਲ ਦਾ ਮਾਲਕ ਲੇਖਕ ਪਤਾ ਨਹੀਂ ਕਿਉਂ ਮਧੋਲਿਆ ਪਿਆ ਹੈ। ਉਰਦੂ, ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਨੂੰ ਤਹਿ ਤੱਕ ਜਾਣਦਾ ਹੈ। ਅੰਗਰੇਜ਼ੀ ਨੂੰ ਵੀ ਬਾਖ਼ੂਬੀ ਪਛਾਣਦਾ ਹੈ। ਸਾਹਿਤ ਦੇ ਖੇਤਰ ਵਿਚ ਵੀ ਆਪਣੇ ਸਮਕਾਲੀਆਂ ਦੇ ਹਾਣ ਦਾ ਹੈ। ਪਰ ਫਿਰ ਵੀ ਕਦੀ ਪੰਜਾਬੀ ਵਿਦਵਾਨਾਂ ਦੀ ਪਕੜ ਵਿਚ ਉਹ ਨਹੀਂ ਆਇਆ। ਉਨ੍ਹਾਂ ਇਸ ਨੂੰ ਸਾਹਿਤ ਵਿਚ ਗਿਠ ਮੁੱਠੀਆ ਹੀ ਬਣਾ ਛੱਡਿਆ ਹੈ।

ਉਹ ਸ਼ਰੀਫ਼ ਬ੍ਰਾਹਮਣ ਹੈ ਪਰ ਉਸ ਦੀ ਵਿਦਵਤਾ ਦਾ ਕਦਰਦਾਨ ਬਣਨ ਦਾ ਯਤਨ ਕਿਸੇ ਵੀ ਨਹੀਂ ਕੀਤਾ। ਨਾ ਹੀ ਉਸਦੀ ਬਰਾਦਰੀ ਪੰਜਾਬ ਬ੍ਰਾਹਮਣ ਸਭਾ ਨੇ ਅਤੇ ਨਾ ਹੀ ਉਸਦੇ ਸ਼ਹਿਰ ਬਰਨਾਲਾ ਦੇ ਅਦੀਬਾਂ ਨੇ। ਇਸ ਵਿਚ ਉਸਦੇ ਸੰਗਾਊ ਸੁਭਾਅ ਅਤੇ ਛੁਪੇ ਰਹਿਣ ਦੀ ਚਾਹ ਦਾ ਵੀ ਕਸੂਰ ਹੈ। ਉਹ ਤਿਗੜਮਬਾਜ਼ ਨਹੀਂ। ਜੇ ਅਜਿਹਾ ਹੁੰਦਾ ਤਾਂ ਹੁਣ ਨੂੰ ਕਿੰਨੇ ਹੀ ਮਾਣ-ਸਨਮਾਨ ਮੁੱਛ ਲੈਂਦਾ ਪਰ ਉਸਨੂੰ ਤਾਂ ਅਜੇ ਤੱਕ ਕਿਸੇ ਸੰਸਥਾ ਨੇ ਨਿੱਕੇ ਮੋਟੇ ਸਨਮਾਨ ਨਾਲ ਵੀ ਨਹੀਂ ਨਿਵਾਜਿਆ। ਇਕ ਗੱਲ ਸਮਝੋਂ ਬਾਹਰ ਹੈ ਕਿ 1971 ਦੀ ਮਰਦਮਸ਼ੁਮਾਰੀ ਸਮੇਂ ਉਸਦੀ ਭੇਜੀ ਚੰਗੀ ਕਾਰਗੁਜ਼ਾਰੀ ਕਰਕੇ ਰਾਸ਼ਟਰਪਤੀ ਵੱਲੋਂ ਘੱਲੇ ‘ਸਿਲਵਰ ਮੈਡਲ’ ਨਾਲ ਸਰਕਾਰੀ ਤੌਰ ’ਤੇ ਕਿਵੇਂ ਸਨਮਾਨਤ ਕਰ ਦਿੱਤਾ। ਆਰੀਆ ਸਮਾਜ ਦੇ ਬਾਨੀ ‘ਮਹਾਂਰਿਸ਼ੀ ਦਯਾਨੰਦ ਸਰਸਵਤੀ’ ਦੇ ਜੀਵਨ ਅਤੇ ਉਸਦੀ ਵਿਚਾਰਧਾਰਾ ਨੂੰ ਪੇਸ਼ ਕਰਦਾ ਨਾਟਕ ‘ਭਾਰਤ ਭਾਗਯ ਵਿਧਾਤਾ’ ਹੁਣ ਤੱਕ ਲਿਖੀਆਂ ਉਨ੍ਹਾਂ ਦੀਆਂ ਜੀਵਨੀਆਂ ਨਾਲੋਂ ਕਿਤੇ ਉੱਤਮ ਅੰਦਾਜ਼ ਵਿਚ ਰਚਿਆ ਗਿਆ ਨਾਟਕ ਹੈ ਪਰ ਆਰੀਆ ਸਮਾਜੀਆਂ ਵੀ ਉਸਦੀ ਇਸ ਕਿਰਤ ਦੀ ਕਦਰ ਨਹੀਂ ਪਾਈ। ਉਹ ਸਾਹਿਤ ਆਚਾਰੀਆ ਹੈ, ਸਿੱਖਿਆ ਸ਼ਾਸ਼ਤਰੀ ਹੈ, ਸਾਹਿਤ ਦੀਆਂ ਕਈ ਵਿਧਾਵਾਂ ਤੇ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਛਪਵਾ ਚੁੱਕਿਆ ਹੈ ਪਰ ਉਹ ਗੋਦੜੀ ਦਾ ਲਾਲ ਰੂੜੀਆਂ ’ਤੇ ਹੀ ਰੁਲ ਰਿਹਾ ਹੈ।

ਬ੍ਰਾਹਮਣ ਹੁੰਦਾ ਹੋਇਆ ਵੀ ਉਹ ਮੰਗ ਖਾਣਾ ਨਹੀਂ ਬਣਿਆ ਜਦੋਂਕਿ ਕਈ ਬ੍ਰਾਹਮਣ ਅਤੇ ਗੈਰ ਬ੍ਰਾਹਮਣ ਲੇਖਕ ਹੱਥਾਂ ਵਿਚ ਕਾਸਾ ਫੜੀ ਇਨਾਮ ਤਕਸੀਮ ਕਰਨ ਵਾਲਿਆਂ ਦੇ ਮਗਰ-ਮਗਰ ਇਨਾਮਾਂ ਦੀ ਭੀਖ ਮੰਗਦੇ ਅਤੇ ਗਿੜ-ਗਿੜਾਉਂਦੇ ਦੇਖੇ ਗਏ ਹਨ। ਜਾਗਦੀ ਜ਼ਮੀਰ ਵਾਲਾ ਬਸੰਤ ਕੁਮਾਰ ਰਤਨ ਮੁਫ਼ਲਿਸੀ ਵਿਚ ਹੀ ਗੁਜ਼ਰਾਨ ਕਰਨ ਨੂੰ ਤਰਜ਼ੀਹ ਦੇ ਰਿਹਾ ਹੈ। ਸੰਘਰਸ਼ਾਂ ਤੋਂ ਕੰਨੀਂ ਨਾ ਕੁਤਰਾਉਣ ਵਾਲਾ ਬਸੰਤ ਕੁਮਾਰ ਰਤਨ ਆਪਣੇ ਗੈਰਤਮੰਦ ਸੁਭਾਅ ਸਦਕਾ ਇਨਾਮਾਂ ਖਨਾਮਾਂ ਲਈ ਤਰਲੋਮੱਛੀ ਹੁੰਦਾ ਤਾਂ ਨਹੀਂ ਦੇਖਿਆ ਪਰ ਪਤਾ ਨਹੀਂ ਕਿਉਂ ਅਜੇ ਤੱਕ ਉਸਨੇ ਆਪਣੇ ‘ਆਤਮ’ ਤੇ ‘ਵਿਸ਼ਵਾਸ’ ਨਹੀਂ ਕੀਤਾ ਤੇ ਲਾਗੀ ਜਿਹਾ ਬਣਿਆ ਬੈਠਾ ਹੈ।

1964-65 ਵਿਚ ਜਦੋਂ ਮੈਂ ਆਪਣਾ ਜੱਦੀ ਪਿੰਡ ਟੂਸੇ ਛੱਡ ਕੇ ਤਪੇ ਆਇਆ ਤਾਂ ਬਸੰਤ ਕੁਮਾਰ ਰਤਨ ਉਨ੍ਹਾਂ ਦਿਨਾਂ ਵਿਚ ਕਿਸੇ ਸਕੂਲ ਵਿਚ ਸਰਕਾਰੀ ਮਾਸਟਰ ਲੱਗਿਆ ਹੋਣਾ। ਮੈਂ ਵੀ 1966 ਵਿਚ ਆਰੀਆ ਸਕੂਲ ਵਿਚ ਅਧਿਆਪਕ ਲੱਗ ਗਿਆ। ਉਨ੍ਹਾਂ ਦਿਨਾਂ ਵਿਚ ਸਾਡਾ ਸਕੂਲ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ। ਵੱਡੇ-ਵੱਡੇ ਲੇਖਕ ਪੁੱਜਿਆ ਕਰਦੇ ਸਨ। ਉਨ੍ਹਾਂ ਵਿਚ ਬਸੰਤ ਕੁਮਾਰ ਰਤਨ ਵੀ ਹੁੰਦਾ। ਉਦੋਂ ਮੈਂ ਉਸਨੂੰ ਬਹੁਤਾ ਨੇੜਿਓਂ ਨਹੀਂ ਸੀ ਤੱਕਿਆ ਅਤੇ ਨਾ ਹੀ ਕਦੀ ਉਸਦੀਆਂ ਲਿਖਤਾਂ ਨੂੰ ਬਹੁਤਾ ਗੌਲਿਆ ਸੀ। ਉਹ ਵੀ ਸੰਗਾਊ ਜਿਹਾ ਹੈ ਤੇ ਮੇਰਾ ਸੁਭਾਅ ਤੇ ਆਦਤਾਂ ਵੀ ਥੋੜ੍ਹੀਆਂ ਬਹੁਤੀਆਂ ਉਸ ਨਾਲ ਮਿਲਦੀਆਂ ਜੁਲਦੀਆਂ ਹਨ, ਜਿਸ ਕਰਕੇ ਅਸੀਂ ਇਕ-ਦੂਜੇ ਦੇ ਅੰਦਰਲੇ ਭੇਤੀ ਨਹੀਂ ਬਣੇ।

ਬਸੰਤ ਕੁਮਾਰ ਰਤਨ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਜੋ ਬੇਦਰਦ ਹਨੇਰੀਆਂ ਤੇ ਝੱਖੜਾਂ ਦਾ ਝੰਬਿਆ ਪਿਆ ਹੈ ਪਰ ਫਿਰ ਵੀ ਉਸਨੇ ਆਪੇ ਨੂੰ ਸੰਭਾਲਿਆ ਹੋਇਆ ਹੈ ਤੇ ਡੋਲਣ ਨਹੀਂ ਦਿੱਤਾ। ਉਸਦੇ ਨਾਵਲ ਬਿਸ਼ਨੀ, ਸੂਫ਼ ਦਾ ਘੱਗਰਾ, ਸੱਤ ਵਿੱਢਾ ਖੂਹ, ਰਾਤ ਦਾ ਕਿਨਾਰਾ, ਅਤੇ ਨਿੱਕੀ ਝਨਾਂ ਵਰਗੇ ਪੰਜਾਬੀ ਨਾਵਲ ਸ਼ਾਹਕਾਰ ਨਾਵਲ ਹਨ। ਉਸਦਾ ਹਿੰਦੀ ਉਪਨਿਆਸ ‘ਰੇਤ ਮੇ ਤੈਰਤੀ ਮਛਲੀਆਂ’ ਅਤੇ ਸਵੈ ਜੀਵਨੀ ‘ਕਾਫ਼ਰ’ ਬੇਹਤਰੀਨ ਰਚਨਾਵਾਂ ਹਨ।

*****

(1079)

About the Author

ਸੀ. ਮਾਰਕੰਡਾ

ਸੀ. ਮਾਰਕੰਡਾ

Tapa, Barnala, Punjab, India.
Phone: (91 -  94172 - 72161)
Email: (markandatapa@gmail.com)