SandeepArora7ਵੋਟਰਾਂ ਦਾ ਧਰੁਵੀਕਰਨ ਕਰਨ ਹਿਤ ਸਮਾਜ ਦੇ ਕਿਸੇ ਨਾ ਕਿਸੇ ਵਰਗ ਨੂੰ ਹਿੰਸਾ ਦੀ ਭੱਠੀ ਵਿੱਚ ਝੋਕ ...
(17 ਦਸੰਬਰ 2017)

 

ShambhuLal16 ਦਸੰਬਰ ਭਾਰਤੀ ਇਤਿਹਾਸ ਦਾ ਉਹ ਕਾਲਾ ਦਿਨ ਹੈ ਜਿਸਨੇ ਭਾਰਤ ਦੇ ਧਰਮਨਿਰਪੱਖ ਸਰੂਪ ਉੱਪਰ ਕਾਲਖ ਥੋਪੀ ਹੋਈ ਹੈ। ਹਰ ਸੱਚਾ ਹਿੰਦੁਸਤਾਨੀ ਇਸ ਦਿਨ ਨੂੰ ਨਫ਼ਰਤ ਨਾਲ ਯਾਦ ਕਰਦਾ ਹੈ। ਪਰ ਅਖੌਤੀ ਰਾਸ਼ਟਰਵਾਦੀ ਇਸ ਦਿਨ ਨੂੰ ਗੌਰਵਮਈ ਦਿਨ ਦੇ ਤੌਰ ’ਤੇ ਮਨਾਉਂਦੇ ਹਨ। ਬੀਤੀ 6 ਦਸੰਬਰ ਨੂੰ ਜਦ ਇਹ ਜਨੂੰਨੀ ਲੋਕ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੇ 25 ਸਾਲ ਪੂਰੇ ਹੋਣ ਤੇ ‘ਸੌਰਯ ਦਿਵਸ’ ਦੇ ਤੌਰ ’ਤੇ ਮਨਾ ਰਹੇ ਸਨ ਤਾਂ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਇੱਕ ਹੋਰ ਦਰਿੰਦਗੀ ਭਰੀ ਵਾਰਦਾਤ ਵਾਪਰੀ ਜਿਸਨੇ ਰੌਂਗਟੇ ਖੜ੍ਹੇ ਕਰ ਦਿੱਤੇ। ਸ਼ੰਭੂ ਲਾਲ ਰੇਗਰ ਉਰਫ ਸ਼ੰਭੂ ਭਵਾਨੀ ਨੇ 50 ਸਾਲ ਦੇ ਮੁਹੰਮਦ ਅਫਰਾਜ਼ੁਲ ਨਾਂ ਦੇ ਪ੍ਰਵਾਸੀ ਬੰਗਾਲੀ ਮਜ਼ਦੂਰ ਨੂੰ ਕੁਹਾੜੀ ਨਾਲ ਮਾਰ-ਮਾਰ ਕੇ ਅੱਧ ਮਰਿਆ ਕਰਕੇ ਪੈਟਰੋਲ ਪਾ ਕੇ ਸਾੜ ਦਿੱਤਾ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਬੇਰਹਿਮ ਕਤਲ ਦੇ ਕਾਤਿਲ ਨੇ ਵੀਡੀਉ ਬਣਵਾਇਆ ਅਤੇ ਸੋਸ਼ਲ ਮੀਡੀਆ ’ਤੇ ਜਾਰੀ ਕਰਕੇ ਨਫ਼ਰਤ ਦੀ ਅੱਗ ਭੜਕਾਉਣ ਦੀ ਕੋਸ਼ਿਸ ਕੀਤੀ।

ਮੁਢਲੀਆਂ ਮੀਡੀਆ ਰਿਪੋਰਟਾਂ ਅਤੇ ਪੁਲਿਸ ਤਫਤੀਸ਼ ਅਨੁਸਾਰ ਇਸ ਵਾਰਦਾਤ ਨੂੰ ਪ੍ਰੇਮ-ਪ੍ਰਸੰਗ ਦੇ ਤਿਕੌਣੇ ਮਾਮਲੇ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਜੱਗ-ਜ਼ਾਹਿਰ ਹੋ ਗਿਆ ਕਿ ਅਫਰਾਜ਼ੁਲ ਅਤੇ ਸ਼ੰਭੂ ਲਾਲ ਵਿੱਚ ਇਸ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ। ਜਿਸ ਔਰਤ ਨੂੰ ਸ਼ੰਭੂ ਨੇ ਆਪਣੀ ਭੈਣ ਦਰਸਾਇਆ, ਉਸ ਔਰਤ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸੱਚਾਈ ਤੇ ਜਿੰਨਾ ਮਰਜ਼ੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਸੱਚਾਈ ਮੱਲੋ-ਮੱਲੀ ਸਾਹਮਣੇ ਆ ਜਾਂਦੀ ਹੈ। ਹੱਤਿਆ ਕਰਕੇ ਸ਼ੰਭੂ ਵੱਲੋਂ ਜੋ ਵੀਡੀਉ ਵਾਇਰਲ ਕੀਤਾ ਗਿਆ ਉਸ ਵਿੱਚ ਸ਼ੰਭੂ ਸਭ ਤੋਂ ਪਹਿਲਾਂ ਲਵ ਜਿਹਾਦ ਦਾ ਮੁੱਦਾ ਉਠਾਉਂਦਾ ਹੈ ਅਤੇ ਸ਼ਰੇਆਮ ਧਮਕੀਆਂ ਦਿੰਦਾ ਵਿਖਾਈ ਦਿੰਦਾ ਹੈ ਕਿ ਜਿਹਾਦੀਆਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ, ਜਿਹਾਦੀ ਇਸ ਮੁਲਕ ਨੂੰ ਛੱਡ ਦੇਣ ਨਹੀਂ ਤਾਂ ਹਰ ਜਿਹਾਦੀ ਦਾ ਏਹੀ ਹਸ਼ਰ ਹੋਵੇਗਾ। ਉਹ ਵੀਡੀਉ ਵਿੱਚ ਕਸ਼ਮੀਰ ਵਿੱਚ ਧਾਰਾ 370, ਪੱਥਰਬਾਜ਼ੀ ਆਦਿ ਬਾਰੇ ਬੋਲ ਰਿਹਾ ਹੈ, ਉਹ ਨਕਲੀ ਕਰੰਸੀ ਨਾਲ ਭਾਰਤੀ ਅਰਥ-ਵਿਵਸਥਾ ਤਬਾਹ ਹੋਣ ਦੀ ਗੱਲ ਕਰਦਾ ਹੈ ਜਦਕਿ ਉਹ ਮਹਿਜ਼ ਮੈਟ੍ਰਿਕ ਪਾਸ ਹੈ। ਇਸ ਤੋਂ ਪਹਿਲਾਂ ਸ਼ੰਭੂ ਆਪਣੀ ਹੱਥ-ਲਿਖਤ ਦਾ ਛਪਿਆ ਤਿੰਨ ਪੰਨਿਆਂ ਦਾ ਇੱਕ ਪੱਤਰ ਜਾਰੀ ਕਰ ਚੁੱਕਾ ਹੈ ਜਿਸਦੀ ਲਿਪੀ ਦੇਵਨਾਗਰੀ ਪਰ ਭਾਸ਼ਾ ਅੰਗਰੇਜ਼ੀ ਹੈ ਜਦਕਿ ਉਹ ਅੰਗਰੇਜ਼ੀ ਦਾ ਇੱਕ ਵਾਕ ਵੀ ਪੜ੍ਹ-ਲਿਖ ਜਾਂ ਬੋਲ ਨਹੀਂ ਸਕਦਾ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਆਰੋਪੀ ਕਿਸੇ ਵੀ ਦੱਖਣਪੰਥੀ ਸੰਸਥਾ ਨਾਲ ਨਹੀਂ ਜੁੜਿਆ ਹੋਇਆ। ਪ੍ਰਸ਼ਾਸਨ ਜਾਂ ਪੁਲਿਸ ਜੋ ਮਰਜ਼ੀ ਦਾਅਵੇ ਕਰੇ ਪਰ ਅਸਲੀਅਤ ਇਹ ਹੀ ਹੈ ਕਿ ਅਫਰਾਜ਼ੁਲ ਵੀ ਸਾਜਿਸ਼ਾਂ ਦੀ ਉਸ ਲੜੀ ਵਿੱਚ ਕਤਲ ਕਰ ਦਿੱਤਾ ਗਿਆ ਹੈ ਜਿਸ ਲੜੀ ਵਿੱਚ ਪਹਿਲੂ ਖਾਨ, ਉਮੇਰ ਖਾਨ, ਜਾਫਰ ਹੁਸੈਨ, ਮੁਹੰਮਦ ਇਖਲਾਕ ਆਦਿ ਬੇਕਸੂਰਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਸਨ।

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੌਰ ਦੀਆਂ ਚੋਣਾਂ ਤੋਂ ਕੇਵਲ ਚਾਰ ਦਿਨ ਪਹਿਲਾਂ ਰਾਜਸਮੰਦ ਘਟਨਾ ਨੂੰ ਅੰਜਾਮ ਦੇਣਾ, ਇਸ ਵਾਰਦਾਤ ਦੇ ਫਿਰਕੂ ਸਾਜਿਸ਼ ਹੋਣ ਵੱਲ ਹੋਰ ਸ਼ੱਕ ਪੈਦਾ ਕਰਦਾ ਹੈ। ਗੁਜਰਾਤ ਚੋਣਾਂ ਦਾ ਨਤੀਜਾ ਜੋ ਵੀ ਹੋਵੇ ਪਰ ਇਹ ਗੱਲ ਭਾਜਪਾ ਨੇਤਾ ਵੀ ਜਾਣਦੇ ਹਨ ਕਿ ਪਾਰਟੀ ਦੀ ਸਥਿਤੀ ਕੋਈ ਬਹੁਤ ਚੰਗੀ ਨਹੀਂ ਹੈਵਿਕਾਸ ਦੇ ਮੁੱਦੇ ਨੂੰ ਪਿੱਛੇ ਧੱਕ ਕੇ ਲੋਕਾਂ ਨੂੰ ਜਜ਼ਬਾਤੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਉ ਵਿੱਚ ਸ਼ੰਭੂ ਲਾਲ ਹੰਭਿਆ ਹੋਇਆ ਜੋ ਸੰਵਾਦ ਬੋਲ ਰਿਹਾ ਹੈ, ਉਹ ਉਸਦੇ ਸਮਾਜਿਕ ਅਤੇ ਪਰਿਵਾਰਿਕ ਪਿਛੋਕੜ ਨੂੰ ਮੱਦੇ-ਨਜ਼ਰ ਰੱਖਦੇ ਹੋਏ ਰਟੇ-ਰਟਾਏ ਜਾਪਦੇ ਹਨ। ਸ਼ੰਭੂ ਦੇ ਦੋਸਤਾਂ ਨੇ ਵੀ ਮੰਨਿਆ ਹੈ ਕਿ ਸ਼ੰਭੂ ਸੰਘ ਦੇ ਫਿਰਕੂ ਭਾਸ਼ਣਾਂ ਨੂੰ ਬੜੀ ਉਤਸੁਕਤਾ ਨਾਲ ਸੁਣਦਾ ਸੀ ਅਤੇ ਉਸਦੀ ਸੰਗਤ ਵਿੱਚ ਕਈ ਕੱਟੜ ਲੋਕ ਵੀ ਹਨ। ਘਟਨਾ ਤੋਂ ਤੁਰੰਤ ਬਾਅਦ ਸ਼ੰਭੂ ਲਾਲ ਨੂੰ ਸੋਸ਼ਲ ਮੀਡੀਆ ਉੱਪਰ ਇੱਕ ਨਾਇਕ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਸਿੱਧ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈੱਸ ਨੇ ਖੁਲਾਸਾ ਕੀਤਾ ਹੈ ਕਿ ਸੋਸ਼ਲ ਮੀਡੀਆ ਵਿੱਚ ਕਈ ਅਜਿਹੇ ਗਰੁੱਪ ਹਨ ਜੋ ਸ਼ੰਭੂ ਲਾਲ ਦੇ ਪੱਖ ਵਿੱਚ ਅਭਿਆਸ ਚਲਾ ਰਹੇ ਹਨ ਅਤੇ ਇਨ੍ਹਾਂ ਗਰੁੱਪਾਂ ਵਿੱਚ ਉਸਦੀ ਪਤਨੀ ਦਾ ਯੂਨੀਅਨ ਬੈਂਕ ਵਿੱਚ ਚੱਲਦਾ ਖਾਤਾ ਨੰਬਰ ਪ੍ਰਸਾਰਿਤ ਕਰਕੇ ਉਸਦੇ ਪਰਿਵਾਰ ਦੀ ਆਰਥਿਕ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਲੋਕ ਹਮਦਰਦੀ ਰੱਖਦੇ ਹੋਏ ਖਾਤੇ ਵਿੱਚ ਚੰਦਾ ਵੀ ਪਵਾ ਰਹੇ ਹਨ। ਵਟਸਐਪ ਉੱਪਰ ‘ਸਵੱਛ ਰਾਜਸਮੰਦ ਸਵੱਛ ਭਾਰਤ’ ਨਾਂ ਦੇ ਚੱਲਦੇ ਗਰੁੱਪ ਵਿੱਚ ਸ਼ੰਭੂ ਲਾਲ ਦੇ ਕੀਤੇ ਕਾਰਨਾਮੇ ਨੂੰ ਸਰਾਹਿਆ ਜਾ ਰਿਹਾ ਹੈ। ਇਸ ਗਰੁੱਪ ਵਿੱਚ ਰਾਜਸਮੰਦ ਤੋਂ ਬੀ.ਜੀ.ਪੀ. ਦੇ ਸੰਸਦੀ ਮੈਂਬਰ ਹਰੀਓਮ ਸਿੰਘ ਰਾਠੌਰ ਅਤੇ ਵਿਧਾਇਕ ਕਿਰਨ ਮਹਾਸ਼ਵਰੀ ਵੀ ਮੌਜੂਦ ਹਨ। ਭਾਵੇਂ ਇਨ੍ਹਾਂ ਨੇਤਾਵਾਂ ਵੱਲੋਂ ਸ਼ੰਭੂ ਲਾਲ ਦੇ ਸਮਰਥਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਭਾਜਪਾ ਦੇ ਬੂਥ ਲੈਵਲ ਦੇ ਵਰਕਰ ਪ੍ਰੇਮ ਮਾਲੀ ਦੁਆਰਾ ਬਣਾਏ ਇਸ ਗਰੁੱਪ ਵਿੱਚ ਸ਼ੰਭੂਲਾਲ ਨੂੰ ਇੰਜ ਵਡਿਆਇਆ ਗਿਆ ਹੈ, “ਲਵ-ਜਿਹਾਦੀਓ ਸਾਵਧਾਨ, ਜਾਗ ਉਠਾ ਹੈ ਸ਼ੰਭੂ ਲਾਲ, ਜਯ ਸ੍ਰੀ ਰਾਮ।” ਇਨ੍ਹਾਂ ਸਭ ਸੰਕੇਤਾਂ ਤੋਂ ਮੁਹੰਮਦ ਅਫਰਾਜ਼ੁਲ ਦੇ ਹੋਏ ਦਰਦਨਾਕ ਕਤਲ ਪਿੱਛੇ ਕਿਸੇ ਗੁੱਝੀ ਰਾਜਨੀਤਿਕ ਸਾਜਿਸ਼ ਦੀ ਬੋਅ ਆਉਂਦੀ ਹੈ।

ਜੇਕਰ ਸੰਗਠਨਾਂ ਦੇ ਇਸ ਦਾਅਵੇ ਨੂੰ ਸੱਚ ਮੰਨ ਵੀ ਲਿਆ ਜਾਵੇ ਕਿ ਸ਼ੰਭੂ ਦਾ ਉਨ੍ਹਾਂ ਸੰਗਠਨਾਂ ਨਾਲ ਕੋਈ ਵਾਹ-ਵਾਸਤਾ ਨਹੀਂ, ਫਿਰ ਵੀ ਇਹ ਸੰਗਠਨ ਹੀ ਇਸ ਦਰਿੰਦਗੀ ਲਈ ਜ਼ਿੰਮੇਵਾਰ ਹਨ। ਸ਼ੰਭੂ ਦੀ ਅਫਰਾਜ਼ੁਲ ਨਾਲ ਕੋਈ ਦੁਸ਼ਮਣੀ ਨਹੀਂ ਸੀ, ਲੈਣ-ਦੇਣ ਦਾ ਕੋਈ ਝਗੜਾ ਨਹੀਂ ਸੀ, ਮ੍ਰਿਤਕ ਨੇ ਸ਼ੰਭੂ ਦੇ ਪਰਿਵਾਰ ਦੀ ਕਿਸੇ ਔਰਤ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਸੀ, ਨਾ ਹੀ ਕਿਸੇ ਨੂੰ ਭਜਾ ਕੇ ਵਿਆਹ ਕਰਵਾਇਆ ਸੀ। ਸ਼ਾਇਦ ਸ਼ੰਭੂ ਅਫਰਾਜ਼ੁਲ ਨੂੰ ਚੰਗੀ ਤਰ੍ਹਾਂ ਜਾਣਦਾ ਤੱਕ ਵੀ ਨਹੀਂ ਸੀ, ਉਹ ਤਾਂ ਬੱਸ ਇਹ ਜਾਣਦਾ ਸੀ ਕਿ ਇਹ ਸ਼ਖਸ ਮੁਸਲਮਾਨ ਹੈ। ਸ਼ੰਭੂ ਕਿਸੇ ਵਕਤ ਮਿਸਤਰੀ ਦਾ ਕੰਮ ਕਰਿਆ ਕਰਦਾ ਸੀ ਪਰ ਨੋਟਬੰਦੀ ਦੀ ਮਾਰ ਹੇਠ ਉਸਦਾ ਰੁ਼ਜ਼ਗਾਰ ਖੁੱਸ ਗਿਆ। ਉਹ ਡੱਫ-ਡੱਫ ਫਿਰਨ ਲੱਗਾ ਅਤੇ ਕੱਟੜ ਧਾਰਮਿਕ ਵੀਡੀਉ ਪਸੰਦ ਕਰਨ ਲੱਗ ਪਿਆ ਜੋ ਮੁਸਲਮਾਨਾਂ ਦੇ ਵਿਰੁੱਧ ਜ਼ਹਿਰ ਉਗਲਦੀਆਂ ਰਹਿੰਦੀਆਂ ਹਨ। ਇਨ੍ਹਾਂ ਵੀਡੀਓ ਨੂੰ ਵੇਖਦੇ ਹੋਏ ਸ਼ੰਭੂ ਸਿਰੇ ਦਾ ਜਨੂੰਨੀ ਬਣ ਗਿਆ ਅਤੇ ਇਸ ਜਨੂੰਨ ਦਾ ਖਮਿਆਜਾ ਅਫਰਾਜ਼ੁਲ ਨੂੰ ਆਪਣੀ ਜਾਨ ਗਵਾ ਕੇ ਚੁਕਾਉਣਾ ਪਿਆ।

ਭਾਰਤੀ ਲੋਕਤੰਤਰ ਦੀ ਬਦਕਿਸਮਤੀ ਹੈ ਕਿ ਜਦ ਵੀ ਕੋਈ ਵੱਡੀ ਚੋਣ ਹੋਣ ਜਾ ਰਹੀ ਹੁੰਦੀ ਹੈ ਤਾਂ ਵੋਟਰਾਂ ਦਾ ਧਰੁਵੀਕਰਨ ਕਰਨ ਹਿਤ ਸਮਾਜ ਦੇ ਕਿਸੇ ਨਾ ਕਿਸੇ ਵਰਗ ਨੂੰ ਹਿੰਸਾ ਦੀ ਭੱਠੀ ਵਿੱਚ ਝੋਕ ਦਿੱਤਾ ਜਾਂਦਾ ਹੈ। ਦਿੱਲੀ, ਮੁੰਬਈ, ਸਹਾਰਨਪੁਰ, ਅਯੁੱਧਿਆ, ਗੋਧਰਾ ਆਦਿ ਦੇ ਬਸ਼ਿੰਦੇ ਵੱਖ-ਵੱਖ ਸਮਿਆਂ ’ਤੇ ਸੰਪਰਦਾਇਕਤਾ ਨੂੰ ਝੇਲ ਚੁੱਕੇ ਹਨ। ਪਿਛਲੇ ਤਿੰਨ ਸਾਲਾਂ ਤੋਂ ਰਾਜ-ਸੁਰੱਖਿਆ ਮਿਲਣ ਕਰਕੇ ਸਮੂਹਿਕ ਸੰਪਰਦਾਇਕਤਾ ਦੀ ਬਜਾਇ ਇੱਕ ਖਾਸ ਘੱਟ-ਗਿਣਤੀ ਵਰਗ ਦੇ ਲੋਕਾਂ ਨੂੰ ਇਕੱਲੇ-ਇਕੱਲੇ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਫਰਾਜ਼ੁਲ ਹੱਤਿਆ ਕਾਂਡ ਸਾਡੇ ਸਮਾਜ ਵਿੱਚ ਵਧਦੀ ਜਾ ਰਹੀ ਤਾਲੀਬਾਨੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ। ਕੁਝ ਸਮਾਂ ਪਹਿਲਾਂ ਜਦੋਂ ਟੀ.ਵੀ. ਚੈਨਲਾਂ ਉੱਪਰ ਚਲਦੀਆਂ ਖਬਰਾਂ ਵਿੱਚ ਗੁਆਂਢੀ ਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਕਰੂਰਤਾ ਵੇਖਦੇ ਸੀ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਸੀ ਅਤੇ ਸੋਚਣ ਲਈ ਮਜਬੂਰ ਹੋ ਜਾਂਦੇ ਸੀ ਕਿ ਕਿਸੇ ਦੇ ਮਨ ਵਿੱਚ ਏਨੀ ਦਰਿੰਦਗੀ ਕਿੰਝ ਹੋ ਸਕਦੀ ਹੈ? ਉਸ ਸਮੇਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਸੀ ਕਿ ਅਸੀਂ ਸਭਿਅਕ ਸਮਾਜ ਵਿੱਚ ਜੀਅ ਰਹੇ ਹਾਂ। ਪਰ ਅੱਜ ਜਦੋਂ ਦਰਖਤਾਂ ਉੱਪਰ ਵੀ ਕੁਹਾੜੀ ਚੱਲਣ ਤੋਂ ਰੁਕਵਾਉਣ ਲਈ ਜੱਦੋਜਹਿਦ ਹੋ ਰਹੀ ਹੈ, ਉਸ ਸਮੇਂ ਜਿਉਂਦੇ-ਜਾਗਦੇ ਇਨਸਾਨ ਨੂੰ ਕੁਹਾੜੀ ਨਾਲ ਮਾਰਨ ਉਪਰੰਤ ਸਾੜ ਕੇ ਵੀਡੀਉ ਬਣਾਉਣਾ ਸਮਾਜ ਦੇ ਗਰਕਣ ਵੱਲ ਸੰਕੇਤ ਕਰਦਾ ਹੈ।

ਹਿੰਦੁਸਤਾਨ ਇੱਕ ਅਜਿਹਾ ਦੇਸ਼ ਹੈ, ‘ਬਹੁਲਵਾਦ’ ਜਿਸ ਦਾ ਅਨਿੱਖੜਵਾਂ ਅੰਗ ਹੈ। ਜੇਕਰ ਕਿਸੇ ਇੱਕ ਖਾਸ ਵਰਗ ਦੇ ਕੁੱਝ ਅਨਸਰ ਇਹ ਸੋਚਦੇ ਹਨ ਕਿ ਉਹ ਹੀ ਅਸਲੀ ਦੇਸ਼ ਭਗਤ ਹਨ ਤਾਂ ਉਹ ਵਹਿਮ ਵਿੱਚ ਹਨ। ਹਿੰਦੁਸਤਾਨ ਆਪਣੇ ਆਪ ਵਿੱਚ ਇੱਕ ਅਜਿਹੇ ਗੁਲਦਸਤੇ ਦਾ ਨਾਮ ਹੈ ਜਿਸ ਨੂੰ ਵੱਖ-ਵੱਖ ਧਰਮਾਂ, ਜਾਤੀਆਂ ਦੇ ਲੋਕਾਂ ਨੇ ਬੜੀਆਂ ਸ਼ਿੱਦਤਾਂ ਨਾਲ ਮਹਿਕਾਇਆ ਹੈ। ਭਾਰਤ ਜੋ ਸਮੁੱਚੀ ਦੁਨੀਆਂ ਨੂੰ ਸ਼ਾਂਤੀ ਅਤੇ ਸਹਿਹੋਂਦ ਦਾ ਸੁਨੇਹਾ ਦੇਣ ਵਿੱਚ ਮੋਹਰੀ ਰਿਹਾ ਹੈ, ਬਦਕਿਸਮਤੀ ਨਾਲ ਅਰਾਜਕਤਾ ਦੀ ਦਲਦਲ ਵਿਚ ਧਕੇਲਿਆ ਜਾ ਰਿਹਾ ਹੈ। ਘੱਟ-ਗਿਣਤੀਆਂ ਇਸ ਵੇਲੇ ਸਹਿਮੀਆਂ ਹੋਈਆਂ ਹਨ। ਪਹਿਲਾਂ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਰਕਾਰ ਵੱਲੋਂ ਉਚਿਤ ਕਾਰਵਾਈ ਨਾ ਕਰਨ ਕਰਕੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਲਮ ਹੈ ਕਿ ਕੱਟੜ ਸੰਸਥਾਵਾਂ ਦੇ ਦਬਾਅ ਕਾਰਨ ਉਨ੍ਹਾਂ ਨੂੰ ਖੁੱਲ੍ਹੇਆਮ ਛੱਡ ਦਿੱਤਾ ਜਾਵੇਗਾ। ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇ ਪਰ ਜੇਕਰ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਮੁੱਦੇ ਤੇ ਲਗਾਤਾਰ ਨਾਕਾਮ ਹੁੰਦੇ ਰਹੇ ਅਤੇ ਫਿਰਕੂ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸਮਾਜ ਇੱਕ ਖਤਰਨਾਕ ਗ੍ਰਹਿ-ਯੁੱਧ ਦਾ ਸ਼ਿਕਾਰ ਹੋ ਜਾਵੇਗਾ।

*****

(933)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੰਦੀਪ ਅਰੋੜਾ

ਸੰਦੀਪ ਅਰੋੜਾ

Phone: (91 - 95010 - 20410)
Email: (sandeep.pacca@gmail.com)