SandeepArora7ਜਦੋਂ ਤੱਕ ਅਸੀਂ ਸਿੱਖਿਅਤ ਹੋ ਕੇ ਸਹੀ-ਗਲਤ ਦੀ ਪਛਾਣ ਕਰਨਾ ਨਹੀਂ ਸਿੱਖਦੇ ਅਤੇ ਪਿਛਲਗੂ ਬਣਨ ਦੀ ਆਦਤ ਨਹੀਂ ਛੱਡਦੇ ...
(16 ਅਕਤੂਬਰ 2017)

 

ਮੱਧਕਾਲੀਨ ਯੁੱਗ ਦੌਰਾਨ ਜਦੋਂ ਹਿੰਦੂ ਧਰਮ ਆਪਣੇ ਅਨੁਯਾਈਆਂ ਦੀਆਂ ਅਧਿਆਤਮਿਕ ਲੋੜਾਂ ਦੀ ਪੂਰਤੀ ਕਰਨ ਵਿੱਚ ਅਸਫਲ ਹੋ ਗਿਆ ਤਾਂ ਹਿੰਦੂ ਧਰਮ ਦੀਆਂ ਕਈ ਸੰਪਰਦਾਵਾਂ ਨੇ ਜਨਮ ਲਿਆ। ਇਨ੍ਹਾਂ ਸੰਪਰਦਾਵਾਂ ਦੇ ਵਿਕਾਸ ਉਪਰੰਤ ਸੰਤ ਰਾਮਾਨੁਜ, ਰਾਮਾਨੰਦ, ਕਬੀਰ, ਨਾਮਦੇਵ, ਗੁਰੂ ਨਾਨਕ ਦੇਵ, ਰਵੀਦਾਸ, ਮੀਰਾ ਬਾਈ, ਚੈਤੰਨਯ ਮਹਾਪ੍ਰਭੂ ਦੀ ਅਗਵਾਈ ਵਿੱਚ ਭਗਤੀ ਲਹਿਰ ਉਪਜੀ। ਭਗਤੀ ਲਹਿਰ ਦੇ ਸੰਤਾਂ ਨੇ ਪ੍ਰਚਲਿਤ ਰੀਤੀ ਰਿਵਾਜਾਂ ਨੂੰ ਨਕਾਰਿਆ। ਭਗਤੀ ਲਹਿਰ ਦੇ ਵਿਕਾਸ ਕਰਦੇ ਸਮੇਂ ਸਿੱਖ ਧਰਮ ਦੀ ਉਤਪਤੀ ਹੋਈ। ਆਧੁਨਿਕ ਯੁੱਗ ਵਿੱਚ ਹਿੰਦੂ-ਸਿੱਖ ਧਰਮ ਵਿੱਚ ਆਈਆਂ ਖਾਮੀਆਂ ਦੇ ਸਿੱਟੇ ਵਜੋਂ ਉੱਤਰੀ ਭਾਰਤ ਵਿੱਚ ਡੇਰਾਵਾਦ ਦਾ ਯੁੱਗ ਸ਼ੁਰੂ ਹੋਇਆ। ਜਿਹੜੇ ਲੋਕ ਪ੍ਰਚਲਿਤ ਰੀਤੀ ਰਿਵਾਜਾਂ ਤੋਂ ਅਸੰਤੁਸ਼ਟ ਸਨ, ਉਨ੍ਹਾਂ ਨਵੇਂ ਡੇਰਿਆਂ ਵੱਲ ਮੁਹਾਰ ਕਰ ਲਈ। ਡੇਰਿਆਂ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਵਿੱਚੋਂ ਆਰਥਿਕ-ਸਮਾਜਿਕ ਤੌਰ ’ਤੇ ਪਿਛੜੇ ਵਰਗ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ। ਪ੍ਰਚਲਿਤ ਵਿਵਸਥਾ ਵਿੱਚ ਉਸ ਵਰਗ ਦੀ ਪੁੱਛ-ਪੜਤਾਲ ਨਾ ਹੋਣ ਕਾਰਨ ਉਹ ਵੱਖ-ਵੱਖ ਡੇਰਿਆਂ ਦੀ ਸੰਗਤ ਵਿੱਚ ਜੁੜ ਗਿਆ ਅਤੇ ਆਪਣੇ ਆਪ ਨੂੰ ਇਹ ਵਰਗ ਡੇਰਿਆਂ ਵਿੱਚ ਅਸਰ-ਰਸੂਖ ਵਾਲਾ ਮੰਨਣ ਲੱਗਾ। ਡੇਰਾਵਾਦ ਨੂੰ ਹੁਣ ਪੈਸੇ ਵਾਲੇ ਭਗਤਾਂ ਦੀ ਵੀ ਲੋੜ ਸੀ ਅਤੇ ਵਪਾਰੀ ਵਰਗ ਵੀ ਡੇਰਾਵਾਦ ਦੇ ਵਧਦੇ ਪ੍ਰਭਾਵ ਤੋਂ ਪ੍ਰਭਾਵਿਤ ਸੀ। ਵਪਾਰੀ ਵਰਗ ਨੇ ਵੀ ਮੌਕਾ ਸੰਭਾਲਦਿਆਂ ਡੇਰਿਆਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤਾਂ ਜੋ ਸੰਗਤ ਨਾਲ ਸੰਬੰਧ ਵਧਣ ਕਾਰਨ ਉਨ੍ਹਾਂ ਦਾ ਵਪਾਰ ਪ੍ਰਫੁਲਿਤ ਹੋਵੇ। ਡੇਰਾਵਾਦ ਵਧਣ ਦਾ ਅਗਲਾ ਕਾਰਨ ਸਾਡੇ ਸਮਾਜ ਵਿੱਚ ਲੜਕੇ ਦੇ ਪੈਦਾ ਹੋਣ ਦੀ ਤਾਂਘ ਵੀ ਹੈ। ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਘਰ ਲੜਕੇ ਦਾ ਜਨਮ ਹੋਵੇ ਅਤੇ ਵਿਗਿਆਨਿਕ ਸੂਝ-ਬੂਝ ਦੀ ਘਾਟ ਕਾਰਨ ਲੜਕੇ ਨੂੰ ਪ੍ਰਮਾਤਮਾ ਦੀ ਦਾਤ ਮੰਨਿਆ ਜਾਂਦਾ ਹੈ। ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਔਰਤ ਵਰਗ ਨੇ ਪ੍ਰਮਾਤਮਾ ਦੇ ਅਖੌਤੀ ਦੂਤਾਂ ਦੀ ਤਰੱਕੀ ਵਿੱਚ ਵੱਧ-ਚੜ੍ਹਕੇ ਯੋਗਦਾਨ ਪਾਇਆ ਹੈ।

ਸਮਾਂ ਬੀਤਣ ’ਤੇ ਵੱਖ-ਵੱਖ ਡੇਰੇ ਹੋਂਦ ਵਿੱਚ ਆਉਣ ਕਾਰਨ ਡੇਰਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੋਈ ਅਤੇ ਇੱਕ-ਦੂਜੇ ਤੋਂ ਵੱਧ ਪ੍ਰਭਾਵ ਛੱਡਣ ਦੀ ਦੌੜ ਵਿੱਚ ਡੇਰਿਆਂ ਨੇ ਆਪਣੇ ਕਾਰਜ ਖੇਤਰ ਨੂੰ ਧਾਰਮਿਕ ਅਗਵਾਈ ਦੇ ਨਾਲ-ਨਾਲ ਸਮਾਜਿਕ ਕਲਿਆਣ ਵੱਲ ਵਧਾਉਣਾ ਸ਼ੁਰੂ ਕਰ ਦਿੱਤਾ। ਡੇਰਾ ਪ੍ਰਬੰਧਕਾਂ ਨੇ ਵੱਧ ਤੋਂ ਵੱਧ ਅਨੁਯਾਈ ਬਣਾਉਣ ਲਈ ਲੜਕੀਆਂ ਦੇ ਵਿਆਹ, ਖੂਨ-ਦਾਨ ਕੈਂਪ, ਸਿੱਖਿਆ-ਪ੍ਰਸਾਰ ਲਈ ਸਕੂਲ-ਕਾਲਜ, ਸਫਾਈ ਮੁਹਿੰਮਾਂ, ਰੁੱਖ-ਲਗਾਉ ਮੁਹਿੰਮਾਂ ਸ਼ੁਰੂ ਕੀਤੀਆਂ ਅਤੇ ਇਸ ਜੁਗਤ ਦਾ ਨਤੀਜਾ ਵੀ ਸਾਰਥਕ ਰੂਪ ਵਿੱਚ ਮਿਲਿਆ। ਪੰਜਾਬ-ਹਰਿਆਣਾ ਵਿੱਚ ਤਾਂ ਕਰੋੜਾਂ ਲੋਕ ਡੇਰਿਆਂ ਵੱਲ ਆਕਰਸ਼ਿਤ ਹੋ ਗਏ। ਅਨੁਯਾਈਆਂ ਦੀ ਵੱਧ ਗਿਣਤੀ ਵੇਖ ਕੇ ਹੋਰ ਨਵੇਂ ਡੇਰੇ ਖੁੰਬਾਂ ਵਾਂਗ ਹੋਂਦ ਵਿੱਚ ਆ ਗਏ। ਇੱਕ ਅਨੁਮਾਨ ਅਨੁਸਾਰ ਸਾਡੇ ਸਮਾਜ ਵਿੱਚ 9000 ਤੋਂ ਵੱਧ ਡੇਰਿਆਂ ਦੀ ਸਥਾਪਨਾ ਹੋ ਚੁੱਕੀ ਹੈ। ਦਲਿਤ ਵਰਗ ਦੇ 32 ਫੀਸਦੀ ਲੋਕ ਆਪਣੇ ਪਿਤਰੀ ਧਰਮਾਂ ਨੂੰ ਅਲਵਿਦਾ ਕਹਿ ਕੇ ਕਿਸੇ ਨਾ ਕਿਸੇ ਡੇਰੇ ਨਾਲ ਜੁੜ ਚੁੱਕੇ ਹਨ। ਡੇਰਿਆਂ ਪ੍ਰਤੀ ਅੰਨ੍ਹੀ ਸ਼ਰਧਾ ਹੋਣ ਕਰਕੇ ਅਨੁਯਾਈ ਡੇਰਿਆਂ ਲਈ ਆਪਣਾ ਸਾਰਾ ਘਰ-ਬਾਰ ਝੋਕ ਦਿੰਦੇ ਹਨ। ਆਪਣੇ ਚੇਲੇ-ਬਾਲਕਾਂ ਦੀ ਅਥਾਹ ਸ਼ਰਧਾ ਨੂੰ ਵੇਖ ਕੇ ਡੇਰਾ ਪ੍ਰਬੰਧਕਾਂ ਨੇ ਪਿਛਲੇ 20-25 ਸਾਲਾਂ ਵਿੱਚ ਡੇਰਿਆਂ ਦੇ ਸਰੂਪ ਨੂੰ ਹੀ ਬਦਲ ਦਿੱਤਾ ਹੈ। ਹੁਣ ਡੇਰੇ ਮਨੁੱਖ ਦੀ ਅਧਿਆਤਮਕ ਸੰਤੁਸ਼ਟੀ ਦੀ ਘੱਟ ਅਤੇ ਪਦਾਰਥਕ ਲੋੜਾਂ ਦੀ ਵੱਧ ਪੂਰਤੀ ਕਰਨ ਦਾ ਸਾਧਨ ਬਣ ਗਏ ਹਨ। ਡੇਰਿਆਂ ਨੇ ਆਪਣੇ ਪਿੱਛੇ ਲੱਗੀ ਸੰਗਤ ਨੂੰ ਮੰਡੀ ਦਾ ਰੂਪ ਦੇ ਦਿੱਤਾ ਹੈ। ਸਭ ਤੋਂ ਪਹਿਲਾਂ ਪ੍ਰਸ਼ਾਦ, ਧਾਰਮਿਕ ਪੁਸਤਕਾਂ ਅਤੇ ਤਸਵੀਰਾਂ ਆਦਿ ਨੂੰ ਸੰਗਤ ਰੂਪੀ ਮੰਡੀ ਵਿੱਚ ਉਤਾਰਿਆ ਜਾਂਦਾ ਹੈਫੇਰ ਕਾਰ ਸੇਵਾ ਅਤੇ ਸਮਾਜਿਕ ਭਲਾਈ ਦੇ ਨਾਂ ’ਤੇ ਸ਼ਰਧਾਲੂਆਂ ਪਾਸੋਂ ਕੇਵਲ ਸਰੀਰਕ ਅਤੇ ਮਾਇਕ ਸਹਾਇਤਾ ਹੀ ਨਹੀਂ ਲਈ ਜਾਂਦੀ, ਸਗੋਂ ਜਮੀਨਾਂ ਵੀ ਡੇਰਿਆਂ ਦੇ ਨਾਂ ’ਤੇ ਕਰਵਾ ਲਈਆਂ ਜਾਂਦੀਆਂ ਹਨ। ਆਸਥਾ ਦੇ ਨਾਂ ਤੇ ਸ਼ਰਧਾਲੂਆਂ ਦੀ ਲੁੱਟ ਇੱਥੇ ਹੀ ਨਹੀਂ ਰੁਕਦੀ ਸਗੋਂ ਡੇਰੇ ਪੂਰੀ ਤਰ੍ਹਾਂ ਸਥਾਪਿਤ ਹੋਣ ਉਪਰੰਤ ਡੇਰਾ ਪ੍ਰਬੰਧਕਾਂ ਵੱਲੋਨ ਵੱਖ-ਵੱਖ ਉਤਪਾਦ ਬਾਜ਼ਾਰ ਵਿੱਚ ਉਤਾਰ ਦਿੱਤੇ ਜਾਂਦੇ ਹਨ। ਇਹਨਾਂ ਉਤਪਾਦਾਂ ਨੂੰ ਬਿਨਾਂ ਪਰਖੇ ਅਨੁਯਾਈਆਂ ਵੱਲੋਂ ਧੜਾਧੜ ਖਰੀਦਿਆ ਜਾਂਦਾ ਹੈ ਅਤੇ ਸੰਬੰਧਿਤ ਡੇਰੇ ਨੂੰ ਬਿਨਾਂ ਮਾਰਕਟਿੰਗ ਦਾ ਤਰਦੱਦ ਕੀਤੇ ਹੀ ਬਹੁਤ ਵੱਡੀ ਮਾਤਰਾ ਵਿੱਚ ਗ੍ਰਾਹਕਾਂ ਦੀ ਮੰਡੀ ਮਿਲ ਜਾਂਦੀ ਹੈ।

ਗੁਜਰਾਤ ਦੇ ਮਸ਼ਹੂਰ ਬਾਪੂ ਆਸਾਰਾਮ ਨੂੰ 2013 ਵਿੱਚ ਜਦੋਂ ਸਰੀਰਕ ਸ਼ੋਸ਼ਣ ਦੇ ਦੋਸ਼ ਵੱਚ ਗ੍ਰਿਫਤਾਰ ਕਰਨ ਉਪਰੰਤ ਜਾਂਚ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਅਥਾਹ ਸੰਪਤੀ ਦਾ ਮਾਲਕ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਿਕ ਉਸਦੇ ਖਾਤੇ ਅਤੇ ਦੂਸਰੇ ਨਿਵੇਸ਼ ਜਿਵੇਂ ਸ਼ੇਅਰ, ਡਿਬੈਂਚਰ, ਬਾਂਡ ਆਦਿ ਦੀ ਕੁੱਲ ਸੰਪਤੀ ਦਸ ਹਜ਼ਾਰ ਕਰੋੜ ਸੀ। ਇਸ ਰਿਪੋਰਟ ਅਨੁਸਾਰ ਇਸ ਸੰਪਤੀ ਵਿੱਚ ਉਸਦੀ ਜ਼ਮੀਨ ਸ਼ਾਮਿਲ ਨਹੀਂ ਸੀ। ਕੇਵਲ ਗੁਜਰਾਤ ਦੇ 10 ਜ਼ਿਲ੍ਹਿਆਂ ਵਿੱਚ 45 ਸਥਾਨਾਂ ’ਤੇ ਅਤੇ ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਉਸਨੇ 33 ਸਥਾਨਾਂ ’ਤੇ ਜ਼ਮੀਨ ਖਰੀਦ ਰੱਖੀ ਸੀ। ਆਸਾਰਾਮ ਦੇ ਆਸ਼ਰਮ ਦੇ ਨਾਂ ਹੇਠ ਹਰ ਸਾਲ 350 ਕਰੋੜ ਦਾ ਵਪਾਰ ਹੁੰਦਾ ਸੀ।

ਬਾਪੂ ਆਸਾਰਾਮ ਦੇ ਮੁਕਾਬਲੇ ਵਿੱਚ ਵਪਾਰ ਕਰਨ ਲਈ ਉੱਤਰਿਆ ਰਿਸ਼ੀਕੇਸ਼ ਦਾ ਯੋਗੀ ਬਾਬਾ ਰਾਮਦੇਵ। ਬਾਬਾ ਰਾਮਦੇਵ ਨੇ ਵਪਾਰ ਸ਼ੁਰੂ ਕਰਦੇ ਸਾਰ ਹੀ ਬੜੇ ਸੁਨਿਯੋਜਿਤ ਤਰੀਕੇ ਨਾਲ ਸਵਦੇਸ਼ੀ ਅਤੇ ਕਾਲੇ ਧਨ ਦਾ ਮੁੱਦਾ ਜਨਤਾ ਅੱਗੇ ਲਿਆਂਦਾ ਤਾਂ ਜੋ ਉਸਦੀਆਂ ਪਤੰਜਲੀ ਅਯੁਰਵੇਦ ਅਤੇ ਦਿਵਯ ਫਾਰਮੇਸੀ ਕੰਪਨੀਆਂ ਵਿਦੇਸ਼ੀ ਕੰਪਨੀਆਂ ਦੇ ਮੁਕਾਬਲੇ ਵਿੱਚ ਟਿਕ ਸਕਣ। ਯੋਗ ਮਾਹਿਰ ਹੋਣ ਕਾਰਨ ਬਾਬਾ ਰਾਮਦੇਵ ਪੂਰੇ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਯੋਗ ਕਰਵਾਉਣ ਲਈ ਕੈਂਪ ਲਗਾਉਂਦਾ ਹੈ। ਇੱਕ-ਇੱਕ ਕੈਂਪ ਦੀ ਫੀਸ ਲੱਖਾਂ ਵਿੱਚ ਵਸੂਲ ਕੀਤੀ ਜਾਂਦੀ ਹੈ। ਬਾਬਾ ਰਾਮਦੇਵ ਨੇ ਪਹਿਲਾਂ ਯੋਗ ਦੇ ਨਾਂ ’ਤੇ ਆਪਣੇ ਚੇਲੇ ਤਿਆਰ ਕੀਤੇ ਅਤੇ ਇਨ੍ਹਾਂ ਚੇਲਿਆਂ ਨੂੰ ਹੁਣ ਗ੍ਰਾਹਕ ਦੇ ਤੌਰ ’ਤੇ ਅਤੇ ਆਪਣੇ ਉਤਪਾਦ ਦੀ ਮਸ਼ਹੂਰੀ ਕਰਨ ਦੇ ਤੌਰ ’ਤੇ ਵਰਤ ਰਿਹਾ ਹੈ ਜਦ ਕਿ ਚੇਲੇ ਇਸ ਨੂੰ ਸੇਵਾ ਦੇ ਤੌਰ ’ਤੇ ਸਮਝਦੇ ਹਨ। ਵਿੱਤੀ ਵਰ੍ਹੇ 2009-10 ਦੌਰਾਨ ਬਾਬੇ ਦੀ ਕੰਪਨੀ ਨੇ ਮਹਿਜ਼ 163 ਕਰੋੜ ਰੁਪਏ ਤੋਂ ਵਪਾਰ ਸ਼ੁਰੂ ਕੀਤਾ ਸੀ ਜੋ ਕਿ 2015-16 ਵਿੱਚ 5 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਤੋਂ ਅਗਲੇ ਸਾਲਾਂ ਰਾਮਦੇਵ ਦੀਆਂ ਕੰਪਨੀਆਂ ਦੇ ਸਾਲਾਨਾ ਵਪਾਰ ਵਿੱਚ ਜਬਰਦਸਤ ਉਛਾਲ ਵੇਖਣ ਨੂੰ ਮਿਲਿਆ। ਸਾਲ 2016-17 ਵਿੱਚ 10,561 ਕਰੋੜ ਦਾ ਵਪਾਰ ਹੋਇਆ, ਜਿਸ ਨੂੰ ਬਾਬਾ ਰਾਮਦੇਵ ਚਾਲੂ ਵਿੱਤੀ ਵਰ੍ਹੇ ਦੌਰਾਨ 20 ਹਜ਼ਾਰ ਕਰੋੜ ਕਰਨਾ ਚਾਹੁੰਦਾ ਹੈ।

ਹੁਣ ਗੱਲ ਕਰੀਏ ਪਿਛਲੇ ਹਫਤੇ ਪੰਜਾਬ ਹਰਿਆਣਾ ਵਿਚ ਜ਼ਿੰਦਗੀ ਰੋਕ ਦੇਣ ਵਾਲੇ ਡੇਰਾ ਮੁੱਖੀ ਗੁਰਮੀਤ ਸਿੰਘ ਰਾਮ ਰਹੀਮ ਦੀ, ਜਿਸਨੇ ਬਾਬੇ ਰਾਮਦੇਵ ਅਤੇ ਬਾਪੂ ਆਸਾਰਾਮ ਦੇ ਵਪਾਰ ਨੂੰ ਵੱਡੀ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ। ਸਿਰਸਾ ਵਿੱਚ 700 ਏਕੜ ਵਿੱਚ ਬਣਾਏ ਡੇਰੇ ਨੇ ਬਾਜ਼ਾਰ ਵਿੱਚ ਵੱਖ-ਵੱਖ ਉਤਪਾਦ ਉਤਾਰਨ ਤੋਂ ਇਲਾਵਾ ਪੰਜ ਸਿਤਾਰਾ ਹੋਟਲ, ਫਿਲਮੀ ਸਿਟੀ ਸੈਂਟਰ, ਕਸ਼ਿਸ਼ ਰੈਸਟੋਰੈਂਟ, ਮਾਹੀ ਸਿਨੇਮਾ, ਸ਼ਾਪਿੰਗ ਕੰਪਲੈਕਸ, ਸਕੂਲ, ਕਾਲਜ ਅਤੇ 250 ਤੋਂ ਵੱਧ ਆਸ਼ਰਮ ਖੋਲ੍ਹ ਦਿੱਤੇ। ਡੇਰਾ ਸੱਚਾ ਸੌਦਾ ਦੇ ਗੁਰਮੀਤ ਸਿੰਘ ਦੀ ਰੋਜ਼ਾਨਾ ਆਮਦਨ 16 ਲੱਖ ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਇਨ੍ਹਾਂ ਨੂੰ ਆਮਦਨ ਕਰ ਕਾਨੂੰਨ 1961 ਦੀ ਧਾਰਾ 10(23) ਦੇ ਤਹਿਤ ਕਰ ਤੋਂ ਛੋਟ ਮਿਲੀ ਹੋਈ ਹੈ।

ਇਸ ਤੋਂ ਇਲਾਵਾ ਬਾਕੀ ਸੰਤਾਂ ਡੇਰਿਆਂ ਦੀ ਸੰਪਤੀ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਕੁਝ ਸਾਲ ਪਹਿਲਾਂ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਾਥਿਆ ਸਾਂਈ ਬਾਬਾ 40,000 ਕਰੋੜ ਦੀ ਸੰਪਤੀ ਇਕੱਠੀ ਕਰਕੇ ਖਾਲੀ ਹੱਥ ਤੁਰਿਆ। ਨਿਰਮਲ ਬਾਬੇ ਨੇ ਲੋਕਾਂ ਦੀਆਂ ਵੰਨ-ਸੁਵੰਨੀਆਂ ਸਮੱਸਿਆਵਾਂ ਨੂੰ ਹਾਸੋਹੀਣੇ ਤਰੀਕਿਆਂ ਨਾਲ ਹੱਲ ਕਰਨ ਦੀ ਆੜ ਵਿੱਚ 238 ਕਰੋੜ ਦੀ ਸੰਪਤੀ ਕੁਝ ਕੁ ਸਾਲਾਂ ਵਿੱਚ ਹੀ ਬਣਾ ਲਈ। ਇਸੇ ਤਰ੍ਹਾਂ ਹੀ ਤਾਮਿਲ ਇਸਾਈ ਪ੍ਰਚਾਰਕ ਪਾਲ ਦਿਨਾਕਰ 5000 ਕਰੋੜ ਦੀ ਸੰਪਤੀ ਦਾ ਮਾਲਕ ਬਣਿਆ ਬੈਠਾ ਹੈ। ਕੇਰਲ ਦੀ ਅਮ੍ਰਿਤਾਨੰਦਮਾਈ ਦੀ ਇੱਕ ਸਾਧਵੀ ਜੋ ‘ਅੰਮਾ’ ਦੇ ਨਾਂ ਨਾਲ ਮਸ਼ਹੂਰ ਹੈ, ਉਸਦੇ 3 ਕਰੋੜ ਤੋ ਵੱਧ ਉਪਾਸ਼ਕ ਮੰਨੇ ਜਾਂਦੇ ਹਨ। ਇਹ ‘ਅੰਮਾ’ 1700 ਕਰੋੜ ਦੀ ਸੰਪਤੀ ਦੀ ਮਾਲਕ ਹੈ। ‘ਟਰਾਂਸਡੈਂਟਲ ਮੈਡੀਟੇਸ਼ਨ ਪ੍ਰੋਗਰਾਮ’ ਦਾ ਸੰਸਥਾਪਕ ਮਹਾਰਿਸ਼ੀ ਮਹੇਸ਼ ਯੋਗੀ ਜੀ 250 ਕਰੋੜ ਦੀ ਸੰਪਤੀ ਕਬਜ਼ੇ ਵਿਚ ਕਰੀ ਬੈਠਾ ਹੈ। ਭਗਵਾਨ ਕ੍ਰਿਸ਼ਨ ਦਾ ਉਪਾਸ਼ਕ ਮੰਨਿਆ ਜਾਣ ਵਾਲਾ ਮੁਰਾਰੀ ਬਾਪੂ 300 ਕਰੋੜ ਤੋਂ ਵੱਧ ਮਾਇਆ ਇੱਕਠੀ ਕਰ ਚੁੱਕਾ ਹੈ। ਇਸੇ ਤਰ੍ਹਾਂ ਆਰਟ ਆਫ ਲੀਵਿੰਗ ਦਾ ਸ੍ਰੀ ਸ੍ਰੀ ਰਵੀ ਸ਼ੰਕਰ ਆਪਣਾ ਪ੍ਰਭਾਵ 154 ਦੇਸ਼ਾਂ ਵਿੱਚ 300 ਮਿਲੀਅਨ ਲੋਕਾਂ ਨੂੰ ਸ਼ਰਧਾਲੂ ਬਣਾਈ ਬੈਠਾ ਹੈ ਅਤੇ ਉਸਦੀ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਸਿੱਖਿਆਂ ਸੰਸਥਾਵਾਂ ਅਤੇ ਫਾਰਮੇਸੀ ਅਤੇ ਸਿਹਤ ਕੇਦਰਾਂ ਰਾਹੀਂ 1000 ਕਰੋੜ ਦਾ ਸਲਾਨਾ ਕਾਰੋਬਾਰ ਕੀਤਾ ਜਾਂਦਾ ਹੈ।

ਪੰਜਾਬ ਵਿਚਲੇ ਡੇਰਿਆਂ ’ਤੇ ਨਜਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਡੇਰੇ ਦੋ ਧਿਰਾਂ ਵਿੱਚ ਵੰਡੇ ਹੋਏ ਹਨ। ਪਹਿਲੀ ਧਿਰ ਵਿੱਚ ਉਹ ਡੇਰੇ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਸਲ ਗੁਰੂ ਮੰਨਦੇ ਹਨ। ਇਨ੍ਹਾਂ ਡੇਰਿਆਂ ਦੇ ਬਹੁਤੇ ਮੁੱਖੀ ਜੱਟ ਸਿੱਖ ਜਾਤ ਨਾਲ ਹੀ ਸੰਬੰਧਤ ਹਨ ਭਾਵੇਂ ਗੈਰ-ਜੱਟ ਅਤੇ ਦਲਿਤ ਲੋਕ ਇਨ੍ਹਾਂ ਡੇਰਿਆਂ ਵਿੱਚ ਸੇਵਾਦਾਰ, ਗ੍ਰੰਥੀ, ਰਾਗੀ ਆਦਿ ਸੇਵਾ ਕਰ ਰਹੇ ਹਨ। ਇਨ੍ਹਾਂ ਡੇਰਿਆਂ ਵਿੱਚੋਂ ਦਮਦਮੀ ਟਕਸਾਲ, ਡੇਰਾ ਨਾਨਕਸਰ, ਸੰਤ ਅਜੀਤ ਸਿੰਘ ਹੰਸਾਲੀ, ਸੰਤ ਦਇਆ ਸਿੰਘ ਸੁਰ ਸਿੰਘ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਆਦਿ ਪ੍ਰਮੁੱਖ ਹਨ। ਗੈਰ-ਸਿੱਖ ਡੇਰਿਆਂ ਵਿੱਚ ਉਹ ਡੇਰੇ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਮਨੁੱਖੀ ਸਖਸ਼ੀਅਤ ਨੂੰ ਆਪਣਾ ਗੁਰੂ ਮੰਨਦੇ ਹਨ। ਇਨ੍ਹਾਂ ਡੇਰਿਆਂ ਦੇ ਅਨੁਯਾਈ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਡੇਰਿਆਂ ਦੇ ਅਨੁਯਾਈ ਭਾਵੇਂ ਦਲਿਤ, ਪਿਛੜੀਆਂ ਸ਼੍ਰੇਣੀਆਂ ਦੇ ਅਤੇ ਜੱਟ ਸਿੱਖਾਂ ਵਿਚਲੇ ਆਰਥਿਕ ਤੌਰ ’ਤੇ ਕਮਜੋਰ ਲੋਕ ਹੀ ਹਨ ਪਰ ਗੁਰੂ ਇਨ੍ਹਾਂ ਵਿੱਚੋਂ ਵੀ ਉੱਚੀਆਂ ਜਾਤੀਆਂ ਨਾਲ ਹੀ ਸੰਬੰਧ ਰੱਖਦੇ ਹਨ। ਡੇਰਾ ਰਾਧਾ ਸਵਾਮੀ, ਡੇਰਾ ਸੱਚਾ ਸੌਦਾ, ਨਿਰੰਕਾਰੀ, ਨਾਮਧਾਰੀ ਦਿਵਯ ਜੋਤੀ ਸੰਸਥਾਨ, ਭਨਿਆਰਾ ਵਾਲਾ ਡੇਰਾ, ਡੇਰਾ ਸੱਚ ਖੰਡ ਆਦਿ ਗੈਰ-ਸਿੱਖ ਡੇਰਿਆਂ ਵਿੱਚੋਂ ਪ੍ਰਮੁੱਖ ਹਨ।

ਸਿਧਾਂਤਿਕ ਅਤੇ ਵਿਵਹਾਰਿਕ ਮਤਭੇਦਾਂ ਦੇ ਚੱਲਦੇ ਸਿੱਖ ਡੇਰਿਆਂ ਅਤੇ ਗੈਰ-ਸਿੱਖ ਡੇਰਿਆਂ ਵਿੱਚੋਂ ਸਮੇਂ-ਸਮੇਂ ’ਤੇ ਗਤੀਰੋਧ ਪੈਦਾ ਹੁੰਦੇ ਰਹੇ ਹਨ। ਜਿਵੇਂ 1978 ਈ: ਵਿੱਚ ਸਿੱਖਾਂ-ਨਿਰੰਕਾਰੀਆਂ ਵਿਚਕਾਰ ਹੋਈ ਹਿੰਸਾ ਵਿੱਚ 12 ਸਿੱਖ ਅਤੇ 3 ਨਿਰੰਕਾਰੀ ਮਾਰੇ ਗਏ। 1980 ਈ: ਵਿੱਚ ਨਿਰੰਕਾਰੀ ਗੁਰੂ ਗੁਰਬਚਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਇਸੇ ਤਰ੍ਹਾਂ ਪਿਆਰਾ ਸਿੰਘ ਭਨਿਆਰਾਵਾਲਾ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਜਾਏ ਨਵਾਂ ਧਾਰਮਿਕ ਗ੍ਰੰਥ ‘ਭਵਸਾਗਰ ਗ੍ਰੰਥ’ ਸ਼ੁਰੂ ਕੀਤਾ ਜਿਸ ਨਾਲ ਸਿੱਖਾਂ ਅਤੇ ਡੇਰੇ ਦੇ ਅਨੁਯਾਈਆਂ ਵਿੱਚ ਝਗੜੇ ਵਧ ਗਏ। 2006 ਈ: ਵਿੱਚ ਉਦਾਸੀ ਡੇਰਾ ਦੇ ਉਪਾਸ਼ਕਾਂ ਅਤੇ ਸਿੱਖਾਂ ਵਿਚਕਾਰ ਝੜਪਾਂ ਹੋਈਆਂ। ਸਾਲ 2007 ਈ: ਵਿੱਚ ਡੇਰਾ ਸੱਚ ਖੰਡ ਦੇ ਉਪਾਸ਼ਕਾਂ ਉੱਪਰ ਵਿਆਨਾ ਵਿੱਚ ਹਮਲੇ ਹੋਣ ਕਾਰਨ ਪੰਜਾਬ ਵਿੱਚ ਵੀ ਹਿੰਸਾ ਹੋਈ। ਡੇਰਾ ਸੱਚਾ ਸੌਦਾ ਮੁੱਖੀ ਨੇ 2007 ਈ: ਵਿੱਚ ਗੁਰੂ ਗੋਬਿੰਦ ਸਿੰਘ ਵਾਂਗ ਪੁਸ਼ਾਕ ਪਹਿਨ ਕੇ ਸਿੱਖ ਬਿਰਾਦਰੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਸਿੱਖ ਸੰਗਠਨਾਂ ਦੇ ਵਿਰੋਧ ਉਪਰੰਤ ਸਾਧ ਨੂੰ ਅਕਾਲ ਤਖਤ ਤੋਂ ਮੁਆਫੀ ਮੰਗਣੀ ਪਈ।

ਆਪਣੇ ਵਪਾਰਿਕ ਮੁਨਾਫੇ ਅਤੇ ਅੰਦਰੂਨੀ-ਬਾਹਰਲੇ ਕਲੇਸ਼ਾਂ ਨਾਲ ਨਜਿੱਠਣ ਲਈ ਡੇਰੇ ਰਾਜਨੀਤਿਕ ਗੰਢਤੁਪ ਵੀ ਕਰਦੇ ਹਨ। ਰਾਜਨੀਤਿਕ ਦਲ ਪਹਿਲਾਂ ਹੀ ਆਪਣਾ ਵੋਟ-ਅਧਾਰ ਵਧਾਉਣ ਲਈ ਡੇਰਿਆਂ ਵਿਚ ਹਾਜ਼ਰੀ ਭਰਨ ਦੀ ਤਾਂਘ ਵਿੱਚ ਰਹਿੰਦੇ ਹਨ। ਭਾਰਤੀ ਰਾਜਨੀਤੀ ਵਿੱਚ ਕਈ ਉਦਾਹਰਨਾਂ ਹਨ ਜਦੋਂ ਵੱਖ-ਵੱਖ ਡੇਰਿਆਂ ਨੇ ਵੱਖ-ਵੱਖ ਰਾਜਨੀਤਿਕ ਦਲਾਂ ਨੂੰ ਸਮਰਥਨ ਦਿੱਤਾ ਹੋਵੇ। ਚੰਦਰਾਸਵਾਮੀ ਜੋ ‘ਫੇਰਾ ਐਕਟ’ ਤਹਿਤ ਦੋਸ਼ੀ ਪਾਇਆ ਗਿਆ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿੰਮਾ ਰਾਓ ਦਾ ਰਾਜਨੀਤਿਕ ਗੁਰੂ ਸੀ। ਉਸ ਨੂੰ ਇੰਦਰਾ ਗਾਂਧੀ ਅਤੇ ਚੰਦਰ ਸ਼ੇਖਰ ਦੀ ਵੀ ਪੂਰੀ ਸ਼ਹਿ ਪ੍ਰਾਪਤ ਸੀ। ਬਾਪੂ ਆਸਾਰਾਮ ਦੇ ਆਸ਼ਰਮ ਵਿੱਚ ਰਾਸ਼ਟਰੀ ਪੱਧਰ ਦੇ ਅਨੇਕਾਂ ਨੇਤਾ ਅਸ਼ੀਰਵਾਦ ਪ੍ਰਾਪਤ ਕਰਦੇ ਵੇਖੇ ਗਏ ਹਨ। ਬਾਬਾ ਰਾਮ ਦੇਵ ਤਾਂ ਰਾਸ਼ਟਰਵਾਦ ਦੇ ਨਾਮ ’ਤੇ ਸ਼ਰੇਆਮ ਰਾਜਨੀਤੀ ਵਿੱਚ ਹਿੱਸਾ ਲੈਂਦਾ ਹੈ। ਡੇਰਾ ਸੱਚਾ ਸੌਦਾ ਵੀ ਪਿਛਲੇ 20 ਸਾਲਾਂ ਤੋਂ ਪੰਜਾਬ-ਹਰਿਆਣਾ ਰਾਜਾਂ ਵਿੱਚ ਪ੍ਰਤੱਖ-ਅਪ੍ਰਤੱਖ ਰੂਪ ਵਿੱਚ ਰਾਜਨੀਤੀ ਦਲਾਂ ਨਾਲ ਸਮਝੌਤੇ ਕਰਦਾ ਰਿਹਾ। ਡੇਰਾ ਸੱਚਖੰਡ ਨੇ 2012 ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਬਸਪਾ ਨੂੰ ਮਦਦ ਕਰਨ ਦਾ ਐਲਾਨ ਕੀਤਾ ਸੀ। ਭਨਿਆਰਾਵਾਲਾ ਡੇਰਾ ਭਾਵੇਂ ਕਦੇ ਕਿਸੇ ਦਲ ਦੀ ਮਦਦ ਨਹੀਂ ਕਰਦਾ ਪਰ ਉਸਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਕਾਲੀ ਦਲ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਜਾਵੇ। ਡੇਰਾ ਰਾਧਾ ਸੁਆਮੀ ਨੇ ਵੀ ਰਾਜਨੀਤਿਕ ਕੁਨਬੇ ਨਾਲ ਪਰਿਵਾਰਿਕ ਸੰਬੰਧ ਬਣਾ ਲਏ ਹਨ।

ਪੈਸੇ ਦੀ ਚਮਕ-ਦਮਕ, ਰਾਜਨੀਤਿਕ ਆਸਰੇ ਦੀ ਸ਼ਹਿ ਅਤੇ ਅਨੁਯਾਈਆਂ ਦੀ ਅਥਾਹ ਆਸਥਾ ਨੇ ਡੇਰਾਵਾਦ ਨੂੰ ਭ੍ਰਿਸ਼ਟ ਬਣਾ ਦਿੱਤਾ ਹੈ। ਡੇਰਾਵਾਦ ਵਿੱਚ ਔਰਤ ਦੇ ਕੋਮਲ ਮਨ ਅਤੇ ਵਿਸ਼ਵਾਸ ਨਾਲ ਖੇਡਣ ਦੀ ਭਿਅੰਕਰ ਕੁਰੀਤੀ ਪ੍ਰਬਲ ਹੋ ਗਈ ਹੈ। ਡੇਰਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿੱਚ ਔਰਤਾਂ ਦੇ ਸਰੀਰਕ ਸੋਸ਼ਣ ਦੀਆਂ ਕੋਈ ਇੱਕ-ਦੋ ਘਟਨਾਵਾਂ ਹੀ ਸਾਹਮਣੇ ਨਹੀਂ ਆਈਆਂ ਸਗੋਂ ਔਰਤ ਦੀ ਅਸਮਤ ਨਾਲ ਖੇਡਣ ਵਾਲੇ ਪਾਖੰਡੀਆਂ ਦੀ ਸੂਚੀ ਬਹੁਤ ਵੱਡੀ ਹੈ। ਪਿਛਲੇ ਕੁਝ ਅਰਸੇ ਵਿਚ ਰਾਸ਼ਟਰੀ ਪੱਧਰ ਤੇ ਜੋ-ਜੋ ਅਖੌਤੀ ਸਾਧ ਬੇਨਕਾਬ ਹੋਏ, ਉਹਨਾਂ ਦੀਆਂ ਕਰਤੂਤਾਂ ਪੜ੍ਹ ਕੇ ਰੂਹ ਕੰਬ ਉੱਠਦੀ ਹੈ। ਗੁਰਮੀਤ ਸਿੰਘ ਬਾਰੇ ਜੋ ਗੱਲਾਂ ਉਜਾਗਰ ਹੋ ਰਹੀਆਂ ਹਨ, ਉਹ ਜਾਣ ਕੇ ਹਰ ਕੋਈ ਅਸਚਰਜ ਹੁੰਦਾ ਹੈ ਕਿ ਸਾਰਾ ਦਿਨ ਦੂਸਰਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਮਨੁੱਖ ਇੰਨੇ ਨੀਚਪਣ ’ਤੇ ਵੀ ਉੱਤਰ ਸਕਦੇ ਹਨ? ਉਸ ਨੂੰ ਅਜੇ ਕੇਵਲ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੀ ਸਜ਼ਾ ਮਿਲੀ ਹੈ ਪਰ ਖਬਰੇ ਉਸਨੇ ਹੋਰ ਕਿੰਨੀਆਂ ਔਰਤਾਂ ਦੀ ਆਸਥਾ ਨੂੰ ਚਕਨਾਚੂਰ ਕੀਤਾ ਹੋਣਾ ਹੈ?

ਫਰਵਰੀ 2010 ਵਿਚ ਦੋ ਏਅਰ ਹੋਸਟੈੱਸ ਸਮੇਤ ਅੱਠ ਵਿਅਕਤੀਆਂ ਨੂੰ ਸੈਕਸ ਧੰਦੇ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਇਸ ਘਿਨੌਣੇ ਕਾਰੋਬਾਰ ਨੂੰ ਇੱਛਾਧਾਰੀ ਸੰਤ ਸਵਾਮੀ ਭੀਮਾਨੰਦ ਚਿਤਰਕੂਟ ਚਲਾ ਰਿਹਾ ਸੀ। ਜੂਨ-2012 ਵਿੱਚ ਬੰਗਲੋਰ ਦੇ ਇੱਕ ਹੋਰ ਸਾਧ ਨਿਤਯਾਨੰਦ ਪਰਮਾਹੰਸ ਨੂੰ ਆਪਣੀਆਂ ਚੇਲਣਾਂ ਦੇ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਬਾਪੂ ਆਸਾਰਾਮ ਆਪਣੇ ਆਸ਼ਰਮ ਵਿਚ ਦੋ ਲੜਕਿਆਂ ਦੀ ਹੱਤਿਆ ਅਤੇ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਸ ਦਾ ਲੜਕਾ ਨਰਾਇਣ ਸਾਈਂ 3 ਗਵਾਹਾਂ ਦੀ ਹੱਤਿਆ ਅਤੇ 7 ਹੋਰਾਂ ’ਤੇ ਜਾਨ ਲੇਵਾ ਹਮਲਾ ਕਰਨ ਦੀ ਸਾਜ਼ਿਸ਼ ਅਧੀਨ ਜੇਲ ਦੀ ਹਵਾ ਖਾ ਰਿਹਾ ਹੈ। ਸਵਾਮੀ ਉਮ ਚਰਿੱਤਰਹੀਣਤਾ ਦੀਆਂ ਸਾਰੀਆਂ ਸੀਮਾਵਾਂ ਪਾਰ ਕਰਦਾ ਹੋਇਆ ਨਗਨ ਅਵਸਥਾ ਵਿੱਚ ਲੜਕੀਆਂ ਨਾਲ ਚਲਿੱਤਰ ਕਰਦਾ ਵੇਖਿਆ ਜਾਂਦਾ ਹੈ। ਸਾਲ 2014 ਵਿੱਚ ਹਰਿਆਣਾ ਦਾ ਬਾਬਾ ਰਾਮਪਾਲ ਜਿਸ ’ਤੇ ਬਲਾਤਕਾਰ, ਹੱਤਿਆ, ਧੋਖਾਧੜੀ ਦਾ ਆਰੋਪ ਸੀ, ਨੂੰ ਗ੍ਰਿਫਤਾਰ ਕਰਨ ਲਈ 45 ਹਜ਼ਾਰ ਪੁਲਿਸ ਕਰਮੀਆਂ ਨੂੰ 14 ਦਿਨ ਮੁਸ਼ੱਕਤ ਕਰਨੀ ਪਈ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦਾ ਇੱਕ ਬਾਬਾ ਪਰਮਾਨੰਦ ਨਿਰਸੰਤਾਨ ਔਰਤਾਂ ਨੂੰ ਅਸ਼ੀਰਵਾਦ ਦੇਣ ਦੇ ਬਹਾਨੇ ਨਗਨ ਅਵਸਥਾ ਵਿੱਚ ਵੀਡਿਓ ਬਣਾ ਕੇ ਬਲੈਕਮੇਲ ਕਰਕੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ।

ਉਪਰੋਕਤ ਇਹ ਸਾਰੇ ਉਹ ਮਾਮਲੇ ਹਨ ਜੋ ਜੱਗ ਜ਼ਾਹਿਰ ਹੋ ਗਏ। ਸੰਤਾਂ-ਸਾਧਾਂ ਦੀਆਂ ਅੱਯਾਸ਼ੀਆਂ ਦੇ ਅਨੇਕਾਂ ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਹਵਾ ਵੀ ਬਾਹਰ ਨਹੀਂ ਨਿਕਲਦੀ। ਆਤਮਿਕ ਸਕੂਨ ਪਹੁੰਚਾਉਣ ਦੀ ਬਜਾਇ ਇਹ ਡੇਰੇ ਸਾਜ਼ਿਸਾਂ ਅਤੇ ਅੱਯਾਸ਼ੀ ਦੇ ਅੱਡੇ ਬਣ ਚੁੱਕੇ ਹਨ, ਜਿੱਥੇ ਸ਼ਰਧਾ ਅਤੇ ਵਿਸ਼ਵਾਸ ਦੀ ਆੜ ਵਿੱਚ ਵੱਡੇ-ਵੱਡੇ ਸਾਮਰਾਜ ਖੜ੍ਹੇ ਕਰਕੇ ਅਨੁਯਾਈਆਂ ਨੂੰ ਕੇਵਲ ਕਠਪੁਤਲੀਆਂ ਮਾਤਰ ਸਮਝਿਆ ਜਾਂਦਾ ਹੈ ਅਤੇ ਇਹ ਉਦੋਂ ਤੱਕ ਵਾਪਰਦਾ ਰਹੇਗਾ ਜਦੋਂ ਤੱਕ ਅਸੀਂ ਸਿੱਖਿਅਤ ਹੋ ਕੇ ਸਹੀ-ਗਲਤ ਦੀ ਪਛਾਣ ਕਰਨਾ ਨਹੀਂ ਸਿੱਖਦੇ ਅਤੇ ਪਿਛਲਗੂ ਬਣਨ ਦੀ ਆਦਤ ਨਹੀਂ ਛੱਡਦੇ। ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਅਸੀਂ ਆਪਣੇ ਆਪ ਵਿੱਚ ਇੰਨਾ ਵਿਸ਼ਵਾਸ ਪੈਦਾ ਕਰ ਲਵਾਂਗੇ ਕਿ ਜੋ ਸਾਡੀਆਂ ਸਮੱਸਿਆਵਾਂ ਹਨ, ਉਹਨਾਂ ਨੂੰ ਅਸੀਂ ਖੁਦ ਹੀ ਨਜਿੱਠਣਾ ਹੈ। ਕਿਸੇ ਸਾਧ ਦੇ ਮੱਥੇ ਟੇਕਣ ਜਾਂ ਨੱਕ ਰਗੜਣ ਨਾਲ ਕੁਝ ਨਹੀਂ ਸੰਵਰਨਾ, ਆਪਣਾ ਕੱਲ੍ਹ ਸੰਵਾਰਨ ਲਈ ਆਪਣਾ ਅੱਜ ਮਿਹਨਤ ਦੀ ਭੱਠੀ ਵਿੱਚ ਝੋਕਣਾ ਹੀ ਪੈਣਾ ਹੈ। ਜਿਨ੍ਹਾਂ ਪਾਖੰਡੀ ਜੋਤਸ਼ੀਆਂ ਕੋਲ ਅਸੀਂ ਆਪਣੇ ਸੁਨਹਿਰੇ ਕੱਲ੍ਹ ਦੀ ਆਸ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਆਪਣੇ ਅਗਲੇ ਪਲ ਦੀ ਭੋਰਾ ਖਬਰ ਨਹੀਂ ਹੁੰਦੀ ਅਤੇ ਜਦ ਇਹ ਗੱਲ ਅਸੀਂ ਆਪਣੇ ਪੱਲੇ ਬਂਹ ਲਈ ਤਾਂ ਸੰਗਤਾਂ ਦੀ ਮਾਇਆ ਆਸਰੇ ਗੋਗੜਾਂ ਵਧਾਉਣ ਵਾਲੇ ਪਾਖੰਡੀਆਂ ਦੇ ਬਿਸਤਰੇ ਆਪੇ ਹੀ ਗੋਲ ਹੋ ਜਾਣੇ ਹਨ।

*****

(865)

ਆਪਣੇ ਵਿਚਾਰ ਸਾਂਝੇ ਕਰੋ:(This email address is being protected from spambots. You need JavaScript enabled to view it.)

About the Author

ਸੰਦੀਪ ਅਰੋੜਾ

ਸੰਦੀਪ ਅਰੋੜਾ

Phone: (91 - 95010 - 20410)
Email: (sandeep.pacca@gmail.com)