IqbalKhan7ਚਹਿਕਦੀ ਜ਼ਿੰਦਗੀ   ਦਹਿਕਦਾ ਪਿਆਰ   ਫਰ-ਫਰਾਂਦੇ ਸੁਫ਼ਨੇ   ਇਹ ਘਰ ਹੁੰਦਾ ਹੈ  ...
(ਦਸੰਬਰ 31, 2015)

 

          1.

ਕੋਲੰਬਸ ਦੇ ਪਦ-ਚਿੰਨ੍ਹ!

ਦਸੰਬਰ ਦਾ ਮਹੀਨਾ
ਕ੍ਰਿਸਮਿਸ ਦੇ ਦਿਨ
ਇਹ ਉੱਤਰੀ ਅਮਰੀਕਾ ਦਾ ਦੇਸ਼
ਕੈਨੇਡਾ ਹੈ,
ਬੜਾ ਹੀ ਵਿਸ਼ਾਲ
ਉੱਤਰੀ ਧਰੁਵ ਤੱਕ ਫੈਲਿਆ ਹੋਇਆ

ਜਾਂ ਮੰਦਰ ਦੇ ਟੱਲ ਵਾਂਗ
ਉੱਤਰੀ ਧਰੁਵ ਨਾਲ਼ ਲਟਕਦਾ ਹੋਇਆ।
ਉੱਤਰੀ ਧਰੁਵ
ਜੋ ਬਰਫ਼ ਦੀ ਸਿਲ਼ ਹੈ
ਠੰਢੀ ਝੱਖ ਜੰਮੀ ਹੋਈ।

ਘਰ ਦੇ ਨਿੱਘੇ ਦਲਾਨ ਵਿਚ
ਕ੍ਰਿਸਮਿਸ ਦੇ ਬੂਟੇ ਕੋਲ਼ ਬੈਠਾ
ਮੈਂ ਸਾਹਮਣੀ ਤਾਕੀ ਵਿੱਚ
ਬਾਹਰ ਪੈਂਦੀ ਬਰਫ਼ ਤੱਕ ਰਿਹਾ ਹਾਂ

ਉਫ਼! ਕਿੰਨੀ ਠੰਢ ਹੈ।
ਪਰ ਮੈਂ
ਇੱਥੋਂ ਦੇ ਅਸਲ ਵਸਨੀਕਾਂ ਦੇ
ਅੰਦਰਲੀ ਠੰਢ ਨੂੰ ਮਹਿਸੂਸ ਕਰਦਿਆਂ
ਲਰਜ਼ਾ ਜਾਂਦਾ ਹਾਂ।

ਇਕ ਝੁਣਝੁਣੀ ਜਿਹੀ
ਸਾਰੇ ਸਰੀਰ ਵਿਚ
ਕੰਬਣੀ ਛੇੜ ਦਿੰਦੀ ਹੈ,

ਬੇਚਾਰੇ, ਆਪਣੇ ਘਰ ਵਿਚ ਹੀ
ਬੇ-ਘਰੇ ਲੋਕ!

ਇਨ੍ਹਾਂ ਲੋਕਾਂ ਨੂੰ
ਅੰਗ੍ਰੇਜ਼ੀਫਰੈਂਚ ਜਾਂ ਸਪੈਨਿਸ਼ ਬੋਲਦਿਆਂ
ਤੱਕ-ਸੁਣ ਮੈਂ ਸੋਚਦਾ ਹਾਂ,
ਮਾਂ ਬੋਲੀ ਤਾਂ ਮਾਂ ਹੁੰਦੀ ਹੈ

ਇਹ ਜੋ ਮਜਬੂਰੀ ਵੱਸ
ਦੂਜਿਆਂ ਦੀਆਂ ਮਾਂਵਾਂ ਦੀਆਂ
ਗੋਦਾਂ ਵਿਚ ਡਿੱਗੇ ਪਏ ਹਨ,
ਇਨ੍ਹਾਂ ਦੀ ਮਾਂ
ਉਮਰ ਹੰਢਾਕੇ ਨਹੀਂ ਮਰੀ ਸੀ
ਸਗੋਂ ਕਤਲ ਕੀਤੀ ਗਈ ਸੀ।’

ਉੱਫ਼! ਬਾਹਰ ਬਰਫ਼ ਲਾਲੋ-ਲਾਲ
ਹੋਈ ਪਈ ਹੈ,
ਘਰਾਂ ਦੀਆਂ ਤਿਰਛੀਆਂ ਛੱਤਾਂ ਤੋਂ ਵੀ
ਖ਼ੂਨ ਚੋਂਦਾ ਹੈ।

ਇਸ ਖ਼ੂਨ ਮਿੱਝ ਤੇ ਬਰਫ਼ ਦੇ ਗਾਰੇ ਵਿਚ
ਮੈਂ ਕੋਲੰਬਸ ਦੇ ਪਦ-ਚਿੰਨ੍ਹ ਦੇਖਦਾ ਹਾਂ
ਡਾਇਨਾਸੋਰ ਦੇ ਪਦ-ਚਿੰਨ੍ਹਾਂ ਜਿਹੇ ਦੈਂਤੀ ਪਦ-ਚਿੰਨ੍ਹ।

                       **

                 2.

           ਮੈਂ ਤੇ ਚੰਦ

ਦਿਸੇ ਭੋਲ਼ਾ-ਭਾਲ਼ਾ ਚੰਦਰ ਜਗਾਨ ਸੱਜਣੋ।
ਜਾਣੋ ਨੇੜਿਓਂਇਹ ਢਾਡਾ ਹੈ ਸ਼ੈਤਾਨ ਸੱਜਣੋ।

ਪਿੱਛੇ ਜੰਗਲੇ ਦੇ ਵਿੱਚੋਂ ਆਣ ਮਾਰੇ ਝਾਤੀਆਂ,
ਇਹਨੂੰ ਚੰਦ ਆਖਾਂਆਖਾਂ ਜਾਂ ਸ਼ੈਤਾਨ ਸੱਜਣੋ।

ਵੇਖ ਮੈਨੂੰ ਬੰਦਬੁੱਲ੍ਹਾਂ ਵਿਚ ਮੁਸਕਾ ਰਿਹਾ,
ਇਹਨੂੰ ਆਪਣੀ ਅਜ਼ਾਦੀ ਦਾ ਗੁਮਾਨ ਸੱਜਣੋ।

ਇਹਦੀ ਮਿੰਨੀ ਮੁਸਕਾਨ ਮੇਰੇ ਸੀਨੇ ਅੱਗ ਲਾਵੇ,
ਉੱਠੇ ਦਿਲ ਵਿੱਚ ਅਜ਼ਾਦੀ ਲਈ ਤੂਫ਼ਾਨ ਸੱਜਣੋ।

ਜਦੋਂ ਤੱਕਣਾ ਮੈਂ ਇਹਦੇ ਵੱਲ ਚਾਹਿਆ ਹੈ,
ਮਾਰੇ ਕਿਰਨਾਂ ਦੇ ਤੀਰ ਲੈ ਕਮਾਨ ਸੱਜਣੋ।

ਇਹਦੇ ਕਿਰਨਾਂ ਦੇ ਤੀਰ ਜੋਸ਼ ਹੋਰ ਦਿੰਦੇ ਨੇ,
ਜਦੋਂ ਸੀਨੇ ਵਿਚ ਵੱਜਦੇ ਨੇ ਆਣ ਸੱਜਣੋ।

ਇਹਦੀ ਚਾਨਣੀ ਅਜ਼ਾਦੀ ਦੇ ਗੀਤ ਗਾਉਂਦੀ ਹੈ,
ਬਾਘੀ ਧਰਤੀ ਤੇ ਕਿਰਨਾਂ ਆ ਪਾਣ ਸੱਜਣੋ।

ਪਿਆ ਚਾਵਾਂ ਤੇ ਮਲਾਰਾਂ ਵਿਚ ਮੱਘੇ ਮਾਰਦਾ,
ਰਿਹਾ ਖ਼ੁਸ਼ੀ ਇਹ ਅਜ਼ਾਦੀ ਵਾਲ਼ੀ ਮਾਣ ਸੱਜਣੋ।

                        **

               3.

ਸਫ਼ਰ ਦਾ ਸਾਹਸ ਅਤੇ ਚੰਦ

ਪੰਜਾਬ ਵਾਂਗ ਹੀਰਾਤ ਟਿਕੀ ਹੋਈ ਹੈ
ਤਾਰੇ ਟਿਮਕਦੇ ਹਨ, ਹਵਾ ਰੁਮਕਦੀ ਹੈ

ਚੰਦ ਉਹੀ ਹੈਧਰਤੀ ਦਾ ਕੋਨਾ ਹੋਰ ਹੈ
ਉਹ ਕਾਲ-ਕੋਠੜੀ ਨਹੀਂ, ਫਿਜ਼ਾ ਹੋਰ ਹੈ

ਹੁਣ ਇਹ (ਚੰਦ)
ਪਿਛਲੇ ਜੰਗਲੇ ਵਿੱਚੋਂ ਝਾਤੀਆਂ ਨਹੀਂ ਮਾਰਦਾ
ਸਗੋਂ ਆਹਮੋ-ਸਾਹਮਣੇ ਹੋ ਮਿਲਦਾ ਹੈ
ਬੜੇ ਤਪਾਕ ਨਾਲ਼ ਗੂੜੇ ਯਾਰ ਵਾਂਗ
ਮੈਨੂੰ ਬੰਦ ਵੇਖ
ਮਿੰਨ੍ਹੀਆਂ ਮੁਸਕਾਣਾਂ ਨਹੀਂ ਮਾਰਦਾ

ਸਗੋਂ ਅਜ਼ਾਦ ਵਿਚਰਦਿਆਂ ਵੇਖ
ਖੁਸ਼ ਹੁੰਦਾ ਹੈਸਕੇ ਭਰਾ ਵਾਂਗ
ਢਿੱਡੋਂ ਕੁਝ ਸਾੜਾ ਵੀ ਕਰਦਾ ਹੈ
ਕੁਦਰਤੀ ਜਿਹੀ
ਇਹਦੀ ਮਿੰਨ੍ਹੀ ਮੁਸਕਾਨ
ਹੁਣ ਸੀਨੇ ਤੀਰ ਨਹੀਂ ਮਾਰਦੀ
ਸਗੋਂ ਖੁਸ਼ੀ ਦਿੰਦੀ ਹੈ
ਤੇ ਅਜ਼ਾਦੀ ਨਾਲ਼ ਜਿਉਣ ਦਾ ਸਾਹਸ

ਇਹਦੇ ਕਿਰਨਾਂ ਦੇ ਤੀਰ
ਹੁਣ ਵੀ ਜੋਸ਼ ਦਿੰਦੇ ਹਨ
ਮਸ਼ੂਕਾ ਵਲੋਂ ਮਾਰੇ ਨਹੋਰਿਆਂ ਵਾਂਗ

ਇਹਦੀ ਚਾਨਣੀ ਹੁਣ ਵੀ
ਅਜ਼ਾਦੀ ਦੇ ਗੀਤ ਗਾਉਂਦੀ ਹੈ
ਇਹ ਹੁਣ ਵੀ

ਚਾਵਾਂ ਤੇ ਮਲ੍ਹਾਰਾਂ ਵਿਚ ਮੱਘੇ ਕੱਢਦਾ ਹੈ
ਅਤੇ ਅਜ਼ਾਦੀ ਦੀਆਂ ਖੁਸ਼ੀਆਂ ਮਾਣਦਾ ਹੈ

ਇਹ ਮੈਨੂੰ ਵੀ
ਨੱਚਣਮਚਲਣਗਾਉਣ ਲਈ ਉਕਸਾਉਂਦਾ ਹੈ

ਪੰਜਾਬ ਵਾਂਗ ਹੀ ਰਾਤ ਟਿਕੀ ਹੋਈ ਹੈ।
ਤਾਰੇ ਟਿਮਕਦੇ ਹਨਹਵਾ ਰੁਮਕਦੀ ਹੈ
ਚੰਦ ਉਹੀ ਹੈਧਰਤੀ ਦਾ ਕੋਨਾ ਹੋਰ ਹੈ

ਪੂਰਬਪੱਛਮ ਤੇ ਉੱਤਰ ਦਾ ਸਫ਼ਰ ਕਰਦਿਆਂ
ਚੰਦ ਨਾਲ਼ ਨਾਲ਼ ਹੈ
ਸਫ਼ਰ ਤੇ ਚਲਦੇ ਰਹਿਣ ਦਾ ਸਾਹਸ

ਇਹ ਉਦੋਂ ਵੀ ਦਿੰਦਾ ਸੀ,
ਇਹ ਹੁਣ ਵੀ ਦਿੰਦਾ ਹੈ,

ਸਫ਼ਰ ਤੇ ਚਲਦੇ ਰਹਿਣ ਦਾ ਸਾਹਸ

ਪੰਜਾਬ ਵਾਂਗ ਹੀ ਰਾਤ ਟਿੱਕੀ ਹੋਈ ਹੈ
ਤਾਰੇ ਟਿਮਕ ਦੇ ਹਨਹਵਾ ਰੁਮਕਦੀ ਹੈ
ਚੰਦ ਉਹੀ ਹੈਧਰਤੀ ਦਾ ਕੋਨਾ ਹੋਰ ਹੈ।

                  **

            4.

ਘਰ,ਮਕਾਨ ਤੇ ਕਬਰ

ਇੱਟਾਂ, ਗਾਰਾ ਚਾਰ-ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਇਹ ਮਕਾਨ ਹੁੰਦਾ ਹੈ।

ਇੱਟਾਂ, ਗਾਰਾ ਚਾਰ ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਘਰ ਵੀ
ਕੁਝ ਇੰਝ ਹੁੰਦਾ ਹੈ।

ਇੱਟਾਂ, ਗਾਰਾ ਚਾਰ ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਕਬਰ ਵੀ
ਕੁਝ ਇੰਝ ਹੀ ਹੁੰਦੀ ਹੈ।

ਇੱਟਾਂ, ਗਾਰਾ ਚਾਰ ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਵਿਚ ਹੁੰਮਸ, ਘੁੱਪ ਹਨੇਰਾ
ਤੇ ਬੇ-ਜਾਨ ਸਰੀਰ
ਇਹ ਕਬਰ ਹੁੰਦੀ ਹੈ।

ਇੱਟਾਂ, ਗਾਰਾ ਚਾਰ ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਵਿਚ ਚਾਨਣ ਕਿਰਨਾਂ
ਰੁਮਕਦੀ ਹਵਾ
ਫਿਰ ਵੀ, ਘਰ ਨਹੀਂ
ਮਕਾਨ ਹੁੰਦਾ ਹੈ।

ਇੱਟਾਂ, ਗਾਰਾ ਚਾਰ ਚੁਫ਼ੇਰੇ
ਕੁਝ ਉੱਤੇ, ਕੁਝ ਥੱਲੇ
ਵਿਚ ਚਾਨਣ ਕਿਰਨਾਂ
ਰੁਮਕਦੀ ਹਵਾ
ਦੇ ਨਾਲ਼ ਹੋਵਣ
ਚਹਿਕਦੀ ਜ਼ਿੰਦਗੀ
ਦਹਿਕਦਾ ਪਿਆਰ
ਫਰ-ਫਰਾਂਦੇ ਸੁਫ਼ਨੇ
ਇਹ ਘਰ ਹੁੰਦਾ ਹੈ।

     *****

(140)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)