“ਫਿਰ ਗੁਰਦੇਵ ਕੰਮ ਤੋਂ ਇਕ ਮਹੀਨੇ ਦੀਆਂ ਛੁਟੀਆਂ ਲੈ ਕੇ ਮੈਨੂੰ ਡੈਨਵਰ, ਲਾਉਸ ਵੇਗਸ ਹੁੰਦਾ ਹੋਇਆ ...”
ਮੈਂ ਤੇ ਗੁਰਦੇਵ ਲਾਲੀ ਇੰਡੀਆ ਵਿਚ ਇਕ ਦੂਸਰੇ ਨੂੰ ਥੋੜ੍ਹਾ-ਥੋੜ੍ਹਾ ਜਾਣਦੇ ਸਾਂ। ਅਸੀਂ ਦੋਵੇਂ ਨੈਕਸਲਾਈਟ ਮੂਵਮੈਂਟ ਨਾਲ਼ ਸੰਬੰਧਤ ਰਹੇ ਸਾਂ। ਮੈਂ 1968 ਵਿਚ ਹੀ ਪੰਜਾਬ ਸਟੂਡੈਂਟ ਯੂਨੀਅਨ ਰਾਹੀਂ ਨੈਕਸਲਾਈਟ ਮੂਵਮੈਂਟ ਨਾਲ਼ ਜੁੜ ਗਿਆ ਸਾਂ। ਗੁਰਦੇਵ ਮੈਥੋਂ ਦੋ ਕੁ ਸਾਲ ਛੋਟਾ ਸੀ। ਉਹ 1970 ਵਿਚ ਕਾਲਜ ਗਿਆ। ਕਾਲਜ ਜਾਂਦਾ ਹੀ ਉਹ ਵੀ ਨੈਕਸਲਾਈਟ ਲਹਿਰ ਨਾਲ਼ ਜੁੜ ਗਿਆ। ਉਹ ਕਿਤੇ ਕਿਤੇ ਤਰੀਖ਼ ਭੁਗਤਣ ਆਇਆਂ ਨੂੰ ਸਾਨੂੰ ਮਿਲਣ ਆਉਂਦਾ ਹੁੰਦਾ ਸੀ। ਸਾਡੇ ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਲੱਗੀਆਂ ਹੁੰਦੀਆਂ ਸਨ। ਇਕ ਥਾਣੇਦਾਰ ਰਾਈਫ਼ਲਾਂ ਵਾਲ਼ੀ ਸਪੈਸ਼ਲ ਗਾਰਦ ਨਾਲ਼, ਆਪਣੀ ਬੱਸ ਜਾਂ ਜੀਪ ਵਿਚ ਸਾਨੂੰ ਤਰੀਖ਼ ਭੁਗਤਣ ਲਈ ਕਚਹਿਰੀ ਲੈ ਕੇ ਆਉਂਦਾ ਹੁੰਦਾ ਸੀ। ਜਦ ਉਹ ਸਾਨੂੰ ਬੱਸ ਵਿੱਚੋਂ ਉਤਾਰ ਕੇ ਜੱਜ ਦੇ ਪੇਸ਼ ਕਰਨ ਲੈ ਕੇ ਜਾਂਦੇ, ਅਸੀਂ ਮੁੱਠਾਂ ਮੀਚ ਕੇ ਹੱਥ ਉੱਤੇ ਨੂੰ ਹਵਾ ਵਿਚ ਉਲਾਰਦੇ ਹੋਏ ਨਾਹਰੇ ਲਾਉਂਦੇ ਜਾਂਦੇ ਸਾਂ, ਤਾਂ ਹੱਥਕੜੀਆਂ ਤੇ ਬੇੜੀਆਂ ਛਣਕਦੀਆਂ ਸਨ। ਬੜਾ ਅਲੌਕਿਕ ਦ੍ਰਿਸ਼ ਹੁੰਦਾ ਸੀ।
ਗੁਰਦੇਵ ਕੁੱਝ ਚਿਰ ਲਈ ਜਲੰਧਰ-ਕਪੂਰਥਲ਼ਾ ਜ਼ਿਲ੍ਹਾ ਕਮੇਟੀ ਦਾ ਮੈਂਬਰ ਵੀ ਰਿਹਾ। ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੈਂ ਵੀ ਇਸੇ ਕਮੇਟੀ ਦਾ ਮੈਂਬਰ ਹੁੰਦਾ ਸਾਂ। ਫਿਰ ਗੁਰਦੇਵ ਦੀ ਗ੍ਰਿਫ਼ਤਾਰੀ ਹੋ ਗਈ। ਗੁਰਦੇਵ ਦੇ ਇਕ ਰਿਸ਼ਤੇਦਾਰ ਨੇ, ਜੋ ਸਰਕਾਰੀ ਵਕੀਲ ਸੀ, ਉਸਨੂੰ ਰਿਹਾ ਕਰਾ ਦਿੱਤਾ। ਪਰ ਨਾਲ਼ ਹੀ ਆਖ ਦਿੱਤਾ, “ਜਿੰਨਾ ਛੇਤੀ ਹੋ ਸਕੇ ਇਸ ਨੂੰ ਬਾਹਰ ਕੱਢ ਦਿਓ, ਨਹੀਂ ਤਾਂ ਦੇਖ ਲਓ, ਨੈਕਸਲਾਈਟਾਂ ਦੇ ਕਿੱਦਾਂ ਧੜਾਧੜ ਪੁਲਿਸ ਮਕਾਬਲੇ ਬਣਾਏ ਜਾ ਰਹੇ ਹਨ।”
ਘਰ ਦਿਆਂ ਲਈ ਇਹ ਇਕ ਸਾਫ਼ ਇਸ਼ਾਰਾ ਸੀ, ਕਿ ਗੁਰਦੇਵ ਨੂੰ ਫੜ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਜਾ ਸਕਦਾ ਹੈ। ਘਰ ਦਿਆਂ ਦਾ ਡਰ ਜਾਣਾ ਸੁਭਾਵਕ ਸੀ। ਉਹਨਾਂ ਛੇਤੀ ਹੀ ਗੁਰਦੇਵ ਨੂੰ ਉਸ ਦੇ ਚਾਚੇ ਕੋਲ਼ ਕਨੇਡਾ ਭੇਜ ਦਿੱਤਾ। ਗੁਰਦੇਵ ਨੇ ਕੁੱਝ ਚਿਰ ਇੱਥੇ ਆਕੇ ਪੜ੍ਹਾਈ ਕੀਤੀ। ਟੂਲ ਐਂਡ ਡਾਈ ਮੇਕਰ ਦਾ ਡਿਪਲੋਮਾ ਕਰ ਕੇ ਉਹ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਗੁਰਦੇਵ ਤਾਂ ਕਰਮਯੋਗੀ ਸੀ, ਕਰਮਯੋਗੀ ਕੱਦ ਟਿਕ ਕੇ ਬਹਿੰਦੇ ਹਨ। ਉਹ ਜਿੱਥੇ ਵੀ ਹੋਣ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਉਸ ਵੇਲੇ ਇੱਥੇ (ਕਨੇਡਾ ਵਿਚ) ਨਸਲੀ ਵਿਤਕਰਾ ਬੜਾ ਜ਼ੋਰਾਂ ਤੇ ਸੀ। ਨਸਲੀ ਵਿਤਕਰੇ ਨੂੰ ਠੱਲ੍ਹ ਪਾਉਣ ਲਈ, ਨੈਕਸਲਾਈਟ ਵਿਚਾਰਾਂ ਵਾਲ਼ੇ ਸਾਥੀਆਂ ਨੇ 'ਈਸਟ ਇੰਡੀਅਨ ਡੀਫੈਂਸ ਕਮੇਟੀ' ਦੇ ਨਾਂ ਹੇਠ ਲੋਕਾਂ ਨੂੰ ਜਥੇਬੰਦ ਕੀਤਾ। ਗੁਰਦੇਵ ਨੇ ਇਸ ਜਥੇਬੰਦੀ ਵਿਚ ਮੁਹਰਲੀਆਂ ਸਫ਼ਾਂ ਵਿਚ ਕੰਮ ਕੀਤਾ। ਉਸ ਨੇ 'ਇਪਾਨਾ' ਅਤੇ 'ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ' ਵਿਚ ਵੀ ਅਹਿਮ ਰੋਲ ਨਿਭਾਇਆ। ਇੱਥੋਂ ਤੱਕ ਕਿ ਉਹ 'ਵਰਕਰਜ਼ ਕਮਿਊਨਿਸਟ ਪਾਰਟੀ ਆਫ ਕਨੇਡਾ' ਵਿਚ ਵੀ ਸਰਗਰਮ ਰਿਹਾ।
29 ਮਾਰਚ 1976 ਨੂੰ ਮੈਂ ਵੀ ਹਿੰਦੋਸਤਾਨ ਨੂੰ ਅਲਵਿਦਾ ਆਖ ਦਿੱਤੀ। ਧਰਤੀ ਦੇ ਗੋਲ਼ੇ ਤੇ ਇੱਧਰ ਉੱਧਰ ਘੁੰਮਦਾ ਮੈਂ 12 ਜੂਨ 1981 ਨੂੰ ਕਨੇਡਾ ਆਗਿਆ। ਗੁਰਦੇਵ ਨੂੰ ਜਦ ਮੇਰੇ ਆਉਣ ਦਾ ਪਤਾ ਲੱਗਾ, ਤਾਂ ਉਹ ਮੈਨੂੰ ਮਿਲਣ ਆਇਆ। ਫਿਰ ਉਹ ਹਫ਼ਤਾ ਅੰਤ ਤੇ ਮੈਨੂੰ ਆਪਣੇ ਘਰ ਲੈ ਗਿਆ। ਬੱਸ, ਫਿਰ ਸਾਡੀ ਦੋਸਤੀ ਕਦਮ-ਬਾ-ਕਦਮ ਵਧਦੀ ਗਈ। ਉਸ ਵੇਲੇ ਹਿੰਦੋਸਤਾਨ ਤੋਂ ਕਾਫੀ ਗਿਣਤੀ ਵਿਚ ਰਫ਼ੀਊਜੀ ਆ ਰਹੇ ਸਨ ਅਤੇ ਇੱਥੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁੱਝ ਅਗਾਂਹ ਵਧੂ ਵਿਚਾਰਾਂ ਵਾਲ਼ੇ ਸਾਥੀਆਂ ਨੇ 'ਰਫ਼ੀਊਜੀ ਏਡ ਕਮੇਟੀ' ਬਣਾਈ, ਬਾਅਦ ਵਿਚ ਗੁਰਦਵਾਰਿਆਂ ਦੀਆਂ ਕਮੇਟੀਆਂ ਵੀ ਇਸ ਕਮੇਟੀ ਦੀ ਮਦਦ ਤੇ ਆ ਗਈਆਂ ਅਤੇ ਉਹਨਾਂ ਆਪਣੇ ਪ੍ਰਤੀਨਿਧ ਇਸ ਕਮੇਟੀ ਵਿਚ ਸ਼ਾਮਲ ਕਰ ਦਿੱਤੇ। ਗੁਰਦੇਵ ਵੀ ਇਸ ਕਮੇਟੀ ਦਾ ਮੈਂਬਰ ਸੀ। ਮੈਂਬਰ ਹੀ ਨਹੀਂ, ਸਗੋਂ ਉਹ ਉਹਨਾਂ ਕੁੱਝ ਕੁ ਮੈਂਬਰਾਂ ਵਿੱਚੋਂ ਸੀ, ਜਿਨ੍ਹਾਂ ਨੇ ਇਸ ਕਾਰਜ ਲਈ ਵੱਧ ਤੋਂ ਵੱਧ ਸਮਾਂ ਵੀ ਦਿੱਤਾ ਅਤੇ ਆਰਥਕ ਤੌਰ ’ਤੇ ਵੀ ਚੰਗਾ ਯੋਗਦਾਨ ਪਾਇਆ।
ਗੁਰਦੇਵ ਨੇ ਰਫ਼ੀਊਜੀਆਂ ਦੀਆਂ ਜ਼ਮਾਨਤਾਂ ਕਰਾਉਣ ਵਿਚ ਚੰਗਾ ਹਿੱਸਾ ਪਾਇਆ ਅਤੇ ਜਥਾਯੋਗ ਆਰਥਕ ਮਦਦ ਵੀ ਕਰਦਾ ਰਿਹਾ। ਕਈਆਂ ਨੂੰ ਉੰਨਾ ਚਿਰ ਆਪਣੇ ਘਰ ਵੀ ਰੱਖਿਆ, ਜਿੰਨਾ ਚਿਰ ਉਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੋ ਗਿਆ। ਮੈਨੂੰ ਵੀ ਅਜੇ ਕੋਈ ਕੰਮ ਨਹੀਂ ਮਿਲਿਆ ਸੀ। ਇਸ ਲਈ ਬਹੁਤ ਬਾਰ ਗੁਰਦੇਵ ਮੈਨੂੰ ਨਾਲ਼ ਲੈ ਜਾਂਦਾ। ਇਸ ਦੌਰਾਨ ਮੈਂ ਦੇਖਿਆ, ਰਸਤੇ ਵਿਚ ਅਗਰ ਕੋਈ ਤੁਰਿਆ ਜਾਂਦਾ ਹੁੰਦਾ ਅਤੇ ਸਾਡੇ ਕੋਲ਼ ਵਕਤ ਹੁੰਦਾ, ਤਾਂ ਗੁਰਦੇਵ ਕਾਰ ਰੋਕ ਕੇ ਕਹਿੰਦਾ, “ਆਜਾ, ਜਿੱਥੇ ਤੂੰ ਜਾਣਾ, ਮੈਂ ਛੱਡ ਆਉਂਦਾ ਹਾਂ।”
ਇਨ੍ਹਾਂ ਦਿਨਾਂ ਵਿਚ ਕਈ ਵੇਰ ਮੈਂ ਗੁਰਦੇਵ ਦੇ ਘਰ ਹੀ ਰਹਿ ਪੈਣਾ। ਗੁਰਦੇਵ ਭਾਵੇਂ ਆਪ ਸ਼ਰਾਬ ਨਹੀਂ ਪੀਂਦਾ ਸੀ। ਪਰ ਉਹ ਘਰ ਹਮੇਸ਼ਾ ਰੱਖਦਾ ਸੀ ਅਤੇ ਘਰ ਆਏ ਦੀ ਪੂਰੀ ਸੇਵਾ ਕਰਦਾ ਸੀ।
ਇਕ ਵੇਰ ਗੁਰਦੇਵ ਨੂੰ ਬੈਂਕ ਮੁਹਰੇ ਖੜ੍ਹੇ ਨੂੰ ਇਕ ਕੁੜੀ ਆਕੇ ਕਹਿਣ ਲੱਗੀ, “ਵੀਰ ਜੀ, ਬੈਂਕ ਵਾਲ਼ੇ ਮੇਰੇ ਪੈਸੇ ਨੀਂ ਕੱਢਕੇ ਦਿੰਦੇ। ਮੈਨੂੰ ਅੰਗਰੇਜ਼ੀ ਵੀ ਘੱਟ ਆਉਂਦੀਹੈ। ਤੁਸੀਂ ਥੋੜ੍ਹੀ ਜਿਹੀ ਮਦਦ ਕਰ ਦਿਓ।”
ਗੁਰਵੇਵ ਨੇ ਉਸ ਕੁੜੀ ਨੂੰ ਪੁੱਛਿਆ, “ਕਿੰਨੇ ਕੁ ਪੈਸੇ ਕਢਾਉਣੇ ਹਨ?”
ਕੁੜੀ ਦਾ ਉੱਤਰ ਸੀ, “40/50 ਹਜ਼ਾਰ, ਜਿੰਨੇ ਵੀ ਬੈਂਕ ਵਿਚ ਹਨ, ਸਾਰੇ ਹੀ ਕਢਾਉਣੇ ਹਨ।”
ਗੁਰਦੇਵ ਸਮਝ ਗਿਆ ਕਿ ਕੁੱਝ ਗਲਤ ਹੈ। ਗੁਰਦੇਵ ਦੇ ਪੁੱਛਣ ਤੇ ਉਸ ਕੁੜੀ ਨੇ ਦੱਸ ਦਿੱਤਾ ਕਿ ਸਾਡੇ ਵਿਚ ਕੁੱਝ ਅਣਬਣ ਹੋ ਗਈ ਹੈ। ਗੁਰਦੇਵ ਨੇ ਉਸ ਕੁੜੀ ਨੂੰ ਸਮਝਾਇਆ ਕਿ ਥੋੜ੍ਹੀ-ਬਹੁਤ ਅਣਬਣ ਹਰ ਪਰਿਵਾਰ ਵਿਚ ਹੁੰਦੀ ਹੈ, ਇਹ ਕੁਦਰਤੀ ਗੱਲ ਹੈ। ਤੁਸੀਂ ਆਪਣੇ ਮਾਪਿਆ ਨਾਲ਼ ਗੱਲ ਕਰੋ, ਉਹ ਤੁਹਾਡਾ ਝਗੜਾ ਮੁਕਾ ਦੇਣਗੇ। ਪਰ ਜੋ ਕੁੜੀ ਨੇ ਅੱਗੇ ਕਿਹਾ, ਉਹ ਹਿਲਾ ਦੇਣ ਵਾਲ਼ੀ ਗੱਲ ਸੀ। ਕੁੜੀ ਦਾ ਕਹਿਣਾ ਸੀ ਕਿ ਉਹਦੇ ਘਰ ਦੇ ਕਹਿੰਦੇ ਹਨ ਕਿ ਤੂੰ ਜਾ ਕੇ ਸਾਰੇ ਪੈਸੇ ਕਢਾ ਲਿਆ। ਇਹਨੂੰ ਦਫ਼ਾ ਕਰ ਅਸੀਂ ਤੇਰਾ ਹੋਰ ਵਿਆਹ ਕਰ ਦਿਆਂਗੇ। ਗੁਰਦੇਵ ਨੇ ਕੁੜੀ ਨੂੰ ਸਮਝਾਇਆ ਕਿ ਤੇਰੇ ਘਰ ਦੇ ਤੈਨੂੰ ਗਲਤ ਰਾਹ ’ਤੇ ਤੋਰ ਰਹੇ ਹਨ। ਇਸ ਤਰ੍ਹਾਂ ਤੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ। ਆਪਣੇ ਸਮਾਜ ਵਿਚ ਦੁਹਾਜੂ ਕੁੜੀ ਨੂੰ ਕੋਈ ਸਵੀਕਾਰ ਨਹੀਂ ਕਰਦਾ। ਕਨੇਡਾ ਆਉਣ ਲਈ ਤੇਰੇ ਨਾਲ਼ ਵਿਆਹ ਕਰਾਉਣ ਲਈ ਤਾਂ ਬਥੇਰੇ ਤਿਆਰ ਹੋ ਜਾਣਗੇ, ਪਰ ਜਿਹੜਾ ਵੀ ਤੇਰੇ ਨਾਲ਼ ਵਿਆਹ ਕਰਾਵੇਗਾ, ਇੱਥੇ ਆ ਕੇ ਤੈਨੂੰ ਛੱਡ ਕੇ ਭੱਜ ਜਾਵੇਗਾ। ਫਿਰ ਗੁਰਦੇਵ ਨੇ ਸਟਰੌਲਰ ਵਿਚ ਪਈ ਛੋਟੀ ਜਿਹੀ ਬੱਚੀ ਵਲ ਇਸ਼ਾਰਾ ਕਰਕੇ ਕਿਹਾ, “ਇਸ ਬੱਚੀ ਨੂੰ ਕੌਣ ਦੇਵੇਗਾ ਬਾਪ ਦਾ ਪਿਆਰ? ਤੁਹਾਡੇ ਝਗੜੇ ਵਿਚ ਕਸੂਰ ਤੇਰੇ ਪਤੀ ਦਾ ਹੋਵੇ ਜਾਂ ਤੇਰਾ, ਪਰ ਇਸ ਬੱਚੀ ਦਾ ਤਾਂ ਕੋਈ ਕਸੂਰ ਨਹੀਂ। ਇਹਨੂੰ ਕਾਹਦੀ ਸਜ਼ਾ ਦੇ ਰਹੇ ਹੋ? ਇਹਦੇ ’ਤੇ ਤਰਸ ਕਰੋ।”
ਕੁੜੀ ਨੂੰ ਗੁਰਦੇਵ ਦੀ ਗੱਲ ਸਮਝ ਆ ਗਈ ਅਤੇ ਉਹ ਘਰ ਨੂੰ ਵਾਪਸ ਚਲੇ ਗਈ। ਕੁੱਝ ਚਿਰ ਪਿੱਛੋਂ ਇਹ ਜੋੜਾ ਆਪਣੀ ਬੱਚੀ ਨੂੰ ਲੈਕੇ ਇਕ ਅਪਾਰਮੈਂਟ ਵਿਚ ਚਲੇ ਗਿਆ। ਹੁਣ ਤੱਕ ਇਹ ਪਰਿਵਾਰ ਸੱਖੀਂ-ਸਾਂਦੀਂ ਵਸਦਾ ਹੈ। ਗੁਰਦੇਵ ਨੇ ਇਸ ਤਰ੍ਹਾਂ ਕਈ ਉੱਜੜਦੇ ਘਰਾਂ ਨੂੰ ਬਚਾਇਆ ਹੈ। ਇਹ ਤਾਂ ਸਿਰਫ ਇਕ ਉਦਾਹਰਣ ਹੈ।
1989 ਵਿਚ ਮੇਰਾ ਪਰਿਵਾਰ ਬਿਖਰ ਗਿਆ। ਮੈਂ ਆਪਣਾ ਇਕ ਲੜਕਾ ਇੰਗਲੈਂਡ ਆਪਣੀ ਭੈਣ ਕੋਲ਼ ਅਤੇ ਦੂਸਰਾ ਆਪਣੀ ਮਾਂ ਨਾਲ਼ ਇੰਡੀਆ ਭੇਜ ਦਿੱਤਾ। ਕੰਮ ਤੋਂ ਵੀ ਤਿਆਗ ਪੱਤਰ ਦੇ ਦਿੱਤਾ। ਭਾਂਅ-ਭਾਂਅ ਕਰਦੇ ਖਾਲੀ ਘਰ ਵਿਚ ਬੈਠਾ, ਮੈਂ ਸਾਰਾ ਦਿਨ ਸ਼ਰਾਬ ਪੀਂਦਾ ਰਹਿੰਦਾ, ਸਿਗਰਟਾਂ ਫੂਕਦਾ ਰਹਿੰਦਾ ਅਤੇ ਰੋਂਦਾ ਰਹਿੰਦਾ। ਮੈਂ ਡਪਰੈਸ਼ਨ ਦੀ ਲਪੇਟ ਵਿਚ ਆ ਚੁੱਕਾ ਸਾਂ। ਗੁਰਦੇਵ ਅਤੇ ਤਰਲੋਚਨ ਮਾਹਿਲ ਹਰ ਰੋਜ਼ ਮੇਰੇ ਕੋਲ਼ ਆਉਂਦੇ, ਮੈਨੂੰ ਕੁੱਝ ਖਿਲ਼ਾਉਂਦੇ। ਭਾਵੇਂ ਮੈਂ ਉਹਨਾਂ ਨੂੰ ਆਉਂਦੇ ਦੇਖ ਕੇ ਅੱਖਾਂ ਪੂੰਝ ਲੈਂਦਾ ਸਾਂ, ਪਰ ਫਿਰ ਵੀ ਉਹ ਸਭ ਸਮਝਦੇ ਸਨ। ਉਹਨਾਂ ਨੂੰ ਮੇਰਾ ਬਹੁਤ ਫਿਕਰ ਸੀ। ਅਗਰ ਇਕ ਜਣੇ ਨੂੰ ਕੋਈ ਕੰਮ ਹੋ ਜਾਂਦਾ ਤਾਂ ਉਹ ਦੂਸਰੇ ਨੂੰ ਫੂਨ ਕਰਕੇ ਕਹਿੰਦਾ, “ਮੇਰੇ ਕੋਲ਼ੋਂ ਅੱਜ ਜਾ ਨਹੀਂ ਹੋਣਾ, ਇਸ ਲਈ ਤੂੰ ਜਰੂਰ ਜਾਵੀਂ।”
ਗੁਰਦੇਵ ਮੈਨੂੰ ਦੱਸੇ ਬਗੈਰ ਇਕ ਮਨੋਵਗਿਆਨੀ ਨਾਲ਼ ਮੇਰੇ ਬਾਰੇ ਵਿਚਾਰ ਵਟਾਂਦਰਾ ਕਰਦਾ ਅਤੇ ਉਹਦੀ ਸਲਾਹ ਨਾਲ਼ ਮੈਨੂੰ ਸਹਿਜ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਰਹਿੰਦਾ। ਫਿਰ ਇਕ ਦਿਨ ਉਹ ਦੋਵੇਂ ਆਏ। ਮਾਹਿਲ ਨੇ ਮੇਰੇ ਬੈੱਡਰੂਮ ਦੇ ਕਲੌਜ਼ਿਟ ਵਿੱਚੋਂ ਮੇਰੇ ਪਾਉਣ ਵਾਲ਼ੇ ਕੱਪੜੇ ਚੁੱਕ ਲਏ ਅਤੇ ਗੁਰਦੇਵ ਨੇ ਮੈਨੂੰ ਬਾਹੋਂ ਫੜ ਕੇ ਕਿਹਾ, “ਚੱਲ ਉੱਠ।”
ਉਹ ਮੈਨੂੰ ਮਾਹਿਲ ਦੇ ਘਰ ਲੈ ਗਏ, ਜਿੱਥੇ ਮੈਂ ਕੋਈ ਸਾਲ ਭਰ ਰਿਹਾ। (ਸਿੱਧੇ ਜਾਂ ਟੇਡੇ ਢੰਗ ਨਾਲ਼ ਬਹੁਤ ਕੋਸ਼ਿਸ਼ ਕਰਨ ਤੇ ਵੀ ਮਾਹਿਲ ਨੇ ਮੇਰੇ ਕੋਲ਼ੋਂ ਕੋਈ ਖ਼ਰਚਾ ਨਹੀਂ ਲਿਆ।)
ਫਿਰ ਗੁਰਦੇਵ ਕੰਮ ਤੋਂ ਇਕ ਮਹੀਨੇ ਦੀਆਂ ਛੁਟੀਆਂ ਲੈ ਕੇ ਮੈਨੂੰ ਡੈਨਵਰ, ਲਾਉਸ ਵੇਗਸ ਹੁੰਦਾ ਹੋਇਆ, ਕੈਲੇਫੋਰਨੀਆਂ ਲੈ ਗਿਆ। ਉੱਥੇ ਅਸੀਂ ਲਾਉਸ ਏਂਜਲਸ, ਬੇਕਰਜ਼ਫੀਲਡ, ਐਵੇਨਲ, ਸੈਕਰਾਮੈਂਟੋ, ਯੂਬਾ ਸਿਟੀ ਵਗੈਰਾ ਘੁੰਮਦੇ ਰਹੇ। ਉੱਥੇ ਗੁਰਦੇਵ ਨੇ ਮੈਨੂੰ ਉਹਨਾਂ ਦੋਸਤਾਂ ਨੂੰ ਮਿਲਾਇਆ ਜੋ ਸਟੋਰਾਂ ਦੇ ਮਾਲਕ ਸਨ ਜਾਂ ਸਟੋਰਾਂ ਤੇ ਕੰਮ ਕਰਦੇ ਸਨ। ਕੁੱਝ ਫਾਰਮਾਂ ਤੇ ਲਿਜਾਕੇ ਫਾਰਮਰਾਂ ਨੂੰ ਵੀ ਮਿਲਾਇਆ। ਸੈਕਰਾਮੈਂਟੋ ਅਸੀਂ ਕੁੱਝ ਦਿਨ ਮੇਰੀ ਭੁਆ ਦੇ ਪੁੱਤ ਕੋਲ਼ ਵੀ ਰਹੇ। ਸਿਆਟਲ, ਪੋਰਟਲੈਂਡ ਹੁੰਦੇ ਹੋਏ ਅਸੀਂ ਬੀ.ਸੀ. ਆ ਗਏ। ਇੱਥੇ ਅਸੀਂ ਵੈਨਕੂਵਰ, ਸਰੀ ਆਦਿ ਸ਼ਹਿਰਾਂ ਵਿਚ ਕੁੱਝ ਸਾਥੀਆਂ ਨੂੰ ਮਿਲੇ। ਇਕ ਦਿਨ ਕੈਮਲੂਪਸ ਸੁਰਿੰਦਰ ਧੰਜਲ ਕੋਲ਼ ਵੀ ਠਹਿਰੇ। ਫਿਰ ਅਲਬਰਟਾ ਵਿਚ ਕੈਲਗਰੀ ਅਤੇ ਐਡਮਿੰਟਨ ਦੇ ਸਾਥੀਆਂ ਨੂੰ ਮਿਲੇ। ਕੈਲਗਰੀ ਵਿਚ ਅਸੀਂ ਕਮਲ ਸਾਹਿਲ ਹੋਣਾ ਕੋਲ ਅਤੇ ਐਡਮਿੰਟਨ ਜੁਗਿੰਦਰ ਰੰਧਾਵੇ ਹੋਰਾਂ ਕੋਲ਼ ਠਹਿਰੇ।
ਇਸ ਸਫ਼ਰ ਵਿਚ ਅਸੀਂ ਸੈਸਕੈਚਵਿਨ ਗੁਰਦੇਵ ਦੇ ਚਾਚੇ ਕੋਲ਼ ਸੈਸਕਾਟੂਨ ਵੀ ਰਹੇ। ਫਿਰ ਵਿਨੀਪੈੱਗ, ਕਨੋਰਾ, ਥੰਡਰਬੇਅ ਰਾਹੀਂ ਅਸੀਂ ਵਾਪਸ ਬਰੈਂਪਟਨ ਪਹੁੰਚ ਗਏ। ਇਸ ਸਫ਼ਰ ਵਿਚ ਇਕ ਵੱਖਰੇ ਮਾਹੌਲ ਵਿਚ ਮਾਂ-ਕੁਦਰਤ ਦੀ ਗੋਦ ਵਿਚ ਵਿਚਰਦਿਆਂ ਗੁਰਦੇਵ ਦੀ ਦੋਸਤੀ ਦੇ ਨਿੱਘ ਨੇ ਮੈਂਨੂੰ ਕਾਫ਼ੀ ਸਹਿਜ ਕਰ ਦਿੱਤਾ।
ਮਹੀਨਾ ਕੁ ਬੀਤ ਗਿਆ। ਇਸ ਦੌਰਾਨ ਗੁਰਦੇਵ ਮੇਰੇ ਨਾਲ਼ ਕੈਲੇਫੋਰਨੀਆਂ ਬਾਰੇ ਗੱਲਾਂ ਕਰਦਾ ਰਹਿੰਦਾ। ਕਿੰਨਾ ਵਧੀਆ ਮੌਸਮ ਹੈ। ਕਿੰਨਾ ਸੋਹਣਾ ਮਾਹੌਲ ਹੈ। ਪੰਜਾਬ ਵਾਂਗ ਹੀ ਟੀਊਵੈੱਲ ਅਤੇ ਨਹਿਰਾਂ ਚੱਲਦੀਆਂ ਹਨ। ਪੰਜਾਬ ਵਾਂਗ ਹੀ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਹਨ। ਫਰੂਟ ਬੇਅੰਤ, ਅਖਰੋਟ, ਬਦਾਮ, ਪਿਸਤਾ, ਸੰਤਰੇ ਰੁਲ਼ਦੇ ਫਿਰਦੇ ਹਨ। ਫਿਰ ਇਕ ਦਿਨ ਗੁਰਦੇਵ ਮੈਨੂੰ ਕਹਿਣ ਲੱਗਾ, “ਆਪਾਂ ਕੈਲੀਫੋਰਨੀਆਂ ਨਾ ਮੂਵ ਹੋ ਜਾਈਏ? ਉੱਥੇ ਕੋਈ ਸਟੋਰ ਲੈ ਲਵਾਂਗੇ।”
ਮੈਂ ਕਿਹਾ, “ਤੇਰੇ ਕੋਲ਼ ਤਾਂ ਗਰੀਨ ਕਾਰਡ ਹੈ। ਮੈਂ ਉੱਥੇ ਕਿਵੇਂ ਰਹਾਂਗਾ?” ਗੁਰਦੇਵ ਕਹਿੰਦਾ, “ਮੇਰੀ ਇਕ ਦਿਨ ਅੰਬੇ ਨਾਲ਼ ਗੱਲ ਹੋਈ ਸੀ। ਉਹ ਕਹਿੰਦਾ ਸੀ, ਹੁਣ ਫਿਰ ਬੇਕਰਜ਼ਫੀਲਡ ਕਾਰਡ ਬਣਦੇ ਹਨ। ਤੂੰ ਕਹੇਂ ਤਾਂ ਪਤਾ ਕਰਾਂ।”
ਅਸੀਂ ਬੇਕਰਜ਼ਫੀਲਡ ਧੀਦੋ ਨੂੰ ਫੂਨ ਕਰਕੇ ਪੁੱਛਿਆ। ਉਹਦੇ ਦੱਸਣ ਮੁਤਾਬਕ, ਮੈਂ ਫਿਰ ਕੈਲੀਫੋਰਨੀਆਂ ਚਲੇ ਗਿਆ। ਅੰਬੇ ਕੋਲ਼ ਐਵੇਨਲ ਰਹਿ ਕੇ ਮੈਂ ਬੇਕਰਜ਼ਫੀਲਡ ਤੋਂ ਕਾਰਡ ਬਣਾ ਲਿਆ ਅਤੇ ਬਰੈਂਪਟਨ ਮੁੜ ਆਇਆ। ਗੁਰਦੇਵ ਦੀ ਸਲਾਹ ਤੇ ਕੁੱਝ ਚਿਰ ਬਾਅਦ ਮੈਂ ਸੈਕਰਾਮੈਂਟੋ ਆਪਣੀ ਭੁਆ ਦੇ ਪੁੱਤ ਕੋਲ਼ ਚਲਾ ਗਿਆ। ਉੱਥੇ ਮੈਂ ਤਜ਼ਰਬਾ ਹਾਸਲ ਕਰਨ ਲਈ ਆਰਕੋ ਦੇ ਗੈਸ ਸਟੇਸ਼ਣ ਤੇ ਕੰਮ ਕਰਨ ਲੱਗ ਗਿਆ। ਛੇ ਕੁ ਮਹੀਨਿਆਂ ਬਾਅਦ ਮੈਂ ਗੁਰਦੇਵ ਨਾਲ਼ ਗੱਲ ਕੀਤੀ। ਉਹ ਕਹਿੰਦਾ, “ਮੈਂ ਅਮਰਜੀਤ (ਗੁਰਦੇਵ ਦੀ ਪਤਨੀ) ਨਾਲ਼ ਸਲਾਹ ਕਰਕੇ ਦੱਸਦਾ ਹਾਂ।”
ਦੂਸਰੇ ਦਿਨ ਫੂਨ ਕਰਕੇ ਉਹ ਕਹਿਣ ਲੱਗਾ, “ਯਾਰ, ਅਮਰਜੀਤ ਨੀਂ ਮੰਨਦੀ, ਐਦਾਂ ਕਰ, ਤੂੰ ਸਟੋਰ ਲੈ ਲਾ। ਮੈਂ ਤੇਰੀ ਮਦਦ ਕਰ ਦਿਆਂਗਾ।”
ਅਸਲ ਵਿਚ ਗੁਰਦੇਵ ਨੂੰ ਮੂਵ ਹੋਣ ਦੀ ਲੋੜ ਨਹੀਂ ਸੀ। ਉਹ ਇਕ ਚੰਗੀ ਕੰਪਨੀ ਨਾਲ਼ ਟੂਲ ਐਂਡ ਡਾਈ ਮੇਕਰ ਦਾ ਕੰਮ ਕਰਦਾ ਸੀ। ਅਮਰਜੀਤ ਬੈਂਕ ਵਿਚ ਮੈਨੇਜਰ ਸੀ। ਉਹਨਾਂ ਕੋਲ਼ ਅੱਛੀ ਖਾਸੀ ਪ੍ਰੌਪਰਟੀ ਵੀ ਸੀ। ਇਹ ਸਭ ਤਾਂ ਉਹਨੇ, ਮੈਨੂੰ ਇੱਥੋਂ ਗਲ਼ਘੋਟੂ ਮਾਹੌਲ ਵਿੱਚੋਂ ਕੱਢਣ ਲਈ ਹੀ ਕੀਤਾ ਸੀ। ਮੈਂ ਯੂਬਾਸਿਟੀ-ਮੈਰਿਜ਼ਵੈਲ ਵਿਚ ਲੀਕਰ ਐਂਡ ਫੂਡ ਸਟੋਰ ਲੈ ਲਿਆ।
ਫਿਰ ਮੈਂ 1994 ਵਿਚ ਕੈਲਗਰੀ (ਕੈਨੇਡਾ) ਆ ਗਿਆ। ਆਪਣੇ ਮਾਪਿਆਂ ਅਤੇ ਬੱਚਿਆਂ ਨੂੰ ਵੀ ਮੈਂ ਆਪਣੇ ਕੋਲ਼ ਸੱਦ ਲਿਆ। ਅੱਜ ਅਗਰ ਮੈਂ ਆਪਣੇ ਪਰਿਵਾਰ ਨਾਲ ਸਹਿਜ ਅਵਸਥਾ ਵਿਚ ਜੀ ਰਿਹਾ ਹਾਂ, ਇਹ ਸਭ ਗੁਰਦੇਵ ਲਾਲੀ ਤੇ ਤਰਲੋਚਨ ਮਾਹਿਲ ਦੇ ਸਦਕੇ ਹੀ ਹੈ। ਨਹੀਂ ਤਾਂ ਮੈਂ ਕਿਸੇ ਨੂੰ ਮਾਰਕੇ ਜੇਲ੍ਹ ਵਿਚ ਬੈਠਾ ਹੋਣਾ ਸੀ ਜਾਂ ਫਿਰ ਡਰੱਗੀ ਹੋਕੇ ਮਰ-ਮੁੱਕ ਜਾਣਾ ਸੀ। ਮੈਂ ਮਾਂ-ਕੁਦਰਤ ਨੂੰ ਅਰਜ਼ ਕਰਦਾ ਹਾਂ ਕਿ ਇਹੋ ਜਿਹੇ ਸੁਹਿਰਦ ਦੋਸਤ ਸਭ ਨੂੰ ਦੇਵੇ।
*****
(10)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)