“ਅੱਜ ਵਿੱਦਿਆ ਦੇ ਵਿਉਪਾਰੀਕਰਨ ਦੀ ਨੀਤ ਨਾਲ ਹੀ ਪੰਜਾਬ ਦੇ ਅੱਠ ਸੌ ਸਕੂਲ ਬੰਦ ਹੋ ਰਹੇ ਹਨ ...”
(20 ਨਵੰਬਰ 2017)
ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਡਾ. ਮਨਜੀਤ ਸਿੰਘ ਸੋਹਲ, ਡਾ. ਜੈਰੂਪ ਸਿੰਘ ਅਤੇ ਪ੍ਰਸ਼ੋਤਮ ਭਾਰਜਦਵਾਜ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਸਕੱਤਰ ਇਕਬਾਲ ਖ਼ਾਨ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਦੱਸਿਆ ਕਿ ਅੱਜ ਦੀ ਮੀਟਿੰਗ ਵਲਡ ਵਾਰ ਦੇ ਸ਼ਹੀਦਾਂ ਸਮਰਪਿਤ ਹੋਵੇਗੀ। ਨਾਲ ਹੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੇ ਸੁਮੇਲ ਦੀ ਗੱਲ ਕਰਦਿਆਂ ਕੁਝ ਦੁੱਖਦਾਈ ਖ਼ਬਰਾਂ, ਪ੍ਰਸਿੱਧ ਇਤਿਹਾਸਕਾਰ ਡਾ. ਗੁਰਚਰਨ ਸਿੰਘ ਔਲ਼ਖ, ਸ਼੍ਰੋਮਣੀ ਕਵੀਸ਼ਰ ਜੋਗਾ ਸਿੰਘ ਜੋਗੀ, ਗਿੱਲ ਮੋਰਾਂਵਾਲ਼ੀ ( ਮਹਿੰਦਰ ਸਿੰਘ ਗਿੱਲ) ਅਤੇ ਬਠਿੰਡਾ ਨੇੜੇ ਐਕਸੀਡੈਂਟ ਨਾਲ ਨੌਂ ਵਿਦਿਆਰਥੀਆਂ ਦੀ ਦੁੱਖਦਾਈ ਮੌਤ ਦੀਆਂ ਸਾਂਝੀਆਂ ਕੀਤੀਆਂ। 1984 ਦੇ ਦਿੱਲੀ ਵਿਚਲੇ ਕਤਲੇਆਮ ਦੇ ਨਿਰਦੋਸ਼ਾਂ ਨੂੰ ਯਾਦ ਕਰਦਿਆਂ ਸਭਾ ਦੀ ਰਵਾਇਤ ਅਨੁਸਾਰ ਇੱਕ ਮਿੰਟ ਦਾ ਮੋਨਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਸਤਨਾਮ ਸਿੰਘ ਢਾਅ ਨੇ ਵਿੱਛੜੀਆਂ ਸ਼ਖ਼ਸੀਅਤਾਂ (ਡਾ. ਗੁਰਚਰਨ ਸਿੰਘ ਔਲਖ, ਸ਼੍ਰੋਰਮਣੀ ਕਵੀਸ਼ਰ ਜੋਗਾ ਸਿੰਘ ਜੋਗੀ, ਅਤੇ ਗਿੱਲ ਮੋਰਾਵਾਲੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੇ ਕੀਤੇ ਕੰਮਾਂ ਬਾਰੇ ਰੋਸ਼ਨੀ ਪਾਈ ਅਤੇ ਆਖਿਆ ਕਿ ਇਨ੍ਹਾਂ ਸ਼ਖ਼ਸੀਅਤਾਂ ਦੇ ਜਾਣ ਨਾਲ ਨਾ ਪੂਰਿਆ ਜਾਣ ਵਾਲ਼ਾ ਘਾਟਾ ਪਿਆ ਹੈ। ਉਨ੍ਹਾਂ ਨੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਪ੍ਰਗਟ ਕੀਤੀ। ਇਸ ਤੋਂ ਬਾਅਦ ਡਾ. ਸੋਹਲ ਨੇ ਸੰਸਾਰ ਯੁੱਧ ਦੇ ਸ਼ਹੀਦਾਂ ਬਾਰੇ ਸੰਖੇਪ ਪਰ ਭਾਵ-ਪੂਰਤ ਸ਼ਬਦਾਂ ਵਿੱਚ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦਾ ਆਗਾਜ਼ ਸੁਖਵਿੰਦਰ ਸਿੰਘ ਤੂਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਗਾਇਨ ਕਰਕੇ ਕੀਤਾ। ਅਜਾਇਬ ਸਿੰਘ ਸੇਖੋਂ ਨੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪੇਸ਼ ਕਰਦੀ ਇੱਕ ਕਵਿਤਾ, ਹਰਨੇਕ ਬੱਧਨੀ ਨੇ ਗੌਰੀ ਲੰਕੇਸ਼ ਦੀ ਯਾਦ ਵਿੱਚ ਇੱਕ ਕਵਿਤਾ, ਸ਼ਿਵ ਕੁਮਾਰ ਸ਼ਰਮਾ ਨੇ ਇੱਕ ਕਵਿਤਾ ਨਾਲ ਹਾਜ਼ਰੀ ਲਗਵਾਈ। ਜਗਵੰਤ ਸਿੰਘ ਗਿੱਲ ਨੇ ‘ਮੌਸਮੀ ਰੰਗ’ ਨਾਂ ਦਾ ਕਵਿਤਾ ਸੁਣਾ ਕੇ ਕਾਵਿ-ਕਲਾ ਦਾ ਕਮਾਲ ਦਰਸਾਇਆ। ਜਸਵੀਰ ਸਿੰਘ ਸਿਹੋਤਾ ਨੇ ‘ਲੋੜ ਨਹੀਂ ਜੱਸ ਖੱਟਣ ਦੀ’ ਨਾਂ ਦੀ ਵਿਅੰਗ-ਮਈ ਕਵਿਤਾ ਪੇਸ਼ ਕੀਤੀ।
ਜਨੈਟਿਕਸ ਵਿਗਿਆਨੀ ਅਤੇ ਸਾਬਕਾ ਵੀ.ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸੈਂਟਲ ਯੂਨੀਵਰਸਿਟੀ ਬਠਿੰਡਾ ਨੇ ਐਜੂਕੇਸ਼ਨ ਬਾਰੇ ਅਤੇ ਖ਼ਾਸ ਕਰਕੇ ਪੰਜਾਬੀ ਬੋਲੀ ਨੂੰ ਮਾਰਨ ਬਾਰੇ ਬਹੁਤ ਸਾਰੇ ਮਹੱਤਵਪੂਰਨ ਤੱਥਾਂ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਅੰਗਰੇਜ਼ਾਂ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਦੀ ਨੀਤ ਨੇ ਲੋਕਾਂ ਨੂੰ ਅਨਪੜ ਰੱਖਣ ਤੇ ਸੋਚ ਨੂੰ ਖੁੰਢਾ ਕਰਨ ਦੀਆਂ ਪਾਲਸੀਆਂ ’ਤੇ ਹੀ ਕੰਮ ਕੀਤਾ ਹੈ। ਪੰਜਾਬੀ ਬੋਲੀ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬਹੁਤ ਸਾਰੇ ਤੱਥਾਂ ਦਾ ਖ਼ੁਲਾਸਾ ਕੀਤਾ ਜਿਨ੍ਹਾਂ ਦੀ ਬਹੁਤ ਸਾਰੇ ਸਰੋਤਿਆਂ ਨੂੰ ਜਾਣਕਾਰੀ ਹੀ ਨਹੀਂ ਸੀ। ਉਨ੍ਹਾਂ ਨੇ ਆਖਿਆ ਕਿ ਸਰਕਾਰਾਂ ਤਾਂ ਬਦਲੀਆਂ ਪਰ ਨੀਤ ਨਹੀਂ ਬਦਲੀ। ਅੱਜ ਵਿੱਦਿਆ ਦੇ ਵਿਉਪਾਰੀਕਰਨ ਦੀ ਨੀਤ ਨਾਲ ਹੀ ਪੰਜਾਬ ਦੇ ਅੱਠ ਸੌ ਸਕੂਲ ਬੰਦ ਹੋ ਰਹੇ ਹਨ। ਫੇਰ ਸੈਂਟਰਲ ਯੂਨੀਵਰਸਿਟੀਆਂ ਸਾਰੇ ਮੁੱਖ-ਮੰਤਰੀਆਂ ਨੇ ਆਪਣੇ ਆਪਣੇ ਸੂਬਿਆਂ ਦੇ ਆਪਣੇ ਪਿੰਡਾਂ ਵਿੱਚ ਖੁੱਲ੍ਹਵਾਈਆਂ ਜਿੱਥੇ ਨਾ ਹੀ ਵਿਦਿਆਰਥੀ ਹਨ, ਨਾ ਹੀ ਕੋਈ ਟੀਚਰ ਪਹੁੰਚ ਸਕਦਾ ਹੈ। ਉਹ ਨਾਂ ਦੀਆਂ ਯੂਨੀਵਰਸਿਟੀਆਂ ਹੀ ਬਣ ਕੇ ਰਹਿ ਗਈਆਂ ਹਨ। ਸੋ ਮਿਆਰੀ ਵਿੱਦਿਆ ਦਾ ਕੰਮ ਅਧੂਰਾ ਹੀ ਰਿਹਾ।
ਉਨ੍ਹਾਂ ਦੁੱਖ ਨਾਲ ਆਖਿਆ ਕਿ ਦੂਜੇ ਪਾਸੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਭਰਮਾਰ ਹੈ, ਜਿਥੇ ਆਮ ਲੋਕ ਆਪਣੇ ਬੱਚੇ ਨਹੀਂ ਪੜ੍ਹਾ ਸਕਦੇ। ਸੜਕਾਂ ਤੇ ਲੱਗੇ ਬੋਰਡਾਂ ’ਤੇ ਪੰਜਾਬੀ ਨੂੰ ਪਹਿਲ ਨਾ ਦੇਣ ਦਾ ਮਸਲਾ ਕਿਸੇ ਕੋਲੋਂ ਲੁਕਿਆ ਹੋਇਆ ਨਹੀਂ। ਇੱਕ ਹੋਰ ਹੈਰਨੀਜਨਕ ਗੱਲ ਉਨ੍ਹਾਂ ਇਹ ਦੱਸੀ ਕਿ ਮੈਨੂੰ ਪਟਿਆਲੇ ਅਤੇ ਮੋਹਲੀ ਵਿੱਚੋਂ ਪੰਜਾਬੀ ਦਾ ਬਾਲ-ਉਪਦੇਸ਼ (ਕਾਇਦਾ) ਨਹੀਂ ਲੱਭਾ ਪਰ ਇੰਗਲਿਸ਼ ਦੀਆਂ ਕਿਤਾਬਾਂ ਹਰ ਦੁਕਾਨ ਤੋਂ ਮਿਲ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਕਥਨੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ। ਪੰਜਾਬੀ ਲੋਕ ਜਾਗਰਿਤ ਹੋਣ ਤਾਂ ਪੰਜਾਬੀ ਬੋਲੀ ਬਚ ਸਕਦੀ ਹੈ। ਉਨ੍ਹਾਂ ਨੇ ਲੇਖਕਾਂ ਨੂੰ ਜਾਗਰਿਤ ਕਰਦਿਆਂ ਕਿਹਾ ਕਲਮ ਵਿੱਚ ਬਹੁਤ ਵੱਡੀ ਤਾਕਤ ਹੈ। ਇਹ ਬੇਇਨਸਾਫੀ ਦੇ ਖ਼ਿਲਾਫ ਚਲਦੀ ਹੀ ਰਹਿਣੀ ਚਾਹੀਦੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਤੋਂ ਬਾਹਰਲੇ ਪੰਜਾਬੀ, ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਲਈ ਸੁਚੇਤ ਹਨ।
ਡਾ. ਸੁਭਾਸ਼ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਦੀ ਦੁਰਦਸ਼ਾ ਲਈ ਅਸੀਂ ਵੀ ਉੰਨੇ ਹੀ ਜ਼ਿੰਮੇਵਾਰ ਹਾਂ, ਜਦੋਂ ਅਸੀਂ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਹਿੰਦੀ ਨੂੰ ਅਪਣਾਈ ਜਾ ਰਹੇ ਹਾਂ। ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕਰ ਦਿੱਤਾ।
ਤਰਲੋਕ ਸਿੰਘ ਚੁੱਘ ਨੇ ਆਪਣੇ ਚੁਟਕਲਿਆਂ ਦੇ ਪਟਾਰੇ ਨਾਲ ਕੈਲਗਰੀ ਦਾ ਮੌਸਮ ਹੀ ਗਰਮਾ ਦਿੱਤਾ। ਹੱਸ ਹੱਸ ਵੱਖੀਆਂ ਦੁਖਣ ਲੱਗੀਆਂ ਤਾਂ ਚੁੱਘ ਹੋਰੀਂ ਸਟੇਜ਼ ਤੋਂ ਉੱਤਰ ਕੇ ਆਪਣੀ ਸੀਟ ’ਤੇ ਆ ਗਏ। ਸਰੋਤੇ ਕੁਝ ਸਮੇਂ ਲਈ ਸਭ ਫਿਕਰ, ਚਿੰਤਾਵਾਂ ਭੁੱਲ ਗਏ, ਜ਼ਿੰਦਗੀ ਨੂੰ ਮਾਨਣ ਲਈ ਹੀ ਸੋਚਣ ਲੱਗੇ।
ਮਨਜੀਤ ਕੰਡਾ ਨੇ ਕੈਨੇਡਾ ਸਰਕਾਰ ਵੱਲੋਂ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਦਾ ਵਿਰੋਧ ਕਰਦਿਆਂ ਦੱਸਿਆ ਕਿ ਇਸ ਦੀ ਵਰਤੋਂ ਕਰਨ ਵਾਲਿਆਂ ਲਈ ਫਾਇਦਿਆਂ ਨਾਲੋਂ ਨੁਕਸਾਨ ਹੋਣ ਦੇ ਜ਼ਿਆਦਾ ਮੌਕੇ ਹਨ। ਭੰਗ ਨੂੰ ਸਿਰਫ਼ ਬਿਮਾਰ ਲੋਕ ਹੀ ਨਹੀਂ ਸਗੋਂ ਟੀਨਏਜਰ ਬੱਚੇ ਵੀ ਵਰਤਣਗੇ। ਇਸੇ ਗੱਲ ਨੂੰ ਲੈ ਕੇ ਸਵਰਨ ਧਾਰੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਨਸ਼ਿਆਂ ਤੋਂ ਬਚਣ ਜਾਂ ਐਜੂਕੇਟ ਹੋਣ। ਰਾਜ ਹੁੰਦਲ ਨੇ ਜਿੱਥੇ ਵਿਅੰਗ ਰਾਹੀਂ ਸਰੋਤਿਆਂ ਦਾ ਮਨੋਰਜਨ ਕੀਤਾ, ਉੱਥੇ ਵਲਡ ਵਾਰ ਬਾਰੇ ਕੈਲਗਰੀ ਦੀ ਸੜਕ ਮੈਮੋਰੀਅਲ ਡਰਾਇਵ ’ਤੇ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਲੱਗੇ ਦਰਖ਼ਤ ਅਤੇ ਉਸ ਸੜਕ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਅਖ਼ੀਰ ਤੇ ਡਾ. ਮਨਜੀਤ ਸਿੰਘ ਨੇ ਆਏ ਹੋਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਮੁੱਖ ਮਹਿਮਾਨ ਜੈਰੂਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 9 ਦਸੰਬਰ 2017 ਨੂੰ ਇਕ ਵਜੇ ਕੋਸੋ ਹਾਲ ਵਿੱਚ ਹੋਵੇਗੀ। ਹੋਰ ਜਾਣਕਾਰੀ ਲਈ 403-452-5166 ’ਤੇ ਡਾ. ਮਨਜੀਤ ਸਿੰਘ ਸੋਹਲ, 403-921-8736 ’ਤੇ ਇਕਬਾਲ ਖ਼ਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
*****