“ਜਿੰਮ ਨੇ ਗੱਲ ਅਗਾਂਹ ਤੋਰੀ, “ਬਿੱਲ, ਕਦੀ ਸੰਨਸ਼ਾਈਨ ਕਲੱਬ ਵਿਚ ਗੇੜਾ ਮਾਰਿਆ ਐ?” ...”
(15 ਜੂਨ 2024)
ਇਸ ਸਮੇਂ ਪਾਠਕ: 185.
ਨਾਲ ਲਿਜਾਣ ਵਾਲਾ ਸਾਰਾ ਸਮਾਨ ਬੈਗ ਵਿਚ ਪਾ ਕੇ ਬਲਬੀਰ ਕੰਮ ’ਤੇ ਜਾਣ ਲਈ ਆਪਣੇ ਸਾਥੀ ਦੀ ਉਡੀਕ ਕਰ ਰਿਹਾ ਸੀ। ਮਨੋਂ-ਮਨ ਉਹ ਹੈਰਾਨ ਵੀ ਹੋ ਰਿਹਾ ਸੀ ਕਿ ਦਰਸ਼ੀ ਨੇ ਪਹਿਲਾਂ ਵਾਂਗ ਅੱਜ ਕੋਈ ਅੜਿੱਕਾ ਕਿਉਂ ਨਹੀਂ ਡਾਹਿਆ।
ਕੁਝ ਵਰ੍ਹੇ ਪਹਿਲਾਂ ਜਦੋਂ ਇਸ ਸ਼ਹਿਰ ਵਿਚ ਕੰਮਾਂਕਾਰਾਂ ਦਾ ਮੰਦ ਪੈ ਗਿਆ ਸੀ, ਉਦੋਂ ਅਣਸਰਦੇ ਨੂੰ ਬਲਬੀਰ ਨੇ ਇਹ ਜੌਬ ਲੈ ਲਈ ਸੀ; ਘਰੋਂ ਪੰਜ ਸੌ ਕਿਲੋਮੀਟਰ ਦੂਰ। ਤਿੰਨ ਚਾਰ ਹਫਤੇ ਉੱਥੇ ਲਗਾਤਾਰ ਕੰਮ ਕਰਨਾ; ਫਿਰ ਹਫਤੇ ਦਸਾਂ ਦਿਨਾਂ ਲਈ ਘਰ ਆ ਜਾਣਾ।
ਸਾਲ ਕੁ ਭਰ ਗੱਡੀ ਪਟੜੀ ਉੱਤੇ ਪਈ ਰਹੀ, ਫਿਰ ਘਰ ਵਿਚ ਭਾਂਡੇ ਭੱਜਣ ਲੱਗ ਪਏ। ਬਲਵੀਰ ਦੇ ਘਰੋਂ ਤੁਰਨ ਵੇਲੇ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਜਾਭਾਂ ਦਾ ਭੇੜ ਛਿੜ ਪੈਂਦਾ। ਦਰਸ਼ੀ ਦੀ ਇੱਛਾ ਸੀ ਕਿ ਬਲਬੀਰ ਹੁਣ ਦੂਰ-ਦੁਰਾਡੇ ਦਾ ਕੰਮ ਛੱਡ ਕੇ ਇਸ ਸ਼ਹਿਰ ਵਿਚ ਹੀ ਕੋਈ ਕੰਮ ਭਾਲ਼ ਲਵੇ। ਜੇ ਕਮਾਈ ਘੱਟ ਵੀ ਹੋਵੇਗੀ, ਕੋਈ ਆਫਤ ਨਹੀਂ ਆਉਣ ਲੱਗੀ; ਬੱਚੇ ਤਾਂ ਯਤੀਮਾਂ ਵਾਂਗ ਬਚਪਨ ਨਹੀਂ ਬਿਤਾਉਣਗੇ। ਪਰ ਬਲਵੀਰ ਲੱਕੜ ਦੀ ਲੱਤ ਬਣਿਆ ਹੋਇਆ ਸੀ। ਉਸ ਉੱਪਰ ਚੰਡੀਗੜ੍ਹ ਵਿਚ ਖਰੀਦੇ ਹੋਏ ਪਲਾਟ ਉੱਤੇ ਛੇਤੀ ਤੋਂ ਛੇਤੀ ਕੋਠੀ ਉਸਾਰਨ ਦਾ ਭੂਤ ਸਵਾਰ ਸੀ। ਦਰਸ਼ੀ ਦੇ ਮਿੰਨਤਾਂ ਤਰਲੇ ਵੀ ਉਸ ਉੱਤੇ ਕਾਟ ਨਹੀਂ ਸਨ ਕਰ ਰਹੇ।
ਥੱਕ ਹਾਰ ਕੇ ਦਰਸ਼ੀ ਨੇ ਚੁੱਪ ਸਾਧ ਲਈ।
ਬਲਬੀਰ ਮੁੜ-ਮੁੜ ਬਾਰੀ ਵਿੱਚੀਂ ਸੜਕ ਵਲ ਝਾਤ ਮਾਰਦਾ ਅੱਕ ਗਿਆ। ਜਿੰਮ ਨੂੰ ਹੁਣ ਤਕ ਆ ਜਾਣਾ ਚਾਹੀਦਾ ਸੀ। ਉਸ ਨਾਲ ਉਸਦੇ ਟਰੱਕ ਵਿਚ ਬਹਿ ਕੇ ਬਲਬੀਰ ਨੇ ਗਰੈਂਡ ਪਰੇਰੀ ਦੇ ਰਾਹ ਪੈਣਾ ਸੀ। ਪੱਧਰੇ ਦਿਨ ਅਤੇ ਸੁਕਪਕੇ ਰਾਹ ਇਹ ਵਾਟ ਪੰਜ ਛੇ ਘੰਟਿਆਂ ਵਿਚ ਸਹਿਜੇ ਹੀ ਨਿੱਬੜ ਜਾਂਦੀ ਸੀ। ਪਰ ਅੱਜ ਉੱਲਰ-ਉੱਲਰ ਕੇ ਆ ਰਹੇ ਨਰਮੇ ਦੇ ਅੰਬਾਰਾਂ ਵਰਗੇ ਬੱਦਲ਼ ਬਰਫ਼ਬਾਰੀ ਕਿਸੇ ਸਮੇਂ ਵੀ ਸ਼ੁਰੂ ਹੋ ਜਾਣ ਦੀਆਂ ਕਨਸੋਆਂ ਦੇ ਰਹੇ ਸਨ।
ਜਿਸ ਜੁੱਟ ਵਿਚ ਬਲਬੀਰ ਸ਼ਾਮਲ ਸੀ, ਇਹ ਗਰੈਂਡ ਪਰੇਰੀ ਦੇ ਲਾਗੇ-ਚਾਗੇ ਕੰਮ ਕਰਦਾ ਸੀ। ਕੰਮ ਸੀ ਇਨ੍ਹਾਂ ਦਾ ਧਰਤੀ ਹੇਠੋਂ ਤੇਲ ਕੱਢਣ ਵਾਲੇ ਪੰਪਾਂ ਦੀ ਮੁਰੰਮਤ ਕਰਨਾ। ਪੰਪ, ਜਿਹੜੇ ਦੂਰੋਂ ਦੇਖਿਆਂ ਕੱਟਿਆਂ ਵਰਗੇ ਨਜ਼ਰ ਆਉਂਦੇ, ਅਤੇ ਨੇੜਿਓਂ ਐਨ ਝੋਟਿਆਂ ਵਰਗੇ। ਉਨ੍ਹਾਂ ਝੋਟਿਆਂ ਵਰਗੇ, ਜਿਹੜੇ ਇੱਕੋ ਥਾਂ ਖੜ੍ਹੇ ਆਪਣਾ ਸਿਰ ਹੇਠਾਂ ਉੱਤੇ ਹਿਲਾਈ ਜਾ ਰਹੇ ਹੋਣ। ਗਰਮੀਆਂ ਵਿਚ ਇਨ੍ਹਾਂ ਦੀ ਟੁੱਟ-ਭੱਜ ਇੰਨੀ ਨਹੀਂ ਹੁੰਦੀ, ਜਿੰਨੀ ਸਰਦੀਆਂ ਵਿਚ। ਕੜਾਕੇ ਦੀ ਸਰਦੀ ਵਿਚ ਇਨ੍ਹਾਂ ਦਾ ਇੰਜਰ-ਪਿੰਜਰ ਜਲਦੀ ਹੀ ਕੜਕ ਜਾਂਦਾ ਹੈ।
ਬਲਬੀਰ ਨੇ ਫਿਰ ਬਾਰੀ ਵਿੱਚੀਂ ਬਾਹਰ ਦੇਖਿਆ। ਘੜੀ ਦੇਖੀ। ਜਿੰਮ ਨੂੰ ਟੈਲੀਫੋਨ ਕਰਨ ਲੱਗਾ ਉਹ ਝਿਜਕ ਗਿਆ, ਇਹ ਸੋਚ ਕੇ ਕਿ ਸ਼ਾਇਦ ਪਿਛਲੇ ਮੋੜ ਉੱਤੇ ਆਉਂਦਾ ਹੀ ਹੋਵੇ। ਆਮ ਤੌਰ ਉੱਤੇ ਇਨ੍ਹਾਂ ਦੇ ਘਰੋਂ ਤੁਰਨ ਦਾ ਸਮਾਂ ਦੋ ਢਾਈ ਵਜੇ ਦੇ ਨੇੜੇ-ਤੇੜੇ ਹੁੰਦਾ ਸੀ। ਅੱਠ ਨੌਂ ਵਜੇ ਤਕ ਆਪਣੇ ਟਿਕਾਣੇ ਪਹੁੰਚ, ਨਹਾ ਧੋ, ਖਾ ਪੀ ਕੇ ਗਿਆਰਾਂ ਕੁ ਵਜੇ ਤੀਕ ਇਹ ਬਿਸਤਰੇ ਵਿਚ ਵੜ ਜਾਇਆ ਕਰਦੇ ਸਨ। ਪਰ ਹੁਣ ਚਾਰ ਵੱਜਣ ਵਾਲੇ ਸਨ। ਘਾਊਂ-ਮਾਊਂ ਹੁੰਦੇ ਬਲਬੀਰ ਨੇ ਆਖਰ ਟੈਲੀਫੋਨ ਖੜਕਾ ਹੀ ਦਿੱਤਾ।
“ਹੁਣੇ ਹੀ ਤੁਰਨ ਲੱਗਾ ਹਾਂ। ਤੂੰ ਤਿਆਰ ਰਹਿ।” ਜਿੰਮ ਨੇ ਅੱਗੋਂ ਉੱਤਰ ਦਿੱਤਾ।
ਬਲਬੀਰ ਨੇ ਤਿਆਰੀ ਕੀ ਕਰਨੀ ਸੀ, ਉਹ ਤਾਂ ਦੋ ਵਜੇ ਦਾ ਪਿੱਠੂ ਬੰਨ੍ਹੀਂ ਬੈਠਾ ਸੀ।
ਦਰਸ਼ੀ ਦੀ ਚੁੱਪ ਨੇ ਬਲਬੀਰ ਨੂੰ ਕੁਝ ਕੁ ਉਪਰਾਮ ਤਾਂ ਕੀਤਾ, ਪਰ ਬਹੁਤਾ ਬੇਚੈਨ ਨਹੀਂ।
ਬਰਫ਼ ਨਾਲ ਲੱਦੇ ਹੋਏ ਬੱਦਲ਼ ਘਰ ਦੇ ਬੂਹੇ ਬਾਰੀਆਂ ਭੰਨਣ ਨੂੰ ਆਉਂਦੇ ਸਨ। ਸ਼ੁਕਰ ਸੀ ਕਿ ਧਰਤੀ ਉੱਤੇ ਅਜੇ ਤੀਕ ਬਰਫ਼ ਦਾ ਇਕ ਵੀ ਫੰਬਾ ਨਹੀਂ ਸੀ ਡਿਗਿਆ। ਭੰਬਲਭੂਸੇ ਜਿਹੇ ਦੀ ਹਾਲਤ ਵਿਚ ਬਲਬੀਰ ਆਪਣੇ ਬੱਚਿਆਂ ਕੋਲ਼ ਜਾ ਬੈਠਾ। ਬੱਚੇ ਚੁੱਪ-ਗੜੁੱਪ ਟੈਲੀਵੀਜ਼ਨ ਦੇਖਦੇ ਰਹੇ। ਬਲਬੀਰ ਨੂੰ ਇਹ ਚੁੱਪ ਵੀ ਸਾਜ਼ਿਸ਼ੀ ਜਿਹੀ ਲੱਗੀ। ਉਹ ਉੱਥੋਂ ਉੱਠ ਕੇ ਇੱਧਰ-ਉੱਧਰ ਘੁੰਮਣ ਲੱਗ ਪਿਆ।
ਪਿਛਲੇ ਸਾਲ ਇਕ ਵਾਰ ਇਹੋ ਜਿਹੇ ਹੀ ਦਿਨ ਸਨ ਤੇ ਮੌਸਮ ਦਾ ਰੁਖ ਰਮਾਣ ਵੀ ਇਹੋ ਜਿਹਾ ਹੀ ਸੀ, ਦੋ ਵਜੇ ਦੇ ਘਰੋਂ ਤੁਰੇ ਹੋਏ ਬਲਬੀਰ ਹੋਰੀਂ ਰਾਹ ਵਿਚਲੀ ਤਿਲ੍ਹਕਣਬਾਜ਼ੀ ਕਾਰਨ ਰਾਤ ਦੇ ਬਾਰਾਂ ਵਜੇ ਆਪਣੇ ਟਿਕਾਣੇ ਉੱਤੇ ਪਹੁੰਚੇ ਸਨ। ਅੱਜ ਸਫਰ ਕਿਵੇਂ ਮੁੱਕੂ, ਇਹੋ ਧੁੜਕੂ ਹੁਣ ਬਲਬੀਰ ਨੂੰ ਲੱਗਾ ਹੋਇਆ ਸੀ। ਬਰਫ਼ੀਲੇ ਬੱਦਲ਼ਾਂ ਦਾ ਹਨੇਰ-ਗੁਬਾਰ, ਉੱਪਰੋਂ ਰਾਤ ਦਾ ਵਕਤ; ਭਵਸਾਗਰ ਪਾਰ ਕਰਨ ਵਾਲੀ ਗੱਲ ਹੀ ਤਾਂ ਸੀ।
ਬਲਬੀਰ ਦੀ ਟਿਕਟਿਕੀ ਉਦੋਂ ਸੜਕ ਵਲ ਹੀ ਲੱਗੀ ਹੋਈ ਸੀ, ਜਦੋਂ ਨੇੜੇ ਆਇਆ ਜਿੰਮ ਦਾ ਟਰੱਕ ਉਸ ਨੂੰ ਦਿਸਿਆ। ਤਤਕਾਲ ਉਹ ਘਰੋਂ ਬਾਹਰ ਨਿਕਲ ਆਇਆ। ਜਿੰਮ ਉਸ ਨੂੰ ਚਾਬੀਆਂ ਫੜਾਉਂਦਾ ਹੋਇਆ ਆਖਣ ਲੱਗਾ, “ਲੈ ਬਈ ਬਿੱਲ, ਹੁਣ ਤੂੰ ਜਾਣ ਤੇ ਤੇਰਾ ਕੰਮ ਜਾਣੇ।”
ਸ਼ਹਿਰੋਂ ਬਾਹਰ ਨਿਕਲਦਿਆਂ ਨੂੰ ਹਨੇਰਾ ਸੰਘਣਾ ਹੋਣ ਲੱਗ ਪਿਆ। ਬਰਫ਼ਬਾਰੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ। ਅਜੇ ਉਹ ਜੈਸਪੁਰ ਵਾਲੇ ਰਾਹ ਤੋਂ ਹਟ ਕੇ ਗਰੈਂਡ ਪਰੇਰੀ ਵਾਲੇ ਰਾਹ ਵੀ ਨਹੀਂ ਸਨ ਪਏ ਕਿ ਟਰੱਕ ਫੁਸਫੁਸ ਕਰਕੇ ਬੰਦ ਹੋ ਗਿਆ।
ਜਿੰਮ ਉੱਤਰਿਆ। ਕਾਰਬੋਰੇਟਰ ਚੈੱਕ ਕੀਤਾ। ਸਪਾਰਕ ਪਲੱਗ ਵਾਇਰਾਂ ਨੂੰ ਟੋਹਿਆ, ਛੇੜਿਆ। ਉਸ ਨੂੰ ਸਭ ਕੁਝ ਠੀਕਠਾਕ ਲੱਗਾ। ਗੈਸ ਵਾਲੀ ਟੈਂਕੀ ਉਹਨੇ ਘਰੋਂ ਤੁਰਨ ਲੱਗਿਆਂ ਭਰਵਾ ਲਈ ਸੀ। ਉਹਨੇ ਬਲਬੀਰ ਨੂੰ ਚਾਬੀ ਲਾਉਣ ਲਈ ਆਖਿਆ। ਸਟਾਰਟਰ ਘੀਂ-ਘੀਂ ਕਰਦਾ ਰਿਹਾ, ਪਰ ਇੰਜਣ ਨੇ ਫੁਰਤੀ ਨਾ ਫੜੀ। ਜਿੰਮ ਨੇ ਕਲਿੱਪ ਲਾਹ ਕੇ ਫਿਲਟਰ ਖੋਲ੍ਹਿਆ। ਛੰਡਕਿਆ। ਪੁੱਠੇ ਪਾਸਿਉਂ ਫੂਕਾਂ ਮਾਰ ਕੇ ਸਾਫ ਕੀਤਾ। ਥਾਂ ਸਿਰ ਫਿੱਟ ਕਰ ਕੇ ਬਲਬੀਰ ਨੂੰ ਫਿਰ ਚਾਬੀ ਲਾਉਣ ਦਾ ਇਸ਼ਾਰਾ ਕੀਤਾ। ਜਦੋਂ ‘ਘੁਰਰ’ ਕਰ ਕੇ ਟਰੱਕ ਗਰਜਿਆ ਤਾਂ ਦੋਹਾਂ ਦੇ ਚਿਹਰਿਆਂ ਉੱਤੇ ਖੇੜਾ ਆ ਗਿਆ।
ਸਾਹਮਣਿਉਂ ਆ ਰਹੇ ਬਰਫ਼ ਨਾਲ ਲੱਦੇ ਬੱਦਲ਼ ਧੁੱਸਾਂ ਮਾਰਨ ਲੱਗ ਪਏ। ਇਵੇਂ ਲੱਗਣ ਲੱਗਾ ਜਿਵੇਂ ਉਹ ਟਰੱਕ ਨੂੰ ਸੜਕੋਂ ਲਾਹ ਕੇ ਹੀ ਸਾਹ ਲੈਣਗੇ। ਘੀਸ-ਘੀਸ ਕਰਦਿਆਂ ਅਜੇ ਪੰਦਰਾਂ, ਜਾਂ ਬੜੀ ਹੱਦ ਵੀਹ ਕਿਲੋਮੀਟਰ ਵਾਟ ਹੀ ਉਨ੍ਹਾਂ ਨੇ ਕੱਢੀ ਹੋਵੇਗੀ ਕਿ ਟਰੱਕ ਫੁਸਫੁਸ ਕਰ ਕੇ ਫਿਰ ਖੜੋ ਗਿਆ।
ਇਸ ਵਾਰ ਘੋਖ ਕਰਨ ’ਤੇ ਪਤਾ ਲੱਗਾ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਨਿਕੰਮਾ ਫਿਲਟਰ ਸੀ। ਫਿਰ ਖੋਲ੍ਹਿਆ। ਛੰਡਕਿਆ। ਫੂਕਾਂ ਮਾਰੀਆਂ। ਫਿੱਟ ਕੀਤਾ, ਤੇ ਚੱਲ ਪਏ।
ਬਰਫ਼ਬਾਰੀ ਹੱਦਾਂ ਬੰਨੇਂ ਟੱਪਣ ਲੱਗ ਪਈ। ਰਾਹ ਦੀ ਪਛਾਣ ਕਰਨੀ ਵੀ ਔਖੀ ਹੋ ਗਈ। ਬਲਬੀਰ ਨੂੰ ਔਟਲ ਗਏ ਹੋਣ ਦਾ ਸੰਸਾ ਹੋਇਆ। ਉਹ ਆਖਣ ਲੱਗਾ, “ਜਿੰਮ, ਮੈਨੂੰ ਲਗਦਾ ਐ ਆਪਾਂ ਗਲਤ ਰਾਹ ਪੈ ਗਏ ਹਾਂ।”
“ਦੱਬੀ ਚੱਲ।” ਬਿਨਾਂ ਅੱਖਾਂ ਖੋਲ੍ਹਿਆਂ ਜਿੰਮ ਬੋਲਿਆ, “ਗਲਤ ਰਾਹ ਆਪਾਂ ਅੱਜ ਨਹੀਂ ਪਏ, ਕਈਆਂ ਸਾਲਾਂ ਤੋਂ ਪਏ ਹੋਏ ਹਾਂ।”
ਬਲਬੀਰ ਖਿਝ ਗਿਆ, “ਮਿਸਟਰ, ਜੇ ਇਵੇਂ ਹੀ ਧੁਸ ਦਿੰਦੇ ਚੱਲੀ ਗਏ, ਆਪਾਂ ਕਿਸੇ ਤਣ-ਪੱਤਣ ਨਹੀਂ ਲੱਗ ਸਕਣਾ।”
ਜਿੰਮ ਨੇ ਸਿਰ ਛੰਡਕਿਆ। ਅੱਖਾਂ ਮਲ਼ੀਆਂ। ਆਸੇ ਪਾਸੇ ਦੇਖ ਕੇ ਥਹੁ ਲਾਉਣ ਲੱਗਾ। ਬਰਫ਼ ਦੀ ਹਨੇਰੀ ਇੰਨੀ ਚੜ੍ਹੀ ਹੋਈ ਸੀ ਕਿ ਦਸ ਪੰਦਰਾਂ ਮੀਟਰ ਤੋਂ ਪਾਰ ਅੱਖਾਂ ਦੀ ਪਕੜ ਵਿਚ ਕੁਝ ਵੀ ਨਹੀਂ ਸੀ ਆਉਂਦਾ। ਅਖੀਰ ਉਨ੍ਹਾਂ ਬਰਫ਼ ਨਾਲ ਢਕੇ ਹੋਏ ਇਕ ਸਾਈਨ ਬੋਰਡ ਲਾਗੇ ਟਰੱਕ ਰੋਕ ਲਿਆ। ਇਕ ਡੰਡੇ ਨਾਲ ਸਾਈਨ ਬੋਰਡ ਤੋਂ ਬਰਫ਼ ਝਾੜੀ ਤਾਂ ਪੜ੍ਹਨ ਨੂੰ ਮਿਲਿਆ: ‘ਬਾਰਹੈੱਡ – ਤੀਹ ਕਿਲੋਮੀਟਰ’।
“ਮਿੱਤਰਾ! ਤੂੰ ਹਾਈਵੇ ਤਰਤਾਲੀ ਛੱਡ ਕੇ ਤੇਤੀ ਫੜ ਲਿਆ ਹੈ। ਇਹ ਟਪਲ਼ਾ ਕਿਵੇਂ ਲੱਗ ਗਿਆ?” ਜਿੰਮ ਪੁੱਛਣ ਲੱਗਾ।
ਬਲਬੀਰ ਕੀ ਦੱਸਦਾ? ਉਹਦੇ ਸਿਰ ਵਿਚ ਤਾਂ ਅੱਜ ਦਰਸ਼ੀ ਦੀ ਚੁੱਪ ਨੇ ਖੌਰੂ ਪਾਇਆ ਹੋਇਆ ਸੀ। ਕਿਹੜੇ ਵੇਲੇ ਉਹ ਗਲਤ ਮੋੜ ਕੱਟ ਗਿਆ, ਉਸ ਨੂੰ ਕੁਝ ਵੀ ਪਤਾ ਨਹੀਂ ਲੱਗਾ। ਇਹ ਰਾਹ, ਜਿਸ ਉੱਤੇ ਉਹ ਹੁਣ ਪਏ ਹੋਏ ਸਨ, ਬਾਰਹੈੱਡ ਲੰਘ ਕੇ ਅਗਾਂਹ ਉਜਾੜ ਬੀਆਬਾਣ ਵਿਚ ਜਾ ਵੜਨਾ ਸੀ। ਉਸ ਇਲਾਕੇ ਵਿਚ ਇਨ੍ਹੀਂ ਦਿਨੀਂ ਬੰਦਾ ਤਾਂ ਕੀ, ਕੋਈ ਪੰਛੀ ਪਰਿੰਦਾ ਵੀ ਨਹੀਂ ਫੜਕਦਾ। ਉਨ੍ਹਾਂ ਇੱਥੋਂ ਹੀ ਪਿਛਲਖੁਰੀ ਮੋੜੇ ਪਾ ਲਏ ਤੇ ਪਿਛਾਂਹ ਜਾ ਕੇ ਫਿਰ ਹਾਈਵੇ ਤਰਤਾਲੀ ਫੜ ਲਿਆ।
“ਜਿੰਮ, ਤੇਰੀ ਵਾਈਫ ਖੁਸ਼ ਆ ਤੇਰੇ ਗਰੈਂਡ ਪਰੇਰੀ ਕੰਮ ਕਰਨ ’ਤੇ?” ਬਲਬੀਰ ਨੇ ਆਪਣੇ ਅੰਦਰਲਾ ਧੂੰਆਂ ਬਾਹਰ ਕੱਢ ਦਿੱਤਾ।
“ਨਹੀਂ, ਬਿਲਕੁਲ ਨਹੀਂ। ਉਹਨੇ ਤਾਂ ਸਗੋਂ ਮੈਨੂੰ ਨੋਟਿਸ ਦਿੱਤਾ ਹੋਇਆ ਹੈ;” ਜਿੰਮ ਦੱਸਣ ਲੱਗਾ, “ਜੇ ਆਹ ਸਿਆਲ ਨਿਕਲੇ ’ਤੇ ਮੈਂ ਐਡਮਿੰਟਨ ਵਿਚ ਕੰਮ ਨਾ ਲੱਭਿਆ ਤਾਂ ਮੇਰਾ ਬੋਰੀ ਬਿਸਤਰਾ ਲਪੇਟਿਆ ਸਮਝ। ਪਰ ਬਿੱਲ, ਤੈਂ ਇਹ ਗੱਲ ਕਿਉਂ ਪੁੱਛੀ? ਕੀ ਤੁਹਾਡੇ ਘਰ ਵਿਚ ਵੀ ਤਲਖੀ ਵਧਣ ਲੱਗ ਪਈ ਹੈ?”
“ਨਹੀਂ, ਅਜਿਹੀ ਕੋਈ ਗੱਲ ਨਹੀਂ। ... ਪੂਰੀ ਸ਼ਾਂਤੀ ਹੈ ਸਾਡੇ ਘਰ ਵਿਚ ਤਾਂ।”
“ਕਿਤੇ ਇਹ ਸ਼ਾਂਤੀ ਪ੍ਰੈੱਸ਼ਰ ਕੁੱਕਰ ਵਾਲੀ ਤਾਂ ਨਹੀਂ? ਅੰਦਰੋ-ਅੰਦਰ ਖਿਚੜੀ ਪੱਕ ਜਾਵੇ ਤੇ ਫਿਰ ਸੀਟੀਆਂ ਵੱਜਣ ਲੱਗ ਪੈਣ?”
ਜਿੰਮ ਦੇ ਇਹ ਬੋਲ ਕੰਨਾਂ ਵਿਚ ਪੈਂਦਿਆਂ ਸਾਰ ਸਿੱਧੇ ਬਲਬੀਰ ਦੇ ਸਿਰ ਨੂੰ ਚੜ੍ਹ ਗਏ। ਮਗਜ਼ ਵਿਚ ਕਰੋਲ਼ਾ ਜਿਹਾ ਫਿਰਨ ਲੱਗਾ। ਉਸ ਨੂੰ ਚੰਡੀਗੜ੍ਹ ਵਾਲਾ ਪਲਾਟ ਤਾਂ ਕੀ, ਸਭ ਕੁਝ ਹੀ ਹੱਥੋਂ ਜਾਂਦਾ ਨਜ਼ਰ ਆਇਆ।
ਕੁਝ ਵਾਟ ਕੱਢ ਕੇ ਟਰੱਕ ਫੁਸਫੁਸ ਕਰ ਕੇ ਖੜ੍ਹ ਜਾਂਦਾ। ਫਿਲਟਰ ਵਿਚ ਫੂਕਾਂ ਮਾਰਦੇ, ਫਿਰ ਤੁਰ ਪੈਂਦੇ। ਇਸੇ ਚੱਜ ਵਾਈਟਕੋਰਟ ਪਹੁੰਚਦਿਆਂ ਰਾਤ ਦੇ ਨੌਂ ਵੱਜ ਗਏ। ਇਕ ਗਰਾਜ ਵਿੱਚੋਂ ਲੈ ਕੇ ਉਨ੍ਹਾਂ ਨੇ ਫਿਲਟਰ ਬਦਲਿਆ। ਅਜੇ ਉਹ ਹਾਈਵੇ ਉੱਤੇ ਪੈਣ ਹੀ ਲੱਗੇ ਸਨ ਕਿ ਪੁਲਿਸ ਦਾ ਲੱਗਾ ਹੋਇਆ ਨਾਕਾ ਦੇਖ ਕੇ ਰੁਕ ਗਏ।
ਪੁਲੀਸਮੈਨ ਉਨ੍ਹਾਂ ਦੇ ਲਾਗੇ ਆ ਕੇ ਆਖਣ ਲੱਗਾ, “ਝੱਖੜ ਕਾਰਨ ਅਗਾਂਹ ਰਾਹ ਬੰਦ ਹੈ। ਕਿਰਪਾ ਕਰ ਕੇ ਇੱਥੋਂ ਹੀ ਪਿਛਾਂਹ ਮੁੜ ਜਾਵੋ।”
“ਅਸੀਂ ਤਾਂ ਗਰੈਂਡ ਪਰੇਰੀ ਜਾਣਾ ਹੈ। ਅਸੀਂ ਉੱਥੇ ਕੰਮ ਕਰਦੇ ਹਾਂ।”
“ਇਹੀ ਮੈਂ ਆਖ ਰਿਹਾ ਹਾਂ, ਗਰੈਂਡ ਪਰੇਰੀ ਵਾਲਾ ਰਾਹ ਬੰਦ ਹੈ। ਭਾਰੀ ਬਰਫ਼ਬਾਰੀ ਕਾਰਨ ਕਈ ਭਿਆਨਕ ਐਕਸੀਡੈਂਟ ਹੋ ਚੁੱਕੇ ਹਨ। ਇਸੇ ਕਰਕੇ ਬੰਦ ਕਰਨਾ ਪੈ ਗਿਆ ਹੈ।”
ਬਲਬੀਰ ਹੋਰਾਂ ਪਾਸ ਹੁਣ ਵਾਪਸ ਮੁੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
“ਇਕ ਵਾਰ ਮੇਰੇ ਵੱਡੇ ਭਰਾ ਨਾਲ ਇਉਂ ਹੋਇਆ ਬਿੱਲ,” ਵਾਪਸ ਪਰਤਦਿਆਂ ਜਿੰਮ ਦੱਸਣ ਲੱਗਾ, “ਉਹ ਯੂਕੌਨ ਵਿਚ ਕੰਮ ’ਤੇ ਜਾਇਆ ਕਰਦਾ ਸੀ, ਜਹਾਜ਼ ਵਿਚ। ਇਕ ਦਿਨ ਝੱਖੜ ਆਇਆ ਹੋਇਆ ਸੀ, ਅੱਜ ਵਾਂਗ ਹੀ। ਪਹਿਲਾਂ ਫਲਾਈਟਾਂ ਲੇਟ ਹੋਈ ਗਈਆਂ, ਫਿਰ ਕੈਂਸਲ ਹੋਣ ਲੱਗ ਪਈਆਂ। ਥੱਕਿਆ-ਟੁੱਟਿਆ ਅਤੇ ਖਿਝਿਆ-ਖਪਿਆ ਮੇਰਾ ਭਰਾ ਜਦੋਂ ਰਾਤ ਨੁੰ ਬਾਰਾਂ ਕੁ ਵਜੇ ਘਰ ਪਹੁੰਚਿਆ ਤਾਂ ਉਹਨੇ ਕੀ ਦੇਖਿਆ, ਭਰਜਾਈ ਕਿਸੇ ਨਾਲ ਰਾਸ ਰਚਾਈ ਬੈਠੀ ਸੀ। ਘਰ ਵਿਚ ਰੱਫੜ ਪੈ ਗਿਆ। ਦੋ ਢਾਈ ਸਾਲ ਵਕੀਲਾਂ ਕਚਹਿਰੀਆਂ ਦੇ ਗੇੜੇ ਮਾਰਨ ਪਿੱਛੋਂ ਮਸੀਂ ਤਲਾਕ ਮਿਲਿਆ। ਉੱਧਰ ਭਰਜਾਈ ਨੇ ਕੋਈ ਹੋਰ ਰੋਮੀਓ ਲੱਭ ਲਿਆ; ਇੱਧਰ ਮੇਰੇ ਭਰਾ ਨੇ ਕੋਈ ਹੋਰ ਜੂਲੀਅਟ। ... ਬੱਚੇ ਬਿਚਾਰੇ ਰੁਲ਼ ਗਏ।”
ਬਲਬੀਰ ਨੇ ਘੜੀ ਦੇਖੀ। ਰਾਤ ਦੇ ਦਸ ਵੱਜ ਰਹੇ ਸਨ। ਰਾਹ ਵਿਚਲੀ ਤਿਲ੍ਹਕਣਬਾਜ਼ੀ ਕਾਰਨ ਜਿੰਨੀਂ ਕੁ ਰਫਤਾਰ ਨਾਲ ਉਹ ਇਸ ਵੇਲੇ ਜਾ ਰਹੇ ਸਨ, ਘਰ ਅੱਪੜਦਿਆਂ ਅੱਜ ਉਨ੍ਹਾਂ ਨੂੰ ਵੀ ਬਾਰਾਂ ਜਾਂ ਸਾਢੇ ਬਾਰਾਂ ਵੱਜ ਜਾਣੇ ਸਨ। ਕੁਝ ਕਹਿਣ ਲਈ ਬਲਵੀਰ ਨੇ ਮੂੰਹ ਖੋਲ੍ਹਿਆ, ਫਿਰ ਪਤਾ ਨਹੀਂ ਕੀ ਸੋਚ ਕੇ ਉਸੇ ਪਲ ਮੀਟ ਲਿਆ।
ਜਿੰਮ ਨੇ ਗੱਲ ਅਗਾਂਹ ਤੋਰੀ, “ਬਿੱਲ, ਕਦੀ ਸੰਨਸ਼ਾਈਨ ਕਲੱਬ ਵਿਚ ਗੇੜਾ ਮਾਰਿਆ ਐ?”
“ਨਾ ਬ੍ਰਦਰ! ਮੈਂ ਨਹੀਂ ਪਿਆ ਕਲੱਬਾਂ ਦੇ ਚੱਕਰ ਵਿਚ।”
“ਚੰਗੀ ਗੱਲ ਹੈ। ਮੇਰੀ ਭਰਜਾਈ ਨੂੰ ਠਰਕ ਪੈ ਗਿਆ ਸੀ ਉੱਥੇ ਜਾਣ ਦਾ। ਹਰੇਕ ਵੀਰਵਾਰ ਉੱਥੇ ‘ਲੇਡੀਜ਼ ਨਾਈਟ’ ਮਨਾਈ ਜਾਂਦੀ ਐ। ਨੱਢੀਆਂ ਇਕੱਠੀਆਂ ਹੋ ਕੇ ਉੱਥੇ ਉਹ ਖਰਮਸਤੀਆਂ ... ਉਹ ਖਰੂਦ ਕਰਦੀਆਂ ਨੇ ਕਿ ਪੁੱਛ ਕੁਛ ਨਾ। ... ਕਈ ਵਾਰ ਅਖਬਾਰਾਂ ਦੀਆਂ ਖਬਰਾਂ ਵਿਚ ਵੀ ਆ ਚੁੱਕੀਆਂ ਨੇ।”
“ਸਾਡੀਆਂ ਔਰਤਾਂ ਵੀ ਇਕ ਤਿਉਹਾਰ ਮਨਾਉਂਦੀਆਂ ਹੁੰਦੀਆਂ ਐਂ, ਉਹਨੂੰ ‘ਤੀਆਂ’ ਕਹਿੰਦੇ ਐ। ਪਰ ਖਰੂਦ ਉਹ ਕੋਈ ਨਹੀਂ ਕਰਦੀਆਂ।”
“ਇਸ ਗੱਲੋਂ ਬਿੱਲ ਤੁਸੀਂ ਲੋਕ ਬਹੁਤ ਲਕੀ ਓ। ਤੁਹਾਡੀਆਂ ਔਰਤਾਂ ਨਹੀਂ ਪੁੱਠੇ-ਸਿੱਧੇ ਪੰਗਿਆਂ ਵਿਚ ਪੈਂਦੀਆਂ। ਪੂਰਬ ਅਤੇ ਪੱਛਮ ਦੇ ਕਲਚਰ ਵਿਚ ਜ਼ਮੀਨ ਅਸਮਾਨ ਦਾ ਫਰਕ ਐ। ਅਗਲੇ ਜਨਮ ਵਿਚ ਮੈਂ ਵੀ ਕਿਸੇ ਇੰਡੀਅਨ ਔਰਤ ਨਾਲ ਹੀ ਵਿਆਹ ਕਰਵਾਊਂ। ਕਿੰਗ ਵਾਂਗ ਜ਼ਿੰਦਗੀ ਕੱਢੂੰ; ਜਿਵੇਂ ਤੁਸੀਂ ਲੋਕ ...”
ਬਲਬੀਰ ਮੁਸਕਰਾਇਆ। ਉਹਦੀ ਛਾਤੀ ਮਾਣ ਨਾਲ ਗਿੱਠ ਕੁ ਹੋਰ ਚੌੜੀ ਹੋ ਗਈ।
ਜਿੰਮ ਫਿਰ ਬੋਲਿਆ, “ਤੁਸੀਂ ਲੋਕ ਤਾਂ ਆਪਣੀਆਂ ਔਰਤਾਂ ਨੂੰ ਫੜਕਾ ਵੀ ਲੈਂਦੇ ਹੋ, ਉਹ ਫਿਰ ਵੀ ਨਹੀਂ ਕੁਸਕਦੀਆਂ।”
ਬਲਬੀਰ ਦੀ ਛਾਤੀ ਵਿਚਲੀ ਸਾਰੀ ਫੂਕ ਨਿਕਲ ਗਈ। ਉਹਨੂੰ ਹੁੰਗਾਰਾ ਭਰਨਾ ਵੀ ਔਖਾ ਲੱਗਿਆ। ਸੁਰਤੀ ਆਪ ਮੁਹਾਰੇ ਬਚਪਨ ਵੱਲ ਪਰਤ ਗਈ। ਜਦੋਂ ਕਦੇ ਉਹਦਾ ਬਾਪੂ ਸ਼ਰਾਬ ਨਾਲ ਧੁੱਤ ਹੋ ਜਾਂਦਾ, ਮਹਿਖਾਸੁਰ ਦਾ ਰੂਪ ਧਾਰ ਲੈਂਦਾ। ਉਹਦੀ ਮਾਂ ਨੂੰ ਅਜਿਹਾ ਪਿੰਜਦਾ ਕਿ ਵਿਚਾਰੀ ਕਈ-ਕਈ ਦਿਨ ਹੱਡਾਂ ਉੱਤੇ ਲੋਗੜ ਬੰਨ੍ਹਦੀ ਰਹਿੰਦੀ। ਜੇ ਡਰਿਆ-ਸਹਿਮਿਆ ਹੋਇਆ ਬਲਬੀਰ, ਜਾਂ ਉਸਦਾ ਕੋਈ ਭੈਣ-ਭਰਾ ਬਿਰਕ ਬਹਿੰਦਾ ਤਾਂ ਨਾਲ ਲਗਦਾ ਉਹ ਵੀ ਝੰਬਿਆ ਜਾਂਦਾ। ਬਚਪਨ ਦੇ ਇਹ ਦਿਨ ਹੀ ਸਨ, ਜਦੋਂ ਬਲਬੀਰ ਨੂੰ ਸ਼ਰਾਬ ਨਾਲ ਅੰਤਾਂ ਦੀ ਨਫਰਤ ਹੋ ਗਈ ਸੀ।
ਪਿਛਲੇ ਸਾਲ ਫੁਸਲਾਹਟ ਵਿਚ ਆ ਕੇ ਕਿਸੇ ਦੇ ਵਿਆਹ ਦੀ ਪਾਰਟੀ ਵਿਚ ਉਹ ਪੀ ਬੈਠਾ। ਸੁੱਧ-ਬੁੱਧ ਭੁੱਲ ਗਈ। ਦਰਸ਼ੀ ਨੂੰ ਧੌਲ-ਧੱਫਾ ਮਾਰਨ ਦੇ ਨਾਲ-ਨਾਲ ਉਹ ਬਹੁਤ ਕੁਝ ਉਲਟ-ਪੁਲਟ ਵੀ ਬੋਲ ਗਿਆ। ਦੂਜੇ ਦਿਨ ਸੁਰਤ ਟਿਕਾਣੇ ਆਈ। ਗਲਤੀ ਦਾ ਅਹਿਸਾਸ ਹੋਇਆ। ਬਹੁਤ ਪਛਤਾਇਆ। ਅਗਾਂਹ ਵਾਸਤੇ ਨਸ਼ੇ ਤੋਂ ਕੰਨਾਂ ਨੂੰ ਹੱਥ ਲਾ ਲਿਆ।
ਬਲਬੀਰ ਵਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ ਜਿੰਮ ਨੇ ਗੱਲ ਬਦਲ ਲਈ, “ਬਿੱਲ, ਚੰਗਾ ਹੋਇਆ ਆਪਾਂ ਨੂੰ ਪੁਲੀਸਮੈਨ ਨੇ ਮੋੜ ਦਿੱਤਾ। ਬਰਫ਼ ਅਤੇ ਠੰਢੀ ਸੀਤ ਹਵਾ ਜਿਵੇਂ ਘੂੰ-ਘੂੰ ਕਰ ਕੇ ਘੁਰਕੀਆਂ ਦੇਣ ਲੱਗੀ ਹੋਈ ਐ, ਆਪਾਂ ਕਿਤੇ ਅੱਧ ਵਿਚਾਲੇ ਅੜੁੰਗੇ ਜਾਣਾ ਸੀ। ਸ਼ਾਇਦ ਹੁਣ ਤੀਕ ਕਿਸੇ ਖੱਡ ਵਿਚ ਹੀ ਡਿਗੇ ਹੁੰਦੇ। ਜਦੋਂ ਤੀਕ ਕਿਸੇ ਨੂੰ ਖਬਰ ਹੋਣੀ ਸੀ, ਆਪਾਂ ਦੀ ਕੁਲਫੀ ਜੰਮ ਜਾਣੀ ਸੀ।”
ਬਲਬੀਰ ਨੂੰ ਅਹਿਸਾਸ ਸੀ, ਜਿੰਮ ਦੀ ਗੱਲ ਵਿਚ ਕੋਈ ਅਤਿਕਥਨੀ ਨਹੀਂ ਸੀ। ਥੋੜ੍ਹੇ ਜਿਹੇ ਚਿਰ ਵਿਚ ਹੀ ਠੰਢ ਇੰਨੀ ਵਧ ਗਈ ਸੀ ਕਿ ਟਰੱਕ ਦੇ ਪਾਸਿਆਂ ਵਾਲੇ ਸ਼ੀਸ਼ਿਆਂ ਉੱਤੇ ਬਰਫ਼ ਦੇ ਖਰੇਪੜ ਜੰਮਣ ਲੱਗ ਪਏ ਸਨ ਅਤੇ ਮੋਟੇ-ਭਾਰੇ ਕੱਪੜੇ ਪਹਿਨੇ ਹੋਏ ਹੋਣ ਦੇ ਬਾਵਜੂਦ ਬਾਰੀਆਂ ਵਾਲੇ ਪਾਸਿਉਂ ਉਨ੍ਹਾਂ ਦੀਆਂ ਵੱਖੀਆਂ, ਧੌਣਾਂ ਅਤੇ ਕੰਨ ਸੁੰਨ ਹੋਣ ਲੱਗ ਪਏ ਸਨ।
ਬਿੱਫਰੀ ਹੋਈ ਹਵਾ ਨੇ ਫਿਰ ਥੱਪੜ ਜਿਹਾ ਮਾਰਿਆ। ਟਰੱਕ ਡੋਲਿਆ। ਰਾਹ ਤੋਂ ਥੋੜ੍ਹਾ ਕੁ ਫਿਸਲ ਕੇ ਫਿਰ ਲੀਹ ’ਤੇ ਆ ਗਿਆ।
ਸ਼ਹਿਰ ਦੀਆਂ ਰੌਸ਼ਨੀਆਂ ਦਿਖਾਈ ਦੇਣ ਲੱਗੀਆਂ ਤਾਂ ਜਿੰਮ ਅਤੇ ਬਲਬੀਰ, ਦੋਹਾਂ ਦੇ ਚਿਹਰਿਆਂ ਉੱਤੇ ਚਮਕ ਆ ਗਈ।
ਬਲਬੀਰ ਨੂੰ ਉਸਦੇ ਘਰ ਦੇ ਅੱਗੇ ਲਾਹ ਕੇ ਜਿੰਮ ਆਪਣੇ ਰਾਹ ਪੈ ਗਿਆ।
ਬਲਬੀਰ ਚੋਰਾਂ ਵਾਂਗ ਮਲਕੜੇ ਜਿਹੇ ਘਰ ਵਿਚ ਦਾਖਲ ਹੋਇਆ, ਮਤਾਂ ਕਿਸੇ ਦੀ ਨੀਂਦ ਖਰਾਬ ਹੋ ਜਾਵੇ। ਪਰੌਂਠੇ ਉਹਨੇ ਬਿਨਾਂ ਗਰਮ ਕੀਤਿਆਂ ਹੀ ਨਿਗਲ਼ ਲਏ। ਕਪੜੇ ਬਦਲ ਕੇ ਬੋਚ-ਬੋਚ ਪੱਬ ਧਰਦਾ ਉਹ ਬਿਸਤਰੇ ਵਿਚ ਜਾ ਵੜਿਆ। ਫਿਰ ਉਹਨੂੰ ਖਿਆਲ ਆਇਆ ਕਿ ਦਰਸ਼ੀ ਕਿਤੇ ਪਾਸਾ ਵੱਟਣ ਲੱਗੀ ਅੱਭੜਵਾਹੇ ਰੌਲਾ ਹੀ ਨਾ ਪਾ ਦੇਵੇ। ਉਹਨੇ ਇਸ ਮਨਸ਼ਾ ਨਾਲ ਹੌਲੀ-ਹੌਲੀ ਹੱਥ ਅਗਾਂਹ ਵਧਾਇਆ ਕਿ ਦਰਸ਼ੀ ਦੀ ਬਾਂਹ ਨੂੰ ਪੋਲਾ ਜਿਹਾ ਟਟੋਲ਼ ਕੇ ਆਖੇ: ‘ਦਰਸ਼ੀ! ਮੈਂ ਮੁੜ ਆਇਆ!’ ਪਰ ਉਸਦੇ ਹੱਥ ਦੇ ਤਾਂ ਹੱਥ-ਪੱਲੇ ਹੀ ਕੁਝ ਨਹੀਂ ਪਿਆ। ਬਿਸਤਰਾ ਖਾਲੀ ਪਿਆ ਸੀ।
ਸ਼ਾਇਦ ਬੱਚਿਆਂ ਨਾਲ ਜਾ ਕੇ ਪੈ ਗਈ ਹੋਵੇ? ਉਹਨੇ ਉੱਠ ਕੇ ਬੱਤੀ ਜਗਾਈ। ਦਰਵਾਜਾ ਖੋਲ੍ਹ ਕੇ ਬੱਚਿਆਂ ਦੇ ਕਮਰੇ ਵਿਚ ਝਾਤ ਮਾਰੀ। ਬੱਚੇ ਘੂਕ ਸੁੱਤੇ ਪਏ ਸਨ, ਦਰਸ਼ੀ ਇੱਥੇ ਵੀ ਨਹੀਂ ਸੀ। ਨਾਲ ਵਾਲਾ ਕਮਰਾ ਦੇਖਿਆ, ਉਹ ਵੀ ਖਾਲੀ ਸੀ। ਬਲਬੀਰ ਦੀ ਸੋਚ ਭੰਵਰ ਵਿਚ ਘੁੰਮਣਘੇਰੀਆਂ ਖਾਣ ਲੱਗ ਪਈ। ਉਸ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ, ਕੀ ਕਰੇ; ਕਿਸ ਨੂੰ ਪੁੱਛੇ। ਬਦਹਵਾਸ ਹੋਇਆ ਉਹ ਬੈੱਡ ਉੱਤੇ ਬਹਿ ਗਿਆ। ਉਹਦੇ ਇਕ ਚੜ੍ਹਦੀ, ਇਕ ਉੱਤਰਦੀ। ਵੱਖੋ-ਵੱਖਰੇ ਖਿਆਲਾਂ ਦੇ ਖੰਜਰ ਉਸਦਾ ਸੀਨਾ ਸੱਲਣ ਲੱਗ ਪਏ। ਉਸ ਨੂੰ ਲੱਗਿਆ, ਜਿਵੇਂ ਉਹ ਅੰਦਰੋਂ ਲਹੂ-ਲੁਹਾਣ ਹੋ ਗਿਆ ਹੋਵੇ।
ਦਰਸ਼ੀ ਇੱਦਾਂ ਦੀ ਤਾਂ ਨਹੀਂ ਸੀ – ਉਹਦੇ ਮਨ ਵਿਚ ਇੱਕ ਵਿਚਾਰ ਉੱਭਰਿਆ।
ਕਿਸੇ ਦੇ ਅੰਦਰ ਦਾ ਕੀ ਭੇਤ? ਟੁੱਟਣ ਲੱਗਾ ਤਾਰਾ ਅਤੇ ਫਿੱਟਣ ਲੱਗੀ ਮੱਤ ਕਿਸ ਨੂੰ ਪੁੱਛਦੇ ਐ? – ਇਕ ਹੋਰ ਸੋਚ ਨੇ ਸਿਰੀ ਚੁੱਕ ਲਈ।
ਇਨ੍ਹਾਂ ਸੋਚਾਂ ਵਿਚ ਹੀ ਗ੍ਰਸਿਆ ਹੋਇਆ ਸੀ ਬਲਬੀਰ, ਜਦੋਂ ਮੋਹਰਲਾ ਦਰਵਾਜਾ ਖੁੱਲ੍ਹਿਆ। ਹਾਸੇ ਦਾ ਇਕ ਵਰੋਲਾ ਜਿਹਾ ਸਾਰੇ ਘਰ ਵਿਚ ਘੁੰਮ ਗਿਆ। ਫਿਰ ਹਾਸਿਆਂ ਦਾ ਇਹ ਛਣਕਾਟਾ ਬੇਸਮੈਂਟ ਵਿਚ ਪਹੁੰਚ ਗਿਆ। ਬਲਬੀਰ ਦਾ ਖੂਨ ਖੌਲਣ ਲੱਗ ਪਿਆ। ਸਿਰ ਅੰਗਿਆਰਾਂ ਵਾਂਗ ਭਖਣ ਲੱਗਾ। ਨਾਸਾਂ ਵਿੱਚੋਂ ਧੂੰਆਂ ਛੱਡਦਾ ਹੋਇਆ ਉਹ ਬੇਸਮੈਂਟ ਵਿਚ ਪਹੁੰਚ ਗਿਆ।
ਉਹਦੀਆਂ ਅੱਖਾਂ ਵਿਚਲੇ ਜੁਗਨੂੰ ਜਗਣ ਬੁਝਣ ਲੱਗ ਪਏ। ਉਹਨੂੰ ਲੱਗਿਆ, ਜਿਵੇਂ ਸਾਰੇ ਕਮਰੇ ਵਿਚ ਧੁੰਦ ਫੈਲ ਗਈ ਹੋਵੇ। ਫਿਰ ਉਸ ਨੂੰ ਝੌਲ਼ਾ-ਝੌਲ਼ਾ ਜਿਹਾ ਦਿਸਣ ਲੱਗਾ। ਸਾਹਮਣੇ ਦਰਸ਼ੀ ਅਤੇ ਉਸਦੀ ਸਹੇਲੀ ਬੈਠੀਆਂ ਟੀਵੀ ਦੇਖ ਰਹੀਆਂ ਸਨ। ਬਲਬੀਰ ਦੇ ਚਿਹਰੇ ਨੇ ਯਕਦਮ ਕਈ ਰੰਗ ਬਦਲੇ। ਢੌਰ ਭੌਰ ਹੋਈ ਦਰਸ਼ੀ ਬੋਲੀ, “ਬਲਬੀਰ, ਤੁਸੀਂ?”
“ਹਾਂਅ ... ਮੈਂਅ ... ਕਿਉਂ, ਰੰਗ ਵਿਚ ਭੰਗ ਪੈ ਗਿਆ?”
“ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਓ?”
ਬੁਖਲਾਏ ਹੋਏ ਬਲਬੀਰ ਨੂੰ ਕੋਈ ਉੱਤਰ ਨਹੀਂ ਅਹੁੜਿਆ। ਦਰਸ਼ੀ ਨੂੰ ਹੀ ਗੱਲ ਅਗਾਂਹ ਤੋਰਨੀ ਪਈ, “ਇਹ ਆ ਛਿੰਦੀ, ਮੇਰੀ ਸਹੇਲੀ। ਕਦੇ ਕਦੇ ਆ ਜਾਂਦੀ ਐ ਮਿਲਣ।”
ਬਲਬੀਰ ਨੂੰ ਇਸ ਗੱਲ ਦਾ ਗੁਮਾਨ ਹੀ ਨਹੀਂ ਸੀ। ਉਸਦੇ ਕ੍ਰੋਧ ਦਾ ਉਬਾਲ਼ ਹੌਲ਼ੀ-ਹੌਲ਼ੀ ਲੱਥਣ ਲੱਗ ਪਿਆ। ਜਦੋਂ ਉਹ ਸਾਹਮਣੇ ਵਾਲੀ ਕੰਧ ਉੱਤੇ ਲੱਗੇ ਕਲੌਕ ਵਲ ਦੇਖਣ ਲੱਗਿਆ ਤਾਂ ਉੱਠਦੀ ਹੋਈ ਛਿੰਦੀ ਬੋਲੀ, “ਚੰਗਾ ਦਰਸ਼ੀ, ਮੈਂ ਚਲਦੀ ਆਂ ਹੁਣ ... ਇਹ ਫਿਲਮ ਆਪਾਂ ਫੇਰ ਕਿਸੇ ਦਿਨ ਦੇਖ ਲਵਾਂਗੀਆਂ।”
ਦਰਸ਼ੀ ਨੇ ਸਲ੍ਹਾਬਿਆ ਜਿਹਾ ਹੁੰਗਾਰਾ ਭਰਿਆ।
ਛਿੰਦੀ ਕਪਾਹ ਦੀਆਂ ਫੁੱਟੀਆਂ ਵਰਗੀ ਬਰਫ਼ ਨੂੰ ਮਿੱਧਦੀ ਹੋਈ ਆਪਣੇ ਰਾਹ ਪੈ ਗਈ।
ਬਲਬੀਰ ਦੇ ਮਨ ਵਿਚ ਵਿਚਾਰ ਆਇਆ, ਬਈ ਪੁੱਛੇ ਕਿ ਫਿਲਮਾਂ ਦੇਖਣ ਦਾ ਇਹ ਵੀ ਕੋਈ ਵੇਲਾ ਐ? ਇਕ ਵੱਜਣ ਵਾਲਾ ਐ; ਸਵੇਰੇ ਦਿਨ ਨਹੀਂ ਸੀ ਚੜ੍ਹਨਾ? ਪਰ ਉਹ ਚੁੱਪ ਹੀ ਰਿਹਾ।
ਢਾਂਅ-ਢਾਂਅ ਕਰ ਰਹੇ ਸਿਰ ਨੂੰ ਦੋਹਾਂ ਹੱਥਾਂ ਵਿਚਾਲੇ ਘੁੱਟਦਾ ਹੋਇਆ ਬਲਵੀਰ ਸੋਫੇ ਉੱਤੇ ਢੇਰੀ ਹੋ ਗਿਆ। ਸੁਤੇਸਿੱਧ ਉਸਦੀ ਨਿਗਾਹ ਛੱਤ ਵੱਲ ਚਲੀ ਗਈ। ਉਸ ਨੂੰ ਛੱਤ ਵਿਚ ਇਕ ਤਰੇੜ ਜਿਹੀ ਨਜ਼ਰ ਆਈ। ਦੇਖਦਿਆਂ ਹੀ ਦੇਖਦਿਆਂ ਇਹ ਤਰੇੜ ਚੌੜੀ ਹੋਣ ਲੱਗ ਪਈ। ਇੰਨੀਂ ਚੌੜੀ ਹੋ ਗਈ ਕਿ ਉਸ ਵਿੱਚੀਂ ਚੰਡੀਗੜ੍ਹ ਵਿਚ ਉਸਾਰੀ ਜਾਣ ਵਾਲੀ ਕੋਠੀ ਦਿਖਾਈ ਦੇਣ ਲੱਗ ਪਈ। ਕਿਤੇ ਇਸ ਘਰ ਦੇ ਖੁਸ਼ੀਆਂ-ਖੇੜੇ ਉਸ ਕੋਠੀ ਹੇਠ ਹੀ ਨਾ ਦੱਬੇ ਜਾਣ? - ਬਲਬੀਰ ਨੂੰ ਝੁਣਝੁਣੀ ਆ ਗਈ। ਉਹਨੇ ਝਟਪਟ ਅੱਖਾਂ ਮੁੰਦ ਲਈਆਂ।
ਲਾਗੇ ਬੈਠੀ ਦਰਸ਼ੀ, ਇਹ ਸੋਚ ਕੇ ਕਿ ਸ਼ਾਇਦ ਹੁਣ ਤੀਕ ਤੌੜੀ ਦਾ ਉਬਾਲ਼ ਲਹਿ ਗਿਆ ਹੋਵੇਗਾ, ਆਖਣ ਲੱਗੀ, “ਬਲਬੀਰ, ਮੈਨੂੰ ਤਾਂ ਹਾਰਟ ਅਟੈਕ ਹੋਣ ਲੱਗਾ ਸੀ ਬਈ ਇਸ ਵੇਲੇ ਸਾਡੇ ਘਰ ਵਿਚ ਕੌਣ ਆਣ ਵੜਿਆ? ... ਕੀ ਗੱਲ ਹੋ ਗਈ, ਤੁਸੀਂ ਰਾਹ ਵਿੱਚੋਂ ਮੁੜ ਆਏ?”
ਬਲਬੀਰ ਕੁਝ ਨਹੀਂ ਬੋਲਿਆ। ਉਸਦੀ ਚੁੱਪ ਨੂੰ ਦਰਸ਼ੀ ਨੇ ਸ਼ੁਭ ਸ਼ਗਨ ਸਮਝ ਲਿਆ। ਸਰਕ ਕੇ ਲਾਗੇ ਹੋ ਗਈ। ਨੱਕ ਚਾੜ੍ਹਦਾ ਹੋਇਆ ਬਲਬੀਰ ਪੁੱਛਣ ਲੱਗਾ, “ਦਰਸ਼ੀ, ਤੂੰ ਸ਼ਰਾਬ ਪੀਤੀ ਐ?”
“ਨਹੀਂ, ਬਿਲਕੁਲ ਨਹੀਂ।”
“ਫਿਰ ਤੇਰੇ ਕੋਲੋਂ ਆਹ ਸੜਿਆਂਧ ਕੇਹੀ?”
“ਏਅ ... ਓ ... ਹਾਂਅ ... ਛਿੰਦੀ ਆਪਣੇ ਨਾਲ ਲੈ ਆਈ ਸੀ। ਆਪ ਪੀਂਦੀ-ਪੀਂਦੀ ਮੇਰੀਆਂ ਨਾਸਾਂ ਵਿਚ ਦੇਣ ਲੱਗ ਪਈ। ਕੱਪੜਿਆਂ ਉੱਤੇ ਡੁੱਲ੍ਹ ਗਈ।”
“ਇਹਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ?”
“ਹਸਬੈਂਡ ਇਹਦਾ ਮਕੈਨਿਕ ਆ ... ਲੀਬੀਆ, ਪਤਾ ਨਹੀਂ ਲਾਏਬੇਰੀਆ ਵਿਚ ਕੰਮ ਕਰਦਾ ਐ; ਡਰਿੱਲਿੰਗ ਰਿੱਗਾਂ ਉੱਤੇ। ਪੰਜੀਂ ਛੇਈਂ ਮਹੀਨੀਂ ਗੇੜਾ ਮਾਰ ਜਾਂਦਾ ਐ।”
“ਤੇ ਇਹ ਬੈਂਛਰੀ ਜਿਹੀ ਉੰਨਾ ਚਿਰ ਆਂਢ-ਗੁਆਂਢ ਵਿਚ ਗੇੜੇ ...?”
“ਬਲਬੀਰ!” ਬਲਬੀਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦਰਸ਼ੀ ਆਖਣ ਲੱਗੀ, “ਇਹਦੇ ਕਰਕੇ ਮੇਰੀ ਘੜੀ ਨਿਕਲ ਜਾਂਦੀ ਆ। ਇਹ ਨਾ ਆਵੇ ਤਾਂ ਮੈਂ ਮਹੀਨੇ ਕੁ ਵਿਚ ਕਮਲ਼ੀ ਹੋ ਕੇ ਹਸਪਤਾਲ਼ ਪਹੁੰਚ ਜਾਵਾਂ।”
“ਬੱਚਿਆਂ ਨਾਲ ਨ੍ਹੀਂ ਨਿਕਲਦਾ ਟੈਮ ਤੇਰਾ?”
“ਬੱਚੇ ਤੁਹਾਡੀ ਥਾਂ ਹੋ ਗਏ?”
ਬਲਵੀਰ ਨੇ ਕੁਝ ਕਹਿਣ ਲਈ ਮੂੰਹ ਖੋਲ੍ਹਿਆ, ਪਰ ਜੀਭ ਤਾਲ਼ੂ ਨਾਲ ਚਿਪਕ ਗਈ। ਦਰਸ਼ੀ ਪੁੱਛਣ ਲੱਗੀ, “ਕੱਲ੍ਹ ਨੂੰ ਕੰਮ ਉੱਤੇ ਜਾਣਾ ਐ, ਜਾਂ ਘਰ ਹੀ ਰਹਿਣਾ ਐ?”
“ਕਿਉਂ?”
“ਤੀਆਂ ਦੇ ਮੇਲੇ ’ਤੇ ਜਾਣ ਲਈ ਮੈਂ ਛਿੰਦੀ ਨੂੰ ਹਾਂ ਕਰ ਬੈਠੀ ਆਂ।”
“ਉਹ ਤਾਂ ਜੁਲਾਈ ਅਗਸਤ ਵਿਚ ਹੁੰਦੀਆਂ ਐਂ, ਦਸੰਬਰ ਵਿਚ ਇਹ ਕਿਹੜੀਆਂ ਤੀਆਂ ਆ ਗਈਆਂ?”
“ਜੁਲਾਈ ਅਗਸਤ ਵਿਚ ਪੰਜਾਬ ਵਿਚ ਹੁੰਦੀਆਂ ਐਂ, ਇੱਥੇ ਜਦੋਂ ਕਦੇ ਚਾਰ ਮੁਟਿਆਰਾਂ ’ਕੱਠੀਆਂ ਹੋ ਜਾਣ, ਉਦੋਂ ਮਨਾ ਲੈਂਦੀਆਂ ਐਂ।”
“ਬੱਚੇ, ਬੁੱਢੀਆਂ, ਹਰ ਕੋਈ ਜਾ ਸਕਦਾ ਐ ਉੱਥੇ?” ਬਲਬੀਰ ਨੇ ਪੁੱਛ ਲਿਆ। ਉਹਨੂੰ ਖੁੜਕ ਗਈ, ਕਿਤੇ ਇਹ ਜਿੰਮ ਦੀ ਭਰਜਾਈ ਵਾਲੀਆਂ ਤੀਆਂ ਨਾ ਹੋਣ।
“ਮੈਨੂੰ ਪਤਾ ਨ੍ਹੀਂ। ਮੈਂ ਅੱਗੇ ਕਦੇ ਗਈ ਹੀ ਨਹੀਂ।”
“ਪੁੱਛ ਛਿੰਦੀ ਨੂੰ ... ਅੱਪੜ ਗਈ ਹੋਣੀ ਐਂ ਘਰ।”
ਦਰਸ਼ੀ ਨੇ ਪੁੱਛਿਆ। ਛਿੰਦੀ ਖਿੜ ਖਿੜਾ ਕੇ ਹੱਸ ਪਈ, “ਕੁੜੇ ਭੋਲੀਏ ਦਰਸ਼ੀਏ! ਇਹ ਜਲਵੇ ਕਿਤੇ ਬੱਚਿਆਂ ਬੁੱਢਿਆਂ ਦੇ ਦੇਖਣ ਵਾਲੇ ਹੁੰਦੇ ਐ? ਇਹ ਤਾਂ ... ਚਲ ਛੱਡ, ਟੈਲੀਫੂਨਾਂ ਉੱਤੇ ਦੱਸਣ ਵਾਲੇ ਨਹੀਂ ਇਹ ਨਜ਼ਾਰੇ; ਕੱਲ੍ਹ ਨੂੰ ਦੇਖੇਂਗੀ ਤਾਂ ਮੰਨੇਂਗੀ ਮੈਨੂੰ।”
ਅੱਧ-ਪਚੱਧੀ ਗੱਲ ਬਲਬੀਰ ਦੇ ਪੱਲੇ ਵੀ ਪੈ ਗਈ।
ਦਰਸ਼ੀ ਬੋਲੀ, “ਮੈਨੂੰ ਨਹੀਂ ਸੀ ਪਤਾ ਛਿੰਦੀ ਇੱਦਾਂ ਦੀ ... ਮੈਥੋਂ ਗਲਤੀ ਹੋ ਗਈ।”
“ਗਲਤੀ ਕਿਹੜੀ ਗੱਲ ਦੀ? ਹੈਂਅ? ... ਅਜੇ ਤਾਂ ਖਰਬੂਜੇ ਨੇ ਖਰਬੂਜੇ ਨੂੰ ਦੇਖਿਆ ਐ, ਦੇਖ ਕੇ ਰੰਗ ਤਾਂ ਨਹੀਂ ਨਾ ਫੜਿਆ?”
ਦਰਸ਼ੀ ਕੁਝ ਕਹਿਣ ਹੀ ਲੱਗੀ ਸੀ ਕਿ ਉਸਦੇ ਹੱਥ ਵਿਚ ਫੜਿਆ ਹੋਇਆ ਟੈਲੀਫੋਨ ਖੜਕ ਪਿਆ। ਪਹਿਲਾਂ ਤਾਂ ਉਹ ਠਠੰਬਰ ਗਈ, ਫਿਰ ਭਰੜਾਈ ਹੋਈ ਅਵਾਜ਼ ਵਿਚ ਬੋਲੀ, “ਹੈ ਅ ਲੋ!”
ਉਹਨੇ ਸ਼ੁਕਰ ਕੀਤਾ, ਇਹ ਫੋਨ ਉਸ ਲਈ ਨਹੀਂ, ਬਲਬੀਰ ਲਈ ਸੀ। ਰਾਹ ਦੀ ਮਾੜੀ ਹਾਲਤ ਨੂੰ ਧਿਆਨ ਗੋਚਰੇ ਰੱਖਦਿਆਂ ਜਿੰਮ ਨੂੰ ਖਿਆਲ ਆਇਆ ਕਿ ਭਲਕੇ ਸਵੱਖਤੇ ਘਰੋਂ ਨਿਕਲਿਆ ਜਾਵੇ। ਬਲਬੀਰ ਬੋਲਿਆ, “ਜਿੰਮ, ਮੇਰੇ ਹੱਥ ਖੜ੍ਹੇ ਐ। ਮੈਂ ਇਸ ਜੌਬ ਤੋਂ ਬਿਨਾਂ ਹੀ ਚੰਗਾ।”
“ਓਏ ਬਿੱਲ! ਝੱਖੜ ਤਾਂ ਸਵੇਰ ਤਕ ਅਗਾਂਹ ਲੰਘ ਜਾਣਾ ਹੈ, ਤੂੰ ਡਰ ਕਿਹੜੀ ਗੱਲੋਂ ਗਿਆ?”
“ਬਾਹਰਲੇ ਝੱਖੜ ਦੀ ਪ੍ਰਵਾਹ ਨਹੀਂ ਮੈਨੂੰ ਜਿੰਮ, ... ਮੇਰੀ ਭੂਤਨੀ ਤਾਂ ਘਰ ਦੇ ਅੰਦਰ ਉੱਠ ਰਹੇ ਝੱਖੜ ਨੇ ਭੁਲਾ ਦਿੱਤੀ ਐ। ਜੇ ਮੈਂ ਅਜੇ ਵੀ ਅੱਖਾਂ ਮੀਟੀ ਰੱਖੀਆਂ ਤਾਂ ਮੇਰੇ ਬੱਚਿਆਂ ਦਾ ਹਾਲ ਵੀ ਓਹੋ ਹੀ ਹੋਣਾ ਐ, ਜਿਹੜਾ ਤੇਰੇ ਭਰਾ ਦੇ ਬੱਚਿਆਂ ਦਾ ਹੋਇਆ ਐ।”
ਜਿੰਮ ਅਗਾਂਹ ਕੁਝ ਨਹੀਂ ਬੋਲ ਸਕਿਆ।
ਦਰਸ਼ੀ ਧਾ ਕੇ ਬਲਬੀਰ ਨਾਲ ਲਿਪਟ ਗਈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5054)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)