“ਗਰਦਣ ਉੱਤੇ ਪਏ ਝਰੀਟਾਂ ਦੇ ਨਿਸ਼ਾਨਾਂ ਨੂੰ ਪੋਟਿਆਂ ਨਾਲ ਪਲੋਸਦੀ ਹੋਈ ਅੰਮ੍ਰਿਤ ...”
(24 ਜਨਵਰੀ 2024)
ਇਸ ਸਮੇਂ ਪਾਠਕ: 435.
ਨੋਟ: ਇਹ ਕਹਾਣੀ ਅਠਾਰਾਂ ਕੁ ਵਰ੍ਹੇ ਪਹਿਲਾਂ Likhari.org (ਹੁਣ Likhari.net) ਵਿੱਚ ਛਪ ਚੁੱਕੀ ਹੈ --- ਸੰਪਾਦਕ)
ਡਾ. ਗੁਰਦਿਆਲ ਸਿੰਘ ਰਾਏ ਲਿਖਦੇ ਹਨ:
ਦੋ ਸ਼ਬਦ ਇਸ ਕਹਾਣੀ ਬਾਰੇ:
ਅਵਤਾਰ ਗਿੱਲ ਦਾ ਇੱਕ ਕਹਾਣੀ ਸੰਗ੍ਰਹਿ ‘ਸੱਤੀਂ ਵੀਹੀਂ ਸੌ’ ਪ੍ਰਕਾਸ਼ਿਤ ਹੋ ਚੁੱਕਾ ਹੈ।
ਕਹਾਣੀਕਾਰ ਅਵਤਾਰ ਗਿੱਲ ‘ਲਿਖਾਰੀ’ ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਜੁੜੇ ਆ ਰਹੇ ਹਨ। ‘ਲਿਖਾਰੀ’ ਵਿੱਚ ਛਪੀ ਉਹਨਾਂ ਦੀ ਪਹਿਲੀ ਕਹਾਣੀ ‘ਪੁਆੜੇ ਦੀ ਜੜ੍ਹ’ ਬਹੁਤ ਹੀ ਸਲਾਹੀ ਗਈ ਅਤੇ ਚਰਚਾ ਦਾ ਵਿਸ਼ਾ ਵੀ ਰਹੀ। ਹੁਣ ਤਕ ਉਹਨਾਂ ਦੀਆਂ ‘ਲਿਖਾਰੀ’ ਵਿੱਚ ਪੰਜ ਕਹਾਣੀਆਂ ਅਤੇ ਇੱਕ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਅਸੀਂ ਉਹਨਾਂ ਦੀ ਇੱਕ ਹੋਰ ਕਹਾਣੀ ‘ਉਸਤਾਦ’ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਦਰਅਸਲ ਇਹ ਕਹਾਣੀ ‘ਲਿਖਾਰੀ’ ਵਿੱਚ ਪਹਿਲਾਂ ਛਪ ਚੁੱਕੀ ਕਹਾਣੀ ‘ਪੁਆੜੇ ਦੀ ਜੜ੍ਹ’ ਦਾ ਹੀ ਨਵਾਂ, ਕੱਸਵਾਂ ਅਤੇ ਚੁਸਤ ਰੂਪ ਹੈ। ਕਹਾਣੀਕਾਰ ਨੇ ਪਹਿਲਾਂ ਛਪ ਚੁੱਕੀ ਕਹਾਣੀ ਨੂੰ ਮੁੜ ਗੌਲਦਿਆਂ ਨਵਾਂ ਰੂਪ ਦੇ ਕੇ ਸਿੱਧ ਕੀਤਾ ਹੈ ਕਿ ਸਿਰਜਣਾਤਮਕ ਕਲਾ ਬਹੁਤ ਮਿਹਨਤ ਅਤੇ ਸਿਰੜ ਮੰਗਦੀ ਹੈ। ‘ਲਿਖਣਾ’ ਕੋਈ ਖਾਲਾ ਜੀ ਦਾ ਵਾੜਾ ਨਹੀਂ। ਹਰ ਲੇਖਕ ਨੂੰ ਆਪਣੀ ਲਿਖਤ ਨੂੰ ਹੋਰ ਮਾਂਜਣ, ਸੋਧਣ, ਕੱਟਣ-ਵੱਢਣ, ਸੁੰਦਰ ਅਤੇ ਸਦ-ਰਹਿਣਾ ਬਣਾਉਣ ਲਈ ਸਦਾ ਹੀ ਤਤਪਰ ਰਹਿਣਾ ਚਾਹੀਦਾ ਹੈ।
‘ਪੁਆੜੇ ਦੀ ਜੜ੍ਹ’ ਅਤੇ ‘ਉਸਤਾਦ’ ਕਹਾਣੀ ਪੜ੍ਹ ਕੇ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਲੇਖਕ ਲਈ ਆਪਣੀ ਸਿਰਜਣ ਕਲਾ ਵਿੱਚ ਨਿਖਾਰ ਲਿਆਉਣ ਅਤੇ ਉੱਤਮਤਾ ਪੈਦਾ ਕਰਨ ਲਈ ਕਿੰਨਾ ਸਬਰ, ਮਿਹਨਤ ਅਤੇ ਕਲਾ-ਨਿਪੁੰਨਤਾ ਦਰਕਾਰੀ ਹੈ। ‘ਗਿੱਲ’ ਜੀ ਦੀ ਮਿਹਨਤ ਨੂੰ ਸਲਾਮ। –ਲਿਖਾਰੀ
***
ਉਸਤਾਦ
“ਤੇਰੀ ਜੁਰਅਤ ਕਿਵੇਂ ਹੋਈ ਅਸੈੱਸਰ ਨੂੰ ਵਾਪਸ ਮੋੜਨ ਦੀ? ਜਾਤ ਦੀ ਕੋੜ੍ਹ ਕਿਰਲੀ, ਛਤੀਰਾਂ ਨੂੰ ਜੱਫੇ?” ਘਰ ਪਹੁੰਚਦਿਆਂ ਹੀ ਬਲਿਹਾਰ ਸਿੰਘ ਆਪਣੀ ਪਤਨੀ ਉੱਤੇ ਵਰ੍ਹ ਪਿਆ।
“ਦੇਖ ਬੱਲ! ਮੇਰੇ ਨਾਲ ਲੋਹਾ-ਲਾਖਾ ਹੋਣ ਦੀ ਕੋਈ ਲੋੜ ਨਹੀਂ।” ਅੰਮ੍ਰਿਤ ਠਰ੍ਹੰਮੇ ਨਾਲ ਆਖਣ ਲੱਗੀ, “ਤੁਸੀਂ ਟੈਕਸੀਆਂ ਦਾ ਝਮੇਲਾ ਪਾਇਆ, ਮੈਂ ਚੁੱਪ ਰਹੀ। ਤੁਸੀਂ ਘਰ ਨਾਲੋਂ ਨਾਤਾ ਤੋੜ ਲਿਆ, ਮੈਂ ਚੁੱਪ ਰਹੀ। ਧੀ-ਪੁੱਤ ਨੇ ਯੂਨੀਵਰਸਿਟੀ ਜਾਣ ਲਈ ਪੈਸੇ ਮੰਗੇ, ਤੁਸੀਂ ਸਿਰ ਫੇਰ ਦਿੱਤਾ, ਮੈਂ ਚੁੱਪ ਰਹੀ। ਪਰ ਹੁਣ … ਹੁਣ ਮੈਂ ਇਸ ਛੱਤ ਨੂੰ ਸਿਰ ਉੱਪਰੋਂ ਕਤਈ ਨਹੀਂ ਖਿਸਕਣ ਦਿਆਂਗੀ।”
“ਇਸ ਘਰ ਵਿੱਚ ਮੇਰਾ ਵੀ ਅੱਧ ਐ, ਇਹ ਤੂੰ ਸ਼ਾਇਦ ਭੁੱਲ ਗਈ ਐਂ।”
“ਪਿਛਲੇ ਪੰਜਾਂ ਸਾਲਾਂ ਵਿੱਚ ਜੇ ਘਰ ਦੀ ਇੱਕ ਵੀ ਕਿਸ਼ਤ ਤਾਰੀ ਐ ਤਾਂ ਦੱਸੋ? ਬਿੱਲ-ਬੱਤੀਆਂ ਦਾ ਖਰਚਾ ਦਿੱਤਾ ਐ ਕਦੇ? ਕਦੇ ਗਰੌਸਰੀ ਸਾਰਖੀ ਖਰੀਦ ਕੇ ਲਿਆਂਦੀ ਐ? … ਦੱਸੋ ਹੁਣ? … ਲੇਖਾ ਕਰਨ ਬਹਿ ਗਏ ਤਾਂ ਲੈਣੇ ਦੇ ਦੇਣੇ ਪੈ ਜਾਣਗੇ।”
ਅੰਮ੍ਰਿਤ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਬਲਿਹਾਰ ਸਿੰਘ ਠਠੰਬਰ ਜ਼ਰੂਰ ਗਿਆ, ਪਰ ਮੈਦਾਨ ਵਿੱਚੋਂ ਭੱਜਿਆ ਬਿਲਕੁਲ ਨਹੀਂ; ਆਖਣ ਲੱਗਾ, “ਬੜੀ ਵਕੀਲਾਂ ਵਾਂਗ ਜਿਰ੍ਹਾ ਕਰਨ ਲੱਗ ਪਈ ਐਂ। ਕਿਤੇ ਕਿਸੇ ਨੇ ਪੱਟੀ ਤਾਂ ਨਹੀਂ ਪੜ੍ਹਾ ਦਿੱਤੀ?”
“ਪਹਿਲਾਂ ਤਾਂ ਇੱਦਾਂ ਦੇ ਹੈ ਨਹੀਂ ਸੀ ਤੁਸੀਂ ਵੀ। ਘਰ ਵਿੱਚ ਬਹਿੰਦੇ ਸੀ; ਦੁੱਖ-ਸੁਖ ਦੀਆਂ ਕਰਦੇ ਸੀ। ਬੱਚਿਆਂ ਨੂੰ ਛੇ ਮਹੀਨੇ ਹੋ ਗਏ ਐ ਟਰੰਟੋ ਗਿਆਂ; ਖਰਚ ਭੇਜਣ ਦੀ ਗੱਲ ਤਾਂ ਰਹੀ ਇੱਕ ਪਾਸੇ, ਕਦੇ ਸੁੱਖ-ਸਾਂਦ ਵੀ ਪੁੱਛੀ ਐ? ਪੜ੍ਹਾਈ ਬਾਰੇ ਪੁੱਛਿਆ ਐ ਕਦੇ? ਪੱਟੀ ਪੜ੍ਹਾਈ ਐ ਤੁਹਾਨੂੰ, ਤੁਹਾਡੇ ਉਸ ਮੀਸਣੇ ਜਿਹੇ ਉਸਤਾਦ ਨੇ; ਜਿਸਦੀ ਕੱਛ ਵਿੱਚ ਵੜੇ ਰਹਿੰਦੇ ਓ ਦਿਨ ਰਾਤ।”
ਤਪਿਆ ਤਾਂ ਬਲਿਹਾਰ ਸਿੰਘ ਪਹਿਲਾਂ ਹੀ ਪਿਆ ਸੀ, ਘਰ ਵਿੱਚ ਪਈ ਭਸੂੜੀ ਦਾ ਭਾਂਡਾ ਉਸਤਾਦ ਸਿਰ ਭੱਜਦਾ ਦੇਖ ਕੇ ਉਹ ਹੋਰ ਤਮਕ ਉੱਠਿਆ। ਹੱਥੀਂ ਉੱਤਰ ਪਿਆ। ਅੰਮ੍ਰਿਤ ਬਹੁੜੀਆਂ ਪਾਉਣ ਲੱਗ ਪਈ।
ਬਲਿਹਾਰ ਸਿੰਘ ਸਮਝਦਾ ਸੀ, ਉਸਦੇ ਬਾਰੇ-ਨਿਆਰੇ ਉਸਤਾਦ ਦੀ ਬਦੌਲਤ ਹੀ ਹੋਏ ਸਨ। ਆਪਣੇ ਕਾਰੋਬਾਰ ਦੀਆਂ ਬਰਕਤਾਂ ਨੂੰ ਯਾਦ ਕਰਦਿਆਂ ਬਲਿਹਾਰ ਸਿੰਘ ਨੂੰ ਉਹ ਦਿਨ ਯਾਦ ਆ ਗਿਆ, ਜਿਸ ਦਿਨ ਉਹ ਖਾਲੀ ਹੱਥ ਇਸ ਸ਼ਹਿਰ ਵਿੱਚ ਆਇਆ ਸੀ। ਉਨ੍ਹੀਂ ਦਿਨੀਂ ਇਸ ਸ਼ਹਿਰ ਵਿੱਚ ਟੈਕਸੀ ਕੰਪਨੀਆਂ ਦਾ ਏਅਰਪੋਰਟ ਦੀ ਮੈਨੇਜਮੈਂਟ ਨਾਲ ਪੇਚਾ ਪਿਆ ਹੋਇਆ ਸੀ। ਏਅਰਪੋਰਟ ਮੈਨੇਜਮੈਂਟ ਨੇ ਸਿਰਫ ਇੱਕ ਹੀ ਕੰਪਨੀ ਨੂੰ ਏਅਰਪੋਰਟ ਤੋਂ ਸਵਾਰੀਆਂ ਚੁੱਕਣ ਦਾ ਠੇਕਾ ਦਿੱਤਾ ਹੋਇਆ ਸੀ। ਹੋਰ ਟੈਕਸੀਆਂ ਵਾਲੇ ਸ਼ਹਿਰ ਤੋਂ ਏਅਰਪੋਰਟ ਨੂੰ ਸਵਾਰੀਆਂ ਲਿਆ ਤਾਂ ਸਕਦੇ ਸਨ ਪਰ ਏਅਰਪੋਰਟ ਤੋਂ ਲਿਜਾ ਨਹੀਂ ਸਨ ਸਕਦੇ। ਏਅਰਪੋਰਟ ਸ਼ਹਿਰ ਤੋਂ ਬਾਹਰਵਾਰ ਹੋਣ ਕਰਕੇ ਉੱਥੋਂ ਖਾਲੀ ਮੁੜਦਿਆਂ ਦੋ-ਢਾਈ ਡਾਲਰ ਦਾ ਪੈਟਰੋਲ ਮੁਫਤ ਵਿੱਚ ਹੀ ਫੂਕਿਆ ਜਾਂਦਾ। ਖਸਾਰਾ ਸਹਿ-ਸਹਿ ਕੇ ਸਤੇ ਹੋਏ ਟੈਕਸੀ ਡਰਾਈਵਰਾਂ ਨੇ ਏਅਰਪੋਰਟ ਮੈਨੇਜਮੈਂਟ ਦੀ ਇਸ ਧੱਕੜਸ਼ਾਹੀ ਵਿਰੁੱਧ ਮੋਰਚਾ ਵਿੱਢ ਲਿਆ। ਕਮਾਂਡ ਬਲਿਹਾਰ ਸਿੰਘ ਨੇ ਸੰਭਾਲ ਲਈ। ਪਿਕਟਿੰਗ ਸ਼ੁਰੂ ਹੋ ਗਈ। ਦੋਂਹ ਤਿੰਨਾਂ ਹਫਤਿਆਂ ਵਿੱਚ ਏਅਰਪੋਰਟ ਮੈਨੇਜਮੈਂਟ ਨੇ ਗੋਡੇ ਟੇਕ ਦਿੱਤੇ।
ਸਮਝੋ ਬਲਿਹਾਰ ਸਿੰਘ ਦੇ ਪੈਰ ਹੇਠ ਬਟੇਰਾ ਆ ਗਿਆ। ਉਹ ਰਾਤੋਰਾਤ ਨੇਤਾ ਬਣ ਗਿਆ। ਜਿੱਤ ਦੀ ਖੁਸ਼ੀ ਵਿੱਚ ਬੋਤਲਾਂ ਦੇ ਨਾਲ ਕੁੱਕੜ ਉਡਾਏ ਗਏ, ਬੱਕਰੇ ਬੁਲਾਏ ਗਏ। ਬਲਿਹਾਰ ਸਿੰਘ ਦੀ ਸੁਚੱਜੀ ਅਗਵਾਈ ਦੇ ਸੋਹਲੇ ਗਾਏ ਗਏ।
“ਲਗਦੇ ਹੱਥ ਹੁਣ ਲਾਇਸੈਂਸ ਪਲੇਟਾਂ ਫਰੀਜ਼ ਕਰਵਾਉਣ ਵਾਲਾ ਮੋਰਚਾ ਵੀ ਲਾ ਹੀ ਦੇ, ਪਿੜ ਭਖਿਆ ਪਿਆ।” ਬਲਿਹਾਰ ਸਿੰਘ ਦਾ ਇੱਕ ਸਾਥੀ ਆਖਣ ਲੱਗ।
“ਉਹਦਾ ਕੀ ਫੈਦਾ ਹੋਊ?” ਜਾਣਦਿਆਂ ਬੁੱਝਦਿਆਂ ਵੀ ਬਲਿਹਾਰ ਸਿੰਘ ਨੇ ਪੁੱਛ ਲਿਆ।
“ਫੈਦਾ ਕਿਤੇ ਥੋੜ੍ਹਾ ਜਿਹਾ? ਜਦੋਂ ਲਾਇਸੈਂਸ ਪਲੇਟਾਂ ਫਰੀਜ਼ ਹੋਣ ਪਿੱਛੋਂ ਨਵੀਂ ਟੈਕਸੀ ਕੋਈ ਪੈ ਨਹੀਂ ਸਕਣੀ, ਜਿਹੜੀਆਂ ਇਸ ਵੇਲੇ ਹੈਗੀਆਂ ਨੇ, ਇਨ੍ਹਾਂ ਦੀਆਂ ਕੀਮਤਾਂ ਚੜ੍ਹਨ ਲੱਗ ਪੈਣਗੀਆਂ। ਚੌਂਹ ਸਾਲਾਂ ਨੂੰ ਵੇਚ ਕੇ ਚਾਰ ਪੈਸੇ ਹੱਥ ਆਉਣਗੇ।”
‘ਨਾਲੇ ਪੁੰਨ, ਨਾਲੇ ਫਲੀਆਂ।’ ਬਲਿਹਾਰ ਸਿੰਘ ਨੇ ਮਨ ਵਿੱਚ ਕਿਹਾ। ਟਰੰਟੋ ਵਿੱਚ ਟੈਕਸੀਆਂ ਦੀਆਂ ਪਲੇਟਾਂ ਬਹੁਤ ਵਰ੍ਹੇ ਪਹਿਲਾਂ ਫਰੀਜ਼ ਹੋ ਚੁੱਕੀਆਂ ਸਨ। ਇਸ ਵੇਲੇ ਉੱਥੇ ਇੱਕ-ਇੱਕ ਪਲੇਟ ਸੱਠ-ਸੱਠ ਹਜ਼ਾਰ ਡਾਲਰ ਦੀ ਵਿਕ ਰਹੀ ਸੀ। ਬਲਿਹਾਰ ਸਿੰਘ ਦੀ ਇੰਨੀ ਪੁੱਜਤ ਹੁੰਦੀ, ਉਹ ਉੱਥੇ ਪਲੇਟ ਖਰੀਦ ਕੇ ਆਪਣੀ ਟੈਕਸੀ ਪਾ ਲੈਂਦਾ। ਉਹਨੂੰ ਟੱਬਰ-ਟੀਹਰ ਧੂਹ-ਘਸੀਟ ਕੇ ਇੱਥੇ ਨਾ ਲਿਆਉਣਾ ਪੈਂਦਾ। ਉਹ ਬੋਲਿਆ, “ਲਓ ਫੇਰ, ਚੜ੍ਹ ਜਾਨੇ ਆਂ ਟੈਕਸੀ ਕਮਿਸ਼ਨ ’ਤੇ ਲਾਮ-ਲਸ਼ਕਰ ਲੈ ਕੇ।”
ਸਾਰੇ ਟੈਕਸੀ ਡਰਾਈਵਰਾਂ ਦੀ ਇੱਕ ਮੀਟਿੰਗ ਬੁਲਾਈ ਗਈ। ਬੁਲਾਰਿਆਂ ਨੇ ਭਾਸ਼ਣਾਂ ਦੀ ਝੜੀ ਲਾ ਦਿੱਤੀ। ਪਟਕੇ ਦੀ ਤਕਰੀਰ ਬਲਿਹਾਰ ਸਿੰਘ ਦੀ ਹੀ ਰਹੀ। ਸਰਕਾਰ ਵੱਲੋਂ ਲੋਕ-ਸੇਵਾਵਾਂ ਵਿੱਚ ਕੀਤੀ ਜਾ ਰਹੀ ਕਟੌਤੀ ਦਾ ਵਿਰੋਧ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਪ੍ਰਣ ਦੁਹਰਾਉਣ ਤੋਂ ਬਾਅਦ ਬਲਿਹਾਰ ਸਿੰਘ ਨੇ ਟੋਟਕਾ ਇੱਥੇ ਆ ਕੇ ਝਾੜਿਆ, “ਸਾਥੀਓ, ਪਲੇਟਾਂ ਫਰੀਜ਼ ਕਰਨ ਦਾ ਅਧਿਕਾਰ ਹੈ ਟੈਕਸੀ ਕਮਿਸ਼ਨ ਨੂੰ। ਟੈਕਸੀ ਕਮਿਸ਼ਨ ਹੈ ਕੌਂਸਲ ਦੀ ਮੁੱਠੀ ਵਿੱਚ ਬੰਦ। ਅੱਜ ਤੋਂ ਆਪੋ ਆਪਣੇ ਇਲਾਕੇ ਦੇ ਕੌਂਸਲਰਾਂ ਪਿੱਛੇ ਪੈ ਜਾਓ ਹੱਥ ਧੋ ਕੇ। ਜਿਸ ਦਿਨ ਆਪਾਂ ਕੌਂਸਲਰਾਂ ਦਾ ਸ਼ਕੰਜਾ ਕੱਸ ਦਿੱਤਾ, ਉਸੇ ਦਿਨ ਪਲੇਟਾਂ ਫਰੀਜ਼ ਹੋਈਆਂ ਸਮਝੋ।”
ਤਾੜੀਆਂ ਵੱਜਣ ਲੱਗ ਪਈਆਂ। ਟੈਕਸੀ ਕਮਿਸ਼ਨ ਨਾਲ ਗੱਲਬਾਤ ਕਰਨ ਲਈ ਚੌਂਹ ਡਰਾਈਵਰਾਂ ਦੀ ਐਡਹਾਕ ਕਮੇਟੀ ਬਣਾਈ ਗਈ। ਕਨਵੀਨਰ ਬਲਿਹਾਰ ਸਿੰਘ ਆਪ ਬਣ ਗਿਆ।
ਹੁਣ ਬਲਿਹਾਰ ਸਿੰਘ ਵਿਹਲੇ ਵੇਲੇ ਲਾਇਬਰੇਰੀ ਵਿੱਚ ਆ ਬਹਿੰਦਾ। ਅਖਬਾਰਾਂ, ਰਸਾਲਿਆਂ ਅਤੇ ਪੁਸਤਕਾਂ ਦੇ ਪੰਨੇਂ ਫਰੋਲ ਛੱਡਦਾ। ਜੇ ਕਿਤਿਉਂ ਕੋਈ ਟੋਟਕਾ ਹੱਥ ਲੱਗ ਜਾਂਦਾ ਤਾਂ ਆਪਣੇ ਅਗਲੇ ਭਾਸ਼ਣ ਵਿੱਚ ਵਰਤਣ ਜਾਂ ਆਪਣੀ ਢਾਣੀ ਵਿੱਚ ਸੁਣਾਉਣ ਲਈ ਨੋਟਬੁੱਕ ਵਿੱਚ ਦਰਜ ਕਰ ਲੈਂਦਾ।
“ਬਲਿਹਾਰ ਸਿੰਘ ਜੀ, ਪਲੇਟਾਂ ਫਰੀਜ਼ ਕਰਵਾਉਣ ਵਾਲਾ ਝੰਡਾ ਤਾਂ ਚੁੱਕ ਲਿਆ, ਆਪ ਮੁਢਲੀ ਤਿਆਰੀ ਵੀ ਕੀਤੀ ਐ?” ਕੰਡ ਪਿੱਛੇ ਖੜ੍ਹੇ ਵਿਅਕਤੀ ਨੇ ਆਖਿਆ। ਡੌਰ ਭੌਰ ਹੋਏ ਬਲਿਹਾਰ ਸਿੰਘ ਨੇ ਪਿੱਛੇ ਭੌਂ ਕੇ ਉਸ ਵਿਅਕਤੀ ਵੱਲ ਦੇਖਿਆ ਤੇ ਆਖਣ ਲੱਗਾ, “ਭਾਈ ਸਾਅਬ, ਮੈਂ ਪਛਾਣਿਆ ਨਹੀਂ।”
ਉਹ ਵਿਅਕਤੀ ਬੋਲਿਆ, “ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਬਲਿਹਾਰ ਸਿੰਘ, ਵਕਤ ਆਉਣ ’ਤੇ ਜਾਣ ਵੀ ਜਾਓਗੇ, ਪਛਾਣ ਵੀ ਜਾਓਗੇ। … ਉਂਝ ਕੰਮ ਮੇਰਾ ਐ ਭੁੱਲਿਆਂ ਭਟਕਿਆਂ ਨੂੰ ਰਾਹੇ ਪਾਉਣਾ … ਇਸੇ ਕਰਕੇ ਜਾਣੂ-ਪਛਾਣੂ ਸਾਰੇ ਪਿਆਰ ਨਾਲ ‘ਉਸਤਾਦ ਜੀ’ ਸੱਦ ਲੈਂਦੇ ਐ।”
‘ਉਸਤਾਦ ਜੀ’ ਲੋਕ ਉਸ ਨੂੰ ਮੂੰਹ ਉੱਪਰ ਹੀ ਸੱਦਦੇ ਸਨ, ਪਿੱਠ ਪਿੱਛੇ ਸਿਰਫ ‘ਉਸਤਾਦ।’
ਉਸਤਾਦ ਨੇ ਭਲਿਆਂ ਵੇਲਿਆਂ ਵਿੱਚ ਇੱਕ ਘਰ ਖਰੀਦ ਕੇ ਕਿਰਾਏ ਉੱਤੇ ਚਾੜ੍ਹਿਆ ਸੀ। ਚਾਰ ਪੈਸੇ ਇਕੱਠੇ ਹੋਣ ਲੱਗੇ ਤਾਂ ਇੱਕ ਹੋਰ ਖਰੀਦ ਲਿਆ। ਫਿਰ ਇੱਕ ਹੋਰ। ਘਰ ਉਸ ਪਾਸ ਕਈ ਹੋ ਗਏ, ਪਰ ਉਸਦੇ ਆਪਣੇ ਘਰ ਦੇ ਜੀ ਸਾਰੇ ਖਿੰਡ-ਪੁੰਡ ਗਏ। ਫਿਰ ਉਹਨੇ ਆਪਣੇ ਇੱਕ ਮਿੱਤਰ ਦੇ ਆਖੇ ਲੱਗ ਕੇ ਸਾਰੇ ਘਰ ਵੇਚ ਦਿੱਤੇ ਅਤੇ ਇੱਕ ਕੰਪਨੀ ਦੇ ਸ਼ੇਅਰ ਖਰੀਦ ਲਏ। ਜਿਵੇਂ ਥੋੜ੍ਹੇ ਜਿਹੇ ਅਰਸੇ ਵਿੱਚ ਘਰਾਂ ਦੀਆਂ ਕੀਮਤਾਂ ਉਤਾਂਹ ਚੜ੍ਹ ਗਈਆਂ ਸਨ, ਓਵੇਂ ਹੀ ਥੋੜ੍ਹੇ ਜਿਹੇ ਦਿਨਾਂ ਵਿੱਚ ਉਸਤਾਦ ਦੇ ਖਰੀਦੇ ਹੋਏ ਸ਼ੇਅਰਾਂ ਦਾ ਭਾਅ ਡਿਗ ਪਿਆ। ਉਸਤਾਦ ਚੌਪਟ ਹੋ ਕੇ ਬਹਿ ਗਿਆ। ਹੁਣ ਉਹ ਅਗਲੇ ਡੰਗ ਦੇ ਦਾਰੂ ਫੁਲਕੇ ਲਈ ਘੁੰਮ ਫਿਰ ਕੇ ਕੋਈ ਸਾਮੀ ਭਾਲਦਾ। ਕਦੇ ਕਿਸੇ ਚੌਕ ਵਿੱਚ ਖੜ੍ਹ ਜਾਂਦਾ, ਕਦੇ ਕਿਸੇ ਬੈਂਕ ਅੱਗੇ ਅਤੇ ਕਦੇ-ਕਦੇ ਲਾਇਬਰੇਰੀ ਵਿੱਚ ਗੇੜਾ ਮਾਰ ਲੈਂਦਾ। ਕਿਸੇ ਨੂੰ ਨਵੇਂ ਖਰੀਦੇ ਮਕਾਨ ਦੀਆਂ, ਕਿਸੇ ਨੂੰ ਨਵੇਂ ਸ਼ੁਰੂ ਕੀਤੇ ਕੰਮ ਦੀਆਂ, ਕਿਸੇ ਨੂੰ ਨਵੇਂ ਬਿਜ਼ਨਸ ਦੀਆਂ ਅਤੇ ਕਿਸੇ ਨੂੰ ਨਵੇਂ ਜੰਮੇ ਮੁੰਡੇ ਦੀਆਂ ਵਧਾਈਆਂ ਦੇਣ ਲੱਗ ਪੈਂਦਾ। ਹੋਰ ਨਹੀਂ ਤਾਂ ਕੋਈ ਨਾ ਕੋਈ ਵਿਆਹ ਕੁੜਮਾਈ ਵਾਲਾ ਹੀ ਟੱਕਰ ਜਾਂਦਾ। ਜੇ ਚਾਰੇ ਸਿਰੇ ਕਿਸੇ ਹੀਲੇ ਵੀ ਝਾਕ ਪੂਰੀ ਹੁੰਦੀ ਨਾ ਦਿਸਦੀ ਤਾਂ ਉਹ ਲੰਘਦੇ ਵੜਦੇ ਕੋਲੋਂ ਦਸ ਵੀਹ ਡਾਲਰ ਉਧਾਰ ਮੰਗ ਲੈਂਦਾ। ਫਿਰ ਨਾ ਕੋਈ ਇਹ ਪੈਸੇ ਵਾਪਸ ਮੰਗਦਾ, ਨਾ ਉਸਤਾਦ ਮੋੜਦਾ। ਉਸਤਾਦ ਕਦੋਂ ਦਾ ਬਲਿਹਾਰ ਸਿੰਘ ਦੇ ਪਿੱਛੇ ਆਇਆ ਖੜ੍ਹਾ ਸੀ, ਬਲਿਹਾਰ ਸਿੰਘ ਨੂੰ ਕੋਈ ਇਲਮ ਨਹੀਂ ਸੀ। ਬਲਿਹਾਰ ਸਿੰਘ ਪੁੱਛਣ ਲੱਗਾ, “ਤੁਸੀਂ ਕੋਈ ਮੁਢਲੀ ਤਿਆਰੀ ਦੀ ਗੱਲ ਕੀਤੀ ਸੀ, ਉਹ ਕੀ ਸ਼ੈ ਹੋਈ?”
“ਅੱ ਹ ਹ ਹਾ …” ਹੱਥ ਉੱਤੇ ਹੱਥ ਮਾਰ ਕੇ ਪਹਿਲਾਂ ਉਸਤਾਦ ਹੱਸ ਪਿਆ, ਫਿਰ ਬਲਿਹਾਰ ਸਿੰਘ ਦੇ ਕੰਨ ਵਿੱਚ ਕੁਝ ਬੋਲਿਆ। ਦੋਵੇਂ ਲਾਇਬਰੇਰੀ ਤੋਂ ਬਾਹਰ ਆ ਗਏ। ਦੋਹਾਂ ਵਿਚਾਲੇ ਘੁਸਰ-ਮੁਸਰ ਹੋਈ। ਉਸਤਾਦ ਨੇ ਆਪਣੀ ਕਾਰ ਅੱਗੇ ਲਾ ਲਈ, ਬਲਿਹਾਰ ਸਿੰਘ ਨੇ ਆਪਣੀ ਟੈਕਸੀ ਪਿੱਛੇ। ਕਈ ਮੋੜ-ਘੋੜ ਲੰਘ ਕੇ ਦੋਵੇਂ ਦਰਿਆ ਦੇ ਕੰਢੇ ਬਣੇ ਹੋਏ ਪੱਬ ਦੀ ਡੈੱਕ ਉੱਤੇ ਜਾ ਬੈਠੇ। ਵੇਟਰੈੱਸ ਉਸਤਾਦ ਦੀ ਜਾਣੂ ਸੀ। ਉਂਗਲਾਂ ਦਾ ਇਸ਼ਾਰਾ ਮਿਲਦਿਆਂ ਹੀ ਉਹ ਦੋ ਡਬਲ ਵਿਸਕੀਆਂ ਅਤੇ ਇੱਕ ਬੈਗ ਚਿਪਸਾਂ ਦਾ ਲੈ ਆਈ। ਵਿਸਕੀ ਦੀ ਚੁਸਕੀ ਲਾ ਕੇ ਉਸਤਾਦ ਆਖਣ ਲੱਗਾ, “ਬਲਿਹਾਰ ਸਿੰਘ ਜੀ, ਤੁਸੀਂ ਬਹੁਤ ਜ਼ਹੀਨ ਇਨਸਾਨ ਓ, ਪਰ ਕਦੀ-ਕਦੀ ਮੌਕਾ ਸੰਭਾਲਣ ਵਿੱਚ ਉਕਾਈ ਕਰ ਜਾਂਦੇ ਓ।”
ਬਲਿਹਾਰ ਸਿੰਘ ਉਸਤਾਦ ਦੇ ਪਹਿਲੇ ਬੋਲਾਂ ਨਾਲ ਪ੍ਰਸੰਨ ਹੋ ਉੱਠਿਆ, ਦੂਸਰਿਆਂ ਨਾਲ ਅਚੰਭਤ। ਆਖਣ ਲੱਗਾ, “ਉਸਤਾਦ ਜੀ, ਮੈਨੂੰ ਤੁਹਾਡੀ ਦੂਸਰੀ ਗੱਲ ਦੀ ਭੋਰਾ ਸਮਝ ਨਹੀਂ ਲੱਗੀ।”
“ਦੱਸਦਾਂ … ਹੁਣੇ ਦੱਸਦਾਂ। ਤਾਂਹੀਓਂ ਤਾਂ ਤੈਨੂੰ ਇੱਥੇ ਨਵੇਕਲੇ ਥਾਂ ’ਤੇ ਲੈ ਕੇ ਆਇਆਂ।” ਉਸਤਾਦ ਦੱਸਣ ਲੱਗਾ, “ਜੇ ਬਲਿਹਾਰ ਸਿੰਘ ਜੀ ਤੁਹਾਡੇ ਕੋਲ ਇੱਕ ਮਕਾਨ ਹੋਵੇ ਅਤੇ ਮਕਾਨਾਂ ਦੀਆਂ ਕੀਮਤਾਂ ਚੜ੍ਹਨ ਲੱਗ ਪੈਣ, ਦੱਸੋ ਤੁਹਾਨੂੰ ਕੀ ਲਾਭ ਹੋਊ? … ਕੁਛ ਨਹੀਂ ਨਾ? ਉਹ ਪੁੱਛੋ ਕਿਉਂ? … ਮੈਂ ਦੱਸਦਾਂ … ਕਿਉਂਕਿ ਇੱਕ ਮਕਾਨ ਤਾਂ ਬੰਦੇ ਨੂੰ ਹਰ ਵਕਤ ਰਿਹਾਇਸ਼ ਲਈ ਚਾਹੀਦਾ ਐ। ਅੱਜ ਮਹਿੰਗਾ ਵੇਚੋ, ਕੱਲ੍ਹ ਨੂੰ ਮਹਿੰਗਾ ਖਰੀਦੋ। ਪੱਲੇ ਕੀ ਪਿਆ? ਵੜੇਵਾਂ? ਹੈ ਨਾ? ਮੇਰੀ ਮੰਨੋ, ਅੱਠ ਦਸ ਟੈਕਸੀਆਂ ਪਾ ਲਵੋ।”
ਬਲਿਹਾਰ ਸਿੰਘ ਵੱਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ ਉਸਤਾਦ ਫਿਰ ਬੋਲਿਆ, “ਮੈਨੂੰ ਐਂਝ ਲਗਦਾ ਐ ਕਿ ਮੈਂ ਆਪਣੀ ਗੱਲ ਸਮਝਾਉਣ ਵਿੱਚ ਕਾਮਯਾਬ ਨਹੀਂ ਹੋਇਆ।”
“ਨਹੀਂ ਉਸਤਾਦ ਜੀ, ਐਸੀ ਕੋਈ ਗੱਲ ਨਹੀਂ। ਮੈਂ ਤੁਹਾਡੀ ਸਾਰੀ ਗੱਲ ਸੁਣ ਲਈ ਐ। ਬੱਸ, ਸਮਝਣ ਦਾ ਜਤਨ ਕਰ ਰਿਹਾਂ।” ਬਲਿਹਾਰ ਸਿੰਘ ਨੇ ਸੋਚਾਂ ਦੇ ਤਾਣੇ-ਬਾਣੇ ਵਿੱਚੋਂ ਨਿਕਲਦਿਆਂ ਆਖਿਆ।
“ਬਾਅਜ਼ ਔਕਾਤ ਐਂਝ ਹੁੰਦਾ ਐ ਬਲਿਹਾਰ ਸਿੰਘ,” ਉਸਤਾਦ ਸਮਝਾਉਣ ਲੱਗਾ, “ਬੰਦੇ ਨੇ ਟਿਕਟ ਹੱਥ ਵਿੱਚ ਫੜੀ ਹੋਈ ਹੁੰਦੀ ਐ, ਪਲੇਟਫਾਰਮ ਉੱਤੇ ਖੜ੍ਹਾ ਹੁੰਦਾ ਐ, ਗੱਡੀ ਕੂਕ ਮਾਰ ਕੇ ਤੁਰ ਪੈਂਦੀ ਐ। ਬੱਸ, ਬੰਦਾ ਛਾਲ਼ ਮਾਰ ਕੇ ਚੜ੍ਹਨੋਂ ਰਹਿ ਜਾਂਦਾ ਐ।”
“ਪ ਪ ਪਰ …” ਬਲਿਹਾਰ ਸਿੰਘ ਦੀ ਜ਼ਬਾਨ ਥਿੜਕ ਰਹੀ ਸੀ।
“ਯਾਰ, ਤੂੰ ਦੁਬਿਧਾ ਨੂੰ ਬਾਹਰ ਕੱਢ ਧੂਹ ਕੇ। ਬੰਦਾ ਬੰਦੇ ਦਾ ਦਾਰੂ ਐ।” ਉਸਤਾਦ ਨੇ ਆਪਣੀ ਸੀਟ ਤੋਂ ਉੱਠ ਕੇ ਬਲਿਹਾਰ ਸਿੰਘ ਦੀ ਪਿੱਠ ਥਾਪੜੀ, ਜਿਵੇਂ ਡਕਾਰ ਦਿਵਾਉਣ ਲਈ ਬੱਚੇ ਦੀ ਪਿੱਠ ਥਾਪੜੀਦੀ ਹੈ।
“ਕਈ ਅੜਚਨਾਂ ਨੇ ਛੋਟੀਆਂ-ਛੋਟੀਆਂ, ਉਨ੍ਹਾਂ ਨੂੰ ਨਜਿੱਠ ਕੇ ਫੇਰ …” ਦੁਚਿੱਤੀ ਨੇ ਅਜੇ ਵੀ ਬਲਿਹਾਰ ਸਿੰਘ ਦਾ ਖਹਿੜਾ ਨਹੀਂ ਸੀ ਛੱਡਿਆ। ਵਾਰਤਾਲਾਪ ਦਾ ਰੁਖ ਮੋੜਨ ਦੇ ਇਰਾਦੇ ਨਾਲ ਉਹ ਬੋਲਿਆ, “ਇਕ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ ਉਸਤਾਦ ਜੀ, ਪੱਬ ਤਾਂ ਉੱਥੇ ਨਜ਼ਦੀਕ ਬਥੇਰੇ ਸਨ, ਤੁਸੀਂ ਇੱਥੇ ਐਡੀ ਦੂਰ ਕਿਉਂ ਆਏ?”
“ਗੱਲ ਬੜੀ ਸਿੱਧੀ ਜਿਹੀ ਐ ਬਲਿਹਾਰ ਸਿੰਘ, ਤੈਥੋਂ ਲੁਕੋ ਕਾਹਦਾ।” ਉਸਤਾਦ ਦੱਸਣ ਲੱਗਾ, “ਮੈਂ ਬਹੁਤ ਸ਼ਾਂਤੀ ਪਸੰਦ ਇਨਸਾਨ ਹਾਂ। ਖੱਪਖਾਨਾ ਮੈਨੂੰ ਉੱਕਾ ਪਸੰਦ ਨਹੀਂ। ਪਿੱਛੇ ਜਿਹੇ ਪਿਛਵਾੜਲੇ ਗਵਾਂਢੀਆਂ ਦੇ ਕਤੂਰੇ ਨੇ ਮੇਰਾ ਨੱਕ ਵਿੱਚ ਦਮ ਕਰ ਦਿੱਤਾ। ਉਹ ਪੁੱਛੋ ਕਿਵੇਂ? ਮੈਂ ਦੱਸਦਾਂ … ਜਦੋਂ ਕਿਤੇ ਮੈਂ ਪਿਛਲੇ ਵਿਹੜੇ ਵਿੱਚ ਨਿਕਲਣਾ, ਸਾਲ਼ੇ ਨੇ ਚਾਰੇ ਖੁਰ ਚੁੱਕ ਕੇ ਪੈ ਜਾਣਾ। ਵਿਚਾਲੇ ਵਾੜ ਸੀ, ਵਿਗਾੜਨਾ ਤਾਂ ਉਹਨੇ ਕੀ ਸੀ ਮੇਰਾ, ਬੱਸ, ਸ਼ਾਂਤੀ ਭੰਗ ਹੋ ਜਾਣੀ। ਮਨ ਬੜਾ ਖਰਾਬ ਹੋਣਾ। ਦੋ ਕੁ ਵਾਰ ਬੇਹੀ ਰੋਟੀ, ਮਾੜਾ ਜਿਹਾ ਮੱਖਣ ਲਾ ਕੇ ਵਾੜ ਦੇ ਉੱਤੋਂ ਦੀ ਸੁੱਟੀ, ਅੱਜ ਭੌਂਕਦਾ ਐ ਮੁੜ ਕੇ। … ਹੁਣ ਤਾਂ ਸਗੋਂ ਆਲਮ ਇਹ ਐ ਕਿ ਮੈਨੂੰ ਦੇਖ ਕੇ ਪੂਛ ਹਿਲਾਉਣ ਲੱਗ ਪੈਂਦਾ, ਘਰਦਿਆਂ ਨੂੰ ਦੇਖ ਕੇ ਘੁਰ-ਘੁਰ ਕਰਦਾ ਐ।”
ਬਲਿਹਾਰ ਸਿੰਘ ਉੱਠ ਕੇ ਤੁਰਨ ਲੱਗਿਆ ਤਾਂ ਉਸਤਾਦ ਬੋਲਿਆ, “ਇਕ ਗੱਲ ਲੜ ਬੰਨ੍ਹ ਲਵੀਂ ਬਲਿਹਾਰ ਸਿੰਘ, ਬਾਹਰ ਕਿਸੇ ਕੋਲ ਭਾਫ ਨਹੀਂ ਕੱਢਣੀ। ਕਿਸੇ ਵੀ ਬਿਜ਼ਨਸ ਦੀ ਕਾਮਯਾਬੀ ਦਾ ਰਾਜ਼ ਹੁੰਦਾ ਐ, ਗੁਪਤ ਕਾਰਵਾਈ। ਜੋ ਕੁਛ ਵੀ ਕਰਨਾ ਹੈ, ਚੁੱਪ-ਚਾਪ ਕਰੋ। ਕਿਸੇ ਦੇ ਕੰਨੀਂ ਕਨਸੋ ਨਾ ਪਵੇ। ਦੇਖੋ, ਘਰ ਆਪਾਂ ਦਾਲ, ਸਬਜ਼ੀ ਜਾਂ ਮੀਟ ਬਣਾਉਂਦੇ ਹਾਂ, ਸੇਕ ਤਾਂ ਓਨਾ ਹੀ ਹੁੰਦਾ ਐ, ਪਰ ਇਹ ਚੀਜ਼ਾਂ ਪ੍ਰੈੱਸ਼ਰ ਕੁੱਕਰ ਵਿੱਚ ਤੁਰਤ-ਫੁਰਤ ਬਣ ਜਾਂਦੀਆਂ ਹਨ। ਉਹ ਪੁੱਛੋ ਕਿਉਂ? ਮੈਂ ਦੱਸਦਾਂ … ਕਿਉਂਕਿ ਪ੍ਰੈੱਸ਼ਰ ਕੁੱਕਰ ਦਾ ਢੱਕਣ ਆਪਾਂ ਨੇ ਘੁੱਟ ਕੇ ਬੰਦ ਕੀਤਾ ਹੋਇਆ ਹੁੰਦਾ ਐ। ਸਮਝੇ ਮੇਰੀ ਗੱਲ? ਜੇ ਹਾਰੀ-ਸਾਰੀ ਨੇ ਦਸ-ਦਸ ਟੈਕਸੀਆਂ ਪਾ ਲਈਆਂ, ਫੇਰ ਚੜ੍ਹ ਚੁੱਕੀਆਂ ਪਲੇਟਾਂ ਦੀਆਂ ਕੀਮਤਾਂ।”
ਕਈ ਦਿਨ ਬਲਿਹਾਰ ਸਿੰਘ ਦੇ ਸਿਰ ਵਿੱਚ ਉਥਲ-ਪੁਥਲ ਚਲਦੀ ਰਹੀ। ਆਹਿਸਤਾ-ਆਹਿਸਤਾ ਗੱਲ ਦੀ ਗਿਰੀ ਉਹਦੇ ਹੱਥ ਆ ਗਈ। ਉਹ ਗੁੰਮ-ਸੁੰਮ ਰਹਿਣ ਲੱਗ ਪਿਆ। ਆਪਣੀ ਢਾਣੀ ਵਿੱਚ ਉੱਠਣਾ-ਬਹਿਣਾ ਉਹਨੇ ਛੱਡ ਦਿੱਤਾ। ਉਹਦੇ ਜੋਟੀਦਾਰ ਉਹਨੂੰ ਉਡੀਕਦੇ ਰਹਿੰਦੇ, ਪਰ ਉਹ ਉਸ ਪਾਸੇ ਮੂੰਹ ਨਾ ਕਰਦਾ।
ਉਸਤਾਦ ਨੇ ਤਾਂ ਆਪਣੇ ਵੱਲੋਂ ਇਹ ਤਰਕੀਬ ਬਲਿਹਾਰ ਸਿੰਘ ਨੂੰ ਲੀਹੋਂ ਲਾਹ ਕੇ ਗਧੀਗੇੜ ਵਿੱਚ ਪਾਉਣ ਲਈ ਦੱਸੀ ਸੀ ਪਰ ਬਲਿਹਾਰ ਸਿੰਘ ਨੂੰ ਰਾਸ ਆ ਗਈ। ਉਹਨੇ ਕਿਸੇ ਨੂੰ ਭਿਣਕ ਪੈਣ ਦਿੱਤੇ ਬਗੈਰ ਬੈਂਕ ਤੋਂ ਕਰਜ਼ਾ ਚੁੱਕ ਕੇ ਸੱਤ ਅੱਠ ਟੈਕਸੀਆਂ ਪਾ ਲਈਆਂ। ਡਰਾਈਵਰਾਂ ਦੀ ਏਕਤਾ ਅਤੇ ਦੌੜ-ਭੱਜ ਸਦਕਾ ਚੌਂਹ ਕੁ ਮਹੀਨਿਆਂ ਵਿੱਚ ਪਲੇਟਾਂ ਫਰੀਜ਼ ਹੋ ਗਈਆਂ। ਅੱਜ ਹੋਰ, ਕੱਲ੍ਹ ਹੋਰ, ਹੌਲੀ-ਹੌਲੀ ਪਲੇਟਾਂ ਦੀਆਂ ਕੀਮਤਾਂ ਵਧਣ ਲੱਗ ਪਈਆਂ। ਛੇਆਂ ਸਾਲਾਂ ਵਿੱਚ ਇੱਕ-ਇੱਕ ਪਲੇਟ ਤੀਹ-ਤੀਹ ਹਜ਼ਾਰ ਡਾਲਰ ਤੀਕ ਪਹੁੰਚ ਗਈ। ਦੋ ਢਾਈ ਲੱਖ ਡਾਲਰ ਪਲੇਟਾਂ ਦਾ, ਉੱਪਰੋਂ ਹਰ ਹਫਤੇ ਆਉਂਦਾ ਟੈਕਸੀਆਂ ਦਾ ਕਿਰਾਇਆ; ਬਲਿਹਾਰ ਸਿੰਘ ਦੇ ਹਰ ਸਾਹ ਨਾਲ ਫੁਰਕੜੇ ਵੱਜਣ ਲੱਗ ਪਏ। ਦਫਤਰ ਵਿੱਚ ਬੈਠਿਆਂ-ਬੈਠਿਆਂ ਉਹ ਊਂਘਣ ਲੱਗ ਪੈਂਦਾ। ਖਾਂਦਾ-ਪੀਂਦਾ ਬਾਹਰ, ਘਰ ਸਿਰਫ ਸੌਣ ਲਈ ਜਾਂਦਾ। ਬਿਸਤਰੇ ਵਿੱਚ ਪਿਆ ਜ਼ਰਬਾਂ ਤਕਸੀਮਾਂ ਵਿੱਚ ਉਲਝਿਆ ਪਾਸੇ ਪਲਟਦਾ ਰਹਿੰਦਾ। ਕਈ ਵਾਰ ਅੰਮ੍ਰਿਤ ਦੀ ਅੱਖ ਖੁੱਲ੍ਹ ਜਾਂਦੀ। ਪਰ ਉਹ ਸਹਿਮ ਕੇ ਪਈ ਰਹਿੰਦੀ।
ਟੈਕਸੀ ਕੰਪਨੀਆਂ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਟੈਕਸੀਆਂ ਦੇ ਕਿਰਾਏ, ਜਿਹੜੇ ਉਹ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਆਪਣੇ ਡਰਾਈਵਰਾਂ ਪਾਸੋਂ ਵਸੂਲਦੀਆਂ ਸਨ, ਬਹੁਤ ਵਧਾ ਦਿੱਤੇ। ਉਨ੍ਹਾਂ ਦੀ ਚਾਂਦੀ ਬਣਨ ਲੱਗ ਪਈ। ਜਿਨ੍ਹਾਂ ਟੈਕਸੀਆਂ ਵਾਲਿਆਂ ਕੋਲ ਆਪਣੀਆਂ ਪਲੇਟਾਂ ਸਨ, ਉਨ੍ਹਾਂ ਦਾ ਸਾਵਾਂ-ਸਿੱਕਾ ਸਰ ਰਿਹਾ ਸੀ। ਜਿਹੜੇ ਡਰਾਈਵਰ ਟੈਕਸੀ ਕਿਰਾਏ ਉੱਤੇ ਲੈ ਕੇ ਆਪਣੇ ਟੱਬਰ ਪਾਲਦੇ ਸਨ, ਉਨ੍ਹਾਂ ਲਈ ਲੜ ਮੇਲਣੇ ਮੁਸ਼ਕਿਲ ਹੋ ਗਏ। ਇਸੇ ਕਾਰਨ ਕਦੇ ਕਿਸੇ ਕਦੇ ਕਿਸੇ ਡਰਾਈਵਰ ਨਾਲ ਬਲਿਹਾਰ ਸਿੰਘ ਦੀ ਤੂੰ-ਤੂੰ, ਮੈਂ-ਮੈਂ ਹੋ ਜਾਂਦੀ। ਉਸ ਨੂੰ ਸਾਰੀ-ਸਾਰੀ ਰਾਤ ਭੈੜੇ-ਭੈੜੇ ਸੁਪਨੇ ਆਉਂਦੇ ਰਹਿੰਦੇ। ਉੱਚੀ-ਉੱਚੀ ਬਰੜਾਉਣ ਲੱਗ ਪੈਂਦਾ। ਜਦੋਂ ਇਸ ਉਪਰਾਮਤਾ ਤੋਂ ਖਹਿੜਾ ਛੁਡਾਉਣ ਲਈ ਅੰਮ੍ਰਿਤ ਕੋਈ ਸਲਾਹ ਦਿੰਦੀ, ਬਲਿਹਾਰ ਸਿੰਘ ਚਾਰੇ ਖੁਰ ਚੁੱਕ ਕੇ ਪੈ ਜਾਂਦਾ।
ਅਚਾਨਕ ਇੱਕ ਦਿਨ ਬਲਿਹਾਰ ਸਿੰਘ ਨੂੰ ਪਤਾ ਨਹੀਂ ਕੀ ਸੁੱਝੀ, ਉਹ ਉਸਤਾਦ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਪਹੁੰਚ ਗਿਆ। ਆਖਣ ਲੱਗਾ, “ਟੈਕਸੀਆਂ ਦਾ ਕਾਰੋਬਾਰ ਤਾਂ ਯੱਭ ਜਿਹਾ ਬਣ ਗਿਆ ਐ ਉਸਤਾਦ ਜੀ। ਡਰਾਈਵਰਾਂ ਨਾਲ ਕੋਈ ਨਾ ਕੋਈ ਰੇੜਕਾ ਪਿਆ ਈ ਰਹਿੰਦਾ ਐ। ਹੁਣ ਕੋਈ ਨਵਾਂ ਨੁਸਖਾ ਦੱਸੋ।”
ਉਸਤਾਦ ਦੇ ਚਿਹਰੇ ਉੱਤੇ ਖਚਰੀ ਜਿਹੀ ਮੁਸਕਰਾਹਟ ਪਸਰ ਗਈ। ਫਿਰ ਉਹ ਸੰਜੀਦਾ ਹੋ ਗਿਆ। ਉਹ ਆਪ ਇਸ ਸੁਭਾਗੀ ਘੜੀ ਦੀ ਤਾਕ ਵਿੱਚ ਸੀ ਕਿ ਕਦੋਂ ਮੌਕਾ ਬਣੇ, ਅਤੇ ਕਦੋਂ ਉਹ ਬਲਿਹਾਰ ਸਿੰਘ ਦੇ ਗੁਬਾਰੇ ਵਿੱਚੋਂ ਹਵਾ ਕੱਢਣ ਦਾ ਕੋਈ ਜੁਗਾੜ ਬਣਾਵੇ। ਉਹ ਬੋਲਿਆ, “ਓਏ ਬਲਿਹਾਰ ਸਿਹਾਂ, ਮਾਇਆ ’ਕੱਠੀ ਕਰਨ ਦੇ ਨੁਸਖੇ ਬੜੇ, ਤੂੰ ਸਿੱਖਣ ਵਾਲਾ ਬਣ।”
ਉਸਤਾਦ ਦੱਸਣ ਲੱਗਾ, “ਇਕ ਅਮਰੀਕਨ ਕੰਪਨੀ ਐ, ਨਾਂ ਐ ਉਹਦਾ ‘ਟਰੀ-ਐਕਸ।’ ਕੰਮ ਐ ਉਹਦਾ ਉੱਤਰ-ਪੱਛਮੀ ਚੀਨ ਦੇ ਇਲਾਕੇ ਤੀਅਨਸ਼ਾਨ ਵਿੱਚ ਟਰੀ, ਭਾਵ ਦਰਖ਼ਤ ਲਾਉਣਾ, ਵੱਢਣਾ ਅਤੇ ਵੇਚਣਾ। ਹੋਰ ਅੱਠਾਂ ਦਸਾਂ ਸਾਲਾਂ ਨੂੰ ਤਾਜਿਕਸਤਾਨ, ਕਿਰਗਿਜ਼ਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਮਕਾਨ ਇਸੇ ਕੰਪਨੀ ਵੱਲੋਂ ਤਿਆਰ ਕੀਤੀ ਹੋਈ ਲੱਕੜ ਨਾਲ ਬਣਿਆ ਕਰਨਗੇ। ਦੱਸਦੇ ਐ, ਹੈ ਭਾਵੇਂ ਲੱਕੜ, ਪਰ ਸਖ਼ਤ ਸਟੀਲ ਵਰਗੀ ਐ। ਤੀਅਨਸ਼ਾਨ ਨੂੰ ਇੰਡੀਆ ਤੋਂ ਜਾਣਾ ਹੋਵੇ ਤਾਂ ਰਾਹ ਕਸ਼ਮੀਰ ਵਿੱਚੀਂ ਪੈਂਦਾ ਐ, ਪਰ ਹੈ ਇੱਧਰੋਂ ਦੂਰ। ਕਾਜ਼ਖ਼ਸਤਾਨ ਤੋਂ ਨੇੜੇ ਐ, ਬਾਰਡਰ ਦੇ ਮੁੱਢ।”
“ਤੁਸੀਂ ਗੇੜਾ ਮਾਰ ਆਏ ਓ?” ਬਲਿਹਾਰ ਸਿੰਘ ਦੀ ਉਤਸੁਕਤਾ ਵਧ ਗਈ।
“ਓਏ ਭਲਿਆ ਲੋਕਾ! ਮੈਂ ਉੱਥੇ ਤਾਂ ਜਾਂਦਾ, ਜੇ ਮੇਰਾ ਸਰੋਕਾਰ ਬੂਟੇ ਗਿਣਨ ਨਾਲ ਹੁੰਦਾ। ਮੇਰਾ ਵਾਸਤਾ ਤਾਂ ਅੰਬ ਚੂਪਣ ਨਾਲ ਐ। … ਬਾਰਾਂ ਹਜ਼ਾਰ ਡਾਲਰ ਲਾਇਆ ਸੀ, ਅਠਾਰਾਂ ਹਜ਼ਾਰ ਬਣ ਗਿਆ ਐ।” ਖੀਸਿਓਂ ਖਾਲੀ ਉਸਤਾਦ ਨੇ ਫੜ੍ਹ ਮਾਰ ਦਿੱਤੀ ਅਤੇ ਨਾਲ ਹੀ ਅਖ਼ਬਾਰ ਵਿੱਚੋਂ ਪੜ੍ਹੀ ਚਲੰਤ ਜਿਹੀ ਖਬ਼ਰ ਨੂੰ ਮਿਰਚ ਮਸਾਲਾ ਲਾ ਕੇ ਦੱਸਣ ਲੱਗ ਪਿਆ, “ਛੋਟੇ-ਛੋਟੇ ਪੌਦਿਆਂ ਦੀ ਪੰਜ ਸੱਤ ਮੀਲ ਲੰਮੀ ਪਾਲ ਲਾਉਣੀ ਸ਼ੁਰੂ ਕਰੋ, ਅਖੀਰ ਤੀਕ ਪਹੁੰਚਦਿਆਂ, ਮੁੱਢ ਵਿੱਚ ਲਾਏ ਪੌਦੇ ਇੰਨੇ ਉੱਚੇ ਹੋ ਜਾਂਦੇ ਐ, ਐਕਸ, ਯਾਨੀ ਕਿ ਕੁਹਾੜੀ ਲੈ ਕੇ ਵੱਢਣੇ ਸ਼ੁਰੂ ਕਰ ਦਿਓ। ਚੀਨੇ ਤਾਂ ਹੈਗੇ ਐ ਮਧਰੇ-ਮਧਰੇ, ਦਰਖ਼ਤ ਝੱਟ ਇੰਨੇ ਲੰਮ-ਸਲੰਮੇ ਕਿਵੇਂ ਨਿਕਲ ਆਉਂਦੇ ਐ? ਮੈਨੂੰ ਪੁੱਛੋ, … ਮੈਂ ਦੱਸਦਾਂ। ਪਨੀਰੀ ਜਾਂਦੀ ਐ ਅਮਰੀਕਾ ਤੋਂ। ਇਹੋ ਹੀ ਇਸ ਕੰਪਨੀ ਦੀ ਕਾਮਯਾਬੀ ਦਾ ਰਾਜ਼ ਐ। ਸਮਝੇ ਮੇਰੀ ਗੱਲ?”
“ਬਹੁਤ-ਬਹੁਤ ਧੰਨਵਾਦ ਉਸਤਾਦ ਜੀ!” ਆਖਦਾ ਹੋਇਆ ਬਲਿਹਾਰ ਸਿੰਘ ਉੱਠ ਖੜ੍ਹਾ ਹੋਇਆ। ਮੇਜ਼ ਤੋਂ ਚਾਬੀਆਂ ਵਾਲਾ ਗੁੱਛਾ ਚੁੱਕਿਆ, ਰਿੰਗ ਵਿੱਚ ਉਂਗਲ ਪਾ ਕੇ ਚਾਬੀਆਂ ਨੂੰ ਘੁਮਾਉਂਦਾ ਹੋਇਆ ਤੁਰ ਪਿਆ। ਉਹਦੀ ਪਿੱਠ ਅਜੇ ਓਹਲੇ ਹੋਈ ਹੀ ਹੋਵੇਗੀ, ਉਹਦੇ ਵਰਗਾ ਇੱਕ ਹੋਰ ਸੱਜਣ ਉਹਦੇ ਵਾਂਗ ਹੀ ਚਾਬੀਆਂ ਘੁਮਾਉਂਦਾ ਹੋਇਆ ਉਸਤਾਦ ਦੇ ਸਾਮ੍ਹਣੇ ਆ ਖੜ੍ਹਾ ਹੋਇਆ। ਉਸਤਾਦ ਨਾਲ ਨਜ਼ਰਾਂ ਮਿਲੀਆਂ ਤਾਂ ਆਖਣ ਲੱਗਾ, “ਸਾਂਢੂ ਸੈਅਬ ਜੀਓ, ਕਿਹੜੀਆਂ ਗਿਣਤੀਆਂ-ਮਿਣਤੀਆਂ ਵਿੱਚ ਗ੍ਰਸੇ ਹੋਏ ਓ?”
“ਹੱ ਹੱ ਹਾਅ, ਇਹ ਰਿਸ਼ਤੇਦਾਰੀ ਕਿੱਧਰੋਂ ਕੱਢ ਲਈ ਕੱਕੜ ਸਾਅਬ ਜੀ?” ਟੋਪ ਉੁੱਪਰ ਚੁੱਕ ਕੇ ਘੋਨਮੋਨ ਸਿਰ ਉੱਤੇ ਹੱਥ ਫੇਰਦਾ ਹੋਇਆ ਉਸਤਾਦ ਬੋਲਿਆ।
“ਜੁਆਕ ਤੁਹਾਡੇ ਵੀ ਘਰੋਂ ਭੱਜ ਗਏ ਐ, ਤੇ ਮੇਰੇ ਵੀ। ਜਨਾਨੀ ਤੁਹਾਡੀ ਵੀ ਤੁਹਾਨੂੰ ਛੱਡ ਗਈ ਐ, ਤੇ ਮੇਰੀ ਵੀ। ਹੱਥ ਤਵੇ ਉੱਤੇ ਤੁਹਾਨੂੰ ਵੀ ਰੋਜ ਸਾੜਨੇ ਪੈਂਦੇ ਐ, ਤੇ ਮੈਨੂੰ ਵੀ। ਹੁਣ ਦੱਸੋ, ਆਪਾਂ ਸਾਂਢੂ ਹੋਏ ਕਿ ਨਾ? … ਹੀ ਹੀ ਹੀ।” ਕੱਕੜ ਸਾਹਬ ਦਾ ਗਿੱਠ ਕੁ ਅਗਾਂਹ ਨੂੰ ਵਧਿਆ ਹੋਇਆ ਢਿੱਡ ਉੱਛਲਣ ਲੱਗ ਪਿਆ।
ਅਚਨਚੇਤ ਉਸਤਾਦ ਨੂੰ ਆਪਣੀਆਂ ਧੀਆਂ, ਮਿੰਦੀ ਅਤੇ ਪਿੰਦੀ ਦੀ ਯਾਦ ਆ ਗਈ। ਪਤਾ ਨਹੀਂ ਕਿੱਥੇ ਹੋਣਗੀਆਂ? ਕਿਸ ਹਾਲ ਵਿੱਚ ਹੋਣਗੀਆਂ? ਉਹ ਸੋਚਣ ਲੱਗਾ। ਪਤਨੀ, ਸ਼ਮਿੰਦਰ ਦਾ ਖਿਆਲ ਆਉਂਦਿਆਂ ਹੀ ਉਸਦਾ ਮੂੰਹ ਕਸੈਲਾ ਜਿਹਾ ਹੋ ਗਿਆ।
ਜਦੋਂ ਬਲਿਹਾਰ ਸਿੰਘ ਆਪਣੇ ਦਫਤਰ ਵਿੱਚ ਪਹੁੰਚਿਆ, ਉਸਦਾ ਸਾਮ੍ਹਣਾ ਉਸ ਡਰਾਈਵਰ ਨਾਲ ਹੋ ਗਿਆ, ਜਿਸ ਨੇ ਉਸਦਾ ਕੁਝ ਬਕਾਇਆ ਦੇਣਾ ਸੀ। ਉਹਨੇ ਪੈਸੇ ਮੰਗੇ ਤਾਂ ਡਰਾਈਵਰ ਬੋਲਿਆ, “ਭਾਈ ਸਾਹਬ, ਹੁਣ ਜਾਵਾਂਗਾ, ਚਾਰ ਡਾਲਰ ਕਮਾਵਾਂਗਾ ਤੇ ਤੁਹਾਡੇ ਮੋੜ ਦਿਆਂਗਾ। ਪੈਸੇ ਕਿਤੇ ਦਰਖ਼ਤਾਂ ਨੂੰ ਲਗਦੇ ਆ, ਬਈ ਝਾੜ ਕੇ ਤੁਹਾਡੇ ਬੋਝੇ ਵਿੱਚ ਪਾ ਦਿਆਂ?”
ਜਿਨ੍ਹਾਂ ਦਰਖ਼ਤਾਂ ਦਾ ਦ੍ਰਿਸ਼ ਉਸਤਾਦ ਨੇ ਦਿਖਾਇਆ ਸੀ, ਉਹ ਤਾਂ ਬਲਿਹਾਰ ਸਿੰਘ ਨੂੰ ਕੁਝ ਇਸੇ ਤਰ੍ਹਾਂ ਦੇ ਜਾਪਦੇ ਸਨ। ਡਰਾਈਵਰ ਦੇ ਦਫਤਰੋਂ ਬਾਹਰ ਹੁੰਦਿਆਂ ਹੀ ਬਲਿਹਾਰ ਸਿੰਘ ਅਖ਼ਬਾਰ ਫਰੋਲਣ ਲੱਗ ਪਿਆ। ਅਖ਼ਬਾਰ ਵਿੱਚੋਂ ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਉਹਨੇ ਕੰਪਿਊਟਰ ਚਾਲੂ ਕਰ ਲਿਆ। ਖਾਤਾ ਖੋਲ੍ਹ ਕੇ ਸ਼ੇਅਰ ਖਰੀਦਣ ਤੀਕ ‘ਟਰੀ-ਐਕਸ’ ਦਾ ਭਾਅ ਤੀਹ ਸੈਂਟ ਤੀਕ ਪਹੁੰਚ ਗਿਆ। ਬਲਿਹਾਰ ਸਿੰਘ ਨੇ ਔਖਾ-ਸੌਖਾ ਹੋ ਕੇ ਹੂਲ਼ਾ ਫੱਕ ਲਿਆ।
ਦੋ ਕੁ ਮਹੀਨਿਆਂ ਵਿੱਚ ‘ਟਰੀ ਐਕਸ’ ਦੇ ਸ਼ੇਅਰਾਂ ਦਾ ਮੁੱਲ ਸੱਠ ਸੈਂਟ ਤੀਕ ਪਹੁੰਚ ਗਿਆ। ਹੋਰ ਸ਼ੇਅਰ ਖਰੀਦਣ ਲਈ ਬਲਿਹਾਰ ਸਿੰਘ ਲੂਹਰੀਆਂ ਲੈਣ ਲੱਗਾ। ਪਰ ਕੈਸ਼ ਵਾਲੇ ਭੰਡਾਰੇ ਮਸਤਾਨੇ ਹੋ ਚੁੱਕੇ ਸਨ। ਅਖੀਰ ਦੋ ਟੈਕਸੀਆਂ ਵੇਚ ਕੇ ਇੰਤਜ਼ਾਮ ਕਰਨਾ ਪਿਆ। ਮਹੀਨੇ ਕੁ ਬਾਅਦ ਦੋ ਹੋਰ ਤੇ ਫਿਰ ਦੋ ਹੋਰ। ਸਮੁੱਚੀ ਟੈਕਸੀ ਕੰਪਨੀ ਦਾ ਭੋਗ ਪਾ ਕੇ ਬਲਿਹਾਰ ਸਿੰਘ ਨੇ ‘ਟਰੀ-ਐਕਸ’ ਦੇ ਸ਼ੇਅਰ ਖਰੀਦ ਲਏ। ਅੱਜ ਹੋਰ, ਕੱਲ੍ਹ ਹੋਰ, ਹੌਲੀ-ਹੌਲੀ ਸ਼ੇਅਰਾਂ ਦੀ ਕੀਮਤ ਪੰਜ ਡਾਲਰ ਨੂੰ ਜਾ ਢੁੱਕੀ।
ਇੰਨੇ ਲਾਹੇਵੰਦ ਵਸੀਲੇ ਬਾਰੇ ਬਲਿਹਾਰ ਸਿੰਘ ਨੇ ਪਹਿਲਾਂ ਕਦੀ ਨਾ ਤਾਂ ਸੁਣਿਆ ਸੀ, ਨਾ ਸੋਚਿਆ। ‘ਗੁਲਗੁਲਿਆਂ ਦਾ ਮੀਂਹ ਰੋਜ਼-ਰੋਜ਼ ਨਹੀਂ ਪੈਂਦਾ ਹੁੰਦਾ।’ ਉਹ ਸੋਚਣ ਲੱਗਾ। ਉਹਦੇ ਮਨ ਵਿੱਚ ਵਿਚਾਰ ਆਇਆ ਕਿ ਕਿਸੇ ਹੀਲੇ-ਵਸੀਲੇ ਹੋਰ ਦੋ ਚਾਰ ਹਜ਼ਾਰ ਸ਼ੇਅਰਾਂ ਦਾ ਜੁਗਾੜ ਬਣਾ ਲਿਆ ਜਾਵੇ। ਉਹ ਬੈਂਕ ਗਿਆ। ਬੈਂਕ ਵਾਲਿਆਂ ਨੇ ਗਰੰਟੀ ਮੰਗ ਲਈ। ਘਰ ਤੋਂ ਬਿਨਾਂ ਬਲਿਹਾਰ ਸਿੰਘ ਦੇ ਹੱਥਾਂ ਵਿੱਚ ਇਸ ਵੇਲੇ ਕੁਝ ਵੀ ਨਹੀਂ ਸੀ ਬਚਿਆ। ਘਰ ਦਾ ਮੁੱਲ ਪਾਉਣ ਲਈ ਗਏ ਬੈਂਕ ਦੇ ਅਸੈੱਸਰ ਨੂੰ ਅੰਮ੍ਰਿਤ ਨੇ ਬਰੰਗ ਮੋੜ ਦਿੱਤਾ।
ਅੰਮ੍ਰਿਤ ਨੇ ਬਲਿਹਾਰ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੀ ਪੂਰੀ ਵਾਹ ਲਾਈ ਪਰ ਸਫਲਤਾ ਨਾ ਮਿਲੀ। ਉਸਤਾਦ ਦਾ ਜ਼ਿਕਰ ਸੁਣਦਿਆਂ ਹੀ ਬਲਿਹਾਰ ਸਿੰਘ ਜਾਮਿਓਂ ਬਾਹਰ ਹੋ ਗਿਆ। ਆਖਣ ਲੱਗਾ, “ਖਬਰਦਾਰ ਜੇ ਉਸਤਾਦ ਬਾਰੇ ਕੋਈ ਮੰਦਾ ਬੋਲ ਬੋਲਿਆ …” ਤੇ ਇਸਦੇ ਨਾਲ ਹੀ ਉਸ ਨੇ ਸੱਜੇ ਹੱਥ ਦੀ ਚਪੇੜ ਚੁੱਕ ਲਈ।
“ਲੈ, ਦੇਖ ਮਾਰ ਕੇ …” ਅੰਮ੍ਰਿਤ ਦੇ ਮੂਹੋਂ ਸੁਤੇਸਿੱਧ ਨਿਕਲ ਗਿਆ।
ਬਲਿਹਾਰ ਸਿੰਘ ਬੁਖਲਾ ਗਿਆ। ਸੁੱਧ-ਬੁੱਧ ਜਾਂਦੀ ਰਹੀ।
ਡਿਗਦੀ ਢਹਿੰਦੀ ਅੰਮ੍ਰਿਤ ਨੇ ਆਪਣੀ ਸਹੇਲੀ ਨੂੰ ਫੋਨ ਕਰ ਦਿੱਤਾ। ਪਾਲੀ ਉਸ ਨੂੰ ਉਸੇ ਵੇਲੇ ਆਸਰਾ ਦੇ ਕੇ ਆਪਣੇ ਘਰ ਲੈ ਗਈ। ਦੋਂਹ ਕੁ ਦਿਨਾਂ ਬਾਅਦ ਜਦੋਂ ਅੰਮ੍ਰਿਤ ਦੀ ਸਿਹਤ ਵਿੱਚ ਥੋੜ੍ਹਾ ਜਿਹਾ ਸੁਧਾਰ ਆਇਆ, ਉਹ ਫਲਾਈਟ ਫੜ ਕੇ ਆਪਣੇ ਬੱਚਿਆਂ ਪਾਸ ਜਾ ਪਹੁੰਚੀ।
ਹਫਤੇ ਦੋਂਹ ਹਫਤੀਂ ਅੰਮ੍ਰਿਤ ਅਤੇ ਪਾਲੀ ਵਿਚਾਲੇ ਫੋਨ ਉੱਤੇ ਗੱਲ ਹੁੰਦੀ ਰਹਿੰਦੀ। ਇੱਕ ਦਿਨ ਜਿਵੇਂ ਪਾਲੀ ਨੂੰ ਕੁਝ ਭੁੱਲਿਆ ਵਿਸਰਿਆ ਯਾਦ ਆ ਗਿਆ ਹੋਵੇ, ਅੰਮ੍ਰਿਤ ਨੂੰ ਪੁੱਛਣ ਲੱਗੀ, “ਭੈਣ ਜੀ, ਕਦੇ ਸ਼ਮਿੰਦਰ ਭੈਣ ਜੀ ਵੀ ਮਿਲੇ ਤੁਹਾਨੂੰ?”
ਉਸਤਾਦ ਦੀ ਪਤਨੀ ਸ਼ਮਿੰਦਰ ਵੀ ਕਈ ਵਰ੍ਹੇ ਪਹਿਲਾਂ ਅੰਮ੍ਰਿਤ ਵਾਂਗ ਹੀ ਘਰ ਵਿੱਚ ਪਏ ਹੋਏ ਕਲੇਸ਼ ਤੋਂ ਤੰਗ ਆ ਕੇ ਆਪਣੀ ਭੈਣ ਪਾਸ ਟਰੰਟੋ ਚਲੀ ਗਈ ਸੀ।
“ਹਾਂ …” ਅੰਮ੍ਰਿਤ ਬੋਲੀ, “ਆਈ ਸੀ ਇੱਕ ਦਿਨ। ਬੈਠੀ ਆਪਣੇ ਰੋਣੇ ਰੋਂਦੀ ਰਹੀ।”
“ਮਿੰਦੀ ਤੇ ਪਿੰਦੀ ਵੀ ਮੁਟਿਆਰਾਂ ਹੋ ਗਈਆਂ ਹੋਣਗੀਆਂ ਹੁਣ ਤਾਂ?”
“ਹਾਂਅ …” ਅੰਮ੍ਰਿਤ ਦੀ ਅਵਾਜ਼ ਵਿੱਚ ਉਦਾਸੀ ਭਾਰੂ ਹੋ ਗਈ।
“ਸੋਨੂੰ ਸਾਡੇ ਦੀ ਜੋੜੀ ਕਿਹੜੀ ਨਾਲ ਜਚੂ?” ਪਾਲੀ ਪੁੱਛਣ ਲੱਗੀ। ਜਦੋਂ ਸ਼ਮਿੰਦਰ ਇੱਥੇ ਰਹਿੰਦੀ ਸੀ, ਪਾਲੀ ਦੀ ਉਸ ਨਾਲ ਮੀਜਾ ਵਾਹਵਾ ਮਿਲਦੀ ਸੀ। ਸ਼ਮਿੰਦਰ ਦੀਆਂ ਦੋਵੇਂ ਧੀਆਂ, ਮਿੰਦੀ ਅਤੇ ਪਿੰਦੀ ਬਹੁਤ ਸੁਨੱਖੀਆਂ ਸਨ। ਉਨ੍ਹਾਂ ਵਿੱਚੋਂ ਇੱਕ ਨੂੰ ਪਾਲੀ ਆਪਣੀ ਨੂੰਹ ਬਣਾਉਣਾ ਲੋਚਦੀ ਸੀ।
ਅੰਮ੍ਰਿਤ ਕੁਝ ਵੀ ਕਹਿਣ ਤੋਂ ਝਿਜਕ ਗਈ। ਉਂਝ ਸ਼ਮਿੰਦਰ ਉਸ ਅੱਗੇ ਮਿੰਦੀ ਅਤੇ ਪਿੰਦੀ ਦੇ ਚਾਲਿਆਂ ਬਾਰੇ ਹਟਕੋਰੇ ਲੈਂਦੀ ਹੋਈ ਆਪਣਾ ਢਿੱਡ ਨੰਗਾ ਕਰ ਗਈ ਸੀ। ਅੰਮ੍ਰਿਤ ਨੇ ਇਹ ਆਖਦਿਆਂ ਗੱਲ ਮੁਕਾ ਦਿੱਤੀ, “ਪਾਲੀ, ਮਿੰਦੀ ਅਤੇ ਪਿੰਦੀ ਮੈਨੂੰ ਅਜੇ ਤੀਕ ਮਿਲੀਆਂ ਨਹੀਂ। ਕਿਸੇ ਦਿਨ ਮੈਂ ਜਾਵਾਂਗੀ ਉਨ੍ਹਾਂ ਦੇ ਘਰ, ਫਿਰ ਦੱਸਾਂਗੀ ਤੈਨੂੰ।”
ਪਾਲੀ ਚੁੱਪ ਕਰ ਰਹੀ।
ਇਨ੍ਹੀਂ ਦਿਨੀਂ ਕੀ ਰੇਡੀਓ, ਕੀ ਟੈਲੀਵੀਯਨ ਅਤੇ ਕੀ ਅਖ਼ਬਾਰਾਂ, ਸਾਰੇ ਪਾਸੀਂ ‘ਟਰੀ-ਐਕਸ’ ਦਾ ਰਾਮ-ਰੌਲਾ ਪਿਆ ਹੋਇਆ ਸੀ। ਜਿਵੇਂ ‘ਟਰੀ-ਐਕਸ’ ਵੱਲੋਂ ਉਗਾਏ ਜਾਂਦੇ ਦਰਖ਼ਤਾਂ ਨੂੰ ਸੱਚਮੁੱਚ ਹੀ ਡਾਲਰ ਲੱਗਣ ਲੱਗ ਪਏ ਹੋਣ।
ਦੇਖਦਿਆਂ ਹੀ ਦੇਖਦਿਆਂ ਬਲਿਹਾਰ ਸਿੰਘ ਦੇ ਤੌਰ ਬਦਲ ਗਏ, ਅਤੇ ਤੋਰ ਵੀ। ਦਿਨ ਵੇਲੇ ਹੀ ਨਹੀਂ, ਉਹ ਰਾਤ ਵੇਲੇ ਵੀ ਧੁੱਪ ਵਾਲੀਆਂ ਐਨਕਾਂ ਲਾ ਕੇ ਰੱਖਦਾ। ਲੱਤਾਂ ਬਾਹਾਂ ਚੌੜੀਆਂ ਕਰ ਕੇ ਅਤੇ ਧੌਣ ਅਕੜਾ ਕੇ ਇੰਜ ਤੁਰਦਾ ਕਿ ਦੂਰੋਂ ਪਛਾਣਿਆ ਹੀ ਨਾ ਜਾਂਦਾ। ਜਦੋਂ ਕਦੇ ਉਹਨੇ ਮਨ ਸੱਟਾ ਬਜ਼ਾਰ ਤੋਂ ਲਾਂਭੇ ਕਰਨਾ ਹੁੰਦਾ, ਕੰਪਿਊਟਰ ਅਤੇ ਟੈਲੀਵੀਯਨ ਬੰਦ ਕਰ ਦਿੰਦਾ, ਬੋਤਲ ਖੋਲ੍ਹ ਲੈਂਦਾ। ਘਰ ਵਿੱਚ ਹੁਣ ਉਹ ਅਰਿੰਡ ਪ੍ਰਧਾਨ ਸੀ। ਰੋਕਣ-ਟੋਕਣ ਵਾਲਾ ਕੋਈ ਨਹੀਂ ਸੀ।
ਬੋਤਲ-ਬੋਟੀ ਦੀ ਝਾਕ ਵਿੱਚ ਉਸਤਾਦ ਬਲਿਹਾਰ ਸਿੰਘ ਦੇ ਘਰ ਗੇੜਾ ਮਾਰਦਾ ਰਹਿੰਦਾ ਅਤੇ ਝੂਰਦਾ ਰਹਿੰਦਾ ਕਿ ਕੀ ਸੋਚ ਕੇ ਉਹਨੇ ‘ਟਰੀ ਐਕਸ’ ਵਾਲਾ ਨੁਸਖ਼ਾ ਬਲਿਹਾਰ ਸਿੰਘ ਨੂੰ ਦੱਸਿਆ ਸੀ, ਬਣ ਕੀ ਗਿਆ। ਪਰ ਅੱਜ ਉਸਦੇ ਝੋਰੇ ਦਾ ਅੰਤ ਆ ਗਿਆ; ‘ਟਰੀ ਐਕਸ’ ਵਾਲੀ ਬਿੱਲੀ ਥੈਲਿਓਂ ਬਾਹਰ ਆ ਗਈ। ਕੁਝ ਠੱਗਾਂ ਵੱਲੋਂ ਰਚੇ ਛੜਜੰਤਰ ਦਾ ਪਾਜ ਖੁੱਲ੍ਹ ਗਿਆ। ਲੱਭਣ ਵਾਲਿਆਂ ਨੂੰ ਚੀਨ ਵਿੱਚ ਅਜਿਹਾ ਕੋਈ ਇਲਾਕਾ ਨਹੀਂ ਲੱਭਿਆ, ਜਿੱਥੇ ਇਸ ਕੰਪਨੀ ਵੱਲੋਂ ਦਰਖ਼ਤ ਉਗਾਏ ਜਾਂਦੇ ਦੱਸੀਦੇ ਸਨ। ‘ਟਰੀ ਐਕਸ’ ਦੇ ਜਿਹੜੇ ਸ਼ੇਅਰ ਕੱਲ੍ਹ ਅੱਠ ਡਾਲਰ ਨੂੰ ਵਿਕ ਰਹੇ ਸਨ, ਅੱਜ ਉਨ੍ਹਾਂ ਨੂੰ ਕੋਈ ਅੱਠ ਸੈਂਟ ਨੂੰ ਨਹੀਂ ਸੀ ਪੁੱਛ ਰਿਹਾ।
ਸਾਰਾ ਦਿਨ ਮੀਡੀਏ ਵਿੱਚ ‘ਟਰੀ ਐਕਸ’ ਦੇ ਚਰਚੇ ਚਲਦੇ ਰਹੇ। ਬਲਿਹਾਰ ਸਿੰਘ ਮਾਂਜਿਆ ਗਿਆ ਕਿ ਬਚ ਗਿਆ, ਇਹ ਜਾਨਣ ਲਈ ਉਸਤਾਦ ਨੇ ਟੈਲੀਫੋਨ ਖੜਕਾ ਦਿੱਤਾ। ਕੋਈ ਹੁੰਗਾਰਾ ਨਾ ਮਿਲਿਆ ਤਾਂ ਜਾ ਉਸਦਾ ਬੂਹਾ ਖੜਕਾਇਆ। ਬਾਰੀ ਵਿੱਚੀਂ ਅੰਦਰ ਝਾਕਦੇ ਨੂੰ ਦੇਖ ਕੇ ਗਵਾਂਢੀ ਗੋਰਾ ਬਾਹਰ ਨਿਕਲ ਆਇਆ।
“ਮਿਸਟਰ ਸਿੰਘ ਨੂੰ ਮਿਲਣਾ ਸੀ, ਇੱਥੇ ਤਾਂ ਕੋਈ ਵੀ …”
ਉਸਤਾਦ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬਲਿਹਾਰ ਸਿੰਘ ਦਾ ਗਵਾਂਢੀ ਬੋਲ ਪਿਆ, “ਸਵੇਰੇ ਐਂਬੂਲੈਂਸ ਆਈ ਸੀ, ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਾ।”
ਉਸਤਾਦ ਹਸਪਤਾਲ ਪਹੁੰਚ ਗਿਆ। ਬਲਿਹਾਰ ਸਿੰਘ ਦਾ ਪੀਲ਼ਾ ਭੂਕ ਚਿਹਰਾ ਅਤੇ ਸਾਹ ਉੱਖੜਿਆ-ਉੱਖੜਿਆ ਆਉਂਦਾ ਦੇਖ ਕੇ ਉਸਤਾਦ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ‘ਟਰੀ ਐਕਸ’ ਨੇ ਆਪਣੀ ਕਲਾ ਵਰਤਾ ਦਿੱਤੀ ਸੀ, ਭਾਵੇਂ ਦੇਰ ਬਾਅਦ ਹੀ ਸਹੀ।
ਜਸ਼ਨ ਮਨਾਉਣ ਲਈ ਉਸਤਾਦ ਆਪਣੇ ਜੋਟੀਦਾਰ ਕੱਕੜ ਸਾਹਬ ਕੋਲ ਪਹੁੰਚ ਗਿਆ। ਮੇਜ਼ ਉੱਪਰ ਪਈ ਅਖ਼ਬਾਰ ਦੀ ਤਹਿ ਖੋਲ੍ਹਦਾ ਹੋਇਆ ਕੱਕੜ ਸਾਹਬ ਬੋਲਿਆ, “ਸਾਂਢੂ ਸੈਅਬ ਜੀਓ, ਸੁਣਿਆ ਕੁਛ?”
“ਨਹੀਂ ਤਾਂ?”
“ਵੈਨਕੂਵਰ ਵਿੱਚ ਦੋ ਕੁੜੀਆਂ ਹੋਰ ਮਾਰ ਦਿੱਤੀਆਂ ਕਿਸੇ ਨੇ …।”
“ਮੈਂ ਸੋਚਿਆ ਸ਼ਾਇਦ ਕੋਈ ਖਾਸ ਖਬਰ ਸੁਣਾਉਣ ਲੱਗੇ ਓ।”
“ਸਾਂਢੂ ਸੈਅਬ, ਇਹ ਖਬਰ ਕੋਈ ਘੱਟ ਖਾਸ ਆ? ਇੱਕ ਨਹੀਂ, ਦੋ ਨਹੀਂ, ਪੂਰੀਆਂ ਪੰਜਾਹ ਕੁੜੀਆਂ ਮਾਰੀਆਂ ਜਾ ਚੁੱਕੀਆਂ ਐਂ, … ਬਹੁਤੀਆਂ ਕੱਚੀ ਉਮਰ ਦੀਆਂ। ਕਾਤਲ ਅਜੇ ਤੀਕ ਨਹੀਂ ਫੜ ਹੋਇਆ।”
“ਉਹ ਗੱਲ ਕੱਕੜ ਸਾਅਬ ਹੋਰ ਆ। ਉਹ ਤਾਂ ‘ਧੰਦਾ’ ਹੀ ਇੱਦਾਂ ਦਾ ਕਰਦੀਆਂ ਸਨ ਕਿ …”
“ਸਾਂਢੂ ਸੈਅਬ ਜੀਓ, ਆਖਰ ਸਨ ਤਾਂ ਕਿਸੇ ਦੀਆਂ ਧੀਆਂ ਭੈਣਾਂ ਹੀ।”
ਨਸ਼ਿਆਂ ਦੇ ਵਪਾਰੀ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਚਾਟੇ ਲਾਉਣ ਲਈ ਪਹਿਲਾਂ ਮੁਫਤ ਨਸ਼ੇ ਸਪਲਾਈ ਕਰਦੇ, ਤੇ ਫਿਰ ਨਸ਼ਾ ਜਿਸਦੀਆਂ ਹੱਡੀਆਂ ਵਿੱਚ ਰਚ ਜਾਂਦਾ, ਉਸ ਨੂੰ ਮੁੱਲ ਵੇਚਣ ਲਗਦੇ। ਜਿਸਦਾ ਪੈਸਿਆਂ ਨੂੰ ਕਿਸੇ ਪਾਸੇ ਹੱਥ ਨਾ ਪੈਂਦਾ, ਉਹ ਵਪਾਰੀਆਂ ਅੱਗੇ ਲਿਲ੍ਹਕੜੀਆਂ ਕੱਢਦਾ। ਮੁੰਡਿਆਂ ਨੂੰ ਡਰੱਗ ਡੀਲਰ ਨਸ਼ੇ ਵੇਚਣ ਲਈ ਅੜੁੰਗ ਲੈਂਦੇ, ਕੁੜੀਆਂ ਦੱਲਿਆਂ ਦੇ ਚੁੰਗਲ ਵਿੱਚ ਫਸ ਜਾਂਦੀਆਂ। ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤੇ ਤਿੜਕ ਰਹੇ ਸਨ, ਉਨ੍ਹਾਂ ਵਿੱਚ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਬਚਾਉਣਾ ਹੋਰ ਵੀ ਔਖਾ ਸੀ।
ਉਸਤਾਦ ਦੀ ਇਸ ਦੁਖਾਂਤ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹਨੇ ਚਟਖ਼ਾਰੇ ਲੈਣ ਲਈ ਬਲਿਹਾਰ ਸਿੰਘ ਦੀ ਕਹਾਣੀ ਛੇੜ ਲਈ।
ਕੁਝ ਦਿਨਾਂ ਪਿੱਛੋਂ ਬਲਿਹਾਰ ਸਿੰਘ ਨੂੰ ਫਿਰ ਦਿਲ ਦਾ ਦੌਰਾ ਪੈ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਬੜੀ ਵਾਹ ਲਾਈ, ਪਰ ਕੋਈ ਪੇਸ਼ ਨਹੀਂ ਗਈ।
ਬਲਿਹਾਰ ਸਿੰਘ ਦੀ ਮੌਤ ਦੀ ਖਬਰ ਸੁਣਦੇ ਸਾਰ ਅੰਮ੍ਰਿਤ ਟਰੰਟੋ ਤੋਂ ਆ ਗਈ, ਅਤੇ ਨਾਲ ਹੀ ਉਸਦੇ ਧੀ ਅਤੇ ਪੁੱਤਰ ਵੀ। ਇਮਤਿਹਾਨ ਦੇ ਦਿਨ ਸਨ; ਬੱਚੇ ਤਾਂ ਸਸਕਾਰ ਵਾਲੇ ਦਿਨ ਹੀ ਰਾਤ ਦੀ ਫਲਾਈਟ ਫੜ ਕੇ ਵਾਪਸ ਪਰਤ ਗਏ ਪਰ ਅੰਮ੍ਰਿਤ ਆਪਣੀ ਸਹੇਲੀ ਦੇ ਘਰ ਰਹਿ ਪਈ।
ਪਾਲੀ ਨੇ ਜਿਵੇਂ ਸਾਹਾ ਬੰਨ੍ਹਣਾ ਹੋਵੇ, ਮੌਕਾ ਮਿਲਦਿਆਂ ਹੀ ਮਿੰਦੀ ਅਤੇ ਪਿੰਦੀ ਬਾਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਅੰਮ੍ਰਿਤ ਬੋਲੀ, “ਇਹ ਗੱਲਾਂ ਅੱਜ ਕਰਨ ਵਾਲੀਆਂ ਨਹੀਂ ਪਾਲੀ।”
“ਭੈਣ ਜੀ, ਮੰਨੋ, ਭਾਵੇਂ ਨਾ ਮੰਨੋ, … ਅਜਿਹਾ ਕੁਛ ਹੈ, ਜੋ ਤੁਸੀਂ ਸਾਨੂੰ ਦੱਸਣਾ ਨਹੀਂ ਚਾਹੁੰਦੇ।” ਅੰਮ੍ਰਿਤ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਅਟਸਟਾ ਲਾ ਕੇ ਪਾਲੀ ਨੇ ਆਖਿਆ।
“ਦੱਸਾਂਗੀ ਪਾਲੀ, ਦੱਸਾਂਗੀ। ਕੁਛ ਦਿਨ ਅਟਕ, ਪਹਿਲਾਂ ਮੈਨੂੰ ਉਨ੍ਹਾਂ ਦੇ ਪਿਓ ਨਾਲ ਗੱਲ ਕਰ ਲੈਣ ਦੇ।” ਇਹ ਬੋਲ ਅੰਮ੍ਰਿਤ ਨੇ ਅਜਿਹੇ ਸਲੀਕੇ ਨਾਲ ਆਖੇ ਕਿ ਪਾਲੀ ਹੋਰ ਕੁਝ ਪੁੱਛਣ ਤੋਂ ਝਿਜਕ ਗਈ।
ਦੋ ਤਿੰਨ ਦਿਨ ਪਾਲੀ ਹੋਰਾਂ ਦੇ ਘਰ ਰਹਿ ਕੇ ਅੰਮ੍ਰਿਤ ਜਦੋਂ ਆਪਣੇ ਘਰ ਪਹੁੰਚੀ, ਅੰਦਰ ਵੜਦਿਆਂ ਹੀ ਉਹਨੂੰ ਆਪਣੇ ਘਰ ਵਿੱਚੋਂ ਭੈ ਜਿਹਾ ਆਇਆ। ਸਰੀਰ ਸੁੰਨ ਪੈਣ ਲੱਗਾ। ਉਹ ਥਾਏਂ ਬਹਿ ਗਈ। ਫਿਰ ਉਹ ਹਿੰਮਤ ਕਰ ਕੇ ਹੌਲੀ-ਹੌਲੀ ਉੱਠੀ। ਪਰਦੇ ਪਿਛਾਂਹ ਹਟਾਏ। ਬਾਰੀਆਂ ਖੋਲ੍ਹੀਆਂ। ਫਰਸ਼ ਉੱਤੇ ਖਿੱਲਰੀਆਂ ਪਈਆਂ ਦਾਰੂ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰ ਕੇ ਬਾਹਰ ਗਰਾਜ ਵਿੱਚ ਰੱਖੀਆਂ। ਸਫਾਈ ਕਰਦਿਆਂ ਮੁੜ-ਮੁੜ ਉਹਦੀ ਨਿਗਾਹ ਅੰਗੀਠੀ ਉੱਤੇ ਪਈ ਬਲਿਹਾਰ ਸਿੰਘ ਦੀ ਤਸਵੀਰ ਉੱਤੇ ਜਾ ਪੈਂਦੀ। ਉਹਦੀਆਂ ਅੱਖਾਂ ਭਰ ਆਉਂਦੀਆਂ।
ਪਾਲੀ ਨੇ ਘਰੋਂ ਤੁਰਨ ਲੱਗੀ ਅੰਮ੍ਰਿਤ ਨੂੰ ਆਖਿਆ ਸੀ, “ਭੈਣ ਜੀ! ਜਾਓ, ਗੇੜਾ ਮਾਰ ਆਓ। ਰਾਤ ਉੱਥੇ ਇਕੱਲੇ ਨਾ ਰਿਹੋ; ਇੱਥੇ ਸਾਡੇ ਕੋਲ ਆ ਜਾਇਉ।” ਅੰਮ੍ਰਿਤ ਨੇ ਉਦੋਂ ਬੜੇ ਤਹੱਈਏ ਨਾਲ ਆਖ ਦਿੱਤਾ ਸੀ, “ਪਾਲੀ, ਮੈਂ ਆਟੇ ਦਾ ਦੀਵਾ ਨਹੀਂ, ਜਿਸ ਨੂੰ ਚੂਹੇ ਜਾਂ ਕਾਂ ਖਾ ਜਾਣਗੇ।“ ਪਰ ਹੁਣ ਉਸ ਨੂੰ ਲੱਗ ਰਿਹਾ ਸੀ, ਜੇ ਰਾਤ ਇਕੱਲੀ ਉਹ ਇੱਥੇ ਰਹੀ ਤਾਂ ਸੀਨੇ ਹੇਠਾਂ ਉੱਠ ਰਹੇ ਝੱਖੜ ਨੂੰ ਥੰਮ੍ਹ ਨਹੀਂ ਸਕੇਗੀ। ਭਾਵੇਂ ਹੋਰ ਦਸਾਂ ਕੁ ਦਿਨਾਂ ਤੀਕ ਇਮਤਿਹਾਨਾਂ ਦਾ ਕੰਮ ਮੁੱਕਦਿਆਂ ਹੀ ਧੀ ਅਤੇ ਪੁੱਤਰ ਨੇ ਉਸ ਪਾਸ ਆ ਜਾਣਾ ਸੀ ਪਰ ਸਮੱਸਿਆ ਤਾਂ ਅੱਜ ਦੀ ਰਾਤ ਲੰਘਾਉਣ ਦੀ ਸੀ। ਕਈ ਵਾਰ ਉਹਦੇ ਮਨ ਵਿੱਚ ਖਿਆਲ ਆਇਆ ਕਿ ਉਹ ਅੰਗੀਠੀ ਉੱਤੇ ਪਈ ਤਸਵੀਰ ਦੇ ਸਾਮ੍ਹਣੇ ਖੜ੍ਹੀ ਹੋ ਕੇ ਆਪਣੇ ਦਿਲ ਦਾ ਗੁਬਾਰ ਕੱਢ ਲਵੇ, ਸ਼ਾਇਦ ਵਿਛੋੜੇ ਦਾ ਦਰਦ ਵੀ ਦੁੱਧ ਦੇ ਉਬਾਲ ਵਾਂਗ ਇੱਕ ਵਾਰ ਉਮਡ ਕੇ ਠੱਲ੍ਹ ਜਾਵੇ। ਦੋ ਕੁ ਵਾਰ ਉਹ ਵਾਸ਼ਰੂਮ ਵਿਚਲੇ ਸ਼ੀਸ਼ੇ ਦੇ ਸਾਮ੍ਹਣੇ ਹੋਈ; ਜੈਂਪਰ ਦੇ ਗਲਮੇ ਨੂੰ ਪਾਸੇ ਕਰ ਕੇ ਗਰਦਣ ਉੱਤੇ ਪਏ ਝਰੀਟਾਂ ਦੇ ਨਿਸ਼ਾਨ ਦੇਖੇ, ਤਸਵੀਰ ਦੇ ਸਾਮ੍ਹਣੇ ਹੋਣ ਲੱਗੀ ਉਹ ਫਿਰ ਸਹਿਮ ਗਈ। ਡਰ ਉਸ ਨੂੰ ਤਸਵੀਰ ਤੋਂ ਨਹੀਂ, ਤਸਵੀਰ ਵਿਚਲੇ ਉਸ ਸ਼ਖ਼ਸ ਤੋਂ ਆ ਰਿਹਾ ਸੀ, ਜਿਹੜਾ ਇਸ ਵੇਲੇ ਇਸ ਜਹਾਨ ਵਿੱਚ ਨਹੀਂ ਸੀ ਰਿਹਾ।
ਬੱਚਿਆਂ ਦੇ ਕਮਰਿਆਂ ਦੀਆਂ ਸਾਰੀਆਂ ਵਸਤਾਂ ਥਾਉਂ-ਥਾਈਂ ਟਿਕਾ ਚੁੱਕਣ ਤੋਂ ਬਾਅਦ ਜਦੋਂ ਅੰਮ੍ਰਿਤ ਆਪਣੇ ਕਮਰੇ ਵੱਲ ਹੋਈ, ਉਹਦੇ ਪੈਰ ਦਰਵਾਜੇ ਵਿੱਚ ਹੀ ਜਾਮ ਹੋ ਗਏ। ਉਹਦੇ ਕਾਲਜੇ ਨੂੰ ਡੋਬੂ ਪੈਣ ਲੱਗੇ। ਕੋਈ ਚੀਜ਼ ਵੀ ਤਾਂ ਰੁਖ਼ ਸਿਰ ਨਹੀਂ ਸੀ। ਬਿਸਤਰੇ ਉੱਤੇ ਗੁੱਛਾ-ਮੁੱਛਾ ਹੋਈ ਪਈ ਰਜ਼ਾਈ ਨੂੰ ਦੇਖ ਕੇ ਅੰਮ੍ਰਿਤ ਨੂੰ ਲੱਗਿਆ, ਜਿਵੇਂ ਹੁਣੇ ਹੀ ਬਲਿਹਾਰ ਸਿੰਘ ਰਜ਼ਾਈ ਵਿੱਚੋਂ ਬਾਹਰ ਆ, ਉਸ ਨੂੰ ਇੱਕ ਵਾਰ ਫਿਰ ਗਲੋਂ ਫੜ ਲਵੇਗਾ ਤੇ ਆਪਣੀ ਪਕੜ ਪੀਡੀ, ਹੋਰ ਪੀਡੀ, ਕਰਦਾ ਹੋਇਆ ਆਖੇਗਾ, “ਲੈ … ਲੈ ਫੇਰ ਉਸਤਾਦ ਦਾ ਨਾਂ ਮੁੜ ਕੇ …”
ਭਾਵੇਂ ਉਸ ਦਿਨ ਅੰਮ੍ਰਿਤ ਨੇ ਦੁਬਾਰਾ ਉਸਤਾਦ ਦਾ ਨਾਂ ਨਹੀਂ ਸੀ ਲਿਆ, ਫਿਰ ਵੀ ਬਲਿਹਾਰ ਸਿੰਘ ਨੇ ਅੰਮ੍ਰਿਤ ਦੀ ਘੁੱਗੀ ਵਰਗੀ ਧੌਣ ਦੁਆਲਿਓਂ ਆਪਣੀ ਪਕੜ ਢਿੱਲੀ ਨਹੀਂ ਸੀ ਕੀਤੀ। ਨਹੁੰ ਖੁੱਭ ਕੇ ਝਰੀਟਾਂ ਪੈ ਗਈਆਂ ਸਨ। ਲਹੂ ਸਿੰਮ ਆਇਆ ਸੀ। ਇਹ ਪਕੜ ਤਾਂ ਉਦੋਂ ਢਿੱਲੀ ਹੋਈ ਸੀ, ਜਦੋਂ ਅੰਮ੍ਰਿਤ ਦੇ ਸੁਰਖ਼ ਚਿਹਰੇ ਦਾ ਰੰਗ ਪੀਲੇ ਤੋਂ ਬਾਅਦ ਨੀਲਾ ਪੈਣ ਲੱਗ ਪਿਆ ਸੀ।
ਅੰਮ੍ਰਿਤ ਤੋਂ ਇਹ ਭਿਆਨਕ ਆਲਮ ਗਵਾਰਾ ਨਾ ਹੋ ਸਕਿਆ। ਆਪਣਾ ਆਪਾ ਘਸੀਟਦੀ ਹੋਈ ਉਹ ਪੌੜੀਆਂ ਉੱਤਰ ਗਈ। ਗਰਦਣ ਉੱਤੇ ਪਏ ਝਰੀਟਾਂ ਦੇ ਨਿਸ਼ਾਨਾਂ ਨੂੰ ਪੋਟਿਆਂ ਨਾਲ ਪਲੋਸਦੀ ਹੋਈ ਅੰਮ੍ਰਿਤ ਤਸਵੀਰ ਦੇ ਸਨਮੁਖ ਹੋਈ ਤਾਂ ਆਪ ਮੁਹਾਰੇ ਉਹਦੇ ਮੂਹੋਂ ਨਿਕਲ ਗਿਆ, “ਆਹ ਦੇਖ! … ਦੇਖ ਆਹ ਆਪਣੀ ਕਰਤੂਤ! … ਉਸ ਦਿਨ … ਉਸ ਦਿਨ ਤੂੰ ਵਹਿਸ਼ੀ ਨਾ ਬਣ ਗਿਆ ਹੁੰਦਾ ਬੱਲ … ਮੈਂ … ਮੈਂ ਆਪਣਾ ਇਹ ਪੋਹਰਿਆ-ਪੋਹਰਿਆ ਕਰ ਕੇ ਬਣਾਇਆ ਆਹਲਣਾ ਛੱਡ ਕੇ ਕਦੇ ਨਾ ਜਾਂਦੀ … ਜੇ ਕਿਤੇ ਝੂਠਿਓਂ ਸੱਚਿਓਂ ਵੀ ’ਵਾਜ਼ ਮਾਰਦਾ, ਮੈਂ ਖੰਭ ਲਾ ਕੇ ਉੱਡ ਆਉਂਦੀ …” ਅੱਖਾਂ ਪੂੰਝ, ਗਲਾ ਸਾਫ ਕਰ ਕੇ ਅੰਮ੍ਰਿਤ ਫਿਰ ਡੁਸਕਣ ਲੱਗ ਪਈ, “ਔਲਾਦ ਤੇਰੀ ਮਾੜੀ ਨ੍ਹੀਂ … ਪੜ੍ਹਾਈ ਪੂਰੀ ਕਰ ਕੇ ਜੌਬਾਂ ਵਧੀਆ ਲੈ ਲੈਣਗੇ … ਕਮਾਈ ਬਥੇਰੀ ਕਰ ਲੈਣਗੇ … ਦੱਸ … ਦੱਸ ਕਾਲ਼ੀ ਬੋਲ਼ੀ ਰਾਤ ਵਰਗੀ ਇਹ ਜ਼ਿੰਦਗੀ ਮੈਂ ਇਕੱਲੀ ਕਿਵੇਂ … ਪਤਾ ਨਹੀਂ ਖਚਰ ਵਿੱਦਿਆ ਦੀ ਖੱਟੀ ਖਾਣ ਵਾਲੇ ਤੇਰੇ ਉਸ ਉਸਤਾਦ ਨੇ ਕੀ ਧੂੜ ਦਿੱਤਾ ਤੇਰੇ ਸਿਰ ਵਿੱਚ, ਤੂੰ ਉਸੇ ਦਾ ਹੋ ਕੇ ਰਹਿ ਗਿਆ। ਸਾਡੇ ਨਾਲੋਂ ਨਾਤਾ ਈ ਤੋੜ ਲਿਆ। … ਟੱਕਰੇ ਕਿਤੇ ਤੇਰਾ ਉਹ ਉਸਤਾਦ, ਉਸ ਨੂੰ ਦਿਨੇ ਤਾਰੇ ਦਿਖਾਊਂਗੀ ...”
ਇਸੇ ਵੇਲੇ ਦਰਵਾਜੇ ਦੀ ਘੰਟੀ ਖੜਕੀ। ਇਹ ਵਿਚਾਰ ਮਨ ਵਿੱਚ ਆਉਣ ਤੋਂ ਪਹਿਲਾਂ ਕਿ ਇੰਨੇ ਕੁਵੇਲੇ ਉਹਨੂੰ ਦਰਵਾਜਾ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ, ਅੰਮ੍ਰਿਤ ਨੇ ਦਰਵਾਜਾ ਖੋਲ੍ਹ ਦਿੱਤਾ। ਅੱਗੇ ਉਸਤਾਦ ਖੜ੍ਹਾ ਸੀ। ਲਉੁ! ਸ਼ੈਤਾਨ ਦਾ ਨਾਂ ਲਵੋ, ਸੈਤਾਨ ਹਾਜ਼ਰ - ਅੰਮ੍ਰਿਤ ਦੇ ਮੂਹੋਂ ਅਜੇ ਇੱਕ ਵੀ ਬੋਲ ਵੀ ਨਹੀਂ ਸੀ ਨਿਕਲਿਆ, ਉਸਤਾਦ ਅੰਦਰ ਲੰਘ ਆਇਆ ਅਤੇ ਸੋਫੇ ਉੱਤੇ ਆਸਣ ਜਮਾ ਕੇ ਬਹਿ ਗਿਆ।
ਅੰਮ੍ਰਿਤ ਝੱਟ ਸੰਭਲ਼ ਗਈ ਅਤੇ ਆਖਣ ਲੱਗੀ, “ਵੀਰ ਜੀ, ਆਉਣ ਤੋਂ ਪਹਿਲਾਂ ਟੈਲੀਫੋਨ ਕਰ ਲੈਣਾ ਸੀ?”
“ਅੰਮ੍ਰਿਤ ਜੀ, … ਸੋਚਿਆ, ਕਿਹੜਾ ਓਪਰਾ ਥਾਂ ਐਂ … ਆਪਣਾ ਈ ਘਰ ਐ।”
“ਵੀਰ ਜੀ, ਇੰਨੀ ਰਾਤ ਗਈ ਆਉਣ ਦਾ ਸਬੱਬ?”
“ਅੰਮ੍ਰਿਤ ਜੀ, … ਸ਼ਾਮੀਂ ਇੱਧਰੋਂ ਲੰਘਿਆ ਸਾਂ। ਬੱਤੀ ਜਗਦੀ ਦੇਖੀ ਸੀ … ਸੋਚਿਆ ਦੋ ਘੜੀਆਂ …।”
“ਅੱਛਾਅ ... ਖਰਮਸਤੀਆਂ ਕਰਨ ਦੀ ਮਨਸ਼ਾ ਨਾਲ ਆਇਐ ਇਹ ਮੁਸ਼ਟੰਡਾ ... ਦਿਖੌਨੀ ਆਂ ਮੈਂ ਇਹਨੂੰ ਡਾਂਡੀਆ ਡਾਣਸ ...।” ਛਾਤੀ ਅੰਦਰ ਉੱਠ ਰਹੇ ਕ੍ਰੋਧ ਦੇ ਭਾਂਬੜ ਉੱਤੇ ਕਾਬੂ ਪਾ ਕੇ ਅੰਮ੍ਰਿਤ ਬੜੇ ਸਲੀਕੇ ਨਾਲ਼ ਆਖਣ ਲੱਗੀ, “ਵੀਰ ਜੀ, ਟੀਵੀ ਤਾਂ ਕਦੇ-ਕਦਾਈਂ ਦੇਖਦੇ ਈ ਹੋਵੋਗੇ?”
“ਹਾਂਅ … ਉਹ ਤਾਂ ਰੋਜ਼ ਦੇਖਦੇ ਆਂ ...ਦਿੱਲੀ ਦੱਖਣ ਦੀ ਖਬਰ ਰੱਖੀਦੀ ਐ ਕਿ …”
“ਤਾਂ ਫਿਰ ਵੈਨਕੂਵਰ ਵਿੱਚ ਮਾਰੀਆਂ ਗਈਆਂ ਕੁੜੀਆਂ ਬਾਰੇ ਵੀ ਕੁਛ ਪਤਾ ਹੋਊ?”
“ਅੰਮ੍ਰਿਤ ਜੀ, ਛੱਡੋ ਪਰੇ। ਕੀ ਵਿਆਹ ਵਿੱਚ ਬੀ ਦਾ ਰੌਲ਼ਾ ਪਾਉਣ ਲੱਗੇ ਓ?”
“ਵੀਰ ਜੀ, ਮੈਂ ਵਿਆਹ ਵਿੱਚ ਬੀ ਦਾ ਰੌਲ਼ਾ ਨਹੀਂ ਪਾਉਣ ਲੱਗੀ, ਮੈਂ ਤਾਂ ਸਗੋਂ ਬੀ ਦੇ ਰੌਲ਼ੇ ਵਿੱਚ ਵਿਆਹ ਦੀ ਗੱਲ ਕਰਨ ਲੱਗੀ ਆਂ। ਟਾਲ-ਮਟੋਲ ਛੱਡੋ, ਮੇਰੀ ਗੱਲ ਦਾ ਜਵਾਬ ਦਿਓ।”
ਉਸਤਾਦ ਖਿਝ ਗਿਆ, “ਇੰਨਾ ਹੇਰਵਾ ਕਰ ਰਹੀ ਐਂ ਉਨ੍ਹਾਂ ਕੁੜੀਆਂ ਦਾ, ਕੋਈ ਸਕੀਰੀ ਸੀ ਤੇਰੀ ਉਨ੍ਹਾਂ ਨਾਲ?”
“ਇਕ ਧੀ ਦੀ ਮਾਂ ਹਾਂ, ਉਹ ਵੀ ਕਿਸੇ ਦੀਆਂ ਧੀਆਂ ਸਨ, ਸਕੀਰੀ ਤਾਂ ਹੋਈ ਹੀ। ਪਰ ਸਵਾਲ ਇੱਥੇ ਸਕੀਰੀ ਦਾ ਨਹੀਂ, ਸਵਾਲ ਇਹ ਐ ਪਈ ਬਚਾਈਆਂ ਜਾਣੀਆਂ ਚਾਹੀਦੀਆਂ ਸਨ ਕਿ ਨਹੀਂ?” ਅੰਮ੍ਰਿਤ ਨੇ ਧੀਰਜ ਦਾ ਪੱਲਾ ਨਹੀਂ ਛੱਡਿਆ।
“ਆਖ ਤਾਂ ਐਂਝ ਰਹੀ ਐਂ, ਜਿਵੇਂ ਉਨ੍ਹਾਂ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਬਣਦੀ ਹੋਵੇ?”
“ਉਨ੍ਹਾਂ ਨੂੰ ਬਚਾਉਣਾ ਕਿਸ ਦੀ ਜ਼ਿੰਮੇਵਾਰੀ ਬਣਦੀ ਸੀ, ਮੈਂ ਇਸ ਬਖੇੜੇ ਵਿੱਚ ਨਹੀਂ ਪੈਂਦੀ, ਪਰ ਮੈਨੂੰ ਇਹ ਦੱਸ ਮਿਸਟਰ, ਮਿੰਦੀ ਅਤੇ ਪਿੰਦੀ ਨੂੰ ਬਚਾਉਣਾ ਤੇਰੀ ਜ਼ਿੰਮੇਵਾਰੀ ਬਣਦੀ ਐ, ਜਾਂ ਨਹੀਂ?”
ਉਸਤਾਦ ਦੇ ਸਿਰ ਵਿੱਚ ਭੜਾਕਾ ਜਿਹਾ ਹੋਇਆ। ਸਰੀਰ ਕੱਚਾ ਜਿਹਾ ਪੈਣ ਲੱਗਾ। ਕੰਨਾਂ ਵਿੱਚ ਸਾਂ-ਸਾਂ ਹੋਣ ਲੱਗ ਪਈ। ਉੱਥੋਂ ਭੱਜ ਜਾਣਾ ਚਾਹੁੰਦਾ ਹੋਇਆ ਵੀ ਉਹ, ਹੌਲੀ-ਹੌਲੀ ਪੈਰ ਘਸੀਟਦਾ ਮਸਾਂ ਨਿਕਲਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4666)
(ਸਰੋਕਾਰ ਨਾਲ ਸੰਪਰਕ ਲਈ: (