“ਬੇਸ਼ਕ ਹਰ ਸਾਲ ਵਿਦਿਆਰਥੀਆਂ ਦਾ ਟੂਰ ਲੈਕੇ ਜਾਈਦਾ ਹੈ ਅਤੇ ਹਰ ਟੂਰ ਨਵਾਂ ...”
(18 ਨਵੰਬਰ 2026)

ਪਿਛਲੇ ਦੋਂਹ ਸਾਲਾਂ ਤੋਂ ਮੈਂ ਅਤੇ ਮੇਰੀ ਸਾਥੀ ਅਧਿਆਪਕਾ ਸ੍ਰੀਮਤੀ ਬੇਅੰਤ ਕੌਰ ਨੌਂਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੰਜਾਬੀ ਵਿਸ਼ਾ ਪੜ੍ਹਨ ਵਾਲੀਆਂ ਕੁੜੀਆਂ ਨੂੰ ਇੱਕ ਰੋਜ਼ ਦਿਨ ਦੇ ਅਮ੍ਰਿਤਸਰ ਅਤੇ ਵਾਹਗਾ ਬਾਰਡਰ ਦੇ ਟੂਰ ’ਤੇ ਲਿਜਾਂਦੇ ਹਾਂ। ਇਸ ਸਾਲ ਵਿਦਿਆਰਥੀਆਂ ਦੇ ਇਮਤਿਹਾਨਾਂ ਦੀਆਂ ਤਰੀਕਾਂ ਪਹਿਲਾਂ ਆਉਣ ਕਰਕੇ ਇਹ ਟੂਰ ਨੇੜੇ ਕੁਰੂਕਸ਼ੇਤਰ ਦਾ ਜਲਦੀ ਵਿੱਚ ਬਣਾਇਆ ਗਿਆ। ਸਮਾਂ ਵਿੱਚੋਂ ਸਿਰਫ ਚਾਰ ਦਿਨਾਂ ਦਾ ਸੀ। ਇਨ੍ਹਾਂ ਚਹੁੰ ਦਿਨਾਂ ਵਿੱਚ ਕੁੜੀਆਂ ਨੂੰ ਟੂਰ ਵਾਸਤੇ ਰਾਜ਼ੀ ਕਰਨਾ, ਮਾਪਿਆਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨਾ ਅਤੇ ਤਿਆਰੀਆਂ ਲਈ ਬਹੁਤ ਥੋੜ੍ਹਾ ਸਮਾਂ ਸੀ। ਜਦੋਂ ਮੈਂ ਅਤੇ ਬੇਅੰਤ ਕੌਰ ਮੈਡਮ ਆਪਣੇ ਵਿਦਿਆਰਥੀਆਂ ਨੂੰ ਰਾਜ਼ੀ ਕਰ ਰਹੇ ਸੀ ਤਾਂ ਅਚਾਨਕ ਮੇਰੇ ਕੋਲ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੀ ਲੱਤਾਂ-ਬਾਹਾਂ ਵਿੱਚ ਜਮਾਂਦਰੂ ਨੁਕਸਾਂ ਕਾਰਨ ਹੌਲੀ ਚੱਲਣ ਅਤੇ ਜ਼ਬਾਨ ਤੋਂ ਬੇਹੱਦ ਹੌਲੀ ਅਤੇ ਅਸਪਸ਼ਟ ਬੋਲਣ ਵਾਲੀ ਦਿਵਿਆਂਗ ਕੁੜੀ ਨਵਜੋਤ ਨੇ ਆਕੇ ਟੂਰ ’ਤੇ ਨਾਲ ਚੱਲਣ ਲਈ ਆਪਣੀ ਇੱਛਾ ਜ਼ਾਹਿਰ ਕੀਤੀ। ਉਸਦੀ ਇੱਛਾ ਨੂੰ ਜਾਣਕੇ ਮੇਰੇ ਮਨ ਵਿੱਚ ਜਿੱਥੇ ਬੇਹੱਦ ਖੁਸ਼ੀ ਹੋਈ, ਉੱਥੇ ਮਨ ਵਿੱਚ ਕਈ ਸ਼ੰਕਾਵਾਂ ਪੈਦਾ ਹੋਈਆਂ ਕਿ ਟੂਰ ਵਾਲੇ ਦਿਨ ਜਿੱਥੇ ਕੁੜੀਆਂ ਸਾਰੇ ਰਾਹ ਨੱਚਦੀਆਂ-ਟੱਪਦੀਆਂ ਜਾਂਦੀਆਂ ਹਨ; ਹਰ ਜਗ੍ਹਾ, ਜਿਹੜੀ ਵਿਦਿਆਰਥੀਆਂ ਨੂੰ ਦਿਖਾਉਣੀ ਹੁੰਦੀ ਹੈ, ਕੁੜੀਆਂ ਨੂੰ ਜਲਦੀ ਵਿੱਚ ਉਤਾਰਨਾ ਅਤੇ ਚੜ੍ਹਾਉਣਾ ਪੈਂਦਾ ਹੈ; ਨਵਜੋਤ ਕੌਰ ਜਲਦੀ ਵਿੱਚ ਕਿਵੇਂ ਕਰੇਗੀ? ਹੋ ਸਕਦਾ ਹੈ ਉਸਦੀ ਸਹਾਇਤਾ ਲਈ ਦੋ ਜਾਂ ਤਿੰਨ ਕੁੜੀਆਂ ਲਾਉਣੀਆਂ ਪੈਣ। ਮੈਨੂੰ ਲੱਗਿਆ ਕਿ ਮੈਂ ਦੂਜੀਆਂ ਕੁੜੀਆਂ ਦੀ ਅਜ਼ਾਦੀ ਵਿੱਚ ਵਿਘਨ ਨਾ ਪਾ ਦੇਵਾਂ।
ਖੈਰ, ਟੂਰ ਵਾਲਾ ਦਿਨ ਸਵੇਰੇ ਸੱਤ ਵਜੇ ਸ਼ੁਰੂ ਹੋ ਗਿਆ। ਨਵਜੋਤ ਕੌਰ ਦੇ ਚਿਹਰੇ ਤੇ ਇੱਕ ਖਾਸ ਤਰ੍ਹਾਂ ਦੀ ਖੁਸ਼ੀ ਨਜ਼ਰ ਆ ਰਹੀ ਸੀ। ਚੜ੍ਹਨ ਅਤੇ ਉੱਤਰਨ ਦਾ ਸਮਾਂ ਘੱਟ ਲੱਗੇ, ਇਸ ਲਈ ਅਸੀਂ ਨਵਜੋਤ ਕੌਰ ਨੂੰ ਬੱਸ ਦੀ ਮੋਹਰਲੀ ਸੀਟ ’ਤੇ ਬਿਠਾ ਲਿਆ। ਚਾਰ ਘੰਟਿਆਂ ਦੇ ਸਫਰ ਵਿੱਚ ਕੁੜੀਆਂ ਨੱਚਦੀਆਂ-ਟੱਪਦੀਆਂ ਗਈਆਂ। ਨਵਜੋਤ ਕੌਰ ਵੀ ਉਨ੍ਹਾਂ ਦਾ ਸਾਥ ਬੜੀ ਖੁਸ਼ੀ ਨਾਲ ਦਿੰਦੀ ਰਹੀ। ਸਾਢੇ ਗਿਆਰਾਂ ਵਜੇ ਅਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਕੈਂਪਸ ਪਹੁੰਚ ਗਏ। ਕੁੜੀਆਂ ਦੀ ਗਿਣਤੀ ਕਰਕੇ ਮੈਂ ਆਪਣੀ ਆਦਤ ਮੁਤਾਬਿਕ ਸਭ ਦੇ ਪਿੱਛੇ-ਪਿੱਛੇ ਤੁਰ ਪਿਆ ਤਾਂਕਿ ਕੋਈ ਵੀ ਕੁੜੀ ਇੱਧਰ-ਉੱਧਰ ਨਾ ਹੋ ਜਾਵੇ। ਦੋ ਘੰਟਿਆਂ ਵਿੱਚ ਯੂਨੀਵਰਸਿਟੀ ਵਿੱਚ ਦੇਖਣ ਵਾਲੀਆਂ ਜਗ੍ਹਾ ਵਿੱਚ ਧਰੋਹਰ, 1857 ਦੀ ਅਜ਼ਾਦੀ ਨਾਲ ਸਬੰਧਤ ਮਿਊਜ਼ੀਅਮ ਅਤੇ ਯੂਨੀਵਰਸਿਟੀ ਕੈਂਪਸ ਦਾ ਇੱਕ ਛੋਟਾ ਚੱਕਰ ਕੱਟਿਆ। ਮੈਂ ਜਦੋਂ ਵੀ ਆਪਣੀ ਸ਼ੰਕਾ ਨਿਵਿਰਤੀ ਕਰਨ ਲਈ ਨਵਜੋਤ ਕੌਰ ਬਾਰੇ ਜਾਣਕਾਰੀ ਪੁੱਛਦਾ ਤਾਂ ਪਤਾ ਲਗਦਾ ਕਿ ਨਵਜੋਤ ਤਾਂ ਸਭ ਤੋਂ ਅੱਗੇ-ਅੱਗੇ ਚੱਲ ਰਹੀ ਹੈ। ਇਹ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ।
ਫਿਰ ਗੁਰਦੁਆਰਾ ਪਾਤਸ਼ਾਹੀ ਛੇਵੀਂ, ਪਨੋਰਮਾ ਕੇਂਦਰ ਦੇਖਣ ਲਈ ਨਵਜੋਤ ਕੌਰ ਸਾਰੀਆਂ ਕੁੜੀਆਂ ਤੋਂ ਮੋਹਰੇ ਚਲਦੀ ਰਹੀ। ਇਹ ਦ੍ਰਿਸ਼ ਦੇਖਕੇ ਦੂਜੀਆਂ ਕੁੜੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਸ਼ਾਮ ਸਾਢੇ ਚਾਰ ਵਜੇ ਟੂਰ ਦੇ ਕਾਫਲੇ ਨੇ ਪਿਪਲੀ ਚਿੜੀਆਂ ਘਰ ਦੇਖਣ ਦਾ ਫੈਸਲਾ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਹੁਣ ਸਿਰਫ ਪੰਦਰਾਂ ਮਿੰਟ ਹੀ ਬਚੇ ਹਨ, ਤੁਹਾਨੂੰ ਜਲਦੀ ਵਿੱਚ ਚੱਕਰ ਲਾਉਣ ਪਵੇਗਾ। ਮੇਰੇ ਮਨ ਵਿੱਚ ਫਿਰ ਨਵਜੋਤ ਨੂੰ ਲੈਕੇ ਸ਼ੰਕਾ ਪੈਦਾ ਹੋਈ ਪਰ ਨਵਜੋਤ ਕੌਰ ਨੇ ਸ਼ਾਇਦ ਮਨ ਵਿੱਚ ਧਾਰਿਆ ਹੋਇਆ ਸੀ ਕਿ ਮੈਂ ਵੀ ਕਿਸੇ ਤੋਂ ਘੱਟ ਨਹੀਂ। ਇੱਥੇ ਵੀ ਨਵਜੋਤ ਨੇ ਅੱਧਾ ਕਿਲੋਮੀਟਰ ਦਾ ਫਾਸਲਾ ਦੂਜੀਆਂ ਕੁੜੀਆਂ ਨਾਲ ਰਲਕੇ ਮੋਹਰਲੀ ਕਤਾਰ ਵਿੱਚ ਪੂਰਾ ਕੀਤਾ। ਇਸੇ ਤਰ੍ਹਾਂ ਬ੍ਰਹਮ ਸਰੋਵਰ ਅਤੇ ਜੋਤੀਸਰ ਵਿਖੇ ਕਿਤੇ ਵੀ ਆਪਣੀ ਜਮਾਂਦਰੂ ਘਾਟ ਨੂੰ ਲੋਕਾਂ ਅੱਗੇ ਜ਼ਾਹਿਰ ਨਾ ਕਰਕੇ ਨਵਜੋਤ ਕੌਰ ਸਭ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋਈ।
ਬੇਸ਼ਕ ਹਰ ਸਾਲ ਵਿਦਿਆਰਥੀਆਂ ਦਾ ਟੂਰ ਲੈਕੇ ਜਾਈਦਾ ਹੈ ਤੇ ਹਰ ਟੂਰ ਨਵਾਂ ਤਜਰਬਾ ਅਤੇ ਪ੍ਰਾਪਤੀ ਦਿੰਦਾ ਹੈ ਲੇਕਨ ਇਸ ਵਾਰ ਦਿਵਿਆਂਗ ਕੁੜੀ ਦਾ ਹੌਸਲਾ ਹਰ ਕੁੜੀ ਲਈ ਪ੍ਰੇਰਨਾ ਸਾਬਤ ਹੋਇਆ। ਅਸੀਂ ਅਕਸਰ ਜਮਾਤ ਵਿੱਚ ਅਜਿਹੇ ਵਿਦਿਆਰਥੀਆਂ ਨੂੰ ਅੱਖੋਂ ਪਰੋਖੇ ਕਰਕੇ ਛੱਡ ਜਾਂਦੇ ਹਾਂ ਉਨ੍ਹਾਂ ਦੀਆਂ ਮਨ ਵਿੱਚ ਪਲਦੀਆਂ ਸੱਧਰਾਂ ਦਾ ਗਲਾ ਘੁੱਟ ਦਿੰਦੇ ਹਾਂ। ਅਜਿਹੇ ਵਿਦਿਆਰਥੀ ਵੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਜਿਊਣਾ ਅਤੇ ਖੁਸ਼ੀਆਂ ਮਾਣਨਾ ਚਾਹੁੰਦੇ ਹਨ। ਇਹ ਜੀਵਨ ਹਰ ਮਨੁੱਖ ਲਈ ਖੁੱਲ੍ਹੇ ਅਸਮਾਨ ਦੀ ਤਰ੍ਹਾਂ ਸਭ ਕੁਝ ਪ੍ਰਾਪਤ ਕਰਨ ਲਈ ਬਾਹਵਾਂ ਫੈਲਾਈ ਬੈਠਾ ਹੈ; ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਕੇ ਇਹ ਦਿਖਾਉਣ ਦਾ ਮੌਕਾ ਦੇਈਏ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































