“ਠੀਕ ਉਸੇ ਸਮੇਂ ਮੈਂ ਆਪਣਾ ਮੂੰਹ ਦੂਜੇ ਪਾਸੇ ਘੁਮਾ ਕੇ ਵਾਪਸ ਗੱਡੀ ਵੱਲ ਤੁਰ ਪਿਆ ...”
(26 ਅਕਤੂਬਰ 2026)
ਸਾਲ 2002 ਦੀ ਗੱਲ ਹੈ, ਮੈਂ ਐੱਮ.ਫਿਲ ਅਤੇ ਬੀ. ਐੱਡ ਕਰ ਲਈ ਸੀ। ਬੇਰੁਜ਼ਗਾਰ ਸੀ, ਉੱਪਰੋਂ ਵਿਆਹ ਹੋ ਗਿਆ ਸੀ। ਮਾਮੂਲੀ ਤਨਖਾਹ ’ਤੇ ਨਿੱਜੀ ਸਕੂਲ ਵਿੱਚ ਨੌਕਰੀ ਕਰ ਰਿਹਾ ਸੀ। ਹਰ ਰੋਜ਼ ਸਰਕਾਰੀ ਨੌਕਰੀਆਂ ਜਾਂ ਚੰਗੇ ਮਾਣਤਾ ਪ੍ਰਾਪਤ ਸਕੂਲ ਵਿੱਚ ਨਿਕਲਦੀਆਂ ਨੌਕਰੀਆਂ ਲਈ ਅਖਬਾਰ ਜ਼ਰੂਰ ਦੇਖਦਾ। ਫਰਵਰੀ 2002 ਵਿੱਚ ਸੇਂਟ ਮੌਂਟੇਸਰੀ ਪਬਲਿਕ ਸਕੂਲ ਪਠਾਣਕੋਟ ਵਿੱਚ ਕੁਝ ਅਧਿਆਪਕਾਂ ਲਈ ਲਗਭਗ ਸਰਕਾਰੀ ਗਰੇਡ ਬਰਾਬਰ ਨਿਕਲੀਆਂ ਕੁਝ ਨੌਕਰੀਆਂ ਵਲ ਮੇਰੀ ਨਿਗਾਹ ਪਈ। ਮੈਂ ਪੰਜਾਬੀ ਲੈਕਚਰਾਰ ਲਈ ਆਪਣੀ ਅਰਜ਼ੀ ਮੰਗੇ ਦਸਤਾਵੇਜ਼ਾਂ ਸਮੇਤ ਭੇਜ ਦਿੱਤੀ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੋੜਵੀਂ ਚਿੱਠੀ ਆ ਗਈ ਕਿ ਤੁਸੀਂ 23 ਫਰਵਰੀ ਨੂੰ ਇੰਟਰਵਿਊ ਲਈ ਪਹੁੰਚੋ; ਤੁਹਾਨੂੰ ਰੇਲਵੇ ਦਾ ਦੂਜੇ ਦਰਜੇ ਦਾ ਕਿਰਾਇਆ ਇੰਟਰਵਿਊ ’ਤੇ ਪਹੁੰਚਣ ਸਮੇਂ ਦਿੱਤਾ ਜਾਵੇਗਾ।
ਮੈਂ ਬਾਈ ਫਰਵਰੀ ਨੂੰ ਆਪਣੇ ਘਰ ਤੋਂ 26 ਕਿਲੋਮੀਟਰ ਦੂਰ ਜਮਾਲਪੁਰ ਸਟੇਸ਼ਨ ਤੋਂ ਰੇਲ ਗੱਡੀ ਲੈਕੇ ਲੁਧਿਆਣੇ ਪਹੁੰਚ ਗਿਆ। ਉੱਥੋਂ ਪਠਾਣਕੋਟ ਜਾਣ ਵਾਲੀ ਬਰੋਨੀ ਐਕਸਪ੍ਰੈੱਸ ਫੜ ਲਈ। ਮੈਂ ਪਹਿਲਾਂ ਇੱਕ ਵਾਰ 1994 ਵਿੱਚ ਆਪਣੇ ਕੁਝ ਦੋਸਤਾਂ ਨਾਲ ਰੇਲ ਗੱਡੀ ’ਤੇ ਪਠਾਣਕੋਟ ਹੁੰਦਾ ਹੋਇਆ ਜੰਮੂ ਗਿਆ ਸੀ। ਉਦੋਂ ਗੱਡੀ ਪਠਾਣਕੋਟ ਸਿਟੀ ਹੁੰਦੇ ਹੋਏ ਜੰਮੂ ਗਈ ਸੀ। ਜ਼ਿਆਦਾ ਨਹੀਂ ਤਾਂ ਕੁਝ ਹੱਦ ਤਕ ਇਸ ਸਫਰ ਸਬੰਧੀ ਮੈਨੂੰ ਵਾਕਫੀ ਸੀ। ਅੱਜ ਦੁਬਾਰਾ ਫਿਰ ਉਸੇ ਰਾਹ ਜਾ ਰਿਹਾ ਸੀ। ਗੱਡੀ ਵਿੱਚ ਭੀੜ ਸੀ, ਜ਼ਿਆਦਾ ਸਫਰ ਮੈਂ ਖੜ੍ਹਾ ਹੀ ਕਰ ਰਿਹਾ ਸੀ। ਮੁਸਾਫਰਾਂ ਵਿੱਚ ਜ਼ਿਆਦਾ ਫੌਜੀ ਜਵਾਨ ਹੀ ਸਨ, ਜਿਹੜੇ ਵਾਪਸ ਡਿਊਟੀ ’ਤੇ ਜੰਮੂ ਜਾ ਰਹੇ ਸਨ।
ਤਕਰੀਬਨ ਸਵਾ ਚਾਰ ਵਜੇ ਮੈਂ ਨਾਲ ਬੈਠੇ ਮੁਸਾਫਰ ਨੂੰ ਗੱਡੀ ਦੇ ਪਠਾਨਕੋਟ ਪਹੁੰਚਣ ਦਾ ਸਮਾਂ ਪੁੱਛਿਆ। ਉਹ ਕਹਿੰਦਾ ਕਿ ਗੱਡੀ ਲਗਭਗ ਅੱਧੇ ਘੰਟੇ ਨੂੰ ਪਠਾਨਕੋਟ ਪਹੁੰਚ ਜਾਵੇਗੀ। ਅੱਧੇ ਘੰਟੇ ਬਾਅਦ ਪਠਾਨਕੋਟ ਦਾ ਚੱਕੀ ਬੈਂਕ ਸਟੇਸ਼ਨ ਆ ਗਿਆ। ਸਵਾਰੀਆਂ ਉੱਤਰੀਆਂ, ਗੱਡੀ ਅੱਗੇ ਰਵਾਨਾ ਹੋ ਗਈ। ਮੈਂ ਪਠਾਨਕੋਟ ਸਟੇਸ਼ਨ ਦੀ ਉਡੀਕ ਵਿੱਚ ਬੈਠਾ ਸੀ, ਗੱਡੀ ਰਫਤਾਰ ਫੜ ਰਹੀ ਸੀ। ਮੈਂ ਬਾਹਰ ਨਜ਼ਰ ਮਾਰੀ। ਗੱਡੀ ਮਾਧੋਪੁਰ ਸਟੇਸ਼ਨ ਕਰਾਸ ਕਰ ਰਹੀ ਸੀ। ਨਾਲ ਲਗਦੇ ਪਹਾੜੀ ਇਲਾਕੇ ਸਾਫ ਨਜ਼ਰ ਆ ਰਹੇ ਸਨ। ਦ੍ਰਿਸ਼ ਓਪਰਾ-ਓਪਰਾ ਲੱਗ ਰਿਹਾ ਸੀ। ਉੱਪਰੋਂ ਸ਼ਾਮ ਦੇ 5 ਵੱਜ ਚੁੱਕੇ ਸਨ। ਮੈਂ ਨਾਲ ਬੈਠੇ ਅਗਲੇ ਮੁਸਾਫਰ ਨੂੰ ਪਠਾਨਕੋਟ ਪਹੁੰਚਣ ਦਾ ਸਮਾਂ ਪੁੱਛਿਆ। ਉਹ ਇੱਕ ਦਮ ਤ੍ਰਭਕ ਕੇ ਉੱਠਿਆ। ਉਹ ਕਹਿੰਦਾ, “ਤੂੰ ਪਠਾਨਕੋਟ ਨਹੀਂ ਉੱਤਰਿਆ? ... ਪਠਾਨਕੋਟ ਤਾਂ ਪਿੱਛੇ ਰਹਿ ਗਿਆ ਹੈ।”
ਉਸ ਮੁਸਾਫਰ ਦੇ ਇਹ ਕਹਿਣ ’ਤੇ ਨਾਲ ਬੈਠੇ ਮੁਸਾਫਰਾਂ ਵਿੱਚ ਕਰੰਟ ਆ ਗਿਆ। ਮੈਂ ਵੀ ਇੱਕ ਦਮ ਹਿੱਲ ਗਿਆ। ਮੈਂ ਕਿਹਾ, “ਪਠਾਨਕੋਟ ਤਾਂ ਆਇਆ ਹੀ ਨਹੀਂ।”
ਉਹ ਕਹਿੰਦਾ, “ਚੱਕੀ ਬੈਂਕ ਹੀ ਪਠਾਨਕੋਟ ਸੀ। ਗੱਡੀ ਇੱਥੋਂ ਹੀ ਜੰਮੂ ਨੂੰ ਬਾਈਪਾਸ ਹੋ ਕੇ ਜਾਂਦੀ ਹੈ।”
ਮੈਂ ਕਿਹਾ ਕਿ ਹੁਣ ਮੈਂ ਕੀ ਕਰਾਂ? ਨਾਲ ਬੈਠੇ ਮੁਸਾਫਰ ਆਪੋ ਆਪਣੀਆਂ ਸਲਾਹਾਂ ਦੇਣ ਲੱਗ ਪਏ। ਮੈਂ ਪੜ੍ਹਿਆ ਲਿਖਿਆ ਆਪਣੀ ਨਾਸਮਝੀ ’ਤੇ ਸ਼ਰਮਿੰਦਾ ਹੋ ਰਿਹਾ ਸੀ। ਇੰਨੇ ਨੂੰ ਇੱਕ ਫੌਜੀ ਸਰਦਾਰ ਸਿਪਾਹੀ ਮੈਨੂੰ ਇੱਕ ਪਾਸੇ ਲਿਜਾ ਕੇ ਕਹਿੰਦਾ ਕਿ ਵਿਜੇਪੁਰ ਇਸ ਗੱਡੀ ਨੇ ਜੰਮੂ ਤੋਂ ਆਉਣ ਵਾਲੀ ਪੂਜਾ ਐਕਸਪ੍ਰੈੱਸ ਗੱਡੀ ਨੂੰ ਰਾਹ ਦੇਣਾ ਹੁੰਦਾ ਹੈ। ਜੇਕਰ ਪੂਜਾ ਐਕਸਪ੍ਰੈੱਸ ਉੱਥੇ ਰੁਕ ਗਈ ਤਾਂ ਤੂੰ ਉਸ ਵਿੱਚ ਚੜ੍ਹ ਜਾਵੀਂ। ਮੈਂ ਕਿਹਾ, ਠੀਕ ਹੈ।
ਗੱਡੀ ਪੂਜਾ ਐਕਸਪ੍ਰੈੱਸ ਲਈ ਖੜ੍ਹੀ ਤਾਂ ਜ਼ਰੂਰ ਪਰ ਪੂਜਾ ਐਕਸਪ੍ਰੈੱਸ ਵਿਜੇਪੁਰ ਨਾ ਰੁਕੀ। ਉਹ ਫੌਜੀ ਭਰਾ ਕਹਿੰਦਾ ਕਿ ਹੁਣ ਜੰਮੂ ਹੀ ਜਾਣ ਦਾ ਫਾਇਦਾ ਹੈ। ਜੇਕਰ ਤੂੰ ਇੱਥੇ ਉੱਤਰ ਕੇ ਬੱਸ ਅੱਡੇ ਜਾਵੇਗਾ ਤਾਂ ਵੀ ਤੈਨੂੰ ਬੱਸ ਅੱਡਾ ਇੱਕ ਕਿਲੋਮੀਟਰ ਤੋਂ ਵਧੇਰੇ ਪਵੇਗਾ। ਵਿਚਕਾਰ ਜੰਗਲੀ ਰਸਤਾ ਹੈ। ਤੂੰ ਸ਼ਾਮ ਵੇਲੇ ਕੋਈ ਖਤਰਾ ਮੁੱਲ ਨਾ ਲੈ, ਜੰਮੂ ਹੀ ਚੱਲ; ਸ਼ਾਮ 6 ਵੱਜ ਕੇ 50 ਮਿੰਟ ’ਤੇ ਜੰਮੂ ਤੋਂ ਲੁਧਿਆਣਾ ਦਿੱਲੀ ਲਈ ਰੇਲ ਫੜ ਕੇ ਵਾਪਸ ਆ ਜਾਵੀਂ। ਮੈਂ ਕਿਹਾ, ਠੀਕ ਹੈ, ਇਸੇ ਤਰ੍ਹਾਂ ਹੀ ਕਰਦਾ ਹਾਂ।
ਗੱਡੀ ਸ਼ਾਮ 6 ਵੱਜ ਕੇ 20 ਮਿੰਟ ’ਤੇ ਜੰਮੂ ਪਹੁੰਚ ਗਈ। ਸਟੇਸ਼ਨ ’ਤੇ ਜਗ੍ਹਾ ਜਗ੍ਹਾ ਪੁਲਿਸ ਦੀ ਤਾਇਨਾਤੀ ਸੀ। ਅੱਤਵਾਦ ਦਾ ਦੌਰ ਉਸ ਸਮੇਂ ਪੂਰੇ ਜ਼ੋਰਾਂ ’ਤੇ ਸੀ। ਮੇਰੇ ਕੋਲ ਟਿਕਟ ਪਠਾਨਕੋਟ ਦੀ ਸੀ ਜਿੱਥੇ ਦੀ ਮੈਂ ਉੱਤਰ ਕੇ ਟਿਕਟ ਲੈਣ ਲਈ ਜਾ ਰਿਹਾ ਸੀ। ਉੱਥੇ ਟਿਕਟਾਂ ਚੈੱਕ ਕਰਨ ਵਾਲਾ ਟਿਕਟਾਂ ਦੇਖ ਕੇ ਹੀ ਲੋਕਾਂ ਨੂੰ ਸਟੇਸ਼ਨ ਤੋਂ ਬਾਹਰ ਭੇਜ ਰਿਹਾ ਸੀ। ਟਿਕਟ ਚੈੱਕਰ ਮੇਰੇ ਤੋਂ ਸਿਰਫ ਪੰਜ ਛੇ ਫੁੱਟ ਦੀ ਦੂਰੀ ’ਤੇ ਸੀ। ਉਸਦੇ ਨੇੜੇ ਹੀ ਪੁਲਿਸ ਤਾਇਨਾਤ ਸੀ। ਮੈਂ ਮਨ ਵਿੱਚ ਸੋਚ ਰਿਹਾ ਸੀ, ਹੁਣ ਫਸਿਆ ਕਿ ਫਸਿਆ। ਮੈਂ ਫੜੇ ਜਾਣ ’ਤੇ ਕੀ ਜਵਾਬ ਦੇਵਾਂਗਾ? ਕੀ ਉਹ ਮੇਰੀ ਕਹੀ ਗੱਲ ’ਤੇ ਵਿਸ਼ਵਾਸ ਕਰ ਲੈਣਗੇ? ਮੈਨੂੰ ਸੁੱਕਾ ਛੱਡ ਦੇਣਗੇ? ਠੀਕ ਉਸੇ ਸਮੇਂ ਮੈਂ ਆਪਣਾ ਮੂੰਹ ਦੂਜੇ ਪਾਸੇ ਘੁਮਾ ਕੇ ਵਾਪਸ ਗੱਡੀ ਵੱਲ ਤੁਰ ਪਿਆ ਤੇ ਨਾਲ ਲਗਦੇ ਰੇਲਵੇ ਬੁੱਕ ਸਟਾਲ ’ਤੇ ਜਾ ਕੇ ਆਪਣੀ ਵਿਥਿਆ ਸੁਣਾਈ ਅਤੇ ਵਾਪਸ ਪਠਾਣਕੋਟ ਜਾਣ ਲਈ ਕਿਹਾ। ਉਸਨੇ ਉਸੇ ਸਮੇਂ ਕੁਝ ਦੂਰੀ ਤੇ ਖੜ੍ਹੇ ਟੀ. ਟੀ. ਨੂੰ ਅਵਾਜ਼ ਦਿੱਤੀ। ਉਹ ਕਹਿੰਦਾ, “ਮੁਕੇਸ਼, ਇਸਕੋ ਪਠਾਨਕੋਟ ਜਾਣਾ ਹੈ।”
ਟੀ.ਟੀ.ਆਇਆ ’ਤੇ ਕਹਿੰਦਾ, “50 ਰੁਪਏ ਲੱਗਣਗੇ, ਜਾ ਕੇ ਸੀਟ ਨੰਬਰ 56 ’ਤੇ ਬੈਠ ਜਾ।”
ਮੈਂ 50 ਰੁਪਏ ਦੇ ਕੇ ਉਸ ਸੀਟ ’ਤੇ ਜਾ ਬੈਠਾ। ਮੈਨੂੰ ਸੁਖ ਦਾ ਸਾਹ ਆਇਆ। ਰਾਤ ਸਵਾ 8 ਵਜੇ ਗੱਡੀ ਨੇ ਪਠਾਣਕੋਟ ਜਾ ਉਤਾਰਿਆ।
ਜਾਣੇ-ਅਣਜਾਣੇ ਮਨੁੱਖ ਗਲਤੀ ਕਰ ਬੈਠਦਾ ਹੈ। ਉਸ ਜ਼ਮਾਨੇ ਵਿੱਚ ਅਣਜਾਣ ਮੁਸਾਫਰ ਨਾਲ ਬੈਠੇ ਦੂਸਰੇ ਜਾਣਕਾਰ ਮੁਸਾਫਰਾਂ ਕੋਲੋਂ ਅਕਸਰ ਪੁੱਛਦੇ ਪੁੱਛਦੇ ਆਪਣੀ ਮੰਜ਼ਿਲ ਤਕ ਪਹੁੰਚਦੇ ਸਨ। ਅੱਜ ਸੂਚਨਾ ਟੈਕਨੌਲੋਜੀ ਵਿੱਚ ਕ੍ਰਾਂਤੀ ਆ ਚੁੱਕੀ ਹੈ। ਘਰ ਬੈਠੇ ਗੱਡੀ ਦੇ ਚੱਲਣ, ਹਰ ਸਟੇਸ਼ਨ ’ਤੇ ਪਹੁੰਚਣ ਦਾ ਸਮਾਂ, ਰੁਕਣ ਦਾ ਸਮਾਂ, ਮਿੰਟ-ਮਿੰਟ ’ਤੇ ਅਪਡੇਟ ਹੁੰਦਾ ਰਹਿੰਦਾ ਹੈ। ਹੁਣ ਤਾਂ ਹਰ ਮੁਸਾਫਰ ਘਰੇ ਬੈਠੇ ਗੱਡੀ ਦੇ ਲੇਟ ਆਉਣ ’ਤੇ ਘਰੋਂ ਵੀ ਗੱਡੀ ਦੇ ਸਮੇਂ ਸਿਰ ਪਹੁੰਚਣ ਅਨੁਸਾਰ ਹੀ ਚਲਦੇ ਹਨ। ਮੇਰੇ ਜਾਂ ਹੋਰ ਮੁਸਾਫਰਾਂ ਦੁਆਰਾ ਘੱਟ ਜਾਣਕਾਰੀ ਹੋਣ ਜਾਂ ਗਲਤੀ ਹੋਣ ਦੀ ਸੰਭਾਵਨਾ ਹੁਣ ਬਹੁਤ ਘਟ ਗਈ ਹੈ। ਵਿਗਿਆਨ ਰੂਪੀ ਰਥ ’ਤੇ ਸਵਾਰ ਹੋ ਕੇ ਮਨੁੱਖ ਹਰ ਮੰਜ਼ਿਲ ਨੂੰ ਅਸਾਨੀ ਨਾਲ ਪ੍ਰਾਪਤ ਕਰ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































