“ਉਹ ਹੋਣਹਾਰ ਮਾਸਟਰ ਪੇਪਰਾਂ ਲਈ ਸਾਰੇ ਵਿਦਿਆਰਥੀਆਂ ਨੂੰ ਕਮਰੇ ਅੰਦਰ ...”
(17 ਅਕਤੂਬਰ 2026)
ਗੁਰੂ ਗੋਬਿੰਦ ਦੋਹੇ ਖੜ੍ਹੇ, ਕਾਕੇ ਲਾਗੂ ਪਾਏ,
ਬਲਿਹਾਰੀ ਗੁਰੂ ਆਪਣੇ, ਜਿਨ ਗੋਬਿੰਦ ਦੀਓ ਮਿਲਾਏ।
ਭਗਤ ਕਬੀਰ ਜੀ ਦੀਆਂ ਇਹ ਸਤਰਾਂ ਬੇਸ਼ਕ ਸਾਡੀ ਅਧਿਆਤਮਿਕ ਸੰਸਕ੍ਰਿਤੀ ਤਹਿਤ ਮਨੁੱਖ ਦੀ ਪਰਮਾਤਮਾ ਨੂੰ ਮਿਲਣ ਵਿੱਚ ਗੁਰੂ ਦੁਆਰਾ ਦਿੱਤਾ ਮਾਰਗਦਰਸ਼ਨ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਹਨ ਪਰ ਅੱਜ ਦੇ ਆਧੁਨਿਕ ਦੌਰ ਵਿੱਚ ਅਧਿਆਤਮ ਸੰਸਕ੍ਰਿਤੀ ਦੀ ਜਗ੍ਹਾ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਉਸਦੇ ਅਧਿਆਪਕ ਨੂੰ ਗੁਰੂ ਦਾ ਦਰਜਾ ਹੀ ਦਿੱਤਾ ਜਾਂਦਾ ਹੈ। ਅੱਜ ਦੇ ਵਿਦਿਆਰਥੀ ਦੇ ਜੀਵਨ ਵਿੱਚ ਸਿੱਖਿਆ ਦੀਆਂ ਬੁਲੰਦੀਆਂ ਤਕ ਪਹੁੰਚਣ ਲਈ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਉਸਦੇ ਸਫਰ ਵਿੱਚ ਇੱਕ ਨਹੀਂ ਅਨੇਕਾਂ ਗੁਰੂ ਆਪਣੀ ਭੂਮਿਕਾ ਨਿਭਾਉਂਦੇ ਹਨ। ਕੋਈ ਪਤਾ ਨਹੀਂ ਇਸ ਸਫਰ ਵਿੱਚ ਵਿਦਿਆਰਥੀ ਕਿਸ ਪੜਾਅ ’ਤੇ ਕਿਸ ਅਧਿਆਪਕ ਨੂੰ ਸੱਚੇ ਗੁਰੂ ਦਾ ਦਰਜਾ ਦੇ ਦੇਵੇ। ਵੱਡੀਆਂ ਜਮਾਤਾਂ ਵਿੱਚ ਅਲੱਗ ਅਲੱਗ ਵਿਸ਼ਿਆਂ ਦੀ ਪੜ੍ਹਾਈ ਲਈ ਅਨੇਕਾਂ ਵਿਸ਼ਿਆਂ ਦੇ ਮਾਹਰ ਅਧਿਆਪਕ ਹੁੰਦੇ ਹਨ। ਪਰ ਪ੍ਰਾਇਮਰੀ ਪੱਧਰ ’ਤੇ ਜ਼ਿਆਦਾਤਰ ਇੱਕ ਅਧਿਆਪਕ ਹੀ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਮੁਢਲੀ ਪੜ੍ਹਾਈ ਕਰਵਾਉਂਦੇ ਹਨ।
ਮੈਂ ਆਪਣੀ ਮੁਢਲੀ ਪ੍ਰਾਇਮਰੀ ਪੱਧਰ ਦੀ ਸਿੱਖਿਆ ਵਿੱਚ ਜਿਸ ਗੁਰੂ ਤੋਂ ਸਿੱਖਿਆ ਪ੍ਰਾਪਤ ਕੀਤੀ ਉਹ ਗੁਰੂ ਉਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦੀ ਇੱਕ ਸੱਚੇ ਗੁਰੂ ਦੀ ਕਲਪਨਾ ਹਰ ਕੋਈ ਕਰਦਾ ਹੈ। ਮੇਰੇ ਪ੍ਰਾਇਮਰੀ ਪੱਧਰ ਦੇ ਅਧਿਆਪਕ ਗੁਰੂ ਦਾ ਨਾਮ ਸੁਰਜੀਤ ਸਿੰਘ ਸੀ ਜੋ ਕਿ ਮੇਰੇ ਸ਼ਹਿਰ ਰਤੀਆ ਦੇ ਬੋੜਾ ਪਿੰਡ ਵਿੱਚ ਪੜ੍ਹਾਉਂਦਾ ਸੀ। ਸੁਰਜੀਤ ਸਿੰਘ ਖੁਦ ਆਪ ਹਿਸਾਰ ਲਾਗੇ ਬਰਵਾਲੇ ਸ਼ਹਿਰ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਸੀ। ਮੇਰਾ ਪ੍ਰਾਇਮਰੀ ਜਮਾਤ ਤਕ ਦਾ ਪਿੰਡ ਬੋੜਾ ਸਿੱਖਿਆ ਪੱਖੋਂ ਪੂਰੀ ਤਰ੍ਹਾਂ ਪਛੜਿਆ ਹੋਇਆ ਸੀ ਜਿਸ ਨੂੰ ਅਧਿਆਪਕ ਸੁਰਜੀਤ ਸਿੰਘ ਨੇ ਚੰਗੀ ਤਰ੍ਹਾਂ ਭਾਂਪ ਲਿਆ ਸੀ। ਇਸ ਲਈ ਉਸ ਅਧਿਆਪਕ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਘੱਟ ਅਤੇ ਆਪਣੇ ਪੈਸੇ ਕਮਾਉਣ ਦੇ ਧੰਦਿਆਂ ਦੀ ਚਿੰਤਾ ਵਧ ਰਹਿੰਦੀ ਸੀ।
ਸੁਰਜੀਤ ਸਿੰਘ ਅਕਸਰ ਪਿੰਡ ਦੇ ਲੋਕਾਂ ਨੂੰ ਬਿਆਜ ’ਤੇ ਪੈਸੇ ਉਧਾਰੇ ਦਿੰਦਾ ਸੀ ਜਿਸ ਨਾਲ ਉਸਦੀ ਕਮਾਈ ਵਿੱਚ ਵਾਧਾ ਹੁੰਦਾ ਸੀ। ਉਸਦੀ ਕਮਾਈ ਹੋਰ ਵਧੇ, ਇਸ ਲਈ ਉਸਨੇ ਆਪਣੇ ਸਹਾਇਕ ਧੰਦਿਆਂ ਵਿੱਚ ਚੋਖਾ ਵਾਧਾ ਕੀਤਾ ਹੋਇਆ ਸੀ। ਸੰਨ 1982-83 ਦੇ ਸਮੇਂ ਵੀ ਉਹ ਸਾਡੇ ਤੋਂ ਇੱਕ ਇੱਕ ਰੁਪਈਆ ਫੀਸ ਅਤੇ ਕਿਸੇ ਨਾ ਕਿਸੇ ਹੋਰ ਫੰਡਾਂ ਲਈ ਪੈਸੇ ਮੰਗਦਾ ਰਹਿੰਦਾ ਸੀ। ਉਸ ਜ਼ਮਾਨੇ ਵਿੱਚ ਭਾਵੇਂ ਅੱਜ ਦੀ ਤਰ੍ਹਾਂ ਮਿੱਡ-ਡੇ-ਮੀਲ ਸਕੀਮ ਨਹੀਂ ਸੀ ਪਰ ਦਲੀਆ ਖਵਾਉਣ ਦੀ ਸਕੀਮ ਜ਼ਰੂਰ ਸਕੂਲਾਂ ਵਿੱਚ ਪ੍ਰਚਲਤ ਸੀ। ਸਰਕਾਰ ਵੱਲੋਂ ਆਉਂਦੇ ਦਲੀਏ ਦੇ ਗੱਟੇ ਨਾਲ ਲਗਦੇ ਘਰ ਵਿੱਚ ਸਿੱਧੇ ਉੱਤਰਦੇ ਸਨ ਜਿੱਥੇ ਸੁਰਜੀਤ ਸਿੰਘ ਨੇ ਆਪਣੀਆਂ ਮੱਝਾਂ ਬੰਨ੍ਹੀਆਂ ਹੁੰਦੀਆਂ ਸਨ।
ਮਾਸਟਰ ਸੁਰਜੀਤ ਸਿੰਘ ਨੂੰ ਲੋਕ ਅਕਸਰ ਮੱਝਾਂ ਦਾ ਵਪਾਰੀ ਵੀ ਕਹਿੰਦੇ ਸਨ। ਲੋਕ ਜਾਂ ਵਿਦਿਆਰਥੀ ਨਰਾਜ਼ ਨਾ ਹੋਣ ਇਸ ਲਈ ਰੋਜ਼ ਦੀ ਜਗ੍ਹਾ ਇੱਕ ਦਿਨ ਛੱਡ ਕੇ ਵਿਦਿਆਰਥੀਆਂ ਕੋਲੋਂ ਦਲੀਆ ਬਣਵਾਉਂਦਾ ਸੀ ਤੇ ਹਰ ਵਿਦਿਆਰਥੀ ਨੂੰ ਹਦਾਇਤ ਦਿੰਦਾ ਸੀ ਕਿ ਖੰਡ ਹਰੇਕ ਵਿਦਿਆਰਥੀ ਘਰੋਂ ਲੈ ਕੇ ਆਵੇਗਾ। ਉਸ ਜ਼ਮਾਨੇ ਵਿੱਚ ਭਾਂਡੇ ਨਹੀਂ ਹੁੰਦੇ ਸਨ। ਇਸ ਲਈ ਹਰ ਵਿਦਿਆਰਥੀ ਆਪਣੀ ਕਾਪੀ ਦਾ ਪੇਜ ਪਾੜ ਕੇ ਉਸ ਪੇਜ ਉੱਪਰ ਦਲੀਆ ਅਤੇ ਖੰਡ ਰਲਾ ਕੇ ਖਾਂਦੇ ਸਨ।
ਸਕੂਲ ਦੇ ਖੇਡਣ ਦਾ ਮੈਦਾਨ ਉਸ ਲਈ ਕਮਾਈ ਦਾ ਵਧੀਆ ਸਾਧਨ ਸੀ ਜਿਸ ਵਿੱਚ ਉਹ ਨਰਮਾ ਅਤੇ ਕਣਕ ਬੀਜਦਾ ਸੀ। ਅਸੀਂ ਹੀ ਨਰਮੇ ਵਿੱਚ ਰੇਅ ਪਾਉਣ ਦਾ ਕੰਮ ਕਰਦੇ ਸੀ। ਪਿੰਡ ਦਾ ਕੋਈ ਪਤਵੰਤਾ ਸੱਜਣ ਉਸਦੀ ਕੋਈ ਸ਼ਿਕਾਇਤ ਨਾ ਕਰੇ, ਇਸ ਲਈ ਮਾਸਟਰ ਸੁਰਜੀਤ ਸਿੰਘ ਪਿੰਡ ਦੇ ਸਰਪੰਚ ਅਤੇ ਪੰਛਾਇਤ ਮੈਂਬਰਾਂ ਨਾਲ ਵਧੀਆ ਬਣਾ ਕੇ ਰੱਖਦਾ ਸੀ। ਪੜ੍ਹਾਉਣ ਦੇ ਨਾਮ ’ਤੇ ਬੱਸ ਖਾਨਾ ਪੂਰਤੀ ਹੀ ਕਰਦਾ ਸੀ। ਉਸ ਜ਼ਮਾਨੇ ਵਿੱਚ ਪੱਕੇ ਇਮਤਿਹਾਨਾਂ ਲਈ ਪੇਪਰ ਪਹਿਲਾਂ ਹੀ ਸਕੂਲਾਂ ਵਿੱਚ ਪਹੁੰਚ ਜਾਂਦੇ ਸਨ। ਇਸ ਲਈ ਉਹ ਗਾਈਡਾਂ ’ਤੇ ਸਲਾਨਾ ਇਮਤਿਹਾਨ ਵਿੱਚ ਆਉਣ ਵਾਲੇ ਪ੍ਰਸ਼ਨ ਪਹਿਲਾਂ ਹੀ ਦੱਸ ਦਿੰਦਾ ਸੀ ਤੇ ਸਭ ਨੂੰ ਸਖਤ ਹਿਦਾਇਤ ਦਿੰਦਾ ਸੀ ਕਿ ਇਸ ਵਾਰ ਨਕਲ ਬਿਲਕੁਲ ਨਹੀਂ ਚੱਲੇਗੀ; ਪੇਪਰ ਬਾਹਰ ਤੋਂ ਆਉਣਗੇ, ਇਸ ਲਈ ਤੁਸੀਂ ਸਾਰੇ ਪ੍ਰਸ਼ਨ ਯਾਦ ਕਰ ਲਵੋ। ਮੇਰੇ ਨਾਲ ਦੇ ਸਾਰੇ ਵਿਦਿਆਰਥੀ ਆਪਸ ਵਿੱਚ ਪਹਿਲਾਂ ਹੀ ਗੱਲਾਂ ਕਰਨ ਲੱਗ ਪੈਂਦੇ ਸਨ ਕਿ ਪੇਪਰਾਂ ਵਾਲੇ ਦਿਨ ਸਾਰੀ ਤਸਵੀਰ ਆਪਣੇ ਆਪ ਸਾਫ ਹੋ ਜਾਵੇਗੀ।
ਮਾਸਟਰ ਸੁਰਜੀਤ ਸਲਾਨਾ ਪੇਪਰ ਦੀ ਤਰੀਕ ਵਾਲੇ ਦਿਨ ਸਾਰੇ ਵਿਦਿਆਰਥੀਆਂ ਨੂੰ ਚੁਪਕੇ ਜਿਹੇ ਆ ਕੇ ਕਹਿੰਦਾ ਸੀ ਕਿ ਚੁੱਪ ਚਾਪ ਸਾਰੇ ਬੱਚੇ ਗਾਈਡਾਂ ਕੱਢ ਲਵੋ ਤੇ ਅੰਦਰ ਪਹੁੰਚ ਜਾਵੋ। ਮਾਸਟਰ ਸੁਰਜੀਤ ਦੇ ਕਹਿਣ ਦੀ ਦੇਰ ਨਹੀਂ ਸੀ ਹੁੰਦੀ ਕਿ ਸਾਰੇ ਵਿਦਿਆਰਥੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠਦੇ। ਇਸ ਤਰ੍ਹਾਂ ਹਰ ਵਰ੍ਹੇ ਸਾਡਾ ਉਹ ਹੋਣਹਾਰ ਮਾਸਟਰ ਪੇਪਰਾਂ ਲਈ ਸਾਰੇ ਵਿਦਿਆਰਥੀਆਂ ਨੂੰ ਕਮਰੇ ਅੰਦਰ ਬੰਦ ਕਰ ਦਿੰਦਾ ਤਾਂ ਜੋ ਅਸੀਂ ਗਾਈਡਾਂ ਵਿੱਚੋਂ ਨਕਲ ਕਰਕੇ ਵਧੀਆ ਪੇਪਰ ਕਰ ਲਈਏ। ਮੈਨੂੰ ਪੂਰਾ ਯਾਦ ਹੈ ਪੰਜਵੀਂ ਜਮਾਤ ਦੇ ਪੱਕੇ ਪੇਪਰ ਦੇਣ ਲਈ ਅਸੀਂ ਨੰਗਲ ਪਿੰਡ ਗਏ ਜਿੱਥੇ ਦੋ ਸ਼ਿਫਟਾਂ ਵਿੱਚ ਪੇਪਰ ਹੁੰਦੇ ਸਨ। ਮਾਸਟਰ ਸੁਰਜੀਤ ਸਿੰਘ ਨੇ ਆਪਣੇ ਵਿਦਿਆਰਥੀਆਂ ਨੂੰ ਨਕਲ ਲਈ ਪਰਚੀਆਂ ਪਾੜ ਲਵੋ ਦੀ ਸਖਤ ਸ਼ਬਦਾਂ ਵਿੱਚ ਹਦਾਇਤ ਕੀਤੀ ਸੀ।
ਮੇਰੇ ਪਿਤਾ ਜੀ ਨੌਕਰੀ ਵਿੱਚ ਸਨ, ਇਸ ਲਈ ਉਹ ਅਜਿਹਾ ਕੰਮ ਕਰਨ ਲਈ ਮੈਨੂੰ ਨਹੀਂ ਸੀ ਕਹਿੰਦੇ। ਉਸ ਜ਼ਮਾਨੇ ਵਿੱਚ ਜਦੋਂ ਅਧਿਆਪਕ ਬਹੁਤ ਹੀ ਮਿਹਨਤੀ, ਅਸੂਲੀ ਅਤੇ ਆਪਣੇ ਵਿਦਿਆਰਥੀਆਂ ਪ੍ਰਤੀ ਬਹੁਤ ਜ਼ਿੰਮੇਵਾਰ ਹੁੰਦੇ ਸਨ, ਸਾਡਾ ਇਹ ਮਾਸਟਰ ਬਿਲਕੁਲ ਗੈਰ ਜ਼ਿੰਮੇਵਾਰ ਅਧਿਆਪਕ ਸੀ। ਸਵੇਰ ਦੀ ਸਭਾ ਕੀ ਹੁੰਦੀ ਹੈ? ਇਹ ਤਾਂ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਕੁਝ ਸਮੇਂ ਲਈ ਸਾਡੇ ਸਕੂਲ ਡੈਪੂਟੇਸ਼ਨ ’ਤੇ ਹੋਣਹਾਰ ਅਧਿਆਪਕ ਗੁਲਾਬ ਸਿੰਘ ਜੀ ਨੇ ਪਹਿਲੀ ਵਾਰ “ਸੱਚਾ ਵੀਰ ਬਣਾ ਦੇ ਮਾਂ” ਕਵਿਤਾ ਭਗਤ ਸਿੰਘ ਜੀ ਦੇ ਜੀਵਨ ਅਤੇ ਉਸਦੀ ਕੁਰਬਾਨੀ ਨੂੰ ਬਿਆਨ ਕਰਦੀ ਸਿਖਾਈ। ਤਾਂ ਜਾ ਕੇ ਸਾਡੀ ਸਵੇਰ ਦੀ ਸਭਾ ਹੋਣ ਲੱਗੀ।
ਇਸ ਤੋਂ ਇਲਾਵਾ ਮਾਸਟਰ ਗੁਲਾਬ ਸਿੰਘ ਜੀ ਨੇ ਸਾਨੂੰ ਹਿਸਾਬ ਦੇ ਬੇਸਿਕ ਪ੍ਰਸ਼ਨ ਜਮ੍ਹਾਂ, ਘਟਾਓ, ਗੁਣਾ, ਭਾਗ ਬਹੁਤ ਹੀ ਅਸਾਨ ਲਹਿਜੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਸਿਖਾ ਦਿੱਤੇ। ਇਸੇ ਲਈ ਮਾਸਟਰ ਗੁਲਾਬ ਸਿੰਘ ਦੀ ਸੱਚੇ ਗੁਰੂ ਦੀ ਤਸਵੀਰ ਸਦਾ ਲਈ ਸਾਡੇ ਹਿਰਦੇ ਵਿੱਚ ਸਦਾ ਲਈ ਸਮਾ ਗਈ। ਜੇਕਰ ਮਾਸਟਰ ਸੁਰਜੀਤ ਸਿੰਘ ਵਰਗਾ ਗੈਰ ਜ਼ਿੰਮੇਵਾਰ ਅਧਿਆਪਕ ਹੋਵੇਗਾ ਤਾਂ ਉਸਦੇ ਵਿਦਿਆਰਥੀ ਉਸ ਤੋਂ ਕੀ ਸਿੱਖਿਆ ਲੈਣਗੇ? ਮਾਸਟਰ ਸੁਰਜੀਤ ਦੇ ਪੜ੍ਹਾਏ ਵਿਦਿਆਰਥੀਆਂ ਵਿੱਚੋਂ ਅਸੀਂ ਸਿਰਫ ਤਿੰਨ ਵਿਦਿਆਰਥੀ ਹੀ ਨੌਕਰੀ ਤਕ ਪੁੱਜੇ ਜਿਨ੍ਹਾਂ ਵਿੱਚ ਮੇਰੀ ਵੱਡੀ ਭੈਣ ਸਿਮਰਜੀਤ ਕੌਰ, ਮੈਂ, ਅਤੇ ਹਰਜਿੰਦਰ ਸਿੰਘ। ਅਖੀਰ ਵਿੱਚ ਮੈਂ ਤਾਂ ਇਹੀ ਕਹਾਂਗਾ ਕਿ ਰੱਬ ਬਚਾਵੇ ਅਜਿਹੇ ਅਧਿਆਪਕਾਂ ਕੋਲੋਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































