“ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਵਿਅਕਤੀ, ਧਰਮ ਜਾਂ ਵਰਗ ਦੀ ਲੜਾਈ ਨਹੀਂ ਹੈ, ਇਹ ...”
(29 ਅਕਤੂਬਰ 2026)
ਪੂਰੇ ਭਾਰਤ ਵਿੱਚ ਨਸ਼ਿਆਂ ਦਾ ਪ੍ਰਚਲਣ ਅੱਜ ਬਹੁਤ ਗੰਭੀਰ ਮੁੱਦਾ ਹੈ। ਨਸ਼ਿਆਂ ਨਾਲ ਪ੍ਰਭਾਵਿਤ ਲੋਕਾਂ ਦੇ ਘਰ ਉੱਜੜ ਰਹੇ ਹਨ, ਲੋਕ ਤ੍ਰਾਸਦੀ ਹੰਢਾ ਰਹੇ ਹਨ। ਕਿਸੇ ਵੀ ਵਿਅਕਤੀ ਨੂੰ ਨਸ਼ੇ ਦੀ ਲਤ ਲੱਗ ਬੇਹੱਦ ਸੰਜੀਦਾ ਮਸਲਾ ਹੈ। ਇਸ ਲਤ ਤੋਂ ਛੁਟਕਾਰਾ ਪਾਉਣ ਲਈ ਜਿੰਨਾ ਜਲਦੀ ਹੋ ਸਕੇ ਯਤਨ ਅਰੰਭ ਕਰ ਦੇਣੇ ਚਾਹੀਦੇ ਹਨ। ਲੰਮੇ ਸਮੇਂ ਤੋਂ ਬਾਅਦ ਇਹ ਲਤ ਮਾਰੂ ਰੋਗ ਬਣ ਜਾਂਦੀ ਹੈ। ਇਸ ਭਿਅਨਕ ਰੋਗ ਦੇ ਬਹੁਤੇ ਮਰੀਜ਼ ਆਪਣੀ ਜਾਨ ਗਵਾ ਲੈਂਦੇ ਹਨ, ਪਿੱਛੇ ਆਪਣੇ ਪਰਿਵਾਰ ਨੂੰ ਰੋਂਦਾ ਕਰਲਾਉਂਦਾ ਛੱਡ ਜਾਂਦੇ ਹਨ।
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅਤੇ ਮੌਤਾਂ ਬਾਰੇ ਜਾਣਕਾਰੀ ਦੇਖ ਕੇ ਕਿਸੇ ਦੇ ਵੀ ਹੋਸ਼ ਉਡ ਜਾਣਗੇ ਕਿ ਪੰਜਾਬ ਕਿੰਨਾ ਨਸ਼ਿਆਂ ਵਿੱਚ ਘਿਰ ਚੁੱਕਾ ਹੈ। ਪੰਜਾਬ ਵਿੱਚ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਦੀ ਕੁੱਲ ਸੰਖਿਆ: ਭਾਰਤ ਸਰਕਾਰ ਦੀ ਸੰਸਦੀ ਕਮੇਟੀ (Parliamentary Panel Report) ਅਤੇ ਹੋਰ ਸੁਤੰਤਰ ਸਰਵੇਖਣ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ ਲਗਭਗ 66 ਲੱਖ ਤੋਂ ਵੱਧ ਲੋਕ ਕਿਸੇ ਨਾ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਹਨ।
ਬੱਚੇ ਅਤੇ ਨੌਜਵਾਨ (10 ਤੋਂ 17 ਸਾਲ): ਰਿਪੋਰਟਾਂ ਮੁਤਾਬਿਕ ਲਗਭਗ 6.97 ਲੱਖ ਬੱਚੇ/ਨੌਜਵਾਨ ਨਸ਼ਿਆਂ ਦੇ ਜਾਲ਼ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿੱਚੋਂ 3.43 ਲੱਖ ਤੋਂ ਵੱਧ ਚਿੱਟਾ/ਹੈਰੋਇਨ ਵਰਗੇ ਓਪੀਓਇਡ (Opioids) ਨਸ਼ਿਆਂ ਦੀ ਵਰਤੋਂ ਕਰਦੇ ਹਨ। ਬਾਕੀ ਸੁਲਫਾ, ਗਾਂਜਾ, ਟੀਕੇ ਅਤੇ ਫਾਰਮਾਸਿਊਟੀਕਲ (ਦਵਾਈਆਂ ਵਾਲੇ) ਨਸ਼ਿਆਂ ਦੇ ਆਦੀ ਹਨ। ਨਸ਼ੇ ਨਾਲ ਹੋਣ ਵਾਲੀਆਂ ਮੌਤਾਂ (ਸਲਾਨਾ/NCRB ਡਾਟਾ NCRB ਅਤੇ ਸਰਕਾਰੀ ਅੰਕੜੇ: ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਅਤੇ ਹਸਪਤਾਲਾਂ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਡਰੱਗ ਓਵਰਡੋਜ਼ (Drug Overdose) ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਪੰਜਾਬ ਚੋਟੀ ਦੇ ਸੂਬਿਆਂ (ਪਹਿਲੇ/ਦੂਜੇ ਨੰਬਰ) ਵਿੱਚ ਆਉਂਦਾ ਹੈ। ਹਰ ਸਾਲ ਸੂਬੇ ਵਿੱਚ ਓਵਰਡੋਜ਼ ਕਾਰਨ 100 ਤੋਂ 150 ਤੋਂ ਵੱਧ ਅਧਿਕਾਰਤ ਮੌਤਾਂ ਦਰਜ ਹੁੰਦੀਆਂ ਹਨ, ਜਦੋਂ ਕਿ ਅਣਅਧਿਕਾਰਤ (ਜੋ ਪੁਲਿਸ ਰਿਪੋਰਟ ਵਿੱਚ ਦਰਜ ਨਹੀਂ ਹੁੰਦੀਆਂ) ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਮੰਨੀ ਜਾਂਦੀ ਹੈ। ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਪਰਿਵਾਰ ਪੋਸਟਮਾਰਟਮ ਜਾਂ ਪੁਲਿਸ ਕਾਰਵਾਈ ਤੋਂ ਬਚਣ ਲਈ ਮੌਤ ਦਾ ਕਾਰਨ ਸਿੱਧਾ ਓਵਰਡੋਜ਼ ਦਰਜ ਨਹੀਂ ਕਰਵਾਉਂਦੇ।
ਹਾਲਾਂਕਿ, ਜ਼ਮੀਨੀ ਰਿਪੋਰਟਾਂ ਅਤੇ ਅਖਬਾਰੀ ਖਬਰਾਂ ਮੁਤਾਬਿਕ:
ਜ਼ਮੀਨੀ ਸਥਿਤੀ: ਵੱਖ-ਵੱਖ ਜ਼ਿਲ੍ਹਿਆਂ (ਜਿਵੇਂ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਅਤੇ ਮਾਨਸਾ) ਤੋਂ ਮਿਲੀਆਂ ਖਬਰਾਂ ਅਨੁਸਾਰ ਪਿਛਲੇ 20-30 ਦਿਨਾਂ ਵਿੱਚ 15 ਤੋਂ 25 ਤੋਂ ਵੱਧ ਓਵਰਡੋਜ਼ ਅਤੇ ਨਸ਼ੇ ਨਾਲ ਸਬੰਧਤ ਮੌਤਾਂ/ਸ਼ੱਕੀ ਮੌਤਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਕਈ ਪਿੰਡਾਂ ਵਿੱਚ 3 ਤੋਂ 4 ਦਿਨਾਂ ਦੇ ਅੰਦਰ 3-4 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋਣ ਦੀਆਂ ਝੰਜੋੜਨ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਲਗਭਗ 12 ਦਿਨ ਪਹਿਲਾ ਨਸ਼ਾ ਵਿਰੋਧੀ ਕਮੇਟੀ ਦੇ ਸਰਗਰਮ ਮੈਂਬਰ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸਦੀ ਲਾਸ਼ ਦਾ ਹਾਲੇ ਤਕ ਸਸਕਾਰ ਨਹੀਂ ਹੋਇਆ। ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪੰਜਾਬ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਉਲਟਾ ਪ੍ਰਸ਼ਾਸਨ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਪਰਚੇ ਕਰ ਰਿਹਾ ਹੈ। ਨਸ਼ੇ ਨਾਲ ਲੋਕਾਂ ਦੇ ਘਰਾਂ ਦੇ ਚਿਰਾਗ ਬੁਝ ਰਹੇ ਹਨ ਤੇ ਚਿੱਟਾ ਖੁੱਲ੍ਹੇਆਮ ਵਿਕ ਰਿਹਾ ਹੈ। ਇੰਨਾ ਵੱਡਾ ਹਾਦਸਾ ਵਾਪਰਿਆ ਹੈ ਪਰ ਨਸ਼ੇ ਵੇਚਣ ਵਾਲਿਆਂ ਉੱਤੇ ਕੋਈ ਲਗਾਮ ਲਗਦੀ ਨਹੀਂ ਦਿਸ ਰਹੀ। ਇਸ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ, ਭ੍ਰਿਸ਼ਟ ਹੁੰਦਾ ਵੀ ਜਾਪ ਰਿਹਾ ਹੈ। ਪ੍ਰਸ਼ਾਸਨ ਸਬੂਤ ਖਤਮ ਕਰਨ ਵਿੱਚ ਲਗਾ ਹੋਇਆ ਹੈ। ਲੋਕਾਂ ਦਾ ਪੁਲਿਸ ਦੀ ਵਰਦੀ ਤੋਂ ਭੋਰਸਾ ਖਤਮ ਹੁੰਦਾ ਜਾ ਰਿਹਾ ਹੈ। ਪੁਲਿਸ ਦੇ ਬਹੁਤ ਅਧਿਕਾਰੀ ਭ੍ਰਿਸ਼ਟ ਹੋ ਚੁੱਕੇ ਹਨ। ਲੋਕਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕ ਇਕੱਠੇ ਹੋ ਰਹੇ ਹਨ। ਲੋਕ ਸਰਕਾਰ ਦੀਆਂ ਚਾਲਾਂ ਨੂੰ ਸਮਝਣ ਲੱਗ ਗਏ ਹਨ ਕਿ ਕਿਸ ਕਦਰ ਨਸ਼ੇ ਦੇ ਕਾਰੋਬਾਰੀਆਂ ਨੂੰ ਪੁਲਿਸ ਮਦਦ ਦੇ ਰਹੀ ਹੈ। ਭਾਵੇਂ ਪਰਵਿੰਦਰ ਦੇ ਹੱਕ ਵਿੱਚ ਆਏ ਨੌਜਵਾਨਾਂ ਨੇ ਨਸ਼ੇ ਦੇ ਵਪਾਰੀ ਕਾਤਿਲ ਦਾ ਮੈਡੀਕਲ ਸਟੋਰ ਢਹਿ ਢੇਰੀ ਕਰ ਦਿੱਤਾ ਪਰ ਪ੍ਰਸ਼ਾਸਨ ਨੇ ਪੁਰਜ਼ੋਰ ਮਦਦ ਕੀਤੀ ਅਤੇ ਮੈਡੀਕਲ ਸਟੋਰ ਦੀ ਰਾਖੀ ਕੀਤੀ ਕਿ ਕੋਈ ਉਸ ਸਟੋਰ ਵੱਲ ਝਾਕ ਨਾ ਸਕੇ।
ਅਜੇ ਲੋਕਾਂ ਦੇ ਦਿਲਾਂ ਵਿੱਚੋਂ ਪਰਵਿੰਦਰ ਸਿੰਘ ਝੋਟੇ ਦਾ ਦੁੱਖ ਹੀ ਨਹੀਂ ਸੀ ਵਿਸਰਿਆ ਕਿ ਮਾਨਸਾ ਤੋਂ ਥੋੜ੍ਹੀ ਦੂਰ ਪਿੰਡ ਭੰਮੇ ਕਲਾਂ ਵਿਖੇ ਦਲਜੀਤ ਸਿੰਘ ਜੀਤਾ ਦੀ ਨਸ਼ੇ ਦੀ ਓਵਰਲੋਡ ਡੋਜ਼ ਕਾਰਨ ਮੌਤ ਹੋ ਗਈ। ਉਸਦੀ ਲਾਸ਼ ਨੂੰ ਪਿੰਡ ਵਾਸੀਆਂ ਨੇ ਰੋਸ ਵਜੋਂ ਸਿਰਸਾ ਬਰਨਾਲਾ ਰੋਡ ’ਤੇ ਰੱਖ ਕੇ ਨਸ਼ੇ ਦੇ ਕਾਰੋਬਾਰੀਆਂ ਦਾ ਵਿਰੋਧ ਕੀਤਾ। ਤੇ ਫਿਰ ਲੋਕਾਂ ਨੇ ਫੈਸਲਾ ਕੀਤਾ ਕਿ ਇਸ ਲਾਸ਼ ਨੂੰ ਪਹਿਲਾਂ ਤੋਂ ਚੱਲ ਰਹੇ ਪਰਵਿੰਦਰ ਸਿੰਘ ਝੋਟਾ ਵਾਲੇ ਧਰਨੇ ਵਿੱਚ ਲਿਜਾਇਆ ਜਾਵੇ। ਲੋਕ ਦਲਜੀਤ ਸਿੰਘ ਜੀਤਾ ਦੀ ਮ੍ਰਿਤਕ ਦੇਹ ਨੂੰ ਚੁੱਕ ਅਜੇ ਰਮਦਿੱਤਾ ਚੌਂਕ ਕੋਲ ਪਹੁੰਚੇ ਹੀ ਸੀ, ਜਿੱਥੇ ਪਹਿਲਾਂ ਹੀ ਪੁਲਿਸ ਆਪਣਾ ਜਾਲ਼ ਵਿਛਾ ਚੁੱਕੀ ਸੀ; ਪਹੁੰਚਦਿਆਂ ਸਾਰ ਪੁਲਿਸ ਨੇ ਆਪਣੀ ਯੋਜਨਾ ਮੁਤਾਬਿਕ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਪ੍ਰਸ਼ਾਸਨ ਨੇ ਲੋਕਾਂ ’ਤੇ ਤਸ਼ੱਦਦ ਕੀਤਾ। ਮ੍ਰਿਤਕ ਦੇ ਪਰਿਵਾਰ ਸਮੇਤ ਬਹੁਤ ਸਾਰੇ ਉਸਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਨਸ਼ੇ ਖਿਲਾਫ ਲੜ ਰਹੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਸਰਕਾਰ ਦਾ ਅਸਫਲਤਾ ਹੈ ਕਿ ਪੜ੍ਹੇ ਲਿਖੇ ਬੇ-ਰੁਜ਼ਗਾਰ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਰਹੇ ਹਨ। ਪਰਿਵਾਰ ਲਾਸ਼ਾਂ ਨੂੰ ਲੈ ਕੇ ਸੜਕਾਂ ’ਤੇ ਬੈਠਣ ਲਈ ਮਜਬੂਰ ਹਨ। ਦੇਸ਼ ਦੇ ਸ਼ਾਸਕੋ ਜਾਗੋ! ਲੋਕ ਨਸ਼ਿਆਂ ਦੇ ਦੈਂਤ ਦਾ ਸ਼ਿਕਾਰ ਹੋ ਰਹੇ ਪਰਿਵਾਰਿਕ ਜੀਆਂ ਦੀਆਂ ਲਾਸ਼ਾਂ ਲੈ ਕੇ ਸੜਕਾਂ ’ਤੇ ਆ ਗਏ ਹਨ। ਅੱਖਾਂ ਖੋਲੋ! ਨਸ਼ਿਆਂ ਦੇ ਕਾਰੋਬਾਰ ਵਿੱਚੋਂ ਕਮਾਈਆਂ ਕਰਨ ਦੀ ਥਾਂ ਲੋਕਾਂ ਦਾ ਸਾਥ ਦਿਓ, ਪਰਿਵਾਰਾਂ ਕੋਲੋਂ ਲਾਸ਼ਾਂ ਖੋਹ ਕੇ ਸਸਕਾਰ ਕਰਨ ਦੇ ਯਤਨ ਨਾ ਕਰੋ।
ਦਲਜੀਤ ਦੀ ਮ੍ਰਿਤਕ ਦੇਹ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ; ਕੀ ਲੋਕਾਂ ਉੱਤੇ ਤਸ਼ੱਦਦ ਕਰਕੇ, ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਚੁੱਕ ਕੇ ਜਵਾਬ ਨਹੀਂ ਦੇਣਾ ਪਵੇਗਾ? ਲੋਕ ਸਮਝ ਚੁੱਕੇ ਹਨ ਕਿ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਖੁਦ ਹੀ ਆਪਣੀ ਲੜਾਈ ਲੜਨੀ ਪੈਣੀ ਹੈ। ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।
ਪਰਵਿੰਦਰ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਨਸ਼ਿਆਂ ਵਿਰੁੱਧ ਲੜਾਈ ਕਿਸੇ ਇੱਕ ਵਿਅਕਤੀ, ਧਰਮ ਜਾਂ ਵਰਗ ਦੀ ਲੜਾਈ ਨਹੀਂ ਹੈ, ਇਹ ਸਮੁੱਚੇ ਪੰਜਾਬੀਆਂ (ਜਾਂ ਕਹਿ ਲਵੋ ਭਾਰਤੀਆਂ) ਦੀ ਸਾਂਝੀ ਲੜਾਈ ਹੈ ਤਾਂ ਜੁ ਪੰਜਾਬ ਅਤੇ ਭਾਰਤ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































