“ਵਖਰੇਵੇਂ ਪੈਦਾ ਕਰਨ ਵਾਲੇ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਭਾਈਚਾਰਕ ਸਾਂਝ ...”
(13 ਜੂਨ 2025)
ਸੋਸ਼ਲ ਮੀਡੀਆ ਲੋਕਾਂ ਦੀ ਤਾਕਤ ਬਣ ਚੁੱਕਿਆ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਆਪਣੇ ਨਾਲ ਕਈ ਰੂਪਾਂ ਵਿੱਚ ਜੋੜ ਕੇ ਰੱਖਦਾ ਹੈ ਜਿਵੇਂ ਕਿ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟੈਲੀਗਰਾਮ, ਟਵਿਟਰ, ਨਿਊਜ਼ ਚੈਨਲ, ਯੂਟਿਊਬ ਅਤੇ ਹੋਰ ਬਹੁਤ ਸਾਰੇ ਪਲੇਟਫਾਰਮ ਹਨ, ਜਿੱਥੇ ਲੋਕ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਸਮਾਜ ਵਿੱਚ ਵਾਪਰਦੇ ਰੋਜ਼ ਦੇ ਵਰਤਾਰਿਆਂ ਨੂੰ ਲੋਕਾਂ ਤਕ ਪਹੁੰਚਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਹਾਦਸਿਆਂ ਦਾ ਸੋਸ਼ਲ ਮੀਡੀਆ ਪ੍ਰਤੱਖ ਪ੍ਰਮਾਣ ਸਬੂਤ ਵਜੋਂ ਵੀ ਕੰਮ ਕਰਦਾ ਹੈ। ਸੋਸ਼ਲ ਮੀਡੀਆ ਸਾਈਟਸ ਨੂੰ ਸੰਸਾਰ ਦੇ ਹਰ ਕੋਨੇ ਵਿੱਚ ਹਰ ਵਰਗ ਦਾ ਬੰਦਾ ਵਰਤਦਾ ਹੈ, ਜਿੱਥੇ ਇੱਕ ਕੋਨੇ ਤੋਂ ਦੂਜੇ ਕੋਨੇ ਤੇ ਕਿਸੇ ਵੀ ਖ਼ਬਰ ’ਤੇ ਸਮਾਜ ਦੇ ਹਰ ਪਲ ਦੇ ਦ੍ਰਿਸ਼ ਨੂੰ ਮਿੰਟਾਂ ਸਕਿੰਟਾਂ ਵਿੱਚ ਵਾਇਰਲ ਕੀਤਾ ਜਾ ਸਕਦਾ ਹੈ। ਜਿੱਥੇ ਸੋਸ਼ਲ ਮੀਡੀਆ ਸੰਸਾਰ ਭਰ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਉੱਥੇ ਹੀ ਲੋਕਾਂ ਲਈ ਸਰਾਪ ਵੀ ਬਣਦਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਜਿੱਥੇ ਇੱਕ ਚੰਗਾ ਪਲੇਟਫਾਰਮ ਹੈ, ਉੱਥੇ ਹੀ ਇਸਦੇ ਬੁਰੇ ਪ੍ਰਭਾਵ ਸਮਾਜ ਨੂੰ ਪ੍ਰਭਾਵਿਤ ਵੀ ਕਰਦੇ ਹਨ। ਸੋਸ਼ਲ ਮੀਡੀਆ ਵਿਗੜੈਲ ਅਤੇ ਵਿਹਲੜ ਲੋਕਾਂ ਦੇ ਹੱਥਾਂ ਵਿੱਚ ਹੋਣਾ ਨੁਕਸਾਨਦੇਹ ਹੈ, ਜਿਸ ਕਾਰਨ ਸਮਾਜ ਵਿੱਚ ਗੰਧਲਾਪਨ ਅਤੇ ਨਫ਼ਰਤ ਫੈਲਦੀ ਹੈ। ਬਹੁਤੇ ਲੋਕ ਸੋਸ਼ਲ ਮੀਡੀਆ ਨੂੰ ਮੀਡੀਆ ਦੀ ਤਰ੍ਹਾਂ ਨਹੀਂ ਵਰਤਦੇ, ਉਸ ਨੂੰ ਉਲਟੇ ਪ੍ਰਭਾਵ ਲਈ ਵਰਤਦੇ ਹਨ, ਜੋ ਸਮਾਜਿਕ, ਭਾਈਚਾਰਕ ਤੇ ਸੱਭਿਆਚਾਰਕ ਸਾਂਝ ਲਈ ਕੋਈ ਚੰਗੀ ਗੱਲ ਨਹੀਂ ਹੈ। ਅਜਿਹੇ ਬਹੁਤੇ ਲੋਕਾਂ ਨੇ ਮੀਡੀਆ ਨੂੰ ਨਫ਼ਰਤ ਦੇ ਅੱਡੇ ਬਣਾ ਛੱਡਿਆ ਹੈ ਤੇ ਰੋਜ਼ ਕੁਝ ਲੋਕ ਅਜਿਹਾ ਕੁਝ ਨਾ ਕੁਝ ਕਰਦੇ ਰਹਿੰਦੇ ਹਨ, ਜਿਸ ਨਾਲ ਸਮਾਜ ਵਿੱਚ ਨਫ਼ਰਤੀ ਅੱਗ ਪੈਦਾ ਹੁੰਦੀ ਹੈ, ਜਿਸਦੇ ਬੁਝਣ ਸਮੇਂ ਤਕ ਪਰਿਣਾਮ ਬਹੁਤ ਘਾਤਕ ਸਿੱਧ ਹੁੰਦੇ ਹਨ ਤੇ ਫਿਰ ਸਭ ਦੇ ਮੂੰਹ ’ਤੇ ਪਛਤਾਵਾਂ ਦੇਖਣ ਨੂੰ ਮਿਲਦਾ ਹੈ। ਅਜਿਹੇ ਸ਼ਾਤਰ ਲੋਕਾਂ ਤੋਂ ਸੋਸ਼ਲ ਮੀਡੀਆ ਫਰਮੇਟ ’ਤੇ ਸਤਰਕ ਰਹਿਣ ਚਾਹੀਦਾ ਹੈ। ਮੀਡੀਆ ਦੇ ਫਰਮੈਟ ’ਤੇ ਅਜਿਹੇ ਲੋਕ ਮੌਜੂਦ ਹਨ ਜੋ ਉਨ੍ਹਾਂ ਨੂੰ ਅਜਿਹੇ ਕੰਮ ਲਈ ਆਗਾਹ ਕਰਦੇ ਹਨ। ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਕਰਦੇ ਹਨ।
ਰਾਜਨੀਤਕ ਲੀਡਰ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਸ਼ੋਸ਼ੇ ਛੱਡਦੇ ਰਹਿੰਦੇ ਹਨ, ਇੱਕ ਦੂਜੇ ਉੱਤੇ ਇਲਜ਼ਾਮ ਲਾਉਂਦੇ ਰਹਿੰਦੇ ਹਨ ਜਾਂ ਬੇਤੁਕੀ ਬਿਆਨਬਾਜ਼ੀ ਕਰਕੇ ਮੀਡੀਆ ਵਿੱਚ ਬਣੇ ਰਹਿੰਦੇ ਹਨ ਪਰ ਉਨ੍ਹਾਂ ਦੇ ਪੱਖੀਆਂ ਅਤੇ ਵਿਰੋਧੀਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਸਮਾਜ ਦਾ ਹਿੱਸਾ ਹਨ, ਇਹ ਪਰਿਵਾਰਾਂ ਵਾਲੇ ਹਨ। ਉਨ੍ਹਾਂ ਦੀ ਬੋਲੌ ਸੱਭਿਅਕ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਜਾਤੀਵਾਦ ਸੋਸ਼ਲ ਮੀਡੀਏ ਵਿੱਚ ਬਹੁਤ ਚੱਲ ਰਿਹਾ ਹੈ ਜੋ ਕਿ ਸਮਾਜ ਲਈ ਬਹੁਤ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਸਦੀਆਂ ਤੋਂ ਸਮਾਜ ਨੂੰ ਲੱਗਿਆ ਇਹ ਕੋੜ੍ਹ ਗੁਰੂਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਅਜੇ ਵੀ ਸਿਰ ਚੁੱਕੀ ਖੜ੍ਹਾ ਹੈ। ਜਦੋਂ ਕੋਈ ਨਿੱਕੀ ਜਿਹੀ ਵੀ ਗੱਲ ਹੋ ਜਾਂਦੀ ਹੈ ਤਾਂ ਸੋਸ਼ਲ ਮੀਡੀਆ ਵਿੱਚ ਬੈਠੇ ਉਸੇ ਵੇਲੇ ਜ਼ਹਿਰ ਉਗਲਣਾ ਸ਼ੁਰੂ ਕਰ ਦਿੰਦੇ ਹਨ, ਜਿਸਦੇ ਨਤੀਜੇ ਬਾਅਦ ਵਿੱਚ ਆਮ ਲੋਕਾਂ ਨੂੰ ਭੁਗਤਣੇ ਪੈਂਦੇ ਹਨ। ਫਿਰ ਬਿਨਾਂ ਪਛਤਾਵੇ ਤੋਂ ਪੱਲੇ ਕੁਝ ਵੀ ਨਹੀਂ ਪੈਂਦਾ। ਕੁਝ ਲੋਕ ਜਦੋਂ ਸੁਧਾਰ ਲਈ ਆਪਣੇ ਵੱਲੋਂ ਉੱਦਮ ਕਰਦੇ ਹਨ ਤਾਂ ਰਾਜਨੀਤਿਕ ਲੋਕ ਉਨ੍ਹਾਂ ਵਿੱਚ ਵਿੱਚ ਵੜ ਕੇ ਸਭ ਤਹਿਸ ਨਹਿਸ ਕਰ ਦਿੰਦੇ ਹਨ। ਰਹਿੰਦੀ ਕਸਰ ਇਨ੍ਹਾਂ ਦੇ ਸੋਸ਼ਲ ਮੀਡੀਆ ਤੇ ਬਣੇ ਪਲੇਟਫਾਰਮ ਜ਼ਹਿਰ ਫੈਲਾ ਕੇ ਪੂਰੀ ਕਰ ਦਿੰਦੇ ਹਨ।
ਸੋਸ਼ਲ ਮੀਡੀਆ ’ਤੇ ਰਾਜਨੀਤਿਕ, ਧਾਰਮਿਕ, ਸਮਾਜਿਕ, ਹੋਰ ਸਮਾਜ ਸੇਵਕਾਂ ਤੋਂ ਬਿਨਾਂ ਹਿੰਦੂ, ਸਿੱਖ, ਮੁਸਲਿਮ, ਈਸਾਈ ਅਤੇ ਹੋਰ ਕਮਿਊਨਿਟੀਆਂ ਦੇ ਲੋਕ ਵੀ ਐਕਟਿਵ ਰਹਿੰਦੇ ਹਨ ਤੇ ਇਨ੍ਹਾਂ ਵਿੱਚ ਆਪਸੀ ਜਬਰਦਸਤ ਵਿਰੋਧ ਵੀ ਹੁੰਦਾ ਰਹਿੰਦਾ ਹੈ। ਕਈ ਵਾਰ ਇਨ੍ਹਾਂ ਦੀ ਆਪਸੀ ਬਹਿਸ ਕੌਮਾਂਤਰੀ ਬਹਿਸ ਬਣ ਜਾਂਦੀ ਹੈ, ਜੋ ਸੰਸਾਰ ਭਰ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਜਾਂਦੀ ਹੈ ਇਸੇ ਲੜੀ ਤਹਿਤ ਪਿਛਲੀ ਦਿਨੀਂ ਈਸਾਈਆਂ ਦਾ ਧਾਰਮਿਕ ਮਾਮਲਾ ਬਹੁਤ ਭੜਕਿਆ। ਲੋਕਾਂ ਨੇ ਰੱਜ ਕੇ ਇੱਕ ਦੂਜੇ ਉੱਤੇ ਚਿੱਕੜ ਉਛਾਲਿਆ। ਫਿਰ ਰੰਗਰੇਟਾ ਭਾਈਚਾਰੇ ਅਤੇ ਜ਼ਿਮੀਦਾਰ ਭਾਈਚਾਰੇ ਦਾ ਪਾਰਾ ਸੱਤਵੇਂ ਅਸਮਾਨ ਚੜ੍ਹ ਗਿਆ। ਇੱਕ ਦੂਜੇ ਨੂੰ ਰੱਜ ਕੇ ਗਾਲੀ ਗਲੋਚ ਕੀਤਾ। ਬਹੁਤਿਆਂ ਨੇ ਤਾਂ ਇੱਥੋਂ ਤਕ ਇੱਕ ਦੂਜੇ ਦੇ ਵੰਸ਼ ਦੇ ਮਹਾਨ ਸ਼ਹੀਦਾਂ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ, ਜੋ ਕਿ ਧਾਰਮਿਕ ਰੀਤੀ ਅਨੁਸਾਰ ਸਰਾਸਰ ਗਲਤ ਹਨ। ਉਨ੍ਹਾਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ’ਤੇ ਸਵਾਲ ਕਰਨ ਦਾ ਕਿਸੇ ਦਾ ਕੋਈ ਹੱਕ ਨਹੀਂ ਬਣਦਾ। ਮੀਡੀਆ ਦੇ ਜ਼ਰੀਏ ਕੁਝ ਲੋਕਾਂ ਨੇ ਭਾਈਚਾਰਕ ਵੰਡੀਆਂ ਪਾਉਣ ਦੀ ਕੋਈ ਕਸਰ ਨਹੀਂ ਛੱਦੀ। ਦੋਨੋ ਧਿਰਾਂ ਵਿੱਚ ਸਮਾਜ ਸੁਧਾਰਕ ਤੇ ਸਿਆਣੇ ਪੁਰਸ਼ ਹੋਣ ਕਰਨ ਨੁਕਸਾਨ ਹੋਣੋਂ ਬਚ ਗਿਆ।
ਇਸੇ ਤਰ੍ਹਾਂ ਹੁਣੇ ਰਿਲੀਜ਼ ਹੋਈ ਬਾਲੀਵੁੱਡ ਦੀ ਫਿਲਮ ‘ਅਕਾਲ’ ਦਾ ਖੂਬ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਹੋਰ ਕਈ ਧਾਰਮਿਕ ਫਿਲਮਾਂ ਦਾ ਵੀ ਖੂਬ ਵਿਰੋਧ ਹੋਇਆ ਸੀ। ਕੋਈ ਚੀਕ ਚੀਕ ਕੇ ਫਿਲਮ ਨਾ ਦੇਖਣ ਲਈ ਕਹਿ ਰਿਹਾ ਹੈ, ਕੋਈ ਦੇਖਣ ਲਈ ਕਹਿ ਰਿਹਾ ਹੈ। ਭਾਵੇਂ ਫਿਲਮ ਦੇਖਣਾ, ਨਾ ਦੇਖਣਾ ਹਰ ਕਿਸੇ ਦੀ ਮਰਜ਼ੀ ਹੈ ਪਰ ਜ਼ਹਿਰੀ ਸੋਚ ਵਾਲ਼ੇ ਸੋਸ਼ਲ ਮੀਡੀਏ ’ਤੇ ਲਾਈਵ ਹੋ ਕੇ ਆਪਣੇ ਆਪ ਨੂੰ ਧਰਮ ਰੱਖਿਅਕ ਅਤੇ ਵਿਦਵਾਨ ਸਾਬਤ ਕਰ ਰਹੇ ਹਨ।
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਹਨ। ਸਭ ਦੇ ਵੱਖਰੇ ਵੱਖਰੇ ਵਿਚਾਰ ਹਨ। ਸਿੱਖ ਸਮੁਦਾਇ ਦੀਆਂ ਕਈ ਜਥੇਬੰਦੀਆਂ ਹਨ। ਸਭ ਦੇ ਵੱਖਰੇ ਵੱਖਰੇ ਮੱਤ ਹਨ। ਹੋਰ ਬਹੁਤ ਸਮਾਜ ਸੇਵੀ ਸੰਸਥਾਵਾਂ ਹਨ, ਜਿਨ੍ਹਾਂ ਦੇ ਵਿਚਾਰ ਆਪਸ ਵਿੱਚ ਮੇਲ ਨਹੀਂ ਖਾਂਦੇ। ਅੰਦਰੂਨੀ ਮਨਸਾ ਕਿਸੇ ਦੀ ਨਹੀਂ ਪਤਾ ਕਿ ਕੋਈ ਕੀ ਕਰਨਾ ਚਾਹੁੰਦਾ ਹੈ ਪਰ ਇੱਕ ਦੂਜੇ ਦੀ ਲੱਤ ਖਿਚਾਈ ਕਰਨ ’ਤੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲੱਗੇ ਹੋਏ ਹਨ। ਰਾਜਨੀਤਿਕ ਲੀਡਰਾਂ ਦੀ ਬੇਸ਼ਰਮੀ ਦੀ ਤਾਂ ਕੋਈ ਹੱਦ ਹੀ ਨਹੀਂ ਹੈ। ਇਨ੍ਹਾਂ ਬਾਰੇ ਤਾਂ ਗੱਲ ਕਰਨਾ ਵੀ ਵਾਜਿਬ ਨਹੀਂ ਪਰ ਇਹ ਸਮਾਜ ਵਿੱਚ ਜ਼ਹਿਰ ਘੋਲਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿੰਦੇ ਹਨ। ਲੋਕ ਖੂਬ ਇਨ੍ਹ ਦੇ ਹੱਥਾਂ ਦੀ ਕਠਪੁਤਲੀ ਬਣਕੇ ਨੱਚਦੇ ਹਨ। ਹੁਣੇ-ਹੁਣੇ ਡੇਰਾ ਸੱਚਾ ਸੌਦਾ ਮੁਖੀ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਵਿੱਚ ਬਣੇ ਹਨ। ਬਹੁਤਾ ਸੋਸ਼ਲ ਮੀਡੀਆ ਉਨ੍ਹਾਂ ਦੇ ਚੰਗੇ ਕੰਮਾਂ ਦੇ ਵੇਰਵੇ ਦੇ ਰਿਹਾ ਹੈ। ਬਹੁਤੇ ਲੋਕ ਉਨ੍ਹਾਂ ਦੇ ਦੋਸ਼ ਸਾਬਤ ਕਰਨ ਜੁਟੇ ਹੋਏ ਹਨ। ਜੋ ਜ਼ਹਿਰ ਉਗਲਿਆ ਜਾ ਰਿਹਾ ਹੈ, ਉਹ ਕਿਸੇ ਲਈ ਵੀ ਚੰਗੀ ਗੱਲ ਨਹੀਂ ਹੈ।
ਲੋਕਾਂ ਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਸਾਡੀ ਇਹ ਤ੍ਰਾਸਦੀ ਰਹੀ ਹੈ ਸਾਡੀ ਅਗਵਾਈ ਕਰਨ ਵਾਲੇ ਲੀਡਰ ਜਾਂ ਤਾਂ ਸਾਜ਼ਿਸ਼ ਦਾ ਹਿੱਸਾ ਹੁੰਦੇ ਹਨ ਜਾਂ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕਰ ਦਿੱਤਾ ਜਾਂਦਾ ਹੈ ਕਿ ਉਹ ਸਾਜ਼ਿਸ਼ ਦਾ ਹਿੱਸਾ ਬਣ ਜਾਂਦੇ ਹਨ। ਕੁਝ ਲੋਕਾਂ ਦੀ ਫ਼ਿਤਰਤ ਹੈ ਕਿ ਲੋਕਾਈ ਦੇ ਭਲੇ ਦੀ ਗੱਲ ਉਨ੍ਹਾਂ ਨੂੰ ਹਾਜ਼ਮ ਨਹੀਂ ਹੁੰਦੀ, ਇਸ ਲਈ ਉਹ ਮਾਨਵਤਾ ਦੀ ਸੇਵਾ ਕਰਨ ਵਾਲਿਆਂ ਵਿੱਚ ਵੀ ਨੁਕਸ ਕੱਢਦੇ ਰਹਿੰਦੇ ਹਨ, ਬੁਰਾਈ ਕਰਦੇ ਰਹਿੰਦੇ ਹਨ। ਉਹ ਆਪ ਕੁਝ ਕਰਦੇ ਨਹੀਂ, ਕਿਸੇ ਨੂੰ ਕਰਨ ਨਹੀਂ ਦਿੰਦੇ। ਕੁਝ ਧਾਰਮਿਕ ਅਤੇ ਰਾਜਨੀਤਕ ਲੀਡਰ ਅਜਿਹੇ ਹਨ ਜੋ ਕਿਸੇ ਖ਼ਾਸ ਸਮੇਂ ’ਤੇ ਹੀ ਬਾਹਰ ਆਉਂਦੇ ਹਨ ਤੇ ਫਿਰ ਸਮਾਜਿਕ ਸਮੀਕਰਣ ਬਦਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਮਨਸੂਬਾ ਪੂਰਾ ਨਾ ਹੋਣ ਤੇ ਫਿਰ ਅਲੋਪ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਬਹੁਤ ਸਮਝਦਾਰੀ ਵਰਤਣੀ ਚਾਹੀਦੀ ਹੈ ਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈ ਰੱਖਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਸੋਸ਼ਲ ਮੀਡੀਆ ’ਤੇ ਬੈਠੇ ਲੋਕ ਅਜਿਹੀਆਂ ਹਰਕਤਾਂ ਕਰ ਰਹੇ ਹਨ, ਜਿਸ ਨਾਲ ਧਾਰਮਿਕ ਅਤੇ ਜਾਤੀਵਾਦ ਦਾ ਪਾੜਾ ਵਧ ਰਿਹਾ ਹੈ। ਇਹ ਅਵਾਮ ਲਈ ਬਹੁਤ ਘਾਤਕ ਹੈ। ਸਾਨੂੰ ਅਜਿਹੇ ਲੋਕਾਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਗੱਲਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਬੇਵਜਾਹ ਆਪਸੀ ਭਾਈਚਾਰਕ ਸਾਂਝ ਨੂੰ ਠੇਸ ਨਹੀਂ ਲੱਗਣ ਦੇਣੀ ਚਾਹੀਦੀ। ਲੋਕਾਂ ਨੂੰ ਬਹੁਤ ਸਮਝਦਾਰੀ ਵਰਤਣ ਦੀ ਲੋੜ ਹੈ।ਵਖਰੇਵੇਂ ਪੈਦਾ ਕਰਨ ਵਾਲੇ ਲੋਕਾਂ ਨੂੰ ਨਕਾਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਪਿਆਰ ਬਣਿਆ ਰਹੇ, ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)