“ਇੱਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਸੱਚ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੁੰਦਾ। ਜਿਸ ...”
(11 ਸਤੰਬਰ 2026)
ਮਾਨ ਸਰਕਾਰ ਦਾ ਕਾਰਜਕਾਲ ਲਗਭਗ ਪੂਰਾ ਹੋ ਚੁੱਕਾ ਹੈ। ਕਦੇ ਵੀ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਸਾਰੀਆਂ ਪਾਰਟੀਆਂ ਪੱਬਾ ਭਾਰ ਹਨ ਅਤੇ ਆਮ ਆਦਮੀ ਸਰਕਾਰ ਇਸ ਸਮੇਂ ਸਭ ਤੋਂ ਉੱਤੇ ਹੈ। ਸਰਕਾਰ ਨੇ ਬਹੁਤ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਸਨ, ਜਿਨ੍ਹਾਂ ਵਿੱਚ ਬਿਜਲੀ, ਪਾਣੀ, ਸਿਹਿਤ ਅਤੇ ਸਿੱਖਿਆ ਵੱਡੇ ਪੱਧਰ ’ਤੇ ਸਨ। ਬਹੁਤ ਸਾਰੇ ਵਾਅਦੇ ਪੂਰੇ ਵੀ ਹੋ ਰਹੇ ਹਨ। ਪੂਰੇ ਹੋਇਆ ਵਿੱਚ ਬਹੁਤ ਸਾਰੇ ਦਿਸ ਰਹੇ ਹਨ ਤੇ ਬਹੁਤ ਸਾਰੇ ਦਿਸ ਨਹੀਂ ਰਹੇ। ਪੂਰੇ ਹੋਇਆਂ ਵਿੱਚ ਸਭ ਤੋਂ ਵੱਧ ਚਮਕਣ ਵਾਲਾ ਬੀਬੀਆਂ ਨਾਲ 1000 ਰੁਪਏ ਦਾ ਕੀਤਾ ਐਲਾਨ ਪੂਰਾ ਕੀਤਾ ਸਰਕਾਰ ਦੇ ਪੰਜਵੇ ਸਾਲ ਦੇ ਅੰਤ ’ਤੇ ਜਿਸ ਨਾਲ ਬਹੁਤ ਖੁਸੀ ਹੋਈ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ। ਸਿਹਿਤ ਸਿੱਖਿਆ ਪ੍ਰਣਾਲੀ ਵਿੱਚ ਵਚਨਬੱਧ ਸੁਧਾਰ ਕੀਤੇ ਜਾ ਰਹੇ ਹਨ।
ਭਾਵੇਂ ਕਿ ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ਪਰ ਇੱਕ ਵਾਅਦਾ, ਜੋ ਕਿ ਸਰਕਾਰ ਨੇ ਕਿਹਾ ਸੀ ਕਿ ਨਸ਼ਾ ਇੱਕ ਮਹੀਨੇ ਵਿੱਚ ਬੰਦ ਕਰ ਕੇ ਵਿਖਾਇਆ ਜਾਵੇਗਾ, ਉਹ ਨਸ਼ੇ ਦਾ ਮੁੱਦਾ ਜਿਉਂ ਦਾ ਤਿਉਂ ਖੜ੍ਹਾ ਹੈ। ਲੋਕ ਬਹੁਤ ਪਰੇਸ਼ਾਨ ਹਨ। ਨਸ਼ੇ ਦਾ ਦਰਿਆ ਹੁਣ ਸਮੁੰਦਰ ਦਾ ਰੂਪ ਧਾਰਨ ਕਰ ਰਿਹਾ ਹੈ। ਪੰਜਾਬ ਵਿੱਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਹੁਣ ਠੱਲ੍ਹ ਪਾਉਣਾ ਮੁਸ਼ਕਿਲ ਲਗਦਾ ਹੈ। ਇਹ ਹੈ ਵੀ ਸੱਚ ਹੈ ਕਿ ਪੀਜ਼ੇ ਦੀ ਡਿਲੀਵਰੀ ’ਤੇ ਦਸ ਮਿੰਟ ਲੱਗ ਸਕਦੇ ਹਨ ਪਰ ਚਿੱਟੇ ਦੀ ਡਿਲੀਵਰੀ ਦੋਂਹ ਮਿੰਟਾਂ ਵਿੱਚ ਹੋ ਜਾਂਦੀ ਹੈ। ਨਸ਼ੇ ਦੀ ਸਪਲਾਈ ਸਭ ਤੋਂ ਤੇਜ਼ ਹੈ। ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਵੀਡੀਓ ਵਾਇਰਲ ਹੁੰਦੀ ਹੈ, ਜਿਸ ਵਿੱਚ ਸ਼ਰੇਆਮ ਨਸ਼ੇ ਦਾ ਸੇਵਨ ਅਤੇ ਵਪਾਰ ਹੋ ਰਿਹਾ ਹੁੰਦਾ ਹੈ। ਕੋਈ ਨਾ ਕੋਈ ਨੌਜਵਾਨ ਮੁੰਡਾ ਜਾ ਕੁੜੀ ਨਸ਼ੇ ਦੀ ਹਾਲਤ ਵਿੱਚ ਝੂਮ ਰਿਹਾ ਹੁੰਦਾ ਹੈ ਜਾਂ ਤਮਾਸ਼ਾ ਕਰ ਰਿਹਾ ਹੁੰਦਾ ਹੈ। ਪੂਰੇ ਪੰਜਾਬ ਦਾ ਨੌਜਵਾਨ ਚਿੱਟੇ ਦੀ ਲਪੇਟ ਵਿੱਚ ਆ ਗਿਆ ਹੈ। ਸਕੂਲ ਸੁਰਖਿਅਤ ਨਹੀਂ ਹਨ। 10 ਤੋਂ 14 ਸਾਲ ਦੀ ਉਮਰ ਦੇ ਬੱਚੇ ਬਹੁਤ ਵੱਡੀ ਗਿਣਤੀ ਵਿੱਚ ਨਸ਼ੇ ਦੀ ਲਪੇਟ ਵਿੱਚ ਹਨ। ਨਸ਼ੇੜੀ ਵਾਰਦਾਤਾਂ ਕਰ ਰਹੇ ਹਨ। ਲੁੱਟ ਖੋਹ ਸ਼ਰੇਆਮ ਹੋ ਰਹੀ ਹੈ। ਇੱਥੋਂ ਤਕ ਕਿ ਕਤਲ ਤਕ ਕਰ ਰਹੇ ਹਨ। ਆਮ ਆਦਮੀ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਇਨ੍ਹਾਂ ’ਤੇ ਕੋਈ ਕੰਟਰੋਲ ਨਹੀਂ ਹੋ ਰਿਹਾ।
ਭਾਵੇਂ ਕਿ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਨੁਸਾਰ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਪਰ ਇਸਦਾ ਅਸਰ ਕੋਈ ਜ਼ਿਆਦਾ ਨਹੀਂ ਦਿਸ ਰਿਹਾ। ਇਸ ਮੁਹਿੰਮ ਦੇ ਬਾਵਜੂਦ ਨਸ਼ੇ ਦੀ ਵਰਤੋਂ ਵਿਕਰੀ ਵਧ ਰਹੀ ਹੈ। ਪੁਲਿਸ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਿੱਚ ਜੁਟੀ ਹੋਈ ਹੈ। ਲੋਕ ਸਰਕਾਰ ਦੇ ਵਿਧਾਇਕਾਂ ਨੂੰ ਇਕੱਠ ਵਿੱਚ ਖੜ੍ਹੇ ਹੋ ਕੇ ਦੱਸ ਰਹੇ ਹਨ ਕਿ ਸਰਕਾਰ ਦਾ ਨਸ਼ੇ ਉੱਤੇ ਕੋਈ ਕੰਟਰੋਲ ਨਹੀਂ ਹੈ, ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਇਸੇ ਤਰ੍ਹਾਂ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਨੂੰ ਕਿਸੇ ਇਕੱਠ ਵਿੱਚ ਇੱਕ ਨੌਜਵਾਨ ਨੇ ਇਕੱਠ ਵਾਲੀ ਥਾਂ ’ਤੇ ਹੀ ਵਿਖਾਇਆ ਕੇ ਦੇਖੋ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਇਸੇ ਤਰ੍ਹਾਂ ਸੰਗਰੂਰ ਵਿੱਚ ਮੁੱਖ ਮੰਤਰੀ ਸਾਹਮਣੇ ਨਸ਼ੇ ਦਾ ਵਿਰੋਧ ਕਰਨ ਵਾਲੇ ਨੌਜਵਾਨ ਮੋਹਨਜੀਤ ਸਿੰਘ ਨੂੰ ਵੀ ਕਾਫੀ ਤਸ਼ੱਦਦ ਝੱਲਣਾ ਪਿਆ, ਜਿਸ ਨੂੰ ਪੁਲੀਸ ਨੇ ਜਬਰਦਸਤੀ ਘਰੋਂ ਚੁੱਕ ਲਿਆ ਤੇ ਥਾਣੇ ਲਿਜਾ ਕੇ ਉਸ ਉੱਤੇ ਬਹੁਤ ਤਸ਼ੱਦਦ ਕੀਤਾ, ਜਿਸ ਨੂੰ ਪੁਲੀਸ ਦੇ ਹੱਥੋਂ ਬਚਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਤਾਂ ਫਿਰ ਕਿਤੇ ਜਾ ਕੇ ਮੋਹਨਜੀਤ ਨੂੰ ਪੁਲੀਸ ਦੇ ਚੁੰਗਲ ਵਿੱਚੋਂ ਬਚਾਇਆ। ਅਜਿਹਾ ਪਹਿਲਾਂ ਵੀ ਕਈ ਦਫਾ ਹੋ ਚੁੱਕਿਆ ਹੈ ਕਿ ਜਿਸ ਵੀ ਕਿਸੇ ਬੰਦੇ ਨੇ ਨਸ਼ੇ ਦੇ ਸ਼ਰੇਆਮ ਹੁੰਦੇ ਵਪਾਰ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ, ਉਸਨੂੰ ਪੁਲਿਸ ਦਾ ਤਸ਼ੱਦਦ ਝੱਲਣਾ ਪਿਆ। ਆਮ ਲੋਕਾਂ ਦੀ ਕੀ ਔਕਾਤ ਹੈ, ਥੋੜ੍ਹੇ ਦਿਨ ਪਹਿਲਾ ਇੱਕ ਪੁਲੀਸ ਵਾਲੇ ਦੀਆਂ ਲੱਤਾਂ ਤੋੜ ਦਿੱਤੀਆਂ ਨਸ਼ਾ ਤਸਕਰਾਂ ਨੇ ਤੇ ਉਹ ਐੱਸ ਐੱਸ ਪੀ ਸਾਹਿਬ ਚੀਕ ਚੀਕ ਕੇ ਪੁਕਾਰ ਰਿਹਾ ਸੀ ਕਿ ਕੀ ਉਸਦਾ ਕਸੂਰ ਸਹੀ ਡਿਊਟੀ ਕਰਨਾ ਹੀ ਹੈ।
ਲੋਕ ਹੁਣ ਜਿੱਥੇ ਵੀ ਮੰਤਰੀ ਜਾਂ ਐੱਮ ਐੱਲ ਏ ਦਾ ਪ੍ਰੋਗਰਾਮ ਹੁੰਦਾ ਹੈ, ਉੱਥੇ ਨਸ਼ੇ ਦੇ ਬਾਰੇ ਢਿੱਲ ’ਤੇ ਜ਼ਰੂਰ ਸਵਾਲ ਪੁੱਛਦੇ ਹਨ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਜੱਗ-ਜ਼ਾਹਰ ਕਰਦੇ ਹਨ। ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਪਿੰਡ ਦੇ ਗੁਲਜ਼ਾਰ ਸਿੰਘ ਨੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਪ੍ਰੋਗਰਾਮ ਵਿੱਚ ਮੰਤਰੀ ਨੂੰ ਨਸ਼ੇ ਦੇ ਖਿਲਾਫ ਢਿੱਲ ਨੂੰ ਲੈ ਕੇ ਸਵਾਲ ਕੀਤੇ ਤੇ ਪਿੰਡ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਵਾਰੇ ਜਾਣੂ ਕਰਵਾਇਆ। ਉਸਨੇ ਆਪਣੇ ਇੱਕ ਪੁੱਤਰ ਦੇ ਨਸ਼ੇ ਦੀ ਲਪੇਟ ਵਿੱਚ ਆਉਣ ਤੇ ਮੌਤ ਬਾਰੇ ਦੱਸਿਆ; ਜਿਸ ’ਤੇ ਮੰਤਰੀ ਨਰਾਜ਼ ਹੋ ਗਿਆ ਤੇ ਗੁਲਜ਼ਾਰ ਸਿੰਘ ਨੂੰ ਪਿੰਡ ਦੇ ਕੁਝ ਪਾਰਟੀ ਦੇ ਬੰਦਿਆਂ ਨੇ ਮੁਆਫੀ ਮੰਗਣ ਲਈ ਮਜਬੂਰ ਕੀਤਾ। ਇਨ੍ਹਾਂ ਲੋਕਾਂ ਵੱਲੋਂ ਕੀਤੀ ਜਲੀਲਤਾ ਨੂੰ ਨਾ ਸਹਿੰਦੇ ਹੋਏ ਗੁਲਜ਼ਾਰ ਸਿੰਘ ਜ਼ਹਿਰੀਲੀ ਚੀਜ਼ ਖਾ ਗਿਆ ਤੇ ਉਸਦੀ ਡੀ ਐੱਮ ਸੀ ਹਸਪਤਾਲ ਵਿੱਚ ਮੌਤ ਹੋ ਗਈ।
ਇੱਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਸੱਚ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੁੰਦਾ। ਜਿਸ ਬੰਦੇ ਨੇ ਆਪਣਾ ਬੱਚਾ ਗੁਆ ਲਿਆ ਤੇ ਸੱਚ ਬੋਲ ਕੇ ਨਸ਼ੇ ਦੇ ਖਿਲਾਫ ਸਿਸਟਮ ਦੀ ਭੇਟ ਖੁਦ ਚੜ੍ਹ ਗਿਆ, ਕੀ ਸਰਕਾਰ ਦੀ ਇਹ ਮੁਹਿੰਮ ਨਸ਼ੇ ਖਿਲਾਫ ਹੈ ਜਾਂ ਸੱਚ ਦੇ ਖਿਲਾਫ ਹੈ? ਜੇਕਰ ਕੋਈ ਨਸ਼ੇ, ਮੰਤਰੀ ਜਾਂ ਵਿਧਾਇਕ ਖਿਲਾਫ ਬੋਲੇਗਾ ਜਾਂ ਨਸ਼ਾ ਬੰਦ ਨਾ ਹੋਣ ’ਤੇ ਜਾਂ ਨਸ਼ੇੜੀਆਂ ਵੱਲੋਂ ਤੰਗ ਆ ਕੇ ਸੱਚ ਬੋਲਗਾ ਤਾਂ ਉਸਨੂੰ ਵੀ ਸੱਚ ਬੋਲ ਬਦਲੇ ਆਪਣੀ ਜਾਨ ਦੇਣੀ ਪਵੇਗੀ। ਕੀ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਹੈ ਜਾਂ ‘ਯੁੱਧ ਸੱਚ ਦੇ ਵਿੱਰੁਧ’ ਹੈ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































