“ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ...”
(29 ਮਈ 2017)

ਮਾਰਚ ਜਾਂ ਅਪ੍ਰੈਲ 1958 ਦੀ ਗੱਲ ਹੈ, ਮੈਂ ਆਪਣੇ ਕਰਮਾਂ ਰਾਹੀਂ ਦਸਵੀਂ ਜਮਾਤ ਵਿੱਚੋਂ ਦੂਜੀ ਵਾਰ ਫੇਲ੍ਹ ਹੋਣ ਦੇ ਪ੍ਰਬੰਧ ਮੁਕੰਮਲ ਕਰ ਚੁੱਕਾ ਸਾਂ ਪਰ 1955 ਵਿੱਚ ਮੇਰਾ ਸਾਹਿਤ ਨਾਲ ਜੁੜਿਆ ਸਬੰਧ ਏਨਾ ਵਧ ਗਿਆ ਕਿ ਮੇਰਾ ਘਰ ਕਿਤਾਬਾਂ ਅਤੇ ਮੈਗ਼ਜ਼ੀਨਾਂ ਨਾਲ ਭਰ ਗਿਆ। ਅਜਿਹੇ ਮਾਹੌਲ ਵਿੱਚ ਮੈਂ ਲਿਖਾਰੀ ਸਭਾ ਰਾਮਪੁਰ ਦੇ ਪਹਿਲੇ ਸਮਾਗਮ ਦੀਆਂ ਰਿਪੋਰਟਾਂ, ਖ਼ਬਰਾਂ ਪੜ੍ਹੀਆਂ। ਮਾਸਿਕ ‘ਫੁਲਵਾੜੀ’ ਵਿੱਚ ਕਈ ਸਫ਼ਿਆਂ ਦੀ ਤਫ਼ਸੀਲ ਪੜ੍ਹੀ। ਮੈਂ ਲਿਖਾਰੀ ਸਭਾ ਰਾਮਪੁਰ ਦਾ ਮੈਂਬਰ ਬਣਨ ਬਾਰੇ ਸੋਚਿਆ। ਕੁਝ ਦਿਨਾਂ ਬਾਅਦ ਬਲਕਾਰ ਸਿੰਘ ਪਾਸੋਂ ਮੈਨੂੰ ਪਤਾ ਲੱਗਾ ਕਿ ਇਹੋ ਜਿਹੀ ਇੱਕ ਸਾਹਿਤ ਸਭਾ ਬਰਨਾਲੇ ਵੀ ਬਣੀ ਹੋਈ ਹੈ, ਚਲੋ ਉਸ ਦੇ ਮੈਂਬਰ ਬਣੀਏ। ਮੈਂਬਰ ਅਸੀਂ ਉਦੋਂ ਹੀ ਬਣ ਗਏ ਜਾਂ ਠਹਿਰ ਕੇ ਬਣੇ, ਹੁਣ ਯਾਦ ਨਹੀਂ ਪਰ ਉਨ੍ਹਾਂ ਦਿਨਾਂ ਵਿੱਚ ਹੀ ਸਾਹਿਤ ਸਭਾ ਬਰਨਾਲਾ ਵੱਲੋਂ ਕੀਤਾ ਗਿਆ ਬਹੁਤ ਵੱਡਾ ਸਾਹਿਤ ਸੰਮੇਲਨ ਅਸਾਂ ਜਰੂਰ ਅਟੈਂਡ ਕੀਤਾ। ਪੈਪਸੂ ਦੇ ਡਿਪਟੀ ਹੋਮ ਮਨਿਸਟਰ ਪ੍ਰੇਮ ਸਿੰਘ ਪ੍ਰੇਮ ਉਸ ਦੇ ਮੁੱਖ ਮਹਿਮਾਨ ਸਨ। ਪ੍ਰੇਮ ਖ਼ੁਦ ਕਵੀ ਅਤੇ ਸਾਹਿਤ ਰਸੀਆ ਸੀ। ਸ਼ਾਇਦ ਹੋਮ ਮਨਿਸਟਰੀ ਦੇ ਨਾਲ-ਨਾਲ ਉਹ ਸਿੱਖਿਆ ਮੰਤਰੀ ਵੀ ਸੀ। ਦੋ ਹੋਰ ਵੱਡੇ ਸਿਆਸੀ ਆਗੂ ਹਰਨਾਮ ਸਿੰਘ ਚਮਕ ਅਤੇ ਸੰਪੂਰਨ ਸਿੰਘ ਧੌਲਾ ਵੀ ਇਸ ਵਿੱਚ ਸ਼ਾਮਿਲ ਹੋਏ। ਸਾਰਾ ਦਿਨ ਸਮਾਗਮ ਚਲਦਾ ਰਿਹਾ। ਰਾਤੀਂ ਕਵੀ ਦਰਬਾਰ ਹੋਇਆ,ਜਿਸ ਦਾ ਮੰਚ ਸੰਚਾਲਨ ਸਾਧੂ ਸਿੰਘ ਬੇਦਿਲ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਗੁਰਚਰਨ ਰਾਮਪੁਰੀ ਅਤੇ ਸੁਰਜੀਤ ਰਾਮਪੁਰੀ ਦਾ ਚੰਗਾ ਪ੍ਰਭਾਵ ਪਿਆ। ਇਨ੍ਹਾਂ ਤੋਂ ਵੀ ਵੱਧ ਪ੍ਰਭਾਵ ਦੋ ਕਮਿਊਨਿਸਟ ਵਰਕਰਾਂ ਰਮੇਸ਼ ਵਾਲੀਆ ਅਤੇ ਦੇਵਿੰਦਰ ਵੱਲੋਂ ਗਾਏ ਸੰਤੋਖ ਸਿੰਘ ਧੀਰ ਦੇ ਤਿੰਨ ਗੀਤ, ‘ਸੌਣ ਦੇ ਸ਼ਰਾਟੇ’, ‘ਕਾਮਿਆਂ ਦਾ ਆ ਗਿਆ ਜ਼ਮਾਨਾ’ ਅਤੇ ‘ਰਾਜ ਕਰਦੇ ਰਾਜਿਓ ਤੂਫ਼ਾਨ ਆ ਰਿਹੈ’ ਨੇ ਸਰੋਤਿਆਂ ਉੱਪਰ ਪਾਇਆ।
ਕਵੀ ਦਰਬਾਰ ਖ਼ਤਮ ਹੋ ਗਿਆ। ਲੋਕ ਆਪੋ-ਆਪਣੇ ਟਿਕਾਣਿਆਂ ’ਚਲੇ ਗਏ। ਰਾਤ ਬਹੁਤ ਲੰਘ ਚੁੱਕੀ ਸੀ। ਕੁਝ ਲੋਕ ਸਟੇਜ ’ਤੇ ਹੀ ਟਿਕ ਗਏ। ਮੈਂ ਤੇ ਬਲਕਾਰ ਵੀ ਉਨ੍ਹਾਂ ਵਿੱਚ ਸ਼ਾਮਿਲ ਸਾਂ। ਅਣਖੀ ਕਿਤੇ ਹੋਰ ਚੰਗੇ ਥਾਂ ਜਾ ਸਕਦਾ ਸੀ ਪਰ ਉਸ ਨੇ ਵੀ ਰੈਣ ਬਸੇਰਾ ਸਟੇਜ ਨੂੰ ਹੀ ਬਣਾਇਆ। ਹੋਰਨਾਂ ਤੋਂ ਇਲਾਵਾ ਸੋਢੀ ਮਹਿੰਦਰ ਸਿੰਘ ਪਰਦੇਸੀ ਅਤੇ ਵੈਦ ਸੰਤਾ ਸਿੰਘ ਪਾਂਧੀ ਵੀ ਉੱਥੇ ਰਹੇ। ਸੌਣ ਦੀ ਕਿਸੇ ਕੋਸ਼ਿਸ਼ ਨਾ ਕੀਤੀ, ਗੱਲਾਂ ਕਰਦੇ ਰਹੇ। ਫੇਰ ਦਿਨ ਨੂੰ ਉਡੀਕਦਿਆਂ ਦਾ ਕਵੀ ਦਰਬਾਰ ਸ਼ੁਰੂ ਹੋ ਗਿਆ। ਵੈਦ ਸੰਤਾ ਸਿੰਘ ਪਾਂਧੀ ਨੇ ਕਵਿਤਾ ਪੜ੍ਹੀ, ਸੋਢੀ ਪਰਦੇਸੀ ਨੇ ਬਾਂਗਰੂ ਹੀਰ ਸੁਣਾਈ। ਮਾਸਟਰ ਤਾਰਾ ਸਿੰਘ ਖ਼ਿਲਾਫ਼ ਅਪਮਾਨਜਨਕ ਤੁਕਬੰਦੀ ਬੋਲੀ। ਇਸ ਤੋਂ ਪ੍ਰੇਰਿਤ ਹੋ ਕੇ ਅਣਖੀ ਨੇ ਵੀ ਮਹਾਤਮਾ ਗਾਂਧੀ ਅਤੇ ਮਾਸਟਰ ਤਾਰਾ ਸਿੰਘ ਵਿਰੁੱਧ ਹੱਤਕ ਆਮੇਜ਼ ਕਾਫ਼ੀਆ ਗੋਈ ਕੀਤੀ। ਇਹ ਸਾਰਾ ਕੁਝ ਕਮਿਉਨਿਸਟਾਂ ਦੇ ਵਿਆਪਕ ਪ੍ਰਭਾਵ ਕਰਕੇ ਹੋਇਆ ਸੀ।
ਇਸ ਤਰ੍ਹਾਂ ਦਿਨ ਚੜ੍ਹਿਆ। ਰਾਤ ਕੱਟਣ ਲਈ ਸਟੇਜ ’ਤੇ ਰੁਕੇ ਲੋਕ ਕਿਰਨਮ ਕਿਰਨੀ ਕਿਰ ਗਏ। ਅਣਖੀ ਆਪਣੇ ਸਕੂਲ ਚਲਾ ਗਿਆ ਹੋਵੇਗਾ। ਜਦੋਂ ਮੈਂ ਤੇ ਬਲਕਾਰ ਸਾਈਕਲਾਂ ’ਤੇ ਆਪਣੇ ਪਿੰਡ ਬਡਬਰ ਨੇਡੇ ਪੁੱਜੇ ਤਾਂ ਸਾਡੇ ਕੋਲੋਂ ਪ੍ਰੇਮ ਸਿੰਘ ਪ੍ਰੇਮ ਦੀ ਕਾਰ ਲੰਘੀ ਜਿਸ ਵਿੱਚ ਪ੍ਰੇਮ ਨਾਲ ਰਮੇਸ਼ ਵਾਲੀਆ ਅਤੇ ਦੇਵਿੰਦਰ ਦੋਵੇਂ ਕਮਿਊਨਿਸਟ ਵੀ ਬੈਠੇ ਸਨ। ਉਹ ਪਟਿਆਲੇ ਤੋਂ ਆਏ ਸਨ ਤੇ ਵਾਪਸ ਜਾ ਰਹੇ ਸਨ।
ਸਾਡਾ ਸਬੰਧ ਸਾਹਿਤ ਸਭਾ ਬਰਨਾਲਾ ਨਾਲ ਜੁੜ ਗਿਆ। ਸਾਹਿਤ ਸਭਾ ਬਰਨਾਲਾ ਦਾ ਇੱਕ ਪੈਂਫਲਿਟ ਸਾਡੇ ਹੱਥ ਲੱਗਾ ਜਿਸ ਵਿੱਚ ਸਭਾ ਦੇ ਮੈਂਬਰਾਂ ਦੀਆਂ ਕਵਿਤਾਵਾਂ ਅਤੇ ਤਸਵੀਰਾਂ ਛਾਪੀਆਂ ਗਈਆਂ ਸਨ ਜਿਨ੍ਹਾਂ ਵਿੱਚ ਜਗੀਰ ਸਿੰਘ ਜਗਤਾਰ, ਪ੍ਰੀਤਮ ਸਿੰਘ ਰਾਹੀ, ਜਗਦੇਵ ਜ਼ਖ਼ਮ, ਪ੍ਰੀਤਮ ਰਸੀਆ ਅਤੇ ਅਣਖੀ ਦੀਆਂ ਤਸਵੀਰਾਂ ਸਨ।
ਅਣਖੀ ਦੀ ਤਸਵੀਰ ਨੇ ਕਮੀਜ਼ ਪਹਿਨ ਰੱਖੀ ਸੀ, ਦਾੜ੍ਹੀ ਬਿਲਕੁਲ ਨਹੀਂ ਸੀ ਆਈ। ਗੋਰਾ ਚਿੱਟਾ ਸੋਹਣਾ ਸੁਡੌਲ ਮੂੰਹ ਸੀ। ਸਿਰ ’ਤੇ ਬੜੀ ਸੋਹਣੀ ਬਿਸਕੁਟੀ ਪੱਗ ਬੰਨ੍ਹੀ ਹੋਈ ਸੀ। ਅਣਖੀ ਬੜਾ ਲੰਮਾ ਸਮਾਂ ਬਿਸਕੁਟੀ ਰੰਗ ਦੀ ਪੱਗ ਨੂੰ ਤਰਜੀਹ ਦਿੰਦਾ ਰਿਹਾ।
ਉਸੇ ਸਾਲ ਮੈਂ ਸਾਹਿਤ ਸਭਾ ਬਰਨਾਲਾ ਦੀਆਂ ਦੋ ਮੀਟਿੰਗਾਂ ਅਟੈਂਡ ਕੀਤੀਆਂ। ਇੱਕ ਮੀਟਿੰਗ ਅਕਤੂਬਰ ਮਹੀਨੇ ਹੋਈ ਜਿਸ ਵਿੱਚ ਹਰਨਾਮ ਸਿੰਘ ਚਮਕ ਨੇ ਆਪਣਾ ਇੱਕ ਲੇਖ ਪੜ੍ਹਿਆ ਸੀ। ਇੱਕ ਹੋਰ ਮੀਟਿੰਗ ਬਾਅਦ ਵਿੱਚ ਹੋਈ ਜਿਸ ਵਿੱਚ ਸਰਦਾਰ ਸੁਰਜੀਤ ਸਿੰਘ ਧੌਲਾ ਐਡਵੋਕੇਟ ਸ਼ਾਮਿਲ ਹੋਏ ਸਨ ਜਿਨ੍ਹਾਂ ਨੇ ਆਪਦਾ ਤਖੱਲਸ ਬਾਅਦ ਵਿੱਚ ਬਦਲ ਕੇ ਬਰਨਾਲਾ ਕਰ ਲਿਆ ਸੀ। ਸਾਹਿਤ ਸਭਾ ਦਾ ਅਗਲਾ ਸਮਾਗਮ ਫਰਵਰੀ ਮਹੀਨੇ ਕਿਸੇ ਸਕੂਲ ਵਿੱਚ ਹੋਇਆ ਜਿਸ ਵਿੱਚ ਮੁੱਖ ਬੁਲਾਰਾ ਸੰਤ ਸਿੰਘ ਸੇਖੋਂ ਸੀ। ਕਿਸੇ ਨੇ ਨਾਵਲ ਬਾਰੇ ਵੀ ਪੇਪਰ ਪੜ੍ਹਿਆ, ਚੰਗੀ ਤਰ੍ਹਾਂ ਯਾਦ ਨਹੀਂ ਸ਼ਾਇਦ ਸ.ਸ. ਪਦਮ ਹੋਵੇ। ਹੋਰ ਸਾਹਿਤਕਾਰ ਜੋ ਸ਼ਾਮਿਲ ਹੋਏ, ਉਨ੍ਹਾਂ ਵਿੱਚੋਂ ਪ੍ਰਮੁੱਖ ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਅਤਰ ਸਿੰਘ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਨਿਰਮਲ ਸਿੰਘ, ਪ੍ਰੋ. ਗੁਰਭਗਤ ਸਿੰਘ ਅਤੇ ਜਗਤਾਰ ਪਪੀਹਾ ਸਨ। ਇਸ ਵਾਰ ਵੀ ਕਵੀ ਦਰਬਾਰ ਹੋਇਆ ਜੋ ਦਿਨ ਚੜ੍ਹੇ ਤੱਕ ਚਲਦਾ ਰਿਹਾ, ਜਿਸ ਦਾ ਫ਼ਾਇਦਾ ਇਹ ਹੋਇਆ ਕਿ ਪਿਛਲੇ ਸਮਾਗਮ ਵਾਂਗ ਸਾਨੂੰ ਰਾਤ ਕੱਟਣ ਦੀ ਮੁਸੀਬਤ ਤੋਂ ਛੁਟਕਾਰਾ ਮਿਲ ਗਿਆ। ਸਮਾਗਮ ਖ਼ਤਮ, ਮੈਂ ਤੇ ਬਲਕਾਰ ਸਾਈਕਲਾਂ ਉੱਪਰ ਪਿੰਡ ਪੁੱਜ ਗਏ।
ਇਨ੍ਹਾਂ ਦਿਨਾਂ ਵਿੱਚ ਅਣਖੀ ਦਾ ਕਾਵਿ ਸੰਗ੍ਰਹਿ ‘ਮਟਕ ਚਾਨਣਾ’ ਛਪਿਆ। ਭੂਮਿਕਾ ਜਗੀਰ ਸਿੰਘ ਜਗਤਾਰ ਦੇ ਪ੍ਰਭਾਵ ਅਤੇ ਕਹਿਣ ਕਾਰਨ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਨੇ ਲਿਖੀ ਜੋ ਸਾਹਿਤ ਸਭੀਆਂ ਵਿੱਚ ਚੰਗੀ ਵੱਡੀ ਗੱਲ ਮੰਨੀ ਗਈ। ਕਈ ਵਰ੍ਹੇ ਪਿੱਛੋਂ ਜਾ ਕੇ ਜਦੋਂ ਜਗਤਾਰ ਬਨਾਮ ਪਦਮ ਦੇ ਪਰਸਨੈਲਿਟੀ ਕਲੈਸ਼ ਕਰਕੇ ਸਾਹਿਤ ਸਭਾ ਟੁੱਟੀ ਤਾਂ ਇਸ ਦੀ ਖ਼ਬਰ ਮੈਨੂੰ ਜਗੀਰ ਸਿੰਘ ਜਗਤਾਰ ਨੇ ਆਪ ਦੱਸੀ ਸੀ। ਮੈਨੂੰ ਪਹਿਲਾਂ ਅੰਦਾਜ਼ਨ ਇਸ ਹਕੀਕਤ ਦਾ ਪਤਾ ਸੀ ਹੀ।
1957 ਵਿੱਚ ਮੈਂ ਦਸਵੀਂ ਤੇ ਬਲਕਾਰ ਨੇ ਗਿਆਰਵੀਂ ਕਰ ਲਈ। ਮੈਂ ਰਣਬੀਰ ਕਾਲਜ ਸੰਗਰੂਰ ਦਾਖਲ ਹੋ ਗਿਆ, ਬਲਕਾਰ ਐੱਸ.ਡੀ. ਕਾਲਜ ਬਰਨਾਲੇ ਚਲਾ ਗਿਆ। ਰਿਹਾਇਸ਼ ਧਨੌਲਾ ਖੁਰਦ ਕਰ ਲਈ।
ਮੇਰੀ ਦਿਲਚਸਪੀ ਸਾਹਿਤ ਸਭਾ ਬਰਨਾਲਾ ਵਿੱਚ ਘਟਣੀ ਸ਼ੁਰੂ ਹੋ ਗਈ। ਸਾਹਿਤ ਪ੍ਰਤਿ ਮੇਰਾ ਸ਼ੌਕ ਸਿਰੇ ਲੱਗ ਚੁੱਕਾ ਸੀ। ਸਾਲ 1956 ਵਿੱਚ ਮੇਰੀ ਇੱਕ ਕਵਿਤਾ ‘ਮਾਨਵਤਾ ਅੱਜ ਸਹਿਮੀ ਸਹਿਮੀ’ ਕਹਾਣੀ ਰਸਾਲੇ ਵਿੱਚ ਛਪੀ ਜੋ ਅੰਮ੍ਰਿਤਸਰੋਂ ਨਿੱਕਲਦਾ ਸੀ। ‘ਪੂਰਨਮਾਸ਼ੀ’ ਨਾਮ ਦੀ ਕਵਿਤਾ ‘ਪੰਜ ਦਰਿਆ’ ਵਿੱਚ, ਦੋ ਕਵਿਤਾਵਾਂ ਅਤੇ ਇੱਕ ਕਹਾਣੀ ‘ਪੰਜਾਬੀ ਸਾਹਿਤ’ ਵਿੱਚ ਛਪੀਆਂ। ਇਸ ਤੋਂ ਬਾਅਦ ਹਰਕਿਸ਼ਨ ਸਿੰਘ ਦੇ ਇੰਗਲੈਂਡ ਚਲੇ ਜਾਣ ਬਾਅਦ ‘ਪੰਜਾਬੀ ਸਾਹਿਤ’ ਬੰਦ ਹੋ ਗਿਆ। ‘ਮਾਨਵਤਾ ਅੱਜ ਸਹਿਮੀ ਸਹਿਮੀ’ ਕਵਿਤਾ ਬਾਅਦ ਵਿੱਚ ‘1956 ਦੀ ਚੋਣਵੀਂ ਪੰਜਾਬੀ ਕਵਿਤਾ’ ਕਿਤਾਬ ਵਿੱਚ ਪੰਜਾਬੀ ਸਾਹਿਤ ਸਭਾ ਦਿੱਲੀ ਨੇ ਛਾਪੀ। ਬਰਨਾਲਾ ਸਾਹਿਤ ਸਭਾ ਵਿੱਚ ਮੇਰਾ ਆਉਣ ਜਾਣ ਬੰਦ ਹੋ ਗਿਆ ਪਰ ਜਗੀਰ ਸਿੰਘ ਜਗਤਾਰ, ਪ੍ਰੀਤਮ ਸਿੰਘ ਰਾਹੀ ਨਾਲ ਬਣੇ ਮੇਰੇ ਸਬੰਧ ਸਾਰੀ ਉਮਰ ਲਈ ਥਿਰ ਹੋ ਗਏ।
ਇਸ ਪਿੱਛੋਂ ਮੈਂ ਤੇ ਅਣਖੀ ਕਿੱਥੇ ਅਤੇ ਕਦੋਂ ਮਿਲੇ, ਯਾਦ ਨਹੀਂ। ਕਈ ਵਰ੍ਹੇ ਬਾਅਦ 1963 ਵਿੱਚ ਅਣਖੀ ਨਾਲ ਲੰਮੀ ਤੇ ਭਰਵੀਂ ਮੇਰੀ ਮੁਲਾਕਾਤ ਪ੍ਰੀਤ ਨਗਰ ਪਟਿਆਲਾ ਵਿੱਚ ਹੋਈ। ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ ਨਜ਼ਦੀਕ ਮੈਂ ਇੱਕ ਚੁਬਾਰੇ ਵਿੱਚ ਰਹਿੰਦਾ ਸਾਂ। ਬਲਕਾਰ, ਗੁਰਬਖਸ਼ ਸੋਚ ਅਤੇ ਬਲਦੇਵ ਮੱਤੀ ਮੈਥੋਂ ਕੁਝ ਘਰਾਂ ਦੀ ਵਿੱਥ ’ਤੇ ਇੱਕ ਕੋਠੀ ਵਿੱਚ ਰਹਿੰਦੇ ਸਨ। ਇੱਕ ਦਿਨ ਅਚਾਨਕ ਇੱਥੇ ਅਣਖੀ ਅਤੇ ਉਸ ਦਾ ਕੁਲੀਗ ਹਰਦਿੱਤ ਸਿੰਘ ਜੋਗਾ ਆ ਗਏ। ਉਨ੍ਹਾਂ ਐੱਮ.ਏ. ਪੰਜਾਬੀ ਦਾ ਇਮਤਿਹਾਨ ਦੇਣਾ ਸੀ, ਇਸ ਲਈ ਇੱਥੇ ਹੀ ਟਿਕ ਗਏ। ਮੇਰਾ ਉੱਥੇ ਰੋਜ਼ ਦਾ ਆਉਣ ਜਾਣ ਸੀ। ਇਸ ਲਈ ਅਣਖੀ ਨਾਲ ਹਰ ਰੋਜ਼ ਮੇਲ ਗੇਲ ਹੋਣ ਲੱਗ ਪਿਆ। ਇੱਕ ਦਿਨ ਅਣਖੀ ਨੇ ਪੁੱਛਿਆ - ਗੁਰਬਚਨ ਸਿੰਘ ਤਾਲਿਬ ਕਿੱਥੇ ਮਿਲੇਗਾ? ਮੈਂ ਕਿਹਾ - ਕੁਰੂਕਸ਼ੇਤਰ ਰਹਿੰਦੈ। ਉਸ ਨੇ ਪੁੱਛਿਆ - ਹੱਛਾ, ਕੁਰੂਕਸ਼ੇਤਰ ਜਾਣਾ ਪਵੇਗਾ? ਮੈਂ ਕਿਹਾ - ਕੁਰੂਕਸ਼ੇਤਰ ਕਾਹਨੂੰ ਜਾਣੈ, ਉਹ ਇੱਥੇ ਆਉਂਦਾ ਈ ਰਹਿੰਦੈ, ਇੱਥੇ ਮਿਲ ਲੈਣਾ। ਜਿੱਦਣ ਆਏਗਾ, ਮੈਂ ਤੈਨੂੰ ਦੱਸ ਦਿਆਂਗਾ। ਬਾਕਾਇਦਾ ਤਿਆਰੀ ਕਰਕੇ ਅਣਖੀ ਇਮਤਿਹਾਨ ਦਿੰਦਾ ਰਿਹਾ। ਇੱਕ ਦਿਨ ਮੈਂ ਉਸ ਨੂੰ ਤਾਲਿਬ ਦੇ ਆਉਣ ਦੀ ਖ਼ਬਰ ਦਿੱਤੀ ਤੇ ਦੱਸਿਆ ਕਿ ਉਸ ਦਾ ਭਰਾ ਮਹਿੰਦਰਾ ਕਾਲਜ ਦੇ ਹੋਸਟਲ ਦਾ ਵਾਰਡਨ ਹੈ. ਉਸ ਕੋਲ ਰਹੇਗਾ। ਅਗਲੀ ਸਵੇਰ ਅਣਖੀ ਆਪਦੇ ਪੁਰਾਣੇ ਅਧਿਆਪਕ ਗੁਰਬਚਨ ਸਿੰਘ ਨੂੰ ਨਾਲ ਲੈ ਕੇ ਤਾਲਿਬ ਨੂੰ ਮਿਲਿਆ। ਗੁਰਚਰਨ ਸਿੰਘ ਕਾਰਨ ਉਸ ਦਾ ਸੁਆਗਤ ਹੋਇਆ ਤੇ ਗੱਲ ਵੀ ਮੰਨੀ ਗਈ।
ਅਣਖੀ ਸੈਕਿੰਡ ਡਿਵੀਜ਼ਨ ਵਿੱਚ ਐੱਮ.ਏ. ਕਰ ਗਿਆ। ਕਵਿਤਾ ਲਿਖਣੀ ਛੱਡ ਦਿੱਤੀ, ਆਪਣੇ-ਆਪ ਨੂੰ ਲੱਭਿਆ ਅਤੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਮੁੜ ਕਿਸੇ ਹੋਰ ਪਾਸੇ ਨਹੀਂ ਦੇਖਿਆ। ਲਗਾਤਾਰ ਸੰਘਰਸ਼ ਕੀਤਾ, ਹਰ ਮੁਸ਼ਕਿਲ ਨਾਲ ਜੂਝਿਆ। ਪਹਿਲਾ ਕਹਾਣੀ ਸੰਗ੍ਰਹਿ ਆਪ ਛਾਪਿਆ। ਉਸ ਦੇ ਆਪਣੇ ਲਿਖੇ ਮੁਤਾਬਿਕ ਕੋਈ ਮਾਸਟਰ ਦੋ ਰੁਪਈਆਂ ਦੀ ਕਿਤਾਬ ਲੈਣ ਲਈ ਤਿਆਰ ਨਾ ਹੋਵੇ। ਹਰ ਸਖ਼ਤੀ ਦਾ ਮੁਕਾਬਲਾ ਕੀਤਾ ਤੇ ਕਾਮਯਾਬ ਹੋਇਆ।
ਉਸ ਨਾਲ ਬਹੁਤ ਘੱਟ ਮੁਲਾਕਾਤਾਂ ਹੋਈਆਂ। ਇੱਕ ਵਾਰ ਮੈਂ ਅਤੇ ਸੰਪੂਰਨ ਸਿੰਘ ਧੌਲਾ, ਕਾਲਜ ਰੋਡ ’ਤੇ ਜਾ ਰਹੇ ਸਾਂ। ਸਾਹਮਣਿਓਂ ਅਣਖੀ ਟੱਕਰ ਪਿਆ। ਅਸੀਂ ਵੀ.ਡੀ.ਓ. ਦਫ਼ਤਰ ਜਾਣਾ ਸੀ। ਆਪਣੇ ਸਕੂਲੋਂ ਵਕਤ ਕੱਢ ਕੇ ਆਇਆ ਹੋਣਾ। ਬਰਨਾਲਾ ਉਸ ਦਾ ਘਰ ਹੀ ਤਾਂ ਸੀ, ਧੌਲਾ ਬੋਲਿਆ - ਆਓ ਅਣਖੀ ਸਾਹਿਬ! ਮੈਂ ਕਿਹਾ - ਆਓ ਪੰਡਤ ਜੀ! ਉਸ ਨੇ ਸਾਨੂੰ ਦੋਵਾਂ ਨੂੰ ਪੁਰ ਤਪਾਕ ਜਵਾਬ ਦਿੱਤਾ। ਇੱਕ ਵਾਰ ਮੈਂ ਅਤੇ ਸਰਦਾਰ ਗੁਰਬਖਸ਼ੀਸ਼ ਸਿੰਘ ਕਰਮਗੜ੍ਹੀਆ, ਕਰਮਗੜ੍ਹ ਹਾਊਸ ਦੇ ਦਰਵਾਜ਼ੇ ਵਿੱਚ ਖੜ੍ਹੇ ਸਾਂ। ਅਣਖੀ ਲੰਘਿਆ। ਮੈਂ ਕਿਹਾ - ਕਿਵੇਂ ਹੋ ਪੰਡਤ ਜੀ? ਅਣਖੀ ਨੇ ਮੈਨੂੰ ਤੁੰਗ ਸਾਹਿਬ ਕਹਿ ਕੇ ਪ੍ਰੇਮ ਪੂਰਬਕ ਜਵਾਬ ਦਿੱਤਾ। ਗੁਰਬਖਸ਼ੀਸ਼ ਸਿੰਘ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ। ਅਣਖੀ ਦੀ ਤਾਰੀਫ਼ ਵਿੱਚ ਕੁਝ ਸ਼ਬਦਾਂ ਨਾਲ ਮੈਂ ਸਰਦਾਰ ਨਾਲ ਉਸ ਦੀ ਜਾਣਕਾਰੀ ਕਰਵਾਈ।
ਜਾਂਦਾ ਜਾਂਦਾ ਇੱਕ ਵਾਰ ਪੁਰਾਣੀ ਕੋਤਵਾਲੀ ਮਿਲ ਗਿਆ। ਮੇਰੀ ਰਿਹਾਇਸ਼ ਪੁੱਛੀ। ਮੈਂ ਕਿਹਾ, ਤੁਸੀਂ ਪਟਿਆਲੇ ਦੇ ਸਮਾਨੀਆ ਗੇਟ ਗਿਆਨੀ ਜੀ ਦੀ ਚਾਹ ਦੀ ਦੁਕਾਨ ’ਤੇ ਆ ਜਾਇਓ। ਅਗਲਾ ਪਤਾ ਟਿਕਾਣਾ ਉਹ ਆਪੇ ਦੱਸ ਦਏਗਾ। ਅਣਖੀ ਬੋਲਿਆ - ਉਹ ਗਿਆਨੀ ਅਜੇ ਜਿਉਂਦੈ? ਉੱਥੇ ਮੈਂ ਚਾਹ ਪੀਂਦਾ ਰਿਹਾਂ। ਮੈਂ ਕਿਹਾ - ਉਹ ਗਿਆਨੀ ਮਰ ਗਿਆ ਹੋਇਐ, ਹੁਣ ਗਿਆਨੀ ਉਹਦਾ ਮੁੰਡੈ। ਦੁਕਾਨ ਉਹੋ ਹੈ।
ਸਾਹਿਤ ਦੀਆਂ ਗੱਲਾਂ ਹੋਣ ਲੱਗੀਆਂ। ਉਹ ਬੋਲਿਆ - ਸਾਨੂੰ ਜਗੀਰ ਸਿੰਘ ਜਗਤਾਰ ਗਾਈਡ ਕਰਦੈ। ਕਹਿੰਦੈ ਇਸ ਤਰ੍ਹਾਂ ਨਾ ਲਿਖੋ, ਉਸ ਤਰ੍ਹਾਂ ਲਿਖੋ। ਮੈਂ ਕਿਹਾ - ਕਿਸੇ ਦੀ ਗੱਲ ਨਾ ਮੰਨੋ, ਕੋਈ ਪ੍ਰਵਾਹ ਨਾ ਕਰੋ। ਜਿਵੇਂ ਜੀ ਕਰਦੈ ਲਿਖੋ। ਲੇਖਕ ਬਾਦਸ਼ਾਹ ਹੁੰਦੈ। ਕਿਸੇ ਦੇ ਕਹੇ ਅਨੁਸਾਰ ਨੀਂ ਲਿਖੀਦਾ ਹੁੰਦਾ, ਆਪਣੀ ਮਰਜ਼ੀ ਕਰਨੀ ਹੁੰਦੀ ਐ। ਆਪਣੇ ਹੁਕਮ ਆਪ ਚਲਾਉਣੇ ਹਨ। ਲੇਖਕ ਆਜ਼ਾਦ ਹੈ।
ਪੰਜਾਬੀ ਸਾਹਿਤ ਸਭਾ ਵੱਲੋਂ ਆਯੋਜਿਤ ਕਹਾਣੀ ਦਰਬਾਰ ਵਿੱਚ ਉਸ ਨੇ ਕਹਾਣੀ ਪੜ੍ਹਨ ਆਉਣਾ ਸੀ। ਮੈਂ ਮਿਲਣ ਗਿਆ ਪਰ ਉਹ ਆਇਆ ਨਾ। ਸੁਰਜੀਤ ਸਿੰਘ ਸੇਠੀ, ਹਮਦਰਦਵੀਰ ਨੌਸ਼ਹਿਰਵੀ, ਤੇਜਵੰਤ ਮਾਨ ਆਏ ਹੋਏ ਸਨ। ਦੇਰ ਤੱਕ ਉਡੀਕ ਕੇ ਮੈਂ ਪਰਤ ਆਇਆ। ਡਾ. ਗੁਰਮੁਖ ਸਿੰਘ ਤੋਂ ਪਤਾ ਲੱਗਾ ਅਣਖੀ ਬੜੀ ਦੇਰ ਬਾਅਦ ਆਇਆ ਸੀ, ਸਭ ਤੋਂ ਪਿੱਛੋਂ ਉਸ ਨੇ ਕਹਾਣੀ ਪੜ੍ਹੀ ਸੀ। ਮੁੱਦਤ ਤੱਕ ਮੈਂ ਅਤੇ ਅਣਖੀ ਫਿਰ ਆਹਮੋ ਸਾਹਮਣੇ ਨਹੀਂ ਹੋਏ। ਕਿਉਂਕਿ ਮੈਂ ਆਪਣਾ ਬਹੁਤ ਸਮਾਂ ਕਿਤਾਬਾਂ, ਅਖ਼ਬਾਰਾਂ ਤੇ ਸਾਹਿਤਕ ਪਰਚਿਆਂ ਦੀ ਸੰਗਤ ਵਿੱਚ ਗੁਜ਼ਾਰਿਆ ਹੈ। ਇਸ ਲਈ ਅਣਖੀ ਉੱਤੇ ਮੇਰੀ ਨਜ਼ਰ ਬਣੀ ਰਹੀ। ਮੈਂ ਉਸ ਨੂੰ ਵਿਕਾਸ ਕਰਦਾ ਵਧਦਾ ਫੁਲਦਾ ਦੇਖਦਾ ਰਿਹਾ।
ਫੇਰ ਉਹ ਸਮਾਂ ਆਇਆ ਜਦੋਂ ਅਣਖੀ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਆ ਪੁੱਜਿਆ। ਅਚਾਨਕ ਕੇਸ ਕਟਵਾ ਦਿੱਤੇ ਤੇ ਨੰਗੇ ਸਿਰ ਵਿਚਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹ ਸਰੂਪ ਸਿੰਘ ਧੌਲਾ ਵਰਗਾ ਲਗਦਾ ਹੁੰਦਾ ਸੀ ਪਰ ਰਾਮ ਸਰੂਪ ਉਹ ਹੁਣ ਵੀ ਨਾ ਲੱਗਣ ਲੱਗਾ, ਭਲਵਾਨ ਲੱਗਣ ਲੱਗਾ। ਇਨ੍ਹਾਂ ਦਿਨਾਂ ਵਿੱਚ ਅਣਖੀ ਦੀ ਫੋਟੋ ਉਸ ਦੇ ਦੋ ਦੋਸਤਾਂ (ਜਿਨ੍ਹਾਂ ਦੇ ਨਾਮ ਮੈਂ ਭੁੱਲ ਗਿਆ ਹਾਂ) ਨਾਲ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਆਮ ਛਪਿਆ ਕਰਦੀ ਸੀ। ਉਹ ਬਰਨਾਲੇ ਤੋਂ ਬਾਹਰ ਨਿੱਕਲ ਗਿਆ, ਮੋਗੇ ਤੇ ਮੁਕਤਸਰ ਦੀਆਂ ਸਾਹਿਤ ਸਭਾਵਾਂ ਵਿੱਚ ਜਾਂਦਾ। ਇਹ ਦੌਰ ਲੰਮਾ ਅਰਸਾ ਚੱਲਿਆ।
ਅਣਖੀ ਦੀ ਦੋਸਤੀ ਬਿਕਰਮ ਸਿੰਘ ਘੁੰਮਣ ਨਾਲ ਹੋ ਗਈ, ਫਿਰ ਡਾ. ਦੀਵਾਨ ਸਿੰਘ ਕੋਲ ਆਣ ਜਾਣ ਹੋ ਗਿਆ। ਉਸ ਦਾ ਚੋਣਵਾਂ ਕਹਾਣੀ ਸੰਗ੍ਰਹਿ ‘ਸਵਾਲ ਦਰ ਸਵਾਲ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐੱਮ.ਏ. ਪੰਜਾਬੀ ਕੋਰਸ ਵਿੱਚ ਲੱਗ ਗਿਆ। ਉਹ ਫੇਰ ਪਹਿਲਾਂ ਵਾਂਗ ਪਗੜੀਧਾਰੀ ਹੋ ਗਿਆ।
ਬੜੀ ਤੇਜ਼ੀ ਨਾਲ ਅਣਖੀ ਨੇ ਰਸਾਲਿਆਂ ਤੇ ਅਖ਼ਬਾਰਾਂ ਵਿੱਚ ਛਪਣਾ ਸ਼ੁਰੂ ਕਰ ਦਿੱਤਾ। ਪੰਜਾਬ ਤੋਂ ਬਾਹਰਲੇ ਹਿੰਦੀ ਪੱਤਰ ਪੱਤ੍ਰਕਾਵਾਂ ਵਿੱਚ ਛਪਣ ਲੱਗਾ। ਉਸ ਦਾ ਨਾਮ ਬਣ ਗਿਆ। ‘ਕੱਖਾਂ ਕਾਨਿਆਂ ਦਾ ਪੁਲ’ ਨਾਵਲ ਅਖ਼ਬਾਰਾਂ ਨੇ ਲੜੀਵਾਰ ਛਾਪਿਆ। ਹੋਰ ਬੜਾ ਕੁਝ ਛਪਿਆ ਹੋਵੇਗਾ ਜੋ ਮੈਨੂੰ ਹੁਣ ਯਾਦ ਨਹੀਂ। ਪੰਜਾਬੀ ਅਖ਼ਬਾਰਾਂ ਵਿੱਚ ਉਸ ਦੇ ਫੀਚਰ ਛਪੇ। ‘ਅਜੀਤ’ ਅਖ਼ਬਾਰ ਵਿੱਚ ਉਸ ਵੱਲੋਂ ਪੰਜਾਬੀ ਦੇ ਲੇਖਕਾਂ ਨਾਲ ਸਵਾਲਾਂ ਜਵਾਬਾਂ ਦੇ ਰੂਪ ਵਿੱਚ ਕੀਤੇ ਗਏ ਸਾਖਸ਼ਾਤਕਾਰ ਛਪੇ।
ਅਨੇਕ ਕਹਾਣੀ ਸੰਗ੍ਰਹਿਆਂ ਤੇ ਨਾਵਲਾਂ ਤੋਂ ਬਾਅਦ ਉਸ ਦਾ ਵੱਡ ਆਕਾਰੀ ਨਾਵਲ ‘ਕੋਠੇ ਖੜਕ ਸਿੰਘ’ ਛਪਿਆ ਜਿਸ ਨੇ ਪੰਜਾਬੀ ਨਾਵਲ ਨੂੰ ਮਹਾਂ ਕਾਵਿਕ ਆਕਾਰ ਪ੍ਰਦਾਨ ਕੀਤਾ ਜੋ ਨਾਵਲਚੂ (ਨਾਵਲਿਟ) ਲਿਖਣ ਵਾਲਿਆਂ ਨੇ ਖ਼ਤਮ ਕਰ ਦਿੱਤਾ ਸੀ। ਇਹ ਨਾਵਲ ਅਣਖੀ ਦੇ ਜੀਵਨ ਅਤੇ ਪੰਜਾਬੀ ਸਾਹਿਤ ਵਿੱਚ ਇੱਕ ਧਮਾਕਾ ਸੀ। ਲਘੂ ਆਕਾਰੀ ਨਾਵਲ ਲਿਖਣ ਵਾਲਿਆਂ ਨੇ ਵੀ ਇੱਧਰ ਧਿਆਨ ਦਿੱਤਾ। ਮੈਨੂੰ ਲਗਦਾ ਹੈ ਕਿ ਗੁਰਦਿਆਲ ਸਿੰਘ ਦਾ ਨਾਵਲ ‘ਪਰਸਾ’ ਅਣਖੀ ਦੀ ਰੀਸ ਕਰਕੇ ਲਿਖਿਆ ਗਿਆ ਸੀ। ਜਦੋਂ ਮੈਂ ਆਪਣੀ ਇਸ ਬਾਰੇ ਲੇਖ ਲਿਖਣ ਦੀ ਯੋਜਨਾ ਦੱਸਦੇ ਹੋਏ ਇਹ ਗੱਲ ਅਣਖੀ ਨੂੰ ਸੁਣਾਈ, ਉਹ ਬੜਾ ਖ਼ੁਸ਼ ਹੋਇਆ ਤੇ ਕਿੰਨੀ ਦੇਰ ਜ਼ਿੰਦਾਬਾਦ ਜ਼ਿੰਦਾਬਾਦ ਕਰਦਾ ਰਿਹਾ। ਉਸ ਨੇ ‘ਕਹਾਣੀ ਪੰਜਾਬ’ ਦਾ ਪਰਚਾ ਭੇਜਿਆ ਤੇ ਛੇਤੀ ਲੇਖ ਭੇਜਣ ਦੀ ਤਾਕੀਦ ਕੀਤੀ। ਦੁਰਭਾਗਵੱਸ ਸਨਾਧੂ ਦੁਰਬਲਤਾ ਅਤੇ ਕੁੜੱਲ ਗ੍ਰਸਤ ਹੋਣ ਕਾਰਨ ਮੈਂ ਇਹ ਕਾਰਜ ਅਣਖੀ ਦੇ ਜੀਵਨ ਕਾਲ ਵਿੱਚ ਪੂਰਾ ਨਾ ਕਰ ਸਕਿਆ।
ਅੱਜ ਤੋਂ ਚਾਲੀ ਸਾਲ ਪਹਿਲਾਂ ਅਣਖੀ ਨੇ ‘ਅਜੀਤ’ ਵਿੱਚ ਲਿਖਿਆ ਸੀ ਕਿ ਅੱਜ ਕਹਾਣੀ ਪ੍ਰਤੀ ਸੋਚ ਬਦਲ ਗਈ ਹੈ। ਪੁਰਾਣੀਆਂ ਪਰਿਭਾਸ਼ਾਵਾਂ ਤਿਆਗ ਦਿੱਤੀਆਂ ਗਈਆਂ ਹਨ। ਕਹਾਣੀ ਕਿਤੋਂ ਵੀ ਤੇ ਕਿਵੇਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਅੰਤ ਹੋ ਸਕਦਾ ਹੈ। ਆਦਿ, ਮੱਧ, ਅੰਤ ਤਿੰਨ ਅਸੂਲਾਂ ਦੀ ਏਕਤਾ ਖ਼ਤਮ ਹੋ ਚੁੱਕੀ ਹੈ। ਕਹਾਣੀ ਬੰਧਨਮੁਕਤ, ਆਜ਼ਾਦ ਹੋ ਚੁੱਕੀ ਹੈ। ਹੈਮਿੰਗਵੇ ਅਤੇ ਨੋਬੋਕੋਵ ਇਸ ਕਿਸਮ ਦੀਆਂ ਵੱਡੀਆਂ ਅਤੇ ਉੱਤਮ ਉਦਾਹਰਣਾਂ ਹਨ। ਅਣਖੀ ਦੀ ਇਸ ਪਹੁੰਚ ’ਤੇ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ, ਅਣਖੀ ਵੀ ਇਹ ਜਾਣ ਕੇ ਅਤਿ ਪ੍ਰਸੰਨ ਹੋਇਆ। ਕਹਾਣੀ ਬਾਰੇ ਅਣਖੀ ਦੀ ਇਹ ਪਰਿਭਾਸ਼ਾ ਅੱਜ ਤੱਕ ਕਾਇਮ ਹੈ ਤੇ ਇਸ ਦੀ ਸਾਰਥਿਕਤਾ ਬਣੀ ਹੋਈ ਹੈ।
1963 ਵਿੱਚ ਅਣਖੀ ਨੇ ਐੱਮ.ਏ. ਪਾਸ ਕਰ ਲਈ ਤੇ ਆਪਣੀ ਪੂਰੀ ਪਛਾਣ ਵੀ ਬਣਾ ਲਈ। ਹੁਣ ਤੱਕ ਉਹ ਕਵਿਤਾ ਲਿਖਦਾ ਆ ਰਿਹਾ ਸੀ ਜੋ ਉਸ ਨੇ ਬਹੁਤ ਛੋਟੀ ਉਮਰ ਵਿੱਚ ਲਿਖਣੀ ਸ਼ੁਰੂ ਕਰ ਦਿੱਤੀ ਸੀ। ਛੋਟੀ ਉਮਰ ਵਿੱਚ ਉਸ ਨੇ ਅਮੀਰ ਹੋਣ ਵਾਸਤੇ ਇੱਕ ਪੱਤਲ ਲਿਖੀ ਅਤੇ ਛਪਵਾਈ ਜਿਸ ਦਾ ਮੁੱਲ ਇੱਕ ਆਨਾ ਰੱਖਿਆ। ਪੰਜਾਬ ਦੇ ਮੇਲਿਆਂ ਵਿੱਚ ਆਪ ਜਾ ਕੇ, ਘੁੰਮ ਫਿਰ ਕੇ, ਗਾ ਗਾ ਕੇ ਲੋਕਾਂ ਨੂੰ ਸੁਣਾਈ ਅਤੇ ਉਨ੍ਹਾਂ ਦਾ ਧਿਆਨ ਖਿੱਚਿਆ ਪਰ ਕਿਸੇ ਨੇ ਇੱਕ ਆਨੇ ਦੀ ਇੱਕ ਕਾਪੀ ਵੀ ਨਾ ਖਰੀਦੀ, ਅਣਖੀ ਦੀ ਇਹ ਪੱਤਲ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਰਤਨ ਸਿੰਘ ਜੱਗੀ ਦੀ ਸੰਪਾਦਨਾ ਅਧੀਨ ਛਾਪੀ ਗਈ, ਕਿਤਾਬ ‘ਪੱਤਲ ਕਾਵਿ’ ਵਿੱਚ ਸ਼ਾਮਿਲ ਹੈ। ਉਸ ਨੇ ਕਵਿਤਾ ਲਿਖਣੀ ਜਾਰੀ ਰੱਖੀ, ਕਵੀ ਦਰਬਾਰਾਂ ਵਿੱਚ ਜਾਂਦਾ, ਅਖ਼ਬਾਰਾਂ ਵਿੱਚ ਛਪਦਾ। ਜਰਨੈਲ ਸਿੰਘ ਅਰਸ਼ੀ ਦੇ ਹਫ਼ਤਾਵਾਰ ਪਰਚੇ ‘ਲਲਕਾਰ’ ਵਿੱਚ ਛਪਣਾ ਫਖ਼ਰ ਦੀ ਗੱਲ ਸੀ। ‘ਮਟਕ ਚਾਨਣਾ’ ਦੇ ਪ੍ਰਕਾਸ਼ਨ ਤੱਕ ਉਹ ਕਾਫ਼ੀ ਅੱਗੇ ਵਧ ਚੁੱਕਾ ਸੀ ਪਰ ਐੱਮ.ਏ. ਪਾਸ ਕਰਨ ਤੱਕ ਉਸ ਨੇ ਸਾਹਿਤ ਦਾ ਜੋ ਅਧਿਐਨ ਕੀਤਾ, ਉਸ ਦਾ ਪ੍ਰਭਾਵ ਇਹ ਪਿਆ ਕਿ ਉਸ ਨੇ ਪੱਕੇ ਤੌਰ ’ਤੇ ਕਵਿਤਾ ਵੱਲੋਂ ਆਪਣਾ ਮੂੰਹ ਮੋੜ ਲਿਆ ਅਤੇ ਆਪਣੇ ਆਤਮ ਪ੍ਰਕਾਸ਼ ਵਾਸਤੇ ਕਹਾਣੀ ਦੀ ਚੋਣ ਕੀਤੀ। ਇਨ੍ਹੀਂ ਦਿਨੀਂ ਉਹ ਆਮ ਕਿਹਾ ਕਰਦਾ ਸੀ ਕਿ ਮੈਂ ਘੱਟ ਤੋਂ ਘੱਟ 300 ਕਹਾਣੀਆਂ ਲਿਖਣੀਆਂ ਹਲ। ਦਿਨ ਰਾਤ ਕਹਾਣੀ ਲੇਖਣ ਵਿੱਚ ਲੱਗਾ ਰਿਹਾ। ਕਿਤਾਬਾਂ ਛਪਣੀਆਂ ਸ਼ੁਰੂ ਹੋ ਗਈਆਂ। ਸਮਾਂ ਪਾ ਕੇ ਨਾਵਲ ਲੇਖਣ ਵੱਲ ਧਿਆਨ ਦਿੱਤਾ। ਨਿੱਕੇ ਮੋਟੇ ਨਾਵਲ ਛਪਣ ਤੋਂ ਬਾਅਦ ਉਸ ਦਾ ਸ਼ਾਹਕਾਰ ‘ਕੋਠੇ ਖੜਕ ਸਿੰਘ’ ਸਾਹਮਣੇ ਆ ਗਿਆ। ਕਹਾਣੀ ਅਤੇ ਨਾਵਲ ਵਿਧਾ ਸਦਕਾ ਜੋ ਸਨਮਾਨ ਉਸ ਨੂੰ ਮਿਲਿਆ ਉਹ ਸ਼ਾਇਦ ਕਵਿਤਾ ਵਿੱਚ ਨਾ ਮਿਲ ਸਕਦਾ। ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ਸੁਰੱਖਿਅਤ ਕਰ ਦਿੱਤਾ ਹੈ। ਇਨ੍ਹਾਂ ਕਰਕੇ ਉਸ ਦੇ ਅਨੁਵਾਦ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਹੋਏ ਤੇ ਪੰਜਾਬੀ ਦਾ ਨਾਮ ਦੂਰ ਤੱਕ ਗਿਆ।
ਮੈਂ ਦਿਲੋਂ ਚਾਹੁੰਦਾ ਹਾਂ ਕਿ ਅਣਖੀ ਦੇ ਸਾਹਿਤਕ ਗੁਣਾਂ ਬਾਰੇ ਵਿਚਾਰ ਵਿਸ਼ਲੇਸ਼ਣ ਕਰਾਂ, ਮੁੱਲਾਂਕਣ ਪੇਸ਼ ਕਰਾਂ ਅਤੇ ਪੰਜਾਬੀ ਪਿਆਰਿਆਂ ਪਾਠਕਾਂ ਨਾਲ ਸਾਂਝਾ ਕਰਾਂ ਪਰ ... ਦੁਰਬਲਤਾ (ਨਰਵਸ ਪ੍ਰਾਬਲਮ) ਕਾਰਨ ਅਜਿਹਾ ਨਹੀਂ ਕਰ ਸਕਦਾ। ਉਸ ਦੇ ਦੋਸਤਾਂ ਜਗੀਰ ਸਿੰਘ ਜਗਤਾਰ, ਇੰਦਰ ਸਿੰਘ ਖਾਮੋਸ਼, ਬਿਕਰਮ ਸਿੰਘ ਘੁੰਮਣ ਆਦਿ ਨੂੰ ਮੈਂ ਸੱਦਾ ਦਿੰਦਾ ਹਾਂ ਕਿ ਉਹ ਅਣਖੀ ਸਾਹਿਤ ਬਾਰੇ ਚਰਚਾ ਪਰਿਚਰਚਾ ਚਲਾਉਣ ਅਤੇ ਉਸ ਦਾ ਕਲਾ ਕੌਸ਼ਲ, ਗ਼ਲਪ ਗੁਣ ਲੋਕਾਂ ਨੂੰ ਸਮਝਾਉਣ ਦਾ ਕਾਰਜ ਕਰਨ। ਮੇਰੀ ਬੇਨਤੀ ਵੱਲ ਕੋਈ ਧਿਆਨ ਦਿੰਦਾ ਹੈ ਜਾਂ ਨਹੀਂ, ਦੇਖਾਂਗੇ।
ਅਣਖੀ ਦੀ ਆਤਮ ਕਥਾ ‘ਮਲ੍ਹੇ ਝਾੜੀਆਂ’ ਦੇ ਕਾਫ਼ੀ ਹਿੱਸੇ ‘ਨਾਗਮਣੀ’ ਵਿੱਚ ਪ੍ਰਕਾਸ਼ਿਤ ਹੋਏ, ਮੈਂ ਪੜ੍ਹੇ ਤੇ ਚੰਗੇ ਲੱਗੇ। ਬਿਰਤਾਂਤ ਅਧੀਨ ਘਟਨਾਵਾਂ ਮੇਰੀਆਂ ਜਾਣੀਆਂ ਪਛਾਣੀਆਂ ਹਨ। ਉਸ ਨੇ ਪੂਰੀ ਸੁਹਿਰਦਤਾ ਅਤੇ ਈਮਾਨਦਾਰੀ ਵਰਤੀ ਹੈ, ਨਾ ਕੁਝ ਘਟਾਇਆ ਨਾ ਵਧਾਇਆ।
‘ਕੋਠੇ ਖੜਕ ਸਿੰਘ’ ਬਾਰੇ ਮੈਂ ਸੋਚਦਾ ਹਾਂ ਕਿ ਸਮਾਂ ਪਾ ਕੇ ਖੋਜੀ ਤੇ ਸਾਹਿਤ ਸਾਧਕ ਇਸ ਦਾ ਹਾਲ ਵੀ ਕਾਲਰਿਜ ਦੇ ਕੁਬਲਾ ਖਾਨ ਵਾਲਾ ਨਾ ਕਰ ਦੇਣ। ‘ਕੁਬਲਾ ਖਾਨ’ ਕਵਿਤਾ ਵਿੱਚ ਖਾਨ ਦੇ ਜਿਸ ਮਹੱਲ ਦਾ ਜ਼ਿਕਰ ਹੈ ਕਿ ਉਹ ਸਿਰਫ਼ ਕਵਿਤਾ ਵਿੱਚ ਹੈ ਪਰ ਲੋਕ ਉਸ ਨੂੰ ਕੁਬਲਾ ਖਾਨ ਦੀ ਰਾਜਧਾਨੀ ਵਿੱਚ ਅਸਲੀ ਥਾਂ ਦੇ ਤੌਰ ’ਤੇ ਲੱਭਦੇ ਰਹੇ ਜੋ ਕਿਸੇ ਨੂੰ ਨਾ ਲੱਭਾ। ‘ਕੋਠੇ ਖੜਕ ਸਿੰਘ’ ਦੀ ਉਸਾਰੀ ਅਣਖੀ ਨੇ ਆਪਣੇ ਪਿੰਡ ਤੋਂ ਵੀਹ ਮੀਲ ਦੂਰ ਜਾ ਕੇ ਕੀਤੀ ਹੈ ਜਿਸ ਨੂੰ ਜੇ ਕਦੇ ਕੋਈ ਲੱਭੇਗਾ ਤਾਂ ਕਾਮਯਾਬ ਨਹੀਂ ਹੋਵੇਗਾ। ਇਹ ਅਸਲ ਵਿੱਚ ਅਣਖੀ ਦਾ ਪਿੰਡ ਧੌਲਾ ਹੀ ਹੈ। ਜਿਸ ਨੇ ਧੌਲਾ ਦੇਖਿਆ, ਸਮਝ ਲਉ ਉਸ ਨੇ ‘ਕੋਠੇ ਖੜਕ ਸਿੰਘ’ ਦੇਖ ਲਿਆ।
*****
(716)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)










































































































