MewaSTung8ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ...
(25 ਜਨਵਰੀ 2016)

 

ਆਪਣੀ ਚੜ੍ਹਦੀ ਜਵਾਨੀ ਵਿਚ ਸਰਦਾਰ ਮੋਹਨ ਸਿੰਘ ਸਿਆਲਕੋਟੀ ਫੌਜ ਵਿਚ ਭਰਤੀ ਹੋ ਗਿਆ। ਇਹ ਨੌਕਰੀ ਉਸਨੇ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਪ੍ਰਾਪਤ ਕੀਤੀ। ਉਸ ਦੇ ਫੌਜ ਵਿਚ ਭਰਤੀ ਹੋਣ ਤੋਂ ਪਿਛੋਂ ਛੇਤੀ ਹੀ ਦੂਜੀ ਸੰਸਾਰ ਜੰਗ ਛਿੜ ਪਈ। ਇਕ ਪਾਸੇ ਮਸੋਲੀਨੀ ਦਾ ਇਟਲੀ, ਹਿਟਲਰ ਦਾ ਜਰਮਨੀ ਅਤੇ ਜਨਰਲ ਟੋਜੋ ਦਾ ਜਾਪਾਨ ਸੀ, ਦੂਜੇ ਪਾਸੇ ਅੰਗਰੇਜ਼ ਅਤੇ ਉਸਦੀ ਅਗਵਾਈ ਅਧੀਨ ਫਰਾਂਸ ਅਤੇ ਯੂਰਪ ਦੇ ਕਈ ਹੋਰ ਦੇਸ਼ ਸਨ। ਬ੍ਰਿਟਿਸ਼ ਇੰਡੀਆ ਦੀ ਭਾਰਤੀ ਫੌਜ ਨੂੰ ਵੀ ਜੰਗ ਵਿਚ ਝੌਂਕ ਦਿੱਤਾ ਗਿਆ। ਸਰਦਾਰ ਮੋਹਨ ਸਿੰਘ ਸਿਆਲਕੋਟੀ ਨੂੰ ਜਪਾਨ ਦੇ ਖਿਲਾਫ ਕਿਸੇ ਫੌਜੀ ਟੁਕੜੀ ਦਾ ਲੀਡਰ ਬਣਾ ਕੇ ਭੇਜਿਆ ਗਿਆ। ਉਸ ਵੇਲੇ ਉਸ ਕੋਲ ਬ੍ਰਿਟਿਸ਼ ਆਰਮੀ ਦਾ ਕੈਪਟਨ ਰੈਂਕ ਸੀ। ਖ਼ੈਰ ਕੈਪਟਨ ਮੋਹਨ ਸਿੰਘ ਜਪਾਨੀਆਂ ਸਾਹਮਣੇ ਟਿਕ ਨਾ ਸਕਿਆ ਅਤੇ ਹਾਰ ਗਿਆ। ਹਾਰਨ ਉਪਰੰਤ ਉਸ ਨੂੰ ਜਪਾਨੀਆਂ ਨੇ ਸਮੇਤ ਉਸ ਦੀ ਪਲਟਨ ਦੇ ਕੈਦ ਕਰ ਲਿਆ। ਹੋਰ ਵੀ ਬਹੁਤ ਸਾਰੇ ਫੌਜੀ ਜਪਾਨ ਵੱਲੋਂ ਕੈਦ ਕੀਤੇ ਗਏ। ਇਹ ਉਹ ਸਮਾਂ ਸੀ ਜਦੋਂ ਐਕਸਿਸ ਪਾਵਰਜ਼ ਨੂੰ ਲਗਾਤਾਰ ਜਿੱਤਾਂ ਹਾਸਲ ਹੋ ਰਹੀਆਂ ਸਨ ਅਤੇ ਅੰਗਰੇਜ਼ ਅਤੇ ਉਸ ਦੇ ਸਾਥੀ ਬਹੁਤਿਆਂ ਮੁਹਾਜ਼ਾਂ ਤੋਂ ਹਾਰਦੇ ਜਾ ਰਹੇ ਸਨ।

ਸਮਾਂ ਪਾ ਕੇ ਕੈਪਟਨ ਮੋਹਨ ਸਿੰਘ ਦਾ ਜਪਾਨੀਆਂ ਵੱਲੋਂ ਬਰੇਨਵਾਸ਼ ਕਰ ਦਿੱਤਾ ਗਿਆ ਜਾਂ ਉਸ ਨੇ ਆਪ ਹੀ ਇਸ ਨੂੰ ਠੀਕ ਸਮਝਿਆ ਅਤੇ ਇਸ ਵਿਚ ਹੀ ਆਪਣਾ ਭਲਾ ਜਾਣਿਆ, ਉਹ ਜਪਾਨ ਨਾਲ ਰਲ਼ ਕੇ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ ਤਿਆਰ ਹੋ ਗਿਆ। ਉਸ ਨੇ ਬਾਕਾਇਦਾ ਜਪਾਨੀਆਂ ਨਾਲ ਸਮਝੌਤਾ ਕੀਤਾ ਅਤੇ ਆਪਣੀਆਂ ਸਾਰੀਆਂ ਸ਼ਰਤਾਂ ਜਪਾਨੀ ਸਰਕਾਰ ਅਤੇ ਫੌਜ ਤੋਂ ਮੰਨਵਾਈਆਂ। ਇਨ੍ਹਾਂ ਵਿਚ ਇਕ ਸ਼ਰਤ ਇਹ ਵੀ ਸੀ ਕਿ ਮੋਹਨ ਸਿੰਘ ਦੀ ਕਮਾਨ ਹੇਠ ਗਠਿਤ ਕੀਤੀ ਗਈ ਭਾਰਤੀ ਫੌਜ ਕੇਵਲ ਤੇ ਕੇਵਲ ਅੰਗਰੇਜ਼ ਦੇ ਖਿਲਾਫ਼ ਭਾਰਤੀ ਮੁਹਾਜ਼ ’ਤੇ ਲੜੇਗੀ ਅਤੇ ਉਸਦਾ ਨਿਸ਼ਾਨਾ ਹਿੰਦੁਸਤਾਨ ਦੀ ਆਜ਼ਾਦੀ ਹੋਵੇਗਾ। ਉਸ ਨੂੰ ਜਪਾਨੀ ਕਿਸੇ ਹੋਰ ਮੁਹਾਜ਼ ’ਤੇ ਲੜਨ ਲਈ ਨਹੀਂ ਭੇਜਣਗੇ। ਇਹ ਸਾਰੀਆਂ ਸ਼ਰਤਾਂ ਜਪਾਨ ਨੇ ਮੰਨ ਲਈਆਂ ਅਤੇ ਕੈਪਟਨ ਮੋਹਨ ਸਿੰਘ ਨੂੰ ਰਿਹਾ ਕਰ ਦਿੱਤਾ। ਉਸ ਨੇ ਸਾਰੇ ਭਾਰਤੀ ਬੰਦੀ ਸੈਨਿਕ ਰਿਹਾ ਕਰਵਾਏ ਅਤੇ ਫੇਰ ਉਨ੍ਹਾਂ ਤੇ ਆਧਾਰਤ Indian National Army(ਆਜ਼ਾਦ ਹਿੰਦ ਫੌਜ) ਕਾਇਮ ਕੀਤੀ ਅਤੇ ਭਾਰਤ ਦੀ ਆਜ਼ਾਦੀ ਦਾ ਐਲਾਨ ਕਰਦੇ ਹੋਏ ਅੰਗਰੇਜ਼ਾਂ ਦੇ ਖਿਲਾਫ਼ ਐਲਾਨੇ ਜੰਗ ਕਰ ਦਿੱਤਾ ਅਤੇ ਅੰਤਿਮ ਆਦਰਸ਼ ਭਾਰਤ ਦੀ ਆਜ਼ਾਦੀ ਮਿਥਿਆ ਗਿਆ। ਇਹ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੈਪਟਨ ਮੋਹਨ ਸਿੰਘ ਨੇ ਆਪਣੇ ਲਈ ਜਨਰਲ ਦੇ ਰੈਂਕ ਦਾ ਆਰਡਰ ਜਾਰੀ ਕਰ ਦਿੱਤਾ ਅਤੇ ਸਿੰਗਾਪੁਰ ਵਿਚ ਤਾਇਨਾਤ ਫੂਡ ਐਂਡ ਸਿਵਲ ਸਪਲਾਈਜ਼ ਮਹਿਕਮੇ ਵਿਚ ਮੁਲਾਜ਼ਮ ਇਕ ਸਾਧਾਰਨ ਕਲਰਕ ਨੂੰ ਕੈਪਟਨ ਰੈਂਕ ਦੇ ਦਿੱਤਾ ਅਤੇ ਉਸ ਨੂੰ ਆਪਣਾ ਏ.ਡੀ.ਸੀ (A.D.C) ਮੁਕੱਰਰ ਕਰ ਦਿੱਤਾ। ਇਨ੍ਹਾਂ ਦੀ ਸੰਗਤ ਵਿਚ ਇਕ ਪੂਰਬੀਆ ਮਜ਼ਦੂਰ ਆ ਗਿਆ ਜੋ ਸਾਰੀ ਉਮਰ ਲਈ ਇਨ੍ਹਾਂ ਦਾ ਬਣ ਗਿਆ। ਉਸ ਨੇ ਇਨ੍ਹਾਂ ਦੇ ਰਸੋਈਏ ਦਾ ਕੰਮ ਸਾਂਭ ਲਿਆ।

ਫੌਜੀ ਕਾਰਵਾਈ ਸ਼ੁਰੂ ਕਰਨ ਦੇ ਨਾਲ ਹੀ ਜਨਰਲ ਮੋਹਨ ਸਿੰਘ ਨੇ ਉਸ ਖਿੱਤੇ ਵਿਚ ਵਸੇ ਅਤੇ ਕੰਮ ਕਰ ਰਹੇ ਭਾਰਤੀਆਂ ਨੂੰ ਵਿਤੀ ਮਦਦ ਦੀ ਅਪੀਲ ਕੀਤੀ ਜੋ ਉਨ੍ਹਾਂ ਦਿਲ ਖੋਲ੍ਹ ਕੇ ਕੀਤੀ। ਕੁਝ ਦੇਰ ਇਵੇਂ ਹੀ ਚਲਦਾ ਰਿਹਾ। ਜਪਾਨੀਆਂ ਦੇ ਨਾਲ ਨਾਲ ਜਨਰਲ ਮੋਹਨ ਸਿੰਘ ਨੂੰ ਵੀ ਜਿੱਤਾਂ ਹਾਸਿਲ ਹੋਣੀਆਂ ਸ਼ੁਰੂ ਹੋ ਗਈਆਂ। ਪਰ ਇਹ ਅਮਲ ਬਹੁਤੀ ਦੇਰ ਚੱਲ ਨਾ ਸਕਿਆ। ਜਪਾਨੀ ਬੇਈਮਾਨ ਹੋ ਗਏ ਅਤੇ ਉਨ੍ਹਾਂ ਨੇ ਜਨਰਲ ਮੋਹਨ ਸਿੰਘ ਦੀਆਂ ਪਲਟਨਾਂ ਨੂੰ ਅਫਰੀਕਾ ਅਤੇ ਹੋਰ ਮੁਹਾਜ਼ਾਂ ਤੋਂ ਲੜਨ ਲਈ ਭੇਜਣਾ ਸ਼ੁਰੂ ਕਰ ਦਿੱਤਾ। ਜਨਰਲ ਮੋਹਨ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਉਹ ਨਾ ਮੰਨੇ। ਇਸ ’ਤੇ ਜਨਰਲ ਮੋਹਨ ਸਿੰਘ ਨੇ ਜਪਾਨੀਆਂ ਉੱਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਆਪਣੇ ਵੱਲੋਂ ਸ਼ੁਰੂ ਕੀਤੀਆਂ ਜੰਗੀ ਕਾਰਵਾਈਆਂ ਬੰਦ ਕਰ ਦਿੱਤੀਆਂ ਅਤੇ ਮੁੜਕੇ ਫੇਰ ਜਪਾਨੀਆਂ ਦੀ ਕੈਦ ਪੈ ਗਿਆ।

ਇਸ ਤੋਂ ਬਹੁਤ ਦੇਰ ਬਾਅਦ ਸ਼ੁਭਾਸ਼ ਚੰਦਰ ਬੋਸ ਨੱਸ ਕੇ ਅਫ਼ਗਾਨਿਸਤਾਨ ਦੇ ਰਸਤੇ ਰੂਸ ਜਾਂਦਾ ਜਾਂਦਾ ਜਰਮਨੀ ਪਹੁੰਚ ਗਿਆ। ਉਹ ਉੱਥੇ ਬਹੁਤ ਦੇਰ ਰਿਹਾ। ਪਰ ਭਾਰਤ ਦੀ ਸਰਹੱਦ ਤੋਂ ਦੂਰ ਇਕ ਦੇਸ ਵਿਚ ਰਹਿਕੇ ਉਹ ਅੰਗਰੇਜ਼ ਦੇ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਸੀ ਕਰ ਸਕਦਾ। ਇਸ ਲਈ ਉਹ ਜਰਮਨਾਂ ਦੀ ਮਦਦ ਨਾਲ ਜਾਪਾਨ ਪੁੱਜਾ ਅਤੇ ਮੁੜ ਜਨਰਲ ਮੋਹਨ ਸਿੰਘ ਦੀ ਖਿੰਡੀ ਪੁੰਡੀ ਫੌਜ ਨੂੰ ਜਪਾਨੀਆਂ ਦੀ ਮਦਦ ਨਾਲ ਖੜ੍ਹਾ ਕੀਤਾ ਅਤੇ ਜੋ ਕੰਮ ਮੋਹਨ ਸਿੰਘ ਨੇ ਛੱਡਿਆ ਸੀ, ਉਹ ਦੂਜੀ ਵਾਰੀ ਸ਼ੁਰੂ ਕਰ ਦਿੱਤਾ।

ਸਮਾਂ ਪਾ ਕੇ ਦੂਜੀ ਸੰਸਾਰ ਜੰਗ ਖ਼ਤਮ ਹੋ ਗਈ। ਹੁਣ ਤੱਕ ਅਮਰੀਕਾ ਦੋ ਐਟਮ ਬੰਬ ਬਣਾ ਚੁੱਕਾ ਸੀ। ਉਸ ਨੇ ਇਕ ਬੰਬ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਤੇ ਸੁੱਟ ਦਿੱਤਾ। ਇਸ ਨਾਲ ਜਪਾਨ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਪੰਦਰ੍ਹਾਂ ਦਿਨਾਂ ਬਾਅਦ ਉਸ ਨੇ ਦੂਜਾ ਬੰਬ ਜਪਾਨ ਦੇ ਇਕ ਹੋਰ ਸ਼ਹਿਰ ਨਾਗਾਸਾਕੀ ਵਿਚ ਸੁੱਟ ਦਿੱਤਾ। ਇਸ ਨਾਲ ਜਪਾਨ ਮੁਕੰਮਲ ਤੌਰ ’ਤੇ ਖ਼ਤਮ ਹੋ ਗਿਆ ਅਤੇ ਉਸ ਨੇ ਹਥਿਆਰ ਸੁੱਟ ਦਿੱਤੇ। ਅਗਲੇ ਕੁਝ ਦਿਨਾਂ ਵਿਚ ਇਟਲੀ ਹਾਰ ਗਿਆ ਅਤੇ ਉੱਥੋਂ ਦੇ ਫਾਸ਼ੀ ਡਿਕਟੇਟਰ ਮੁਸੋਲੋਨੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਤੋਂ ਬਾਅਦ ਜਰਮਨੀ ਹਾਰ ਗਿਆ। ਹਿਟਲਰ ਨੇ ਆਤਮਹੱਤਿਆ ਕਰ ਲਈ ਪਰ ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਕੋਈ ਪ੍ਰਮਾਣ ਮਿਲਿਆ। ਸ਼ੁਭਾਸ਼ ਚੰਦਰ ਬੋਸ ਦੀ ਮੌਤ ਵਾਂਗ ਇਹ ਵੀ ਇਕ ਰਹੱਸ ਹੀ ਰਿਹਾ।

ਇਨ੍ਹਾਂ ਤਿੰਨ ਹਾਰੇ ਹੋਏ ਦੇਸਾਂ ਉੱਤੇ ਅੰਗਰੇਜ਼ਾਂ ਅਤੇ ਉਸ ਦੇ ਸਾਥੀਆਂ ਦਾ ਕਬਜ਼ਾ ਹੋ ਗਿਆ। ਜੰਗ ਸਮੇਂ ਅੰਗਰੇਜ਼ ਅਤੇ ਉਸ ਦੇ ਸਾਥੀਆਂ ਦਾ ਨਾਮ ਇਤਿਹਾਦੀ ਤਾਕਤਾਂ(Allied Forces) ਪੈ ਗਿਆ ਸੀ ਅਤੇ ਜਰਮਨ ਇਟਲੀ ਤੇ ਜਪਾਨ ਦੇ ਸਾਥੀਆਂ ਦਾ ਨਾਮ ਧੁਰੀ ਦੀਆਂ ਤਾਕਤਾਂ(Axis Powers) ਪੈ ਗਿਆ।

ਇਤਿਹਾਦੀ ਤਾਕਤਾਂ ਖਾਸ ਕਰਕੇ ਉਨ੍ਹਾਂ ਦੇ ਲੀਡਰ ਅੰਗਰੇਜ਼ਾਂ ਦਾ ਜਪਾਨ ਤੇ ਮੁਕੰਮਲ ਕਬਜ਼ਾ ਹੋ ਗਿਆ। ਇਸ ਲਈ ਗ੍ਰਿਫਤਾਰੀ ਤੋਂ ਬਚਣ ਅਤੇ ਆਪਣੀ ਜਾਨ ਬਚਾਉਣ ਵਾਸਤੇ ਸ਼ੁਭਾਸ਼ ਚੰਕਰ ਬੋਸ ਇਕ ਹਵਾਈ ਜਹਾਜ਼ ਰਾਹੀਂ ਰੂਸ ਜਾਣ ਵਾਸਤੇ ਭੱਜਿਆ ਅਤੇ ਰਸਤੇ ਵਿਚ ਜਹਾਜ਼ ਦੇ ਹਾਦਸਾ ਗ੍ਰਸਤ ਹੋ ਜਾਣ ਕਾਰਣ ਮਾਰਿਆ ਗਿਆ। ਬਹੁਤ ਭਾਰੀ ਸੰਖਿਆ ਵਿਚ ਲੋਕਾਂ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ ਅਤੇ ਇਹੋ ਮੰਨਿਆ ਕਿ ਸੁਭਾਸ਼ ਚੰਦਰ ਜਿਊਂਦਾ ਹੈ ਅਤੇ ਲੁਕ ਗਿਆ ਹੈ। ਗਾਂਧੀ ਜੀ ਦਾ ਵੀ ਇਹੋ ਵਿਸ਼ਵਾਸ ਸੀ। ਬਰਤਾਨੀਆ ਗੌਰਮਿੰਟ ਦਾ ਵੀ ਇਹੋ ਵਿਚਾਰ ਸੀ।

ਜਪਾਨ ਵਿਚ ਜਿਨ੍ਹਾਂ ਭਾਰਤੀ ਫੌਜੀਆਂ ਨੇ ਅੰਗਰੇਜ਼ਾਂ ਖਿਲਾਫ਼ ਜੰਗ ਲੜੀ ਸੀ, ਉਹ ਸਾਰੇ ਫੜ ਲਏ ਗਏ ਅਤੇ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਅਤੇ ਲਾਲ ਕਿਲੇ ਵਿਚ ਕੈਦ ਰੱਖਿਆ। ਉਨ੍ਹਾਂ ’ਤੇ ਮੁਕੱਦਮਾ ਵੀ ਲਾਲ ਕਿਲੇ ਵਿਚ ਹੀ ਚਲਾਇਆ ਗਿਆ ਜਿਸ ਦਾ ਨਾਮ ਲਾਲ ਕਿਲਾ ਮੁਕੱਦਮਾ(Red Fort Trial) ਮਸ਼ਹੂਰ ਹੋਇਆ। ਜਨਰਲ ਸ਼ਾਹ ਨਵਾਜ਼ ਖਾਨ, ਬ੍ਰਿਗੇਡੀਅਰ ਢਿੱਲੋਂ ਅਤੇ ਕੈਪਟਨ ਮੋਹਨ ਸਿੰਘ ਸਾਹਿਬ ਤੇ ਮੁਕੱਦਮਾ ਇੱਥੇ ਹੀ ਚੱਲਿਆ ਅਤੇ ਇੱਥੇ ਹੀ ਉਹ ਬਰੀ ਹੋਏ।

ਜਨਰਲ ਮੋਹਨ ਸਿੰਘ ’ਤੇ ਮੁਕੱਦਮਾ ਬੜੇ ਵੱਡੇ ਪੱਧਰ ਤੇ ਚੱਲਿਆ। ਇਕ ਗੱਲ ਨੋਟ ਕਰਨ ਵਾਲੀ ਹੈ ਕਿ ਜਨਰਲ ਮੋਹਨ ਸਿੰਘ ਨੂੰ ਪ੍ਰੌਸੀਕਿਊਸ਼ਨ ਅਤੇ ਡੀਫੈਂਸ, ਦੋਹਾਂ ਧਿਰਾਂ ਵੱਲੋਂ ਕੈਪਟਨ ਹੀ ਕਿਹਾ ਗਿਆ ਅਤੇ ਲਿਖਿਆ ਗਿਆ ਹੈ ਕਿਉਂਕਿ ਸਰਕਾਰੀ ਰਿਕਾਰਡ ਵਿਚ ਉਹ ਕੈਪਟਨ ਹੀ ਸੀ। ਉਸ ਦਾ ਡੀਫੈਂਸ ਪੇਸ਼ ਕਰਨ ਵਾਲਿਆਂ ਦੀ ਮਜ਼ਬੂਰੀ ਵੀ ਸੀ ਕਿ ਉਹ ਜਿਸ ਆਦਮੀ ਨੂੰ ਬਚਾਉਣ ਵਾਸਤੇ ਲੜ ਰਹੇ ਸਨ ਉਸ ’ਤੇ ਫ਼ਰਦ ਜੁਰਮ ਕੈਪਟਨ ਮੋਹਨ ਸਿੰਘ ਦੇ ਨਾਮ ’ਤੇ ਆਇਦ ਹੋਈ ਸੀ। ਇਸ ਲਈ ਬਚਾਅ ਪੱਖ ਲਈ ਜ਼ਰੂਰੀ ਹੋ ਜਾਂਦਾ ਸੀ ਕਿ ਉਹ ਕੈਪਟਨ ਮੋਹਨ ਸਿੰਘ ਦਾ ਹੀ ਬਚਾਅ ਕਰਨ ਲਈ ਲੜਨ ਕਿਸੇ ਹੋਰ ਜਨਰਲ ਮੋਹਨ ਸਿੰਘ ਦਾ ਨਹੀਂ।

ਇਹ ਇਕ ਹੰਗਾਮਾ ਭਰਪੂਰ ਕੇਸ ਸੀ। ਜਵਾਹਰ ਲਾਲ ਨਹਿਰੂ ਖ਼ੁਦ ਕਾਲਾ ਕੋਟ ਪਹਿਨ ਕੇ ਪੇਸ਼ ਹੋਇਆ ਪਰ ਉਸ ਦੀ ਮੁਸ਼ਕਿਲ ਇਹ ਸੀ ਕਿ ਉਹ ਵਕਾਲਤ ਪਾਸ ਜ਼ਰੂਰ ਸੀ ਪਰ ਉਸ ਨੇ ਕੋਰਟ ਕਚਹਿਰੀ ਵਿਚ ਕਦੇ ਕੋਈ ਮੁਕੱਦਮਾ ਨਹੀਂ ਸੀ ਲੜਿਆ। ਮੁੱਖ ਡੀਫੈਂਸ ਕੌਂਸਲ ਐਮ.ਸੀ ਸੀਤਲਵਾਦ(M.C. Setalwad) ਨੇ ਜਦੋਂ ਵੇਖਿਆ ਕਿ ਪੰਡਤ ਜੀ ਕੰਮ ਖ਼ਰਾਬ ਕਰ ਸਕਦੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਮਨਾ ਲਿਆ ਕਿ ਤੁਸੀਂ ਕਾਲਾ ਕੋਟ ਪਾ ਕੇ ਇੱਥੇ ਜ਼ਰੂਰ ਰਹੋ, ਬਾਕੀ ਕੰਮ ਮੇਰੇ ’ਤੇ ਛੱਡ ਦਿਉ। ਖ਼ੈਰ ਕਾਰਣ ਚਾਹੇ ਜੋ ਵੀ ਹੋਣ, ਜਨਰਲ ਮੋਹਨ ਸਿੰਘ ਵੀ ਬਾਕੀ ਹਿੰਦੁਸਤਾਨੀ ਬਾਗ਼ੀ ਅਫਸਰਾਂ ਵਾਂਗ ਬਰੀ ਕਰ ਦਿੱਤਾ ਗਿਆ। ਅੰਗਰੇਜ਼ ਨੇ ਜਪਾਨ ਜਰਮਨੀ ਅਤੇ ਇਟਲੀ ਵਿੱਚ ਜੰਗੀ ਮੁਜ਼ਰਮਾਂ ਨੂੰ ਲੰਮੀਆਂ ਲੰਮੀਆਂ ਤੇ ਭਾਰੀ ਸਜ਼ਾਵਾਂ ਦਿਵਾਈਆਂ ਪਰ ਹਿੰਦੁਸਤਾਨ ਵਿਚ ਉਸ ਦਾ ਬਾਗ਼ੀਆਂ ਵੱਲ ਰਵੱਈਆ ਹੋਰ ਸੀ। ਇਸ ਬਾਰੇ ਕੁਝ ਕਹਿਣ ਸੁਣਨ ਦੀ ਕੋਈ ਲੋੜ ਨਹੀਂ।

ਸਭ ਤੋਂ ਵੱਡੇ ਜੰਗੀ ਮੁਜ਼ਰਮ ਸ਼ੁਭਾਸ਼ ਚੰਦਰ ਬੋਸ ਬਾਰੇ ਬਰਤਾਨੀਆਂ ਦੇ ਕੈਬਨਿਟ ਨੇ ਫੈਸਲਾ ਕੀਤਾ ਕਿ ਇਸ ਨੂੰ ਮੁਕੰਮਲ ਤੌਰ ’ਤੇ ਨਜ਼ਰੰਦਾਜ਼ ਕੀਤਾ ਜਾਵੇ। ਉਸ ਬਾਰੇ ਕੋਈ ਤਜ਼ਕਰਾ ਜਾਂ ਤਬਸਰਾ ਨਾ ਕੀਤਾ ਜਾਵੇ। ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ। ਬੋਸ ਜ਼ਿੰਦਾ ਹੈ ਜਾਂ ਮਰ ਗਿਆ ਹੈ, ਕਿੱਥੇ ਹੈ ਜਾਂ ਨਹੀਂ ਹੈ, ਉਸ ਦੇ ਵਾਰੰਟ ਹਨ ਜਾਂ ਨਹੀਂ ਹਨ, ਸਰਕਾਰ ਨੇ ਉਸ ਨੂੰ ਲੱਭਣਾ ਹੈ, ਫੜਨਾ ਹੈ ਜਾਂ ਨਹੀਂ, ਸਭ ਕੁਝ ਨਜ਼ਰੰਦਾਜ਼, ਮੁਕੰਮਲ ਖ਼ਾਮੋਸ਼ੀ ਤੇ ਸਭ ਖ਼ਤਮ।

ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ਵਾਪਸ ਆਇਆ। ਜੋ ਮਿਲਿਆ ਉਹ ਬੇਪਨਾਹ ਦੁੱਖ ਤਕਲੀਫਾਂ ਅਤੇ ਕਸ਼ਟ ਕਲੇਸ਼ ਦੀ ਵੱਡੀ ਮਿਸਾਲ ਅਤੇ ਉਸ ਤੋਂ ਵੀ ਵੱਡੀ ਮਿਸਾਲ ਮੋਹਨ ਸਿੰਘ ਵੱਲੋਂ ਉਸ ਨੂੰ ਝੱਲਿਆ ਜਾਣਾ ਸੀ। ਰਿਹਾਈ ਸਮੇਂ ਉਸਦਾ ਵੱਡਾ ਵਕਾਰ ਸੀ, ਨਾਮ ਸੀ, ਸ਼ੁਹਰਤ ਅਤੇ ਸਤਿਕਾਰ ਸੀ। ਇਸੇ ਕਾਰਣ ਲਾਹੌਰ ਬੁਕ ਸ਼ਾਪ ਦੇ ਮਾਲਕ ਸਰਦਾਰ ਜੀਵਨ ਸਿੰਘ ਨੇ ਇਕ ਅਨਾੜੀ ਜਿਹੇ ਮੁੰਡੇ ਸੁਰਜੀਤ ਸਿੰਘ ਸੇਠੀ ਨੂੰ ਦੋ ਸੌ ਰੁਪਏ ਨਕਦ ਦੇਕੇ ਆਖਿਆ ਕਿ ਤੂੰ ਜਨਰਲ ਮੋਹਨ ਸਿੰਘ ਆਈ.ਐਨ.ਏ ਦੀ ਜੀਵਨੀ ਲਿਖ ਦੇ। ਸੇਠੀ ਨੂੰ ਏਨਾ ਚਾਅ ਚੜ੍ਹਿਆ ਕਿ ਉਸ ਨੇ ਤਿੰਨ ਚਾਰ ਦਿਨਾਂ ਵਿਚ ਜੀਵਨੀ ਲਿਖ ਦਿੱਤੀ। ਜੀਵਨ ਸਿੰਘ ਨੇ ਮਹੀਨੇ ਦੇ ਅੰਦਰ ਅੰਦਰ ਛਾਪ ਕੇ ਦੋ ਮਹੀਨਿਆਂ ਦੇ ਅੰਦਰ ਹੀ ਪੂਰੀ ਐਡੀਸ਼ਨ ਵੇਚ ਵੀ ਲਈ। ਸੁਰਜੀਤ ਸਿੰਘ ਸੇਠੀ ਦੇ ਮਾਮੇ ਗੁਰਮੁਖ ਮੁਸਾਫਰ ਨੇ ਆਪਣਾ ਚਾਅ ਪੂਰਾ ਕਰਲ ਲਈ ਜਾਂ ਫੋਰ ਸਿੱਖ ਪਬਲਿਸ਼ਿੰਗ ਹਾਊਸ ਨੂੰ ਫਾਇਦਾ ਪਹੁੰਚਾਉਣ ਲਈ ਬਾਗ਼ੀ ਜਰਨੈਲ ਨਾਮ ਹੇਠ ਮੋਹਨ ਸਿੰਘ ਦੀ ਵੱਡੇ ਆਕਾਰ ਦੀ ਜੀਵਨੀ ਲਿਖਣੀ ਸ਼ੁਰੂ ਕੀਤੀ ਅਤੇ ਕਾਫੀ ਟਾਈਮ ਲਾ ਕੇ ਪੂਰੀ ਕੀਤੀ ਅਤੇ ਉਹ ਕਿਤਾਬ ਉਸ ਤੋਂ ਵੀ ਵੱਧ ਸਮਾਂ ਪਾ ਕੇ ਹੌਲੀ ਹੌਲੀ ਵਿਕੀ।

ਖ਼ੈਰ ਜਨਰਲ ਮੋਹਨ ਸਿੰਘ ਦਾ ਸਾਰੇ ਕਿਤੇ ਸਤਿਕਾਰ ਸੀ। ਲੋਕਾਂ ਵਿਚ ਉਸ ਪ੍ਰਤੀ ਸ਼ਰਧਾ ਸੀ। ਪਰ ਕਿਸੇ ਵੀ ਪਾਰਟੀ ਨੇ ਉਸ ਨੂੰ ਨਾ ਅਪਣਾਇਆ ਤੇ ਨਾ ਅੱਗੇ ਕੀਤਾ। ਇਹ ਗੁਣਾ ਕਾਂਗਰਸ ਛੱਡ ਕੇ ਸ਼ੁਭਾਸ਼ ਚੰਦਰ ਬੋਸ ਵੱਲੋਂ ਬਣਾਈ ਗਈ ਆਲ ਇੰਡੀਆ ਫਾਰਵਾਰਡ ਬਲਾਕ ’ਤੇ ਪਿਆ ਜਿਸਦੀ ਪ੍ਰਧਾਨਗੀ ਪਹਿਲੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਮੋਹਨ ਸਿੰਘ ਨੂੰ ਸੌਂਪ ਦਿੱਤੀ ਗਈ। ਦੂਜੀ ਸਮੱਸਿਆ ਉਸ ਦੀ ਅਤੇ ਉਸ ਦੇ ਦੋਸਤ ਰਤਨ ਸਿੰਘ ਦੀ ਸੀ, ਜੋ ਜੀਵਨ ਵਸੇਬੇ ਨਾਲ ਜੁੜੀ ਹੋਈ ਸੀ। ਉਸਦਾ ਹੱਲ ਉਨ੍ਹਾਂ ਆਪਣੇ ਲਾਂਗਰੀ ਦੋਸਤ ਦੀਆਂ ਭੈਣਾਂ ਨਾਲ ਵਿਆਹ ਕਰਕੇ ਕੀਤਾ। ਤਿੰਨੇ ਜਣੇ ਹਮੇਸ਼ਾ ਹਮੇਸ਼ਾ ਲਈ ਪੱਕੇ ਰਿਸ਼ਤੇਦਾਰ ਬਣ ਗਏ ਅਤੇ ਦੁੱਖ ਸੁਖ ਵਿਚ ਇਕ ਦੂਜੇ ਲਈ ਸਹਾਈ ਹੋਣ ਹਿਤ ਸਦਾ ਸਦਾ ਲਈ ਵਚਨਬੱਧ ਹੋ ਗਏ।

ਜਨਰਲ ਮੋਹਨ ਸਿੰਘ ਦੀ ਕਮਾਨ ਹੇਠ ਫਾਰਵਾਰਡ ਬਲਾਕ ਨੇ ਇਲੈਕਸ਼ਨ ਲੜੀ। ਪੰਡਤ ਨਹਿਰੂ ਖਿਲਾਫ ਬਹੁਤ ਬੁਰੀ ਤਰ੍ਹਾਂ ਪ੍ਰਾਪੇਗੰਡਾ ਕੀਤਾ ਗਿਆ। ਮੋਹਨ ਸਿੰਘ ਨੇ ਉਸ ਨੂੰ ਇਲਾਹਾਬਾਦੀ ਅਮਰੂਦ ਕਹਿ ਕੇ ਥਾਂ ਥਾਂ ਭੰਡਿਆ ਪਰ ਫਾਰਵਾਰਡ ਬਲਾਕ ਕੋਈ ਯਥਾ ਯੋਗ ਪ੍ਰਾਪਤੀ ਨਾ ਕਰ ਸਕਿਆ। ਦੋ ਚਾਰ ਬੰਗਾਲੀਆਂ ਨੂੰ ਛੱਡ ਕੇ ਇਸ ਦਾ ਕੋਈ ਉਮੀਦਵਾਰ ਨਾ ਜਿੱਤ ਸਕਿਆ। ਪੈਪਸੂ ਅਤੇ ਪੰਜਾਬ ਵਿਚ ਜਿੱਥੇ ਮੋਹਨ ਸਿੰਘ ਨੂੰ ਇਸ ਦੀ ਜਿੱਤ ਦੀ ਲੋੜ ਸੀ, ਇਹ ਪਾਰਟੀ ਖਾਲੀ ਰਹੀ। ਮੋਹਨ ਸਿੰਘ ਕੋਲ ਰੁਲਣ ਅਤੇ ਰੌਲਾ ਪਾਉਣ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਸੀ। ਇਸ ਤਰ੍ਹਾਂ ਹੀ ਸਮਾਂ ਲੰਘਦਾ ਰਿਹਾ।

ਜਨਵਰੀ 1956 ਵਿਚ ਪ੍ਰਤਾਪ ਸਿੰਘ ਕੈਰੋਂ ਭੀਮ ਸੈਨ ਸੱਚਰ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕਾ ਸੀ। ਮੁੱਖ ਮੰਤਰੀ ਬਣਨ ਸਾਰ ਉਸ ਦੀ ਪਹਿਲੀ ਵੱਡੀ ਪ੍ਰੀਖਿਆ ਇਹ ਆਈ ਕਿ ਤਿੰਨ ਵੱਡੀਆਂ ਪਾਰਟੀਆਂ ਦੀਆਂ ਤਿੰਨ ਆਲ ਇੰਡੀਆ ਪੱਧਰ ਦੀਆਂ ਕਾਨਫਰੰਸਾਂ ਇੱਕੋ ਤਰੀਕ ’ਤੇ ਅੰਮ੍ਰਿਤਸਰ ਜੁੜ ਗਈਆਂ। ਆਲ ਇੰਡੀਆ ਕਾਂਗਰਸ ਦਾ ਜਨਰਲ ਇਜਲਾਸ, ਆਲ ਇੰਡੀਆ ਅਕਾਲੀ ਕਾਨਫਰੰਸ, ਅਖਿਲ ਭਾਰਤੀ ਜਨ ਸੰਘ ਦਾ ਰਾਸ਼ਟਰੀ ਮਹਾਂ ਸੰਮੇਲਨ ਇੱਕੋ ਸਮੇਂ ਸ਼ੁਰੂ ਹੋਏ ਅਤੇ ਇੱਕੋ ਸਮੇਂ ਸਮਾਪਤ ਹੋਏ। ਅਕਾਲੀਆਂ ਵੱਲੋਂ ਲਾਮਿਸਾਲ ਜਲੂਸ ਅਤੇ ਜਨ ਸੰਘ ਦਾ ਵੱਡਾ ਜਲੂਸ ਇੱਕੋ ਦਿਨ ਕੱਢੇ ਗਏ। ਜੋ ਵੀ ਹੋਇਆ ਇਹ ਸਾਰਾ ਵਰਤਾਰਾ ਨਿਰਵਿਘਨ ਨੇਪਰੇ ਚੜ੍ਹ ਗਿਆ। ਇਸ ਨਾਲ ਪ੍ਰਤਾਪ ਸਿੰਘ ਨੇ ਵੱਡੀ ਭੱਲ ਖੱਟ ਲਈ।

ਇਸ ਤੋਂ ਤੁਰਤ ਬਾਅਦ ਅਕਾਲੀ-ਕਾਂਗਰਸ ਗੱਲਬਾਤ ਸ਼ੁਰੂ ਹੋ ਗਈ ਅਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਹੀ ਇਨ੍ਹਾਂ ਦੋਹਾਂ ਦੀ ਰਿਜਨਲ ਫਾਰਮੂਲੇ ’ਤੇ ਸੁਲਹਾ ਹੋ ਗਈ। ਅਕਾਲੀ-ਕਾਂਗਰਸ ਟਿਕਟ ’ਤੇ ਇਲੈਕਸ਼ਨ ਲੜਨਾ ਮੰਨ ਗਏ। ਕੁਝ ਦਿਨਾਂ ਵਿਚ ਹੀ ਸਰਦਾਰ ਹੁਕਮ ਸਿੰਘ ਲੋਕ ਸਭਾ ਦੇ ਡਿਪਟੀ ਸਪੀਕਰ ਬਣਾ ਦਿੱਤੇ ਗਏ। ਸਤਵੰਜਾ(1957) ਦੀ ਜਨਰਲ ਇਲੈਕਸ਼ਨ ਵਿਚ ਇਨ੍ਹਾਂ ਦੇ ਸਮਝੌਤੇ ਨੇ ਪੰਜਾਬ ਵਿਚ ਹੂੰਝਾ ਫੇਰ ਦਿੱਤਾ। ਕੈਰੋਂ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣ ਗਿਆ। ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਅਤੇ ਗਿਆਨ ਸਿੰਘ ਰਾੜੇ ਵਾਲਾ ਮੰਤਰੀ ਬਣਾਏ ਗਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸੇ ਸਮੇਂ ਪਹਿਲੀ ਵਾਰੀ ਐਮ.ਐਲ.ਏ ਬਣੇ।

ਪ੍ਰਤਾਪ ਸਿੰਘ ਨੂੰ ਇਕ ਠਰਕ, ਜਨੂੰਨ ਦੀ ਹੱਦ ਤੱਕ ਸੀ। ਉਹ ਚਾਹੁੰਦਾ ਸੀ ਕਿ ਕੋਈ ਵੀ ਪ੍ਰਭਾਵਸ਼ਾਲੀ ਇਨਸਾਨ, ਚਾਹੇ ਉਹ ਕਿਸੇ ਵੀ ਖੇਤਰ ਨਾਲ ਸੰਬੰਧਤ ਹੋਵੇ, ਉਸ ਦਾ ਸਾਥੀ ਹੋਣਾ ਚਾਹੀਦਾ ਹੈ। ਸੋ ਉਹ ਮੋਹਨ ਸਿੰਘ ਨੂੰ ਬਦਹਾਲੀ ਦੀ ਗਰਦਿਸ਼ ਵਿਚ ਵੇਖਦਾ ਤਾੜਦਾ ਰਿਹਾ। ਇਸ ਤਰ੍ਹਾਂ ਕਰਦੇ ਨੂੰ ਜਦੋਂ ਕਾਫੀ ਸਮਾਂ ਲੰਘ ਗਿਆ ਤਾਂ ਇਕ ਦਿਨ ਉਹ ਮੋਹਨ ਸਿੰਘ ਕੋਲ ਪੁੱਜਾ ਤੇ ਉਸ ਨੂੰ ਕਹਿਣ ਲੱਗਾ- “ਓਏ, ਕਿਉਂ ਭੁੱਖਾ ਮਰਦਾ ਏਂ। ਮੇਰੇ ਨਾਲ ਚੱਲ। ਰੱਜ ਕੇ ਖਾ ਤੇ ਨਾਲੇ ਰਾਜ ਕਰ।” ਇਨ੍ਹਾਂ ਦੋਹਾਂ ਦੇ ਨੇੜਲੇ ਸਿਆਸੀ ਸੂਤਰਾਂ ਮੁਤਾਬਕ ਇਨ੍ਹਾਂ ਵਿਚ ਬੜੀ ਲੰਮੀ ਨੋਕ ਝੋਕ ਹੋਈ ਅਤੇ ਫੇਰ ਸਿਆਸੀ ਵਾਰਤਾਲਾਪ ਹੋਇਆ, ਸਮਝੌਤਾ ਹੋਇਆ। ਮੋਹਨ ਸਿੰਘ, ਕੈਰੋਂ ਦੀ ਮਾਰਫ਼ਤ ਕਾਂਗਰਸ ਵਿਚ ਚਲਿਆ ਗਿਆ। ਉਸ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਗਿਆ। ਪੀ.ਸੀ.ਸੀ ਅਤੇ ਏ.ਆਈ.ਸੀ.ਸੀ ਵਿਚ ਉਸ ਨੂੰ ਡੈਲੀਗੇਟ ਤੇ ਕਾਰਜਕਾਰੀ ਮੈਂਬਰ ਲਿਆ ਗਿਆ। ਕੁਝ ਸਮਾਂ ਲੰਘਣ ਬਾਅਦ ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ ਮੋਹਨ ਸਿੰਘ ਨੇ ਮੱਝਾਂ ਦਾ ਫਾਰਮ ਖੋਲ੍ਹਣ ਵਾਸਤੇ ਪੰਜ ਲੱਖ ਰੁਪਏ ਦੇ ਕਰਜ਼ੇ ਲਈ ਅਰਜ਼ੀ ਦੇ ਦਿੱਤੀ ਜੋ ਮੁੱਖ ਮੰਤਰੀ ਕੈਰੋਂ ਨੇ ਮਨਜ਼ੂਰ ਕਰ ਲਈ। ਪੈਸੇ ਲੈ ਕੇ ਜਨਰਲ ਮੋਹਨ ਸਿੰਘ ਨੇ, ਜਿਵੇਂ ਕਿ ਉਸ ਨੂੰ ਕੈਰੋਂ ਨੇ ਸਮਝਾ ਰੱਖਿਆ ਸੀ, ਇਕ ਪਿੰਡ ਕੂਮ ਕਲਾਂ ਵਿਚ ਜ਼ਮੀਨ ਖ਼ਰੀਦ ਲਈ ਅਤੇ ਜਨਰਲ ਮੋਹਨ ਸਿੰਘ ਤੇ ਉਸ ਦੇ ਦੋਵੇਂ ਦੋਸਤ ਪੱਕੇ ਤੌਰ ’ਤੇ ਇੱਥੇ ਵੱਸ ਗਏ। ਕੈਰੋਂ-ਮੋਹਨ ਸਿੰਘ ਸਮਝੌਤਾ ਸਕੀਮ ਅਨੁਸਾਰ ਮੋਹਨ ਸਿੰਘ ਨੇ ਅਗਲੇ ਵਰ੍ਹਿਆਂ ਵਿਚ ਉੱਥੇ ਮਰੀਆਂ ਹੋਈਆਂ ਮੱਝਾਂ ਦੇ ਬਹੁਤ ਸਾਰੇ ਸਿੰਗ ਇਕੱਠੇ ਕਰ ਲਏ। ਆਪਣੇ ਯਾਰ ਮੁੱਖ ਮੰਤਰੀ ਨੂੰ ਅਰਜ਼ੀ ਭੇਜ ਦਿੱਤੀ ਕਿ ਮੇਰੀਆਂ ਮੱਝਾਂ ਮਰ ਗਈਆਂ ਹਨ, ਸੋ ਮੇਰਾ ਲੋਨ ਮਾਫ਼ ਕੀਤਾ ਜਾਵੇ। ਮੁੱਖ ਮੰਤਰੀ ਨੇ ਪੜਤਾਲ ਕਰਨ ਲਈ ਟੀਮ ਭੇਜ ਦਿੱਤੀ। ਟੀਮ ਨੇ ਮੱਝਾਂ ਦੇ ਮਰ ਜਾਣ ਬਾਰੇ ਸਾਰੇ ਸਬੂਤ ਠੀਕ ਪਾਏ ਤੇ ਸਰਕਾਰ ਨੂੰ ਮੱਝਾਂ ਦੇ ਵਾਕਿਆ ਹੀ ਮਰ ਜਾਣ ਦੀ ਰਿਪੋਰਟ ਭੇਜ ਦਿੱਤੀ। ਮੁੱਖ ਮੰਤਰੀ ਨੇ ਲੋਨ ਮਾਫ਼ ਕਰ ਦਿੱਤਾ। ਹੌਲੀ ਹੌਲੀ ਇਹ ਗੱਲ ਸਾਰੇ ਇਲਾਕੇ ਵਿਚ ਫੈਲ ਗਈ। ਲੋਕਾਂ ਨੇ ਉਸ ਫਾਰਮ ਦਾ ਨਾਮ ਮੱਝਾਂ ਵਾਲਾ ਫਾਰਮ ਜਾਂ ਸਿੰਗਾਂ ਵਾਲਾ ਫਾਰਮ ਪਾ ਦਿੱਤਾ। ਜੋ ਵੀ ਹੋਇਆ ਸੋ ਹੋਇਆ, ਸਾਰੀ ਬਦਨਾਮੀ ਜਨਰਲ ਮੋਹਨ ਸਿੰਘ ਦੀ ਹੋਈ ਪਰ ਫਾਰਮ ਵਿਚ ਤਿੰਨਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਦੀ ਹਿੱਸੇਦਾਰੀ ਬਰਾਬਰ ਬਰਾਬਰ ਦੀ ਰੱਖੀ ਗਈ। ਇਕ ਜਨਰਲ ਮੋਹਨ ਸਿੰਘ, ਦੂਜਾ ਕੈਪਟਨ ਰਤਨ ਸਿੰਘ ਅਤੇ ਤੀਜਾ ਉਨ੍ਹਾਂ ਦਾ ਲਾਂਗਰੀ ਰਿਸ਼ਤੇਦਾਰ। ਇਹੋ ਹੁੰਦੀ ਹੈ ਸੱਚੀ ਦੋਸਤੀ। ਉਮਰ ਭਰ ਦਾ ਸਾਥ।

**

ਸ਼ੁਭਾਸ਼ ਚੰਦਰ ਬੋਸ ਜਪਾਨੀਆਂ ਦਾ ਟੂਚਾ?

ਨਵੰਬਰ 1958 ਵਿਚ ਪੰਜਾਬ ਦੇ ਸਾਰੇ ਕਾਂਗਰਸੀ ਅਕਾਲੀ ਸਿੱਖ ਲੀਡਰਾਂ ਨੂੰ ਪੰਡਤ ਨਹਿਰੂ ਦੀ ਸਰਪ੍ਰਸਤੀ ਅਤੇ ਕੈਰੋਂ ਦੀ ਅਗਵਾਈ ਵਿਚ ਕਮਿਊਨਿਸਟਾਂ ਦੀ ਮਦਦ ਨਾਲ, ਮਾਸਟਰ ਤਾਰਾ ਸਿੰਘ ਤੋਂ ਸ਼੍ਰੋਮਣੀ ਕਮੇਟੀ ਖੋਹ ਲਈ। ਮਾਸਟਰ ਜੀ ਦੇ ਮੁਕਾਬਲੇ ਤੇ ਗਿਆਨੀ ਕਰਤਾਰ ਸਿੰਘ ਦੇ ਇੱਕ ਸ਼ਗਿਰਦ ਪ੍ਰੇਮ ਸਿੰਘ ਲਾਲਪੁਰਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਖੇਡ ਵਿੱਚ ਡਿਪਟੀ ਸਪੀਕਰ ਹੁਕਮ ਸਿੰਘ, ਪੰਜਾਬ ਦੇ ਅਕਾਲੀ ਵਜ਼ੀਰ ਗਿਆਨੀ ਕਰਤਾਰ ਸਿੰਘ, ਗਿਆਨ ਸਿੰਘ ਰਾੜੇਵਾਲਾ ਅਤੇ ਜਨਰਲ ਮੋਹਨ ਸਿੰਘ, ਸਾਰੇ ਹੀ ਸ਼ਾਮਿਲ ਸਨ। 1955 ਦੀ ਗੁਰਦੁਆਰਾ ਚੋਣ ਵਿਚ ਜਿਹੜੇ ਦਸ ਕਮਿਊਨਿਸਟ ਮਾਸਟਰ ਤਾਰਾ ਸਿੰਘ ਦੀ ਮਦਦ ਨਾਲ ਸਿੱਖ ਦੇਸ ਭਗਤ ਬੋਰਡ ਦੇ ਝੰਡੇ ਥੱਲੇ ਜਿੱਤੇ ਸਨ, ਉਹ ਮਾਸਟਰ ਤਾਰਾ ਸਿੰਘ ਦੇ ਖਿਲਾਫ ਤੇ ਕਾਂਗਰਸ ਦੇ ਹੱਕ ਵਿਚ ਭੁਗਤ ਗਏ। ਇਹ ਉਹ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਦੀ ਹਮਾਇਤ ਲਈ ਸੰਤ ਫਤਿਹ ਸਿੰਘ ਅੱਗੇ ਆਇਆ ਤੇ ਉੱਭਰਿਆ।

ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਮੋਹਨ ਸਿੰਘ ਨੂੰ ਸਾਧ ਸੰਗਤ ਬੋਰਡ ਦਾ ਕਨਵੀਨਰ ਬਣਾ ਕੇ ਗੁਰਦੁਆਰਾ ਚੋਣ ਮੈਦਾਨ ਵਿਚ ਅਕਾਲੀ ਦਲ ਦੇ ਖਿਲਾਫ਼ ਉਤਾਰਿਆ ਤਾਂ ਅਕਾਲੀਆਂ ਦੇ ਇੱਕੋ ਨਾਅਰੇ ਨਾਲ ਉਸ ਦਾ ਨਾਮ ਜਪਾਨੀ ਜਰਨੈਲ ਪੈ ਗਿਆ ਤੇ ਉਹ ਸਿੱਖਾਂ ਵਿਚ ਖਤਮ ਹੋ ਗਿਆ।

ਮੋਹਨ ਸਿੰਘ ਨੂੰ ਕਾਂਗਰਸ ਜੱਥੇਬੰਦੀ ਵਿਚ ਕਈ ਸਨਮਾਨਜਨਕ ਅਹੁਦੇ ਦਿੱਤੇ ਗਏ। ਕੁਝ ਸਮੇਂ ਲਈ ਰਾਜਸਭਾ ਦਾ ਮੈਂਬਰ ਵੀ ਰਿਹਾ। ਫੇਰ ਅਸੈਂਬਲੀ ਦੀ ਪਹਿਲੀ ਸਫਲ ਚੋਣ ਇਸ ਨੇ ਪੰਜਾਬੀ ਸੂਬੇ ਵਿਚ 1967 ਵਿਚ ਕੁੰਮਕਲਾਂ ਦੇ ਹਲਕੇ ਤੋਂ ਲੜੀ। ਪਰ ਇਸ ਸਮੇਂ ਕਾਂਗਰਸ ਅਗਲੇ ਪੰਜ ਸਾਲਾਂ ਲਈ ਆਪੋਜੀਸ਼ਨ ਬਣ ਕੇ ਰਹਿ ਗਈ। 1972 ਦੀ ਚੋਣ ਵਿਚ ਇਹ ਐਮ.ਐਲ.ਏ ਤਾਂ ਜਰੂਰ ਬਣਿਆ ਪਰ ਵਜ਼ੀਰ ਨਹੀਂ ਬਣ ਸਕਿਆ। 1977 ਦੀ ਚੋਣ ਸਮੇਂ ਦਾ ਮਾਹੌਲ ਭਾਂਪ ਕੇ ਇਸ ਨੇ ਐਲਾਨ ਕਰ ਦਿੱਤਾ ਕਿ ਕੋਈ ਪੁਰਾਣਾ ਲੀਡਰ ਚੋਣ ਨਾ ਲੜੇ। ਹੋਰ ਕਿਸੇ ਉੱਤੇ ਇਸ ਦਾ ਕੋਈ ਅਸਰ ਨਾ ਹੋਇਆ ਪਰ ਉਸ ਨੇ ਖੁਦ ਚੋਣ ਨਹੀਂ ਲੜੀ। ਇਸ ਤਰੀਕੇ ਹਾਰ ਦੀ ਨਮੋਸ਼ੀ ਤੋਂ ਬਚ ਗਿਆ।

ਆਮ ਕਿਹਾ ਜਾਂਦਾ ਹੈ ਕਿ ਕਿਸੇ ਅਹੁਦੇ ’ਤੇ ਨਿਯੁਕਤ ਪਹਿਲਾ ਅਫਸਰ ਆਪਣੇ ਨਵੇਂ ਉਤਰਾਧਿਕਾਰੀ ਦੇ ਅਕਸਰ ਖਿਲਾਫ਼ ਹੁੰਦਾ ਹੈ ਅਤੇ ਨਵਾਂ ਅਧਿਕਾਰੀ ਆਪਣੇ ਪੂਰਬਵਰਤੀ ਅਧਿਕਾਰੀ ਦੇ ਖਿਲਾਫ਼ ਬੋਲਦਾ ਰਹਿੰਦਾ ਹੈ। ਸ਼ਾਇਦ ਇਹੋ ਕਾਰਣ ਹੈ ਕਿ ਜਨਰਲ ਮੋਹਨ ਸਿੰਘ ਨੇ ਆਪਣੇ ਪਿਛਲੇ ਸਾਲਾਂ ਵਿਚ ਲਿਖੀ ਅਤੇ ਛਾਪੀ ਜੀਵਨੀ ਵਿਚ ਲਿਖ ਦਿੱਤਾ ਸੀ ਕਿ ਸ਼ੁਭਾਸ਼ ਚੰਦਰ ਬੋਸ ਨੂੰ ਬੰਦੂਕ ਫੜਨੀ ਨਹੀਂ ਸੀ ਆਉਂਦੀ, ਕਿ ਉਹ ਜਪਾਨੀਆਂ ਦਾ ਟੂਚਾ (ਸਟੂਜ) ਸੀ।

ਪਿੱਛੇ ਜਿਹੇ ਮੇਰੀ ਨਜ਼ਰ ਵਿਚ ਕੁਝ ਲਿਖਤਾਂ ਲੰਘੀਆਂ ਜਿਨ੍ਹਾਂ ਵਿਚ ਲਿਖਿਆ ਹੈ ਕਿ ਸ਼ੁਭਾਸ਼ ਚੰਦਰ ਬੋਸ ਕੁਰੱਪਸ਼ਨ ਦੇ ਬਹੁਤ ਖਿਲਾਫ਼ ਸੀ। ਉਹ ਹਿੰਦੁਸਤਾਨ ਨੂੰ ਲੋਕਰਾਜ ਦੇ ਕਾਬਿਲ ਨਹੀਂ ਸੀ ਸਮਝਦਾ। ਜਪਾਨੀਆਂ ਦੀ ਤਰੱਕੀ ਤੋਂ ਬੜਾ ਪ੍ਰਭਾਵਿਤ ਸੀ ਅਤੇ ਹਿੰਦੁਸਤਾਨ ਵਿਚ ਘੱਟ ਤੋਂ ਘੱਟ ਦਸ ਸਾਲਾਂ ਲਈ ਜਪਾਨੀਆਂ ਵਰਗੀ ਤਾਨਾਸ਼ਾਹੀ ਕਾਇਮ ਕਰਨਾ ਚਾਹੁੰਦਾ ਸੀ। ਇਹੋ ਜਿਹੀਆਂ ਕਿਆਸਰਾਈਆਂ ਨੂੰ ਜਨਰਲ ਮੋਹਨ ਸਿੰਘ ਦੀਆਂ ਲਿਖਤਾਂ ਵਿੱਚੋਂ ਬਲ ਮਿਲਦਾ ਹੈ ਅਤੇ ਮੋਹਨ ਸਿੰਘ ਦੇ ਕਟਾਖਸ਼ ਨੂੰ ਅਜਿਹੀਆਂ ਲਾਮਡੋਰੀਆਂ ਤੋਂ ਤਾਕਤ ਮਿਲਦੀ ਹੈ।

*****

(572)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਮੇਵਾ ਸਿੰਘ ਤੁੰਗ

ਪ੍ਰੋ. ਮੇਵਾ ਸਿੰਘ ਤੁੰਗ

Phone: (91 - 86996 - 72100)