“ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ ...”
(4 ਜੁਲਾਈ 2018)
(ਪ੍ਰੋ. ਮੇਵਾ ਸਿੰਘ ਤੁੰਗ ਇਸ ਸਮੇਂ ਨੱਬਿਆਂ ਵਰ੍ਹਿਆਂ ਦੇ ਨੇੜੇ ਹਨ। ਇਸ ਸਮੇਂ ਉਹ ਆਪ ਲਿਖ ਨਹੀਂ ਸਕਦੇ, ਉਨ੍ਹਾਂ ਦੀ ਆਵਾਜ਼ ਨੂੰ ਸ਼ਬਦੀ ਰੂਪ ਦਿੱਤਾ ਪ੍ਰੋ. ਹਰਪਾਲ ਸਿੰਘ ਪੰਨੂ ਨੇ। ਅਸੀਂ ਧੰਨਵਾਦੀ ਹਾਂ ਪੰਨੂ ਸਾਹਿਬ ਦੇ। ... ਉਰਦੂ, ਹਿੰਦੀ ਕਹਾਣੀ ਦੇ ਸੰਦਰਭ ਵਿਚ ਆਧੁਨਿਕ ਪੰਜਾਬੀ ਕਹਾਣੀ ਦੀ ਦਸ਼ਾ ਦਾ ਸਰਵੇਖਣ ਕਰਦਾ ਨਿਬੰਧ ਸਾਹਿਤਕ ਮਹਾਰਥੀਆਂ ਦੇ ਸੁਭਾਅ ਉੱਪਰ ਵੀ ਤਜ਼ਕਰਾ ਕਰਦਾ ਹੈ ਪ੍ਰੋ. ਤੁੰਗ ਦਾ ਇਹ ਲੇਖ। -ਸੰਪਾਦਕ)
ਆਧੁਨਿਕ ਕਵਿਤਾ ਦਾ ਮੁੱਢ ਕਦੋਂ ਬੱਝਾ, ਕਦੋਂ ਸ਼ੁਰੂ ਹੋਈ, ਪਹਿਲਾ ਆਧੁਨਿਕ ਕਵੀ ਕੌਣ ਹੈ, ਇਸ ਬਾਰੇ ਅਜੇ ਤਕ ਵਿਦਵਾਨ ਵੰਡੇ ਹੋਏ ਹਨ। ਕਹਾਣੀ ਬਾਰੇ ਯਕੀਨਨ ਕਿਹਾ ਜਾ ਸਕਦਾ ਹੈ ਕਿ ਇਸਦਾ ਮੁੱਢ ਪ੍ਰਗਤੀਵਾਦੀ ਅੰਦੋਲਨ ਸ਼ੁਰੂ ਹੋਣ ਸਾਰ ਬੱਝ ਗਿਆ ਸੀ।
ਪ੍ਰਗਤੀਵਾਦੀ ਲੇਖਕ ਕਾਨਫਰੰਸ ਲਖਨਊ (1935) ਤੱਕ ਉਰਦੂ ਵਿਚ ਆਧੁਨਿਕ ਕਹਾਣੀ ਦਾ ਪਹਿਲਾ ਸੰਗ੍ਰਹਿ ਕ੍ਰਿਸ਼ਨ ਚੰਦਰ ਰਚਿਤ ‘ਨਜ਼ਾਰੇ’ ਛਪ ਚੁੱਕਾ ਸੀ। ਇਸ ਤੋਂ ਫੌਰਨ ਬਾਦ ਸਾਅਦਤ ਹਸਨ ਮੰਟੋ ਦਾ ‘ਧੂਆਂ’ ਅਤੇ ਰਾਜਿੰਦਰ ਸਿੰਘ ਬੇਦੀ ਦਾ ਕਹਾਣੀ ਮਜਮੂਆ ‘ਗ੍ਰਹਿਣ’ ਛਪਿਆ। ਇਨ੍ਹਾਂ ਨਾਲ ਉਰਦੂ ਕਹਾਣੀ ਇੱਕਦਮ ਅੰਗ੍ਰੇਜ਼ੀ ਬਰਾਬਰ ਪਹੁੰਚ ਗਈ। ਉਰਦੂ ਕਹਾਣੀ ਸਾਮਰਸੈੱਟ ਮਾੱਮ, ਐੱਚ.ਜੀ. ਵੈੱਲਜ਼ ਅਤੇ ਕੈਥਰੀਨ ਮੈਨਸਫੀਲਡ ਦੇ ਹਾਣ ਦੀ ਹੋ ਗਈ। ਮੋਪਾਸਾਂ, ਚੈਖਵ, ਗੋਰਕੀ ਅਤੇ ਓ. ਹੈਨਰੀ ਦਾ ਪ੍ਰਭਾਵ ਪ੍ਰਤੱਖ ਰੂਪ ਵਿਚ ਪੈਣਾ ਸ਼ੁਰੂ ਹੋ ਗਿਆ।
ਇਸ ਪਿੱਛੋਂ ਉਰਦੂ ਕਹਾਣੀਕਾਰਾਂ ਦਾ ਵੱਡਾ ਤੇ ਲੰਮਾ ਕਾਫਲਾ ਚੱਲ ਪਿਆ ਜਿਸਦਾ ਕੋਈ ਹਿਸਾਬ ਨਹੀਂ, ਜਿਸਦੀ ਲਿਸਟ ਬਹੁਤ ਲੰਮੀ ਬਣਦੀ ਹੈ ਪਰ ਮੋਢੀ ਹੋਣ ਦਾ ਮਾਣ ਕ੍ਰਿਸ਼ਨ ਚੰਦਰ, ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਨੂੰ ਜਾਂਦਾ ਹੈ।
ਇਨ੍ਹਾਂ ਨੇ ਸ਼ੁਰੁ ਵਿੱਚ ਹੀ ਬੜਾ ਉੱਚਾ ਮਿਆਰ ਕਾਇਮ ਕੀਤਾ ਜਿਸ ਤੋਂ ਅੱਗੇ ਲੰਘਣਾ ਔਖਾ ਸੀ। ਆਪਣੇ ਆਪ ਨੂੰ ਆਪਣੇ ਬੁਲੰਦ ਮਿਆਰ ਤੋਂ ਕਦੀ ਹੇਠਾਂ ਨਹੀਂ ਆਉਣ ਦਿੱਤਾ, ਕਈ ਵਾਰ ਤਾਂ ਆਪਣੇ ਬਣਾਏ ਮਿਆਰ ਤੋਂ ਉੱਚੇ ਵੀ ਗਏ। ਖਵਾਜਾ ਅਹਿਮਦ ਅੱਬਾਸ, ਇਸਮਤ ਚੁਗਤਾਈ, ਮੁਹੰਮਦ ਹਸਨ ਅਸਕਰੀ, ਅਲੀ ਅੱਬਾਸ ਹੁਸੈਨੀ, ਕੁਰਅਤਲੈਨ ਹੈਦਰ, ਸਕੀਆਂ ਭੈਣਾਂ ਖਦੀਜਾ ਮਸਤੂਰ, ਹਾਜਰਾ ਮਸਰੂਰ, ਰਾਮਲਾਲ, ਅਹਿਮਦ ਅਲੀ ਤੇ ਜੋਗਿੰਦਰ ਉਰਦੂ ਅਫਸਾਨੇ ਦੇ ਕੁੱਝ ਹੋਰ ਰੁਕਨ ਹਨ ਜਿਨ੍ਹਾਂ ’ਤੇ ਲਗਾਤਾਰ ਮਾਣ ਕੀਤਾ ਜਾ ਸਕਦਾ ਹੈ ਅਤੇ ਕੀਤਾ ਜਾ ਰਿਹਾ ਹੈ।
ਪੰਜਾਬੀ ਵਿੱਚ ਬਿਲਕੁਲ ਇਸੇ ਤਰ੍ਹਾਂ ਹੋਇਆ। ਇੱਥੇ ਵੀ ਤਿੰਨ ਕਹਾਣੀਕਾਰਾਂ ਨੇ ਇਕੱਠਿਆਂ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਥੋੜ੍ਹੇ ਸਮੇੰ ਬਾਦ ਇਨ੍ਹਾਂ ਦੇ ਕਹਾਣੀ-ਸੰਗ੍ਰਹਿ ਛਪੇ ਜਿਨ੍ਹਾਂ ਨੇ ਦੁਨੀਆਂ ਵਿਚ ਲਿਖੀ ਜਾ ਰਹੀ ਅਧੁਨਿਕ ਕਹਾਣੀ ਨੂੰ ਪੰਜਾਬੀ ਵਿਚ ਵਿਹਾਰਕ ਰੂਪ ਵਿਚ ਪ੍ਰਿਚਿਤ ਕਰਵਾਇਆ। ਪੰਜਾਬੀ ਕਹਾਣੀ, ਜਿਸਨੂੰ ਨਾਨਕ ਸਿੰਘ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮਾਸਟਰ ਅਭੈ ਸਿੰਘ, ਬਲਵੰਤ ਸਿੰਘ ਚਤਰਥ ਅਤੇ ਜੋਸ਼ੂਆ ਫਜ਼ਲਦੀਨ ਨਾਲੋਂ ਵਖਰਿਆਇਆ ਸੀ, ਨੂੰ ਜੋ ਹੋਰ ਵੀ ਅਗੇਰੇ, ਬਿਲਕੁਲ ਨਵੇਂ ਧਰਾਤਲ ਤੇ ਲੈਕੇ ਗਏ, ਉਹ ਸਨ ਸੁਜਾਨ ਸਿੰਘ (ਦੁਖ-ਸੁਖ) ਤੇ ਸੰਤ ਸਿੰਘ ਸੇਖੋਂ (ਸਵੇਰ ਸਾਰ)। ਇਨ੍ਹਾਂ ਦੀ ਆਮਦ ਤੇ ਵਿਦਵਾਨਾਂ ਨੇ ਮੰਨ ਲਿਆ ਕਿ ਅਧੁਨਿਕ ਹੁਨਰੀ ਕਹਾਣੀ ਦਾ ਪੰਜਾਬੀ ਵਿਚ ਆਗਮਨ ਹੋ ਚੁੱਕਾ ਹੈ। ਇਹ ਕਹਾਣੀਆਂ ਪੰਜਾਬੀ ਦੇ ਉੱਚਕੋਟੀ ਦੇ ਸਿਲੇਬਸਾਂ ਵਿਚ ਪੜ੍ਹਾਈਆਂ ਜਾਂਦੀਆਂ ਸਨ। ਇਸ ਪਿੱਛੋਂ ਆਧੁਨਿਕ ਕਹਾਣੀ ਲਿਖਣ ਵਾਲੇ ਲੇਖਕ ਭਾਰੀ ਗਿਣਤੀ ਵਿਚ ਇਸ ਪਾਸੇ ਆਏ, ਪੰਜਾਬੀ ਕਹਾਣੀ ਵਿਚ ਭਰਪੂਰਤਾ ਅਤੇ ਬਹੁਤਾਤ ਆਉਣੀ ਸ਼ੁਰੂ ਹੋ ਗਈ। ਇਨ੍ਹਾਂ ਵਿਚ ਪ੍ਰਮੁਖ ਸਨ ਸੁਰਿੰਦਰ ਸਿੰਘ ਨਰੂਲਾ, ਨੌਰੰਗ ਸਿੰਘ, ਮੋਹਨ ਸਿੰਘ, ਬੀਰ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਗੁਰਚਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਦੇਵਿੰਦਰ ਸਤਿਆਰਥੀ ਅਤੇ ਸੁਰਜੀਤ ਸਿੰਘ ਸੇਠੀ।
ਸੇਖੋਂ ਅਤੇ ਦੁੱਗਲ ਨੇ ਅਪਣੇ ਵਿਸ਼ਾਲ ਅਧਿਅਨ ਕਾਰਨ ਫਾਰਮ ਤੇ ਟੈਕਨੀਕ ਦੇ ਨੁਕਤੇ ਤੋਂ ਪੂਰਨ ਸਮਝ ਅਤੇ ਵਿਹਾਰਕਤਾ ਦਾ ਸਬੂਤ ਦਿੱਤਾ। ਵਿਦਵਾਨ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਏ। ਸੁਜਾਨ ਸਿੰਘ ਦੇ ਮਾਡਲ ਮੋਪਾਸਾਂ ਅਤੇ ਓ. ਹੈਨਰੀ ਸਨ। ਉਹ ਲੋਕਾਂ ਨਾਲ ਜੁੜਿਆ ਹੋਇਆ ਸੀ ਅਤੇ ਜੀਵਨ ਦੀਆਂ ਕਠਿਨਾਈਆਂ ਦਾ ਮੁਕਾਬਲਾ ਵੀ ਪੂਰੇ ਸਾਹਸ ਨਾਲ ਕਰ ਰਿਹਾ ਸੀ। ਉਸ ਨੇ ਇਨ੍ਹਾਂ ਵਾਂਗ ਯਕਦਮ ਪਲਾਟ ਦਾ ਤਿਆਗ ਨਹੀਂ ਕੀਤਾ। ਉਸ ਨੇ ਇਸ ਦੀ ਵਰਤੋਂ ਨਾਲ ਲੋਕਾਂ ਦੀ ਜਗਿਆਸਾ ਨੂੰ ਟੁੰਬਿਆ ਅਤੇ ਹਲੂਣਿਆ, ਇਸ ਲਈ ਜਨਮਾਨਸ ਨੇ ਉਸ ਦੀਆਂ ਕਹਾਣੀਆਂ ਪੂਰੇ ਪਿਆਰ ਨਾਲ ਪੜ੍ਹੀਆਂ। ਉਹ ਆਮ ਲੋਕਾਂ ਵਿਚ ਵਧੇਰੇ ਹਰਮਨ-ਪਿਆਰਾ ਹੋਇਆ। ਸਾਰੀ ਉਮਰ ਉਸਨੇ ਪਲਾਟ ਦੀ ਲੋੜ ਮੰਨੀ ਹੈ, ਕਦੇ ਇਸ ਦੀ ਪਕੜ ਤੋਂ ਆਜ਼ਾਦ ਨਹੀਂ ਹੋਇਆ। ਉਸਨੇ ਦਾਅਵਾ ਕੀਤਾ ਕਿ ਉਸਨੂੰ ਗੁਰਬਖਸ਼ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਦੀ ਪੈਰਵਾਈ ਕਰਨ ਦੀ ਕੋਈ ਲੋੜ ਨਹੀਂ।
ਥੋੜ੍ਹੀ ਦੇਰ ਪਿੱਛੋਂ ਜਾਕੇ ਜੋ ਹਾਜ਼ਰ ਅਤੇ ਮਸ਼ਹੂਰ ਹੋਏ ਉਨ੍ਹਾਂ ਵਿਚ ਸਰਵੁੱਚ ਅਤੇ ਸਰਵਸ੍ਰੇਸ਼ਟ ਸਥਾਨ ਹੈ ਮਹਿੰਦਰ ਸਿੰਘ ਸਰਨਾ, ਲੋਚਨ ਬਖਸ਼ੀ, ਅਮਰ ਸਿੰਘ, ਸੰਤੋਖ ਸਿੰਘ ਧੀਰ, ਕੁਲਵੰਤ ਸਿੰਘ ਵਿਰਕ, ਹਰੀ ਸਿੰਘ ਦਿਲਬਰ, ਨਵਤੇਜ ਸਿੰਘ, ਦਲੀਪ ਕੌਰ ਟਿਵਾਣਾ, ਗੁਰਮੁਖ ਸਿੰਘ ਜੀਤ, ਦੇਵਿੰਦਰ, ਜੈਦੇਵ ਸਿੰਘ ਬਿੰਦਰਾ, ਕਰਤਾਰ ਸਿੰਘ ਸੂਰੀ ਅਤੇ ਹਰਕਿਸ਼ਨ ਸਿੰਘ। ਉਕਤ ਲੇਖਕਾਂ ਤੋਂ ਪਿੱਛੋਂ ਸ਼ਾਮਲ ਹੋਏ ਬਲਬੀਰ ਸਿੰਘ (ਜੋ ਬਾਦ ਵਿਚ ਸੁਖਬੀਰ ਦੇ ਨਾਮ ਨਾਲ ਪ੍ਰਸਿੱਧ ਹੋਇਆ), ਜਸਵੰਤ ਸਿੰਘ ਵਿਰਦੀ, ਮਹਿਰਮ ਯਾਰ, ਪ੍ਰੇਮ ਪ੍ਰਕਾਸ਼ ਖੰਨਵੀਂ, ਬੂਟਾ ਸਿੰਘ, ਬੂਟਾ ਸਿੰਘ ਸ਼ਾਦ, ਰਾਮ ਸਰੂਪ ਅਣਖੀ, ਅਮੀਆਂ ਕੁੰਵਰ, ਵਰਿਆਮ ਸੰਧੂ, ਗੁਰਦਿਆਲ ਸਿੰਘ, ਗੁਰਬਚਨ ਭੁੱਲਰ, ਅਜੀਤ ਕੌਰ, ਬਚਿੰਤ ਕੌਰ ਅਤੇ ਸੁਖਵੰਤ ਕੌਰ ਮਾਨ ਆਦਿ। ਨਾਵਲਕਾਰ ਜਸਵੰਤ ਸਿੰਘ ਕੰਵਲ ਅਤੇ ਨਾਟਕਕਾਰ ਬਲਵੰਤ ਗਾਰਗੀ ਨੇ ਭੀ ਬੜੀਆਂ ਵੱਡੀਆਂ ਅਤੇ ਵੱਖਰੀ ਵੰਨਗੀ ਦੀਆਂ ਕਹਾਣੀਆਂ ਲਿਖੀਆਂ ਪਰ ਲਕੀਰ ਦੇ ਫਕੀਰ ਪੰਜਾਬੀ ਆਲੋਚਕਾਂ ਨੇ ਉਨ੍ਹਾਂ ਵਲ ਧਿਆਨ ਨਹੀਂ ਦਿੱਤਾ। ਗੁਰਮੁਖ ਸਿੰਘ ਸਹਿਗਲ, ਗੁਰਬਖਸ਼ ਬਾਹਲਵੀ, ਗੁਲਵੰਤ ਫਾਰਗ, ਮਨਿੰਦਰਜੀਤ ਹੰਸਪਾਲ, ਹਰਨਾਮ ਸਿੰਘ ਨੀਰ, ਗੁਰਮੇਲ ਮਡਾਹੜ, ਜੋਗਿੰਦਰ ਨਿਰਾਲਾ, ਹਰਜਿੰਦਰ ਸਿੰਘ, ਜੀਤ ਸਿੰਘ ਸੀਤਲ, ਅਜੀਤ ਸੈਣੀ, ਤੇਜਵੰਤ ਮਾਨ, ਗੁਰਵੇਲ ਪੰਨੂ, ਰਘੁਬੀਰ ਢੰਡ ਜ਼ਿਕਰਯੋਗ ਹਾਸਲ ਹਨ।
ਜਸਵੰਤ ਸਿੰਘ ਕੰਵਲ ਨੇ ਵੀ ਤਕੜੀ ਮਾਤਰਾ ਵਿਚ ਕਹਾਣੀਆਂ ਲਿਖੀਆਂ ਜੋ ਪੂਰੇ ਪ੍ਰੇਮ ਨਾਲ ਪਾਠਕ ਜਗਤ ਨੇ ਕਬੂਲੀਆਂ, ਸਤਿਕਾਰੀਆਂ ਪਰ ਆਲੋਚਕਾਂ ਨੇ ਉਹਦੇ ਨਾਵਲਾਂ ਮੁਕਾਬਲੇ ਕਹਾਣੀਆਂ ਵਲ ਧਿਆਨ ਨਹੀਂ ਦਿੱਤਾ। ਨਾਟਕਕਾਰ ਬਲਵੰਤ ਗਾਰਗੀ, ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ ਦੀਆਂ ਕਹਾਣੀਆਂ ਅਣਗੌਲੀਆਂ ਰਹਿ ਗਈਆਂ। ਡਾ. ਮੋਹਨ ਸਿੰਘ ਦੀਵਾਨਾ ਨੇ ਛਪਣ ਸਾਰ ਹੀ ਆਪਣਾ ਕਹਾਣੀ-ਸੰਗ੍ਰਹਿ ‘ਦੇਵਿੰਦਰ ਬਤੀਸੀ’ ਗਿਆਨੀ ਦੇ ਕੋਰਸ ਵਿਚ ਲਵਾ ਲਿਆ ਸੀ। ਇਸੇ ਤਰ੍ਹਾਂ ਉਸਨੇ ਅਪਣਾ ਕਾਵਿ-ਸੰਗ੍ਰਹਿ ‘ਮਸਤੀ’ ਗਿਆਨੀ ਕੋਰਸ ਵਿਚ ਸ਼ਾਮਲ ਕਰਵਾ ਲਿਆ। ‘ਮਸਤੀ’ ਦੀ ਸਿਫਤ ਵਿਚ ਸੌ ਦੇ ਕਰੀਬ ਲੇਖਕਾਂ ਪਾਸੋਂ ਪ੍ਰਸ਼ੰਸਾ ਪੱਤਰ, ਪ੍ਰਮਾਣ ਪੱਤਰ ਲਿਖਵਾਏ ਜਿਨ੍ਹਾਂ ਨੇ ਲਿਖਿਆ ਕਿ ‘ਮਸਤੀ’ ਇੱਕੋ ਇੱਕ ਕਾਵਿ ਪੁਸਤਕ ਹੈ ਜਿਸ ਵਰਗੀ ਅੰਗਰੇਜ਼ੀ, ਫਰੈਂਚ ਅਤੇ ਫਾਰਸੀ ਵਿਚ ਕੋਈ ਕਿਤਾਬ ਨਹੀਂ। ਕਾਰਣ? ਲੇਖਕ ਸਾਹਿਤ ਦਾ ਮਜੌਰ ਸੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦਾ ਮਾਲਕ।
ਉਸਦੇ ਮੁਕਾਬਲੇ ਦੂਜਾ ਸਾਹਿਤਕ ਮਜੌਰ ਸੰਤ ਸਿੰਘ ਸੇਖੋਂ ਸੀ, ਜਿਸ ਨੇ ਸੌਂਹ ਖਾਧੀ ਹੋਈ ਸੀ ਕਿ ਉਹ ਮੋਹਨ ਸਿੰਘ ਦੀਵਾਨਾ ਦਾ ਕਿਸੇ ਥਾਂ ਕੋਈ ਜ਼ਿਕਰ ਨਹੀਂ ਕਰੇਗਾ। ਆਖਰ ਉਸਦੇ ਸਬਰ ਦਾ ਕੜ ਟੁੱਟ ਗਿਆ ਅਤੇ ਦੁਨੀਆ ਵਿੱਚੋਂ ਰਵਾਨਾ ਹੋਣ ਤੋਂ ਪਹਿਲਾਂ ਇਕ ਲੇਖ ਲਿਖ ਕੇ ਧਰ ਗਿਆ ਕਿ ਦੀਵਾਨਾ ਸਾਰੀ ਉਮਰ ਗਿਆਨੀ ਬੁੱਧੀਮਾਨੀ ਪੜ੍ਹਾਉਂਦਾ ਰਿਹਾ ਇਸ ਲਈ ਉਸਦੀ ਆਲੋਚਨਾ ਦਾ ਪੱਧਰ ਕੇਵਲ ਤੇ ਕੇਵਲ ਗਿਆਨੀ ਦੇ ਪੱਧਰ ਦਾ ਹੈ। ਧੰਨ ਡਾ. ਮੋਹਨ ਸਿੰਘ ਦੀਵਾਨਾ ਜਿਸ ਨੇ ਸਾਰੀ ਉਮਰ ਕਿਸੇ ਵੀ ਥਾਂ ਸੰਤ ਸਿੰਘ ਸੇਖੋਂ ਦਾ ਨਾਮ ਨਹੀਂ ਆਉਣ ਦਿੱਤਾ।
ਦੀਵਾਨੇ ਨੂੰ ਉਕਤ ਪ੍ਰਮਾਣ-ਪੱਤਰ ਦੇਣ ਬਾਦ ਇਕ ਦਿਨ ਸੇਖੋਂ ਨੇ ਮੈਨੂੰ ਕਿਹਾ- ਇਸ ਨੂੰ ਕੋਈ ਲੇਖਕ ਮੰਨਦਾ ਈ ਨੀਂ। ਜੇ ਮੈਂ ਮੰਨ ਲੈਂਦਾ, ਸਰਿਆਂ ਨੇ ਮੰਨ ਲੈਣਾ ਸੀ। ਮੈਂ ਚੁੱਪ ਚਾਪ ਇਹ ਬਚਨ ਸੁਣਿਆ। ਦਵਿੰਦਰ ਸਤਿਆਰਥੀ ਨਾਲ ਸੇਖੋਂ ਦੇ ਕਥਨ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ- ਦੀਵਾਨੇ ਦੀ ਗੱਦੀ ਬਹੁਤ ਉੱਚੀ ਹੈ।
ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਵਿਲੱਖਣ ਦਬੰਗ ਰੰਗ ਢੰਗ ਵਿਚ ਕਹਾਣੀਆਂ ਲਿਖੀਆਂ ਜੋ ਉਸਨੂੰ ਉਰਦੂ ਕਹਾਣੀਕਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਦੇ ਨੇੜੇ ਲਿਜਾਂਦੀਆਂ ਹਨ ਪਰ ਉਸਦੀ ਨਾਟਕਕਾਰ ਵੱਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀ। ਇਸੇ ਤਰ੍ਹਾਂ ਡਾ. ਗੁਰਦਿਆਲ ਸਿੰਘ ਫੁੱਲ, ਡਾ. ਹਰਚਰਨ ਸਿੰਘ ਅਤੇ ਪ੍ਰੋ. ਬਲਬੀਰ ਸਿੰਘ ਨਾਲ ਵਾਪਰਿਆ। ਬਲਵੰਤ ਗਾਰਗੀ ਦੀ ‘ਸੌ ਮੀਲ ਦੌੜ’ ਅਤੇ ‘ਸ਼ਤਾਬਦੀ ਟਿਕਟ’ ਵਰਗੀਆਂ ਕਹਾਣੀਆਂ ਹੋਰ ਕੋਈ ਨਹੀਂ ਲਿਖ ਸਕਿਆ। ਲੰਡਨ ਦੀ ਗਸ਼ਤੀ, ਪੈਰਿਸ ਦੀ ਕੁੜੀ, ਮਾਸਕੋ ਦੀ ਕੁੜੀ, ਵੱਖਰੀ ਕਿਸਮ ਦੀਆਂ ਕਹਾਣੀਆਂ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਕੇਵਲ ਦੋ ਹੀ ਕਹਾਣੀਕਾਰ ਹਨ- ਦੁੱਗਲ ਤੇ ਵਿਰਕ। ਮੈਨੂੰ ਕਈ ਵਾਰ ਵਿਦਿਆਰਥੀਆਂ ਨੇ ਪੁੱਛਿਆ ਹੈ- ਦੁੱਗਲ ਅਤੇ ਵਿਰਕ ਵਿੱਚੋਂ ਕੌਣ ਵੱਡਾ ਹੈ? ਮੇਰਾ ਜਵਾਬ ਹੁੰਦਾ ਹੈ- ਵਿਰਕ ਉੱਪਰ ਦੁੱਗਲ ਦਾ ਅਸਰ ਹੈ। ਵਿਸ਼ੇ ਪੱਖੋਂ ਇਨ੍ਹਾਂ ਦੀ ਕਹਾਣੀ ਹਿੰਦੁਸਤਾਨ ਦੀ ਸੀਮਾ ਪਾਰ ਕਰਕੇ ਲੰਡਨ, ਪੈਰਿਸ ਅਤੇ ਅਮਰੀਕਾ ਤੱਕ ਪੁੱਜੀ।
ਗਾਰਗੀ ਦੀ ਬੋਲੀ ਵਿਸ਼ੇਸ਼ ਤੇ ਵਿਲੱਖਣ ਹੈ। ਉਸ ਨੇ ਸਾਰੀ ਉਮਰ ਪੁੰਨੀ ਦੀ ਬੋਲੀ ਸੰਭਾਲ ਕੇ ਰੱਖੀ। ਮੈਟਰੋਪੋਲਿਟਨ ਸ਼ਹਿਰਾਂ ਦੇ ਪੜ੍ਹੇ ਲਿਖੇ ਲੋਕਾਂ ਵਿਚ ਰਹਿਣ ਵਾਲੇ ਲੇਖਕ ਨੇ ਲੋਕ ਬੋਲੀ ਪੱਲੇ ਬੰਨ੍ਹ ਕੇ ਰੱਖੀ।
ਹਿੰਦੀ ਸਾਹਿਤ ਵਿਚ ਵੀ ਕਹਾਣੀ ਲੇਖਕਾਂ ਦਾ ਪ੍ਰਵੇਸ਼ ਇਸੇ ਅਮਲ ਰਾਹੀਂ ਹੋਇਆ। ਇਸ ਭਾਸ਼ਾ ਦੀ ਕਹਾਣੀ ਵਿਧਾ ਦਾ ਪਿਤਾਮਾ ਪ੍ਰੇਮ ਚੰਦ ਹੈ ਜਿਸਦੇ ਹੁਣ ਤਕ ਚਹੁੰ ਚੱਕੀਂ ਵਾਜੇ ਵੱਜ ਰਹੇ ਹਨ। ਹਿੰਦੀ ਕਹਾਣੀ ਅਤੇ ਨਾਵਲ ਵਿਚ ਅਜੇ ਵੀ ਪਹਿਲਾ ਥਾਂ ਉਸੇ ਦਾ ਹੈ। ਸਾਹਿਤ ਦਾ ਆਧੁਨਿਕ ਦੌਰ ਸ਼ੁਰੂ ਹੋਇਆ ਹੀ ਸੀ ਕਿ ਉਸਦੀ ਮੌਤ ਹੋ ਗਈ। ਉਸ ਨੇ ‘ਪੂਸ ਕੀ ਰਾਤ’ ਅਤੇ ‘ਕੱਫਣ’ ਵਰਗੀਆਂ ਬੇਮਿਸਾਲ ਕਹਾਣੀਆਂ ਲਿਖੀਆਂ। ਆਧੁਨਿਕ ਹੁਨਰੀ ਕਹਾਣੀ ਜਿਸਦਾ ਹੁਣ ਜ਼ਿਕਰ ਚੱਲ ਰਿਹਾ ਹੈ, ਇਸ ਦੇ ਸ਼ੁਰੂ ਕਰਨ ਵਾਲਿਆਂ ਵਿਚ ਅਸੀਂ ਉਪਿੰਦਰ ਨਾਥ ਅਸ਼ਕ ਅਤੇ ਜੈਨੇਂਦਰ ਕੁਮਾਰ ਨੂੰ ਰੱਖ ਸਕਦੇ ਹਾਂ। ਥੋੜ੍ਹੀ ਦੇਰ ਬਾਦ ਈਲਾ ਚੰਦਰ ਜੋਸ਼ੀ ਅਤੇ ਅਗੇਯ ਆ ਗਏ। ਅੰਮ੍ਰਿਤ ਲਾਲ ਨਾਗਰ ਇਸੇ ਮੰਡਲ ਵਿਚ ਆਉਂਦਾ ਹੈ। ਫਿਰ ਯਸ਼ਪਾਲ ਆਉਂਦਾ ਹੈ। ਇਨ੍ਹਾਂ ਦੀ ਪ੍ਰਸਿੱਧੀ ‘ਕਾਮਰੇਡ’ ਅਤੇ ‘ਦਾਦਾ ਕਾਮਰੇਡ’ ਕਹਾਣੀਆਂ ਕਰਕੇ ਹੋਈ ਪਰ ਨਾਵਲ ‘ਝੂਠਾ ਸੱਚ’ ਅਤੇ ‘ਮਨੁੱਖ ਦੇ ਰੂਪ’ ਨੇ ਇਨ੍ਹਾਂ ਨੂੰ ਬਹੁਤ ਉੱਚਾ ਥਾਂ ਦਿਵਾਇਆ। ਇਨ੍ਹਾਂ ਨੂੰ ਪ੍ਰੇਮ ਚੰਦ ਦੀ ਪ੍ਰੰਪਰਾ ਦੇ ਦੂਜੇ ਵੱਡੇ ਸਾਹਿਤਕਾਰ ਮੰਨਿਆ ਜਾਂਦਾ ਹੈ। ਇਨ੍ਹਾਂ ਦੀਆਂ ਕਹਾਣੀਆਂ ਸ਼ਿਲਪ ਅਤੇ ਕਲਾ ਪੱਖੋਂ ਅਤੇ ਕਲਾ-ਪੂਰਣ ਨਿਭਾਅ ਪੱਖੋਂ ਦੂਜਿਆਂ ਨਾਲੋਂ ਵੱਖਰੀਆਂ ਹਨ। ਇਸ ਦਾ ਕਾਰਨ ਇਨ੍ਹਾਂ ਦਾ ਮੌਲਿਕ ਢੰਗ ਨਾਲ ਸੋਚਣਾ ਅਤੇ ਗ੍ਰਹਿਣ ਕਰਨਾ ਹੈ। ਇਨ੍ਹਾਂ ਦੇ ਦਰਜਣ ਦੇ ਕਰੀਬ ਕਹਾਣੀ ਸੰਗ੍ਰਹਿ ਛਪੇ ਹਨ।
ਹਿੰਦੀ ਕਹਾਣੀ ਦੀ ਅਗਲੀ ਪੀੜ੍ਹੀ ਵਿਚ ਜਲੰਧਰ ਦਾ ਮੋਹਨ ਰਾਕੇਸ਼ ਆਉਂਦਾ ਹੈ ਜੋ ਉਪਿੰਦਰ ਨਾਥ ਅਸ਼ਕ ਦਾ ਚੇਲਾ ਹੈ। ਫਿਰ ਰਾਜਿੰਦਰ ਯਾਦਵ, ਮਨੁ ਭੰਡਾਰੀ, ਸ਼੍ਰੀਕਾਂਤ, ਕ੍ਰਿਸ਼ਨ ਬਲਦੇਵ ਵੈਦ, ਦੂਧਨਾਥ ਆਉਂਦੇ ਹਨ। ਪਿੱਛੋਂ ਤਾਂ ਮੋਹਨ ਰਾਕੇਸ਼ ਦੀ ਪ੍ਰਸਿੱਧੀ ਨਾਵਲਕਾਰ ਵਜੋਂ ਹੋਈ ਪਰ ਸ਼ੁਰੂ ਵਿਚ ਕਹਾਣੀ ਨੇ ਹੀ ਉਸਦਾ ਨਾਮ ਰੋਸ਼ਨ ਕੀਤਾ। ਉਸ ਉੱਤੇ ਰਾਜਿੰਦਰ ਸਿੰਘ ਬੇਦੀ ਅਤੇ ਆਂਤਨ ਚੈਖਵ ਦਾ ਅਸਰ ਹੈ। ਉਸਦੀ ਖੁਦਕਸ਼ੀ, ਖੁਦਕਸ਼ੀ ਦੇ ਕਾਰਨ ਆਦਿਕ ਮੁੱਦੇ ਬਹੁਤ ਚਰਚਿਤ ਰਹੇ, ਹੁਣ ਤੱਕ ਮੌਤ ਰਹੱਸ ਬਣੀ ਹੋਈ ਹੈ।
ਪੰਜਾਬੀ ਪੜ੍ਹਿਆਂ ਲਿਖਿਆਂ, ਆਲੋਚਕਾਂ, ਬੇ-ਆਲੋਚਕਾਂ, ਵਿਦਵਾਨਾਂ, ਗੈਰ-ਵਿਦਵਾਨਾਂ ਦਾ ਧਿਆਨ ਦਿਵਾਉਣ ਵਾਸਤੇ ਮੈਂ ਲਿਖ ਰਿਹਾ ਹਾਂ ਕਿ ਉਹ ਅੱਗੇ ਆਉਣ, ਬੜੀ ਭਾਰੀ ਗਿਣਤੀ ਵਿਚ ਨਜ਼ਰੰਦਾਜ਼ ਕੀਤੇ ਗਏ ਕਹਾਣੀਕਾਰਾਂ ਬਾਰੇ ਚਰਚਾ ਕਰਨ, ਉਨ੍ਹਾਂ ਦਾ ਪੱਖ ਪਾਠਕਾਂ ਅੱਗੇ ਰੱਖਣ, ਚੰਗੇ ਹਨ ਤਾਂ ਚੰਗੇ ਕਹਿਣ, ਮਾੜੇ ਲੱਗਣ ਤਾਂ ਮਾੜੇ ਕਹਿਣ, ਅਣਗਿਣਤ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਤਾਂ ਲੱਗੇ। ਇਹ ਅਣਗੌਲੇ ਰਹਿ ਗਏ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਪੂਰਾ ਨਹੀਂ ਲਿਖਿਆ ਜਾਏਗਾ।
ਆਉਣ ਵਾਲੇ ਵਕਤ ਵਿਸ਼ਵਕੋਸ਼, ਸਾਹਿਤ ਕੋਸ਼, ਹਵਾਲਾ ਪੁਸਤਕਾਂ ਤਿਆਰ ਹੋਣਗੀਆਂ ਤਾਂ ਉਨ੍ਹਾਂ ਦਾ ਆਧਾਰ ਕੀ ਹੋਵੇਗਾ? ਉਨ੍ਹਾਂ ਲਈ ਸਮੱਗਰੀ ਕਿੱਥੋਂ ਆਏਗੀ? ਹੋਰ ਉਨ੍ਹਾਂ ਨੂੰ ਕੌਣ ਚੇਤੇ ਕਰੇਗਾ? ਵਿਦਵਾਨਾਂ, ਪ੍ਰੋਫੈਸਰਾਂ, ਖੋਜਾਰਥੀਆਂ ਨੂੰ ਪਹਿਲ ਦੇ ਆਧਾਰ ਤੇ ਇੱਧਰ ਧਿਆਨ ਦੇਣਾ ਚਾਹੀਦਾ ਹੈ ਵਰਨਾ ਇਹ ਅਮੁੱਲ ਸਾਹਿਤਕ ਖਜ਼ਾਨਾ ਹਮੇਸ਼ ਲਈ ਲੋਪ ਹੋ ਜਾਏਗਾ। ਸੁਰਜੀਤ ਸਿੰਘ ਸੇਠੀ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ‘ਐਵੇਂ ਜਰਾ’ ਛਪਕੇ ਵੀ ਹਮੇਸ਼ ਲਈ ਗੁੰਮ ਹੋ ਚੁੱਕਾ ਹੈ। ਕਿਸੇ ਨੂੰ ਕੀ ਦੋਸ਼, ਮੈਨੂੰ ਕਿੱਧਰੋਂ ਨਹੀਂ ਲੱਭਿਆ। ਮਾਸਟਰ ਅਭੈ ਸਿੰਘ, ਜੋਸ਼ੂਆ ਫਜ਼ਲਦੀਨ ਅਤੇ ਉਨ੍ਹਾਂ ਦੇ ਸਮਕਾਲੀਆਂ ਨੂੰ ਨਵੇਂ ਸਿਰੇ ਤੋਂ ਤਲਾਸ਼ਣ ਦੀ ਲੋੜ ਹੈ।
ਪੰਜਾਬੀ ਲੇਖਕਾਂ ਦੀ ਆਦਤ ਬਣ ਗਈ ਹੈ ਉਹ ਜਿਸਨੂੰ ਮਰਜ਼ੀ ਟੈਗੋਰ, ਲਾਰੰਸ ਅਤੇ ਮਿੱਲਰ ਕਹਿ ਦੇਣ, ਕੋਈ ਰੋਕ ਟੋਕ ਨਹੀਂ। ਚੁਟਕਲੇਬਾਜ਼ੀ ਅਤੇ ਮਿਨੀ ਕਹਾਣੀ ਦਾ ਫੈਸ਼ਨ ਦਿਨੋਂ ਦਿਨ ਵਧ ਰਿਹਾ ਹੈ। ਭੋਲੇ ਪਾਤਸ਼ਾਹ ਇਹ ਨਹੀਂ ਜਾਣਦੇ ਕਿ ਕਹਾਣੀ ਆਪਣੇ ਆਪ ਵਿਚ ਹੀ ਮਿਨੀ ਸਾਹਿਤਕ ਵੰਨਗੀ ਹੈ। ਇਹੋ ਕਾਰਨ ਹੈ ਕਿ ਪੰਜਾਬੀ ਵਿਚ ਕਹਾਣੀ ਲਿਖਣ ਵਾਲਿਆਂ ਦੀ ਬੇਹਿਸਾਬੀ ਭਰਮਾਰ ਹੈ। ਕਿਉਂਕਿ ਕਰਤਾਰੀ ਲੇਖਕ ਨਹੀਂ, ਨਾ ਚੰਗੀ ਕਹਾਣੀ ਆ ਰਹੀ ਹੈ ਨਾ ਨਾਵਲ। ਇਨ੍ਹਾਂ ਕਾਰਨਾਂ ਕਰਕੇ ਵਿਸ਼ਵ ਪੱਧਰੀ ਗੱਲ ਛੱਡੋ, ਪੰਜਾਬੀ ਕਹਾਣੀ ਉਰਦੂ, ਹਿੰਦੀ, ਬੰਗਲਾ ਤੋਂ ਬਹੁਤ ਪਿੱਛੇ ਅਤੇ ਥੱਲੇ ਚਲੀ ਗਈ ਹੈ। ਦਲੀਪ ਕੌਰ ਟਿਵਾਣਾ ਨੇ ਪੰਜਾਹ ਸਾਲ ਪਹਿਲਾਂ ਆਪਣੇ ਲੇਖ ‘ਮੈਨਾ ਭਾਬੀ ਤੋਂ ਭਾਬੀ ਮੈਨਾ ਤੱਕ’ ਵਿਚ ਇਨ੍ਹਾਂ ਘਾਟਾਂ ਦਾ ਜ਼ਿਕਰ ਕੀਤਾ ਸੀ ਜਿਸਦਾ ਕਈ ਲੇਖਕਾਂ ਨੇ ਬੁਰਾ ਮਨਾਇਆ ਸੀ। ਜਿਨ੍ਹਾਂ ਨੂੰ ਤਾਰੀਫ ਸੁਣਨ ਪੜ੍ਹਨ ਦੀ ਆਦਤ ਹੋਵੇ, ਉਹ ਪਿੱਛੇ ਰਹਿ ਜਾਂਦੇ ਹਨ। ਬੁੱਕਲ ਵਿਚ ਕੌਣ ਝਾਕੇਗਾ?
*****
(1214)