“ਜਨਤਾ ਨੂੰ ਚਾਹੀਦਾ ਹੈ ਕਿ ਉਹ ਬੇਖੌਫ ਹੋ ਕੇ ਆਗੂਆਂ ਨੂੰ ਸਵਾਲ ਪੁੱਛੇ, ਗਲਤ ਅਤੇ ਝੂਠੇ ...”
(9 ਜੁਲਾਈ 2026)
ਲੋਕਤਾਂਤਰਿਕ ਢਾਂਚੇ ਵਿੱਚ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨ ਪਸੰਦ ਦੇ ਆਗੂਆਂ ਨੂੰ ਚੁਣ ਕੇ ਪੰਜ ਸਾਲ ਲਈ ਰਾਜ ਕਰਨ ਲਈ ਨੁਮਾਇੰਦੇ ਚੁਣਦੇ ਹਨ ਜੋ ਉਹਨਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਸੁਖਾਲਾ ਕਰਨ ਲਈ ਕੰਮ ਕਰਦੇ ਹਨ ਪਰ ਜਦੋਂ ਕਿਸੇ ਆਗੂ, ਪਾਰਟੀ ਦਾ ਮੁੱਖ ਉਦੇਸ਼ ਸਿਰਫ ਅਤੇ ਸਿਰਫ ਸੱਤਾ ਹਾਸਲ ਕਰਨਾ ਅਤੇ ਦੇਸ਼ ਦੀ ਵਾਗਡੋਰ ’ਤੇ ਕਾਬਜ਼ ਹੋਣਾ ਬਣ ਜਾਵੇ ਤਾਂ ਮਨੁੱਖਤਾ ਅਤੇ ਲੋਕਤੰਤਰ ਦਾ ਘਾਣ ਸ਼ੁਰੂ ਹੋ ਜਾਂਦਾ ਹੈ।
ਸੱਤਾ ਦੀ ਅੰਨ੍ਹੀ ਭੁੱਖ ਮਨੁੱਖ ਨੂੰ ਬੇਰਹਿਮ ਅਤੇ ਤਾਨਾਸ਼ਾਹ ਬਣਾ ਦਿੰਦੀ ਹੈ ਅਤੇ ਸੱਤਾ ਨੂੰ ਸੇਵਾ ਦਾ ਸਾਧਨ ਮੰਨਣ ਦੀ ਬਜਾਏ ਉਸ ’ਤੇ ਹਰ ਹਾਲਤ ਵਿੱਚ ਕਾਬਜ਼ ਹੋਣ ਦਾ ਭਰਮ ਪਾਲ ਲਿਆ ਜਾਵੇ ਤਾਂ ਉਸਦੇ ਨਤੀਜੇ ਭਿਆਨਕ ਨਿਕਲਦੇ ਹਨ। ਅਜਿਹੀ ਸਥਿਤੀ ਵਿੱਚ ਸਮਾਜ ਵਿੱਚ ਆਪਸੀ ਭਾਈਚਾਰਾ ਖਤਮ ਕਰ ਦਿੱਤਾ ਜਾਂਦਾ ਹੈ। ਜਦੋਂ ਵਿਕਾਸ ਦੇ ਨਾਮ ’ਤੇ ਵੋਟਾਂ ਨਹੀਂ ਮਿਲਦੀਆਂ ਤਾਂ ਲੋਕਾਂ ਨੂੰ ਜਾਤ ਪਾਤ, ਧਰਮ ਅਤੇ ਨਸਲ ਦੇ ਅਧਾਰ ’ਤੇ ਭੜਕਾਇਆ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਸੱਤਾ ਸਦੀਆਂ ਤੋਂ ਖਿੱਚ ਦਾ ਕੇਂਦਰ ਰਹੀ ਹੈ। ਭਾਵੇਂ ਲੋਕਤੰਤਰ ਦੀ ਨੀਂਹ ਇਸ ਸਿਧਾਂਤ ’ਤੇ ਰੱਖੀ ਗਈ ਸੀ ਕਿ ਸੱਤਾ ਦੀ ਵਾਗਡੋਰ ਵੋਟਰਾਂ ਦੇ ਹੱਥ ਹੋਵੇਗੀ ਅਤੇ ਹਾਕਮ ਲੋਕਾਂ ਦੀ ਸੇਵਾ ਲਈ ਚੁਣੇ ਜਾਣਗੇ ਪਰ ਅਜੋਕੇ ਦੌਰ ਵਿੱਚ ਸੱਤਾ ਹਾਸਲ ਕਰਨ ਦੀ ਹਵਸ ਇੰਨੀ ਵਧ ਚੁੱਕੀ ਹੈ ਕਿ ਇਸ ਸਮੇਂ ਨੈਤਿਕਤਾ, ਮਨੁੱਖੀ ਕਦਰਾਂ ਕੀਮਤਾਂ ਅਤੇ ਕਾਨੂੰਨਾਂ ਨੂੰ ਵੀ ਕੁਝ ਨਹੀਂ ਸਮਝਿਆ ਜਾ ਰਿਹਾ। ਵੋਟਾਂ ਦੀ ਖਰੀਦੋ ਫਰੋਖਤ, ਜਾਤੀ ਦੇ ਨਾਮ ’ਤੇ, ਡਰਾ ਧਮਕਾ ਕੇ, ਧਾਰਮਿਕ ਨਫਰਤ ਫੈਲਾ ਕੇ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਸਹਾਇਤਾ ਨਾਲ ਚੋਣਾਂ ਲੜੀਆਂ ਜਾ ਰਹੀਆਂ ਹਨ ਅਤੇ ਇਸ ਵਕਤ ਚੋਣਾਂ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ। ਗਲਤ ਢੰਗਾਂ ਅਤੇ ਦਬਾਅ ਦੀ ਰਾਜਨੀਤੀ ਹੇਠ ਹਥਿਆਈ ਜਾ ਰਹੀ ਸੱਤਾ ਕਾਰਨ ਸਰਕਾਰ ਦਾ ਕੋਈ ਵੀ ਅੰਗ, ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਅਜ਼ਾਦਾਨਾ ਢੰਗ ਨਾਲ ਕੰਮ ਨਹੀਂ ਕਰ ਰਹੇ, ਜਿਸਦਾ ਖਾਮਿਆਜਾ ਸਮਾਜ ਅਤੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਕਰਕੇ ਸਰਕਾਰ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਸਮਾਜ ਪ੍ਰਤੀ ਵਫਾਦਾਰ ਨਹੀਂ ਰਹੇ। ਚੋਣਾਂ ਦੌਰਾਨ ਕਰੋੜਾਂ ਰੁਪਏ ਖਰਚ ਕਰਕੇ ਅਤੇ ਹੋਰਨਾਂ ਤਰੀਕਿਆਂ ਨਾਲ ਵਫਾਦਾਰੀਆਂ ਬਦਲ ਕੇ ਸੱਤਾ ਵਿੱਚ ਆਏ ਆਗੂਆਂ ਦਾ ਮਕਸਦ ਦੇਸ਼ ਦਾ ਵਿਕਾਸ ਜਾਂ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਨਹੀਂ ਬਲਕਿ ਵੋਟਾਂ ਦੌਰਾਨ ਲਾਏ ਪੈਸੇ ਨੂੰ ਕਈ ਗੁਣਾ ਕਰਨਾ ਰਹਿ ਗਿਆ ਹੈ। ਇਹ ਸਚਾਈ ਹੈ ਕਿ ਇਸ ਸਮੇਂ ਹਰ ਕੰਮ ਵਿੱਚ ਕਮਿਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਕਾਰਨ ਦੇਸ਼ ਦੇ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਵੀ ਦਾਅ ’ਤੇ ਲਾਈ ਜਾ ਰਹੀ ਹੈ। ਇਸੇ ਕਾਰਨ ਭ੍ਰਿਸ਼ਟਾਚਾਰ ਬੇਲਗਾਮ ਬਿਮਾਰੀ ਦੀ ਤਰ੍ਹਾਂ ਵਧੀ ਜਾ ਰਿਹਾ ਹੈ ਅਤੇ ਸੱਤਾ ਤੇ ਕਾਬਜ਼ ਰਹਿਣ ਦੀ ਅੰਨ੍ਹੀ ਲਾਲਸਾ ਕਾਰਨ ਭ੍ਰਿਸ਼ਟ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਆਗੂਆਂ ਦੀ ਆਦਤ ਗਲਤ ਢੰਗ ਨਾਲ ਪੈਸਾ ਇਕੱਠਾ ਕਰਨ ਦੀ ਬਣੀ ਹੋਈ ਹੈ, ਉਨ੍ਹਾਂ ਨੂੰ ਲੁੱਟ ਮਚਾਉਣ, ਭ੍ਰਿਸ਼ਟਾਚਾਰ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸੇ ਕਰਕੇ ਦੇਸ਼ ਵਿੱਚ ਗੁੰਡਾ ਅਨਸਰ, ਗੈਂਗਸਟਰ ਅਤੇ ਅਪਰਾਧੀ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਕੇ ਸਮਾਜ ਵਿੱਚ ਲੁੱਟ-ਖੋਹ, ਕਤਲ ਅਤੇ ਔਰਤਾਂ ਉੱਤੇ ਅੱਤਿਆਚਾਰ ਕਰ ਰਹੇ ਹਨ।
ਅਜਿਹੀ ਸੱਤਾ ਹਮੇਸ਼ਾ ਡਰ ਦੇ ਸਾਏ ਹੇਠ ਜਿਊਂਦੀ ਹੈ ਅਤੇ ਇਸ ਲਈ ਮੀਡੀਆ, ਪ੍ਰਿੰਟ ਮੀਡੀਆ, ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਨੂੰ ਦਬਾਇਆ ਜਾਂਦਾ ਹੈ ਅਤੇ ਸਰਕਾਰ ਨੂੰ ਡਰ ਰਹਿੰਦਾ ਹੈ ਕਿ ਉਹਨਾਂ ਦੀ ਸਚਾਈ ਜਨਤਾ ਦੇ ਸਾਹਮਣੇ ਨਾ ਆ ਜਾਵੇ। ਇਸੇ ਲਈ ਵਾਰ-ਵਾਰ ਹਿੰਦੂ-ਮੁਸਲਮਾਨ ਦਾ ਪੱਤਾ ਖੇਡਿਆ ਗਿਆ ਹੈ। ਝੂਠੀਆਂ ਖਬਰਾਂ ਅਤੇ ਗਲਤ ਪ੍ਰਾਪੇਗੰਡਾ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਜਾਂਦਾ ਹੈ, ਜਿਸ ਕਾਰਨ ਸਮਾਜਿਕ ਤਾਣਾਬਾਣਾ ਪੂਰੀ ਤਰ੍ਹਾਂ ਬਿਖਰ ਗਿਆ ਹੈ। ਇਸ ਸਮੇਂ ਨੌਜਵਾਨਾਂ ਦੀ ਯੋਗਤਾ, ਮਿਹਨਤ ਅਤੇ ਇਮਾਨਦਾਰੀ ਦੀ ਕੋਈ ਕਦਰ ਨਹੀਂ ਰਹੀ, ਜਿਸ ਕਾਰਨ ਦੇਸ਼ ਵਿੱਚ ਨਸ਼ਿਆਂ ਦੀ ਬਿਮਾਰੀ ਕੈਂਸਰ ਦਾ ਰੂਪ ਲੈ ਚੁੱਕੀ ਹੈ। ਪਰ ਦੇਸ਼ ਦੇ ਹਾਕਮ, ਜੋ ਕਿਸੇ ਤਾਨਾਸ਼ਾਹ ਰਾਜੇ, ਮਹਾਰਾਜੇ ਵਾਂਗ ਆਲੀਸ਼ਾਨ ਬੰਗਲਿਆਂ ਅਤੇ ਮਹਿੰਗੀਆਂ ਗੱਡੀਆਂ ਦੇ ਕਾਫਲਿਆਂ ਵਿੱਚ ਰਹਿੰਦੇ ਹਨ, ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਜਦੋਂ ਇੱਕ ਮਾਂ ਦੇ ਪੰਜਾਂ ਦੇ ਪੰਜ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਜਾਣ।
ਇਹ ਲੋਕਤੰਤਰ ਨਹੀਂ, ਨਵੇਂ ਯੁਗ ਦੀ ਰਾਜਾਸ਼ਾਹੀ ਹੈ, ਜਿੱਥੇ ਕਿਸੇ ਨੂੰ ਕੀ ਵਾਪਰ ਰਿਹਾ ਹੈ, ਦੀ ਕੋਈ ਪ੍ਰਵਾਹ ਨਹੀਂ। ਅਜਿਹੇ ਦੌਰ ਵਿੱਚ ਹਾਕਮਾਂ ਦੀ ਨੈਤਿਕਤਾ ਮਰ ਜਾਂਦੀ ਹੈ, ਆਪਣਾਪਨ ਖੁਦਕੁਸ਼ੀ ਕਰ ਜਾਂਦਾ ਹੈ ਤੇ ਸੱਤਾ ਦੀ ਲਾਲਸਾ ਉਹਨਾਂ ਨੂੰ ਬੇਰਹਿਮ ਬਣਾ ਦਿੰਦੀ ਹੈ। ਧਨ ਇਕੱਠਾ ਕਰਨ ਲਈ ਭ੍ਰਿਸ਼ਟਾਚਾਰ, ਅਪਰਾਧੀ ਅਤੇ ਗੁੰਡਾ ਅਨਸਰਾਂ ਦੀ ਪੁਸ਼ਤਪਨਾਹੀ, ਭਾਈਚਾਰਕ ਸਾਂਝ ਵਿੱਚ ਤਰੇੜਾਂ, ਨੌਜਵਾਨੀ ਵਿੱਚ ਨਿਰਾਸ਼ਾ ਅਤੇ ਨਾਗਰਿਕਾਂ ਦੇ ਹੱਕਾਂ ਦੇ ਨਿਘਾਰ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਵੇਂ ਹਿਟਲਰ ਦਾ ਮੁੱਖ ਉਦੇਸ਼ ਸਿਰਫ ਦੁਨੀਆਂ ਦੀ ਸੱਤਾ ਹਾਸਲ ਕਰਨਾ ਸੀ ਤੇ ਇਸ ਸਭ ਲਈ ਉਸਨੇ ਨਾਜ਼ੀ ਪਾਰਟੀ ਰਾਹੀਂ ਅਜਿਹੇ ਰਾਸ਼ਟਰਵਾਦ ਨੂੰ ਹਵਾ ਦਿੱਤੀ, ਜਿਸਨੇ ਲੱਖਾਂ ਬੇਕਸੂਰ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੰਗਰੇਜ਼ਾਂ ਦਾ ਮੁੱਖ ਮਕਸਦ ਭਾਰਤ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਸੀ, ਉਸ ਲਈ ਉਨ੍ਹਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਹੇਠ ਸੱਤਾ ’ਤੇ ਕਬਜ਼ਾ ਜਮਾਈ ਰੱਖਿਆ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਸੱਤਾ ਸੇਵਾ ਭਾਵਨਾ ਦਾ ਸਾਧਨ ਨਾ ਰਹੇ, ਇੱਕ ਉਦੇਸ਼ ਬਣ ਜਾਵੇ ਤਾਂ ਉਸਨੇ ਸਿਰਫ ਤਬਾਹੀ ਹੀ ਲਿਆਂਦੀ। ਗਲਤ ਹੱਥਕੰਡੇ ਅਪਣਾ ਕੇ ਹਾਸਲ ਕੀਤੀ ਸੱਤਾ ਅਜਿਹਾ ਮਿੱਠਾ ਜ਼ਹਿਰ ਹੈ, ਜਿਹੜਾ ਪੂਰੇ ਸਮਾਜ ਨੂੰ ਨਕਾਰਾ ਕਰ ਦਿੰਦਾ ਹੈ। ਅਜਿਹੀ ਸੱਤਾ ਨਾਗਰਿਕਾਂ ਦੇ ਹੱਕਾਂ ’ਤੇ ਡਾਕਾ ਮਾਰਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ। ਇੱਕ ਸਿਹਤਮੰਦ ਸਮਾਜ ਅਤੇ ਅਸਲੀ ਲੋਕਤੰਤਰ ਲਈ ਬੇਹੱਦ ਜ਼ਰੂਰੀ ਹੈ ਕਿ ਦੇਸ਼ ਦੇ ਨਾਗਰਿਕ, ਖਾਸ ਕਰਕੇ ਨੌਜਵਾਨ ਜਾਗਰੂਕ ਹੋਣ। ਜਨਤਾ ਨੂੰ ਚਾਹੀਦਾ ਹੈ ਕਿ ਉਹ ਬੇਖੌਫ ਹੋ ਕੇ ਆਗੂਆਂ ਨੂੰ ਸਵਾਲ ਪੁੱਛੇ, ਗਲਤ ਅਤੇ ਝੂਠੇ ਪ੍ਰਚਾਰ ਨੂੰ ਸਮਝੇ ਅਤੇ ਗਲਤ ਢੰਗਾਂ ਨਾਲ ਸੱਤਾ ਹਥਿਆਉਣ ਵਾਲੇ ਅਨਸਰਾਂ ਦਾ ਡਟ ਕੇ ਵਿਰੋਧ ਕਰੇ, ਤਾਂ ਹੀ ਰਾਜਨੀਤੀ ਵਿੱਚ ਲੋਕ ਭਲਾਈ ਦੀ ਭਾਵਨਾ ਨੂੰ ਦੁਬਾਰਾ ਸਥਾਪਿਤ ਕੀਤਾ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































